Wednesday, September 9, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 29 (ਆਖ਼ਰੀ)

ਬਾਹਰੋਂ ਦਰਵਾਜੇ 'ਤੇ ਖੜਕਾ ਹੋਇਆਸੁਖਦੇਵ ਸੀਸ਼ਾਇਦ ਰੋਟੀ ਲੈ ਕੇ ਆਇਆ ਸੀ


-"ਬੈਠ ਪ੍ਰੀਤੋ...! ਰੋਟੀ ਖਾ ਕੇ ਜਾਈਂ!" ਹਰਦੇਵ ਬੋਲਿਆ


-"ਵੇ ਮੈਂ ਤਾਂ ਜਾ ਕੇ ਖਾ ਈ ਲੈਣੀਂ ਐਂ, ਦੇਵ...! ਸੱਚ ਜਾਣੀਂ, ਤੇਰੇ ਨਾਲ਼ ਗੱਲਾਂ ਕਰਕੇ ਤਾਂ ਮੇਰੇ ਮਨ ਤੋਂ ਜੁੱਗੜਿਆਂ ਜੁਗਾਂਤਰਾਂ ਦਾ ਭਾਰ ਲਹਿ ਗਿਆ! ਤੂੰ ਰੋਟੀ ਖਾ-ਮੈਂ ਕੱਲ੍ਹ ਨੂੰ ਸਾਝਰੇ ਆਊਂ! ਜੇ ਸ਼ਹਿਰ ਜਾਣਾ ਹੋਇਆ-ਮੈਨੂੰ ਵੀ ਨਾਲ਼ ਲੈ ਚੱਲੀਂ! ਮੈਨੂੰ ਕੰਮ ਐਂ, ਥੋੜ੍ਹਾ ਜਿਆ-ਤੇਰੇ ਆਹਰ ਨਾਲ਼ ਮੈਂ ਵੀ ਸ਼ਹਿਰ ਦੇਖ ਆਊਂ! ਨਾਲ਼ੇ ਤੇਰੇ ਕੋਲ਼ੇ ਕਾਹਦਾ ਲੁੱਕ ਐ? ਮੇਰੇ ਸਹੁਰਿਆਂ ਨੇ ਮੈਨੂੰ ਪੰਜ ਕੁ ਕਿੱਲੇ ਜਮੀਨ ਦੇਤੀ ਸੀ ਵੰਡ ਕੇ! ਬਾਹਲ਼ਾ ਮੂੰਹ ਮੈਂ ਵੀ ਨ੍ਹੀ ਅੱਡਿਆ-ਬਈ ਬਾਧੂ ਮੱਖੀਆਂ ਈ ਪੈਣਗੀਆਂ? ਬਣਦੀ ਤਾਂ ਮੇਰੀ ਅੱਠ ਕਿੱਲੇ ਸੀ! ਪਰ ਮੈਂ ਪੰਜਾਂ 'ਤੇ ਈ ਸਬਰ ਕਰ ਲਿਆ-ਬਈ ਕਿੱਥੇ ਚੱਕ ਕੇ ਲੈ ਜਾਣੀਂ ਐਂ ਜਮੀਨ? ਬੰਦਾ ਤੁਰ ਗਿਆ-ਓਹ ਜਾਣੇਂ, ਸਾਰਾ ਕੁਛ ਆਬਦੇ ਨਾਲ਼ ਈ ਲੈ ਗਿਆ! ਮੈਂ ਨ੍ਹੀ ਜਮੀਨ ਜਮੂਨ ਦਾ ਬਾਹਲ਼ਾ ਲਾਲਚ ਕੀਤਾ-ਜਿੰਨੀ ਅਗਲਿਆਂ ਨੇ ਦੇ ਦਿੱਤੀ-ਬੱਸ ਮੈਂ 'ਗੂਠਾ ਲਾ ਕੇ ਲੈ ਲਈ! ਉਹ ਪੈਲ਼ੀ ਮੈਂ ਠੇਕੇ 'ਤੇ ਦੇ ਦਿੰਨੀ ਐਂ-ਤੇ ਮੇਰਾ ਖਰਚਾ ਬਰਚਾ ਤੁਰੀ ਜਾਂਦੈ-ਉਹਦਾ ਠੇਕਾ ਲੈਣ ਜਾਣੈਂ! ਜੇ ਤੇਰੇ ਕੋਲ਼ੇ ਟੈਮ ਹੋਇਆ? ਆਪਾਂ ਇਹ ਕੰਮ ਜਰੂਰ ਕਰ ਕੇ ਆਉਣੈਂ! ਨਹੀਂ ਮੈਨੂੰ ਐਥੋਂ ਕਿਸੇ ਜੁਆਕ ਨੂੰ ਨਾਲ਼ ਲਿਜਾਣਾ ਪਊ-ਤੇਰੇ ਨਾਲ਼ ਤਾਂ ਮਿਲਟ 'ਚ ਕੰਮ ਨਿੱਬੜਜੂ! ਬੰਦਿਆਂ ਦੇ ਈ ਭਾਅ ਹੁੰਦੇ ਐ, ਦੇਵ!"


-----


ਸੁਖਦੇਵ ਰੋਟੀ ਲੈ ਕੇ ਹੀ ਆਇਆ ਸੀ


ਸ਼ਾਮ ਗੂੜ੍ਹੀ ਹੋ ਚੱਲੀ ਸੀ


-"ਤੂੰ ਕੱਲ੍ਹ ਨੂੰ ਇਉਂ ਕਰੀਂ ਨਿੱਕਿਆ...!" ਰੋਟੀ ਖਾਂਦੇ ਹਰਦੇਵ ਨੇ ਆਖਿਆ


-"ਬੋਲ ਬਾਈ...?"


-"ਕੀ ਨਾਂ ਐਂ ਆਪਣੇ ਵੱਡੇ ਮੁੰਡੇ ਦਾ?"


-"ਵੱਡੇ ਦਾ ਨਾਂ ਰਮਣੀਕ ਐ-ਤੇ ਛੋਟੇ ਦਾ ਸਿਮਰਨ!"


-"ਕਾਲਜ, ਰਮਣੀਕ ਈ ਪੜ੍ਹਦੈ?"


-"ਹਾਂ, ਰਮਣੀਕ ਈ ਪੜ੍ਹਦੈ...!"


-"ਕੱਲ੍ਹ ਨੂੰ ਜਾ ਕੇ ਉਹਨੂੰ ਹਫ਼ਤੇ ਕੁ ਦੀ ਛੁੱਟੀ ਦਿਵਾ ਕੇ ਲਿਆ।"


-"ਚਲਿਆ ਜਾਨੈਂ-।"


-"ਤੇ ਹੁਣ ਜਾਹ...! ਨ੍ਹੇਰਾ ਨਾ ਕਰ!" ਉਸ ਨੇ ਰੋਟੀਆਂ ਵਾਲ਼ਾ ਟਿਫ਼ਨ ਬੰਦ ਕਰਦਿਆਂ ਕਿਹਾ


-"ਤੂੰ ਬਾਈ, ਰੋਟੀ ਖੇਤ ਆ ਕੇ ਈ ਕਿਉਂ ਨ੍ਹੀ ਖਾ ਲਿਆ ਕਰਦਾ?"


-"ਕਿਉਂ...? ਲਿਆਉਣ ਦੀ ਤਕਲੀਫ਼ ਹੁੰਦੀ ਐ?" ਹਰਦੇਵ ਹੱਸਿਆ


-"ਨਹੀਂ, ਤਕਲੀਫ਼ ਤਾਂ ਕਾਹਦੀ ਐ? ਇਸ ਬਹਾਨੇ ਬੰਦਾ ਗੱਲਾਂ ਬਾਤਾਂ ਵੀ ਕਰ ਲੈਂਦੈ?"


-"ਜਿਗਰਾ ਰੱਖ...! ਦੋ ਚਾਰ ਕੰਮ ਐਂ! ਉਹ ਸਿਰੇ ਚਾੜ੍ਹਨ ਤੋਂ ਬਾਅਦ, ਬਥੇਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ।"


ਸੁਖਦੇਵ ਤੁਰ ਗਿਆ


-----


ਦੁੱਧ ਪੀ ਕੇ ਹਰਦੇਵ ਪੈ ਗਿਆਅੱਜ ਉਹ ਪ੍ਰੀਤੋ ਅੱਗੇ ਦਿਲ ਦੀ ਗੱਲ ਰੱਖ, ਹੌਲ਼ਾ ਹੋ ਗਿਆ ਸੀਪ੍ਰੀਤੋ ਮਿਲਣ ਤੋਂ ਪਹਿਲਾਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਹਨ੍ਹੇਰ ਗੁਬਾਰ ਹੀ ਦਿਸਦਾ ਸੀਪਰ ਅੱਜ ਉਸ ਨੂੰ ਜ਼ਿੰਦਗੀ ਹੁਸੀਨ ਨਜ਼ਰ ਆਉਣ ਲੱਗ ਪਈ ਸੀਉਸ ਨੇ ਅਕਹਿ ਆਨੰਦ ਵਿਚ ਅੱਖਾਂ ਬੰਦ ਕਰ ਲਈਆਂਅੱਜ ਉਸ ਨੂੰ ਪ੍ਰੀਤੋ ਦੇ ਨੈਣ 'ਬਹਿਜਾ-ਬਹਿਜਾ' ਕਰਦੇ ਨਜ਼ਰ ਆਉਂਦੇ ਸਨਭਾਵੇਂ ਪ੍ਰੀਤੋ ਦੀ ਉਹ, ਪਹਿਲਾਂ ਵਾਲ਼ੀ ਗੱਲ ਤਾਂ ਨਹੀਂ ਰਹੀ ਸੀਪਰ ਦਿਲਾਂ ਦੇ ਪਿਆਰ ਦਾ ਦੁੱਧ, ਯਾਦਾਂ ਦਾ ਜਾਗ ਲਾ, ਹੁਣ ਜੰਮ ਕੇ ਫੁੱਟ ਬਣ ਗਿਆ ਸੀਉਸ ਫ਼ੁੱਟ ਨੂੰ ਸਿਰਫ਼ ਪ੍ਰੇਮ ਭਾਵਨਾ ਦੀ ਮਧਾਣੀ ਦੇ ਚਾਰ ਗੇੜਿਆਂ ਦੀ ਲੋੜ ਸੀਫਿਰ ਉਸ ਵਿਚੋਂ ਸਿਰਫ਼ ਰਤਨ ਹੀ ਰਤਨ ਨਿਕਲਣੇ ਸਨ ਅਤੇ ਨਵੀਂ ਰੰਗੀਨ ਦੁਨੀਆਂ ਨੇ 'ਝਾਤ' ਆਖਣੀਂ ਸੀਖੇੜੇ ਦੀਆਂ ਕਿਰਨਾਂ ਨੇ ਉਸ ਦਾ ਬੇਆਬਾਦ ਪਿਆ, ਵਿਹੜਾ ਭਰ ਦੇਣਾ ਸੀਮੈਂ ਪ੍ਰੀਤੋ ਨੂੰ ਇਤਨਾ ਮੋਹ ਅਤੇ ਖ਼ੁਸ਼ੀ ਦਿਆਂਗਾ, ਕਿ ਉਸ ਦੀ ਰਹਿੰਦੀ ਜ਼ਿੰਦਗੀ ਸਵਰਗ ਬਣ ਜਾਵੇਗੀਚਾਹੇ ਹੁਣ ਅਸੀਂ ਬੁੜ੍ਹਾਪੇ ਵਿਚ ਪ੍ਰਵੇਸ਼ ਹੋ ਗਏ ਹਾਂਪਰ ਬੁੜ੍ਹਾਪੇ ਵਿਚ ਕਿਹੜਾ ਪਿਆਰ ਨਹੀਂ ਕੀਤਾ ਜਾ ਸਕਦਾ? ਪਿਆਰ ਕੋਈ ਰੇਹ ਦਾ ਗੱਡਾ ਨਹੀਂ, ਜਿਹੜਾ ਬੁੜ੍ਹਾਪੇ ਵਿਚ ਲੱਦਿਆ ਨਹੀਂ ਜਾਣਾ? ਪਿਆਰ ਇਕ ਮਮਤਾ ਹੈ, ਇਕ ਭਾਵਨਾ ਹੈ, ਜੋ ਕਦੇ ਵੀ, ਕਿਸੇ ਵੀ ਉਮਰ ਨੂੰ, ਜਾਂ ਕਿਸੇ ਵੀ ਉਮਰ ਵਿਚ ਕੀਤਾ ਜਾ ਸਕਦਾ ਹੈ! ਯਾਦਾਂ ਦੇ ਸਮੁੰਦਰ ਵਿਚ ਵਹਿੰਦੇ ਹਰਦੇਵ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਆ ਘੇਰਿਆਉਸ ਦੇ ਘੁਰਾੜ੍ਹੇ ਬੇਨੇਰੇ ਟੱਪ ਰਹੇ ਸਨਉਹ ਬੇਫਿਕਰੀ ਵਿਚ ਅਹਿਲ ਪਿਆ ਸੀਪ੍ਰੀਤੋ ਦੀ ਮਿੱਠੀ-ਮਿੱਠੀ ਯਾਦ ਨੂੰ ਬਾਂਹਾਂ ਵਿਚ ਸਮੋਈ


----


ਸਵੇਰੇ ਪਾਠੀ ਸਿੰਘ ਦੀ ਮਿੱਠੀ ਸੁਰ ਨਾਲ਼ ਹਰਦੇਵ ਦੀ ਜਾਗ ਖੁੱਲ੍ਹੀ


ਪਾਠੀ ਸਿੰਘ ਨੇ ਹੁਕਮਨਾਮਾ ਲਿਆ



ਰਾਗੁ ਬਿਹਾਗੜਾ ਮਹਲਾ 4


ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ


ਹਾਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਇ ਰਾਮ।।


ਮਨੁ ਸੁਕਾ ਹਰਿਆ ਹਰਿਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ।।


ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮ ਸਮਾਏ ਰਾਮ।।....



ਹਰਦੇਵ ਉਠ ਕੇ ਬੈਠ ਗਿਆਉਸ ਨੇ ਪਿਛਲੀ ਨਿੰਮ ਨਾਲੋਂ ਦਾਤਣ ਤੋੜ ਲਈਦਾਤਣ ਕਰ ਕੇ ਅਤੇ ਫਿਰ ਨਹਾ ਕੇ ਉਹ ਗੁਰਦੁਆਰੇ ਚਲਾ ਗਿਆਪਤਾ ਨਹੀਂ ਕਿੰਨਾ ਚਿਰ ਉਹ ਗੁਰੂ ਤਾਬਿਆ ਵਿਚ ਬੈਠਾ ਧੁਰ ਕੀ ਬਾਣੀਂ ਸਰਵਣ ਕਰਦਾ ਰਿਹਾਫਿਰ ਆਸਾ ਦੀ ਵਾਰ ਦਾ ਕੀਰਤਨ ਹੋਇਆਪਵਿੱਤਰ ਗੁਰਬਾਣੀ ਅਤੇ ਕੀਰਤਨ ਕਿਰਪਾ ਸਦਕਾ ਉਸ ਦੇ ਕੰਨਾਂ ਵਿਚ ਕੋਈ ਗ਼ੈਬੀ ਅੰਮ੍ਰਿਤ ਰਸ ਘੁਲ਼ਦਾ ਜਾ ਰਿਹਾ ਸੀਅੱਜ ਜ਼ਿੰਦਗੀ ਵਿਚ ਉਸ ਨੂੰ ਪਹਿਲੀ ਵਾਰ ਇੰਜ ਮਹਿਸੂਸ ਹੋਇਆਜਿਵੇਂ ਉਹ ਕੋਈ ਸਵਰਗੀ ਨਜ਼ਾਰਾ ਮਾਣ ਰਿਹਾ ਹੋਵੇ! ਬੱਦਲ਼ਾਂ 'ਤੇ ਬੈਠ ਉਡ ਰਿਹਾ ਹੋਵੇ! ਉਸ ਦੀ ਤਪਦੀ ਆਤਮਾ ਸੀਤ-ਸੀਤ ਹੁੰਦੀ ਜਾ ਰਹੀ ਸੀਉਸ ਨੂੰ ਅਕਹਿ ਆਤਮਿਕ ਆਨੰਦ ਮਿਲਿਆ ਸੀਬਲ਼ਦੀ ਧੁਖ਼ਦੀ ਅਤੇ ਭੜਕਦੀ ਆਤਮਾ ਨੇ ਜਿਵੇਂ ਪਹਿਲੀ ਵਾਰ ਕੋਈ ਸਥਿਰਤਾ ਪਕੜੀ ਸੀਦੁਨੀਆਂ ਦੇ ਝਮੇਲਿਆਂ ਦੇ ਸਾਗਰ ਦੀਆਂ ਕਪੜਛੱਲਾਂ ਵਿਚ ਡੁੱਬਦਿਆਂ, ਉਸ ਨੂੰ ਪਹਿਲੀ ਵਾਰ ਕੋਈ ਕਿਨਾਰਾ ਨਜ਼ਰੀਂ ਪਿਆ ਸੀਗੁਰਦੁਆਰਿਓਂ ਹੀ ਉਸ ਨੇ ਚਾਹ ਪੀਤੀ ਅਤੇ ਦੇਗ ਲੈ ਕੇ ਘਰੇ ਆ ਗਿਆ


-----


ਸੂਰਜ ਚੜ੍ਹਨ ਸਾਰ ਹੀ ਪ੍ਰੀਤੋ ਆ ਗਈਹੱਥ ਵਿਚ ਉਸ ਦੇ ਚਾਹ ਵਾਲ਼ੀ ਗੜਵੀ ਸੀਇਕ ਹੱਥ ਵਿਚ ਸਟੀਲ ਦਾ ਗਿਲਾਸ ਫੜਿਆ ਹੋਇਆ ਹੋਇਆ ਸੀ


-"ਅਜੇ ਹੁਣੇਂ ਈ ਉਠਿਐਂ?" ਉਸ ਨੇ ਗੜਵੀ ਵਿਚੋਂ ਚਾਹ ਪਾਉਂਦੀ ਨੇ ਪੁੱਛਿਆ


-"ਨਹੀਂ, ਮੈਂ ਤਾਂ ਉਠਿਐਂ ਕੋਈ ਚਾਰ ਵਜੇ ਦਾ!"


-"ਚਾਰ ਵਜੇ ਦਾ...? ਜੈ ਖਾਣੀਂ, ਕੋਈ ਨ੍ਹਾਈ ਧੋਈ ਕਰਨੀਂ ਸੀ?"


ਹਰਦੇਵ ਹੱਸ ਪਿਆ


-"ਨ੍ਹਾਈਆਂ ਧੋਈਆਂ ਅਜੇ ਮੈਂ ਕਰੀ ਜਾਊਂਗਾ? ਹੁਣ ਤਾਂ ਅੱਗੇ ਜਾ ਕੇ ਨ੍ਹਾਈ ਧੋਈ ਹੋਊ, ਪ੍ਰੀਤੋ!"


-"ਨਿਰਨੇ ਕਾਲ਼ਜੇ ਤਾਂ ਕੋਈ ਚੱਜ ਦਾ ਬਚਨ ਕੱਢਲਾ, ਮੂੰਹੋਂ!"


-"ਸਵੇਰੇ ਉਠ ਕੇ ਗੁਰਦੁਆਰੇ ਗਿਆ ਸੀ-ਆਹ ਲੈ ਦੇਗ਼!"


-"ਆਹ ਤਾਂ ਤੂੰ ਬੜਾ ਵਧੀਆ ਕੀਤਾ-ਧੰਨ ਵਾਹਿਗੁਰੂ...!" ਉਸ ਨੇ ਦੇਗ ਲੈ ਲਈ


-"ਪ੍ਰੀਤੋ...! ਤੇਰਾ ਅੰਮ੍ਰਿਤ ਛਕਣ ਬਾਰੇ ਕੀ ਖ਼ਿਆਲ ਐ?" ਉਸ ਨੇ ਚਾਹ ਪੀਂਦਿਆਂ ਪੁੱਛਿਆ


-"ਵੇ ਦੇਵ! ਸੱਚ ਜਾਣੀਂ, ਮੈਂ ਤਾਂ ਕਦੋਂ ਦੀ ਫਿਰਦੀ ਐਂ...! ਪਰ ਕੋਈ ਬਿਧ ਈ ਨ੍ਹੀ ਬਣੀਂ! ਓਸ ਗੱਲ ਦੇ ਆਖਣ ਮਾਂਗੂੰ, ਕਰਮ ਮਾੜੇ...?"


-"ਛੱਡ ਕਰਮਾਂ ਨੂੰ...! ਚੱਲ ਆਪਾਂ ਦੋਵੇਂ ਛਕਦੇ ਐਂ! ਨਾਲ਼ੇ ਤੂੰ ਮੇਰੀ ਕੱਲ੍ਹ ਆਲ਼ੀ ਬਾਤ 'ਤੇ ਕੋਈ ਕੰਨ ਧਰਿਆ? ਜਾਂ ਮੈਂ ਐਵੇਂ ਈ ਜਰਬਾਂ ਤਕਸੀਮਾਂ ਕਰਦਾ ਰਿਹਾ?"


-"ਸੋਚਦੀ ਤਾਂ ਦੇਵ ਮੈਂ ਵੀ ਤੇਰੇ ਆਲ਼ੀ ਗੱਲ ਈ ਐਂ! ਸੱਚ ਜਾਣੀਂ, ਜੁਆਨੀ ਦੇ ਵੇਲੇ ਤਾਂ ਰੁਲ਼ ਖੁਲ਼ ਕੇ ਕੱਢ ਲਏ-ਪਰ ਗੱਲ ਤੇਰੀ ਸੱਚੀ ਐ! ਬੁੜ੍ਹਾਪੇ 'ਚ ਮੰਜੇ 'ਤੇ 'ਕੱਲੇ ਪਏ ਕੁੱਤੇ ਮਾਂਗੂੰ ਚੂਕੀ ਜਾਮਾਂਗੇ! ਪਰ ਗੱਲ ਇੱਕ ਹੋਰ ਐ!"


-"ਉਹ ਕੀ...? ਹੁਣ ਕੋਈ ਨਵਾਂ ਸੱਪ ਨਾ ਟੋਕਰੇ ਹੇਠੋਂ ਕੱਢ ਲਈਂ?"


-"ਵੇ ਨਹੀਂ ਕੱਢਦੀ! ਮੈਨੂੰ ਕਿਸੇ ਸ਼ਹਿਰ ਸ਼ੂਹਰ ਭਾਵੇਂ ਲੈ ਚੱਲੀਂ-ਪਰ ਮੈਂ ਤੇਰੇ ਬਲੈਤ ਬਲੂਤ ਜਮਾਂ ਨ੍ਹੀ ਜਾਣਾ-ਤੇ ਨਾ ਰਹਾਂ ਪਿੰਡ 'ਚ! ਸੱਚ ਜਾਣੀਂ, ਲੋਕਾਂ ਦੀਆਂ ਭੈੜ੍ਹੀਆਂ ਝਾਕਣੀਆਂ ਮੈਥੋਂ ਤਾਂ ਨ੍ਹੀ ਜਰੀਆਂ ਜਾਣੀਆਂ! ਬਥੇਰੇ ਹਨੋਰੇ ਸਹੇ ਲੋਕਾਂ ਦੇ!"


-"ਆਪਾਂ ਪਿੰਡ ਰਹਿਣਾ ਈ ਨ੍ਹੀ-ਤੇ ਨਾ ਰਹਿਣੈਂ ਵਲੈਤ! ਆਪਾਂ ਆਹ ਘਰ ਤਾਂ ਰੱਖਾਂਗੇ, ਇਉਂ ਈ! ਇਹਨੂੰ ਤਾਂ ਨ੍ਹੀ ਮੈਂ ਆਬਦੇ ਮਰਨ ਤੱਕ ਵੇਚਦਾ! ਪਿੱਛੋਂ ਜੋ ਰੱਬ ਨੂੰ ਮਨਜੂਰ! ਆਪਾਂ ਸ਼ਹਿਰ ਇਕ ਕੋਠੀ ਲੈ ਲਾਂਗੇ-ਉਥੇ ਰਹਾਂਗੇ! ਤੇ ਛੇ ਕੁ ਮਹੀਨਿਆਂ ਬਾਅਦ ਮਾਰਿਆ ਕਰਾਂਗੇ ਵਲੈਤ ਗੇੜਾ?"


-"ਇਹ ਗੱਲ ਸਰਾਸਰ ਝੂਠੀ...! ਮੈਂ ਆਹ ਉਮਰ ਜਹਾਜ ਚੜ੍ਹਦੀ ਚੰਗੀ ਲੱਗੂੰ? ਮੈਨੂੰ ਤਾਂ ਜਹਾਜ ਆਲ਼ੇ ਦੇਖ ਕੇ ਭੱਜ ਜਾਣਗੇ? ਬਈ ਆਹ ਪੇਂਡੂ ਬੇਬੇ ਪਤਾ ਨ੍ਹੀ ਕੌਣ ਆਗੀ?" ਪ੍ਰੀਤੋ ਨਾਲ਼ ਹਰਦੇਵ ਵੀ ਹੱਸ ਪਿਆ


-"ਆਪਾਂ ਆਪਣੇ ਮਕਾਨਾਂ ਦਾ ਕਿਰਾਇਆ ਵਸੂਲਣੈਂ-ਤੇ ਦੋ ਤਿੰਨ ਮਹੀਨੇ ਉਥੇ ਰਹਿ ਕੇ ਮੁੜ ਆਇਆ ਕਰਾਂਗੇ!"


-"ਤੇ ਅੰਮ੍ਰਿਤ ਬਾਰੇ ਤੂੰ ਫਿਰ ਚੁੱਪ ਈ ਵੱਟ ਗਿਆ? ਕਿਤੇ ਫੇਰ ਤਾਂ ਨ੍ਹੀ ਮਨ ਮੋੜ ਲਿਆ? ਮਨ ਬੜਾ ਸ਼ੈਤਾਨ ਹੁੰਦੈ!"


-"ਛਕਣਾ ਕਿੱਥੋਂ ਐਂ?"


-"ਜਿੱਥੋਂ ਮਰਜੀ ਹੋਇਆ! ਅੰਮ੍ਰਿਤ ਤਾਂ ਗੁਰੂ ਕਲਗੀਆਂ ਆਲ਼ੇ ਦਾ ਈ ਐ?"


-"ਆਪਾਂ ਇਉਂ ਕਰਦੇ ਐਂ! ਹਜੂਰ ਸਾਹਿਬ ਚੱਲਦੇ ਆਂ-ਨਾਲ਼ੇ ਦਰਸ਼ਣ ਕਰ ਆਵਾਂਗੇ-ਤੇ ਨਾਲ਼ੇ ਅੰਮ੍ਰਿਤਪਾਨ ਕਰ ਲਵਾਂਗੇ?"


-"ਇਹ ਵੀ ਠੀਕ ਐ! ਜਿਹੜੀ ਆਹ ਜੂਨ ਸੀ-ਉਹ ਤਾਂ ਔਖੀ ਸੌਖੀ ਭੋਗ ਲਈ-ਹੁਣ ਅੱਗਾ ਤਾਂ ਸਮਾਰੀਏ।"


-"ਗੁਰੂ ਵੱਲੋਂ ਤਾਂ ਸੱਚੇ ਹੋ ਜਾਈਏ? ਤੇ ਨਾਲ਼ੇ ਓਥੇ...!"


-"ਕੀ ਓਥੇ? ਤੂੰ ਚੁੱਪ ਜਿਆ ਕਾਹਤੋਂ ਕਰ ਗਿਆ...? ਬੋਲ ਤਾਂ ਸਈ ਕੁਛ!"


-"ਤੇ ਨਾਲ਼ੇ...ਓਥੇ ਆਪਾਂ ਆਨੰਦ ਕਾਰਜ ਕਰਲਾਂਗੇ?"


-"ਵੇ ਦੇਵ...! ਸੱਚ ਜਾਣੀਂ, ਤੂੰ ਤਾਂ ਮਸਤ ਬੋਤੇ ਮਾਂਗੂੰ ਬਾਹਲ਼ੇ ਰੰਗ ਰਾਗ ਬਦਲਦੈਂ! ਮੈਨੂੰ ਤਾਂ ਆਉਂਦੀ ਐ, ਸੰਗ!"


-"ਆਹੋ...! ਤੇਰੀ ਉਮਰ ਈ ਸੰਗਾਊਆਂ ਆਲ਼ੀ ਐ!"


-"ਵੇ ਤੂੰ ਹੁਣ ਚਾਹ ਪੀਣੀਂ ਐਂ? ਜਾਂ ਮੈਥੋਂ ਖੌਸੜੇ ਖਾਣੇ ਐਂ...? ਤੂੰ ਬੁੜ੍ਹਾ ਹੋ ਚੱਲਿਆ-ਪਰ ਤੇਰੀ ਲਿਵਤਰੇ ਖਾਣ ਦੀ ਆਦਤ ਨਾ ਗਈ?"


ਗੱਲਾਂ ਕਰਦਿਆਂ ਨੇ ਉਹਨਾਂ ਰੋਟੀ ਵੇਲ਼ਾ ਕਰ ਦਿੱਤਾ


ਸੁਖਦੇਵ ਰੋਟੀ ਲੈ ਕੇ ਆ ਗਿਆ


-"ਤੂੰ ਗਿਆ ਨ੍ਹੀ ਅੱਜ, ਨਿੱਕਿਆ?"


-"ਕਿੱਥੇ ਬਾਈ...?"


-"ਜਿੱਥੇ ਤੈਨੂੰ ਮੈਂ ਰਾਤ ਆਖਿਆ ਸੀ? ਰਮਣੀਕ ਕੋਲ਼ੇ?"


-"ਓਥੇ ਤੇਰੀ ਭਰਜਾਈ ਨੂੰ ਭੇਜਤਾ, ਮੈਂ! ਮੇਰਾ ਪਿੱਛੇ ਨ੍ਹੀ ਸਰਦਾ ਸੀ।"


-"ਆਪਾਂ ਪਰਸੋਂ ਹਜੂਰ ਸਾਹਿਬ ਜਾਣੈਂ! ਇਕ ਵੱਡੀ ਵੈਨ ਕਿਰਾਏ 'ਤੇ ਆਖ ਦੇਈਂ!"


-"ਉਹ ਤਾਂ ਮੈਂ ਆਪਣੇ ਪਿੰਡ ਆਲ਼ੇ ਫ਼ੌਜੀ ਨੂੰ ਈ ਆਖ ਦਿੰਨੈਂ! ਕਿੰਨੇ ਬੰਦੇ ਐ?"


-"ਬੰਦੇ ਆਪਾਂ ਕਿਹੜੇ ਐਂ? ਦੋ ਤੁਸੀਂ-ਇਕ ਪ੍ਰੀਤੋ ਤੇ ਰਮਣੀਕ! ਪੰਜ ਤਾਂ ਸਾਰੇ ਜਾਣੇ ਐਂ, ਆਪਾਂ? ਪੱਠਿਆਂ ਪੁੱਠਿਆਂ ਦਾ ਜੁਗਾੜ ਕਰ ਚੱਲੀਂ! ਦੋ ਚਾਰ ਦਿਨ ਲੱਗ ਜਾਣੇਂ ਐਂ ਆਪਾਂ ਨੂੰ!"


-"ਉਹ ਕੋਈ ਫਿਕਰ ਨ੍ਹੀ ਬਾਈ...! ਸੀਰੀ ਹੈਗਾ!"


-----


ਪੰਜਵੇਂ ਦਿਨ ਸਾਝਰੇ ਹੀ ਉਹ ਹਜੂਰ ਸਾਹਿਬ ਪਹੁੰਚ ਗਏਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਸਾਰੇ ਅਸਥਾਨਾਂ ਦੇ ਦਰਸ਼ਣ ਕੀਤੇਇਸ਼ਨਾਨ ਕੀਤਾਸਿਆਲ਼ਕੋਟ ਦੇ ਮੂਲ਼ੇ ਖੱਤਰੀ ਦੇ ਆਧਾਰ ਵਾਲ਼ੀ ਜਗਾਹ, ਸ਼ਿਕਾਰ ਘਾਟ ਦੇ ਦਰਸ਼ਣ ਕਰਕੇ ਸਾਰੇ ਹੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ਼ ਭਰ ਗਏਪ੍ਰੀਤੋ ਅਤੇ ਹਰਦੇਵ ਨੇ ਤਾਂ ਅੰਮ੍ਰਿਤਪਾਨ ਕਰਨਾ ਹੀ ਸੀਪਰ ਉਹਨਾਂ ਨੂੰ ਦੇਖ ਕੇ ਰਮਣੀਕ, ਸੁਖਦੇਵ ਅਤੇ ਉਸ ਦੀ ਘਰਵਾਲ਼ੀ ਨੇ ਵੀ ਅੰਮ੍ਰਿਤ ਛਕ ਲਿਆ ਅਤੇ ਸਾਰੇ ਗੁਰੂ ਵਾਲ਼ੇ ਬਣ ਗਏਸਾਰਿਆਂ ਦੀ ਸਹਿਮਤੀ ਨਾਲ਼ ਹੀ ਪ੍ਰੀਤੋ ਅਤੇ ਹਰਦੇਵ ਦਾ ਆਨੰਦ ਕਾਰਜ ਹੋ ਗਿਆ


-"ਲੈ ਪ੍ਰੀਤੋ...! ਅੱਜ ਤੋਂ ਤੇਰਾ ਤੇ ਮੇਰਾ ਆਹ ਪੁੱਤ ਐ, ਰਮਣੀਕ! ਟੇਕ ਗੁਰੂ ਮਹਾਰਾਜ ਅੱਗੇ ਮੱਥਾ! ਕਰ ਗੁਰੂ ਦਾ ਧੰਨਵਾਦ ਤੇ ਗੁਰੂ ਮਹਾਰਾਜ ਤੋਂ ਛੁੱਟੀਆਂ ਲਈਏ!" ਹਰਦੇਵ ਦੇ ਆਖਣ 'ਤੇ ਗੁਰੂ ਹਜੂਰੀ ਵਿਚ ਹੀ ਪ੍ਰੀਤੋ ਨੇ ਰਮਣੀਕ ਨੂੰ "ਆ ਮੇਰਾ ਪੁੱਤ...!" ਆਖ ਬੁੱਕਲ਼ ਵਿਚ ਲੈ ਲਿਆਉਹ ਗੁਰੂ ਦੁਆਰੇ ਆ ਕੇ ਜਿਵੇਂ ਸਾਰੀ ਦੀ ਸਾਰੀ ਭਰਪੂਰ ਹੋ ਗਈ ਸੀਕਿਸੇ ਗੱਲੋਂ ਊਣੀਂ ਨਹੀਂ ਰਹੀ ਸੀਗੁਰੂ ਮਹਾਰਾਜ ਨੇ ਉਸ ਨੂੰ ਸਾਰਾ ਕੁਝ ਹੀ ਤਾਂ ਬਖ਼ਸ਼ ਦਿੱਤਾ ਸੀ! ਉਹ ਸਾਰੇ 'ਅਧੂਰੇ' ਆਏ ਸਨ ਅਤੇ ਹੁਣ ਗੁਰੂ ਲੜ ਲੱਗ ਕੇ 'ਸੰਪੂਰਨ' ਹੋ ਚੱਲੇ ਸਨਹਰਦੇਵ ਅਤੇ ਪ੍ਰੀਤੋ 'ਦੋ ਮੂਰਤ' ਆਏ ਸਨ ਅਤੇ ਹਜੂਰ ਸਾਹਿਬ ਆ ਕੇ ਉਹ 'ਏਕ ਜੋਤਿ' ਬਣ ਚੱਲੇ ਸਨਗੁਰੂ ਨੇ ਉਹਨਾਂ ਨੂੰ ਪੁੱਤਰ ਰਮਣੀਕ ਵੀ ਬਖ਼ਸ਼ ਦਿੱਤਾ ਸੀਸਾਰੇ ਗੁਰੂ ਦਾ ਸ਼ੁਕਰਾਨਾ ਅਤੇ "ਸਤਿਨਾਮੁ - ਵਾਹਿਗੁਰੂ" ਦਾ ਜਾਪ ਕਰਦੇ ਪੰਜਾਬ ਵੱਲ ਨੂੰ ਤੁਰ ਪਏ...! ਜੀਵਨ ਦਾ ਸੰਕਟ ਦੌਰ ਖ਼ਤਮ ਹੋ ਗਿਆ ਸੀ...!


*******


-ਸਮਾਪਤ-