Monday, June 1, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 18

ਦੋ ਦਿਨ ਤੋਂ ਹਰਦੇਵ ਕੰਮ 'ਤੇ ਨਹੀਂ ਆਇਆ ਸੀ

ਸਰਬਜੀਤ ਦੇਖ ਰਹੀ ਸੀ ਕਿ ਉਸ ਦੇ ਰੱਖੇ ਹੋਏ ਮੁੰਡੇ ਹੀ ਮਾੜਾ ਮੋਟਾ ਕੰਮ ਕਰ ਜਾਂਦੇ ਸਨਪਰ ਹਰਦੇਵ ਨਹੀਂ ਬਹੁੜਿਆ ਸੀਉਸ ਨੇ ਮੁੰਡਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਸੀਬੱਸ "ਪਤਾ ਨਹੀਂ ਜੀ!" ਆਖ ਕੇ ਚੁੱਪ ਹੋ ਗਏ ਸਨ। "ਭੈਣ ਜੀ" ਆਖਣ ਤੋਂ ਉਹਨਾਂ ਨੇ ਸੰਕੋਚ ਹੀ ਰੱਖੀ ਸੀਸਰਬਜੀਤ ਉਸ ਦੀ ਉਡੀਕ ਬੜੀ ਬੇਤਾਬੀ ਨਾਲ਼ ਕਰ ਰਹੀ ਸੀਉਸ ਨੇ ਹਰਦੇਵ ਨੂੰ ਫ਼ੋਨ ਕਰਕੇ ਦੇਖਿਆਕੋਈ ਫ਼ੋਨ ਨਹੀਂ ਚੁੱਕ ਰਿਹਾ ਸੀਉਹ ਸੋਚ ਰਹੀ ਸੀ ਕਿ ਹਰਦੇਵ ਕਿੱਧਰ ਚਲਾ ਗਿਆ ਸੀ? ਕੋਈ ਗੱਲ ਨਾ ਬਾਤ...? ਮੈਂ ਤਾਂ ਉਹਦੀ ਐਨੀ ਪੂਛ ਮਰੋੜੀ ਸੀਪਰ ਉਸ ਪਿਉ ਦੇ ਪੁੱਤ ਨੇ ਕੋਈ ਤਰਾਰੇ ਨਹੀਂ ਦਿਖਾਏ ਸਨਉਹ ਤਾਂ ਮੂਤ ਦੀ ਝੱਗ ਵਾਂਗ ਬੈਠ ਗਿਆ ਸੀ! ਇਹ ਵੀ ਕੋਈ ਬੰਦੈ...? ਜੱਟ ਦਾ ਪੁੱਤ ਹੁੰਦਾ ਹੁਣ ਨੂੰ ਘੁਕਾਹਟ ਪਾ ਦਿੰਦਾ! ਇਹ ਤਾਂ ਖਸਮਾਂ ਨੂੰ ਖਾਣਾ ਨਿਰਾ ਮਿੱਟੀ ਦਾ ਮਾਧੋ ਐ!

-----

ਤੀਜੇ ਦਿਨ ਹਰਦੇਵ ਕੰਮ 'ਤੇ ਆਇਆ

ਸਰਬਜੀਤ ਨੇ ਖ਼ੁਸ਼ੀ ਮਹਿਸੂਸ ਕੀਤੀ

-"ਵੇ ਭਰਾਵਾ, ਤੂੰ ਕਿੱਧਰ ਚਲਿਆ ਗਿਆ ਸੀ...?"

-"ਬੱਸ ਭੈਣ ਜੀ, ਊਂਈਂ ਚਿੱਤ ਜਿਆ ਨ੍ਹੀ ਸੀ ਠੀਕ!" ਉਹ ਚੁੱਪ ਰਹਿਣਾ ਹੀ ਬਿਹਤਰ ਸਮਝਦਾ ਸੀ

ਸਰਬਜੀਤ ਵੀ ਸੋਚ ਰਹੀ ਸੀ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ? ਉਸ ਕੁੱਤੀ ਮੀਤੀ ਨੂੰ ਵਸਣ ਨਹੀਂ ਦੇਣਾ! ਕੀ ਸਮਝੂਗੀ ਬੈਲਣ? ਬਈ ਮੇਰੇ ਭਰਾ ਦਾ ਅੱਠ ਹਜ਼ਾਰ ਪੌਂਡ ਡਕ੍ਹਾਰ ਕੇ ਹੋਰ ਖ਼ਸਮ ਕਰ ਲਿਆਈ...? ਤੇ ਐਸ਼ਾਂ ਕਰਨ ਲੱਗ ਪਈ...? ਇਹ ਬਿਚਾਰਾ ਤਾਂ ਕਿਹੜੇ ਬਾਗ ਦੀ ਮੂਲ਼ੀ ਐ...? ਇਹਦੇ ਵਰਗਿਆਂ ਨੂੰ ਤਾਂ ਉਹ ਲੁੱਚੀ ਵੇਚ ਕੇ ਛਕ ਜਾਵੇ!

-"ਵੇ ਭਰਾਵਾ, ਘਰੇ ਕੋਈ ਕਲੇਸ਼ ਤਾਂ ਨ੍ਹੀ ਪੈ ਗਿਆ...?" ਸਰਬਜੀਤ ਨੇ ਮੂੰਹ ਸੁੰਘਣ ਲਈ ਆਖਿਆ ਤਾਂ ਹਰਦੇਵ ਨੇ ਮੂੰਹ ਉਪਰ ਚੁੱਕਿਆਪਰ ਨੀਵੀਂ ਫਿਰ ਸੁੱਟ ਲਈਉਸ ਦੀਆਂ ਸਰਬਜੀਤ ਨਾਲ਼ ਅੱਖਾਂ ਨਹੀਂ ਮਿਲਦੀਆਂ ਸਨ

-"ਨਹੀਂ ਭੈਣ ਜੀ, ਕੋਈ ਖ਼ਾਸ ਨ੍ਹੀ...!"

-"ਆਜਾ...! ਅੰਦਰ ਆਜਾ ਮੈਂ ਚਾਹ ਬਣਾਉਨੀ ਐਂ!" ਉਹ ਆਖ ਕੇ ਅੰਦਰ ਚਲੀ ਗਈ

-"ਜਾਓ ਭਾਅ ਜੀ, ਤੁਸੀਂ ਤਾਂ ਚਾਹ ਪੀਉ...! ਥੋਡੇ ਕਰਮਾਂ 'ਚ ਐ-ਸਾਡੇ ਤਾਂ ਜਿਹੋ ਜਿਹੇ ਕਰਮ ਮਾੜੇ ਹੈਗੇ ਐ-ਉਹ ਤਾਂ ਦਿਸੀ ਜਾਂਦੇ ਐ!" ਨਾਲ਼ ਦੇ ਭਾਈਬੰਦ ਨੇ ਟਾਂਚ ਕੀਤੀ

-"ਤੁਸੀਂ ਯਾਰ ਐਮੇ ਬਾਧੂ ਮਗਜਮਾਰੀ ਨਾ ਕਰਿਆ ਕਰੋ...! ਇਕ ਤਾਂ ਬੰਦਾ ਊਂ ਦੁਖੀ ਹੁੰਦੈ-ਤੇ ਇਕ ਤੁਸੀਂ ਦੁਖੀ ਕਰਨ ਆਲ਼ੀ ਕਸਰ ਨ੍ਹੀ ਛੱਡਦੇ! ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ! ਥੋਡੇ ਕੋਲ਼ੇ ਤਾਂ ਸਿਰਫ਼ ਇਕ ਗੱਲ ਐ, ਤੀਮੀਂ...!" ਹਰਦੇਵ ਨੇ ਆਖਿਆਉਹ ਅੱਕਿਆ ਪਿਆ ਸੀਉਹ ਇਹਨਾਂ ਗੱਲਾਂ ਨੂੰ ਸੁਣਨ ਦੇ ਮੂਡ ਵਿਚ ਨਹੀਂ ਸੀਉਹ ਪਹਿਲੀ ਵਾਰ ਭਾਈਬੰਦਾਂ ਨੂੰ ਗੁੱਸੇ ਹੋਇਆ ਸੀਸਮੇਂ ਦੀ ਨਜ਼ਾਕਤ ਸਮਝ ਕੇ ਉਹ ਵੀ ਚੁੱਪ ਵੱਟ ਗਏ ਸਨਹਰਦੇਵ ਉਹਨਾਂ ਨੇ ਇਤਨਾ ਕਦੇ ਦੁਖੀ ਜਾਂ ਅੱਕਿਆ ਹੋਇਆ ਨਹੀਂ ਦੇਖਿਆ ਸੀ

-"ਆਜਾ ਭਰਾਵਾ...! ਚਾਹ ਬਣਗੀ!" ਅੰਦਰੋਂ ਸਰਬਜੀਤ ਨੇ ਹਾਕ ਮਾਰੀਹਰਦੇਵ ਚੁੱਪ ਚਾਪ ਅੰਦਰ ਚਲਾ ਗਿਆਭਾਈਬੰਦ ਆਖਣ ਤਾਂ ਲੱਗਿਆ ਸੀ ਕਿ ਭਾਅ ਜੀ ਚਾਹ ਦੇ ਭੁਲਾਵੇਂ ਕਿਤੇ ਕੁਛ ਹੋਰ ਹੀ ਨਾ ਛਕਣ ਲੱਗ ਪਇਓ! ਪਰ ਉਹ ਹਰਦੇਵ ਨੂੰ ਦੁਖੀ ਦੇਖ ਕੇ ਖ਼ੁਦ ਦੁਖੀ ਹੋ ਗਏ ਸਨ

----

ਸਰਬਜੀਤ ਨੇ ਚਾਹ ਬਣਾ ਕੇ ਮੇਜ਼ 'ਤੇ ਰੱਖੀ ਹੋਈ ਸੀ

-"ਖੰਡ ਭਰਾਵਾ ਜਿੰਨੀ ਕੁ ਪਾਉਣੀਂ ਹੋਈ, ਆਪ ਈ ਪਾ ਲਈਂ!" ਉਹ ਅੰਦਰੋਂ ਕੁਝ ਲੈਣ ਚਲੀ ਗਈ

ਹਰਦੇਵ ਨੇ ਜ਼ਰੂਰਤ ਮੁਤਾਬਿਕ ਖੰਡ ਪਾ ਲਈ ਅਤੇ ਚਾਹ ਪੀਣ ਲੱਗ ਪਿਆ

ਸਰਬਜੀਤ ਅੰਦਰੋਂ ਕੋਈ ਕਾਗਜ਼ ਜਿਹਾ ਚੁੱਕੀ ਆਉਂਦੀ ਸੀ

ਉਸ ਨੇ ਕਾਗਜ਼ ਹਰਦੇਵ ਅੱਗੇ ਰੱਖ ਦਿੱਤਾ

-"ਜੇ ਤੈਨੂੰ ਨਹੀਂ ਇਤਬਾਰ ਆਉਂਦਾ-ਤਾਂ ਦੇਖ ਲੈ ਭਰਾਵਾ...! ਆਹ ਬੈਂਕ ਸਟੇਟਮੈਂਟ ਐ!" ਉਸ ਨੇ ਆਖਿਆ ਤਾਂ ਹਰਦੇਵ ਨੇ ਬੈਂਕ ਸਟੇਟਮੈਂਟ ਬੜੀ ਗਹੁ ਨਾਲ ਦੇਖੀਜਿਸ ਉਪਰ ਮਨਜੀਤ ਕੌਰ ਅਤੇ ਤਰਨਜੀਤ ਸਿੰਘ ਦਾ ਨਾਂ ਸੀਬੈਂਕ ਸਟੇਟਮੈਂਟ ਮੂੰਹੋਂ ਦੱਸ ਰਹੀ ਸੀ ਕਿ ਇਸ ਸਾਂਝੇ ਅਕਾਊਂਟ ਵਿਚੋਂ ਅੱਠ ਹਜ਼ਾਰ ਪੌਂਡ ਕਢਵਾਇਆ ਗਿਆ ਸੀਅਤੇ ਉਹ ਵੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ...!

-"ਮੈਂ ਤਾਂ ਇਹ ਤਾਂ ਮੰਗਵਾਈ ਐ, ਬਈ ਤੂੰ ਇਹ ਨਾ ਸੋਚੇਂ ਬਈ ਸਰਬਜੀਤ ਭੈਣ ਕੁਫ਼ਰ ਈ ਤੋਲੀ ਜਾਂਦੀ ਐ!"

-"ਇਹ ਤਰਨਜੀਤ ਕੌਣ ਐਂ...?" ਪੜ੍ਹ ਕੇ ਹਰਦੇਵ ਨੇ ਪੁੱਛਿਆ

-"ਮੇਰਾ ਭਰਾ ਐ...! ਮੀਤੀ ਦਾ ਪਹਿਲਾ ਘਰਆਲ਼ਾ!" ਸੁਣ ਕੇ ਹਰਦੇਵ ਦੁਬਿਧਾ ਜਿਹੀ ਵਿਚ ਫਸ ਗਿਆ ਕਿ ਜੋ ਗੱਲਾਂ ਸਰਬਜੀਤ ਦੱਸ ਰਹੀ ਸੀ, ਨਾਲ਼ ਦੀ ਨਾਲ਼ ਸਬੂਤ ਵੀ ਪੇਸ਼ ਕਰ ਰਹੀ ਸੀਇਸ ਵਿਚ ਕੀ ਰਾਜ ਹੋ ਸਕਦਾ ਸੀ? ਕੀ ਸੱਚ ਹੀ ਮੀਤੀ ਦਾ ਕੋਈ ਗੁੱਝਾ ਯਾਰ ਤਾਂ ਨਹੀਂ ਰੱਖਿਆ ਹੋਇਆ? ਕਿਉਂਕਿ ਮੀਤੀ ਦੇ ਬਾਪ ਦੇ ਘਰ 'ਤੇ ਤਾਂ ਅੱਠ ਹਜ਼ਾਰ ਪੌਂਡ ਲੱਗਿਆ ਮੈਨੂੰ ਦਿਸਦਾ ਨਹੀਂ! ਕੋਈ ਨਾ ਕੋਈ ਗੱਲ ਤਾਂ ਜ਼ਰੂਰ ਐ! ਇਹ ਅੱਠ ਹਜ਼ਾਰ ਗਿਆ ਕਿੱਥੇ...? ਤੇ ਐਡੀ ਵੱਡੀ ਗੱਲ ਵੀ ਕਿਹੜੀ ਸੀ...? ਜਿਸ ਨੂੰ ਮੀਤੀ ਨੇ ਦੱਸਣਾ ਮਨਾਸਿਬ ਨਹੀਂ ਸਮਝਿਆ ਅਤੇ ਤਲਾਕ ਲੈ ਲਿਆ? ਜ਼ਰੂਰ ਕੋਈ ਰਹੱਸ ਭਰੀ ਗੱਲ ਹੈ! ਕਿਹੜੀ ਗੱਲ ਹੋ ਸਕਦੀ ਹੈ...? ਐਡਾ ਵੱਡਾ ਕਿਹੜਾ ਰਹੱਸ ਹੋ ਸਕਦੈ? ਭਾਰਤੀ ਔਰਤ ਮਰ ਜਾਂਦੀ ਹੈ, ਪਰ ਛੇਤੀ ਕੀਤੇ ਤਲਾਕ ਨਹੀਂ ਕਬੂਲ ਕਰਦੀਤਲਾਕ ਤੋਂ ਬਿਨਾ ਹੋਰ ਹਰ ਸ਼ਰਤ ਮੰਨ ਸਕਦੀ ਹੈਪਰ ਮੀਤੀ ਨੇ ਰਹੱਸ ਛੁਪਾਈ ਰੱਖਿਆ ਅਤੇ ਤਲਾਕ ਲੈ ਲਿਆ, ਕਿਉਂ...? ਐਡੀ ਵੱਡੀ ਉਸ ਦੀ ਕਿਹੜੀ ਮਜਬੂਰੀ ਸੀ? ਮੈਂ ਇਹ ਗੱਲ ਮੀਤੀ ਨੂੰ ਪੁੱਛ ਕੇ ਦੇਖਾਂ? ਸ਼ਾਇਦ ਮੈਨੂੰ ਹੀ ਕੋਈ ਰਹੱਸ ਦੱਸ ਦੇਵੇ? ਫੇਰ ਵੀ ਮੈਂ ਅਕਸਰ ਉਸ ਦਾ ਪਤੀ ਹਾਂ? ਹੋ ਸਕਦੈ ਮੀਤੀ ਦਾ ਪਹਿਲਾ ਪਤੀ ਉਸ ਨੂੰ ਸਰੀਰਕ ਤੌਰ 'ਤੇ ਸੰਤੁਸ਼ਟ ਕਰਨ ਦੇ ਨਾ ਕਾਬਲ ਹੋਵੇ ਅਤੇ ਖਿਝ ਕੇ ਉਸ ਨੇ, ਉਸ ਤੋਂ ਚੋਰੀ ਕੋਈ ਹੋਰ ਖ਼ਸਮ ਬਣਾ ਲਿਆ ਹੋਵੇ? ਜਾਂ ਵਕਤੀ ਤੌਰ 'ਤੇ ਤਨ ਦੀ ਅਗਨ ਸ਼ਾਂਤ ਕਰਨ ਲਈ ਕੋਈ ਯਾਰ ਗੰਢ ਲਿਆ ਹੋਵੇ? ਫਿਰ ਉਹ ਹੀ ਮੀਤੀ ਨੂੰ ਭੋਰ-ਭੋਰ ਖਾਈ ਗਿਆ ਹੋਵੇ ਅਤੇ ਜਾਂ ਫਿਰ ਮੀਤੀ ਨੂੰ ਬਲੈਕਮੇਲ ਕੀਤਾ ਹੋਵੇ...? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਵੇਗੀ, ਜਿਸ ਕਾਰਨ ਉਸ ਨੇ ਫ਼ਟਾ ਫ਼ਟ ਤਲਾਕ ਲੈ ਲਿਆ? ਕੋਈ ਹੀਲ-ਹੁੱਜਤ ਨਹੀਂ ਕੀਤੀ! ਇਤਨੇ ਵੱਡੇ ਸੀਲਪੁਣੇ ਦਾ ਕੋਈ ਤਾਂ ਕਾਰਨ ਹੈ...!

----

ਸ਼ਾਮ ਨੂੰ ਉਸ ਨੇ ਮੀਤੀ ਸਾਹਮਣੇ ਇਹ ਗੱਲ ਨੰਗੀ ਚਿੱਟੀ ਹੀ ਰੱਖ ਦਿੱਤੀ! ਉਸ ਨੇ ਇਹ ਨਹੀਂ ਸੋਚਿਆ ਸੀ ਕਿ ਇਸ ਨਾਲ਼ ਮੀਤੀ ਦਾ ਪ੍ਰੇਸ਼ਾਨ ਮਨ ਕਿੰਨਾ ਕੁ ਦੁਖੀ ਹੋਵੇਗਾ? ਉਸ ਨੂੰ ਕਿੰਨੀ ਤਕਲੀਫ਼ ਹੋਵੇਗੀ?

-"ਦੇਖੋ ਹਰਦੇਵ...! ਇਹ ਪੱਖ ਮੇਰੀ ਜ਼ਿੰਦਗੀ ਦਾ ਬੜਾ ਦੁਖੀ ਪੱਖ ਐ-ਇਹ ਨਾ ਤਾਂ ਮੈਂ ਹੁਣ ਤੱਕ ਕਿਸੇ ਨੂੰ ਦੱਸਿਐ ਅਤੇ ਨਾ ਹੀ ਕਿਸੇ ਨੂੰ ਦੱਸਣਾ ਚਾਹੁੰਦੀ ਹਾਂ-ਅਗਰ ਮੈਂ ਦੱਸ ਵੀ ਦਿੱਤਾ-ਤਾਂ ਮੇਰਾ ਯਕੀਨ ਵੀ ਕਿਸ ਨੇ ਕਰਨੈਂ?" ਇਤਨਾ ਆਖ ਕੇ ਉਹ ਚੁੱਪ ਹੋ ਗਈ

-"ਤੈਨੂੰ ਕਿਸੇ ਨੇ ਬਲੈਕਮੇਲ ਕੀਤੈ...?"

-"ਨਾ ਹੀ ਕਿਸੇ ਨੇ ਮੈਨੂੰ ਬਲੈਕਮੇਲ ਕੀਤੈ-ਨਾ ਹੀ ਮੈਨੂੰ ਕੋਈ ਬਲੈਕਮੇਲ ਕਰ ਸਕਦੈ!" ਉਸ ਨੇ ਕਰੜੀ ਹੋ ਕੇ ਕਿਹਾਦਿਨੋਂ ਦਿਨ ਪਾਣੀ ਉਸ ਦੇ ਸਿਰ ਤੋਂ ਦੀ ਟੱਪਦਾ ਜਾ ਰਿਹਾ ਸੀਜਿੰਨਾਂ ਉਹ ਗੱਲ ਨੂੰ ਸੰਭਾਲਣ ਦੀ ਕੋਸਿ਼ਸ਼ ਕਰਦੀ ਸੀਗੱਲ ਉਤਨੀ ਹੀ ਉਸ ਦੀ ਮੁੱਠੀ ਵਿਚੋਂ ਪਾਣੀ ਵਾਂਗ ਨਿਕਲ ਜਾਂਦੀ ਸੀ

-"ਤੇਰਾ ਕੋਈ ਯਾਰ ਰੱਖਿਆ ਹੋਇਆ ਸੀ?" ਹਰਦੇਵ ਨੇ ਮੂੰਹ ਪਾੜ ਕੇ ਕਿਹਾ ਤਾਂ ਮੀਤੀ ਇਕ ਦਮ ਉਸ ਵੱਲ ਝਾਕੀਜਿਵੇਂ ਉਸ ਦੇ ਸਿਰ ਪਹਾੜ ਟੁੱਟ ਗਿਆ ਸੀ

-"ਬੱਸ, ਮੇਰੀ ਜ਼ਿੰਦਗੀ 'ਚ ਆਹ ਸੁਣਨਾ ਹੀ ਬਾਕੀ ਰਹਿ ਗਿਆ ਸੀ...? ਹੋਰ ਸਾਰਾ ਜੋਰ ਜਮਾਨੇ ਨੇ ਲਾ ਲਿਆ-ਹੁਣ ਬੱਸ ਆਹੀ ਕੱਚ ਰਹਿੰਦਾ ਸੀ-ਉਹ ਹੁਣ ਤੁਸੀਂ ਪੂਰਾ ਕਰ ਦਿੱਤਾ, ਹਰਦੇਵ!"

-"ਤਾਂ ਫਿਰ ਉਹ ਕਿਹੜੀ ਗੱਲ ਸੀ? ਜੀਹਦੇ ਕਰਕੇ ਤੂੰ ਤਲਾਕ ਲੈ ਲਿਆ-ਪਰ ਗੱਲ ਨਹੀਂ ਦੱਸੀ?"

-"ਜੇ ਉਹ ਗੱਲ ਦੱਸਣ ਵਾਲ਼ੀ ਹੁੰਦੀ ਤਾਂ ਮੈਂ ਤਲਾਕ ਕਿਉਂ ਲੈਂਦੀ? ਮੈਂ ਜਰੂਰ ਉਜੜਨਾ ਸੀ? ਤੇ ਫਿਰ ਨਵਾਂ ਖ਼ਸਮ ਕਰਨਾ ਸੀ? ਤੇ ਆਹ ਸੜੀਆਂ ਵੀਆਂ ਗੱਲਾਂ ਸੁਣਨੀਆਂ ਸੀ...?" ਮੀਤੀ ਦੇ ਜਜ਼ਬਾਤ ਭੜ੍ਹਕ ਉਠੇ

-"ਤੂੰ ਬੋਲਦੀ ਕਿਵੇਂ ਐਂ? ਤੂੰ ਬੋਲਦੀ ਕਿਵੇਂ ਐਂ, ਭੈਣ ਦਾ...ਯਹਾਵੀਏ?" ਹਰਦੇਵ ਨੇ ਉਠ ਕੇ ਮੀਤੀ ਦੇ ਚੁਪੇੜ ਕੱਢ ਮਾਰੀਮੀਤੀ ਦਾ ਮੂੰਹ ਸੁੰਨ ਹੋ ਗਿਆਉਸ ਨੇ ਫ਼ੱਟੜ ਸੱਪ ਵਾਂਗ ਫ਼ਣ ਚੁੱਕਿਆਉਸ ਦੀਆਂ ਅੱਖਾਂ 'ਚੋਂ ਚੰਗਿਆੜੇ ਨਿਕਲੇ

-"ਮੇਰਾ ਪਹਿਲਾ ਘਰਵਾਲ਼ਾ ਚਾਹੇ ਲੱਖ ਮਾੜਾ ਸੀ? ਪਰ ਉਸ ਨੇ ਮੇਰੇ 'ਤੇ ਕਦੇ ਹੱਥ ਨਹੀਂ ਸੀ ਚੱਕਿਆ-ਤੇ ਹੁਣ ਗੱਲ ਸੁਣ ਮੇਰੀ ਇਕ...! ਨਾ ਇਹ ਰਹੱਸ ਮੈਂ ਕਿਸੇ ਨੂੰ ਦੱਸਿਐ, ਤੇ ਨਾ ਹੁਣ ਦੱਸਣੈਂ! ਮੇਰਾ ਮੂੰਹ ਹਮੇਸ਼ਾ ਵਾਸਤੇ ਬੰਦ ਹੋ ਸਕਦੈ-ਪਰ ਇਸ ਗੱਲ ਬਾਰੇ ਖੁੱਲ੍ਹ ਨਹੀਂ ਸਕਦਾ! ਤੂੰ ਹੁਣ ਮੇਰੀਆਂ ਅੱਖਾਂ ਤੋਂ ਦੂਰ ਹੋਜਾ! ਦਫ਼ਾ ਹੋਜਾ ਇਥੋਂ...! ਤੇ ਮੁੜ ਕੇ ਮੈਨੂੰ ਆਬਦੀ ਸ਼ਕਲ ਨਾ ਦਿਖਾਈਂ! ਮੁੜ ਕੇ ਮੈਨੂੰ ਆਬਦੀ ਬਦ-ਸ਼ਕਲ ਨਾ ਦਿਖਾਈਂ, ਜੇ ਆਬਦੇ ਅਸਲ ਪਿਉ ਦੀ ਸੱਟ ਐਂ ਤਾਂ! ਜਾਹ ਉਹਨਾਂ ਭੈਣ ਦਿਆਂ ਖਸਮਾਂ ਕੋਲ਼ੇ-ਜਿਹੜੇ ਤੇਰੀ...ਉਂਗਲ਼ ਲਾਉਂਦੇ ਐ!" ਮੀਤੀ ਦਾ ਚਿਹਰਾ ਭਿਆਨਕ ਹੋ ਗਿਆ ਅਤੇ ਉਹ ਉਠ ਕੇ ਖੜ੍ਹੀ ਹੋ ਗਈਪਤਾ ਨਹੀਂ ਉਹ ਕੀ ਕੁਝ ਬੋਲ ਕਬੋਲ ਕਰ ਗਈ ਸੀ?

----

ਹਰਦੇਵ ਤਲਾਕ ਵਾਲ਼ੇ ਕਾਗਜ਼ ਚੁੱਕ ਕੇ ਬਾਹਰ ਨਿਕਲ਼ ਗਿਆ, ਜਿਹਨਾਂ 'ਤੇ ਮੀਤੀ ਨੇ ਕਈ ਦਿਨ ਪਹਿਲਾਂ ਦਸਤਖ਼ਤ ਕਰ ਦਿੱਤੇ ਸਨਉਹ ਸਿੱਧਾ ਹੀ ਆਪਣੇ ਵਕੀਲ ਕੋਲ਼ ਪਹੁੰਚਿਆ ਅਤੇ ਉਸ ਨੇ ਤਲਾਕ ਲਈ ਅਪਲਾਈ ਕਰ ਦਿੱਤਾਤਲਾਕ ਦਾ ਮੁੱਖ ਕਾਰਨ ਉਸ ਨੇ 'ਮਿਸਬਿਹੇਵ' ਦੱਸਿਆ ਸੀਉਸ ਦੇ ਘਰਵਾਲ਼ੀ ਉਸ ਨਾਲ਼ ਬੁਰਾ ਸਲੂਕ ਕਰਦੀ ਸੀ ਅਤੇ ਹੁਣ ਉਹ ਬੁਰਾ ਸਲੂਕ ਬਰਦਾਸ਼ਤ ਤੋਂ ਬਾਹਰ ਸੀਪਾਣੀ ਗਲ਼ ਗਲ਼ ਹੁੰਦਾ ਹੋਇਆ, ਨੱਕ ਤੱਕ ਪਹੁੰਚ ਚੁੱਕਾ ਸੀਉਸ ਨੇ ਇਕ ਨਹੀਂ, ਕਈ ਹੋਰ ਕਾਰਨ ਵੀ ਦਰਜ਼ ਕਰਵਾ ਦਿੱਤੇ ਸਨ

ਰਾਤ ਨੂੰ ਉਹ ਘਰ ਨਾ ਗਿਆਆਪਣੇ ਕਿਸੇ ਮਿੱਤਰ ਕੋਲ਼ ਹੀ ਰਹਿ ਪਿਆਅਗਲੇ ਦਿਨ ਭਾਈਬੰਦਾਂ ਨੂੰ ਕੰਮ 'ਤੇ ਲਾ ਕੇ ਉਹ ਆਪਣਾ ਸਮਾਨ ਮੀਤੀ ਦੇ ਘਰੋਂ ਚੁੱਕ ਲਿਆਇਆਮੀਤੀ ਕੰਮ 'ਤੇ ਗਈ ਹੋਈ ਸੀਘਰੇ ਹੋਰ ਕਿਸ ਨੇ ਹੋਣਾ ਸੀ? ਨਾਲ਼ੇ ਮੀਤੀ ਦੀ ਤਾਂ ਕੋਈ ਦੋਸਤ ਮਿੱਤਰ ਵੀ ਨਹੀਂ ਸੀਉਹ ਤਾਂ ਸਿਰਫ਼ ਹਰਦੇਵ ਨਾਲ਼ ਹੀ ਨਿੱਕੀ ਜਿਹੀ ਦੁਨੀਆਂ ਵਸਾਈ ਫਿਰਦੀ ਸੀਹੁਣ ਤਾਂ ਹਰਦੇਵ ਵੀ ਉਸ ਤੋਂ ਕਿਨਾਰਾ ਕਰ ਗਿਆ ਸੀਬਿਗਾਨਾ ਹੋ ਗਿਆ ਸੀਹਰਦੇਵ ਨੇ ਇਕ ਬੇਸਮੈਂਟ ਕਿਰਾਏ ਉਪਰ ਲੈ ਲਿਆ ਅਤੇ ਇਕੱਲਾ ਹੀ ਰਹਿਣ ਲੱਗ ਪਿਆ

----

ਚੌਥੇ ਕੁ ਦਿਨ ਜਦ ਮੀਤੀ ਕੰਮ ਤੋਂ ਆਈ ਤਾਂ ਹਰਦੇਵ ਦੇ ਵਕੀਲ ਦੀ ਚਿੱਠੀ ਆਈ ਪਈ ਸੀਉਸ ਨੇ ਮੀਤੀ ਤੋਂ ਕੁਝ ਸੁਆਲ ਪੁੱਛੇ ਸਨਸਭ ਤੋਂ ਪਹਿਲਾ ਸੁਆਲ ਇਹ ਸੀ ਕਿ ਕੀ ਤੁਸੀਂ ਹਰਦੇਵ ਨੂੰ ਤਲਾਕ ਦੇਣਾ ਚਾਹੁੰਦੇ ਹੋ? ਮੀਤੀ ਨੇ 'ਯੈੱਸ' 'ਤੇ ਕਰਾਸ ਲਾ ਦਿੱਤਾਬਾਕੀ ਸੁਆਲ ਬਹੁਤੇ ਕੰਮ ਦੇ ਨਹੀਂ ਸਨਜਦ ਉਸ ਨੇ ਤਲਾਕ ਦੇ ਮਸਲੇ ਪ੍ਰਤੀ 'ਹਾਂ' ਪੱਖੀ ਹੁੰਗਾਰਾ ਭਰ ਦਿੱਤਾ ਸੀ, ਤਾਂ ਬਾਕੀ ਸੁਆਲ ਤਾਂ ਬੇਹੂਦੇ ਹੀ ਸਨਬੱਚਾ ਉਹਨਾਂ ਦੇ ਕੋਈ ਹੈ ਨਹੀਂ ਸੀ, ਜਿਸ ਕਰਕੇ ਰੌਲ਼ਾ ਪੈਂਦਾਮਕਾਨ ਉਹਨਾਂ ਕੋਲ਼ ਆਪਣਾ ਨਹੀਂ ਸੀਵੰਡ ਵੰਡਾਈ ਦਾ ਉਹਨਾਂ ਦਾ ਕੋਈ ਰੌਲ਼ਾ ਨਹੀਂ ਸੀਰੌਲ਼ਾ ਤਾਂ ਕੋਈ ਵੀ ਨਹੀਂ ਸੀ, ਜਿਸ ਦਾ ਉੱਤਰ ਦਿੱਤਾ ਜਾ ਸਕਦਾ? ਬੱਸ ਉਸ ਤਲਾਕ ਨਾਲ ਸਹਿਮਤੀ ਪ੍ਰਗਟ ਕਰਕੇ, ਵਕੀਲ ਦੇ ਕਾਗਜ਼ਾਂ ਦੀ ਖਾਨਾ ਪੂਰਤੀ ਕਰ ਦਿੱਤੀ ਸੀ

----

ਉਸ ਨੇ ਕਾਗਜ਼ ਅਗਲੇ ਦਿਨ ਡਾਕ ਰਾਹੀਂ ਹਰਦੇਵ ਦੇ ਵਕੀਲ ਨੂੰ ਭੇਜ ਦਿੱਤੇ

ਵਕੀਲ ਨੂੰ ਸੰਤੁਸ਼ਟੀ ਹੋਈ

ਵਕੀਲ ਦੇ ਤਜ਼ਰਬੇ ਵਿਚ ਮੀਤੀ ਸ਼ਾਇਦ ਪਹਿਲੀ ਭਾਰਤੀ ਔਰਤ ਸੀ, ਜਿਹੜੀ ਬਿਨਾ ਕਿਸੇ ਹੀਲ ਹੁੱਜਤ ਦੇ, ਬਗੈਰ ਕਿਸੇ 'ਆਰਗੂਮੈਂਟ' ਤੋਂ ਤਲਾਕ ਲੈ ਰਹੀ ਸੀਕੋਈ ਨਾਂਹ ਨੁੱਕਰ ਨਹੀਂ ਕੀਤੀ ਸੀਹਰ ਗੱਲ ਨਾਲ਼ ਸਹਿਮਤ ਸੀਵਕੀਲ ਨੇ ਹਰਦੇਵ ਨੂੰ ਫ਼ੋਨ ਕਰ ਕੇ ਬੁਲਾ ਲਿਆ ਅਤੇ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਦਿੱਤਾਹਰਦੇਵ ਨੇ ਵੀ ਆਪਣੇ ਆਪ ਨੂੰ ਸੁਖ਼ਾਲ਼ਾ ਜਿਹਾ ਮਹਿਸੂਸ ਕੀਤਾਮੀਤੀ ਨੇ ਉਸ ਨੂੰ, ਦਫ਼ਾ ਹੋਜਾ, ਮੈਨੂੰ ਸ਼ਕਲ ਨਾ ਦਿਖਾਈਂ ਅਤੇ ਜੇ ਅਸਲ ਪਿਉ ਦੀ ਸੱਟ ਹੈਂ ਤਾਂ, ਵਰਗੇ ਬੇਇੱਜ਼ਤੀ ਭਰੇ ਲਫ਼ਜ਼ ਬੋਲੇ ਸਨਇਹ ਬੋਲ ਬਰਦਾਸ਼ਤ ਤੋਂ ਪਰ੍ਹੇ ਸਨਉਹ ਫਿਰ ਵੀ ਜੱਟ ਦਾ ਪੁੱਤ ਸੀ! ਮੌਲੜ ਤੀਵੀਂ ਤੋਂ ਕਿਉਂ ਛੋਤ ਲੁਹਾਉਂਦਾ? ਉਹ ਬੁੱਢੀ ਮੱਝ ਆਬਦੇ ਆਪ ਨੂੰ ਸਮਝਦੀ ਕੀ ਸੀ? ਮੂੰਹ ਫ਼ੱਟ ਸਾਲ਼ੀ...! ਬੋਲਣ ਦੀ ਭੋਰਾ ਅਕਲ ਨਹੀਂ! ਹਰਦੇਵ ਸਿਉਂ ਨੂੰ ਤੀਵੀਆਂ ਦਾ ਘਾਟਾ ਸੀ...? ਉਹ ਜੁਆਨ ਜਹਾਨ ਮੁੰਡਾ ਸੀ! ਇੰਗਲੈਂਡ ਵਿਚ ਪੱਕਾ ਸੀ! ਫਿਰ ਉਸ ਨੇ ਜਰੂਰੀ ਚਾਚੀ ਦੀ ਉਮਰ ਦੀ, ਸੜੀ ਵੀ ਤੀਮੀ ਤੋਂ ਬੁਰੇ-ਭਲੇ ਲਫ਼ਜ਼ ਆਖਵਾਉਣੇ ਸਨ...? ਬੁੜ੍ਹੀ ਹੋ ਕੇ ਸਾਲ਼ੀ ਦਾ ਦਿਮਾਗ ਫਿਰ ਗਿਆਹੁਣ ਤਰਤਾਲ਼ੀ ਸਾਲਾਂ ਦੀ ਤਾਂ ਹੈ! ਬੁੜ੍ਹੀ ਨਹੀਂ ਤਾਂ ਹੋਰ ਕੀ ਐ...?

----

ਸਰਬਜੀਤ ਵੀ ਸੱਚੀ ਹੀ ਸੀ! ਇਹ ਸਾਲ਼ੀ ਆਪਹੁਦਰੀ ਤੀਮੀ ਐਂ! ਵਿਗੜੀ ਹੋਈ ਔਰਤ! ਮੇਰਾ ਇਹਦੇ ਨਾਲ਼ ਵਸੇਬਾ ਨਹੀਂ! ਜੇ ਇਹਦੇ ਨਾਲ਼ ਰਿਹਾ, ਇਹਨੇ ਫਿਰ ਐਹੋ ਜਿਹੀ ਕੋਈ ਸੜੀ ਵੀ ਗੱਲ ਆਖ ਦਿੱਤੀ, ਮੈਥੋਂ ਇਹਦੀ ਪੁੜਪੜੀ 'ਚ ਕੁਛ ਵੱਜ ਜਾਣੈਂ! ਫੇਰ ਤੁਰਿਆ ਫਿਰੂੰ ਅੰਦਰ, ਜੇਲ੍ਹ ਕੱਟਦਾ! ਇਹਦੇ ਨਾਲ਼ੋਂ ਤਾਂ ਪਰ੍ਹੇ ਈ ਚੰਗੇ ਐਂ! ਹਰਦੇਵ ਸਿਆਂ, ਇਹਤੋਂ ਲੈ ਤਲਾਕ! ਇਹਨੂੰ ਟੇਕ ਮੱਥਾ...! ਤੇ ਕੋਈ ਤਾਜ਼ੀ ਪੱਠੀ ਪੱਟ ਕੇ ਲਿਆ ਇੰਡੀਆ ਤੋਂ! ਦੁਨੀਆਂ ਇੰਗਲੈਂਡ ਪਿੱਛੇ ਕਮਲ਼ੀ ਹੋਈ ਫਿਰਦੀ ਐ! ਨਾਲ਼ੇ ਕੁੜੀ ਦੇਣਗੇ ਤੇ ਨਾਲ਼ੇ ਪੈਰਾਂ ਹੇਠ ਧਰਨਗੇ ਹੱਥ! ਇਹ ਤਾਂ ਭੈਣ ਦੇਣੀਂ ਮੈਨੂੰ, ਆਬਦੇ ਖ਼ਸਮ ਨੂੰ ਮੂੰਹ ਨ੍ਹੀ ਬੋਲਦੀ? ਹੋਰ ਕਿਸੇ ਦੀ ਕੀ ਸੁਆਹ ਇੱਜ਼ਤ ਕਰੂਗੀ? ਪਤਾ ਨ੍ਹੀ ਸਾਲ਼ੀ ਦੇ ਦਿਮਾਗ ਨੂੰ ਕੀ ਧਤੂਰਾ ਚੜ੍ਹਿਐ...? ਤੂੰ ਇਹਨੂੰ ਤਲਾਕ ਦੇ ਕੇ ਪਰਾਂਹ ਮਾਰ! ਖ਼ਲਾਸੀ ਪਾਅ! ਫੇਰ ਤੋਰਾਂਗੇ ਕੋਈ ਗੱਲ ਅੱਗੇ! ਇਹਦਾ ਦਿਮਾਗ ਤਲਾਕ ਤੋਂ ਬਾਅਦ ਹੀ ਲੋਟ ਹੋਊ!

-----

ਹਰਦੇਵ ਨੇ ਵੀ ਵਕੀਲ ਦੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਵਾਹ ਧਰੇ ਅਤੇ ਵਕੀਲ ਨੇ ਫਾਈਲ ਅੱਗੇ ਅਦਾਲਤ ਦੇ ਸਪੁਰਦ ਕਰ ਦਿੱਤੀ

ਪੂਰੇ ਅਠਾਰਾਂ ਦਿਨਾਂ ਬਾਅਦ ਅਦਾਲਤ ਦੀ ਤਰੀਕ ਪਈਅਦਾਲਤ ਵੱਲੋਂ ਮਿਥੀ ਤਰੀਕ 'ਤੇ ਮੀਤੀ ਵੀ ਪਹੁੰਚ ਗਈਪਹੁੰਚਣਾ ਹੀ ਪੈਣਾ ਸੀ! ਅਦਾਲਤ ਦਾ ਹੁਕਮ ਅਦੂਲ ਨਹੀਂ ਹੋ ਸਕਦਾ ਸੀਅਦਾਲਤ ਦਾ ਹੁਕਮ ਅਦੂਲ ਕਰਨਾ ਜ਼ੁਰਮ ਸੀਹਰਦੇਵ ਅਤੇ ਉਸ ਦਾ ਵਕੀਲ ਵੀ ਪੁੱਜੇ ਹੋਏ ਸਨਅਚੰਭੇ ਵਾਲ਼ੀ ਗੱਲ ਇਹ ਸੀ ਕਿ ਜੱਜ ਵੀ ਉਹੀ ਸੀਅਦਾਲਤ ਦਾ ਕਮਰਾ ਵੀ ਉਹੀ ਸੀ! ਜੇ ਫ਼ਰਕ ਸੀ ਤਾਂ ਸਿਰਫ਼ ਤਰਨਜੀਤ ਅਤੇ ਹਰਦੇਵ ਦਾ ਸੀਪਿਛਲੇ ਤਲਾਕ ਵੇਲ਼ੇ ਇਸ ਕਟਿਹਰੇ ਵਿਚ ਉਸ ਦਿਨ ਤਰਨਜੀਤ ਖੜ੍ਹਾ ਸੀ ਅਤੇ ਅੱਜ ਹਰਦੇਵ...! ਬਾਕੀ ਸਾਰਾ ਕੁਝ ਉਹ ਹੀ ਸੀਉਹੀ ਤਲਾਕ ਦਾ ਮਸਲਾਉਹੀ ਸੁਆਲ! ਉਹੀ ਉਧੇੜਬੁਣ! ਜੱਜ ਨੇ ਵੀ ਪੁਰਾਣੇ ਰਵਾਇਤੀ ਜਿਹੇ ਸੁਆਲ ਕੀਤੇਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਤੀ ਨੇ ਕਿਸੇ ਸੁਆਲ ਦਾ ਉਤਰ ਨਾ ਦਿੱਤਾਹਰਦੇਵ ਦਾ ਵਕੀਲ ਖ਼ੁਸ਼ ਸੀਉਸ ਨੂੰ ਬਹੁਤੀ ਚਾਰਾਜੋਰੀ ਨਹੀਂ ਕਰਨੀ ਪਈ ਸੀਕੋਈ ਖੱਜਲ਼ ਖੁਆਰੀ ਨਹੀਂ ਸੀਕੋਈ ਬਹਿਸ ਨਹੀਂ ਸੀਚੁੰਝ ਚਰਚਾ ਨਹੀਂ ਸੀਕੋਈ ਸਿਰਦਰਦੀ ਨਹੀਂ ਸੀਪਿਛਲੀ ਵਾਰ ਦੀ ਤਰ੍ਹਾਂ ਜੱਜ ਖਿਝਿਆ ਤਾਂ ਨਹੀਂਕਿਉਂਕਿ ਇੱਥੇ ਕੋਈ ਲੈਣ ਦੇਣ ਦਾ ਮਾਮਲਾ ਨਹੀਂ ਸੀਉਸ ਨੇ ਸਿਰਫ਼ ਇਤਨਾ ਹੀ ਸੁਆਲ ਕੀਤਾ ਸੀ ਕਿ ਮਿਸਿਜ਼ ਸਿੰਘ, ਤੁਸੀਂ ਇਸ 'ਸੈੱਪਰੇਸ਼ਨ' ਨਾਲ਼ ਸਹਿਮਤ ਹੋ? ਤਾਂ ਮੀਤੀ ਨੇ "ਯੈੱਸ, ਆਫ਼ ਕੋਰਸ, ਮੀ ਲੌਰਡ...!" ਆਖ ਕੇ ਸਿਰ ਹਿਲਾ ਦਿੱਤਾ ਸੀਬਿਲਕੁਲ ਪਿਛਲੀ ਵਾਰ ਦੀ ਤਰ੍ਹਾਂ...! ਤੇ ਤਲਾਕ ਹੋ ਗਿਆ ਸੀਮੀਤੀ ਚੁੱਪ ਚਾਪ ਬਾਹਰ ਆ ਗਈ ਸੀਇਸ ਵਾਰ ਉਸ ਨੂੰ ਕਿਸੇ ਸੱਸ ਜਾਂ ਨਣਾਨ ਨੇ ਤਾਹਨਾ ਨਾ ਮਾਰਿਆਕਿਸੇ ਨੇ ਬੁਰਾ ਬਚਨ ਨਾ ਕਿਹਾਸ਼ਾਂਤੀ ਰਹੀ ਸੀਹਰਦੇਵ ਵੀ ਮੁਸਕਰਾਉਂਦਾ ਆਪਣੇ ਵਕੀਲ ਨਾਲ਼ ਤੁਰ ਗਿਆ ਸੀਵਕੀਲ ਨੇ ਉਸ ਨੂੰ 'ਵਧਾਈ' ਦਿੱਤੀ ਸੀਜਿਵੇਂ ਹਰਦੇਵ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਸੀਹਰਦੇਵ ਨੇ ਵੀ ਅਨੇਕਾਂ ਵਾਰ ਵਕੀਲ ਨੂੰ 'ਥੈਂਕ ਯੂ-ਥੈਂਕ ਯੂ' ਕਿਹਾ ਸੀ

ਹਫ਼ਤੇ ਦੇ ਵਿਚ ਵਿਚ ਹੀ ਦੋਨਾਂ ਧਿਰਾਂ ਨੂੰ ਤਲਾਕ ਦੇ ਪ੍ਰਵਾਨੇ ਮਿਲ਼ ਗਏ

*************

ਅਠ੍ਹਾਰਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ


No comments: