Friday, February 27, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ - 5

ਫ਼ੌਜੀ ਸ਼ਾਮ ਨੂੰ ਸਾਢੇ ਕੁ ਪੰਜ ਵਜੇ ਹੀ ਕੰਮ ਤੋਂ ਆ ਗਿਆ

ਉਸ ਦੇ ਹੱਥ ਵਿਚ ਖਾਣ ਪੀਣ ਦਾ ਸਮਾਨ ਅਤੇ ਦੰਦਾਂ ਵਾਲਾ ਬੁਰਸ਼ ਫੜਿਆ ਹੋਇਆ ਸੀਉਸ ਨੇ ਸਾਰਾ ਸਮਾਨ ਰਸੋਈ ਵਿਚ ਆ ਰੱਖਿਆਉਹ ਸਵੇਰ ਵਾਂਗ ਤਾਜ਼ਾ-ਤਾਜ਼ਾ ਹੀ ਸੀਚਿਹਰੇ 'ਤੇ ਥਕਾਵਟ ਦਾ ਕੋਈ ਨਿਸ਼ਾਨ ਨਹੀਂ ਸੀ

-"ਹਾਂ ਬਈ ਹਰਦੇਵ ਸਿਆਂ! ਕੁਛ ਖਾਧਾ ਪੀਤਾ?"

-"ਅਜੇ ਤਾਂ ਬਾਈ ਫ਼ੌਜੀਆ, ਉਠਿਆ ਈ ਐਂ! ਬਾਹਲ਼ਾ ਅਨੀਂਦਰਾ ਸੀ!"

-"ਚਲ ਵਧੀਆ ਕੀਤਾ! ਲੈ ਫਿਰ ਬੁਰਸ਼ ਕਰਲਾ...!" ਉਸ ਨੇ ਨਵਾਂ ਬੁਰਸ਼ ਅੱਗੇ ਕਰ ਦਿੱਤਾ

ਹਰਦੇਵ ਨੇ ਬੁਰਸ਼ ਕਰ ਲਿਆ

-"ਪੀਣੀ ਚਾਹ ਈ ਐ ਜਾਂ ਪੈੱਗ-ਸ਼ੈੱਗ ਲਾਵੇਂਗਾ?"

-"ਪੈੱਗ ਸ਼ੈੱਗ ਈ ਲਾ-ਲਾਂਗੇ, ਬਾਈ!"

ਉਹਨਾਂ ਨੇ ਬੋਤਲ ਖੋਲ੍ਹ ਲਈਫ਼ੌਜੀ ਬੜਾ ਦਿਲਦਾਰ ਬੰਦਾ ਸੀਅਠਾਰਾਂ ਸਾਲ ਫ਼ੋਜ ਵਿਚ ਨੌਕਰੀ ਕੀਤੀਭਾਂਤ-ਭਾਂਤ ਦੇ ਬੰਦਿਆਂ ਨਾਲ ਵਾਹ ਪਿਆਘਾਟ-ਘਾਟ ਦਾ ਪਾਣੀ ਪੀਤਾ ਹੋਇਆ ਸੀਚੰਗੇ ਮੰਦੇ ਦੀ ਨਿਰਖ-ਪਰਖ ਸੀ

ਉਹ ਪੀਣ ਲੱਗ ਪਏ

-"ਐਥੇ ਕੰਮ ਕੁੰਮ ਦਾ ਕੀ ਜੁਗਾੜ ਐ, ਬਾਈ?" ਹਰਦੇਵ ਨੇ ਹੀ ਪਹਿਲ ਕੀਤੀ

-"ਕੰਮ ਦਾ ਜੁਗਾੜ ਤਾਂ ਇਹ ਐ! ਬਈ ਜੇ ਤਾਂ ਥੋਨੂੰ ਕੋਈ ਜਾਣਦੈ, ਤਾਂ-ਤਾਂ ਕਿਸੇ ਜਾਣਕਾਰ ਨੂੰ ਕਹਿ ਕੁਹਾ ਕੇ ਕੰਮ 'ਤੇ ਲੁਆ ਦਿੰਦੈ - ਤੇ ਨਹੀਂ ਤਾਂ ਬਾਈ ਰੱਬ ਈ ਰਾਖਾ! ਐਥੇ ਆਪਣੇ ਦੇਸੀ ਭਾਈਬੰਦ ਬੰਦੇ ਨੂੰ ਕੰਮ 'ਤੇ ਰੱਖ ਲੈਂਦੇ ਐ-ਕੋਈ ਸ਼ੱਕ ਨ੍ਹੀ-ਉਹਨਾਂ ਨੂੰ ਵੀ ਪਤਾ ਹੁੰਦੈ ਬਈ ਬੰਦੇ ਕੋਲ਼ੇ ਕੋਈ ਕਾਗਜ਼ ਪੱਤਰ ਹੈ ਨ੍ਹੀ - ਬੰਦਾ ਫਸਿਆ ਮਾਰ ਖਾਊਗਾ-ਪੀਜ਼ੇ ਪੂਜੇ 'ਚ ਕੰਮ ਦੇ ਦਿੰਦੇ ਐ-ਪੀਜ਼ੇ ਦੇ ਉਪਰ ਕਮਰਾ ਤੇ ਦੋ ਚਾਰ ਸੌ ਮਾਰਕ ਮਹੀਨੇ ਦਾ ਮਸਾਂ ਈ ਦਿੰਦੇ ਐ-ਰੋਟੀ ਪਾਣੀ ਪੀਜ਼ੇ 'ਚ ਫਰ੍ਹੀ ਹੁੰਦਾ ਈ ਐ-ਚੱਲ ਮੇਰੇ ਭਾਈ ਬੰਦਾ ਆਬਦਾ ਰੇਹੜਾ ਧੱਕੀ ਜਾਂਦੈ-।"

-"ਪਰ ਬਾਈ ਜਾਅਲੀ ਬੰਦੇ ਨੂੰ ਕੰਮ 'ਤੇ ਕਿਹੜਾ ਕੋਈ ਛੇਤੀ ਕੀਤੇ ਰੱਖਦੈ? ਇਹ ਵੀ ਰਿਸਕ ਈ ਐ!"

-"ਛੋਟੇ ਭਾਈ! ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ! ਲੋੜ ਤਾਂ ਇਹਨਾਂ ਨੂੰ ਵੀ ਬੰਦਿਆਂ ਦੀ ਹੁੰਦੀ ਐ-ਜੇ ਕੋਈ ਤਜਰਬੇ ਆਲ਼ਾ ਤੇ ਕਾਗਜ਼ਾਂ ਪੱਤਰਾਂ ਆਲ਼ਾ ਬੰਦਾ ਰੱਖਦੇ ਐ-ਇਕ ਤਾਂ ਉਹ ਪੈਂਦੈ ਮਹਿੰਗਾ-ਟੈਕਸ ਤੇ ਇੰਸ਼ੋਰੈਂਸ ਭਰਨੀ ਪੈਂਦੀ ਐ-ਅਗਲਾ ਪੈਸੇ ਲੈਂਦੈ ਠੋਕ ਕੇ! ਤੇ ਦੂਜਾ ਅਗਲਾ ਓਨੀ ਧੰਗੇੜ੍ਹ ਨ੍ਹੀ ਝੱਲਦਾ-ਜਿੰਨੀ ਜਾਅਲੀ ਬੰਦੇ ਝੱਲੀ ਜਾਂਦੇ ਐ-।"

-"ਇਹ ਤਾਂ ਖ਼ੈਰ ਹੈ! ਨੂੰਹ ਧੀ 'ਚ ਫ਼ਰਕ ਤਾਂ ਹੁੰਦਾ ਈ ਐ, ਬਾਈ।"

-"ਲੈ, ਤੂੰ ਹੋਰ ਗੱਲ ਸੁਣਲਾ! ਐਥੇ ਆਪਣੇ ਸ਼ਹਿਰ 'ਚ ਇਕ ਪਾਕਿਸਤਾਨੀ ਐਂ-ਉਹ ਹਮੇਸ਼ਾ ਈ ਜਾਅਲੀ ਬੰਦੇ ਕੰਮ 'ਤੇ ਰੱਖਦੈ-ਅਗਲੇ ਸਵੇਰੇ ਦਸ ਵਜੇ ਕੰਮ ਸ਼ੁਰੂ ਕਰਦੇ ਐ ਤੇ ਰਾਤ ਨੂੰ ਬਾਰ੍ਹਾਂ ਵਜੇ ਉਹਨਾਂ ਦਾ ਖਹਿੜ੍ਹਾ ਛੁੱਟਦੈ-ਚੌਦਾਂ ਘੰਟੇ ਕੰਮ! ਕਦੇ ਆਹ ਕਰਲੋ-ਕਦੇ ਜੌਹ ਕਰਲੋ! ਸਫ਼ਾਈ ਤੇ ਭਾਂਡੇ ਧੋਣ ਤੋਂ ਲੈ ਕੇ, ਪੀਜ਼ੇ ਬਣਾਉਣ ਤੱਕ ਸਾਰਾ ਕੰਮ ਵਿਚਾਰੇ ਜਾਅਲੀ ਬੰਦੇ ਈ ਕਰਦੇ ਐ-ਆਪਣੇ ਬੰਦੇ ਫ਼ਸੇ ਫ਼ਸਾਏ ਮਾਰ ਖਾਈ ਜਾਂਦੇ ਐ-ਅਗਲੇ ਸੋਚਦੇ ਐ, ਜਾਂਦੇ ਚੋਰ ਦੀ ਤੜਾਗੀ ਈ ਸਹੀ! ਬਈ ਜਿਹੜਾ ਦੋ ਚਾਰ ਸੌ ਮਿਲ਼ਦੈ-ਉਹ ਹੀ ਬਾਧੂ ਐ-ਵਿਹਲੇ ਵੀ ਅਗਲੇ ਕੀ ਕਰਨ...? ਐਨਾਂ ਕੰਮ ਪੱਕੇ ਬੰਦੇ ਕਦੋਂ ਕਰਦੇ ਐ? ਉਹ ਤਾਂ ਅਗਲੇ ਕਾਨੂੰਨੀ ਤੌਰ 'ਤੇ ਅੱਠ ਘੰਟੇ ਕੰਮ ਕਰਦੇ ਐ ਤੇ ਬਾਕੀ ਘੰਟੇ ਲੈਂਦੇ ਐ, ਓਵਰਟਾਈਮ!"

-"ਪਰ ਬਾਈ, ਜੇ ਐਹੋ ਜੇ ਬੰਦੇ ਵੀ ਜਾਅਲੀ ਬੰਦਿਆਂ ਨੂੰ ਮੋਢਾ ਨਾ ਦੇਣ, ਤਾਂ ਨਵੇਂ ਬੰਦਿਆਂ ਦਾ ਬਣੇ ਕੀ?"

-"ਛੋਟੇ ਭਾਈ, ਸੈਹਾ ਆਬਦੇ ਦਾਅ ਨੂੰ ਤੇ ਕੁੱਤਾ ਆਬਦੇ ਦਾਅ ਨੂੰ ਜਾਂਦੈ! ਉਹ ਵੀ ਗੌਰਮਿੰਟ ਤੋਂ ਟੈਕਸ ਬਚਾਉਂਦੇ ਐ-ਇੰਸ਼ੋਰੈਂਸ ਬਚਾਉਂਦੇ ਐ-ਉਹ ਨਵੇਂ ਮੁੰਡਿਆਂ ਦੀ ਮੱਦਤ ਮੁੱਦਤ ਨ੍ਹੀ ਕਰਦੇ! ਉਹ ਤਾਂ ਗੌਰਮਿੰਟ ਤੋਂ ਟੈਕਸ ਤੇ ਬੀਮਾਂ ਬਚਾਉਣ ਵਾਸਤੇ ਸਾਰਾ ਕੁਛ ਕਰਦੇ ਐ-ਐਥੇ ਕਮਲਿਆ ਲੋਕ ਪੈਸੇ ਬਿਨਾ ਰੱਬ ਨੂੰ ਮੱਥਾ ਨ੍ਹੀ ਟੇਕਦੇ-ਇਹ ਯੂਰਪ ਐ ਛੋਟੇ ਭਾਈ! ਐਥੇ ਤਾਂ ਸਕੀ ਮਾਂ ਜੁਆਕ ਨੂੰ ਬਿਲਕਦੇ ਨੂੰ ਛੱਡ ਕੇ ਭੱਜ ਜਾਂਦੀ ਐ...!"

-"ਹੈ ਤਾਂ ਐਥੇ ਨ੍ਹੇਰ ਈ ਬਾਈ...!"

-"ਤੂੰ ਨ੍ਹੇਰ ਦੀ ਗੱਲ ਸੁਣ ਲੈ, ਹਰਦੇਵ!" ਫ਼ੌਜੀ ਨੇ ਪੈੱਗ ਪਾ ਲਿਆ

-"ਐਥੇ ਆਗਰੇ ਦੇ ਦੋ ਭਰਾ ਰਹਿੰਦੇ ਸੀ-ਉਹਦਾ ਛੋਟਾ ਭਾਈ ਰਾਤ ਨੂੰ ਕਾਰ ਐਕਸੀਡੈਂਟ 'ਚ ਮਾਰਿਆ ਗਿਆ-ਪੁਲਸ ਨੇ ਉਸ ਮੁੰਡੇ ਦੀ ਜੇਬ 'ਚੋਂ ਕਾਗਜ਼ ਪੱਤਰ ਕੱਢ ਕੇ ਦੇਖੇ ਤੇ ਉਹਦੇ ਘਰੇ ਪਹੁੰਚ ਗਏ-ਪਹੁੰਚਣਾ ਈ ਸੀ? ਤੇ ਜਦੋਂ ਪੁਲਸ ਘਰੇ ਗਈ ਤਾਂ ਅੱਗੇ ਉਹਦਾ ਵੱਡਾ ਭਰਾ ਸੁੱਤਾ ਉਠਾਲ਼ ਲਿਆ-ਉਹਨੂੰ ਨਾਲ ਲੈ ਕੇ ਹਸਪਤਾਲ ਆ ਗਏ-ਜਿੱਥੇ ਉਹਦੇ ਭਰਾ ਦੀ ਲਾਸ਼ ਰੱਖੀ ਵੀ ਸੀ!"

-"ਅੱਛਾ...!"

-"ਤੇ ਛੋਟੇ ਭਾਈ, ਪੁਲਸ ਨੇ ਪੁੱਛਿਆ ਬਈ ਤੂੰ ਇਹਨੂੰ ਬੰਦੇ ਨੂੰ ਜਾਣਦੈਂ? ਕਹਿੰਦਾ ਅਖੇ ਹਾਂ ਜਾਣਦੈਂ-ਮੇਰੇ ਨਾਲ ਕਮਰੇ 'ਚ ਰਹਿੰਦੈ।"

-"ਅੱਛਾ...! ਇਹ ਨ੍ਹੀ ਦੱਸਿਆ ਬਈ ਮੇਰਾ ਭਾਈ ਐ...?" ਹਰਦੇਵ ਦਾ ਮੂੰਹ ਅੱਡਿਆ ਗਿਆ

-"ਕਾਹਨੂੰ...! ਤੂੰ ਸੁਣ ਤਾਂ ਸਹੀ...!"

-"......।"

-"ਪੁਲਸ ਨੇ ਪੁੱਛਿਆ ਬਈ ਇਹ ਕੌਣ ਐਂ? ਤਾਂ ਪੈਂਦੀ ਸੱਟੇ ਕਹਿੰਦਾ, ਅਖੇ ਮੈਨੂੰ ਤਾਂ ਪਤਾ ਨ੍ਹੀ! ਖੜ੍ਹਾ ਖੜੋਤਾ ਈ ਮੁੱਕਰ ਗਿਆ, ਛੋਕਰੀ ਯਾਹਵਾ! ਸਾਹਮਣੇ ਸਕੇ ਭਰਾ ਦੀ ਲਾਸ਼ ਪਈ ਐ-ਸਾਹਮਣੇ ਲਾਸ਼ ਪਈ ਦੇਖ ਕੇ ਈ ਮੁੱਕਰ ਗਿਆ-ਐਡਾ ਭੈਣ ਦਾ ਲੱਕੜ ਐ...।" ਫ਼ੌਜੀ ਨਾਲ ਦੀ ਨਾਲ ਗਿਲਾਸੀ ਵੀ ਚਾਹੜਦਾ ਸੀ

-"ਕਾਹਤੋਂ...?"

-"ਕਾਹਤੋਂ ਕੀ...? ਬਈ ਜੇ ਮੈਂ ਦੱਸ ਦਿੱਤਾ ਬਈ ਮੇਰਾ ਭਰਾ ਐ ਤਾਂ ਮੈਥੋਂ ਸਸਕਾਰ ਦਾ-ਜਾਂ ਲਾਸ਼ ਇੰਡੀਆ ਭੇਜਣ ਦਾ ਖਰਚਾ ਮੰਗਣਗੇ!"

-"ਹੈਅ ਤੇਰੀ ਮਾਂ ਦੀ...ਤੇਰੇ ਦੁਸ਼ਟ ਦੀ! ਫੇਰ...?"

-"ਫੇਰ ਭਾਈ ਪੁਲਸ ਨੇ ਆਪਣੇ ਪੰਜਾਬੀ ਭਾਈਬੰਦ 'ਕੱਠੇ ਕਰ ਕੇ ਉਸ ਮੁੰਡੇ ਦੀ ਲਾਸ਼ ਦੀ ਸ਼ਨਾਖ਼ਤ ਕਰਵਾਈ ਤੇ ਆਪਣੇ ਦੇਸੀ ਮੁੰਡਿਆਂ ਨੇ ਪੈਸੇ 'ਕੱਠੇ ਕਰਕੇ ਉਹਦਾ ਵਿਚਾਰੇ ਦਾ ਸਸਕਾਰ ਕੀਤਾ ਤੇ ਉਹਦੇ ਓਸੇ ਭਾਈ ਨੂੰ ਈ ਉਹਦੇ ਫ਼ੁੱਲ ਦੇ ਕੇ ਆਗਰੇ ਨੂੰ ਤੋਰਿਆ! ਹੋਰ ਫ਼ੁੱਲ ਲੈ ਕੇ ਜਾਂਦਾ ਵੀ ਕੌਣ...? ਭਰਾ ਦਾ ਈ ਫ਼ਰਜ਼ ਬਣਦਾ ਸੀ? ਉਹਨੂੰ, ਉਹਦੇ ਭਰਾ ਨੂੰ ਵੀ ਮੁੰਡਿਆਂ ਨੇ ਆਉਣ ਜਾਣ ਦੀ, ਜਹਾਜ਼ ਦੀ ਟਿਕਟ ਆਪਦੇ ਪੱਲਿਓਂ ਲੈ ਕੇ ਦਿੱਤੀ।"

-"ਵਾਹ ਜੀ ਵਾਹ...! ਆਪਣੇ ਪੰਜਾਬੀ ਹੈ ਤਾਂ ਬੜੇ ਦਲੇਰ ਤੇ ਦਿਲ ਦਰਿਆ, ਬਾਈ।"

-"ਤੂੰ ਅੱਗੇ ਤਾਂ ਸੁਣ! ਆਬਦਾ ਈ ਘੋੜ੍ਹਾ ਭਜਾ ਲੈਨੈਂ, ਵਿਚਦੀ?" ਫ਼ੌਜੀ ਨੂੰ ਵਿਸਕੀ ਦਾ ਸਰੂਰ ਆ ਗਿਆ ਸੀਉਸ ਨੇ ਹਰਦੇਵ ਨੂੰ ਟੋਕਣਾ ਸ਼ੁਰੂ ਕਰ ਦਿੱਤਾ

-"......।" ਹਰਦੇਵ ਚੁੱਪ ਹੋ ਗਿਆ

-"ਫ਼ੁੱਲ ਆਗਰੇ ਲੈ ਗਿਆ-ਉਥੇ ਜਾ ਕੇ ਉਹਦੇ ਘਰਆਲ਼ੀ ਤੋਂ ਖਰਚਾ ਮੰਗਣ ਲੱਗ ਪਿਆ-ਅਖੇ ਮੈਂ ਇਹਦਾ ਸਸਕਾਰ ਕੀਤਾ-ਫ਼ੁੱਲ ਲੈ ਕੇ ਆਇਐਂ-ਮੇਰਾ ਸਾਰਾ ਖਰਚਾ ਦਿਓ...।"

-"ਅੱਛਾ ਜੀ...! ਲੈ ਬੰਦਾ ਰੱਬ ਤੋਂ ਈ ਨ੍ਹੀ ਡਰਦਾ ਫੇਰ?"

-"ਹਾਂ...! ਤੇ ਹੋਰ...! ਉਹ ਵਿਚਾਰੀ ਗਰੀਬਣੀ ਖਰਚਾ ਕਿੱਥੋਂ ਦੇਵੇ? ਉਹਦੇ ਕੋਲ਼ੇ ਤਾਂ ਅੱਗੇ ਡੱਕਾ ਨ੍ਹੀ ਸੀ-ਉਹਨੇ ਭਾਈ ਕਹਿ ਕੂਹ ਕੇ ਵਕਤੀ ਤੌਰ 'ਤੇ ਖਹਿੜਾ ਤਾਂ ਲਿਆ, ਛੁਡਾ-ਤੇ ਉਹਦੇ ਘਰਆਲ਼ੇ ਦਾ ਕਿਸੇ ਪੰਜਾਬੀ ਮੁੰਡੇ ਨਾਲ ਚੰਗਾ ਆਉਣ ਜਾਣ ਸੀ-ਜਦੋਂ ਉਹ ਪੰਜਾਬੀ ਮੁੰਡਾ ਇੰਡੀਆ ਆਉਂਦਾ-ਉਹਨਾਂ ਨੂੰ ਆਗਰੇ ਮਿਲ਼ ਕੇ ਜਾਂਦਾ-ਤੇ ਜਦੋਂ ਇਹ ਵਿਚਾਰਾ ਮਰਨ ਆਲ਼ਾ ਮੁੰਡਾ ਇੰਡੀਆ ਆਉਂਦਾ-ਉਹ ਵੀ ਉਹਦੇ ਪ੍ਰੀਵਾਰ ਨੂੰ ਪੰਜਾਬ ਮਿਲ਼ ਕੇ ਜਾਂਦਾ!"

-"......।"

-"ਤੇ ਚੱਲ ਭਾਈ, ਉਹਦੇ ਘਰਆਲ਼ੀ ਆਬਦੇ ਘਰਆਲ਼ੇ ਨਾਲ ਪੰਜਾਬ ਉਹਨਾਂ ਦੇ ਘਰ ਆਉਂਦੀ ਜਾਂਦੀ ਰਹੀ ਸੀ-ਉਹ ਪੰਜਾਬ ਉਹਨਾਂ ਦੇ ਘਰੇ ਚਲੀ ਗਈ ਤੇ ਸਾਰੀ ਗੱਲ ਦੱਸੀ-ਉਸ ਮੁੰਡੇ ਦੇ ਘਰ ਆਲ਼ਿਆਂ ਨੇ ਆਪਣੇ ਮੁੰਡੇ ਨੂੰ ਐਥੇ ਜਰਮਨ ਫ਼ੋਨ ਮਾਰਿਆ-ਬਈ ਜਿਹੜਾ ਮੁੰਡਾ ਤੁਸੀਂ ਫ਼ੁੱਲ ਦੇ ਕੇ ਭੇਜਿਐ-ਉਹ ਆਉਣ ਜਾਣ ਤੇ ਸਸਕਾਰ ਦਾ ਸਾਰਾ ਖ਼ਰਚਾ ਮੰਗਦੈ-ਤੇ ਜਰਮਨ ਆਲ਼ਾ ਮੁੰਡਾ ਮੂਹਰਿਓਂ ਭੂਸਰ ਗਿਆ-!"

-"ਭੂਸਰਨਾ ਈ ਸੀ! ਗੱਲ ਈ ਭੂਸਰਨ ਆਲ਼ੀ ਸੀ, ਬਾਈ...!"

-"ਉਹ ਕਹਿੰਦਾ ਇਹਨੂੰ ਮਾਂ ਦੇ ਯਾਰ ਨੂੰ ਕਾਹਦਾ ਖਰਚਾ? ਉਹਨੂੰ ਛਿੱਤਰ ਲਵੋ ਲਾਹ, ਤੇ ਟੋਟਣ 'ਚ ਮਾਰੋ ਸੌ ਛਿੱਤਰ ਉਹਦੇ! ਉਹ ਕਹਿੰਦਾ ਬਈ ਇਹ ਤਾਂ ਭਰਾ ਦੀ ਲਾਅਸ਼ ਦੇਖ ਕੇ ਸਾਲ਼ਾ ਖਰਚੇ ਤੋਂ ਡਰਦਾ ਖੜ੍ਹਾ ਈ ਲਾਸ਼ ਪਛਾਨਣ ਤੋਂ ਵੀ ਮੁਕਰ ਗਿਆ ਸੀ-ਖਰਚਾ ਅਸੀਂ ਸਾਰਿਆਂ ਨੇ ਕਰਕੇ, ਇਹਨੂੰ ਭੈਣ ਚੋਦ ਨੂੰ ਟਿਕਟ ਵੀ ਕੋਲੋਂ ਖਰਚ ਕੇ, ਉਹਦੇ ਵਿਚਾਰੇ ਦੇ ਫੁੱਲ ਦੇ ਕੇ ਤੋਰਿਐ-ਤੇ ਐਥੇ ਇਹ ਖਰਚਾ ਕਾਹਦਾ ਮੰਗਦੈ? ਉਹ ਮੂਹਰਿਓਂ ਦੁਖੀ ਹੋ ਗਿਆ-ਚਲੋ ਜਦੋਂ ਉਹ ਫੁੱਲ ਤਾਰ ਕੇ ਵਾਪਸ ਮੁੜਿਆ ਤਾਂ ਐਥੇ ਆਪਣੇ ਦੇਸੀ ਬੰਦਿਆਂ ਨੇ ਕੁੱਟ ਕੇ ਧੂੰਆਂ ਕੱਢਤਾ-ਨਾਸਾਂ 'ਚੋਂ ਕੱਢਤਾ, ਲਹੂ! ਫੇਰ ਗੁਰਦੁਆਰੇ ਜਾ ਕੇ ਮੁਆਫ਼ੀ ਮੰਗਵਾਈ ਤਾਂ ਆਪਣੇ ਪੰਜਾਬੀ ਮੁੰਡਿਆਂ ਨੇ ਜਾ ਕੇ ਉਹ ਛੱਡਿਆ-ਓਸ ਤੋਂ ਬਾਅਦ ਪਤਾ ਨ੍ਹੀ ਕਿੱਧਰ ਦਫ਼ਾ ਹੋ ਗਿਆ? ਮੁੜ ਕੇ ਨ੍ਹੀ ਦੇਖਿਆ! ਐਥੇ ਤਾਂ ਛੋਟੇ ਭਾਈ ਦੁਨੀਆਂ ਐਹੋ ਜੀ ਭੈਣ ਦੇਣੀਂ ਐਂ...!" ਫ਼ੌਜੀ ਨੇ ਪੈੱਗ ਸੂਤ ਧਰਿਆ

ਹਰਦੇਵ ਦੁਖੀ ਜਿਹਾ ਹੋਇਆ ਸੁਣੀਂ ਜਾ ਰਿਹਾ ਸੀ

ਦੇਰ ਰਾਤ ਗਈ ਤੋਂ ਉਹ "ਪੈਸਟਾ" ਖਾ ਕੇ ਸੌਂ ਗਏ

----

ਅਗਲੇ ਦਿਨ ਲੋਪੋ ਵਾਲ਼ੇ ਫ਼ੌਜੀ ਨੇ ਹਰਦੇਵ ਦੀ ਆਪਣੇ ਵਕੀਲ ਰਾਹੀਂ ਰਾਜਸੀ-ਸ਼ਰਨ ਦੀ ਅਰਜ਼ੀ ਭਿਜਵਾ ਦਿੱਤੀਬੰਬੇ ਪੀਜ਼ਾ ਵਾਲਿਆਂ ਕੋਲ਼ ਉਸ ਨੂੰ ਕੰਮ 'ਤੇ ਰਖਵਾ ਦਿੱਤਾਖਾਣ ਪੀਣ ਪੀਜ਼ੇ ਵਾਲਿ਼ਆਂ ਵੱਲੋਂਕਮਰਾ ਮੁਫ਼ਤ ਅਤੇ ਚਾਰ ਸੌ ਮਾਰਕ ਮਹੀਨੇ ਦੀ ਤਨਖ਼ਾਹ! ਹਰਦੇਵ ਨੂੰ ਕੁਝ ਸੁਖ ਦਾ ਸਾਹ ਆਇਆਉਹ ਰਣਜੀਤ ਸਿੰਘ, ਚੱਕ ਤਾਰੇਵਾਲ ਦਾ ਦੇਣ ਨਹੀਂ ਦੇ ਸਕਦਾ ਸੀਜਿਸ ਨੇ ਉਸ ਡੁਬਦੇ ਨੂੰ ਤਿਣਕਾ ਬਣ ਕੇ ਨਹੀਂ, ਇਕ ਤਰ੍ਹਾਂ ਨਾਲ ਬੇੜੀ ਦਾ ਮਲਾਹ ਬਣ, ਸਹਾਰਾ ਦਿੱਤਾ ਸੀ

ਹਰਦੇਵ ਸਵੇਰੇ ਗਿਆਰਾਂ ਵਜੇ ਕੰਮ 'ਤੇ ਜਾਂਦਾ ਅਤੇ ਦੋ ਵਜੇ ਤੋਂ ਪੰਜ ਵਜੇ ਤੱਕ ਵਿਹਲਾ ਹੁੰਦਾਸ਼ਾਮ ਛੇ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਫਿਰ ਕੰਮ! ਪੂਰੇ ਅੱਠ ਘੰਟੇ ਕੰਮ! ਬੰਬੇ ਪੀਜ਼ਾ ਵਾਲੇ ਬੰਦੇ ਮਾੜੇ ਨਹੀਂ ਸਨਲੋੜਵੰਦ ਦੀ ਮੱਦਦ ਕਰਨ ਵਾਲੇ ਪੰਜਾਬੀ ਬੰਦੇ ਸਨਆਮ ਮਾਲਕਾਂ ਵਾਂਗ ਕਾਮੇਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੰਨਣ ਵਾਲੇ ਨਹੀਂ ਸਨਕੰਮ ਹਰਦੇਵ ਨੂੰ ਸਾਰਾ ਹੀ ਕਰਨਾ ਪੈਂਦਾਸਫ਼ਾਈ ਤੋਂ ਲੈ ਕੇ ਭਾਂਡੇ ਧੋਣ ਤੱਕ! ਹੌਲ਼ੀ ਹੌਲ਼ੀ ਬੰਬੇ ਪੀਜ਼ੇ ਦੇ ਮਾਲਕ ਨੇ ਹਰਦੇਵ ਨੂੰ ਪੀਜ਼ਾ ਬਣਾਉਣ ਦੇ ਗੁਰ ਵੀ ਸਿਖਾਉਣੇ ਸ਼ੁਰੂ ਕਰ ਦਿੱਤੇਵੱਖੋ ਵੱਖ ਪੀਜ਼ਾ ਬਣਾਉਣ ਦੇ ਵੱਖਰੇ ਹੀ ਢੰਗ! ਉਹਨਾਂ ਵਿਚ ਰਹਿ ਕੇ ਹਰਦੇਵ ਦਾ ਬਾਹਵਾ ਦਿਲ ਲੱਗ ਗਿਆ ਸੀਵੱਡੀ ਗੱਲ ਤਾਂ ਇਹ ਸੀ ਕਿ ਉਸ ਨੂੰ ਰਹਿਣ ਨੂੰ ਕਮਰਾ, ਖਾਣ ਪੀਣ ਮੁਫ਼ਤ ਅਤੇ ਕੰਮ ਮਿਲ ਗਿਆ ਸੀਉਹ ਸਾਢੇ ਦਸ ਵਜੇ ਹੀ ਕੰਮ 'ਤੇ ਆ ਜਾਂਦਾਮਾਲਕ ਵੀ ਹਰਦੇਵ ਤੋਂ ਖ਼ੁਸ਼ ਸਨ

----

ਹਫ਼ਤੇ ਕੁ ਬਾਅਦ ਸ਼ਰਨਾਰਥੀ ਦਫ਼ਤਰ ਵੱਲੋਂ ਹਰਦੇਵ ਨੂੰ ਇੰਟਰਵਿਊ ਦੀ ਚਿੱਠੀ ਆ ਗਈ

ਉਸ ਨੇ ਲੋਪੋ ਵਾਲੇ ਫ਼ੌਜੀ ਨੂੰ ਫ਼ੋਨ ਕੀਤਾ

ਫ਼ੌਜੀ ਨੇ ਆਪਣੇ ਵਕੀਲ ਨਾਲ ਗੱਲ ਕੀਤੀ ਅਤੇ ਸਮਾਂ ਲੈ ਲਿਆ

ਵਕੀਲ ਨੇ ਹਰਦੇਵ ਨੂੰ ਇੰਟਰਵਿਊ ਦੇ ਕਈ ਨੁਕਤੇ ਅਤੇ ਅਫ਼ਸਰ ਵੱਲੋਂ ਕੀਤੇ ਜਾਣ ਵਾਲੇ ਸੁਆਲਾਂ ਦੇ ਉਤਰ ਦੱਸੇ

ਦੁਭਾਸ਼ੀਏ ਦੇ ਜ਼ਰੀਏ ਹਰਦੇਵ ਦੀ ਇੰਟਰਵਿਊ ਹੋ ਗਈਇੰਟਰਵਿਊ ਸਮੇਂ ਹਰਦੇਵ ਸਬੰਧਿਤ ਅਫ਼ਸਰ ਨੂੰ ਕੋਈ ਬਹੁਤਾ ਸੰਤੁਸ਼ਟ ਨਾ ਕਰ ਸਕਿਆਪਰ ਫਿਰ ਵੀ ਅਫ਼ਸਰ ਨੇ ਹਰਦੇਵ 'ਤੇ ਨਿੱਜੀ ਤੌਰ 'ਤੇ ਵਿਸ਼ਵਾਸ਼ ਕਰ ਕੇ ਇੰਟਰਵਿਊ ਦੀ ਕਾਪੀ ਉਪਰਲੇ ਅਫ਼ਸਰ ਨੂੰ ਫ਼ੈਸਲੇ ਲਈ ਭੇਜ ਦਿੱਤੀ

ਉਹ ਫਿਰ ਕੰਮ 'ਤੇ ਆ ਲੱਗਿਆਦੋਭਾਸ਼ੀਏ ਤੋਂ ਉਸ ਨੂੰ ਪਤਾ ਜ਼ਰੂਰ ਲੱਗ ਗਿਆ ਸੀ ਕਿ ਉਸ ਦੀ ਇੰਟਰਵਿਊ ਨਾਲ ਅਫ਼ਸਰ ਦੀ ਤਸੱਲੀ ਨਹੀਂ ਹੋਈ ਸੀਹੋ ਸਕਦੈ ਕਿ ਉਸ ਦਾ ਕੇਸ ਫ਼ੇਲ੍ਹ ਹੋ ਜਾਵੇ? ਹਰਦੇਵ ਰਾਤ ਨੂੰ ਫ਼ੌਜੀ ਕੋਲ ਚਲਾ ਗਿਆਉਸ ਨੇ ਫ਼ੌਜੀ ਨੂੰ ਸਾਰੀ ਗੱਲ ਦੱਸੀ

-"ਕੋਈ ਚਿੰਤਾ ਨਾ ਕਰ! ਪਹਿਲੀ ਸੱਟੇ ਇਹ ਕਿਸੇ ਨੂੰ ਸਟੇਅ ਨਹੀਂ ਦਿੰਦੇ-ਇਕ ਵਾਰੀ ਤਾਂ ਨਾਂਹ ਕਰਦੇ ਈ ਕਰਦੇ ਐ-।" ਫ਼ੌਜੀ ਨੇ ਬੜੇ ਅਰਾਮ ਨਾਲ ਕਿਹਾ ਸੀਚਿਹਰੇ 'ਤੇ ਕੋਈ ਫਿ਼ਕਰ ਦੀ ਝਲਕ ਨਹੀਂ ਸੀ

-"ਜੇ ਨਾਂਹ ਹੋ ਗਈ ਬਾਈ ਤੇ ਫੇਰ...?" ਹਰਦੇਵ ਦੀ ਕੌਡੀ ਧੜਕੀ ਜਾ ਰਹੀ ਸੀਵਿਸਕੀ ਦੇ ਪੈੱਗ ਨੇ ਵੀ ਉਸ ਨੂੰ ਕੋਈ ਤਰਾਰਾ ਨਹੀਂ ਦਿਖਾਇਆ ਸੀ

-"ਫੇਰ ਕੀ ਉਤੇ ਕੰਧ ਆ ਡਿੱਗੂ? ਫੇਰ ਆਪਾਂ ਵਕੀਲ ਰਾਹੀਂ ਅਪੀਲ ਕਰ ਦਿਆਂਗੇ।"

-"......।" ਹਰਦੇਵ ਚੁੱਪ ਚਾਪ ਸੁਣ ਰਿਹਾ ਸੀ

-"ਇੱਥੇ ਸਾਰਿਆਂ ਨਾਲ ਈ ਇਉਂ ਹੁੰਦੀ ਐ ਛੋਟੇ ਭਾਈ! ਤੂੰ ਚਿੰਤਾ ਕਾਹਦੀ ਕਰਦੈਂ?"

-"......।"

-"ਇਕ ਵਾਰੀ ਅਪੀਲ ਕੀਤੀ-ਸਾਲ ਸਾਲ ਤਾਂ ਅਪੀਲ ਈ ਨ੍ਹੀ ਨਿਕਲ਼ਦੀ-ਤੂੰ ਬੇਫਿ਼ਕਰ ਹੋ ਕੇ ਕੰਮ ਕਾਰ ਕਰ! ਜਦੋਂ ਕੋਈ ਉਤਰ ਪਤਾ ਆਇਆ-ਫੇਰ ਦੇਖਾਂਗੇ-।"

-"ਉਹ ਦੁਭਾਸ਼ੀਆ ਤਾਂ ਕਹਿੰਦਾ ਸੀ ਬਈ ਤੇਰਾ ਕੇਸ ਫ਼ੇਲ੍ਹ ਐ?"

-"ਦੁਭਾਸ਼ੀਆ ਹੈ ਕੌਣ ਸੀ?"

-"ਨਿੱਕੇ ਜੇ ਕੱਦ ਦਾ ਇਕ ਬੁੱਲ੍ਹੜ ਜਿਆ ਸੀ-ਹਿੰਦੀ ਬੋਲਦਾ ਸੀ।"

-"ਭੈੜ੍ਹੀਆਂ ਜੀਆਂ ਅੱਖਾਂ ਆਲ਼ਾ...?"

-"ਆਹੋ...!"

-"ਉਹ ਦਿੱਲੀ ਦਾ ਭਾਪੈ! ਬੜਾ ਭੈਣ ਚੋਦ ਐ! ਸਾਰਿਆਂ ਨੂੰ ਈ ਇਉਂ ਆਖਦੈ-ਉਹਦੀ ਗੱਲ ਬਾਹਲ਼ੀ ਦਿਲ 'ਤੇ ਲਾਉਣ ਦੀ ਲੋੜ ਨ੍ਹੀ, ਛੋਟੇ ਭਾਈ! ਤੂੰ ਚਿੰਤਾ ਕਾਹਦੀ ਕਰਦੈਂ? ਆਹ ਦੇਖਗਾਂ ਤੇਰਾ ਬਾਈ ਫ਼ੌਜੀ ਬੈਠਾ!" ਫ਼ੌਜੀ ਹਰਦੇਵ ਅੱਗੇ ਸੱਬਲ਼ ਵਾਂਗ ਗੱਡਿਆ ਬੈਠਾ ਸੀ

-"ਤੇਰਾ ਗੁਣ ਬਾਈ ਫ਼ੌਜੀਆ ਪਤਾ ਨ੍ਹੀ ਕਿਹੜੇ ਜੁੱਗ ਦਿਊਂ?" ਹਰਦੇਵ ਭਾਵੁਕ ਹੋ ਗਿਆ

-"ਉਏ ਇਹ ਗੱਲਾਂ ਨ੍ਹੀ ਸੋਚੀਦੀਆਂ-ਬੰਦਾ ਬੰਦੇ ਦੀ ਦਾਰੂ ਐ!"

-"ਬਾਈ ਉਹ ਵੀ ਬੰਦਾ ਈ ਸੀ-ਜਿਹੜਾ ਮੈਨੂੰ ਬਾਨਹੋਫ਼ 'ਤੇ ਪੈਂਦੀਆਂ ਬਰਫ਼ਾਂ 'ਚ ਲਾਹ ਕੇ ਭੱਜ ਗਿਆ ਸੀ-ਉਹ ਤਾਂ ਭਲਾ ਹੋਵੇ ਬਾਈ ਰਣਜੀਤ ਦਾ-ਜੀਹਨੇ ਮੇਰੀ ਬਾਂਹ ਤੈਨੂੰ ਫੜਾਤੀ-ਮੇਰੇ ਨਾਲ ਚਾਹੇ ਕੁਛ ਬੀਤੇ-ਪਰ ਮੈਂ ਬਾਈ ਰਣਜੀਤ ਦਾ ਤੇ ਤੇਰਾ ਗੁਣ ਸਾਰੀ ਉਮਰ ਨ੍ਹੀ ਦੇ ਸਕਦਾ।"

-"ਉਏ ਤੂੰ ਕਿਉਂ ਬੱਕੜਵਾਹ ਕਰਨ ਲੱਗ ਪਿਆ...? ਚੱਲ ਚੱਕ ਪੈੱਗ ਖਿੱਚ...!"

ਉਹਨਾਂ ਨੇ ਪੈੱਗ ਧੁਰ ਲਾ ਦਿੱਤੇ

-"ਕੱਲ੍ਹ ਨੂੰ ਆਪਾਂ ਗੁਰਦੁਆਰੇ ਚੱਲਾਂਗੇ-ਅਰਦਾਸ ਕਰੀਂ! ਸਾਰਾ ਕੁਛ ਠੀਕ ਹੋਜੂਗਾ-ਰੱਬ 'ਤੇ ਡੋਰੀਆਂ ਰੱਖੀਏ-ਘਬਰਾਈਏ ਨਾ-ਜਿਹੜਾ ਕੁਛ ਗੁਰੂ ਕਰਦੈ-ਚੰਗਾ ਈ ਕਰਦੈ-ਆਪਾਂ ਤਾਂ ਐਵੇਂ ਚੰਘਿਆੜਾਂ ਮਾਰਨ ਲੱਗ ਜਾਨੇ ਐਂ!"

ਗੱਲਾਂ ਕਰਦੇ ਉਹ ਫਿਰ ਸੌਂ ਗਏ

************************************************

ਪੰਜਵਾਂ ਕਾਂਡ ਸਮਾਪਤ ਅਗਲੇ ਕਾਂਡ ਦੀ ਉਡੀਕ ਕਰੋ


Friday, February 20, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ 4

ਹਰਦੇਵ ਦਾ ਪ੍ਰੀਵਾਰ ਇਕ ਮੱਧ ਵਰਗੀ ਪਰਿਵਾਰ ਸੀ! ਉਹ ਤਿੰਨ ਭਰਾ ਸਨ ਅਤੇ ਤਿੰਨ ਹੀ ਭੈਣਾਂ! ਹਰਦੇਵ ਸਭ ਤੋਂ ਵੱਡਾ ਅਤੇ ਸਿਆਣਾ ਸੀਸਾਢੇ ਸੱਤ ਏਕੜ ਨਾਲ ਵੱਡੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ? ਬਾਪੂ ਪੁਲੀਸ ਵਿਚੋਂ ਮੁਣਸ਼ੀ ਪੈਨਸ਼ਨ ਆਇਆ ਸੀਇਕੱਲੀ ਪੈਨਸ਼ਨ ਨਾਲ ਟੱਬਰ ਦਾ ਗੁਜ਼ਾਰਾ ਨਹੀਂ ਸੀ! ਉਸ ਨੇ ਹਰਦੇਵ ਨੂੰ 'ਬਾਹਰ' ਤੋਰਨ ਦਾ ਫ਼ੈਸਲਾ ਕਰ ਲਿਆਬਾਕੀ ਬੱਚੇ ਅਜੇ ਛੋਟੇ ਤਾਂ ਨਹੀਂ, ਪਰ ਨਾਸਮਝ ਜ਼ਰੂਰ ਸਨਉਸ ਨੇ ਹਰਦੇਵ ਨੂੰ ਵਿਦੇਸ਼ ਭੇਜਣ ਵਾਸਤੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇਭਲੇ ਵੇਲਿਆਂ ਵਿਚ ਉਸ ਨੇ ਬੰਨ੍ਹ-ਸੁੱਬ ਕਰ ਕੇ ਹਰਦੇਵ ਨੂੰ ਗਰੀਸ ਨੂੰ ਚਾਹੜ ਦਿੱਤਾਤਕਰੀਬਨ ਅੱਠ ਨੌਂ ਮਹੀਨੇ ਹਰਦੇਵ ਗਰੀਸ ਦੇ ਖੇਤਾਂ ਵਿਚ ਸਬਜ਼ੀਆਂ ਕੱਟਦਾ ਰਿਹਾਸਾਰੀ ਸਾਰੀ ਦਿਹਾੜੀ ਕੋਡਾ ਹੋ ਕੇ ਸਬਜ਼ੀਆਂ ਕੱਟਣੀਆਂ ਅਤੇ ਫਿਰ ਬਕਸਿਆਂ ਵਿਚ ਬੰਦ ਕਰ ਕੇ ਟਰੱਕਾਂ ਵਿਚ ਲੱਦਣੀਆਂ, ਕਾਫ਼ੀ ਔਖਾ ਕੰਮ ਸੀਆਥਣ ਤੱਕ ਹਰਦੇਵ ਨਮੂਨੀਆਂ ਹੋਏ ਮਰੀਜ਼ ਵਾਂਗ ਆਕੜ ਜਾਂਦਾਦੋ ਚਾਰ ਪੈੱਗ ਲਾ ਕੇ ਉਹ ਰੋਟੀ ਖਾ ਕੇ ਸੌਂ ਜਾਂਦਾ ਅਤੇ ਸਵੇਰੇ ਉਠ ਕੇ ਫਿਰ ਉਹ ਹੀ ਗਧੀਗੇੜ!

----

ਉਸ ਅਕਾਖਾਨੇ ਵਾਲੇ ਕੰਮ ਤੋਂ ਅੱਕ ਕੇ ਹਰਦੇਵ ਇਕ ਏਜੰਟ ਦੇ ਆਖੇ ਲੱਗ ਕੇ, ਉਸ ਨੂੰ ਪੰਜ ਸੌ ਮਾਰਕ ਦੇ ਕੇ ਆਸਟਰੀਆ ਆ ਗਿਆਆਸਟਰੀਆ ਆ ਕੇ ਵੀ ਉਸ ਨੂੰ ਕੋਈ ਚੱਜ ਦਾ ਕੰਮ ਨਾ ਮਿਲਿਆਉਥੇ ਵੀ ਅਖ਼ਬਾਰਾਂ ਵੇਚਣ ਦਾ ਕੰਮ ਮਿਲਿਆ ਹੀ ਮਿਲਿਆਜਿਹੜੀਆਂ ਉਸ ਨੂੰ ਸੜਕ ਕੰਢੇ, ਟਰੈਫਿ਼ਕ ਲਾਈਟ 'ਤੇ ਖੜ ਕੇ ਵੇਚਣੀਆਂ ਪੈਂਦੀਆਂਗਰਮੀਆਂ ਵਿਚ ਤਾਂ ਸਰ ਜਾਂਦਾ ਸੀਪਰ ਆਸਟਰੀਆ ਵਿਚ ਸਰਦੀਆਂ ਦਾ ਮੌਸਮ ਇਕ ਕਹਿਰ ਸੀ ਕਹਿਰ! ਗੋਡੇ ਗੋਡੇ ਬਰਫ਼ ਵਿਚ ਖੜ੍ਹ ਕੇ ਅਖ਼ਬਾਰਾਂ ਵੇਚਣੀਆਂ ਕਿਸੇ ਮਾੜੇ ਧੀੜੇ ਬੰਦੇ ਦਾ ਕੰਮ ਨਹੀਂ ਸੀਅਥਾਹ ਪੈਂਦੀ ਬਰਫ਼ ਵਿਚ ਹੱਥ ਲੱਕੜ ਵਾਂਗ ਆਕੜ ਜਾਂਦੇ ਅਤੇ ਮੂੰਹ 'ਚੋਂ ਗੱਲ ਨਾ ਨਿਕਲਦੀਸਾਹ ਉਪਰ ਖਿੱਚਣ 'ਤੇ ਤਾਪਮਾਨ ਮਾਈਨਸ ਬੱਤੀ ਡਿਗਰੀ ਹੋਣ ਕਾਰਨ ਨੱਕ ਦਾ ਸੀਂਢ ਨੱਕ ਵਿਚ ਹੀ ਜੰਮ ਜਾਂਦਾ

----

ਇਕ ਦਿਨ ਉਸ ਨੂੰ ਗੁਰਦੁਆਰੇ ਇਕ ਹੋਰ ਏਜੰਟ ਮਿਲਿਆਉਸ ਨੇ ਹਰਦੇਵ ਨੂੰ ਜਰਮਨ ਪਹੁੰਚਾਉਣ ਦੀ ਮਿੱਠੀ ਉਂਗਲ ਚਟਾਈ ਅਤੇ ਬੜੇ ਸਬਜ਼ਬਾਗ ਦਿਖਾਏਖਰਚਾ ਉਸ ਨੇ ਵੀ ਪੰਜ ਸੌ ਜਰਮਨ ਮਾਰਕ ਦੱਸਿਆਅੰਨ੍ਹੀ ਬਰਫ਼ ਅਤੇ ਕੜਾਕੇ ਦੀ ਠੰਢ ਦਾ ਸਤਾਇਆ ਹਰਦੇਵ ਜਰਮਨ ਜਾਣ ਲਈ ਤਿਆਰ ਹੋ ਗਿਆਤਿੰਨ ਕੁ ਹਫ਼ਤੇ ਵਿਚ ਜਰਮਨ ਦੇ ਉਸ ਏਜੰਟ ਨੇ ਆਪਣੀ ਕਾਰ ਦੀ ਡਿੱਘੀ ਵਿਚ ਪਾ ਕੇ ਹਰਦੇਵ ਨੂੰ ਜਰਮਨ ਦੇ ਮਿਊਨਿਖ ਸ਼ਹਿਰ ਲਿਆ ਉਤਾਰਿਆ

-"ਐਦੂੰ ਗਾਂਹਾਂ ਬਾਈ ਜੀ ਮੇਰਾ ਕੀ ਬਣੂੰ?" ਹਰਦੇਵ ਅਣਜਾਣ ਮੁਲਖ਼ ਅਤੇ ਬਿਗਾਨੇ ਸ਼ਹਿਰ ਵਿਚ ਖੜ੍ਹਾ, ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀਉਸ ਨੇ ਅਗਲੇ ਪੜਾਅ ਬਾਰੇ ਏਜੰਟ ਨੂੰ ਪੁੱਛਿਆ

-"ਹਰਦੇਵ ਸਿਆਂ! ਪੰਜ ਸੌ ਮਾਰਕ ਮੈਂ ਤੈਨੂੰ ਐਥੋਂ ਤੱਕ ਪਹੁੰਚਾਉਣ ਦੇ ਲਏ ਐ-ਪੱਕਾ ਕਰਵਾਉਣ ਦਾ ਜਾਂ ਕੰਮ ਦਿਵਾਉਣ ਦਾ ਮੇਰਾ ਕੋਈ ਦਾਅਵਾ ਨਹੀਂ ਸੀ!" ਉਸ ਨੇ ਬੜੇ ਸ਼ਾਂਤਮਈ ਢੰਗ ਨਾਲ ਆਖਿਆ

-"ਹੁਣ ਮੇਰਾ ਕੋਈ ਹੱਲ?" ਹਰਦੇਵ ਰੋਣਹਾਕਾ ਹੋਇਆ ਖੜ੍ਹਾ ਸੀ

-"ਇਹਦੇ ਬਾਰੇ ਹੁਣ ਤੂੰ ਆਪ ਸੋਚ! ਆਪਣਾ ਕੰਮ ਸੀ ਤੈਨੂੰ ਜਰਮਨ ਵਾੜਨਾ!" ਉਸ ਨੇ ਸਿੱਧਾ ਹੀ ਝੱਗਾ ਚੁੱਕ ਦਿੱਤਾ

-"ਔਹ ਸਾਹਮਣੇ ਬਾਨਹੋਫ਼ ਐ...!" ਏਜੰਟ ਨੇ ਇਸ਼ਾਰਾ ਕਰ ਕੇ ਦੱਸਿਆ

-"ਉਹ ਕੀ ਹੁੰਦੈ ਬਾਈ...?" ਹਰਦੇਵ ਦੇ ਕੁਝ ਪੱਲੇ ਨਹੀਂ ਪਿਆ ਸੀ

-"ਬਾਨਹੋਫ਼ ਜਰਮਨ ਭਾਸ਼ਾ 'ਚ ਰੇਲਵੇ ਸਟੇਸ਼ਨ ਨੂੰ ਕਹਿੰਦੇ ਐ।"

-"ਅੱਛਾ...।"

-"ਉਥੇ ਜਾ ਕੇ ਅੰਦਰ ਬੈਠ ਜਾਹ-ਐਥੇ ਤੈਨੂੰ ਕੋਈ ਨਾ ਕੋਈ ਆਪਣਾ ਦੇਸੀ ਬੰਦਾ ਮਿਲ ਜਾਊਗਾ-ਉਹਦੇ ਨਾਲ ਕੋਈ ਕੰਮ ਕਾਰ ਬਾਰੇ ਗੱਲ ਕਰ ਲਵੀਂ!" ਤੇ ਉਸ ਨੇ ਕਾਰ ਤੋਰ ਲਈਏਜੰਟ ਉਸ ਨੂੰ ਸ਼ਰੇਆਮ ਖੜ੍ਹਾ ਹੀ ਛੱਡ ਗਿਆਬੇਰਹਿਮ ਬੰਦੇ ਨੂੰ ਕਿਸੇ 'ਤੇ ਕਾਹਦਾ ਰਹਿਮ? ਉਸ ਨੂੰ ਤਾਂ ਸਿਰਫ਼ ਆਪਣੇ ਪੈਸਿਆਂ ਨਾਲ ਸੀਪੰਜ ਸੌ ਮਾਰਕ ਖ਼ਰਾ ਕੀਤਾ, ਚੱਲ ਮੇਰੇ ਭਾਈ! ਅਗਲਾ ਬੰਦਾ ਮਰੇ, ਖਪੇ! ਇਸ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ

----

ਹਰਦੇਵ ਦਾ ਰੋਣ ਨਿਕਲ ਗਿਆਉਸ ਨੂੰ ਕੁਝ ਨਹੀਂ ਸੁੱਝ ਰਿਹਾ ਸੀਬਿਗਾਨਾ ਮੁਲਖ, ਕਿਸੇ ਨਾਲ ਕੋਈ ਜਾਣ ਨਹੀਂ, ਪਹਿਚਾਣ ਨਹੀਂ! ਜਾਵੇ ਤਾਂ ਕਿੱਧਰ ਜਾਵੇ? ਜਰਮਨ ਭਾਸ਼ਾ ਉਸ ਨੂੰ ਆਉਂਦੀ ਨਹੀਂ ਸੀਜਦੋਂ ਕੋਈ ਰਸਤਾ ਨਾ ਰਹਿ ਜਾਵੇ, ਉਦੋਂ ਆਦਮੀ ਰੱਬ ਦੇ ਦਰਾਂ ਵਿਚ ਜਾ ਡਿੱਗਦੈਸੜਕ ਦੇ ਇਕ ਪਾਸੇ ਖੜ੍ਹ ਕੇ ਉਸ ਨੇ 'ਵਾਹਿਗੁਰੂ-ਵਾਹਿਗੁਰੂ' ਜਪਣਾ ਸ਼ੁਰੂ ਕਰ ਦਿੱਤਾਮਨ ਹੀ ਮਨ ਵਿਚ ਉਹ ਅਕਾਲ ਪੁਰਖ਼ ਤੋਂ ਓਟ-ਆਸਰਾ ਮੰਗ ਰਿਹਾ ਸੀਦਿਲ ਵਿਚ ਅਕਾਲ ਪੁਰਖ ਨੂੰ ਯਾਦ ਕਰਦਾ ਉਹ ਏਜੰਟ ਦੇ ਦੱਸੇ 'ਬਾਨਹੋਫ਼' ਵੱਲ ਤੁਰ ਪਿਆਰੇਲਵੇ ਸਟੇਸ਼ਨ 'ਤੇ ਕਾਫ਼ੀ ਭੀੜ ਸੀਪੈਦਲ ਪੁਲੀਸ ਗਸ਼ਤ ਕਰ ਰਹੀ ਸੀਪੁਲੀਸ ਨੂੰ ਦੇਖ ਕੇ ਹਰਦੇਵ ਦਾ ਤਰਾਹ ਨਿਕਲ ਗਿਆਪਰ ਉਹ ਦਿਲ ਤਕੜਾ ਕਰ ਕੇ ਟਾਈਮ ਟੇਬਲ ਵਾਲੇ ਬੋਰਡ ਕੋਲ ਜਾ ਖੜ੍ਹਾ ਹੋਇਆ ਅਤੇ ਰੇਲ ਗੱਡੀਆਂ ਦੇ ਆਉਣ ਜਾਣ ਦਾ ਸਮਾਂ ਦੇਖਣ ਲੱਗ ਪਿਆਸਾਰੇ ਸ਼ਹਿਰ ਉਸ ਦੇ ਦਿਮਾਗ ਤੋਂ ਬਾਹਰ ਸਨਕਿਸੇ ਵੀ ਸ਼ਹਿਰ ਦਾ ਨਾਂ ਉਸ ਨੇ ਕਦੇ ਸੁਣਿਆਂ ਵੀ ਨਹੀਂ ਸੀ, ਦੇਖਣਾ ਤਾਂ ਕੀ ਸੀ?

----

ਇਤਨੇ ਨੂੰ ਉਸ ਨੂੰ ਇਕ ਦੇਸੀ ਭਾਈਬੰਦ ਦਿਸਿਆਉਹ ਉਸ ਭਾਈ ਬੰਦ ਕੋਲ਼ ਜਾ ਕੇ ਖੜ੍ਹਾ ਹੋ ਗਿਆ

-"ਬਾਈ ਜੀ ਤੁਸੀਂ ਇੰਡੀਅਨ ਹੋ?" ਹਰਦੇਵ ਨੇ ਉਸ ਤੋਂ ਪੁੱਛਿਆ

-"ਹਾਂ! ਦੱਸੋ?" ਉਹ ਅਤੀਅੰਤ ਰੁੱਖਾ ਬੋਲਿਆ

-"ਮੈਂ ਬਾਈ ਜੀ ਆਸਟਰੀਆ ਤੋਂ ਆਇਐਂ-ਤੁਸੀਂ ਮੇਰੀ ਕੋਈ ਮੱਦਦ-?"

-"ਮੈਂ ਤਾਂ ਭਰਾਵਾ ਆਪ ਤੇਰੇ ਅਰਗੈਂ!" ਤੇ ਉਹ ਆਪਣਾ ਬੈਗ ਚੁੱਕ ਕੇ ਤੁਰਦਾ ਬਣਿਆਂਉਸ ਨੇ ਹਰਦੇਵ ਨੂੰ ਇਕ ਤਰ੍ਹਾਂ ਨਾਲ ਤੋੜ ਕੇ ਹੀ ਤਾਂ ਸੁੱਟਿਆ ਸੀ

ਹਰਦੇਵ ਦਾ ਮਨ ਫਿਰ ਭਰ ਆਇਆ

ਪਰ ਉਸ ਨੇ ਰੱਬ ਦਾ ਆਸਰਾ ਫਿਰ ਵੀ ਮਨ ਵਿਚ ਬਣਾਈ ਰੱਖਿਆ ਅਤੇ ਪਾਠ ਨਿਰੰਤਰ ਕਰਦਾ ਰਿਹਾ

ਦਿਨ ਛੁਪ ਚੱਲਿਆ ਸੀਹਨ੍ਹੇਰਾ ਅਸਮਾਨੋਂ ਦੁੜੰਗੇ ਮਾਰਦਾ ਆ ਰਿਹਾ ਸੀਠੰਢ ਕੋਕੜਾਂ ਕਰਨ ਲੱਗ ਪਈ ਸੀਰੇਲਵੇ ਸਟੇਸ਼ਨ ਦੇ ਹਾਲ ਵਿਚ ਖੜ੍ਹੇ ਹਰਦੇਵ ਦਾ ਦੰਦ ਕੜਿੱਕਾ ਵੱਜਣ ਲੱਗ ਪਿਆ ਸੀਕੱਪੜੇ ਉਸ ਦੇ ਕੋਈ ਬਹੁਤੇ ਗਰਮ ਨਹੀਂ ਪਾਏ ਹੋਏ ਸਨ

----

ਸਟੇਸ਼ਨ 'ਤੇ ਰੌਣਕ ਘਟਣੀ ਸ਼ੁਰੂ ਹੋ ਗਈਲੋਕ ਆਪੋ ਆਪਣੇ ਘਰਾਂ ਨੂੰ ਜਾਂ ਟਿਕਾਣਿਆਂ ਨੂੰ ਚਲੇ ਗਏ ਸਨਹੁਣ ਤਾਂ ਕੁਝ ਰਾਤ ਵਾਲੀਆਂ ਟਰੇਨਾਂ ਹੀ ਆਉਣੀਆਂ ਬਾਕੀ ਸਨਹਰਦੇਵ ਦੇ ਮਨ ਅੰਦਰ ਇਕ ਹੋਰ ਡਰ ਬੈਠਿਆ ਹੋਇਆ ਸੀ ਕਿ ਜੇ ਅੱਜ ਕੋਈ ਦੇਸੀ ਭਾਈਬੰਦ ਨਾ ਮਿਲਿਆ ਤਾਂ ਰਾਤਰੀ ਪੁਲਸ ਗਸ਼ਤੀਆਂ ਨੇ ਉਸ ਕੋਲੋਂ ਕਾਗਜ਼ ਪੱਤਰ ਮੰਗ ਲੈਣੇ ਸਨਕਾਗਜ਼ ਪੱਤਰ ਨਾ ਹੋਣ ਕਾਰਨ ਉਹਨਾਂ ਨੇ ਉਸ ਨੂੰ ਹਵਾਲਾਤ ਵਿਚ ਤਾੜ ਦੇਣਾ ਸੀਹੋ ਸਕਦੈ ਡਿਪੋਰਟ ਵੀ ਕਰ ਦੇਣ...? ਕਈ ਮੰਦੇ ਵਿਚਾਰ ਸੋਚ ਕੇ ਉਸ ਦੇ ਦਿਲ ਨੂੰ ਕੰਬਣੀਂ ਛਿੜ ਜਾਂਦੀਪਿੰਡ ਜਾ ਕੇ ਵੀ ਕੀ ਕਰੂੰਗਾ? ਅੱਗੇ ਹੀ ਬਾਪੂ ਨੇ ਮਸਾਂ ਕੌਡੀ-ਕੌਡੀ ਇਕੱਠੀ ਕਰ ਕੇ ਬਾਹਰ ਨੂੰ ਤੋਰਿਆਹੁਣ ਜੇਬ ਵਿਚ ਤਾਂ ਆਨਾਂ ਨਹੀਂ, ਬਾਪੂ ਨੂੰ ਜਾ ਕੇ ਕਿਹੜਾ ਮੂੰਹ ਦਿਖਾਵਾਂਗਾ? ਸਭ ਤੋਂ ਵੱਡਾ ਮੈਂ ਹੀ ਹਾਂਬਾਪੂ ਨੇ ਮੈਨੂੰ ਤਾਂ ਕਰਜਾਈ ਹੋ ਕੇ ਬਾਹਰ ਘੱਲਿਆ ਸੀ ਕਿ ਬਾਹਰ ਜਾ ਕੇ ਮੈਂ ਉਸ ਨੂੰ ਕਮਾਈ ਕਰ ਕੇ ਭੇਜਾਂਗਾ ਅਤੇ ਕਬੀਲਦਾਰੀ ਵਿਚ ਹੱਥ ਵਟਾਵਾਂਗਾਭੈਣ ਅਤੇ ਭਾਈ ਅਜੇ ਛੋਟੇ ਹਨਕੁੜੀ ਦਾ ਤਾਂ ਵਿਆਹ ਵੀ ਜਲਦੀ ਹੀ ਕਰਨਾ ਹੋਵੇਗਾਮੇਰੇ ਤੋਂ ਨਿੱਕੀ ਭੈਣ ਤਾਂ ਹੁਣ ਵਿਆਹੁੰਣ ਦੇ ਯੋਗ ਹੈਚਾਹੇ ਅੱਜ ਵਿਆਹ ਕਰ ਦੇਈਏ! ਤਰ੍ਹਾਂ ਤਰ੍ਹਾਂ ਦੇ ਖ਼ਿਆਲ ਮੁੰਡੇ ਦੇ ਦਿਮਾਗ ਵਿਚ ਸੱਲ ਕਰ ਰਹੇ ਸਨ

----

ਰਾਤ ਪੈ ਗਈ

ਉਹ ਵੱਡੇ 'ਵੇਟਿੰਗ-ਰੂਮ' ਵਿਚ ਚਲਾ ਗਿਆਉਥੇ ਹੋਰ ਵੀ ਕਈ ਯਾਤਰੀ ਬੈਠੇ ਸਨਸੈਂਟਰਲ ਹੀਟ ਚੱਲ ਰਹੀ ਸੀਇੱਥੇ ਆ ਕੇ ਉਸ ਨੂੰ ਕੁਝ ਕੁ ਧਰਵਾਸ ਆਇਆਸੈਂਟਰਲ ਹੀਟ ਕਾਰਨ ਇੱਥੇ ਠੰਢ ਬਿਲਕੁਲ ਨਹੀਂ ਸੀਸਗੋਂ ਆਮ ਜਿਹਾ ਸਹਾਇਕ ਤਾਪਮਾਨ ਸੀਪਰ ਜਦੋਂ ਵੇਟਿੰਗ-ਰੂਮ ਦਾ ਬਾਹਰਲਾ ਦਰਵਾਜਾ ਖੁੱਲ੍ਹਦਾ ਤਾਂ ਠੰਢੀ ਸੀਤ ਹਵਾ ਚੁਪੇੜ ਵਾਂਗ ਆ ਵੱਜਦੀ ਅਤੇ ਯਾਤਰੀ ਆਪਣੇ ਓਵਰ ਕੋਟ ਹੋਰ ਘੁੱਟ ਲੈਂਦੇਹਰਦੇਵ ਕੋਲ ਕੋਈ ਓਵਰ ਕੋਟ ਨਹੀਂ ਸੀਉਸ ਨੇ ਸਿਰਫ਼ ਇਕ ਆਮ ਹੀ ਕੋਟ ਪਇਆ ਹੋਇਆ ਸੀਉਸ ਦੇ ਸਾਹਮਣੇ ਬੈਠੀ ਗੋਰੀ ਬੁੱਢੀ ਕਾਫ਼ੀ ਦੇਰ ਦੀ ਹਰਦੇਵ ਨੂੰ ਸਿ਼ਸ਼ਤ ਬੰਨ੍ਹ ਕੇ ਦੇਖ ਰਹੀ ਸੀਉਸ ਨੇ ਹਰਦੇਵ ਨੂੰ ਜਰਮਨ ਭਾਸ਼ਾ ਵਿਚ ਕੁਝ ਪੁੱਛਿਆਪਰ ਗੱਲ ਹਰਦੇਵ ਦੇ ਜਹਾਜ ਵਾਂਗੂੰ ਸਿਰ ਉਪਰੋਂ ਦੀ ਹੀ ਲੰਘ ਗਈਉਸ ਨੇ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਕੁਝ ਸਮਝਾਉਣਾ ਚਾਹਿਆ ਤਾਂ ਅੰਗਰੇਜ਼ੀ ਗੋਰੀ ਬੁੱਢੀ ਦੇ ਕੋਲੋਂ ਤਿਰਛੀ ਲੰਘਦੀ ਸੀਕਿਉਂਕਿ ਉਸ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀਆਖਰ ਜਦੋਂ ਦੋਹਾਂ ਦੇ ਹੀ ਕੁਝ ਪੱਲੇ ਨਾ ਪਿਆ ਤਾਂ ਗੋਰੀ ਨੇ ਉਸ ਨੂੰ ਆਪਣੇ ਬੈਗ ਵਿਚੋਂ ਇਕ ਛੋਟਾ ਕੰਬਲ਼ ਅਤੇ ਪੀਣ ਲਈ ਕੋਕਾ ਕੋਲਾ ਕੱਢ ਕੇ ਦੇ ਦਿੱਤਾ ਅਤੇ ਕੰਬਲ਼ ਉਪਰ ਲੈਣ ਲਈ ਇਸ਼ਾਰੇ ਨਾਲ ਸਮਝਾਇਆਕੰਬਲ਼ ਲੈ ਕੇ ਹਰਦੇਵ ਨੇ "ਥੈਂਕਯੂ" ਆਖਿਆ ਤਾਂ ਬੁੱਢੀ ਸਮਝ ਗਈ ਕਿ ਧੰਨਵਾਦ ਕਰ ਰਿਹਾ ਹੈਉਸ ਨੇ ਕਈ ਵਾਰ "ਓ. ਕੇ. - ਓ. ਕੇ.!" ਆਖ ਮੰਨ ਲਿਆ ਅਤੇ ਹੌਲ਼ੀ ਹੌਲ਼ੀ ਕੋਕ ਪੀਣ ਲੱਗ ਪਿਆਹਰਦੇਵ ਸੋਚ ਰਿਹਾ ਸੀ ਕਿ ਸਾਡੇ ਲੋਕਾਂ ਨਾਲੋਂ ਤਾਂ ਇਹ ਗੋਰੇ ਲੋਕ ਹੀ ਚੰਗੇ ਹਨ, ਜਿਹੜੇ ਲੋੜਵੰਦ ਦੀ ਮੱਦਦ ਕਰਨਾ ਆਪਣਾ ਪਹਿਲਾ ਫ਼ਰਜ਼ ਸਮਝਦੇ ਹਨਕੋਈ ਉਚੀ ਨਸੌੜ ਵਾਲਾ ਭਾਰਤੀ ਹੁੰਦਾ, ਤਾਂ ਜਮਾਂ ਕੰਬਲ਼ ਨਾ ਦਿੰਦਾ, ਸੋਚਦਾ ਬਈ ਕਿਤੇ ਜੂੰਆਂ ਨਾ ਪਾ ਦੇਵੇ!

----

ਸਾਰੀ ਰਾਤ ਟਰੇਨਾਂ ਚੱਲਦੀਆਂ ਰਹੀਆਂ ਅਤੇ ਲੋਕ ਆਉਂਦੇ ਅਤੇ ਚੜ੍ਹਦੇ ਰਹੇਭੁੱਖ ਨਾਲ ਹਰਦੇਵ ਦੇ ਢਿੱਡ ਵਿਚ ਕੜੱਲ ਪਈ ਜਾ ਰਹੇ ਸਨਢਿੱਡ ਉਸ ਦਾ "ਘੁਰੜ-ਘੁਰੜ" ਕਰੀ ਜਾ ਰਿਹਾ ਸੀਪਰ ਕੋਕ ਪੀਣ ਦੇ ਨਾਲ ਉਸ ਦੇ ਢਿੱਡ ਨੂੰ ਕੁਝ ਧਰਵਾਸ ਜ਼ਰੂਰ ਆ ਗਿਆ ਸੀਮਾੜਾ ਮੋਟਾ ਕਾਲ਼ਜਾ ਧਾਫ਼ੜਿਆ ਗਿਆ ਸੀਅਖੀਰ ਵੇਟਿੰਗ-ਰੂਮ ਵਿਚ ਉਹ ਗੋਰੀ ਬੁੱਢੀ ਅਤੇ ਹਰਦੇਵ ਹੀ ਰਹਿ ਗਏਬੁੱਢੀ ਨੇ ਕਈ ਕੁਝ ਹਰਦੇਵ ਨੂੰ ਪੁੱਛਿਆਪਰ ਹਰਦੇਵ ਨੂੰ ਉਸ ਦੇ ਕਿਸੇ ਸੁਆਲ ਦੀ ਕੋਈ ਸਮਝ ਨਾ ਪਈਉਹ ਜਾਂ ਤਾਂ ਇਸ਼ਾਰਿਆਂ ਨਾਲ ਅਤੇ ਜਾਂ ਸਿਰਫ਼ "ਗਰੀਸ-ਗਰੀਸ! ਆਸਟਰੀਆ-ਆਸਟਰੀਆ!" ਹੀ ਪੁਕਾਰਦਾ ਰਿਹਾਜਦੋਂ ਗੋਰੀ ਉਠ ਕੇ ਜਾਣ ਲੱਗੀ ਤਾਂ ਹਰਦੇਵ ਨੇ ਉਸ ਨੂੰ ਉਸ ਦਾ ਕੰਬਲ਼ ਵਾਪਿਸ ਕਰਨਾ ਚਾਹਿਆਪਰ ਬੁੱਢੀ ਨੇ ਹੱਥ ਦੇ ਇਸ਼ਾਰੇ ਨਾਲ ਕੋਲ਼ ਰੱਖਣ ਲਈ ਆਖ ਦਿੱਤਾ ਅਤੇ ਜਾਂਦੀ ਹੋਈ ਸਗੋਂ ਉਸ ਦੇ ਹੱਥ ਵਿਚ ਪੰਜਾਹ ਮਾਰਕ ਦਾ ਨੋਟ ਦੇ ਕੇ ਹੱਥ ਘੁੱਟ ਗਈਹਰਦੇਵ ਨੇ ਫਿਰ "ਥੈਂਕਯੂ-ਥੈਂਕਯੂ" ਦੀ ਰਟ ਲਾ ਦਿੱਤੀਉਸ ਨੂੰ ਬੁੱਢੀ ਗੋਰੀ ਆਪਣੀ ਮਾਂ ਵਰਗੀ ਲੱਗੀ ਸੀਉਸ ਦਾ ਫਿਰ ਮਨ ਭਰ ਆਇਆਮਾਂ ਦੀ ਯਾਦ ਨੇ ਉਸ ਦਾ ਦਿਲ ਨਿੱਸਲ਼ ਕਰ ਦਿੱਤਾਪਲ ਦੀ ਪਲ ਉਸ ਨੇ ਵਾਪਿਸ ਮੁੜਨ ਬਾਰੇ ਸੋਚ ਲਿਆਕਈ ਸੋਚਾਂ ਉਸ ਦੇ ਦਿਲ ਅੰਦਰ ਭੂਚਾਲ ਬਣ ਗਈਆਂ...ਜ਼ਿੰਦਗੀ ਸਾਲ਼ੀ ਬਹੁਤ ਹੀ ਨਿੱਕੀ ਜਿਹੀ ਐ...ਪਤਾ ਨਹੀਂ ਬੰਦੇ ਨੇ ਕਦੋਂ ਇਸ ਸੰਸਾਰ ਨੂੰ ਫ਼ਤਹਿ ਬੁਲਾ ਜਾਣੀ ਐਂ...? ਪਰ ਖੱਜਲ਼ ਦੇਖ ਕਿਵੇਂ ਹੁੰਦਾ ਫਿਰਦੈ...? ਜਿਵੇਂ ਸਿਆਣੇ ਆਖਦੇ ਹੁੰਦੇ ਐ, ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ, ਤੇ ਜਦ ਬਾਪੂ ਅਖਵਾਇਆ, ਸਾਨੂੰ ਸੁਖ ਦਾ ਸਾਹ ਨਹੀਂ ਆਇਆ...! ਚਾਹੇ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀਪਰ ਨਿੱਕੇ ਭੈਣ ਭਰਾ ਦੀ ਜ਼ਿਮੇਵਾਰੀ, ਵੱਡਾ ਹੋਣ ਕਰਕੇ ਉਸ ਦੇ ਸਿਰ ਸੀਵੱਡੇ ਭਰਾ ਪਿਉ ਵਰਗੇ ਹੀ ਤਾਂ ਹੁੰਦੇ ਨੇ...! ਬਾਪੂ ਨੇ ਵੀ ਉਸ ਨੂੰ ਸਾਰਿਆਂ ਤੋਂ ਵੱਡਾ ਅਤੇ ਜ਼ਿੰਮੇਵਾਰ ਪੁੱਤ ਹੋਣ ਕਰਕੇ ਹੀ ਬਾਹਰ ਤੋਰਿਆ ਸੀ! ਜੇ ਉਹ ਬਾਪੂ ਦੀਆਂ ਆਸਾਂ 'ਤੇ ਪੂਰਾ ਨਾ ਉਤਰਿਆ ਤਾਂ ਅੜਬ ਬਾਪੂ ਨੇ ਡਾਂਗ ਧੂਹ ਕੇ ਉਸ ਦੀ ਤਹਿ ਲਾ ਦੇਣੀ ਸੀ! ਹੋ ਸਕਦੈ ਘਰੋਂ ਵੀ ਬਾਹਰ ਕੱਢ ਦੇਵੇ ਅਤੇ ਬੇਦਖ਼ਲ ਕਰ ਦਵੇ...?

----

ਬਾਪੂ ਹਰਦੇਵ ਦਾ ਬਹੁਤ ਹੀ ਅੜਬ ਸੀਪੈਨਸ਼ਨ ਹੋਣ ਤੱਕ ਪੁਲੀਸ ਵਿਚ ਮੁਣਸ਼ੀ ਰਿਹਾ ਸੀਸਾਰੀ ਉਮਰ ਹਿੱਕ ਦੇ ਜੋਰ 'ਤੇ ਕੱਢੀ ਸੀਸ਼ਰੀਕਾਂ ਕੋਲੋਂ ਕਦੇ 'ਉਏ' ਨਹੀਂ ਅਖਵਾਇਆ ਸੀਇਕ ਵਾਰ ਦੀ ਗੱਲ ਹੈ ਕਿ ਜਦ ਹਰਦੇਵ ਦਾ ਛੋਟਾ ਭਾਈ ਸੁਖਦੇਵ ਪੈਦਾ ਹੋਇਆ ਤਾਂ ਖ਼ੁਸਰੇ ਨੱਚਣ ਲਈ ਆ ਗਏਆਉਣਾ ਹੀ ਸੀ! ਉਹਨਾਂ ਦਾ ਹੱਕ ਬਣਦਾ ਸੀਹੋਰ ਖ਼ੁਸਰਿਆਂ ਦੇ ਕਿਹੜਾ ਵਿਚਾਰਿਆਂ ਦੇ ਟਰੱਕ ਚੱਲਦੇ ਸੀ? ਰੱਪੜ ਇਹ ਖੜ੍ਹਾ ਹੋਇਆ ਕਿ ਦੋ ਖੁਸਰਾ ਦਲ ਆ ਖੜ੍ਹੇ ਹੋਏ! ਇਕ ਜਗਰਾਵਾਂ ਤੋਂ ਅਤੇ ਇਕ ਮੋਗੇ ਤੋਂ!! ਹਰਦੇਵ ਦਾ ਬਾਪੂ ਦੋ ਪਾਰਟੀਆਂ ਵੱਲ, ਵਾੜ ਵਿਚ ਫ਼ਸੇ ਬਿੱਲੇ ਵਾਂਗ, ਘੁੱਟਾਂਬਾਟੀ ਝਾਕ ਰਿਹਾ ਸੀਖੁਸਰਿਆਂ ਦੀ ਤਕਰਾਰ ਸ਼ੁਰੂ ਹੋ ਗਈਇਕ ਪਾਰਟੀ ਇਸ ਪਿੰਡ ਨੂੰ ਆਪਣਾ ਇਲਾਕਾ ਗਰਦਾਨ ਰਹੀ ਸੀ, ਜਦ ਕਿ ਦੂਜੀ ਆਪਣਾ ਇਲਾਕਾ ਹੋਣ ਦਾ ਦਾਅਵਾ ਕਰ ਰਹੀ ਸੀਹਰਦੇਵ ਦੇ ਬਾਪੂ ਨੇ ਆ ਦੇਖਿਆ, ਨਾ ਤਾਅ ਦੇਖਿਆ, ਰੈਂਗੜਾ ਲੈ ਕੇ ਇਕ ਖੁਸਰਾ-ਮੁਖ਼ੀ ਦੇ ਸਿਰ ਵਿਚ ਮਧਾਣੀ-ਚੀਰਾ ਪਾ ਦਿੱਤਾ ਤੇ ਬੋਲਿਆ, "ਸਾਨੂੰ ਮੇਰੇ ਸਾਲੇ ਖੁਸਰਿਆਂ ਨੇ ਈ ਵੰਡ ਲਿਆ...?"

----

ਖੁਸਰੇ ਨੱਚਣ ਦੀ ਥਾਂ ਬਾਪੂ ਦਾ ਸਿਆਪਾ ਕਰਕੇ ਮੁੜ ਗਏਸਾਰੇ ਖੁਸਰਿਆਂ ਨੇ ਉਸ ਨੂੰ ਆਪਣਾ ਨੰਗੇਜ਼ ਦਿਖਾਇਆ ਸੀਪੁਲ਼ਸੀਆ ਬਾਪੂ ਫਿਰ ਪਿੱਟ ਉਠਿਆ, " ਮੈਥੋਂ ਫਿਰ ਇਕ ਅੱਧੇ ਦੇ ਪੁੜਪੜੀ 'ਚ ਵੱਜੂ...! ਫੇਰ ਨਾ ਕਿਹੋ ਕਿਸੇ ਦੀ ਜਾਹ ਜਾਂਦੀ ਕਰਤੀ...! ਚਿੱਬ ਪੈਜੂ ਮੈਥੋਂ ਕਿਸੇ ਦੇ ਖੋਪੜ 'ਚ...! ਸਾਲੇ ਲੱਗਪੇ ਸੀਂਢ ਸਿੱਟਣ ਐਥੇ...!" ਬਾਪੂ ਨੇ ਭੂਸਰੇ ਸਾਹਣ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ, ਖੌਰੂ ਪੱਟਿਆ! ਖੁਸਰੇ ਤੁਰ ਗਏਹਰਦੇਵ ਦਾ ਬਾਪੂ ਵਾੜ ਦਾ ਝਾਫ਼ਾ ਬਣਿਆ ਖੜ੍ਹਾ ਸੀ

----

ਇਕ ਵਾਰ ਹਰਦੇਵ ਘਰੋਂ ਤਾਂ ਸਕੂਲ ਗਿਆਪਰ ਲੰਡਰ ਦੋਸਤਾਂ ਨਾਲ਼ ਰਲ਼ ਕੇ ਸਕੂਲ ਛੱਡ, ਫਿਲਮ ਦੇਖਣ ਸਿਨਮੇ ਜਾ ਵੜਿਆਹਰਚੰਦ ਟੱਲੇਵਾਲੀਏ ਨੇ ਕਿਤੇ ਦੇਖ ਲਿਆ ਕਿ ਇਹ ਮੁਡੀਹਰ ਅੱਜ ਸਕੂਲ ਦੀ ਵਜਾਏ ਸਿਨਮੇ ਕਿਵੇਂ ਭਲਵਾਨੀ ਗੇੜੇ ਦਿੰਦੀ ਫਿਰਦੀ ਐ? ਉਸ ਨੇ ਲੰਘਦੇ ਨੇ ਖੇਤ ਫਿਰਦੇ ਹਰਦੇਵ ਦੇ ਬਾਪੂ ਦੇ ਕੰਨ ਵਿਚ ਇਹ ਗੱਲ ਪਾ ਦਿੱਤੀਬੱਸ ਫਿਰ ਕੀ ਸੀ? ਬਾਪੂ ਨੇ ਚੁੱਕਿਆ ਸਾਈਕਲ, ਸਿੱਧਾ ਹੀ ਬੱਸ ਅੱਡੇ 'ਤੇ ਵੱਜਿਆਉਸ ਨੇ ਹਰਦੇਵ ਨੂੰ ਬੱਸ 'ਚੋਂ ਉਤਰਦਾ ਹੀ ਫੜ ਲਿਆ ਅਤੇ ਘਰ ਤੱਕ ਕੁੱਟਦਾ ਹੀ ਲੈ ਕੇ ਆਇਆਬਾਪੂ ਵੀ ਉਸ ਦਾ ਭਲਾ ਹੀ ਸੋਚਦਾ ਸੀ! ਬਾਪੂ ਕੋਈ ਉਸ ਦਾ ਦੁਸ਼ਮਣ ਤਾਂ ਨਹੀਂ ਸੀ? ਬਾਪੂ ਸੋਚਦਾ ਸੀ ਕਿ ਇਹ ਕੰਜਰ ਕੁਝ ਪੜ੍ਹ ਲਿਖ ਜਾਵੇ, ਕਿਸੇ ਨੌਕਰੀ 'ਤੇ ਲੱਗ ਜਾਵੇ! ਇਹਨਾਂ ਚਾਰ ਕਿੱਲਿਆਂ ਨਾਲ ਤਾਂ ਤਿੰਨਾਂ ਭੈਣ ਭਰਾਵਾਂ ਦੇ ਪੰਜ ਪਾਂਜੇ ਵੀ ਪੂਰੇ ਨਹੀਂ ਹੋਣੇ!

----

ਦੂਰ ਗਿਰਜਾ ਘਰ ਦੇ ਘੰਟੇ ਨੇ ਹਰਦੇਵ ਦੀਆਂ ਸੋਚਾਂ ਦੀ ਤੰਦ ਤੋੜੀ!

ਪਹੁ ਫਟ ਚੁੱਕੀ ਸੀਬਰਫ਼ ਪੈਂਦੀ ਹੋਣ ਕਰਕੇ ਹਨ੍ਹੇਰਾ ਕਾਫ਼ੀ ਹੱਦ ਤੱਕ ਹੂੰਝਿਆ ਜਾ ਚੁੱਕਾ ਸੀਉਹ ਅਜੇ ਸੋਚਾਂ ਵਿਚ ਉਲਝਿਆ ਹੋਇਆ ਹੀ ਸੀ ਕਿ ਉਸ ਨੂੰ ਕਿਸੇ ਪੱਗ ਵਾਲ਼ੇ ਬੰਦੇ ਦਾ ਭੁਲੇਖਾ ਜਿਹਾ ਪਿਆਉਸ ਨੇ ਪਾਰਦਰਸ਼ੀ ਸ਼ੀਸ਼ੇ ਵਿਚੋਂ ਦੀ ਬਾਹਰ ਤੱਕਿਆ ਤਾਂ ਝੂਠ ਨਹੀਂ ਸੀ! ਸੱਚਮੁੱਚ ਹੀ ਕੋਈ ਪੱਗ ਵਾਲਾ ਬੰਦਾ ਟਰੇਨ ਤੋਂ ਉਤਰ ਕੇ ਵੇਟਿੰਗ-ਰੂਮ ਵੱਲ ਨੂੰ ਆ ਰਿਹਾ ਸੀਖ਼ੁਸ਼ੀ ਹਰਦੇਵ ਦੀਆਂ ਕੱਛਾਂ ਵਿਚੋਂ ਦੀ ਡੁੱਲ੍ਹਣ ਲੱਗ ਪਈ ਸੀਉਸ ਨੇ ਰੱਬ ਦਾ ਸ਼ੁਕਰਾਨਾ ਕੀਤਾਸਾਰੀ ਰਾਤ ਕੀਤਾ ਗਿਆ ਪਾਠ ਰਾਸ ਆ ਗਿਆ ਸੀ! ਇਤਨੇ ਨੂੰ ਉਹ ਪੱਗ ਵਾਲ਼ਾ ਬੰਦਾ ਵੇਟਿੰਗ-ਰੂਮ ਵਿਚ ਆ ਗਿਆ

-"ਸਾਸਰੀਕਾਲ ਬਾਈ ਜੀ...!" ਹਰਦੇਵ ਨੇ ਉਠ ਕੇ ਉਸ ਨੂੰ ਬੜੇ ਅਦਬ ਨਾਲ ਬੁਲਾਇਆ

-"ਸਾਸਰੀਕਾਲ ਬਈ, ਸਾਸਰੀਕਾਲ...!" ਉਹ ਆਪਣਾ ਓਵਰ ਕੋਟ ਉਤਾਰਦਾ ਹੋਇਆ ਬੋਲਿਆਬਰਫ਼ ਦੇ ਫ਼ੰਭੇ ਉਸ ਦੇ ਓਵਰ ਕੋਟ ਤੋਂ ਥੱਲੇ ਡਿੱਗ ਰਹੇ ਸਨਉਸ ਨੇ ਆਪਣੇ ਵੱਡੇ ਵੱਡੇ ਬੂਟ ਫਰਸ਼ 'ਤੇ ਝਾੜ੍ਹੇਬੂਟ ਦੀਆਂ ਗੁੱਡੀਆਂ ਵਿਚੋਂ ਬਰਫ਼ ਦੀ ਬਰਫ਼ੀ ਜਿਹੀ ਫਰਸ਼ 'ਤੇ ਵਿਛ ਗਈ

-"ਐਥੇ ਈ ਰਹਿੰਨੇ ਓਂ, ਬਾਈ ਜੀ...?" ਹਰਦੇਵ ਨੇ ਜਲਦੀ ਨਾਲ ਪੁੱਛਿਆ

-"ਐਸ ਸ਼ਹਿਰ ਤਾਂ ਨਹੀਂ ਰਹਿੰਦਾ-ਪਰ ਕੰਮ ਧੰਦੇ 'ਚ ਆਉਣ ਜਾਣ ਬਣਿਆ ਈ ਰਹਿੰਦੈ, ਜੁਆਨਾਂ!" ਉਸ ਨੇ ਕਤਰੀ ਹੋਈ ਗਿੱਲੀ ਦਾਹੜੀ ਪੋਚੀ ਅਤੇ ਫਿਰ ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਨੂੰ ਹੋੜੇ ਨਾਲ ਉਪਰ ਚੁੱਕਿਆ

-"......।" ਹਰਦੇਵ ਚੁੱਪ ਕਰ ਗਿਆ ਕਿ ਇਸ ਨੂੰ ਵੀ ਸ਼ਹਿਰ ਬਾਰੇ ਗਿਆਨ ਨਹੀਂ

-"ਤੂੰ ਕਿੱਥੇ ਰਹਿੰਨੈਂ? ਬੋਲੀ ਤੋਂ ਤਾਂ ਮਲਵਈ ਲੱਗਦੈਂ?" ਉਸ ਨੇ ਮੁਸਕਰਾ ਕੇ ਗਲੋਂ ਮਫ਼ਲਰ ਉਤਾਰਦਿਆਂ ਆਖਿਆ

-"ਮੈਂ ਤਾਂ ਬਾਈ ਜੀ ਆਸਟਰੀਆ ਤੋਂ ਆਇਐਂ-ਏਜੰਟ ਐਥੇ ਲਾਹ ਗਿਆ-ਨਾ ਕੁਛ ਦੱਸਿਆ, ਨਾ ਕਰਿਆ! ਰਾਤ ਦਾ ਐਥੇ ਈ ਠੰਢ 'ਚ ਕੁੱਕੜ ਬਣਿਆਂ ਪਿਐਂ-ਇਕ ਗੋਰੀ ਮਿਲੀ ਸੀ-ਵਿਚਾਰੀ ਨਾਲੇ ਤਾਂ ਕੰਬਲ਼ ਦੇ ਗਈ ਤੇ ਨਾਲੇ ਆਹ ਪੰਜਾਹ ਮਾਰਕਾਂ ਦਾ ਨੋਟ ਫੜਾਗੀ!"

-"ਚੰਗੇ ਇਨਸਾਨਾਂ ਦਾ ਵੀ ਦੁਨੀਆਂ 'ਤੇ ਕਾਲ਼ ਨ੍ਹੀ ਪਿਆ, ਨਿੱਕਿਆ...!"

-"ਇਕ ਮੈਨੂੰ ਆਪਣਾ ਦੇਸੀ ਬੰਦਾ ਵੀ ਕੱਲ੍ਹ ਮਿਲਿਆ ਸੀ-।"

-"ਫੇਰ...?"

-"ਉਹਨੇ ਸਗਾਂ ਦੀ ਪਤੰਦਰ ਨੇ ਮੇਰੇ ਨਾਲ ਗੱਲ ਵੀ ਨ੍ਹੀ ਕੀਤੀ।"

-"ਖ਼ੁਦਗਰਜ਼ ਬੰਦੇ ਵੀ ਜਹਾਨ 'ਤੇ ਬਥੇਰੇ ਫਿਰਦੇ ਐ!"

-"ਦੁਨੀਆਂ ਰੰਗ ਬਿਰੰਗੀ...!"

-"ਤੂੰ ਕਿੱਥੇ ਜਾਣੈਂ...?" ਉਸ ਨੇ ਪੁੱਛਿਆ

-"ਜਿੱਥੇ ਕਿਸਮਤ ਲੈਜੂ ਬਾਈ ਜੀ! ਬਾਪੂ ਨੇ ਬਾਹਰ ਭੇਜਿਆ ਸੀ ਬਈ ਮੇਰੀ ਕਬੀਲਦਾਰੀ 'ਚ ਸਹਾਈ ਹੋਊ-ਹੱਥ ਵਟਾਊ! ਤੇ ਤੁਸੀਂ ਆਪ ਈ ਦੇਖਲੋ, ਕਿਸਮਤ ਦਾ ਮਾਰਿਆ ਕਿਵੇਂ ਫਿਰਦੈਂ!"

-"ਤੂੰ ਜਾਣਾ ਕਿੱਥੇ ਸੀ...?" ਸਰਦਾਰ ਨੇ ਪੁੱਛਿਆ

-"ਜਾਣ ਦਾ ਪ੍ਰੋਗਰਾਮ ਤਾਂ ਇੰਗਲੈਂਡ ਦਾ ਸੀ-ਪਰ ਇੰਗਲੈਂਡ ਜਾਣਾ ਕਿਹੜਾ ਲੱਲੋ ਪੱਤੋ ਐ, ਬਾਈ?"

-"ਅਗਲੇ ਪੰਜ ਦੇਸ਼ ਲੰਘ ਕੇ, ਛੇਵਾਂ ਇੰਗਲੈਂਡ ਆਉਂਦੈ!" ਉਹ ਹੱਸ ਪਿਆ

-"......।" ਹਰਦੇਵ ਚੁੱਪ ਹੋ ਗਿਆ

-"ਤੈਨੂੰ ਇਕ ਰਾਹ ਪਾਂਵਾਂ?" ਉਸ ਨੇ ਗੰਭੀਰ ਹੁੰਦਿਆਂ ਹਰਦੇਵ ਨੂੰ ਕਿਹਾ

-"ਪਾਓ ਬਾਈ ਜੀ...।" ਹਰਦੇਵ ਨੇ ਹੱਥ ਜੋੜ ਕੇ ਤਰਲਾ ਲਿਆ

-"ਮੇਰਾ ਇਕ ਜਾਣਕਾਰ ਐ ਐਥੇ ਮਿਊਨਿਕ 'ਚ-ਮੈਂ ਉਹਨੂੰ ਫ਼ੋਨ ਕਰ ਦਿੰਨੈਂ-ਤੂੰ ਉਹਦੇ ਕੋਲ ਚਲਿਆ ਜਾਹ-ਤੈਨੂੰ ਮਾੜੇ ਮੋਟੇ ਕੰਮ 'ਤੇ ਲੁਆ ਦਿਊ-ਬਾਕੀ ਤੇਰੀ ਸਟੇਅ ਸਟੂਅ ਦੀ ਕੋਈ ਭੰਨ ਘੜ੍ਹ ਕਰ ਦਿਊ-ਸਾਲ ਛੇ ਮਹੀਨੇ ਲਾ ਦੱਬ ਕੇ! ਬਾਕੀ ਰੱਬ ਭਲੀ ਕਰੂ!"

-"ਬਹੁਤ ਬਹੁਤ ਮਿਹਰਬਾਨੀ, ਬਾਈ ਜੀ! ਅੱਜ ਤੁਸੀਂ ਨਾ ਮਿਲ਼ਦੇ ਤਾਂ ਮੈਂ ਤਾਂ ਡੋਲਿਆ ਪਿਆ ਸੀ-ਪਤਾ ਈ ਨ੍ਹੀ ਸੀ ਲੱਗਦਾ ਕਿੱਥੇ ਜਾਵਾਂ?"

-"ਰੱਬ ਬੜਾ ਬੇਅੰਤ ਐ ਨਿੱਕਿਆ! ਜਿੰਨੀ ਮਰਜੀ ਐ ਬਿਪਤਾ ਆ ਪਵੇ-ਉਸ ਤੋਂ ਕਦੇ ਬੇਮੁਖ ਨਾ ਹੋਵੋ! ਉਹ ਬੜਾ ਦਿਆਲੂ ਐ-ਆਪੇ ਕੋਈ ਨਾ ਕੋਈ ਰਸਤਾ ਦਿਖਾ ਦਿੰਦੈ-ਜੇ ਉਹ ਇਕ ਰਸਤਾ ਬੰਦ ਕਰਦੈ ਛੋਟਿਆ, ਤਾਂ ਅਗਲੇ ਦਸ ਰਸਤੇ ਖੋਲ੍ਹ ਵੀ ਦਿੰਦੈ-ਬੱਸ, ਬੰਦਾ ਉਹਦਾ ਸ਼ੁਕਰਾਨਾ ਕਰਦਾ ਅੱਗੇ ਤੁਰਦਾ ਜਾਵੇ-ਉਹ ਮੇਰਾ ਦਾਤਾ ਜਮਾਂ ਨ੍ਹੀ ਡੋਲਣ ਦਿੰਦਾ-ਪਵਿੱਤਰ ਗੁਰਬਾਣੀ ਫ਼ੁਰਮਾਨ ਕਰਦੀ ਐ: ਡੀਗਣ ਡੋਲਾ ਤਊ ਲਉ ਜਉ ਮਨ ਕੇ ਭਰਮਾ।। ਭ੍ਰਮ ਕਾਟੇ ਗੁਰ ਆਪਣੇ ਪਾਇ ਵਿਸਰਾਮਾ।। ਕੀ ਨਾਂ ਐਂ ਤੇਰਾ?"

-"ਜੀ ਹਰਦੇਵ ਸਿੰਘ...!"

-"ਕਿਹੜਾ ਏਰੀਐ ਪਿੱਛੋਂ...?"

-"ਜੀ ਮੇਰਾ ਜਿਲ੍ਹਾ ਫ਼ਰੀਦਕੋਟ ਐ...।"

-"ਮੇਰਾ ਨਾਂ ਰਣਜੀਤ ਐ-ਪਿੰਡ ਚੱਕ ਤਾਰੇਵਾਲ-ਧਰਮਕੋਟ ਕੋਲ਼ੇ...।" ਸਰਦਾਰ ਨੇ ਦੱਸਿਆ

----

ਉਸ ਨੇ ਆਪਣੇ ਕਿਸੇ ਮਿੱਤਰ ਨੂੰ ਫੋਨ ਕੀਤਾਰਣਜੀਤ ਸਿੰਘ ਨੇ ਆਪਣੇ ਮਿੱਤਰ ਨੂੰ ਹਰਦੇਵ ਦਾ ਪੂਰਾ ਵੇਰਵਾ ਦੇ ਦਿੱਤਾਆ ਕੇ ਲੈ ਜਾਣ ਬਾਰੇ ਅਤੇ ਕੰਮ ਕਾਰ ਬਾਰੇ ਬੇਨਤੀ ਭਰੀ ਹਦਾਇਤ ਕਰ ਦਿੱਤੀ ਅਤੇ ਹਰਦੇਵ ਨਾਲ ਹੱਥ ਮਿਲਾ ਕੇ ਚਲਾ ਗਿਆਜਾਣ ਲੱਗੇ ਨੇ ਸਿਰਫ਼ ਇਤਨਾ ਹੀ ਕਿਹਾ ਸੀ, "ਕਦੇ ਰੱਬ ਨੇ ਮੇਲ ਕਰਵਾਏ ਤਾਂ ਜ਼ਰੂਰ ਦਰਸ਼ਣ ਕਰਾਂਗੇ, ਹਰਦੇਵ ਸਿਆਂ!" ਹਰਦੇਵ ਉਸ ਨੂੰ ਇਹ ਪੁੱਛਣਾ ਭੁੱਲ ਗਿਆ ਸੀ ਕਿ ਉਹ ਕਿੱਥੇ ਰਹਿੰਦਾ ਸੀ ਅਤੇ ਉਸ ਦਾ ਕੋਈ ਫ਼ੋਨ ਨੰਬਰ ਜਾਂ ਅਤਾ ਪਤਾ ਕੀ ਸੀ? ਜਦ ਹਰਦੇਵ ਨੇ ਉਸ ਨੂੰ ਪੁੱਛਣ ਲਈ ਆਸੇ ਪਾਸੇ ਦੇਖਿਆ ਤਾਂ ਰਣਜੀਤ ਸਿੰਘ ਗ਼ਾਇਬ ਸੀਪਤਾ ਨਹੀਂ ਉਹ ਕਿਸੇ ਫ਼ਰਿਸ਼ਤੇ ਵਾਂਗ ਕਿੱਧਰ ਛਿਤਮ ਹੋ ਗਿਆ ਸੀ? ਹਰਦੇਵ ਰਣਜੀਤ ਸਿੰਘ ਨੂੰ ਰੱਬ ਵੱਲੋਂ ਭੇਜਿਆ ਕੋਈ ਮੱਦਦੀ ਦੂਤ ਹੀ ਤਾਂ ਸਮਝ ਰਿਹਾ ਸੀ

----

ਗੁਰੂ ਕ੍ਰਿਪਾ ਨਾਲ ਹਰਦੇਵ ਨੂੰ ਖੜ੍ਹਨ ਨੂੰ ਜਗਾਹ ਮਿਲ ਗਈ ਸੀਬੈਠਣ ਵਾਸਤੇ ਗੁਰੂ ਨੇ ਆਪੇ ਹੀ ਬਣਾ ਦੇਣੀ ਸੀ -"ਲੈ...! ਰੱਬ ਦੇ ਦਿਆਲੂ ਪੁਰਸ਼ਾਂ ਦਾ ਵੀ ਘਾਟਾ ਨਹੀਂ ਦੁਨੀਆਂ 'ਤੇ ਹਰਦੇਵ ਸਿਆਂ! ਕਿੱਥੇ ਏਜੰਟਾਂ ਵਰਗੇ ਲਹੂ ਪੀਣੇਂ ਦੈਂਤ? ਜਿਹੜੇ ਬੰਦੇ ਨੂੰ ਰੋਹੀ ਬੀਆਬਾਨ 'ਚ ਰੁਲ਼ਣ ਲਈ ਛੱਡ ਜਾਂਦੇ ਐ ਤੇ ਕਿੱਥੇ ਰਣਜੀਤ ਸਿੰਘ ਵਰਗੇ ਰੱਬੀ ਰੂਪ ਲੋਕ! ਰੱਬਾ ਤੇਰੀ ਵੀ ਲ੍ਹੀਲਾ ਨਿਆਰੀ ਐ...!"

----

ਦਿਨ ਚੜ੍ਹ ਆਇਆ ਸੀ

ਬਰਫ਼ ਪੈਣੋਂ ਕੁਝ ਕੁ ਥੰਮ੍ਹ ਗਈ ਸੀਬੱਦਲ਼ ਹਟ ਗਏ ਸਨ ਅਤੇ ਸੂਰਜ ਦੀ ਪਹਿਲੀ ਰਿਸ਼ਮ ਨਾਲ ਹੀ ਠੰਢ ਹੋਰ ਕੜਾਕਾ ਪਾਉਣ ਲੱਗ ਪਈ ਸੀਹਰਦੇਵ ਠੁਰ-ਠੁਰ ਕਰਦਾ ਵੇਟਿੰਗ-ਰੂਮ ਵਿਚ ਹੀ ਕਿਸੇ ਦੇ ਆਉਣ ਦੀ ਉਡੀਕ ਕਰ ਰਿਹਾ ਸੀਵੇਟਿੰਗ-ਰੂਮ ਵਿਚ ਬਾਹਵਾ ਗਹਿਮਾਂ ਗਹਿਮੀ ਹੋ ਗਈ ਸੀਉਸ ਨੇ ਵੇਟਿੰਗ-ਰੂਮ ਵਿਚੋਂ ਬਾਹਰ ਆ ਕੇ ਚੁਫ਼ੇਰੇ ਝਾਤੀ ਮਾਰੀ ਤਾਂ ਪਹਾੜਾਂ 'ਤੇ ਦੂਰ ਤੱਕ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀਦਰੱਖਤਾਂ 'ਤੇ ਬਰਫ਼ ਰੂੰ ਦੇ ਗੋਹੜਿਆਂ ਵਾਂਗ ਟਿਕੀ ਪਈ ਸੀਕਾਦਰ ਦੀ ਕੁਦਰਤ ਦਾ ਵੀ ਕੀ ਕਹਿਣਾ? ਦੂਰ ਤੱਕ ਸਵਰਗੀ ਨਜ਼ਾਰਾ ਹੀ ਸੀ! ਹਰਦੇਵ ਕੁਦਰਤ ਦਾ ਹੁਸੀਨ ਚਿਹਰਾ ਤੱਕ ਕੇ ਸ਼ਰਸ਼ਾਰ ਹੋਇਆ ਖੜ੍ਹਾ ਸੀ

----

ਇਤਨੇ ਨੂੰ ਕਿਸੇ ਨੇ ਆ ਕੇ ਹਰਦੇਵ ਦਾ ਮੋਢਾ ਥਾਪੜਿਆਇਕ ਵਧੀਆ ਸਲੀਕੇ ਨਾਲ ਬੰਨ੍ਹੀ ਪੱਗ ਵਾਲਾ ਸਰਦਾਰ ਖੜ੍ਹਾ ਸੀਦਾਹੜੀ ਬੰਨ੍ਹੀ ਹੋਈ ਅਤੇ ਮੁੱਛਾਂ ਉਸ ਨੇ ਖੂੰਡੇ ਵਾਂਗ ਉਪਰ ਨੂੰ ਚੁੱਕੀਆਂ ਹੋਈਆਂ ਸਨਪਤਲਾ, ਛਾਂਟਿਆ ਸਰੀਰ ਅਤੇ ਦਰਮਿਆਨੇ ਕੱਦ ਦਾ ਮਾਲਕ ਉਹ ਹਰਦੇਵ ਨੂੰ ਦੇਖ ਕੇ ਮੁਸਕਰਾਈ ਜਾ ਰਿਹਾ ਸੀ

-"ਆਪਣਾ ਨਾਂ ਈਂ...?"

-"ਹਰਦੇਵ ਸਿੰਘ...।" ਹਰਦੇਵ ਨੇ ਉਸ ਦੀ ਗੱਲ ਵੀ ਪੂਰੀ ਨਾ ਹੋਣ ਦਿੱਤੀ

-"ਮੈਨੂੰ ਰਣਜੀਤ ਭਾਅ ਜੀ ਨੇ ਫ਼ੋਨ ਕੀਤਾ ਸੀ!"

-"ਹਾਂ ਜੀ! ਹਾਂ ਜੀ! ਮੈਂ ਈ ਆਂ! ਮੇਰੇ ਬਾਰੇ ਈ ਫ਼ੋਨ ਕੀਤਾ ਸੀ ਬਾਈ ਜੀ ਨੇ!" ਹਰਦੇਵ ਨੇ ਦੱਸਿਆ

-"ਆ ਜਾਹ ਫੇਰ!" ਉਹ ਅਗਵਾਈ ਦਿੰਦਾ ਹਰਦੇਵ ਦੇ ਅੱਗੇ ਲੱਗ ਤੁਰਿਆ

'ਬਾਨਹੋਫ਼' ਤੋਂ ਬਾਹਰ ਆ ਕੇ ਉਹ ਕਾਰ ਵਿਚ ਬੈਠ ਗਏਕਾਰ ਨਿੱਘੀ ਸੀਹਰਦੇਵ ਨੇ ਗੋਰੀ ਵਾਲ਼ਾ ਕੰਬਲ਼ ਲਾਹ ਕੇ ਕਾਰ ਦੀ ਪਿਛਲੀ ਸੀਟ 'ਤੇ ਸੁੱਟ ਦਿੱਤਾ ਅਤੇ ਖੁੱਲ੍ਹ ਕੇ ਬੈਠ ਗਿਆ

-"ਕੌਣ ਕਹਿੰਦੈ ਬਾਈ ਜੀ, ਬਈ ਰੱਬ ਹੈਨ੍ਹੀ?" ਹਰਦੇਵ ਨੇ ਅਚਾਨਕ ਕਿਹਾ

_"ਮੈਂ ਤਾਂ ਨਹੀਂ ਕਿਹਾ ਬਈ ਰੱਬ ਹੈਨ੍ਹੀ!" ਉਸ ਨੇ ਹੈਰਾਨੀ ਨਾਲ ਉਤਰ ਦਿੱਤਾ

-"ਮੈਂ ਤੁਹਾਨੂੰ ਨ੍ਹੀ ਕਹਿੰਦਾ ਬਾਈ ਜੀ! ਮੈਂ ਤਾਂ ਊਂਈਂ ਗੱਲ ਕੀਤੀ ਸੀ-ਕੀ ਨਾਂ ਐਂ ਆਪਣਾ?"

-"ਮੇਰਾ ਨਾਂ ਜੁਗਰਾਜ ਸਿੰਘ ਐ-ਊਂ ਲੋਕ ਮੈਨੂੰ ਫ਼ੌਜੀ-ਫ਼ੌਜੀ ਈ ਆਖ ਦਿੰਦੇ ਐ!"

-"ਕਿਹੜਾ ਏਰੀਆ ਐ...?"

-"ਤੂੰ ਏਰੀਏ ਨੂੰ ਛੱਡ ਯਾਰ-ਮੇਰਾ ਪਿੰਡ ਲੋਪੋ ਐ...!"

-"ਅੱਛਾ! ਅੱਛਾ! ਲੋਪੋ-ਬੱਧਨੀ ਕਲਾਂ ਕੋਲੇ...?"

-"ਜਮਾਂ ਈ ਓਥੇ...!" ਫ਼ੌਜੀ ਹੱਸ ਪਿਆ

ਫ਼ੌਜੀ ਉਸ ਨੂੰ ਆਪਣੇ ਫ਼ਲੈਟ ਵਿਚ ਲੈ ਗਿਆਦੋ ਕਮਰਿਆਂ ਦਾ ਬੜਾ ਵਧੀਆ ਫ਼ਲੈਟ ਸੀਦੇਖਣ ਪਰਖਣ ਤੋਂ ਲੱਗਦਾ ਸੀ ਕਿ ਫ਼ੌਜੀ ਵੀ ਇੱਕਲਾ ਹੀ ਰਹਿੰਦਾ ਸੀ

-"ਕੀ ਖਾਣਾ ਪੀਣੈਂ...?" ਫ਼ੌਜੀ ਜੁਗਰਾਜ ਨੇ ਫ਼ੌਜੀਆਂ ਵਾਲੀ ਫ਼ੁਰਤੀ ਨਾਲ ਪੁੱਛਿਆ

-"ਕੁਛ ਹੋਵੇ ਬਾਈ ਜੀ...! ਰਾਤ ਦੇ ਨੇ ਡੱਕਾ ਨ੍ਹੀ ਖਾਧਾ! ਉਹ ਤਾਂ ਜਿਉਂਦੀ ਰਹੇ ਬੁੱਢੀ ਗੋਰੀ-ਜੀਹਨੇ ਮੈਨੂੰ ਭੁੱਖੇ ਤਿਹਾਏ ਨੂੰ ਕੋਲਾ ਪੀਣ ਨੂੰ ਦਿੱਤਾ! ਰੱਬ ਉਹਨੂੰ ਰਾਜ਼ੀ ਖ਼ੁਸ਼ੀ ਰੱਖੇ! ਜਿਉਂਦੀ ਵਸਦੀ ਰਹੇ ਵਿਚਾਰੀ...!" ਹਰਦੇਵ ਦੀਆਂ ਆਂਦਰਾਂ ਅਸੀਸਾਂ ਦੇਈ ਜਾ ਰਹੀਆਂ ਸਨ

-"ਲੈ ਛਕ ਵੀਰਿਆ! ਮੇਰੇ ਕੋਲ਼ੇ ਤਾਂ ਐਹੋ ਜਿਆ ਕੁਛ ਈ ਮਿਲੂ ਮਿੱਤਰਾ! ਰੋਟੀ ਰਾਟੀ ਮੈਥੋਂ ਨ੍ਹੀ ਪੱਕਦੀ-ਕਦੇ ਕਦੇ ਐਤਵਾਰ ਨੂੰ ਗੁਰਦੁਆਰੇ ਜਾ ਕੇ ਲੰਗਰ ਛਕ ਆਈਦੈ ਤੇ ਰੋਟੀ ਆਲ਼ੀ ਭਾਲ਼ ਪੂਰੀ ਹੋ ਜਾਂਦੀ ਐ-ਕਾਹਨੂੰ ਸਰਦੈ ਬਾਈ ਸਿਆਂ ਰੋਟੀ ਬਿਨਾ ਆਪਣਾ ਪੰਜਾਬੀਆਂ ਦਾ?" ਫ਼ੌਜੀ ਨੇ ਉਸ ਨੂੰ ਆਂਡੇ ਤੜਕ ਦਿੱਤੇਟੋਸਟ ਬਰੈੱਡ ਅੱਗੇ ਰੱਖ ਦਿੱਤੀਫ਼ੌਜੀ ਇਨਸਾਨੀਅਤ ਨੂੰ ਪ੍ਰੇਮ ਕਰਨ ਵਾਲਾ ਬੰਦਾ ਸੀ'ਗਿੱਦੜਮਾਰ' ਬੰਦਿਆਂ ਨੂੰ ਉਹ ਦਿਲੋਂ ਘ੍ਰਿਣਾ ਕਰਦਾ

-"ਧੰਨ ਐਂ ਬਾਈ ਫ਼ੌਜੀਆ...! ਆਪਾਂ ਨੂੰ ਤਾਂ ਇਹ ਹੀ ਛੱਤੀ ਪਦਾਰਥ ਐ!" ਭੁੱਖਾ ਹਰਦੇਵ ਖਾਣੇ ਨੂੰ ਟੁੱਟ ਕੇ ਪੈ ਗਿਆਫ਼ੌਜੀ ਦੇ ਮਨ ਨੂੰ ਕੁਝ ਤਸੱਲੀ ਮਹਿਸੂਸ ਹੋਈਭੁੱਖੇ ਦਾ ਮੂੰਹ ਗੁਰੂ ਦੀ ਗੋਲਕਹਰਦੇਵ ਨੂੰ ਖਾਣਾ ਖੁਆ ਕੇ ਉਸ ਨੇ ਭਾਂਡੇ ਚੁੱਕ ਲਏ

-"ਤੂੰ ਹਰਦੇਵ ਸਿਆਂ ਅੱਜ ਇਉਂ ਕਰ! ਅੱਜ ਕਰ ਅਰਾਮ! ਤੇ ਕੱਲ੍ਹ ਨੂੰ ਤੇਰਾ ਕੋਈ ਨਾ ਕੋਈ ਬੰਨ੍ਹ ਸੁੱਬ ਕਰਾਂਗੇ-ਮੈਂ ਚੱਲਿਐਂ ਹੁਣ ਕੰਮ 'ਤੇ-ਤੇ ਤੂੰ ਮਾਰ ਲੇਟਾ...!" ਫ਼ੌਜੀ ਨੇ ਆਖਿਆ

-"ਤੂੰ ਬਾਈ ਫ਼ੌਜੀਆ ਕਿੰਨੇ ਕੁ ਵਜੇ ਆਵੇਂਗਾ...?"

-"ਮੈਂ ਆਜੂੰ ਕੋਈ ਪੰਜ ਕੁ ਵਜੇ ਦੇ ਏੜ ਗੇੜ! ਤੂੰ ਘਰੇ ਈ ਰਹੀਂ ਕਿਤੇ ਜਾਈਂ ਨਾ!"

-"ਮੈਂ ਤਾਂ ਬਾਈ ਕਿੱਥੇ ਜਾਣੈਂ-!"

-"ਚਾਹ ਚੂਹ ਦਾ ਸਮਾਨ ਕਿਚਨ 'ਚ ਪਿਐ-ਜੇ ਲੋੜ ਪਈ ਤਾਂ ਬਣਾ ਲਈਂ-ਹੀਟਰ ਬੰਦ ਕਰਨਾ ਨਾ ਭੁੱਲੀਂ!"

-"ਚੰਗਾ ਬਾਈ...!"

ਫ਼ੌਜੀ ਆਪਣਾ ਸੰਦ ਵਲੇਂਵਾਂ ਲੈ ਕੇ ਕੰਮ 'ਤੇ ਚਲਾ ਗਿਆ

ਹਰਦੇਵ ਫ਼ੌਜੀ ਵਾਲੇ ਬੈੱਡ 'ਤੇ ਹੀ ਕੰਬਲ਼ ਲੈ ਕੇ ਪੈ ਗਿਆ

ਦੋ ਰਾਤਾਂ ਦਾ ਅਨੀਂਦਰਾ ਹੋਰਣ ਕਾਰਨ, ਪੈਣ ਸਾਰ ਹੀ ਉਸ ਨੂੰ ਨੀਂਦ ਨੇ ਦੱਬ ਲਿਆ

****************************************************************

ਚੌਥਾ ਕਾਂਡ ਸਮਾਪਤ...ਅਗਲੇ ਦੀ ਉਡੀਕ ਕਰੋ...