Friday, July 10, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 22

ਅਗਲੇ ਦਿਨ ਐਤਵਾਰ ਦਾ ਦਿਨ ਸੀਰਾਤ ਦੀ ਦਾਰੂ ਨੇ ਉਸ ਦਾ ਸਰੀਰ ਨਿਰਬਲ ਕਰ ਸੁੱਟਿਆ ਸੀਨਿਰਨੇ ਕਾਲਜੇ ਪੀਤੀ ਦਾਰੂ ਨੇ ਅੰਦਰ ਖੁਰਚ ਧਰਿਆ ਸੀਉਸ ਦਾ ਸਾਰਾ ਸਰੀਰ ਟੁੱਟੀ ਜਾ ਰਿਹਾ ਸੀਜਿਵੇਂ ਕਿਸੇ ਨੇ ਡਾਂਗਾਂ ਨਾਲ਼ ਕੁੱਟਿਆ ਹੋਵੇ! ਉਸ ਨੇ ਇਕ ਅੰਡਾ ਬਣਾ ਕੇ ਬਰੇਕਫਾਸਟ ਕੀਤੀਸਵੇਰੇ ਸਵੇਰੇ ਬੀਅਰ ਪੀ ਕੇ ਉਹ ਮੀਤੀ ਦੀ ਨਣਾਨ ਸਰਬਜੀਤ ਦੇ ਘਰ ਨੂੰ ਚੱਲ ਪਿਆਪਤਾ ਨਹੀਂ ਉਸ ਨੂੰ ਸਰਬਜੀਤ ਤੱਕ ਕੀ ਕੰਮ ਸੀ? ਪਤਾ ਨਹੀਂ ਉਹ ਉਸ ਦੇ ਘਰ ਵੱਲ ਕਿਉਂ ਚੱਲ ਪਿਆ ਸੀ? ਬਗੈਰ ਕਿਸੇ ਗੱਲ ਦੇ? ਬਗੈਰ ਸੋਚੇ ਸਮਝੇ!

ਜਦ ਉਸ ਨੇ ਜਾ ਕੇ ਸਰਬਜੀਤ ਦੇ ਘਰ ਦੀ 'ਡੋਰ-ਬੈੱਲ' ਕੀਤੀ ਤਾਂ ਇਕ ਸਤਾਰਾਂ ਅਠਾਰਾਂ ਸਾਲ ਦੇ ਮੁੰਡੇ ਨੇ ਦਰਵਾਜਾ ਖੋਲ੍ਹਿਆ

-"ਤੇਰੀ ਮੰਮ ਘਰੇ ਐ ਬੋਈ...?"

-"ਨਹੀਂ...!" ਉਸ ਨੇ ਬੜਾ ਸੰਖੇਪ ਉਤਰ ਦਿੱਤਾ

-"ਕਿੱਥੇ ਗਈ ਐ?"

-"ਅੰਕਲ, ਵਨ ਮੰਥ, ਇਕ ਮਹੀਨਾ ਹੋ ਗਿਆ-ਕਾਰ ਐਕਸੀਡੈਂਟ ਵਿਚ ਮੰਮ ਦੀਆਂ ਦੋਨੋਂ ਲੈੱਗਸ ਬਰੇਕ ਹੋ ਗਈਆਂ ਸੀ-ਇਕ ਲੈੱਗ ਤਾਂ ਥੋਰੀ ਠੀਕ ਹੋ ਗਈ ਸੀ-ਬੱਟ, ਸੈਕਿੰਡ ਲੈੱਗ ਕੱਟ ਕਰਨੀ ਪਈ...।" ਮੁੰਡੇ ਨੇ ਅੱਧੀ ਅੰਗਰੇਜ਼ੀ ਅਤੇ ਅੱਧੀ ਪੰਜਾਬੀ ਵਿਚ ਖਿਚੜੀ ਜਿਹੀ ਬਣਾ ਕੇ ਹਰਦੇਵ ਅੱਗੇ ਪੇਸ਼ ਕੀਤੀ ਸੀਹਰਦੇਵ ਦਾ ਕਾਲਜਾ ਨਿਕਲ ਗਿਆਸਰਬਜੀਤ ਨੇ ਵੀ ਮੀਤੀ 'ਤੇ ਬੜਾ ਜ਼ੁਲਮ ਕੀਤਾ ਸੀਉਸ ਨੂੰ ਤਾਹਨੇ ਮਿਹਣੇ ਮਾਰੇ ਸਨ ਅਤੇ ਮੈਨੂੰ ਵੀ ਤੁੱਖਣਾਂ ਦੇ ਕੇ ਉਸ ਨਾਲੋਂ ਵੱਖ ਕਰ ਦਿੱਤਾ ਸੀਹੁਣ ਸਿੱਟੇ ਉਹ ਵੀ ਭੁਗਤ ਰਹੀ ਐ!

-"ਡਾਕਟਰਾਂ ਨੇ ਤੇਰੀ ਮੰਮ ਦੀ ਇਕ ਲੱਤ ਕੱਟ ਦਿੱਤੀ?" ਉਸ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚ ਰਹੇ ਸਨ

-"ਯੈੱਸ...! ਆਟੀ ਟੋਲਡ ਯੂ ਔਲਰੈਡੀ! ਮੈਂ ਦੱਸਿਆ ਹੀ ਹੈ-ਇਕ ਲੱਤ ਕੱਟ ਕਰ ਦਿੱਤੀ ਐ-!"

-"ਕਿਹੜੇ ਹੌਸਪੀਟਲ ਐ ਤੇਰੀ ਮੰਮ?"

-"ਕਿੰਗ ਜੌਰਜ ਹੌਸਪੀਟਲ!"

-"ਕਿੰਨਾ ਚਿਰ ਹੋਰ ਰਹੂ?"

-"ਆਈ ਡੋਂਟ ਨੋਅ! ਆਈ ਐੱਮ ਸੌਰੀ...! ਆਈ ਕਾਂਟ ਟੈੱਲ ਯੂ!"

ਹਰਦੇਵ ਮੁੜ ਆਇਆ

ਉਸ ਦਾ ਦਿਮਾਗ ਸੋਚਾਂ ਨਾਲ ਉਪਰੋਥਲ਼ੀ ਹੋਇਆ ਪਿਆ ਸੀ

----

ਹਰਦੇਵ ਦੀ ਮਾਂ ਹਰ ਕੌਰ ਨੇ ਦੀਪ ਤੋਂ ਬੜੇ ਢੰਗ ਅਤੇ ਪਿਆਰ ਨਾਲ਼ ਬਾਹਰ ਜਾਣ ਬਾਰੇ ਪੁੱਛਿਆ

-"ਧੀਏ ਦੀਪ...! ਹੁਣ ਤਾਂ ਤੇਰਾ ਵੀਜਾ ਵੀ ਲੱਗ ਗਿਆ? ਹੁਣ ਤੂੰ ਹਰਦੇਵ ਸਿਉਂ ਕੋਲ਼ੇ ਕਦੋਂ ਜਾਣੈਂ? ਤੀਮੀਂ ਪੁੱਤ ਆਪਣੇ ਬੰਦੇ ਕੋਲ਼ੇ ਈ ਸਜਦੀ ਐ!"

-"ਬੀਜੀ, ਮੈਂ ਤਾਂ ਪਾਪਾ ਜੀ ਨੂੰ ਪੁੱਛ ਕੇ ਈ ਕੁਛ ਦੱਸ ਸਕਦੀ ਐਂ-ਮੈਨੂੰ ਕੋਈ ਪਤਾ ਨਹੀਂ! ਜਦੋਂ ਮੇਰੇ ਪਾਪਾ ਜੀ ਕਹਿਣਗੇ-ਮੈਂ ਚਲੀ ਜਾਊਂਗੀ!" ਉਸ ਨੇ ਬੜੀ ਲਾਪ੍ਰਵਾਹੀ ਨਾਲ਼ ਉਤਰ ਦਿੱਤਾ

-"......।" ਹਰ ਕੌਰ ਜ਼ਹਿਰ ਘੋਲ਼ ਕੇ ਰਹਿ ਗਈਉਸ ਦੇ ਦਿਲ ਵਿਚ ਸੀ ਕਿ ਨੂੰਹ ਉਹ ਇਸ ਘਰ ਦੀ ਹੋਵੇ, ਤੇ ਇੰਗਲੈਂਡ ਜਾਣ ਲਈ ਪੁੱਛੇ ਆਪਣੇ ਕੰਜਰ ਪਿਉ ਤੋਂ? ਉਲਟੇ ਬਾਂਸ ਬਰੇਲੀ ਨੂੰ? ਨੂੰਹਾਂ ਸੱਸ ਸਹੁਰੇ ਨੂੰ ਪੁੱਛਦੀਐਂ ਜਾਂ ਆਪਦੇ ਪਿਉ ਨੂੰ? ਇਹ ਕਿੱਧਰਲਾ ਸਿਧਾਂਤ ਸੀ? ਨੂੰਹਾਂ ਤਾਂ ਸੱਸ ਸਹੁਰੇ ਨੂੰ ਹੀ ਪੁੱਛ ਕੇ ਗੱਲ ਕਰਦੀਐਂ! ਤੇ ਇਹ ਕਾਲ਼ੇ ਮੂੰਹ ਆਲ਼ੀ ਆਬਦੇ ਪਿਉ ਨੂੰ ਪੁੱਛ ਕੇ, ਸਾਨੂੰ ਦੱਸੂ? ਅਸੀਂ ਇਹਦੇ ਪਿਉ ਦੇ ਨੌਕਰ ਐਂ ਨ੍ਹਾਂ...? ਉਸ ਦੇ ਮਨ ਅੰਦਰ ਵਟਣੇ ਚੜ੍ਹ ਰਹੇ ਸਨਕੁੱਤੀ ਕਿੰਨੇ ਗਏ ਗੁਜਰੇ ਘਰ ਦੀ ਐ! ਸੱਸ ਸਹੁਰੇ ਦਾ ਤਾਂ ਇਹਨੂੰ ਕੁਪੱਤੀ ਨੂੰ ਡਰ ਈ ਕੋਈ ਨਹੀਂ! ਚੱਲ, ਜਾਣਾ ਤਾਂ ਇਹਨੇ ਹਰਦੇਵ ਸਿਉਂ ਕੋਲ਼ੇ ਈ ਐ? ਆਪੇ ਇਹਨੂੰ ਸਿੱਧੀ ਕਰ ਲਊ! ਪਤਾ ਤਾਂ ਉਦੋਂ ਲੱਗੂ ਜਦੋਂ ਉਥੇ ਆਬਦੇ ਪਤੰਦਰ ਕੋਲ਼ੇ ਪਹੁੰਚਗੀ! ਉਥੇ ਕਿਹੜੇ ਪਿਉ ਨੂੰ 'ਵਾਜ ਮਾਰੇਂਗੀ ਧਗੜਿਆਂ ਪਿੱਟੀਏ...? ਮਾਰ ਮਾਰ ਲੱਤਾਂ ਉਹਨੇ ਤੇਰੇ ਚੂਕਣੇ ', ਤੇਰੀਆਂ ਸਾਰੀਆਂ ਚਤਰਾਈਆਂ ਕੱਢ ਮਾਰਨੀਐਂ! ਉਹ ਵੀ ਜਾਗਰ ਸਿਉਂ ਦਾ ਖ਼ੂਨ ਐਂ! ਪਰ ਹਰਦੇਵ ਸਿਉਂ ਤਾਂ ਕਹਿੰਦਾ ਸੀ ਬਈ ਉਥੇ ਪੁਲਸ ਤੀਮੀਂ ਨੂੰ ਹੱਥ ਨਹੀਂ ਲਾਉਣ ਦਿੰਦੀ? ਤੇ ਅਗਲੇ ਨੇ ਕਿਹੜਾ ਪੁਲਸ ਨੂੰ ਪੁੱਛ ਕੇ ਤੀਮੀਂ ਕੁੱਟਣੀ ਹੁੰਦੀ ਐ? ਉਥੇ ਕਿਹੜਾ ਇਹਦਾ ਧਗੜਾ ਬਾਪੂ ਬੈਠਾ ਹੋਊਗਾ, ਬਈ ਜੀਹਨੂੰ 'ਵਾਜ ਮਾਰਲੂ...? ਖਾ ਕੇ ਘਸੁੰਨ ਮੂੰਹ 'ਤੇ ਆਪੇ ਮਾੜੇ ਕੁੱਤੇ ਮਾਂਗੂੰ ਚੂਕ ਕੇ ਚੁੱਪ ਕਰ ਜਾਇਆ ਕਰੂ, ਕੁੱਤੀ!

----

ਦੀਪ ਨੇ ਸੁਨੇਹਾਂ ਭੇਜ ਕੇ ਆਪਣੇ ਪਾਪਾ ਜੀ ਦੀ ਕਾਰ ਮੰਗਵਾ ਲਈਡਰਾਈਵਰ ਕਾਰ ਲੈ ਕੇ ਤੁਰੰਤ ਪਹੁੰਚਿਆ ਸੀਦੀਪ ਬਿਨਾ ਕਿਸੇ ਨੂੰ ਕੁਝ ਦੱਸੇ ਪੁੱਛੇ, ਕਾਰ ਵਿਚ ਚੜ੍ਹ ਤੁਰ ਗਈ ਸੀਉਸ ਨੇ ਸੱਸ ਸਹੁਰੇ ਦੇ ਪੈਰੀਂ ਹੱਥ ਵੀ ਨਹੀਂ ਲਾਏ ਸਨ

ਰਾਤ ਨੂੰ ਰੋਟੀ ਖਾਣ ਤੋਂ ਬਾਅਦ ਹਰ ਕੌਰ ਨੇ ਆਪਣੇ ਅੰਦਰ ਛਿੜੇ ਜਹਾਦ ਦੀ ਚੱਕੀ ਜਾਗਰ ਸਿਉਂ ਕੋਲ਼ ਝੋਅ ਲਈ

-"ਕਿੰਨੀ ਕੁੱਤੀ ਐ...! ਸੱਸ ਸਹੁਰੇ ਦੀ ਤਾਂ ਇਹਨੂੰ ਸ਼ਰਮ ਈ ਕੋਈ ਨ੍ਹੀ...! ਨਾ ਕਦੇ ਕੁਛ ਪੁੱਛੇ-ਨਾ ਦੱਸੇ! ਬੱਸ ਆਪਹੁਦਰੀ ਹੋਈ ਫਿਰਦੀ ਐ! ਪੇਕਿਆਂ ਤੋਂ ਕਾਰ ਮੰਗਵਾ ਲੈਂਦੀ ਐ ਤੇ 'ਫਰਰ' ਕਰਕੇ ਭੱਜ ਜਾਂਦੀ ਐ! ਸ਼ਿਕਾਰੀ ਕੁੱਤੀ ਮਾਂਗੂੰ ਪੈਰ ਈ ਨ੍ਹੀ ਧਰਤੀ 'ਤੇ ਲਾਉਂਦੀ? ਲੂਸ ਲੂਸ ਕਰਦੀ ਫਿਰਦੀ ਐ! ਪਤਾ ਨ੍ਹੀ ਕੀ ਦੀਂਹਦੈ ਇਹਨੂੰ? ਸਾਨੂੰ ਤਾਂ ਇਹ ਟਿੱਚ ਈ ਸਮਝਦੀ ਐ! ਪਾ ਕੇ ਸੈਂਡਲ਼ੀਆਂ ਜੀਆਂ-ਵਿਹੜੇ 'ਚ ਚਿੱਤੜ ਹਿਲਾਉਂਦੀ ਫਿਰੂ ਘੋੜਿਆਂ ਦੀ ਰੰਨ! ਬਈ ਤੂੰ ਸੱਸ ਦੀ ਨਹੀਂ ਤਾਂ ਕਾਲ਼ੇ ਮੂੰਹ ਆਲ਼ੀਏ ਆਬਦੇ ਕੰਜਰ ਸਹੁਰੇ ਦੀ ਸ਼ਰਮ ਤਾਂ ਖਾਹ! ਜਿਹੜੀ ਗੱਲ ਕਰੀਏ-ਪਾਪਾ ਜੀ ਨੂੰ ਪੁੱਛ ਕੇ ਦੱਸੂੰ! ਬਈ ਤੇਰਾ ਪਾਪਾ ਸਾਡੇ 'ਤੇ ਮੁਣਛੀ ਲੱਗਿਐ? ਚਲ, ਜਾਣਾ ਤਾਂ ਆਪਣੇ ਹਰਦੇਵ ਕੋਲ਼ੇ ਈ ਐ? ਵਲੈਤ 'ਚ ਕਿਹੜੇ ਭਾਅਪੇ ਨੂੰ ਭਾਲੂ...? ਮੈਂ ਹਰਦੇਵ ਸਿਉਂ ਨੂੰ ਕਹਿਣੈਂ ਬਈ ਇਹਦੇ ਕੁੱਤੀ ਰੰਨ ਦੇ ਸਾਰੇ ਵਲ਼ ਕੱਢ ਕੇ-ਤੱਕਲ਼ਾ ਬਣਾ ਕੇ ਰੱਖੀਂ! ਇਹ ਕੰਜਰੀ ਨਾ ਅੱਖ 'ਚ ਪਾਈ ਰੜਕਜੇ, ਕੁੱਤੀ! ਐਥੇ ਈ ਛੋਛੇ ਕਰ ਕਰਨ ਦਿਖਾਉਂਦੀ ਐ-ਉਥੇ ਸੱਪ ਮਾਂਗੂੰ ਵਲ਼ ਨਾ ਨਿਕਲੇ ਤਾਂ ਮੈਨੂੰ ਆਖੀਂ! ਅਸੀਂ ਸੋਚਦੇ ਐਂ ਬਈ ਕਾਹਨੂੰ-ਕਾਹਨੂੰ...! ਸਾਡਾ ਤਾਂ ਡਰ ਭੌਅ ਈ ਕੋਈ ਨ੍ਹੀ ਇਹਨੂੰ, ਹਰਾਮਦੀ ਨੂੰ!"

-"......।" ਜਾਗਰ ਸਿਉਂ ਹਰ ਕੌਰ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ

-"ਬਈ ਤੇਰਾ ਵੀਜਾ ਲੱਗ ਗਿਐ-ਐਥੇ ਬੈਠੀ ਕੀ ਤੂੰ ਪੀਹਣ ਕਰਦੀਂ ਐਂ? ਦੁੱਧ ਚੁੰਘਣੈਂ ਤੂੰ ਆਬਦੇ ਭਾਅਪੇ ਦਾ? ਆਬਦੇ ਖ਼ਸਮ ਕੋਲ਼ੇ ਦਫ਼ਾ ਹੋ! ਲੂਤ ਲੂਤ ਕਰਦੀ ਫਿਰਦੀ ਐਥੇ ਦੜੀ ਬੈਠੀ ਐਂ-ਜਿਵੇਂ ਛਪਾਰ ਦਾ ਮੇਲਾ ਦੇਖਣਾ ਹੁੰਦੈ! ਅਸੀਂ ਤਾਂ ਭਾਈ ਨਿੱਤ ਛਿੱਤਰ ਖਾਂਦੀਆਂ ਵੀ ਆਬਦੇ ਖਸਮ ਕੋਲ਼ ਨੂੰ ਭੱਜਦੀਆਂ ਸੀ! ਅੱਜ ਕੱਲ੍ਹ ਦੀਆਂ ਪੇਕਿਆਂ ਨੂੰ ਤੀੜ ਦੇ ਲੈਂਦੀਐਂ-ਜਿਵੇਂ ਪੇਕੀਂ ਆਂਡੇ ਰੱਖੇ ਹੁੰਦੇ ਐ! ਇਕ ਇਹਦਾ ਪਿਉ ਚੌਰਾ ਐ-ਬਈ ਕੰਜਰਾ! ਤੂੰ ਇਹਨੂੰ ਝਾਟੇ ਪਿੱਟੀ ਨੂੰ ਮੱਤ ਦੇਹ! ਇਹ ਜੁੰਡੇ ਖਿਲਾਰ ਲੈਂਦੀ ਐ-ਜਿਵੇਂ ਛਿਲਾ ਜਗਾਉਣਾ ਹੁੰਦੈ!"

-"ਇਹ ਪਿਉ ਦੀ ਸਿਰ 'ਤੇ ਚਾੜ੍ਹੀ ਵੀ ਐ-ਹਰਕੁਰੇ!"

-"ਐਹੋ ਜੀ ਦਾ ਲਚੜੇਂਵਾਂ ਮਿਲਟ 'ਚ ਲਹਿ ਜਾਂਦਾ ਹੁੰਦੈ-ਜਦੋਂ ਸਾਰੀ ਸਾਰੀ ਰਾਤ ਖ਼ਸਮ ਨ੍ਹੀ ਟਿਕਣ ਦਿੰਦਾ ਤੇ ਦਿਨੇ ਗੋਹੇ ਕੂੜੇ ਦੇ ਟੋਕਰੇ ਢੋਹਣੇ ਪੈਂਦੇ ਐ! ਐਹੋ ਜੀ ਗਜ ਮਾਂਗੂੰ ਸਿੱਧੀ ਹੋ ਜਾਂਦੀ ਐ! ਵਲ਼ ਤਾਂ ਇਹਦੇ ਹਰਦੇਵ ਸਿਉਂ ਈ ਕੱਢੂਗਾ।"

-"ਵਿਗੜੀ ਤੀਮੀਂ ਦੇ ਕਦੇ ਵਲ਼ ਨ੍ਹੀ ਨਿਕਲਦੇ, ਹਰਕੁਰੇ! ਅੜਬ ਘੋੜੀ ਤੇ ਵਿਗੜੀ ਤੀਮੀ ਕਦੇ ਲੋਟ ਨ੍ਹੀ ਆਉਂਦੀ! ਮੈਨੂੰ ਤਾਂ ਹੋਰ ਫਿਕਰ ਵੱਢ ਵੱਢ ਖਾਈ ਜਾਂਦੈ...!" ਜਾਗਰ ਸਿਉਂ ਨੇ ਗੁਟਾਹਰ ਵਰਗੀ ਅਵਾਜ਼ ਕੱਢੀ

-"ਉਹ ਕਿਹੜਾ...?" ਹਰ ਕੌਰ ਵੀ ਪਿਆਸੇ ਕਾਂ ਵਾਂਗ ਝਾਕੀ

-"ਮੈਂ ਮੀਂਹ ਤੋਂ ਨ੍ਹੀ-ਕਰੰਡ ਤੋਂ ਡਰਦੈਂ! ਮੈਨੂੰ ਤਾਂ ਇਹ ਫਿਕਰ ਐ ਬਈ ਕਿਤੇ ਇਹਦੇ ਕਰਕੇ ਆਪਣੇ ਨਾਲ ਆਪਣਾ ਹਰਦੇਵ ਸਿਉਂ ਵੀ ਫ਼ਤਹਿ ਨਾ ਬੁਲਾਜੇ?"

-"ਇਉਂ ਕਿਵੇਂ ਫ਼ਤਹਿ ਬੁਲਾਜੂ? ਉਹਨੂੰ ਅਸੀਂ ਪਾਲ਼ਿਆ, ਭੜਾਇਆ-!"

-"ਤੀਮੀ ਮਗਰ ਲੱਗ ਕੇ ਬੰਦਾ ਬਹੁਤ ਕੁਛ ਕਰ ਲੈਂਦੈ! ਦੁੱਧ ਤੇ ਬੁੱਧ ਫ਼ਟਦੀ ਦਾ ਪਤਾ ਨ੍ਹੀ ਲੱਗਦਾ!"

-"ਤੂੰ ਤਾਂ ਹੁਣ ਤੱਕ ਮੇਰੇ ਮਗਰ ਲੱਗਿਆ ਨ੍ਹਾਂ...? ਪਿੱਟ ਕੇ ਮਰਗੀ...! ਮੈਂ ਤਾਂ ਸਾਰੀ ਉਮਰ ਧੌੜੀ ਦੀ ਜੁੱਤੀ ਥੱਲੇ ਈ ਕੱਟਿਐ! ਠਿੱਬੇ ਛਿੱਤਰ ਖਾ-ਖਾ ਕੇ ਮੂੰਹ 'ਤੇ ਚਿੱਬ ਪਏ-ਪਏ ਐ!"

-"ਆਪਣਾ ਟੈਮ ਕੁਛ ਹੋਰ ਸੀ...! ਹੁਣ ਦੀਆਂ ਤਾਂ ਸੱਪ ਤੋਂ ਦੀ ਲਿਟਦੀਐਂ...!"

-"ਫੇਰ ਮੇਰੀ ਜਾਣਦੀ ਐ ਜੁੱਤੀ...! ਤੀਮੀਆਂ ਤਾਂ ਉਹਨੂੰ ਹੋਰ ਬੀਹ ਮਿਲ ਜਾਣਗੀਆਂ! ਮਾਂ ਪਿਉ ਕਿੱਥੋਂ ਲਿਆਊ?"

-"ਮੈਂ ਤਾਂ ਪਛਤਾਉਨੈਂ ਆਹ ਰਿਸ਼ਤਾ ਲੈ ਕੇ...!" ਜਾਗਰ ਸਿਉਂ ਨੇ ਸਿਰ ਫੇਰਿਆ

-"ਹੁਣ ਸੱਪ ਤਾਂ ਖੱਡ 'ਚ ਵੜ ਗਿਆ-ਲੀਹ ਕੁੱਟਣ ਦਾ ਕੀ ਫ਼ੈਦਾ? ਮਾੜੇ ਵੇਲ਼ੇ ਪਤਾ ਨ੍ਹੀ ਇਹਨਾਂ ਨੂੰ ਕਿਵੇਂ ਹਾਂ ਕਰਤੀ? ਤੂੰ ਈ ਬਾਹਲ਼ੀ ਪੂਛ ਚੱਕੀ ਵੀ ਸੀ-ਅਖੇ, ਕੁੜੀ 'ਕੱਲੀ 'ਕੱਲੀ ਐ-ਸਾਰੀ ਜੈਦਾਤ ਹਰਦੇਵ ਸਿਉਂ ਨੂੰ ਆਊ! ਮੈਨੂੰ ਤਾਂ ਡਰ ਲੱਗਦੈ ਬਈ ਇਹਦਾ ਲੀਚੜ ਪਿਉ ਸਾਡੇ ਆਲ਼ੀ 'ਚੋਂ ਨਾ ਹਿੱਸਾ ਵੰਡਾ ਲਵੇ?" ਉਸ ਨੇ ਦਿਲ ਦਾ ਅਸਲ ਡਰ ਦੱਸਿਆ

-"ਕਾਹਨੂੰ ਭੈੜ੍ਹੀਆਂ ਗੱਲਾਂ ਸੋਚਦੀ ਐਂ...? ਭੱਜਦਿਆਂ ਨੂੰ ਤਾਂ ਬਾਹਣ ਇੱਕੋ ਜੇ ਹੁੰਦੇ ਐ!"

-"ਅੱਗ ਲੱਗੜੇ ਮਗਰ ਦੇਖ ਤਾਂ ਲੈ...! ਕਤੀੜ੍ਹ ਕਿੰਨੀ ਐਂ? ਨਾਲ਼ੇ ਹੈ ਵੀ ਸਾਰੇ ਈ ਪੁੱਤ ਖਾਣੇ ਦੇ ਅਵਲ਼ੇ ਸਵਲ਼ੇ ਜੇ!"

-"ਚਲ ਬਾਹਲ਼ਾ ਨਾ ਕਲਪ...! ਇਹਨੂੰ ਗੱਦਾਂ ਈ ਯੱਧੀ ਨੂੰ ਕਿਵੇਂ ਨਾ ਕਿਵੇਂ ਦਫ਼ਾ ਕਰ ਤੇ ਰੱਬ 'ਤੇ ਡੋਰੀਆਂ ਰੱਖ! ਤੂੰ ਇਹਦੇ ਨਾਲ਼ ਨਾ ਬਿਗਾੜਲੀਂ! ਮੈਨੂੰ ਤੈਥੋਂ ਡਰ ਲੱਗਦੈ...ਤੇਰੀ ਮੱਤ ਵੀ ਉਖਲ਼ੀ ਕੁੱਟ ਈ ਐ! ਮੁੱਖ ਮੰਤਰੀ ਦੀ ਸਾਹਿਬਜਾਦੀ ਤੂੰ ਵੀ ਹੈਨ੍ਹੀ! ਆਪਣੇ ਕੋਲ਼ੇ ਵੀ ਜੁਗਾੜ ਸਿਉਂ ਅਰਗੇ ਲੱਠਮਾਰ ਬੰਦੇ ਐ-ਜੇ ਲੋੜ ਪਈ ਤਾਂ ਪੰਜ ਸੱਤ ਹਜਾਰ ਦੇ ਕੇ ਸਾਲ਼ੇ ਦਾ ਰੱਸਾ ਖੋਲ੍ਹ ਦਿਆਂਗੇ-ਉਹਨੂੰ ਪੰਜ ਸੱਤ ਹਜਾਰ ਦੇ ਕੇ ਤਾਂ ਚਾਹੇ ਪਾਕਸਤਾਨ ਭੇਜਦੇ-ਜਮਾਂ ਨ੍ਹੀ ਜਰਕਦਾ...! ਤਸੀਲਦਾਰ ਉਹਦੇ ਮੂਹਰੇ ਕੀ ਚੀਜ ਐ? ਤਸੀਲਦਾਰ ਜਿਹੜੇ ਲਬੜਕੱਟੇ ਜੇ ਆਬਦੇ ਨਾਲ਼ ਲਈ ਫਿਰਦੈ ਨ੍ਹਾਂ? ਜਦੋਂ ਸਿਰ 'ਤੇ ਆ ਪੈਂਦੀ ਐ-ਉਦੋਂ ਪੱਤਰੇ ਬਾਚ ਜਾਂਦੇ ਐ! ਪੈਂਦੀਆਂ 'ਚ ਕੋਈ ਨ੍ਹੀ ਮੂਹਰੇ ਖੜ੍ਹਦਾ-ਊਂ ਸੌ ਕੋਈ ਬੋਦੀਆਂ ਖਿਲਾਰੀ ਜਾਵੇ!"

ਉਹਨਾਂ ਸਾਰੀ ਰਾਤ ਬੈਠਿਆਂ ਹੀ ਕੱਢ ਦਿੱਤੀ

-----

ਅਗਲੇ ਦਿਨ ਦੀਪ ਕਾਰ 'ਤੇ ਹੀ ਮੁੜ ਆਈਕਾਰ ਵਿਹੜੇ ਵਿਚ ਖੜ੍ਹੀ ਸੀਦੀਪ ਨੇ ਫਿਰ ਨਾ ਕਿਸੇ ਦੇ ਪੈਰੀਂ ਹੱਥ ਲਾਏ ਅਤੇ ਨਾ ਹੀ ਕਿਸੇ ਨੂੰ ਬਹੁਤਾ ਬੁਲਾਇਆਸੱਸ ਭੁੱਜ ਕੇ ਕੋਲਾ ਹੋਈ ਪਈ ਸੀਪੁੱਛਣਾ ਹੋਵੇ ਬਈ ਇਹ ਕੋਈ ਧਰਮਸਾਲਾ ਐ? ਜਿੱਥੇ ਤੂੰ ਠੁੰਮਕ ਠੁੰਮਕ ਕਰਦੀ ਆ ਵੜਦੀ ਐਂ ਤੇ ਜਦੋਂ ਦਿਲ ਕਰਦੈ, ਖੱਚਰ ਮਾਂਗੂੰ ਰੇਵੀਏ ਪੈ ਜਾਨੀ ਐਂ? ਪਰ ਉਸ ਦੀ ਕੋਈ ਵਾਹ ਨਹੀਂ ਜਾਂਦੀ ਸੀਉਸ ਦਾ ਦਿਲ ਕਰਦਾ ਸੀ ਕਿ ਦੀਪ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਕਰ ਦੇਵੇ...! ਪਰ ਉਹ ਆਲ੍ਹਣੇਂ 'ਚੋਂ ਡਿੱਗੇ ਚਿੜੀ ਦੇ ਬੱਚੇ ਵਾਂਗ ਨਿਤਾਣੀ ਸੀ

ਹਰ ਕੌਰ ਮਨ ਨੂੰ ਸਮਝਾ, ਬੁਝਾ ਕੇ ਦੀਪ ਕੋਲ਼ ਬੈਠ ਗਈਦੀਪ ਬੜੀ ਤੇਜ਼ੀ ਨਾਲ਼ ਆਪਣਾ ਲੀੜਾ-ਲੱਤਾ ਅਤੇ ਗਹਿਣੇ ਗੱਟੇ ਅਟੈਚੀ ਵਿਚ ਪਾ ਰਹੀ ਸੀਉਸ ਨੇ ਸੱਸ ਨੂੰ ਦੇਖ ਤਾਂ ਲਿਆ ਸੀਪਰ ਉਸ ਨੇ ਲਾਪ੍ਰਵਾਹੀ ਵਿਚ ਕੋਈ ਧਿਆਨ ਨਹੀਂ ਦਿੱਤਾ ਸੀਉਹ ਆਪਣੇ ਕੰਮ ਵਿਚ ਹੀ ਮਸ਼ਰੂਫ਼ ਰਹੀ ਸੀ!

-"ਦੀਪ...! ਕੀ ਕਹਿੰਦਾ ਪੁੱਤ ਤੇਰਾ ਭਾਅਪਾ ਜੀ?" ਹਰ ਕੌਰ ਨੇ ਬੜਾ ਨੇੜੇ ਹੋ ਕੇ ਅਪਣੱਤ ਨਾਲ਼ ਪੁੱਛਿਆ

-"ਬੀਜੀ ਪਰਸੋਂ ਰਾਤ ਦੀ ਮੇਰੀ ਫਲਾਈਟ ਐ! ਪਾਪਾ ਜੀ ਕਹਿੰਦੇ ਸੀ ਬਈ ਜੇ ਤਾਂ ਤੁਸੀਂ ਚੜ੍ਹਾਉਣ ਆਉਣੈਂ-ਤਾਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ...! ਨਹੀਂ ਪਾਪਾ ਜੀ ਤੇ ਬੀਜੀ ਤਾਂ ਜਾਣਗੇ ਈ...! ਪਰਸੋਂ ਰਾਤ ਨੂੰ ਮੇਰੀ ਇਕ ਵੀਹ ਦੀ ਫਲਾਈਟ ਐ...!" ਉਸ ਨੇ ਬੜੀ ਬੇਪ੍ਰਵਾਹੀ ਨਾਲ਼ ਦੱਸਿਆ ਤਾਂ ਸੱਸ ਦੇ ਹਾਲਾਤਾਂ ਦੀ ਹੋਰ ਜੱਖਣਾਂ ਪੱਟੀ ਗਈ

-"ਪਰਸੋਂ ਤੇਰੀ ਫਲੈਟ ਐ-ਤੇ ਤੂੰ ਹੁਣ ਆਹ ਕੱਪੜੇ ਜੇ ਬਕਸੇ 'ਚ ਕਾਹਤੋਂ ਪਾਈ ਜਾਨੀ ਐਂ?"

-"ਮੈਂ ਚੱਲੀ ਆਂ ਪਾਪਾ ਜੀ ਤੇ ਬੀਜੀ ਕੋਲੇ...! ਹੁਣ ਮੈਂ ਦੋ ਰਾਤਾਂ ਉਹਨਾਂ ਕੋਲ ਈ ਰਹੂੰਗੀ! ਜੇ ਤੁਸੀਂ ਮੈਨੂੰ 'ਸੀ ਆਫ਼' ਕਰਨਾ ਹੋਇਆ-ਤਾਂ ਤੁਸੀਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ! ਜੇ ਨਹੀਂ ਆਉਣਾ ਤਾਂ ਪਾਪਾ ਜੀ ਕਹਿੰਦੇ ਸੀ ਬਈ ਕੋਈ ਲੋੜ ਵੀ ਨਹੀਂ...! ਬਾਕੀ ਥੋਡੀ ਮਰਜ਼ੀ ਐ...!" ਤੇ ਉਹ ਬਿਨ੍ਹਾ ਕਿਸੇ ਨਾਲ ਹੋਰ ਗੱਲ ਕਰੇ ਅਟੈਚੀ ਰੱਖ ਕਾਰ ਵਿਚ ਬੈਠ ਗਈ

ਉਹਨਾਂ ਦੇ ਮੂੰਹ 'ਤੇ ਧੂੰਏਂ ਦੀ ਕਾਲ਼ਸ ਮਲ਼ਦੀ ਕਾਰ ਤੁਰ ਗਈ

ਹਰ ਕੌਰ ਦਾ ਸਰੀਰ ਵੀ ਧੂੰਆਂ ਛੱਡੀ ਜਾ ਰਿਹਾ ਸੀ

-"ਲੈ...! ਲੈ ਕਰਲਾ ਹਰਦੇਵ ਸਿਉਂ ਦੇ ਬਾਪੂ ਘਿਉ ਨੂੰ ਭਾਂਡਾ...! ਚੋਪੜ ਲੈ ਸਿੰਗ ਇਹਦੇ...! ਪਾ ਲੈ ਇਹਨੂੰ ਸਲਾਮੀ, ਪੜ੍ਹੀ ਲਿਖੀ ਨੂੰਹ ਨੂੰ...! ਟੰਗ ਲੈ ਇਹਨੂੰ ਮੂਰਤ ਬਣਾ ਕੇ ਕੰਧ 'ਤੇ...! ਲਾ ਲੈ ਖਾਂਦੇ ਪੀਂਦੇ ਘਰ ਨਾਲ਼ ਮੱਥਾ...! ਇਹ ਹਰਾਮਦੀ ਸਾਨੂੰ ਬੰਦੇ ਈ ਨ੍ਹੀ ਸਮਝਦੀ! ਟਿੱਚ ਈ ਸਮਝਦੀ ਐ! ਇਹਨੇ ਤਾਂ ਆਪਾਂ ਨੂੰ 'ਕੱਲੀ ਨੇ ਈ ਕਿੱਲੇ ਨਾਲ਼ ਟੰਗਤਾ...? ਜਿਹੜੀ ਦੂਜੀ ਸੁਖਦੇਵ ਆਲ਼ੀ ਆਊ, ਉਹ ਪਤਾ ਨ੍ਹੀ ਕਿਹੜੇ ਪੰਘੂੜੇ ਝੁਟਾਊ...? ਹਾਏ ਲੋਹੜ੍ਹਾ...! ਇਹ ਚਰਮਖ਼ ਜੀ ਆਬਦੇ ਆਪ ਨੂੰ ਸਮਝਦੀ ਕੀ ਐ? ਜਦੋਂ ਬੋਲੂ, ਹਾਏ ਭਾਅਪਾ...! ਜਦੋਂ ਬੋਲੂ, ਹਾਏ ਭਾਅਪਾ...!" ਹਰ ਕੌਰ ਨੇ ਆਪਣੀ ਛਾਤੀ ਪਿੱਟੀ

-"ਹੋਰ ਹੁਣ ਤੇਰੀ ਉਹ ਮਾਲਸ਼ ਕਰੇ...? ਨਾ ਹੋਰ ਹੁਣ ਉਹ ਤੇਰੀਆਂ ਲੱਤਾਂ ਘੁੱਟੂਗੀ...? ਲੱਗਪੀ ਕੀਰਨੇ ਪਾਉਣ, ਭੈਣ ਦੇਣੇ ਦੀਏ ਜੱਭਲ਼ੇ...? ਮੈਂ ਤੇਰੇ ਭਾਅ ਦਾ ਬਾਹਲ਼ਾ ਈ ਬਾਗੋਬਾਗ ਐਂ? ਨ੍ਹਾ ਮੈਂ ਮੋਗੇ ਦੀਆਂ ਤੀਆਂ 'ਚ ਫਿਰਦੈਂ...? ਲੱਗਪੀ ਸਿਆਪੇ ਕਰਨ, ਮਰਾਸਣ ਮਾਂਗੂੰ!"

-"ਪਾ ਲੈ ਪੜ੍ਹੀ ਲਿਖੀ ਨੂੰ ਨਿਉਂਦਾ...!"

-"ਤੂੰ ਹੁਣ ਚੁੱਪ ਨ੍ਹੀ ਕਰਦੀ ਭੈਣ ਦਾ ... ਈ ਯਹਾਵੀਏ! ਹੋਰ ਹੁਣ ਤੂੰ ਪੜ੍ਹੀ ਲਿਖੀ ਤੋਂ ਪੈਂਤੀ ਸਿੱਖਣੀਂ ਐਂ, ਯਾਰਾਂ ਨੂੰ ਖ਼ਤ ਪੱਤਰ ਲਿਖਣ ਆਸਤੇ? ਹੋਰ ਹੁਣ ਉਹ ਤੈਨੂੰ ਫੱਟੀ ਲਿਖਣੀ ਸਿਖਾਵੇ...? ਮਗਜ ਮਾਰਨੋਂ ਨ੍ਹੀ ਹਟਦੀ ਭੈਣ ਦਾ ਚਰਖਾ ਦੇਣੀਂ! ਦੁਖੀ ਕੀਤੇ ਪਏ ਐਂ...! ਦੁਖੀ ਨ੍ਹੀ ਕੀਤੇ ਪਏ, ਇਹਨੇ...?" ਹਰਖ਼ੇ ਜਾਗਰ ਸਿਉਂ ਨੇ ਹਰ ਕੌਰ ਦੇ ਧੌਲ਼ਾਂ ਜੜ ਦਿੱਤੀਆਂਉਹ 'ਦਾਅੜ' ਕਰਦੀ ਮੂਧੇ ਮੂੰਹ ਵਿਹੜੇ ਵਿਚ ਜਾ ਡਿੱਗੀਉਸ ਦੀ ਧੀ ਭਜਨੋਂ ਅੰਦਰ ਵੜ ਗਈ ਸੀਉਹ ਹਰ ਰੋਜ ਦੇ ਕਲੇਸ਼ ਦੀ ਆਦੀ ਹੋਈ ਪਈ ਸੀਸੁਖਦੇਵ ਕਲੇਸ਼ ਤੋਂ ਡਰਦਾ ਘਰੇ ਘੱਟ ਵੱਧ ਹੀ ਆਉਂਦਾ ਸੀਉਹ ਜ਼ਿਆਦਾ ਖੇਤ ਹੀ ਰਹਿੰਦਾਘਰੇ ਬਾਪੂ ਅਤੇ ਬੇਬੇ ਕਾਟੋ ਕਲੇਸ਼ ਕਰਦੇ ਰਹਿੰਦੇ! ਗੁਆਂਢੀ ਵੀ ਉਹਨਾਂ ਵੱਲੋਂ ਘੇਸਲ਼ ਹੀ ਮਾਰ ਛੱਡਦੇ! ਕਿਹੜਾ ਇਹ ਇਕ ਅੱਧੇ ਦਿਨ ਦਾ ਕੰਮ ਸੀ...? ਇਹ ਤਾਂ ਸੁੱਖ ਨਾਲ਼ ਹਰ ਰੋਜ਼ ਦਾ ਧੰਦਾ ਸੀ!

-"ਹਾਏ ਵੇ ਲੋਕੋ ਅਸੀਂ ਪੱਟੇ ਗਏ...!" ਹਰ ਕੌਰ ਵਿਹੜੇ ਵਿਚ ਬੈਠ ਕੇ ਪਿੱਟਣ ਲੱਗ ਪਈਉਹ ਵਾਰ ਵਾਰ ਆਪਣੇ ਢਿੱਡ ਵਿਚ ਦੁਹੱਥੜ ਮਾਰਦੀ ਸੀਜਾਗਰ ਦੇ ਸਿਰ ਨੂੰ ਵੀ ਫ਼ਤੂਰ ਚੜ੍ਹ ਗਿਆਉਸ ਨੇ ਥਾਪੀ ਲੈ ਕੇ ਹਰ ਕੌਰ ਦੀ ਤਹਿ ਲਾ ਦਿੱਤੀਛੋਟੀ ਕੁੜੀ ਨੇ ਅੰਦਰੋਂ ਚੰਘਿਆੜਾਂ ਛੱਡ ਦਿੱਤੀਆਂਗੁਆਂਢੀਆਂ ਨੇ ਆ ਕੇ ਜਾਗਰ ਸਿੰਘ ਨੂੰ ਹਟਾਇਆ

ਹਰ ਕੌਰ ਵਿਹੜੇ ਵਿਚ ਝੋਨੇ ਵਾਂਗ ਝੰਬੀ ਪਈ ਸੀ

ਪਿੰਡ ਇਕੱਠਾ ਹੋ ਗਿਆ ਸੀਪਰ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਪਈ ਸੀ, ਕਿ ਬੁੱਢੇ ਵਾਰੇ ਜਾਗਰ ਸਿਉਂ ਨੇ ਹਰ ਕੌਰ ਪੁਲਸੀਆ ਮਾਰ ਕਿਉਂ ਮਾਰੀ ਸੀ? ਲੋਕ ਮਨ ਵਿਚ ਹੀ ਤਰ੍ਹਾਂ ਤਰ੍ਹਾਂ ਦੇ ਲੱਖਣ ਲਾਉਂਦੇ ਤੁਰ ਗਏ ਸਨਹਰ ਕੌਰ ਵਿਹੜੇ ਵਿਚ ਪਈ ਹੂੰਗਾ ਮਾਰ ਰਹੀ ਸੀਕੁੜੀ ਭਜਨੋਂ ਨੇ ਉਸ ਨੂੰ ਉਠਾ ਕੇ ਮੰਜੇ 'ਤੇ ਪਾਇਆ ਸੀਰੋੜਾ ਗਰਮ ਕਰਕੇ ਸੇਕ ਦਿੱਤਾਹਰ ਕੌਰ ਕਮਲਿਆਂ ਵਾਂਗ ਧੀ ਵੱਲ ਦੇਖ ਰਹੀ ਸੀਜਦ ਉਸ ਨੇ ਫਿਰ ਪਿੱਟਣਾ ਸ਼ੁਰੂ ਕਰ ਦਿੱਤਾ ਤਾਂ ਜਾਗਰ ਸਿੰਘ ਗੁੱਸੇ ਨਾਲ ਹਰਖਿਆ ਬਾਹਰ ਨਿਕਲ ਗਿਆ

-"ਇਹ ਮਰਜੂ ਮੈਥੋਂ, ਸਾਲ਼ੀ...!" ਗਲੀ ਵਿਚ ਤੁਰਿਆ ਜਾਂਦਾ ਉਹ ਬਰੜਾਹਟ ਕਰਦਾ ਜਾ ਰਿਹਾ ਸੀ

ਸਾਰੀ ਰਾਤ ਹਰ ਕੌਰ ਨੂੰ ਨੀਂਦ ਨਾ ਆਈਉਹ ਬਰੜਾਹਟ ਕਰਦੀ ਰਹੀਪੁੱਤ ਬਾਹਰ ਭੇਜਿਆ ਸੀਚੰਗੇ ਘਰ ਵਿਆਹਿਆ ਸੀਪਰ ਨੂੰਹ-ਪੁੱਤ ਦਾ ਸੁਖ ਤਾਂ ਉਸ ਨੂੰ ਨਸੀਬ ਹੀ ਨਹੀਂ ਹੋਇਆ ਸੀ? ਚਲੋ ਪੁੱਤ ਤਾਂ ਪ੍ਰਦੇਸ ਵਿਚ ਸੀਪਰ ਅੱਗ ਲੱਗੜੀ ਨੂੰਹ ਹੀ ਨੂੰਹ ਨਹੀਂ ਬਣੀ ਸੀ? ਕੀ-ਕੀ ਰੰਗਲੇ ਸੁਪਨੇ ਲਏ ਸਨ ਹਰ ਕੌਰ ਨੇ? ਪਰ ਸਾਰੇ ਹੀ ਮਿੱਟੀ ਵਿਚ ਮਿਲ ਗਏ ਸਨ! ਉਸ ਦੇ ਸਰੀਰ ਨੂੰ ਤੋੜ ਲੱਗੀ ਹੋਈ ਸੀਉਹ ਸਾਰੀ ਰਾਤ ਹੀ ਕੁਝ ਨਾ ਕੁਝ ਬੋਲਦੀ ਰਹੀਮਨ ਵਿਚ ਕੀਰਨੇ ਪਾਉਂਦੀ ਰਹੀਉਸ ਦੀਆਂ ਆਸਾਂ ਤਾਂ ਮਿੱਟੀ ਘੱਟੇ ਰੁਲ਼ ਗਈਆਂ ਸਨ

**********

ਬਾਈਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।


No comments: