Monday, August 3, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 25

ਹਰਦੇਵ ਸੋਚ ਰਿਹਾ ਸੀ ਕਿ ਅਜਿਹੀ ਬਦਚਲਣ ਔਰਤ ਨਾਲ਼ ਵਸੇਬਾ ਕਦੋਂ ਕੁ ਤੱਕ ਚੱਲੇਗਾ? ਇਹਨੇ ਤਾਂ ਸਾਰੀਆਂ ਸ਼ਰਮਾਂ ਅਤੇ ਸੰਗਾਂ ਵੇਚ ਕੇ ਖਾਧੀਆਂ ਹੋਈਐਂ! ਇਹਦੇ ਬਾਰੇ ਲੋਕਾਂ ਨੂੰ ਪਤਾ ਤਾਂ ਲੱਗਣੋਂ ਰਹਿਣਾ ਨਹੀਂ ਕਿ ਹਰਦੇਵ ਦੀ ਤੀਮੀ ਐਂ! ਫਿਰ ਤਾਂ ਜਮਾਂ ਈ ਮਿੱਟੀ ਪੱਟੀ ਜਾਊ...? ਇਸ ਨੱਕ ਦੀ ਖਾਤਿਰ ਹੀ ਤੁਰੇ ਫਿਰਦੇ ਆਂ...! ਜੇ ਆਹ ਸਾਲ਼ਾ ਨੱਕ ਹੀ ਨਾ ਰਿਹਾ, ਤਾਂ ਧਿਰਗ ਹੈ ਜਿਉਣ ਦੇ...! ਇਹਦਾ ਕੋਈ ਨਾ ਕੋਈ ਇਲਾਜ਼ ਤਾਂ ਕਰਨਾ ਹੀ ਪੈਣੈ...! ਇਹਨੂੰ ਪੱਕੀ ਮੋਹਰ ਦਾ ਕੋਈ ਲਾਲਚ ਨਹੀਂ...! ਇਹ ਤਾਂ ਜਿਵੇਂ ਆਖਦੇ ਹੁੰਦੇ ਨੇ ਕਿ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ...! ਇਹ ਤਾਂ ਜੇ ਐਥੇ ਐ, ਤਾਂ ਕੋਈ ਫ਼ਰਕ ਨਹੀਂ...! ਜੇ ਇੰਡੀਆ ਐ, ਤਾਂ ਵੀ ਕੋਈ ਫ਼ਰਕ ਨਹੀਂ...! ਸਦਾ ਦਿਵਾਲ਼ੀ ਸਾਧ ਦੀ ਚੋਰਾਂ ਦੀਆਂ ਰਾਤਾਂ...! ਉਥੇ ਇਹਦਾ ਪਿਉ ਹੈ ਤਾਂ ਹੈਗਾ, ਕੰਜਰ...! ਉਹਦੇ ਸਿਰ 'ਤੇ ਤਾਂ ਇਹ ਚਿੱਤੜ ਉਚੇ ਕਰ-ਕਰ ਤੁਰਦੀ ਐ...ਉਹਦੇ ਸਿਰ 'ਤੇ ਤਾਂ ਇਹ ਬਾਘੀਆਂ ਪਾਉਂਦੀ ਐ...! ਉਹਦੇ ਸਿਰ 'ਤੇ ਤਾਂ ਇਹ ਅੱਖਾਂ ਨਾਲ਼ ਮਿਰਚਾਂ ਭੋਰਦੀ ਐ...! ਉਹਨੂੰ ਬਘਿਆੜ ਨੂੰ ਪੈਸੇ ਦੀ ਕੀ ਚਿੰਤਾ ਐ...? ਬਥੇਰੇ ਲੋਕ ਐ ਮੁੰਨਣ ਲਈ...! ਭਾਰਤ ਵਿਚ ਤਾਂ ਪਟਵਾਰੀ ਨਹੀਂ ਮਾਨ! ਉਹ ਕੰਜਰ ਤਾਂ ਵੱਡਾ ਬਘਿਆੜ ਐ, ਤਸੀਲਦਾਰ...! ਪਰ ਹਰਦੇਵ ਸਿਆਂ...! ਜੇ ਇਹਨੂੰ ਕੁੱਤੀ ਨੂੰ ਛੱਡਣਾ ਪਿਆ, ਤਾਂ ਸੋਚ ਕਰਲੀਂ...! ਤੇਰੇ ਹਿੱਸੇ ਦੀ ਅੱਧੀ ਜ਼ਮੀਨ ਅੰਨ੍ਹੇ ਆਲ਼ੀ ਗੁਲੇਲ 'ਤੇ ਈ ਜਾਊ...! ਤਸੀਲਦਾਰ ਨੇ ਤੇਰੇ ਹਿੱਸੇ 'ਚੋਂ ਅੱਧ ਕਦੇ ਨਹੀਂ ਛੱਡਣਾ...! ਚੱਲ ਫੇਰ ਕੀ ਐ...? ਪੈਸਾ ਹੱਥਾਂ ਦੀ ਮੈਲ਼ ਐ...! ਸੌ ਕਮਾਏ ਤੇ ਸੌ ਗੁਆਏ...! ਪਰ ਬੰਦੇ ਨੂੰ ਮਾਨਸਿਕ ਸ਼ਾਂਤੀ ਵੀ ਚਾਹੀਦੀ ਐ...? ਪੈਸਾ ਕੰਜਰੀਆਂ ਕੋਲ਼ੇ ਥੋੜ੍ਹੈ? ਪਰ ਇੱਜ਼ਤ...? ਲੱਖੀਂ ਨਾ ਕਰੋੜੀਂ...! ਇਹ ਤੇਰੇ ਸਾਹਮਣੇ ਹੁਣ ਬਿਗਾਨੇ ਪੁੱਤ ਦੀ ਬੁੱਕਲ਼ 'ਚ ਬੈਠੀ ਐ, ਕਿੰਨ੍ਹਾਂ ਕੁ ਚਿਰ ਜਰੇਂਗਾ...? ਇਹ ਤਾਂ ਮਿੱਤਰਾ ਇਕ ਨਾ ਇਕ ਦਿਨ ਟੰਬਾ ਮਾਰ ਕੇ ਮਗਰੋਂ ਲਾਹੁੰਣੀ ਹੀ ਪੈਣੀਂ ਐਂ! ਪਰ ਟੰਬਾ ਬਾਈ ਸਿਆਂ ਇਹਦੇ ਵੱਜਣਾ ਨ੍ਹੀ...! ਟੰਬੇ ਖਾਣ ਆਲ਼ੀਆਂ ਤਾਂ ਸਿਰਫ਼ ਮੀਤੀ ਵਰਗੀਆਂ ਹੀ ਸੀ...! ਜਿਹਨਾਂ 'ਤੇ ਤੂੰ ਸ਼ੇਰ ਬਣ-ਬਣ ਕੇ ਦਿਖਾਉਂਦਾ ਸੀ...! ਹੁਣ ਇਹਦੇ ਮੂਹਰੇ ਬੋਲ ਖਾਂ ਪਤੰਦਰਨੀ ਦੇ...? ਤੈਨੂੰ ਕੱਚੇ ਨੂੰ ਨਾ ਖਾ ਜਾਵੇ...! ਕੀ ਸਾਲ਼ਿਆ ਤੇਰੀ ਜ਼ਿੰਦਗੀ ਐ...? ਤੇਰੀ ਸਕੀ ਜਨਾਨੀ ਕਿਸੇ ਗੈਰ ਮਰਦ ਨਾਲ਼ ਜੱਫ਼ੀਆਂ ਪਾਈ ਜਾਂਦੀ ਐ, ਤੇ ਤੂੰ ਗਾਂਧੀ ਬਣਿਆਂ ਸਾਰਾ ਕੁਛ ਦੇਖੀ ਜਾਨੈ...? ਖਾ ਕੇ ਮਰਜਾ ਕੁਛ...! ਫਿੱਟ ਲਾਹਣਤ ਐ ਤੇਰਾ ਜਿਉਣਾ...! ਕਾਹਦਾ ਮਰਦ ਐਂ ਤੂੰ...? ਉਹ ਸੋਚਾਂ ਦੀਆਂ ਕਪੜਛੱਲਾਂ ਵਿਚ ਗੋਤੇ ਖਾਈ ਜਾ ਰਿਹਾ ਸੀ

-"ਹਰਦੇਵ...!" ਦੀਪ ਦੀ ਹਾਕ ਨੇ ਉਸ ਦੀ ਬਿਰਤੀ ਤੋੜੀ

-"ਹਾਂ...?" ਹਰਦੇਵ ਜਿਵੇਂ ਢਿਗ ਹੇਠੋਂ ਬੋਲਿਆ ਸੀ

-"ਡੋਰਿੰਟ ਹੋਟਲ ਕਿੱਥੇ ਐ?"

-"ਡੋਰਿੰਟ ਹੋਟਲ...ਤਾਂ ਸੈਂਟਰਲ ਲੰਡਨ 'ਚ ਐ, ਕਿਉਂ...?"

-"ਚਲੋ, ਉਥੇ ਚੱਲਦੇ ਐਂ...! ਸੁਮੀਤ ਦੀ ਬੁਕਿੰਗ ਡੋਰਿੰਟ ਹੋਟਲ 'ਚ ਐ!" ਉਹ ਉਠ ਕੇ ਖੜ੍ਹੇ ਹੋ ਗਏਮਜਬੂਰਨ ਹਰਦੇਵ ਨੂੰ ਵੀ ਉਠਣਾ ਪਿਆਉਹ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ

ਦੀਪ ਕਾਰ ਵਿਚ ਪਿੱਛੇ ਸੁਮੀਤ ਨਾਲ਼ ਅੜ ਕੇ ਬੈਠ ਗਈ

-"ਮੈਂ ਤਾਂ ਇੰਡੀਆ ਈ ਵਾਪਸ ਆ ਜਾਣੈਂ, ਸੁਮੀਤ...! ਮੇਰਾ ਐਥੇ ਦਿਲ ਨਹੀਂ ਲੱਗਦਾ!" ਦੀਪ ਆਖ ਰਹੀ ਸੀਹਰਦੇਵ ਕਹਿਣਾ ਚਾਹੁੰਦਾ ਸੀ ਕਿ ਐਥੇ ਤੇਰਾ ਦਿਲ ਕਿਵੇਂ ਲੱਗੇ? ਐਥੇ ਤਸੀਲਦਾਰ ਪਿਉ ਵਾਲ਼ੀ ਦੋ ਨੰਬਰ ਦੀ ਕਮਾਈ ਨਹੀਂ ਨਾ, ਉੜਾਉਣ ਲਈ...? ਐਥੇ ਨਿੱਤ ਨਵੇਂ ਯਾਰਾਂ ਨਾਲ਼ ਮੱਟਰ ਗਸ਼ਤੀ ਕਰਨ ਨੂੰ ਨਹੀਂ ਮਿਲਦੀ

-"ਤੂੰ ਮੇਰੇ ਨਾਲ਼ ਈ ਚੱਲ...!" ਸੁਮੀਤ ਬੋਲਿਆਆਹੋ, ਇਹਨੂੰ ਨਾਲ਼ ਈ ਲੈਜਾ! ਬਾਪੂ ਆਲ਼ਾ ਅਧਿਕਾਰ ਐਂ ਨਾ ਤੇਰਾ ਇਸ ਕੰਜਰੀ 'ਤੇ? ਹਰਦੇਵ ਦਾ ਮਨ ਲੱਟ-ਲੱਟ ਮੱਚੀ ਅਤੇ ਬੁਝੀ ਜਾ ਰਿਹਾ ਸੀ

ਉਹ ਅੱਧੇ ਕੁ ਘੰਟੇ ਵਿਚ ਸੈਂਟਰਲ ਲੰਡਨ ਦੇ ਡੋਰਿੰਟ ਹੋਟਲ ਆ ਗਏ

ਰਿਸੈਪਸ਼ਨ 'ਤੇ ਰੁਕ ਕੇ ਸੁਮੀਤ ਨੇ ਚੈੱਕ-ਇੰਨ ਕਰਵਾਈ ਅਤੇ ਕਮਰੇ ਦੀ ਚਾਬੀ ਲੈ ਲਈ

-"ਹਰਦੇਵ...! ਤੁਸੀਂ ਐਥੇ ਈ ਰੁਕੋ...! ਮੈਂ ਸੁਮੀਤ ਨੂੰ ਕਮਰੇ ਵਿਚ ਛੱਡ ਕੇ ਆਈ!" ਤੇ ਉਹ ਦੀਪ ਨਾਲ ਲਿਫ਼ਟ ਵਿਚ ਵੜ ਗਈਹਰਦੇਵ ਵਿਚ ਫ਼ੱਕਾ ਨਹੀਂ ਬਚਿਆ ਸੀਉਹ ਸੋਚ ਰਿਹਾ ਸੀ ਕਿ ਮੈਂ ਇਸ ਦਾ ਪਤੀ ਹਾਂ ਕਿ ਨੌਕਰ...? ਇਹ ਸਾਲ਼ੀ ਮੈਨੂੰ ਬਿਨਾ ਦੱਸੇ ਪੁੱਛੇ ਉਹਦੇ ਘਨ੍ਹੇੜੀਂ ਚੜ੍ਹੀ ਫਿਰਦੀ ਐ? ਫੜ ਕੇ ਗੁੱਤੋਂ ਪੁੱਛਣਾ ਹੋਵੇ...? ਬਈ ਸਾਲ਼ੇ ਦੀਏ ਕੁਜਾਤੇ...! ਤੂੰ ਭਾਰਤੀ ਨਾਰੀ ਐਂ ਕਿ ਇੰਗਲੈਂਡ ਦੀ ਦੇਸੀ ਮੇਮ...? ਪਰ ਉਹ ਆਪਣੇ ਫਟੇ ਜਾ ਰਹੇ ਦਿਲ ਨੂੰ ਬੁਰੀ ਤਰ੍ਹਾਂ ਨਾਲ਼ ਬੰਨ੍ਹ ਮਾਰੀ ਬੈਠਾ ਸੀ

----

ਦੀਪ ਅਤੇ ਸੁਮੀਤ ਛੇਵੀਂ ਮੰਜ਼ਿਲ 'ਤੇ ਕਮਰੇ ਵਿਚ ਪਹੁੰਚ ਗਏ

ਸੂਟਕੇਸ ਉਸ ਦਾ ਪੋਰਟਰ ਕਮਰੇ ਵਿਚ ਛੱਡ ਗਿਆ ਸੀ

-"ਦਿਲ ਲੱਗ ਗਿਆ ਤੇਰਾ ਮੇਰੇ ਬਿਨਾ?" ਸੁਮੀਤ ਨੇ ਦੀਪ ਨੂੰ ਕਲ਼ਾਵੇ 'ਚ ਲੈ ਲਿਆ

-"ਜੇ ਦਿਲ ਲੱਗਿਆ ਹੁੰਦਾ...? ਤਾਂ ਮੈਂ ਤੈਨੂੰ ਦਿਨ 'ਚ ਦਸ ਦਸ ਵਾਰੀ ਫ਼ੋਨ ਨਾ ਕਰਦੀ! ਬੇਵਕੂਫ਼ੀਆਂ ਨਾ ਕਰਿਆ ਕਰ!" ਉਸ ਨੇ ਸੁਮੀਤ ਦੀ ਨੱਕ 'ਤੇ ਚੂੰਢੀ ਭਰ ਲਈ

-"ਤੂੰ ਤਾਂ ਇੰਗਲੈਂਡ ਆਉਣ ਲਈ ਬਹੁਤੀ ਕਾਹਲ਼ੀ ਸੀ? ਹੁਣ ਤੇਰਾ ਕੀ ਵਿਚਾਰ ਐ?"

-"ਮੇਰਾ ਵਿਚਾਰ...? ਤੂੰ ਉਹ ਕਾਫ਼ੀ ਨਹੀਂ ਸੁਣੀਂ? ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ...!"

-"ਮਤਲਬ...?" ਸੁਮੀਤ ਉਸ 'ਤੇ ਚਾਦਰ ਵਾਂਗ ਵਿਛਿਆ ਹੋਇਆ ਸੀ

-"ਮਤਲਬ ਸਾਫ਼ ਐ...! ਜੇ ਮੈਂ ਉਦੋਂ ਤੇਰੇ ਬਾਰੇ ਪਾਪਾ ਜੀ ਨਾਲ਼ ਗੱਲ ਕਰਦੀ ਤਾਂ ਪਾਪਾ ਜੀ ਨੇ ਕਦੇ ਨਹੀਂ ਮੰਨਣਾ ਸੀ-ਪਾਪਾ ਜੀ ਤੇਰੀ ਕਾਲਜ ਟਾਈਮ ਦੀ ਲੜਾਈ ਨਹੀਂ ਭੁੱਲੇ! ਉਦੋਂ ਤੋਂ ਉਹ ਤੇਰੇ 'ਤੇ ਖਿਝੇ ਪਏ ਨੇ-ਮੇਰੇ ਪਾਪਾ ਜੀ ਦਾ ਤੈਨੂੰ ਪਤਾ ਈ ਐ, ਬਈ ਕਿੰਨੇ ਜ਼ਿੱਦੀ ਟਾਈਪ ਦੇ ਬੰਦੇ ਨੇ? ਤੇ ਹੁਣ ਉਹਨਾਂ ਨੇ ਚਾਹੇ ਮੇਰਾ ਵਿਆਹ ਹਰਦੇਵ ਨਾਲ਼ ਕਰ ਹੀ ਦਿੱਤੈ-ਪਰ ਹੁਣ ਮੈਂ ਉਹਨਾਂ ਨੂੰ ਹਰਦੇਵ ਦੇ ਖ਼ਿਲਾਫ਼ ਭੜ੍ਹਕਾ ਕੇ ਮੰਨਾ ਸਕਦੀ ਐਂ! ਭੜ੍ਹਕਿਆ ਅਤੇ ਫਸਿਆ ਬੰਦਾ ਤੇਜ਼ੀ ਵਿਚ ਜ਼ਿੰਦਗੀ ਨਾਲ਼ ਬੜੇ ਸਮਝੌਤੇ ਕਰ ਜਾਂਦੈ, ਸੁਮੀਤ! ਮੈਂ ਤਾਂ ਹਰਦੇਵ 'ਤੇ ਬੜਾ ਦਬਾਅ ਪਾਉਂਦੀ ਆਂ-ਬੜਾ ਤੰਗ ਕਰਦੀ ਆਂ-ਉਸ ਦੀ ਕੋਈ ਪ੍ਰਵਾਹ ਨਹੀਂ ਕਰਦੀ-ਤੈਨੂੰ ਸ਼ਰੇਆਮ ਫ਼ੋਨ ਵੀ ਕਰਦੀ ਆਂ-ਇਹਨੂੰ ਚਿੜਾਉਨੀ ਵੀ ਰੱਜ ਕੇ ਆਂ! ਪਰ ਇਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਐਂ? ਮੇਰੇ ਨਾਲ਼ ਲੜਨ ਦਾ ਨਾਂ ਈ ਨ੍ਹੀ ਲੈਂਦਾ...? ਹੁਣ ਤੂੰ ਆਉਣਾ ਸੀ-ਮੈਂ ਇਹਨੂੰ ਬਗੈਰ ਕਿਸੇ ਭੂਮਿਕਾ ਦੇ ਦੱਸ ਦਿੱਤਾ-ਤੇਰੇ ਸਾਹਮਣੇ ਐਂ-ਦੇਖਲਾ, ਸੀਲ ਬਣਕੇ ਨਾਲ ਤੁਰਿਆ ਫਿਰਦੈ! ਤੇਰੇ ਨਾਲ਼ 'ਕੱਲੀ ਹੋਟਲ ਦੇ ਕਮਰੇ 'ਚ ਆਂ-ਕਿਹੜਾ ਮਾਈ ਦਾ ਲਾਲ ਆਪ ਦੀ ਔਰਤ ਨੂੰ ਬਿਗਾਨੇ ਮਰਦ ਕੋਲ਼ੇ 'ਕੱਲੀ ਛੱਡਦੈ...? ਹੁਣ ਮੈਂ ਇਹਦੇ ਨਾਲ਼ ਕੋਈ ਨਾ ਕੋਈ ਲੜਨ ਦਾ ਬਹਾਨਾ ਬਣਾ ਹੀ ਲੈਣੈ ਤੇ ਇਹਤੋਂ ਤਲਾਕ ਲੈ ਕੇ-ਆਪਾਂ ਵਿਆਹ ਕਰਵਾ ਲਵਾਂਗੇ-ਤੇ ਫੇਰ, ਵਿਆਹ ਕਰਵਾਉਣ ਤੋਂ ਬਾਅਦ ਕਿਸੇ ਨੂੰ ਦੱਸਾਂਗੇ!"

-"......।" ਸੁਮੀਤ ਚੁੱਪ ਕਰ ਗਿਆਪਤਾ ਨਹੀਂ ਉਹ ਦੀਪ ਦੀ ਇਸ ਕਰਤੂਤ ਤੋਂ ਖ਼ੁਸ਼ ਸੀ ਜਾਂ ਦੁਖੀ? ਉਸ ਦੇ ਚਿਹਰੇ ਦੇ ਹਾਵ ਭਾਵ ਖ਼ਾਮੋਸ਼ ਸਨ

-"ਪਰ ਹੁਣ ਤਾਂ ਹਰਦੇਵ ਨੇ-?" ਸੁਮੀਤ ਫਿਰ ਬੋਲ ਉਠਿਆ

-"ਫਿਰ ਕੀ ਆਫ਼ਤ ਆ ਗਈ...? ਉਹਨੇ ਮੇਰੇ ਨਾਲ਼ ਪੰਜ ਸੱਤ ਜਾਂ ਇਸ ਤੋਂ ਵੀ ਵੱਧ ਹਮਬਿਸਤਰੀ ਕਰ ਲਈ? ਫੇਰ ਕੀ ਫ਼ਰਕ ਪੈ ਗਿਆ? ਇਹ ਤਾਂ ਮੈਂ ਕਾਲਜ ਟਾਈਮ ਤੋਂ ਈ ਤੇਰੇ ਨਾਲ਼ ਕਰਦੀ ਆਈ ਆਂ-ਨਾਲ਼ੇ ਆਪਣਾ ਵਿਆਹ ਨਹੀਂ ਸੀ ਹੋਇਆ! ਮੈਂ ਹਰਦੇਵ ਦੇ ਬੇਸ 'ਤੇ ਐਥੇ ਆ ਗਈ-ਹਰਦੇਵ ਨੂੰ ਮੈਂ ਇਕ ਹਥਿਆਰ ਵਜੋਂ ਵਰਤਿਐ-ਜੇ ਉਹ ਮੇਰੇ ਨਾਲ਼ ਦਸ ਪੰਦਰਾਂ ਵਾਰ ਸੌਂ ਵੀ ਗਿਆ-ਹਮਬਿਸਤਰ ਹੋ ਵੀ ਗਿਆ-ਤਾਂ ਕੀ ਅਨਰਥ ਹੋ ਗਿਆ...? ਹੁਣ ਉਹ ਮੈਨੂੰ ਛੇੜਦਾ ਨਹੀਂ! ਉਹਦੇ ਸਾਹਮਣੇ ਤੇਰੇ ਨਾਲ਼ ਮੈਂ ਜੋ ਵਰਤਾਰਾ ਕੀਤੈ? ਉਸ ਵਰਤਾਰੇ ਨਾਲ਼ ਉਸ ਦਾ ਮਨ ਮੇਰੇ ਵੱਲੋਂ ਖੱਟਾ ਪੈ ਗਿਆ ਹੋਊ! ਅਜੇ ਉਹ ਮੈਨੂੰ ਛੇੜੀ ਜਾਊ? ਇਸ ਵਰਤਾਰੇ ਕਰਕੇ ਉਹ ਮੈਥੋਂ ਦੂਰ ਹੀ ਹੋਇਆ ਹੋਊ-ਨੇੜੇ ਨਹੀਂ! ਮੈਨੂੰ ਪਾਪਾ ਜੀ ਤੋਂ ਪਾਸੇ ਹੋਣ ਲਈ ਕੋਈ ਬਹਾਨਾ, ਕੋਈ ਮੁੱਦਾ ਚਾਹੀਦਾ ਸੀ-ਉਹ ਮੁੱਦਾ ਮੈਨੂੰ ਹਰਦੇਵ ਬਣ ਕੇ ਮਿਲ ਗਿਆ! ਮੈਂ ਪਾਪਾ ਜੀ ਤੋਂ ਪਾਸੇ ਹੋ ਗਈ-ਪੰਜਾਬ ਤੋਂ ਇੰਗਲੈਂਡ ਆ ਗਈ-ਹੁਣ ਹਰਦੇਵ ਤੋਂ ਤਲਾਕ ਅਤੇ ਪਾਪਾ ਜੀ ਤੋਂ ਸਹਿਮਤੀ ਲੈਣੀ ਮੇਰਾ ਕੰਮ ਐਂ! ਕੰਮ ਕੀ...? ਮੇਰੀ ਜ਼ਿੰਮੇਵਾਰੀ ਐ...! ਦੂਰ ਰਹਿਣ ਨਾਲ਼ ਮਾਂ ਬਾਪ ਦਾ ਪਿਆਰ ਬੱਚੇ ਪ੍ਰਤੀ ਹੋਰ ਮਜਬੂਤ ਹੁੰਦੈ-ਹੁਣ ਪਾਪਾ ਜੀ ਮੈਨੂੰ ਹਰ ਰੋਜ ਫ਼ੋਨ ਕਰਦੇ ਐ-ਅੱਗੇ ਕਦੇ ਦਫ਼ਤਰ 'ਚੋਂ ਵੀ ਫ਼ੋਨ ਨਹੀਂ ਸੀ ਕੀਤਾ! ਇਸ ਦਾ ਮਤਲਬ ਇਹ ਹੈ ਕਿ ਜੇ ਪਾਪਾ ਜੀ ਨੂੰ ਮੈਂ ਦੁਖੀ ਹੋਣ ਦਾ ਵੇਰਵਾ ਦੇਵਾਂ-ਤਾਂ ਪਾਪਾ ਜੀ ਤਲਾਕ ਬਾਰੇ ਫ਼ੱਟ ਸਹਿਮਤੀ ਦੇ ਦੇਣਗੇ ਅਤੇ ਪੰਜਾਬ ਵਾਪਿਸ ਆਉਣ ਬਾਰੇ ਆਖਣਗੇ-ਹਰਦੇਵ ਦੇ ਪ੍ਰੀਵਾਰ 'ਤੇ ਤਾਂ ਉਹ ਪਹਿਲਾਂ ਹੀ ਚਿੜੇ ਹੋਏ ਨੇ...।"

-"ਕਿਉਂ...?"

-"ਕਿਉਂਕਿ ਹਰਦੇਵ ਦੇ ਪ੍ਰੀਵਾਰ ਦੇ ਕਿਸੇ ਵੀ ਜੀਅ ਨੇ ਇਹਦੇ ਪਹਿਲੇ ਵਿਆਹ ਬਾਰੇ ਵੇਰਵਾ ਨਹੀਂ ਪਾਇਆ ਸੀ-ਤੇ ਜਦੋਂ ਪਾਪਾ ਜੀ ਨੂੰ ਪਤਾ ਲੱਗਿਆ-ਉਦੋਂ ਬਹੁਤ ਦੇਰ ਹੋ ਚੁੱਕੀ ਸੀ-ਮੈਂ ਤਾਂ ਆਨੰਦਾਂ 'ਤੇ ਬੈਠੀ ਸੀ-ਪਾਪਾ ਜੀ ਇਹਨਾਂ ਦੇ ਪ੍ਰੀਵਾਰ 'ਤੇ ਉਦੋਂ ਦੇ ਖਿਝੇ ਹੋਏ ਨੇ-ਹਰਦੇਵ ਤੋਂ ਤਲਾਕ ਲੈਣ ਤੋਂ ਬਾਅਦ-ਫੇਰ ਮੇਰੇ ਸਾਹਮਣੇ ਸਿਰਫ਼ ਇਕੋ ਹੀ ਵਿਸ਼ਾ ਹੈ-ਉਹ ਹੈ, ਸੁਮੀਤ...!"

-"......।" ਸੁਮੀਤ ਚੁੱਪ ਹੀ ਰਿਹਾਉਸ ਨੂੰ ਦੀਪ ਦੀ ਕਾਤਲ ਸੋਚ ਦਾ ਕਾਇਲ ਹੋਇਆ ਬੈਠਾ ਸੀਪਰ ਉਹ ਸੋਚ ਰਿਹਾ ਸੀ ਕਿ ਤੂੰ ਮੇਰੇ ਨਾਲ਼ ਇਕ ਵਾਰੀ ਵਿਆਹ ਤਾਂ ਕਰਵਾ...! ਸਾਰੇ ਧੋਣੇ ਹੀ ਧੋਤੇ ਜਾਣਗੇ...! ਮੈਂ ਵੀ ਕੈਬਨਿਟ ਮੰਤਰੀ ਦਾ ਸਾਹਿਬਜ਼ਾਦਾ ਹਾਂ...! ਤੈਨੂੰ ਲੀਹ ਪਾ ਦਿਆਂਗਾ...! ਆਪਾਂ ਨੂੰ ਤਾਂ ਤੇਰੇ ਸਰੀਰ ਅਤੇ ਤੇਰੀ ਜ਼ਮੀਨ ਜਾਇਦਾਦ ਨਾਲ਼ ਸਰੋਕਾਰ ਐ! ਜਿਹੜੀ ਤੇਰੇ ਤਸੀਲਦਾਰ ਪਿਉ ਨੇ ਲੋਕਾਂ ਦਾ ਖੂਨ ਚੂਸ ਚੂਸ ਕੇ ਇਕੱਠੀ ਕੀਤੀ ਐ! ਇਕ ਵਾਰ ਵਿਆਹ ਹੋਇਆ, ਤਸੀਲਦਾਰ ਅਰਗਿਆਂ ਦੀਆਂ ਗੁੱਡੀਆਂ ਘੁਕਾ ਦਿਆਂਗੇ...ਤਸੀਲਦਾਰ ਦਾ ਤਾਂ ਇਹ ਨਹੀਂ ਪਤਾ ਲੱਗਣਾ ਕਿ ਕਦੋਂ ਮਰ ਗਿਆ? ਅਤੇ ਕਿਵੇਂ ਮਰ ਗਿਆ...? ਤੂੰ ਇਕ ਵਾਰੀ ਹਰਦੇਵ ਤੋਂ ਤਲਾਕ ਲੈ ਕੇ ਮੇਰੇ ਨਾਲ਼ ਸ਼ਾਦੀ ਕਰ ਤਾਂ ਸਹੀ! ਜੇ ਬੌਂਦਲ਼ ਨਾ ਗਈ, ਤਾਂ ਆਖੀਂ...! ਅਸੀਂ ਟੋਭਾ ਪੀ ਕੇ ਭਾਫ਼ ਨਾ ਕੱਢੀਏ...! ਤੂੰ ਹਰਦੇਵ ਦੇ ਕੁੱਤੇ ਫ਼ੇਲ੍ਹ ਕੀਤੇ ਐਤੇ ਮੈਂ ਤੇਰੇ ਬਰੇਕ ਈ ਫ਼ੇਲ੍ਹ ਕਰ ਧਰਨੇ ਐਂ...! ਤੇਰੀਆਂ ਕਾਲਜ ਟਾਈਮ ਤੋਂ ਐਵੇਂ ਨਹੀਂ ਲਾਲ਼ਾਂ ਚੱਟੀ ਜਾਂਦਾ...! ਜਿਹੜਾ ਤੂੰ ਹਰਦੇਵ ਦੇ ਸੰਘ ਵਿਚ ਸਾਹ ਘੁੱਟ ਰੱਖਿਐ, ਉਹ ਅਛਨੇ ਪਛਨੇ ਸੁਮੀਤ ਦੇ ਸਾਹਮਣੇ ਨਹੀਂ ਹੋਣੇ...! ਤੇਰੇ ਵਰਗੀਆਂ ਸਾਡੇ ਕੋਲ਼ੇ ਪੰਜਾਹ...! ਸਾਨੂੰ ਕੀ ਘਾਟਾ...? ਤੇਰੇ ਵਰਗੀਆਂ ਦੀ ਸਾਲੀਏ ਅਸੀਂ ਮੰਡੀ ਲਾ ਦੇਈਏ...! ਸਾਲ਼ੀ ਕੁੱਤਿਆਂ ਦੀ...! ਵੱਡੀ ਚਤਰ...! ਕੁਦਰਤ ਦਾ ਕਾਨੂੰਨ ਹੀ ਇਹ ਹੈ, ਸੇਰ ਨੂੰ ਸਵਾ ਸੇਰ ਟੱਕਰਦੈ...! ਵੱਡੀ ਮੱਛੀ ਛੋਟੀ ਨੂੰ ਖਾਂਦੀ ਐ...! ਇਹ ਤਾਂ ਮੇਰੀ ਮੇਰੇ ਬਾਪੂ ਜੀ ਨੇ ਇਕ ਤਰ੍ਹਾਂ ਨਾਲ਼ ਡਿਊਟੀ ਲਾਈ ਹੋਈ ਐ, ਕਿ ਇਸ ਸੋਨੇ ਦਾ ਆਂਡਾ ਦੇਣ ਵਾਲ਼ੀ ਮੁਰਗੀ ਦਾ ਖਹਿੜਾ ਨਹੀਂ ਛੱਡਣਾਨਹੀਂ ਮੈਂ ਤਾਂ ਤੇਰੇ ਗੋਲ਼ੀ ਨਹੀਂ ਮਾਰਦਾ ਸੀ, ਤੇਰੇ 'ਤੇ ਥੁੱਕਦਾ ਵੀ ਨਹੀਂ ਸੀ...! ਬਾਪੂ ਨੇ ਆਖਿਆ ਸੀ, ਬੱਚੂ! ਜੇ ਦੋ ਲੱਖ ਖਰਚ ਕੇ ਦੋ ਕਰੋੜ ਦਾ ਫ਼ਾਇਦਾ ਹੁੰਦਾ ਹੋਵੇ, ਪਾਧਾ ਨਾ ਪੁੱਛੀਏ...! ਛਾਂਵੇਂ ਬੈਠਣ ਵਾਸਤੇ ਬੰਦੇ ਨੂੰ ਬੂਟਾ ਲਾਉਣਾ ਪੈਂਦੈ...!

----

ਅਸਲ ਵਿਚ ਸੁਮੀਤ ਧਨਾਢ ਘਰਾਣੇ ਨਾਲ਼ ਸਬੰਧ ਰੱਖਦਾ ਸੀਉਸ ਦਾ ਬਾਪ ਕੈਬਨਿਟ ਮੰਤਰੀ ਰਹਿ ਚੁੱਕਾ ਸੀਸੁਮੀਤ ਉਸ ਦਾ 'ਕੱਲਾ 'ਕੱਲਾ, ਵਿਗੜਿਆ ਹੋਇਆ ਪੁੱਤ ਸੀਕੈਬਨਿਟ ਮੰਤਰੀ ਸੁਮੀਤ ਲਈ ਕਿਸੇ ਅਜਿਹੇ ਰਿਸ਼ਤੇ ਦੀ ਭਾਲ਼ ਵਿਚ ਸੀਜਿੱਥੇ ਕੁੜੀ ਵੀ ਇਕੱਲੀ ਹੀ ਹੋਵੇ ਅਤੇ ਜ਼ਮੀਨ ਜਾਇਦਾਦ ਵੀ ਖੁੱਲ੍ਹੀ ਡੁੱਲ੍ਹੀ ਹੋਵੇ! ਸਾਰੇ ਇਲਾਕੇ ਵਿਚ ਅਜਿਹਾ ਰਿਸ਼ਤਾ ਮੰਤਰੀ ਸਾਹਿਬ ਨੂੰ ਤਸੀਲਦਾਰ ਤੋਂ ਬਿਨਾ ਕੋਈ ਨਹੀਂ ਦਿਸਿਆ ਸੀਉਸ ਨੇ ਕਾਲਜ ਸਮੇਂ ਤੋਂ ਹੀ ਸੁਮੀਤ ਨੂੰ ਦੀਪ ਮਗਰ ਲਾ ਦਿੱਤਾ ਸੀਬਿਨਾ ਸ਼ੱਕ ਦੀਪ, ਸੁਮੀਤ ਦੀ ਸ਼ਾਹੀ ਟੌਹਰ ਕਾਰਨ ਉਸ ਦੇ ਨੇੜੇ ਆ ਗਈ ਸੀਉਹ ਸ਼ਰੇਆਮ ਕਾਰਾਂ ਅਤੇ ਜਿਪਸੀਆਂ ਵਿਚ ਖੁੱਲ੍ਹੇ ਘੁੰਮਣ ਲੱਗੇ ਸਨਪਰ ਮਾੜੀ ਕਿਸਮਤ ਨੂੰ ਕਾਲਜ ਵਿਚ ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਿਚਾਰਾਂ ਵਾਲ਼ੇ ਵਿਦਿਆਰਥੀਆਂ ਦਾ ਝਗੜਾ ਹੋ ਗਿਆਇਸ ਝਗੜੇ ਦਾ ਮੁੱਖ ਦੋਸ਼ੀ ਸੁਮੀਤ ਨੂੰ ਹੀ ਮੰਨਿਆ ਗਿਆਇਸ ਕਰਕੇ ਸੁਮੀਤ ਅਤੇ ਉਸ ਦੇ ਦੋਸਤਾਂ ਨੂੰ ਫੜ ਕੇ ਪੁਲੀਸ ਨੇ ਅੰਦਰ ਦੇ ਦਿੱਤਾਮੰਤਰੀ ਦੇ ਅਸਰ ਰਸੂਖ ਅਤੇ ਅਮਲੇ ਫ਼ੈਲੇ ਨੇ ਉਹਨਾਂ ਨੂੰ ਛੁਡਾ ਲਿਆਸੁਮੀਤ ਫਿਰ ਵੀ ਮੰਤਰੀ ਸਾਹਿਬਾਨ ਦਾ ਸਾਹਿਬਜ਼ਾਦਾ ਸੀਪਰ ਅਖਬਾਰਾਂ ਨੇ ਇਸ ਗੱਲ ਨੂੰ ਰੱਜ ਕੇ ਉਛਾਲਿਆ ਸੀਸਾਰੇ ਇਲਾਕੇ ਵਿਚ ਖ਼ਬਰ ਧੂੰਏਂ ਵਾਂਗ ਫ਼ੈਲ ਗਈ ਸੀ ਅਤੇ ਖ਼ੂਬ 'ਬੂ-ਬੂ' ਹੋਈ ਸੀ

ਸਮਾਂ ਪਾ ਕੇ ਜਦੋਂ ਕਿਸੇ ਵਿਚੋਲੇ ਨੇ ਤਸੀਲਦਾਰ ਨੂੰ ਮੰਤਰੀ ਦੇ ਮੁੰਡੇ ਸੁਮੀਤ ਦੇ ਰਿਸ਼ਤੇ ਬਾਰੇ ਦੱਸ ਪਾਈ, ਤਾਂ ਤਸੀਲਦਾਰ ਤੋਕੜ ਮੱਝ ਵਾਂਗ ਲੱਤ ਚੁੱਕ ਗਿਆ ਸੀਤਸੀਲਦਾਰ ਦੇ ਮਨ ਵਿਚ ਸੀ ਕਿ ਅਜਿਹੇ ਗੁੰਡੇ ਮੁੰਡੇ ਨਾਲ਼ ਰਿਸ਼ਤਾ ਜੋੜ ਕੇ, ਮੈਂ ਕੱਲ੍ਹ ਨੂੰ ਤੰਗ ਹੀ ਹੋਊਂ! ਜੇ ਉਸ ਨੇ ਕਦੇ ਮੇਰੀ ਧੀ ਨੂੰ ਕੁਝ ਆਖ ਦਿੱਤਾ, ਤਾਂ ਮੇਰਾ ਮਰਨ ਹੋ ਜਾਵੇਗਾਉਹ ਦੀਪ ਲਈ ਕੋਈ ਆਪਣੇ ਤੋਂ ਛੋਟਾ ਘਰ ਲੱਭ ਰਿਹਾ ਸੀਜਿੱਥੇ ਭੱਲ ਜਿਹੀ ਵੀ ਬਣੀ ਰਹੇ! ਭਾਲ਼ ਕਰਦੇ-ਕਰਦੇ ਤਸੀਲਦਾਰ ਨੂੰ ਅਚਾਨਕ ਹਰਦੇਵ ਹੋਣਾਂ ਦਾ ਰਿਸ਼ਤਾ ਮਿਲ਼ ਗਿਆ ਸੀਪਰ ਦੀਪ ਦੀ ਸੁਮੀਤ ਨਾਲ਼ ਉਤਨੀ ਹੀ ਨੇੜਤਾ ਬਰਕਰਾਰ ਰਹੀ ਸੀ, ਜਿੰਨੀ ਪਹਿਲਾਂ ਸੀ!

----

ਉਧਰ ਮੰਤਰੀ ਨੇ ਅਜੇ ਵੀ ਦੀਪ ਦੀ ਆਸ ਨਹੀਂ ਛੱਡੀ ਸੀਉਸ ਨੇ ਸੁਮੀਤ ਦੀ ਪੂਛ ਨੂੰ ਵੱਟ ਚਾਹੜੀ ਰੱਖਿਆਜਦੋਂ ਸੁਮੀਤ ਨੇ ਦੀਪ ਦੇ ਵਿਆਹੀ ਜਾਣ ਅਤੇ ਇੰਗਲੈਂਡ ਜਾਣ ਬਾਰੇ ਜਤਾਇਆ ਤਾਂ ਮੰਤਰੀ ਪਿੱਟ ਉਠਿਆ ਸੀ, "ਵਿਆਹ ਹੋ ਗਿਆ-ਤਾਂ ਕੀ ਲੋਹੜਾ ਆ ਗਿਆ? ਸਾਲ਼ਿਆ ਕੁੜੀ ਕੋਲ਼ ਕਿੰਨੀ ਜ਼ਮੀਨ ਜਾਇਦਾਦ ਐ! ਸੋਹਣੀ ਸੁਨੱਖੀ ਐ! ਵਿਆਹ ਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਦਾ ਤੂੰ ਹੀ ਤਾਂ ਮਾਲਕ ਐਂ! ਜੇ ਉਹਨੂੰ ਕਦੇ ਤਲਾਕ ਵੀ ਦੇਣਾ ਪੈ ਗਿਆ-ਫੇਰ ਵੀ ਅੱਧ ਦਾ ਮਾਲਕ ਤਾਂ ਬਣੇਗਾ ਹੀ...? ਸਿਆਸਤ ਦੇ ਮਗਰ ਲੱਗ ਕੇ ਅੰਬ ਖਾਈਏ! ਪੇਡ ਗਿਣਨ ਦੀ ਲਾਲਸਾ ਨਾ ਰੱਖੀਏ! ਉਹਦੇ ਮਗਰ ਲੱਗਿਆ ਰਹਿ! ਚਾਹੇ ਤੈਨੂੰ ਉਹਦੇ ਪਿੱਛੇ ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਉਹ ਤੈਨੂੰ ਸੁੱਖ ਕੇ ਨਹੀਂ ਦਿੱਤੀ ਹੋਈ! ਨਾ ਵਿਚਾਰ ਰਲ਼ੇ, ਚੁੱਪ ਕਰਕੇ ਤਲਾਕ ਦੇ ਕੇ ਪਰਾਂਹ ਮਾਰੀਂ! ਅੱਧੀ ਜ਼ਮੀਨ ਜਾਇਦਾਦ ਤਾਂ ਲੈ ਕੇ ਡਿੱਗ...! ਜਾਂਦੇ ਚੋਰ ਦੀ ਤੜਾਗੀ ਈ ਸਹੀ! ਸਿਆਣੇ ਆਖਦੇ ਹੁੰਦੇ ਐ, ਸੁਮੀਤ! ਬਈ ਜੇ ਧਨ ਜਾਂਦਾ ਦਿਸੇ-ਅੱਧਾ ਦੇਈਏ ਲੁਟਾ...! ਚੁੱਪ ਚਾਪ ਉਹਦੇ ਮਗਰ ਲੱਗਿਆ ਰਹਿ...! ਇਹ ਮੁਰਗੀ ਤੇ ਜਾਇਦਾਦ ਆਪਾਂ ਨਹੀਂ ਛੱਡਣੀ! ਜੇ ਤੂੰ ਇਹ ਕੁੜੀ ਤੇ ਜ਼ਮੀਨ ਜਾਣ ਦੇ ਦਿੱਤੀ-ਤਾਂ ਸਮਝ ਲੈ ਬਈ ਤੂੰ ਮੰਤਰੀ ਪਿਉ ਦਾ ਪੁੱਤ ਨ੍ਹੀ! ਚਾਹੇ ਤੈਨੂੰ ਉਹਦੇ ਪਿੱਛੇ ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਇੰਗਲੈਂਡ ਜਾ ਕੇ ਉਹਦਾ ਅਮਰੀਕਾ ਕੈਨੇਡਾ ਦਾ ਵੀਜ਼ਾ ਲੁਆ-ਤੇ ਕਿਤੇ ਅੱਗੇ ਲੈ ਵੜ! ਇਕ ਗੱਲ ਯਾਦ ਰੱਖੀਂ-ਜੇ ਕੰਮ ਲੈਣਾ ਹੋਵੇ ਤਾਂ ਅਗਲੀ ਦੇ ਅੰਦਰ ਵੜ ਜਾਈਏ! ਮੈਂ ਆਪਣਾ ਦਸਤੀ ਖ਼ਤ ਅੰਬੈਸੀਆਂ ਵਾਸਤੇ ਤੈਨੂੰ ਮੈਂ ਦੇ ਦਿੰਨੈ-ਤੇਰਾ ਤੇ ਉਹਦਾ ਵੀਜ਼ਾ ਲੱਗ ਜਾਵੇਗਾ-ਇਸ ਗੱਲੋਂ ਚਿੰਤਾ ਨਾ ਕਰ...! ਚੁੱਪ ਕਰਕੇ ਉਹਦੇ ਮਗਰ ਇੰਗਲੈਂਡ ਜਾ ਵੱਜ! ਅਗਲੀ ਨੂੰ ਵੀ ਅਹਿਸਾਸ ਹੋਵੇ-ਬਈ ਮੇਰੇ ਨਾਲ਼ ਵਾਕਿਆ ਈ ਪ੍ਰੇਮ ਕਰਦੈ-ਜੇ ਸੱਚਾ ਦਿਲੋਂ ਪ੍ਰੇਮ ਕਰਦੈ-ਤਾਂ ਹੀ ਤਾਂ ਮੇਰੇ ਮਗਰ ਇੰਗਲੈਂਡ ਆਇਆ?" ਤੇ ਸੁਮੀਤ ਮੰਤਰੀ ਬਾਪੂ ਦਾ ਪ੍ਰੇਰਿਆ ਦਸਤੀ ਪੱਤਰ ਲੈ ਇੰਗਲੈਂਡ ਆ ਵੱਜਿਆ ਸੀ...

-"ਅੱਜ ਰਾਤ ਦਾ ਕੀ ਪ੍ਰੋਗਰਾਮ ਐਂ?" ਦੀਪ ਨੇ ਹੀ ਪਹਿਲ ਕੀਤੀ

-"ਅੱਜ ਲੁੱਟਾਂਗੇ ਬੁੱਲੇ...! ਬੜਾ ਇੰਤਜ਼ਾਰ ਕੀਤਾ! ਅੱਜ ਹੱਥ ਹੇਠ ਆਈ ਨੂੰ ਤੈਨੂੰ ਸੁੱਕੀ ਹੀ ਭੇਜ ਦਿਆਂ? ਤੇਰੇ ਕਰਕੇ ਤਾਂ ਮੈਂ ਇੰਗਲੈਂਡ ਆਇਐਂ? ਤੇਰੇ ਕਹਿਣ ਵਾਂਗ, ਹਾਜੀ ਲੋਕ ਮੱਕੇ ਵੱਲ ਜਾਂਦੇ ਤੇ ਸਾਡਾ ਰਾਂਝਾ ਮਾਹੀ ਮੱਕਾ...! ਮੇਰਾ ਮੱਕਾ ਕਾਅਬਾ, ਬੱਸ ਹੁਣ ਸਭ ਕੁਛ ਤੂੰ ਈ ਤੂੰ ਐਂ, ਦੀਪ!" ਉਸ ਨੇ ਦੀਪ ਨੂੰ ਕਲ਼ਾਵੇ ਵਿਚ ਜਕੜ ਲਿਆ

-"ਇਹ ਕੰਮ ਆਪਾਂ ਰਾਤ 'ਤੇ ਛੱਡੀਏ - ਚੱਲ ਹਰਦੇਵ ਨੂੰ ਮਿਲੀਏ...!" ਦੀਪ ਨੇ ਆਖਿਆ

-"ਮੈਂ ਕੱਪੜੇ ਤਾਂ ਬਦਲ ਲਵਾਂ...? ਮੈਂ ਤਾਂ ਨ੍ਹਾਤਾ ਵੀ ਨਹੀਂ...?"

-"ਆ ਕੇ ਸਹੀ...! ਨਹਾ ਕੇ ਕੀਹਨੂੰ ਦਿਖਾਉਣੈਂ?" ਦੀਪ ਉਸ ਨੂੰ ਧੂਹ ਤੁਰੀ

----

ਹਰਦੇਵ ਹੋਟਲ ਦੇ ਲਾਊਂਜ ਵਿਚ ਕੀੜਿਆਂ ਵਾਲ਼ੇ ਕੁੱਤੇ ਵਾਂਗ ਬੈਠਾ ਸੀਉਸ ਦੇ ਮੂੰਹ ਤੋਂ ਮੱਖੀ ਨਹੀਂ ਉਡ ਰਹੀ ਸੀਉਸ ਦੇ ਅੰਦਰ ਭਾਂਤ ਭਾਂਤ ਦੀਆਂ ਸੋਚਾਂ ਦਾ ਜਹਾਦ ਛਿੜਿਆ ਹੋਇਆ ਸੀਕਿਤੇ ਉਹ ਸਾਲ਼ਾ ਦੀਪ ਨਾਲ਼ ਰੰਗਰਲ਼ੀਆਂ ਤਾਂ ਨਹੀਂ ਮਨਾਈ ਜਾ ਰਿਹਾ? ਐਹੋ ਜਿਹੇ ਦਾ ਕੀ ਇਤਬਾਰ? ਇਤਬਾਰ ਤਾਂ ਮੇਰੇ ਆਲ਼ੀ ਤੀਮੀ ਦਾ ਵੀ ਨਹੀਂ! ਕਹਿੰਦੇ ਨੇ ਜੇ ਸ਼ੇਰਨੀ ਨੂੰ ਤ੍ਰਿਸ਼ਨਾ ਦਾ ਹਲ਼ਕ ਛੁੱਟ ਪਵੇ, ਤਾਂ ਉਹ ਰਾਹ 'ਤੇ ਆ ਕੇ ਲਿਟਣ ਲੱਗ ਪੈਂਦੀ ਐ! ਨਾਲ਼ੇ ਇਹਨੇ ਤਾਂ ਮੇਰੇ ਵੈਸੇ ਈ ਕੁੱਤੇ ਫ਼ੇਲ੍ਹ ਕੀਤੇ ਪਏ ਐ! ਇਹਨੂੰ ਤਾਂ ਸਾਲ਼ੀ ਨੂੰ ਹੱਥ ਲਾਉਂਦਿਆਂ ਵੀ ਡਰ ਲੱਗਦੈਇਹਦਾ ਹਾਬੜਾ ਤਾਂ ਆਹ ਮੇਰਾ ਸਾਲ਼ਾ ਕੁੱਚ ਦਾਹੜੀਆ ਈ ਬੁਝਾਊ! ਇਹ ਮੈਨੂੰ ਮੇਰੇ ਸਾਲ਼ੇ ਦੀ ਕੀ ਦਬਾਲ਼ ਐ? ਇਹਦਾ ਤਾਂ ਇਹ ਨਹੀਂ ਇਤਬਾਰ ਬਈ ਕਿਤੇ ਸਾਰਿਆਂ ਦੇ ਸਾਹਮਣੇ ਥੱਪੜ ਹੀ ਕੱਢ ਮਾਰੇ? ਅਮੀਰ ਪਿਉ ਦੀ ਵਿਗੜੀ ਕੁੜੀ ਐ! ਇਹ ਤਾਂ ਛੇਤੀ ਕੀਤੇ ਪਿੱਛੋਂ ਵੀ ਨਹੀਂ ਲਹਿਣੀ

----

ਦੀਪ ਅਤੇ ਸੁਮੀਤ ਹੇਠਾਂ ਲਾਊਂਜ ਵਿਚ ਆ ਗਏ

-"ਹਰਦੇਵ, ਚਲੋ ਆਪਾਂ ਘਰੇ ਚੱਲਦੇ ਐਂ! ਸੁਮੀਤ ਨੂੰ ਨਾਲ਼ੇ ਆਪਣਾ ਘਰ ਦਿਖਾ ਦਿਆਂਗੇ।"

ਉਹ ਉਠ ਕੇ ਕਿਸੇ ਆਗਿਆਕਾਰੀ ਚੇਲੇ ਵਾਂਗ ਉਹਨਾਂ ਦੇ ਅੱਗੇ ਲੱਗ ਤੁਰਿਆਹੋਟਲ ਦੀ ਪਾਰਕਿੰਗ ਵਿਚੋਂ ਗੱਡੀ ਘਰ ਨੂੰ ਤੁਰ ਪਈਦੀਪ ਫਿਰ ਪਿੱਛੇ ਸੁਮੀਤ ਨਾਲ਼ ਅੜੀ ਬੈਠੀ ਸੀਹਰਦੇਵ ਦੇ ਮਨ ਵਿਚ ਲਾਂਬੂ ਬਲ਼ ਰਹੇ ਸਨਉਸ ਦਾ ਦਿਲ ਕਰਦਾ ਸੀ ਕਿ ਗੱਡੀ ਨੂੰ ਮੋਟਰ-ਵੇਅ 'ਤੇ ਆਉਂਦੇ ਕਿਸੇ ਟਰਾਲੇ ਹੇਠ ਵਾੜ ਦੇਵੇ...ਆਪ ਤਾਂ ਮਰਨਾ ਹੀ ਹੈ, ਇਹਨਾਂ ਸਾਲ਼ਿਆਂ ਆਸ਼ਕਾਂ ਨੂੰ ਵੀ ਨਾਲ ਲੈ ਕੇ ਮਰਾਂ...! ਪਰ ਉਹ ਡਰਾਕਲ ਸ਼ਿਕਾਰੀ ਵਾਂਗ ਹੀਆਂ ਨਾ ਕਰ ਸਕਿਆਅੱਗੇ ਹੀ ਅੱਗੇ ਚੱਲਦਾ ਰਿਹਾ

----

ਘਰ ਆ ਗਿਆਉਤਰ ਕੇ ਹਰਦੇਵ ਨੇ ਹੀ ਦਰਵਾਜਾ ਖੋਲ੍ਹਿਆਦੀਪ ਅਤੇ ਸੁਮੀਤ ਅਜੇ ਵੀ ਕਾਰ ਵਿਚ ਬੈਠੇ ਗੱਲਾਂ ਕਰ ਰਹੇ ਸਨਹੱਸ ਰਹੇ ਸਨਹੁਣ ਹਰਦੇਵ ਨੂੰ ਆਪਣੇ ਗੁਆਂਢੀਆਂ ਦਾ ਡਰ ਸਤਾਉਣ ਲੱਗ ਪਿਆਜੇ ਗੁਆਂਢੀਆਂ ਨੇ ਦੇਖ ਲਿਆ, ਫੇਰ...? ਫੇਰ ਕੀ ਕਹੂੰਗਾ...? ਆਖ ਦਿਉਂਗਾ, ਦੀਪ ਦੀ ਭੂਆ ਦਾ ਮੁੰਡਾ ਆਇਐ...! ਪਰ ਅਗਲੇ ਸੋਚਣਗੇ ਬਈ ਭੂਆ ਦੇ ਮੁੰਡੇ ਨਾਲ਼ ਕੁੜੀ ਦਾ ਆਹ ਵਰਤਾਓ...? ਭੂਆ ਦੇ ਮੁੰਡੇ ਨੂੰ ਕੁੜੀ ਜੱਫ਼ੀਆਂ ਪਾਉਂਦੀ ਹੁੰਦੀ ਐ...? ਦੁਨੀਆਂ ਬੜੀ ਅੱਗੇ ਲੰਘੀ ਹੋਈ ਐ, ਹਰਦੇਵ ਸਿਆਂ...! ਤੂੰ ਦੁਨੀਆਂ ਨੂੰ ਮੂਰਖ ਨਹੀਂ ਬਣਾ ਸਕਦਾ...! ਦੁਨੀਆਂ ਤਾਂ ਦੋ ਮੂੰਹੀਂ ਤਲਵਾਰ ਐ...! ਦੁਨੀਆਂ ਦੇ ਤਾਂ ਸਤਾਰਾਂ ਅੱਖਾਂ ਤੇ ਚੌਂਤੀ ਕੰਨ ਨੇ...! ਤੂੰ ਦੁਨੀਆਂ ਨੂੰ ਕਿਵੇਂ ਚਾਰ ਜਾਵੇਂਗਾ...? ਦੁਨੀਆਂ ਤਾਂ ਜਾਗਦਿਆਂ ਨੂੰ ਪੈਂਦੀਂ ਪਾਉਣ ਵਾਲੀ ਹੈ...! ਤੂੰ ਫਿਲਹਾਲ ਦੁਨੀਆਂ ਦੀ ਪ੍ਰਵਾਹ ਛੱਡ...! ਆਪਦੀ ਤੀਮੀ ਵੱਲੀਂ ਤਵੱਜੋਂ ਦੇਹ...! ਇਹ ਸਾਲ਼ੀ, ਵੱਡੇ ਉਚੇ ਖ਼ਿਆਲਾਂ ਆਲ਼ੀ ਤੈਨੂੰ ਸਾਰੇ ਜੱਗ 'ਚ ਨੰਗਾ ਕਰਕੇ ਰਹੂ...! ਇਹਨੂੰ ਸੰਭਾਲ਼ ਕੇ ਕਿਸੇ ਖੁੱਡੇ 'ਚ ਤਾੜ...! ਨਹੀਂ ਇਹਦੇ ਲਫ਼ੰਗੇ ਯਾਰ ਤਾਂ ਇਹਦੇ ਮਗਰ ਇੰਗਲੈਂਡ ਤੱਕ ਆ ਪਹੁੰਚੇ...! ਪਿੰਡ ਇਹਨੇ ਕਾਹਦਾ ਵਸਣਾ ਸੀ...? ਇਹਨਾਂ ਨੇ ਤਾਂ ਸਾਲ਼ਿਆਂ ਨੇ ਇੰਗਲੈਂਡ ਨੂੰ ਹੀ ਮੋਗਾ ਬਣਾ ਧਰਿਆ...? ਫ਼ਟੱਕ ਦੇਣੇ ਟਿਕਟ ਕਟਾ ਕੇ ਐਥੇ ਆ ਵੱਜਿਆ...! ਪਤਾ ਨਹੀਂ ਕੀਹਦਾ ਤੁਖ਼ਮ ਐਂ...?

----

ਹਰਦੇਵ ਨੇ ਕਾਰ ਦੀ ਤਾਕੀ ਖੋਲ੍ਹ ਕੇ ਉਹਨਾਂ ਨੂੰ ਬਾਹਰ ਆਉਣ ਦਾ ਇਸ਼ਾਰਾ ਦਿੱਤਾ

ਉਹ ਹੇਠਾਂ ਉਤਰ ਆਏ ਅਤੇ ਸਿੱਧੇ ਹੀ ਡਰਾਇੰਗ-ਰੂਮ ਵਿਚ ਜਾ ਪਧਾਰੇਹਰਦੇਵ ਬਾਹਰਲੇ ਦਰਵਾਜੇ ਵਿਚ ਖੜ੍ਹ ਚਾਰੇ ਪਾਸੇ ਦੇਖ ਰਿਹਾ ਸੀਉਸ ਨੂੰ ਕੋਈ ਗੁਆਂਢੀ ਨਜ਼ਰ ਨਾ ਆਇਆਹਰਦੇਵ ਨੇ ਸੁਖ ਦਾ ਸਾਹ ਲਿਆਉਹ ਅੱਗਾ ਪਿੱਛਾ ਦੇਖ ਦੇਖ ਤੁਰਦਾ ਸੀਜਿਵੇਂ ਕੋਈ ਚੋਰ ਹੋਵੇ

ਦੀਪ ਡਰਾਇੰਗ-ਰੂਮ ਵਿਚ ਸੁਮੀਤ ਦੁਆਲ਼ੇ ਸੱਪ ਵਾਂਗ ਲਿਪਟੀ ਪਈ ਸੀ

-"ਚਾਹ ਪੀਓਂਗੇ...?" ਹਰਦੇਵ ਨੇ ਉਹਨਾਂ ਨੂੰ ਵਰਜਣ ਦੇ ਰੌਂਅ ਵਿਚ ਪੁੱਛਿਆ

-"ਨਹੀਂ ਚਾਹ ਅਸੀਂ ਹੋਟਲ 'ਚੋਂ ਹੀ ਪੀ ਆਏ ਸੀ।" ਦੀਪ ਨੇ ਉਤਰ ਮੋੜਿਆ

ਸੁਮੀਤ ਕੁਝ ਨਾ ਬੋਲਿਆਚੁੱਪ ਹੀ ਰਿਹਾ

ਹਰਦੇਵ ਉਪਰਲੀਆਂ ਪੌੜੀਆਂ ਚੜ੍ਹ ਗਿਆ ਅਤੇ ਸੌਣ ਵਾਲ਼ੇ ਕਮਰੇ ਵਿਚ ਜਾ ਕੇ ਲੇਟ ਗਿਆ

ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ

ਸ਼ਾਮ ਨੂੰ ਚਾਰ ਕੁ ਵਜੇ ਦੀਪ ਨੇ ਉਸ ਨੂੰ ਹੇਠੋਂ ਹੀ ਅਵਾਜ਼ ਦਿੱਤੀ

-"ਹਰਦੇਵ, ਚਲੋ ਸਾਨੂੰ ਡੋਰਿੰਟ ਹੋਟਲ ਛੱਡ ਕੇ ਆਓ...!" ਉਸ ਨੇ ਹੇਠੋਂ ਬੈਠੀ ਨੇ ਹੀ ਹੁਕਮ ਚਾੜ੍ਹਿਆਹਰਦੇਵ ਦੀਆਂ ਚੜ੍ਹ ਮੱਚੀਆਂ ਸਨਉਹ ਸੋਚ ਰਿਹਾ ਸੀ ਕਿ ਮੈਂ ਜਿੰਨਾਂ ਨੀਵਾਂ ਹੋਈ ਜਾ ਰਿਹਾ ਹਾਂਉਤਨਾ ਹੀ ਇਹ ਕੁੱਤੀ ਸਿਰ ਚੜ੍ਹੀ ਜਾਂਦੀ ਐਕੀ ਮਤਲਬ, 'ਸਾਨੂੰ' ਡੋਰਿੰਟ ਹੋਟਲ ਛੱਡ ਕੇ ਆਓ...? ਇਹ ਇਸ ਦੇ ਨਾਲ਼ ਹੋਟਲ 'ਚ ਰਹੇਗੀ...? ਮੇਰੇ, ਖ਼ਸਮ ਦੇ ਹੁੰਦੇ ਹੋਏ...? ਮੇਰੇ ਜਿਉਂਦੇ ਜੀਅ...? ਮੈਂ ਤਾਂ ਫਿਰ ਜਿਉਂਦਾ ਹੀ ਮਰ ਗਿਆ...? ਮੇਰੇ ਘਰਵਾਲ਼ੀ ਕਿਸੇ ਲੰਡਰ ਬੰਦੇ ਨਾਲ਼ ਹੋਟਲ 'ਚ ਰਾਤਾਂ ਕੱਟੇ, ਗਲਵਕੜੀਆਂ ਪਾਵੇ, ਚੁੰਮੀ ਚੱਟੀ ਕਰੇ, ਇਹ ਅੱਖੀਂ ਦੇਖ ਕੇ ਮੈਂ ਮੱਖੀ ਕਿਵੇਂ ਨਿਗਲ ਸਕਦੈਂ...? ਇਹਦੀਆਂ ਘਤਿੱਤਾਂ ਬਾਰੇ ਇਹਦੇ ਪਿਉ ਨੂੰ ਦੱਸਿਆ ਜਾਵੇ...? ਪਰ ਇਹਦਾ ਪਿਉ ਤਾਂ ਆਪ ਕੰਜਰ ਐ...! ਉਹਨੇ ਮੇਰਾ ਪੱਖ ਕਦੋਂ ਲਿਆ...? ਜੱਟ ਜੱਟਾਂ ਦੇ ਤੇ ਫ਼ੱਗੂ ਨਰਾਇਣ ਦਾ...! ਇਹਦੇ ਪਿਉ ਨੇ ਵੀ ਇਹਦਾ ਪੱਖ ਹੀ ਪੂਰਨੈਂ! ਬਾਪੂ ਨੂੰ ਦੱਸਿਆ ਜਾਵੇ...? ਪਰ ਬਾਪੂ ਕੀ ਕਰੂ...? ਕਾਨੂੰਨ ਤਸੀਲਦਾਰ ਦੇ ਹੱਥਾਂ ਦੀ ਖੇਡ...! ਤਸੀਲਦਾਰ ਦੇ ਮਾਊਜਰਾਂ ਮੂਹਰੇ ਬਾਪੂ ਦਾ ਖੂੰਡਾ ਕੀ ਕਰੂ...? ਉਹ ਸੋਚਾਂ ਵਿਚ ਦਧਨ ਹੋਇਆ ਪਿਆ ਸੀਉਸ ਦੇ ਸਿਰ ਵਿਚ ਤੇਸੇ ਚੱਲੀ ਜਾ ਰਹੇ ਸਨ

-"ਦੀਪ! ਮਾੜਾ ਜਿਆ ਉਪਰ ਤਾਂ ਆਈਂ!" ਉਸ ਨੇ ਦਿਲ ਕੱਢ ਕੇ ਆਖ ਹੀ ਦਿੱਤਾਉਹ ਨਿੱਤ ਨਿੱਤ ਦੇ ਕੰਜਰਖਾਨੇ ਨਾਲੋਂ, ਅੱਜ ਇਕ ਦਿਨ ਹੀ ਨਬੇੜਾ ਕਰਨਾ ਚਾਹੁੰਦਾ ਸੀ

ਦੀਪ ਜਿੰਨ ਵਾਂਗ ਉਪਰ ਆ ਖੜ੍ਹੀ

-"ਕੀ ਗੱਲ ਐ...?"

-"ਦੇਖ ਦੀਪ! ਆਪਾਂ ਸਭ ਤੋਂ ਪਹਿਲਾਂ ਪੰਜਾਬੀ ਐਂ-ਇੰਗਲੈਂਡ ਦੇ ਵਸਨੀਕ ਉਸ ਤੋਂ ਬਾਅਦ!"

-"ਸੋ...? ਤੁਸੀਂ ਕਹਿਣਾ ਕੀ ਚਾਹੁੰਦੇ ਹੋ?"

-"ਪੰਜਾਬੀ ਔਰਤ ਨੂੰ ਕਿਸੇ ਗ਼ੈਰ ਮਰਦ ਨਾਲ਼ ਕਿਸੇ ਹੋਟਲ ਵਿਚ ਰਹਿਣਾ ਸ਼ੋਭਾ ਨਹੀਂ ਦਿੰਦਾ! ਤੇ ਉਹ ਵੀ ਆਪਣੇ ਪਤੀ ਦੇ ਹੁੰਦਿਆਂ ਹੋਇਆਂ...!" ਉਸ ਨੇ ਸਮਝੌਤੀ ਜਿਹੀ ਦੇ ਮਾਰੀ

ਦੀਪ ਉਸ ਵੱਲ ਹੱਥ ਕਰ ਕੇ ਉਚੀ-ਉਚੀ ਹੱਸ ਪਈਉਸ ਨੇ ਹਰਦੇਵ ਦੀ ਖਿੱਲੀ ਹੀ ਤਾਂ ਉਡਾਈ ਸੀ!

-"ਮੈਂ ਤਾਂ ਤੁਹਾਨੂੰ ਹੋਰ ਗੱਲ ਦੱਸਣ ਵਾਲ਼ੀ ਸੀ...!" ਉਸ ਨੇ ਹਾਸਾ ਰੋਕ ਕੇ ਕਿਹਾ

-"ਕੀ...?" ਉਸ ਨੂੰ ਅਗਲੀ ਫ਼ੇਟ ਬਾਰੇ ਫ਼ਿਕਰ ਪੈ ਗਿਆ

-"ਅਗਲੇ ਹਫ਼ਤੇ ਮੈਂ ਤੇ ਸੁਮੀਤ ਅਮਰੀਕਾ ਅਤੇ ਕੈਨੇਡਾ ਘੁੰਮਣ ਜਾ ਰਹੇ ਆਂ...! ਤੁਸੀਂ ਹੁਣੇ ਈ ਪਿੱਟਣਾ ਸ਼ੁਰੂ ਕਰ ਦਿੱਤਾ...?" ਉਸ ਨੇ ਬੜੇ ਸਹਿਜ ਸੁਭਾਅ ਹੀ ਆਖਿਆ

ਹਰਦੇਵ ਦੰਗ ਰਹਿ ਗਿਆਗੱਲ ਸੁਣ ਕੇ ਉਸ ਦਾ ਮੂੰਹ ਅੱਡਿਆ ਰਹਿ ਗਿਆ ਸੀ

-"ਫੇਰ ਇਉਂ ਕਰ...! ਮੈਨੂੰ ਤਲਾਕ ਲਿਖ ਕੇ ਦੇ-ਦੇ...!" ਉਸ ਨੇ ਆਖਰੀ ਗੱਲ ਆਖ ਦਿੱਤੀ

-"ਠੀਕ ਐ...! ਲਿਖ ਦਿਆਂਗੀ...! ਮੈਂ ਪਾਪਾ ਜੀ ਨਾਲ਼ ਸਾਰੀ ਗੱਲ ਕਰਕੇ, ਤਲਾਕ ਲਿਖ ਦਿਆਂਗੀ...! ਇਸ ਬਾਰੇ ਚਿੰਤਾ ਨਾ ਕਰੋ, ਬੱਸ? ਡੋਂਟ ਵਰੀ ਅਬਾਊਟ ਅਵਰ ਤਲਾਕ...!" ਦੀਪ ਦੇ ਆਖਣ 'ਤੇ ਹਰਦੇਵ ਕੁਝ ਹਲਕਾ ਹੋ ਗਿਆ ਸੀ

-"ਆਪਣੇ ਕੱਪੜੇ ਲੱਤੇ ਵੀ ਨਾਲ਼ ਹੀ ਲੈ ਜਾਹ-ਨਹੀਂ ਤੈਨੂੰ ਫੇਰ ਆਉਣਾ ਪਊ।" ਜਿਵੇਂ ਹਰਦੇਵ ਨਹੀਂ, ਉਸ ਦਾ ਬੁੱਤ ਬੋਲ ਰਿਹਾ ਸੀ

-"ਕੈਨੇਡਾ ਜਾਣ ਲੱਗੀ ਕੱਪੜੇ ਵੀ ਲੈ ਜਾਵਾਂਗੀ ਤੇ ਪਾਸਪੋਰਟ ਵੀ! ਫਿਕਰ ਨਾ ਕਰੋ...! ਤੁਸੀਂ ਚਾਰ ਦਿਨ ਮੇਰੇ ਕੱਪੜੇ ਵੀ ਨਹੀਂ ਇਸ ਘਰ ਵਿਚ ਪਏ ਜਰ ਸਕਦੇ...? ਆਫ਼ਟਰ ਆਲ ਮੈਂ ਤੁਹਾਡੀ ਪਤਨੀ ਆਂ...?"

ਹਰਦੇਵ ਦਾ ਮੂੰਹ ਬੰਦ ਹੋ ਗਿਆ

----

ਉਹ ਉਹਨਾਂ ਨੂੰ ਡੋਰਿੰਟ ਹੋਟਲ ਉਤਾਰ ਕੇ ਮੁੜ ਆਇਆਨਾ ਕਿਸੇ ਨੇ ਕੋਈ ਗੱਲ ਉਸ ਨਾਲ ਕੀਤੀ ਅਤੇ ਨਾ ਹੀ ਉਸ ਨੇ ਕਿਸੇ ਨਾਲ਼ ਕੋਈ ਗੱਲ ਕੀਤੀਜਿਵੇਂ ਉਹ ਸਾਰੇ ਗੂੰਗੇ ਜਾਂ ਬੋਲ਼ੇ ਸਨਬੱਸ, ਉਹ ਸੁਮੀਤ ਅਤੇ ਦੀਪ ਨੂੰ ਹੋਟਲ ਦੇ ਦਰਵਾਜੇ ਅੱਗੇ ਉਤਾਰ ਕੇ ਵਾਪਿਸ ਆ ਗਿਆ ਸੀ

ਜਦੋਂ ਉਸ ਨੇ ਬਰੌਡਵੇਅ ਦੇ ਵੱਡੇ ਰਾਊਂਡ ਅਬਾਊਟ ਕੋਲੋਂ ਗੱਡੀ ਮੋੜੀ ਤਾਂ ਉਸ ਦੀ ਨਜ਼ਰ ਨਾਲ਼ ਦੀ ਕਾਰ ਵਿਚ ਬੈਠੀ ਮੀਤੀ 'ਤੇ ਪਈਦੇਖ ਕੇ ਮੀਤੀ ਨੇ ਮੂੰਹ ਪਰਾਂਹ ਕਰ ਲਿਆਜਿਵੇਂ ਉਹ ਹਰਦੇਵ ਦੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ ਸੀਹਰਦੇਵ ਦੀ ਧਾਹ ਨਿਕਲਣ ਵਾਲੀ ਹੋ ਗਈ! ਉਸ ਦਾ ਦਿਲ ਕਰਦਾ ਸੀ ਕਿ ਕਾਰ 'ਚੋਂ ਉਤਰ ਕੇ, ਦੇਵਤਾ ਸਰੂਪ ਮੀਤੀ ਦੇ ਚਰਨੀਂ ਢਹਿ ਪਵੇ ਅਤੇ ਮੁਆਫ਼ੀ ਮੰਗੇਪਰ ਮੀਤੀ ਦੀਆਂ ਨਜ਼ਰਾਂ ਹੀ ਦੱਸ ਗਈਆਂ ਸਨ ਕਿ ਉਹ ਹਰਦੇਵ ਦੀ ਸੂਰਤ ਵੀ ਦੇਖਣੀ ਪਸੰਦ ਨਹੀਂ ਕਰਦੀ ਸੀਮੀਤੀ ਦੀਆਂ ਨਜ਼ਰਾਂ ਉਸ ਨੂੰ "ਦਫ਼ਾ ਹੋਜਾ...! ਦਫ਼ਾ ਹੋਜਾ...!" ਪੁਕਾਰ ਰਹੀਆਂ ਸਨਹਰਦੇਵ ਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੋਈ ਪਈ ਸੀਉਹ ਨਾ ਘਰ ਦਾ ਰਿਹਾ ਸੀ ਅਤੇ ਨਾ ਹੀ ਘਾਟ ਦਾ...!

----

ਉਸ ਨੇ ਘਰ ਆ ਕੇ ਅੱਧੀ ਬੋਤਲ ਵਿਸਕੀ ਦੀ ਸੂਤ ਧਰੀ ਅਤੇ ਦੀਪ ਦੇ ਬਾਪ ਤਸੀਲਦਾਰ ਨੂੰ ਫ਼ੋਨ ਮਿਲਾ ਲਿਆਫ਼ੋਨ ਦੀ "ਟਰਰ-ਟਰਰ" ਹਰਦੇਵ ਦਾ ਕਾਲ਼ਜਾ ਚੱਟ ਰਹੀ ਸੀਕੀ ਗੱਲ ਕਰੇਗਾ ਉਹ ਦੀਪ ਦੇ ਬਾਪ ਨਾਲ਼...? ਕੀ ਦੱਸੇਗਾ ਉਹਨੂੰ...? ਇਹਨਾਂ ਦਾ ਤਾਂ ਸਾਰਾ ਟੱਬਰ ਹੀ ਝੰਡੇ ਹੇਠਲਾ ਹੈ...! ਉਸ ਦਾ ਦਿਲ ਕਿਰ-ਕਿਰ ਪੈਂਦਾ ਸੀਆਖਰ ਕਿਸੇ ਨੌਕਰ ਨੇ ਫ਼ੋਨ ਚੁੱਕ ਲਿਆ

-"ਹੈਲੋ...! ਮੈਂ ਹਰਦੇਵ ਬੋਲਦੈਂ ਜੀ, ਇੰਗਲੈਂਡ ਤੋਂ! ਤਸੀਲਦਾਰ ਸਾਹਬ ਨਾਲ਼ ਗੱਲ ਕਰਵਾਓ!" ਉਸ ਨੇ ਆਖਿਆ

-"ਇਕ ਮਿੰਟ ਹੋਲਡ ਰੱਖੋ!" ਨੌਕਰ ਨੇ ਕਿਹਾ ਤਾਂ ਕਾਫ਼ੀ ਦੇਰ ਬਾਅਦ ਤਸੀਲਦਾਰ ਨੇ ਫ਼ੋਨ 'ਤੇ 'ਹੈਲੋ' ਆ ਆਖੀ

-"ਪਾਪਾ ਜੀ, ਸਤਿ ਸ੍ਰੀ ਅਕਾਲ...!"

-"ਸਾਸਰੀਕਾਲ ਬਈ...! ਹਰਦੇਵ ਐ...?" ਤਸੀਲਦਾਰ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਸ ਦੀ ਕਾਫ਼ੀ ਦਾਰੂ ਪੀਤੀ ਹੋਈ ਸੀ

-"ਹਾਂ ਜੀ, ਪਾਪਾ ਜੀ!"

-"ਅੱਛਾ...! ਮੇਰੀ ਤਾਂ ਥੋੜ੍ਹੀ ਜੀ ਪੀਤੀ ਵੀ ਐ-ਮੈਨੂੰ ਦੀਪ ਦਾ ਵੀ ਹੁਣੇ ਹੁਣੇ ਫ਼ੋਨ ਆਇਆ ਸੀ-ਡੋਰਿੰਟ ਹੋਟਲ 'ਚੋਂ! ਆਹ ਲੈ, ਗੱਲ ਕਰਲੈ...!" ਤਸੀਲਦਾਰ ਨੇ ਫ਼ੋਨ ਸ਼ਾਇਦ ਆਪਣੀ ਘਰਵਾਲੀ ਨੂੰ ਫੜਾ ਦਿੱਤਾਉਸ ਨੇ 'ਹੈਲੋ' ਕਹੀ ਤਾਂ ਹਰਦੇਵ ਰੇਡੀਓ ਵਾਂਗ ਸ਼ੁਰੂ ਹੋ ਗਿਆਉਸ ਨੇ ਮੋਟੇ ਤੌਰ 'ਤੇ ਮੋਟੇ ਅੱਖਰਾਂ ਵਿਚ ਸਾਰੀ ਗੱਲ ਆਪਣੀ ਸੱਸ ਨੂੰ ਆਖ ਸੁਣਾਈ, ਦੀਪ ਅਤੇ ਸੁਮੀਤ ਦੀਆਂ ਕਰਤੂਤਾਂ ਬਾਰੇ ਦੱਸਿਆ ਅਤੇ ਕਿਸੇ ਸਾਰਥਿਕ ਉਤਰ ਦੀ ਉਡੀਕ ਕਰਨ ਲੱਗ ਪਿਆ

-"ਗੱਲ ਇਹ ਐ ਕਾਕਾ...! ਜੇ ਪਤਾ ਹੋਵੇ ਨ੍ਹਾਂ! ਬਈ ਮੈਥੋਂ ਤੀਮੀ ਸਾਂਭੀ ਨ੍ਹੀ ਜਾਣੀ? ਤਾਂ ਵਿਆਹ ਨਾ ਕਰਵਾਈਏ...! ਜੁਆਨ ਜਹਾਨ ਕੁੜੀ ਐ-ਜੇ ਉਹਨੂੰ ਤੇਰੇ ਕੋਲੋਂ ਨਹੀਂ ਕੁਛ ਖੱਟਣ ਖਾਣ ਨੂੰ ਮਿਲ਼ਦਾ-ਤਾਂ ਉਹਨੇ ਕਿਤੇ ਨਾ ਕਿਤੇ ਤਾਂ ਧੱਕੇ ਖਾਣੇ ਈ ਐਂ? ਕਿਤੋਂ ਤਾਂ ਢਿੱਡ ਭਰਨਾ ਈ ਐਂ? ਕੀ ਕਰੇ ਵਿਚਾਰੀ ਉਹੋ...? ਡੁੱਬਦੇ ਬੰਦੇ ਨੂੰ ਤਿਣਕੇ ਦਾ ਸਹਾਰਾ ਈ ਬਥੇਰਾ ਹੁੰਦੈ! ਹੁੰਦੈ ਕਿ ਨਹੀਂ...? ਉਹਨੂੰ ਅਸੀਂ ਆਖ ਦਿਆਂਗੇ-ਤੂੰ ਸਾਨੂੰ ਹੋਟਲ ਤੇ ਕਮਰੇ ਦਾ ਨੰਬਰ ਦੇਹ...! ਤੇ ਨਾਲ਼ੇ ਭਾਈ ਤੂੰ ਕਿਸੇ ਚੰਗੇ ਡਾਕਟਰ ਕੋਲੋਂ ਆਬਦਾ ਕੋਈ ਇਲਾਜ ਕਰਵਾ...! ਜੇ ਤੈਥੋਂ ਹੁਣ ਈ ਕੁਛ ਨ੍ਹੀ ਹੁੰਦਾ-ਤਾਂ ਕਾਕਾ ਬੁੜ੍ਹਾਪਾ ਕਦੋਂ ਆਇਆ? ਆਹ ਐਧਰ ਦੇਖਲਾ...! ਮੇਰੇ ਹਸਬੈਂਡ ਪੂਰੇ ਬਾਹਟ ਸਾਲ ਦੇ ਨੇ-ਹੁਣ ਤੱਕ ਕਿੱਕਰ ਤੋਂ ਕਾਟੋ ਲਾਹ ਲੈਂਦੇ ਐ...! ਘਰੇ ਤਾਂ ਜਿਹੜਾ ਕੁਛ ਕਰਨੈਂ-ਕਰਨਾ ਈ ਐਂ! ਬਾਹਰਲੀਆਂ ਖੁਰਨੀਆਂ 'ਚ ਵੀ ਮੂੰਹ ਮਾਰਨੋ ਬਾਜ ਨ੍ਹੀ ਆਉਂਦੇ! ਤੂੰ ਭਾਈ ਆਬਦਾ ਇਲਾਜ ਕਿਸੇ ਚੰਗੇ ਡਾਕਟਰ ਤੋਂ ਕਰਵਾ...! ਵੈਸੇ ਮੈਂ ਦੀਪ ਦੇ ਕੰਨ ਵੀ ਖਿੱਚ ਦਿਊਂ! ਪਰ ਜਦੋਂ ਕਾਕਾ ਪੈਸਾ ਆਬਦਾ ਖੋਟਾ ਹੋਵੇ ਨ੍ਹਾਂ...? ਫੇਰ ਬਾਣੀਏਂ ਨੂੰ ਦੋਸ਼ ਨਾ ਦੇਈਏ...!" ਸੱਸ ਫ਼ੋਨ 'ਤੇ ਹਰਦੇਵ ਨੂੰ ਪਤਾ ਨਹੀਂ ਕੀ ਸਮਝਾ ਰਹੀ ਸੀ

----

ਹਰਦੇਵ ਨੇ ਫ਼ੋਨ ਰੱਖ ਦਿੱਤਾ

ਉਹ ਸੋਚ ਰਿਹਾ ਸੀ ਕਿ ਮਿਰਗਾਂ ਦੀ ਡਾਰ 'ਚ ਕੋਈ ਕਮਚਾਲਾ ਨਹੀਂ ਹੁੰਦਾਸਾਰੇ ਇਕੋ ਜਿਹੀ ਛਾਲ ਮਾਰਦੇ ਨੇਕੋਈ ਸੂਤ ਭਰ ਛੋਟੀ, ਤੇ ਕੋਈ ਸੂਤ ਭਰ ਵੱਡੀ! ਇਹਨਾਂ ਦਾ ਤਾਂ ਸਾਰਾ ਲਾਣਾਂ ਹੀ ਊਤਿਆ ਪਿਐ! ਮੈਨੂੰ ਸਮਝੌਤੀਆਂ ਦੇਣ ਲੱਗ ਪਈ, ਅਖੇ ਕਾਕਾ ਤੂੰ ਆਬਦਾ ਇਲਾਜ ਕਰਵਾ...! ਧੀ ਆਬਦੀ ਕਾਣੀਂ? ਤੇ ਅੰਨ੍ਹਾਂ ਮੈਨੂੰ ਦੱਸਦੀ ਐ...? ਧੀ ਆਬਦੀ ਬਦਚਲਣ ਐਂ ਤੇ ਇਲਾਜ ਵਾਸਤੇ ਪ੍ਰੇਰਨਾ ਮੈਨੂੰ ਦੇਣ ਲੱਗ ਪਈ...? ਕੀ ਕਰੂ ਬੰਦਾ ਐਹੋ ਜਿਹੇ ਪ੍ਰੀਵਾਰ ਦਾ...? ਸਾਰਾ ਟੱਬਰ ਈ ਕੰਜਰਾਂ ਦਾ...? ਕੋਈ ਗੱਲ ਨਹੀਂ ਹਰਦੇਵ ਸਿਆਂ...! ਮੀਤੀ ਨਾਲ਼ ਕੀਤੀਆਂ ਤੈਨੂੰ ਭੁਗਤਣੀਆਂ ਹੀ ਪੈਣੀਐਂ...! ਦਿਲ ਨਾਲ ਭੁਗਤ...! ਰੂਹ ਨਾਲ਼ ਸਮੇਟ...! ਮੀਤੀ ਦੀ ਗੱਲ ਸੱਚੀ ਐ...! ਰੱਬ ਦੀ ਅਦਾਲਤ ਨੂੰ ਤੈਨੂੰ ਹਿਸਾਬ ਦੇਣਾ ਹੀ ਪੈਣੈਂ...!

ਉਸ ਨੇ ਦੋ ਪੈੱਗ ਹੋਰ ਲਾ ਕੇ ਬਾਪੂ ਨੂੰ ਫ਼ੋਨ ਮਿਲਾ ਲਿਆਬਾਪੂ ਨੇ ਅੱਗੋਂ ਆਪਣੇ ਦੁੱਖ ਰੋਣੇ ਸ਼ੁਰੂ ਕਰ ਦਿੱਤੇਉਸ ਨੇ ਦੀਪ ਨੂੰ ਚੜ੍ਹਾਉਣ ਆਇਆਂ, ਏਅਰਪੋਰਟ 'ਤੇ ਬੀਤਿਆ ਸਾਰਾ ਬ੍ਰਿਤਾਂਤ ਆਖ ਸੁਣਾਇਆ ਤਾਂ ਹਰਦੇਵ ਦਾ ਮਨ ਅਥਾਹ ਦੁਖੀ ਹੋ ਗਿਆਬਾਪੂ ਨੇ ਇਹ ਵੀ ਦੱਸਿਆ ਕਿ ਉਸ ਦਿਨ ਤੋਂ ਤੇਰੀ ਬੇਬੇ ਬਹੁਤਾ ਹੀ ਕਮਲ਼ ਜਿਹਾ ਮਾਰਨ ਲੱਗ ਪਈ! ਸਾਰੀਆਂ ਜ਼ਿਆਦਤੀਆਂ ਸੁਣਦਿਆਂ ਉਸ ਨੇ ਫ਼ੋਨ ਕੱਟ ਦਿੱਤਾਹੋਰ ਕੁਝ ਸੁਣਨ ਦੀ ਉਸ ਵਿਚ ਸਮਰੱਥਾ ਨਹੀਂ ਸੀਫ਼ੋਨ ਰੱਖ ਕੇ ਉਹ ਭੁੱਬਾਂ ਮਾਰ ਕੇ ਰੋ ਪਿਆਪਰ ਉਸ ਦੀਆਂ ਭੁੱਬਾਂ ਸੁਣਨ ਵਾਲਾ ਕੋਈ ਨਹੀਂ ਸੀ

**********

ਪੱਚੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।


No comments: