Friday, February 13, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ - 3

ਪ੍ਰੀਤੋ ਦਾ ਵਿਆਹ ਹੋ ਗਿਆ

ਸਹੁਰੀਂ ਤੁਰਨ ਲੱਗੀ ਪ੍ਰੀਤੋ ਬੇਬੇ ਦੇ ਗਲ਼ ਲੱਗ ਕੇ ਬੜਾ ਰੋਈ ਸੀਨੀਟੂ ਨੇ ਵੀ ਉਸ ਨੂੰ ਪਿਆਰ ਜਿਹਾ ਜਤਾ ਕੇ, ਜੱਗ ਰਵੀਰਾ ਜਿਹਾ ਕਰ ਦਿੱਤਾ ਸੀਅੱਜ ਪ੍ਰੀਤੋ ਨੂੰ ਮਰੇ ਹੋਏ ਦਰਵੇਸ਼ ਬਾਪੂ ਦੀ ਬੜੀ ਯਾਦ ਆਈ ਸੀਪ੍ਰੀਤੋ ਇਕ ਨਵੇਂ ਜੀਵਨ ਵਿਚ ਪ੍ਰਵੇਸ਼ ਕਰਨ ਜਾ ਰਹੀ ਸੀਨਵੀਂ ਜ਼ਿੰਦਗੀ ਅਤੇ ਨਵੇਂ ਤਜ਼ਰਬਿਆਂ ਵਿਚੋਂ ਅਜੇ ਉਸ ਨੇ ਗੁਜ਼ਰਨਾ ਸੀਮੂੰਹ ਵਿਚ ਬੱਤੀ ਦੰਦ ਹੁੰਦੇ ਹਨਉਹਨਾਂ ਵਿਚੋਂ ਇਕ ਦੰਦ ਨਿਕਲ ਜਾਵੇ ਤਾਂ ਜੀਭ ਵਾਰ-ਵਾਰ ਉਸ ਜਗਾਹ 'ਤੇ ਜਾਂਦੀ ਹੈਕਿਉਂਕਿ ਜੀਭ ਨੂੰ ਵਿਛੜ ਗਏ ਦੰਦ ਦਾ ਹੇਰਵਾ ਹੁੰਦਾ ਹੈ! ਇਹ ਹੀ ਗੱਲ ਪ੍ਰੀਤੋ ਦੀ ਸੀਅੱਜ ਉਹ ਇਕ ਨਵੇਂ ਪਰਿਵਾਰ ਵਿਚ ਜਾ ਰਹੀ ਸੀ ਅਤੇ ਬਾਪੂ ਦਾ ਸਦੀਵੀ ਵਿਛੋੜਾ ਉਸ ਨੂੰ ਬਿੱਛੂ ਵਾਂਗ ਡੰਗਦਾ ਸੀ!

ਪ੍ਰੀਤੋ ਦੀ ਡੋਲੀ ਤੁਰ ਗਈ

ਪ੍ਰੀਤੋ ਦੇ ਘਰਵਾਲ਼ਾ ਵਾਕਿਆ ਹੀ ਸੋਹਣਾ ਸੁਨੱਖਾ ਮੁੰਡਾ ਸੀ

ਜ਼ਮੀਨ ਜਾਇਦਾਦ ਵੀ ਚੰਗੀ ਸੀ

ਰਾਤ ਨੂੰ ਪ੍ਰੀਤੋ ਸੁਹਾਗ ਰਾਤ ਵਾਲੇ ਪਲੰਘ 'ਤੇ ਬੈਠੀ ਆਪਣੇ ਪਤੀ ਦੀ ਉਡੀਕ ਕਰ ਰਹੀ ਸੀਪਰ ਪਤੀ ਦੇਵ ਅਜੇ ਤੱਕ ਬਹੁੜਿਆ ਨਹੀਂ ਸੀ! ਰਾਤ ਵੱਡੀ ਹੁੰਦੀ ਗਈ ਅਤੇ ਸੁਹਾਗ ਵਾਲੇ ਜੋੜੇ ਵਿਚ ਸਜੀ ਬੈਠੀ ਕਿਸੇ ਸ਼ਮ੍ਹਾਂ ਵਾਂਗ ਜਗ ਰਹੀ ਸੀਦੇਰ ਰਾਤ ਗਈ ਤੋਂ ਉਹ ਬੈਠੀ ਹੀ ਊਂਘਣ ਲੱਗ ਪਈਅਚਾਨਕ ਦਰਵਾਜਾ ਜ਼ੋਰ ਦੀ ਖੁੱਲ੍ਹਿਆ ਤਾਂ ਅਧਸੁੱਤੀ ਪ੍ਰੀਤੋ ਦਾ ਤਰਾਹ ਨਿਕਲ ਗਿਆਕਾਲਜਾ 'ਧੱਕ' ਕਰਕੇ ਰਹਿ ਗਿਆ

ਸਾਹਮਣੇ ਪਤੀ ਦੇਵ ਖੜ੍ਹਾ ਸੀ! ਦਾਰੂ ਵਿਚ ਧੁੱਤ...! ਉਸ ਤੋਂ ਨਸ਼ੇ ਵਿਚ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀਉਹ ਮੱਝ ਨਵੇਂ ਦੁੱਧ ਕਰਕੇ ਹਟੇ ਸਾਹਣ ਵਾਂਗ ਲੰਬੇ ਲੰਬੇ ਸਾਹ ਲੈਂਦਾ, ਫ਼ੁੰਕਾਰੇ ਜਿਹੇ ਮਾਰਦਾ ਸੀ

-"ਐਡੀ ਛੇਤੀ ਸੌਂ ਵੀ ਗਈ...?" ਉਸ ਨੇ ਬਰਾਛਾਂ 'ਚੋਂ ਹਲ਼ਕੇ ਕੁੱਤੇ ਵਾਂਗ ਝੱਗ ਸੁੱਟੀਉਹ ਅਲ਼ਕ ਵਹਿੜਕੇ ਵਾਂਗ ਝੂਲ ਰਿਹਾ ਸੀ

-"......।" ਪ੍ਰੀਤੋ ਨੇ ਉਠ ਕੇ ਪਤੀ ਦੇਵ ਦੇ ਅਦਬ ਵਿਚ ਹੱਥ ਜੋੜ ਦਿੱਤੇ

ਉਹ ਪਾਗਲਾਂ ਵਾਂਗ ਉੱਚੀ-ਉੱਚੀ ਹੱਸ ਪਿਆ

-"ਮੇਰੇ ਮੂਹਰੇ ਹੱਥ ਜੇ ਜੋੜੀ ਜਾਨੀ ਐਂ-ਮੈਂ ਹਨੂੰਮਾਨ ਦੇਵਤੈਂ...?" ਉਸ ਦੀਆਂ ਅੱਖਾਂ ਨਸ਼ੇ ਨਾਲ ਚੜ੍ਹੀਆਂ ਹੋਈਆਂ ਸਨਪੇਚਾਂ ਵਾਲੀ ਪਟਿਆਲ਼ਾ ਪੱਗ ਢਿਲ਼ਕ ਕੇ ਇਉਂ ਹੋਈ ਪਈ ਸੀ, ਜਿਵੇਂ ਕੁੱਤੇ ਦਾ ਪਿੜ ਪੱਟਿਆ ਹੁੰਦੈ!

-"......।" ਪ੍ਰੀਤੋ ਚੁੱਪ ਰਹੀਕੀ ਬੋਲਦੀ? ਸੋਹਣੇ ਸੁਨੱਖੇ ਪਤੀ ਦੇਵ ਦੀ ਬੱਦਲ਼ਵਾਈ ਤਾਂ ਉਸ ਨੇ ਪਹਿਲੀ ਸੱਟ ਹੀ ਦੇਖ ਲਈ ਸੀਉਹ ਸ਼ਰਾਬੀ ਖ਼ਸਮ ਸਾਹਮਣੇ ਡਰੇ ਖ਼ਰਗੋਸ਼ ਵਾਂਗ ਕੁੰਗੜੀ ਜਿਹੀ ਖੜ੍ਹੀ ਸੀਉਸ ਦਾ ਦਿਲ ਛਾਤੀ ਵਿਚ ਹਥੌੜੇ ਵਾਂਗ ਵੱਜ ਰਿਹਾ ਸੀ

-"ਮੇਰਾ ਨਾਂ ਬਾਬਰ ਸਿੰਘ ਐ...! ਬਾਬਰ ਸਿੰਘ...! ਮੁੰਡੇ ਮੈਨੂੰ ਕਾਲਜ 'ਚ ਜਾਬਰ ਸਿੰਘ ਆਖਦੇ ਸੀ...!" ਪਤਾ ਨਹੀਂ ਉਸ ਨੇ ਕਿਉਂ ਦੱਸਿਆ ਸੀ? ਪਤਾ ਨਹੀਂ ਇਹ ਆਖ ਕੇ ਉਹ ਆਪਣੀ ਪਤਨੀ ਸਾਹਮਣੇ ਕਿਉਂ 'ਭੱਲ' ਜਿਹੀ ਬਣਾ ਰਿਹਾ ਸੀ?

-"......।" ਪ੍ਰੀਤੋ ਖ਼ਾਮੋਸ਼ ਸੁਣ ਰਹੀ ਸੀ

-"ਮੇਰਾ ਤੇਰੇ ਨਾਲ ਬਿਆਹ-ਬੂਹ ਕਰਾਉਣ ਦਾ ਕੋਈ ਇਰਾਦਾ ਨ੍ਹੀ ਸੀ-ਇਹ ਤਾਂ ਮੈਨੂੰ ਘਰਦਿਆਂ ਨੇ ਮੱਲੋਮੱਲੀ ਨਰੜ ਧਰਿਆ-ਬੜੀ ਭੈਣ ਚੋਦ ਐ ਦੁਨੀਆਂ...!" ਉਸ ਨੇ ਬੜੇ ਹੰਕਾਰ ਨਾਲ ਦੱਸਿਆ ਸੀ

-"......।" ਪ੍ਰੀਤੋ ਅੰਦਰ ਡਰ ਦਾ ਝੋਕਾ ਵਗ ਗਿਆ

-"ਮੇਰਾ ਤਾਂ ਪ੍ਰੇਮ ਇਕ ਹੋਰ ਕੁੜੀ, ਡਾਲੀ ਨਾਲ ਚੱਲਦਾ ਸੀ-ਕਿਆ ਕੁੜੀ ਐ ਡਾਲੀ...? ਨਿਰੀ ਤੂਤ ਦੀ ਲਗਰ ਅਰਗੀ ਐ! ਦੇਖ ਕੇ ਭੁੱਖ ਲਹਿੰਦੀ ਐ-ਤੇਰੇ ਅਰਗੀ 'ਤੇ ਤਾਂ ਮੈਂ ਧਾਰ ਨ੍ਹੀ ਮਾਰਦਾ ਸੀ...!" ਉਸ ਨੇ ਬਾਛਾਂ ਖਿਲਾਰ ਕੇ ਦੱਸਿਆ ਤਾਂ ਪ੍ਰੀਤੋ ਫਿਰ ਚੁੱਪ ਰਹੀਪਰ ਉਹ ਪੁੱਛਣਾ ਜ਼ਰੂਰ ਚਾਹੁੰਦੀ ਸੀ ਕਿ ਫਿਰ ਮੈਨੂੰ ਸਾਰੇ ਟੱਬਰ ਨੇ ਬਲੀ ਦਾ ਬੱਕਰਾ ਕਿਉਂ ਬਣਾਇਆ...? ਮੇਰੇ ਨਾਲ ਕੀ ਦੁਸ਼ਮਣੀ ਸੀ ਥੋਡੀ...? ਮੈਨੂੰ ਜ਼ਰੂਰੀ ਤੁਸੀਂ ਬੱਕਰੇ ਵਾਂਗ ਹਲਾਲ ਕਰਨਾ ਸੀ...? ਉਸ ਡਾਲੀ ਨੂੰ ਹੀ ਕਿਉਂ ਨਾ ਵਿਆਹ ਲਿਆਂਦਾ...? ਆਪਣੀ ਦੁਨੀਆਂ ਦੀ ਫਿ਼ਤਰਤ ਹੀ ਇਹ ਹੈ ਕਿ ਹੱਥ ਨਾ ਅੱਪੜੇ-ਥੂਹ ਕੌੜੀ...! ਪਰ ਦੂਜਿਆਂ ਦੇ ਅਰਮਾਨਾਂ ਦਾ ਘਾਣ ਜ਼ਰੂਰ ਕਰੋ! ਅਗਲਾ ਨਾ ਕਿਤੇ ਸੁਖ ਦਾ ਸਾਹ ਲੈ ਜਾਵੇ! ਪ੍ਰੀਤੋ ਨੂੰ ਆਪਣੀ ਹੋਣੀ ਦਾ ਤਾਂ ਪਹਿਲਾਂ ਹੀ ਪਤਾ ਸੀ! ਕਿ ਉਸ ਦੇ ਕਰਮਾਂ ਵਿਚ ਇਤਨਾ ਸੁਖ ਨਹੀਂ ਲਿਖਿਆ, ਜਿੰਨਾ ਕਿ ਮਾਮਾ ਕਿਸ਼ਨ ਸਿੰਘ ਬਿਆਨ ਕਰ ਰਿਹਾ ਸੀ

ਸ਼ਰਾਬੀ ਬਾਬਰ ਨੇ ਪਹਿਲਾਂ ਤਾਂ ਉਸ ਨੂੰ ਕੁਕੜੀ ਦੇ ਚੂਚੇ ਵਾਂਗ ਮਧੋਲ਼ ਧਰਿਆ ਅਤੇ ਫਿਰ ਉਸ ਨੇ ਪ੍ਰੀਤੋ ਨੂੰ ਬੱਕਰੇ ਵਾਂਗ ਢਾਹ ਲਿਆ ਅਤੇ ਉਸ ਦਾ ਮੂੰਹ "ਖਾਣਾ" ਸ਼ੁਰੂ ਕਰ ਦਿੱਤਾ! ਉਹ ਪੀੜਾਂ ਵਿੰਨ੍ਹੀ ਚੁੱਪ ਚਾਪ ਸਭ ਕੁਝ ਜਰਦੀ ਰਹੀਉਹ ਬਾਬਰ ਨੂੰ ਸੁਆਲ ਕਰਨਾ ਚਾਹੁੰਦੀ ਸੀ ਕਿ ਜੇ ਉਹ ਉਸ ਨੂੰ ਆਪਣੀ ਪਤਨੀ ਹੀ ਨਹੀਂ ਮੰਨਦਾ ਤਾਂ ਇਹ ਖੋਹ-ਖਿੰਝ ਕਿਹੜੇ ਹੱਕ ਨਾਲ...? ਪਰ ਉਸ ਦੀ ਜ਼ੁਬਾਨ ਸਿਉਂਤੀ ਹੋਈ ਸੀ ਅਤੇ ਮਨ 'ਤੇ ਪੱਥਰ ਰੱਖਿਆ ਹੋਇਆ ਸੀ! ਕੁੜੀ ਨੇ ਆਪਣੇ ਸੁਲਘਦੇ ਜਜ਼ਬਾਤਾਂ ਅਤੇ ਅਹਿਸਾਸਾਂ ਨੂੰ ਬੜੇ ਤਕੜੇ ਜ਼ਾਬਤੇ ਨਾਲ ਬੰਨ੍ਹ ਮਾਰਿਆ ਹੋਇਆ ਸੀਸਾਰੀ ਰਾਤ ਪਤਾ ਨਹੀਂ ਬਾਬਰ ਕੀ ਕੁਝ ਕਰਦਾ ਰਿਹਾ ਅਤੇ ਪਤਾ ਨਹੀਂ ਕਦੋਂ ਪ੍ਰੀਤੋ ਦੇ ਮੂੰਹੋਂ ਅਚਾਨਕ, "ਹਾਏ ਵੇ ਰੱਬਾ ਮਾਰਤੀ....!" ਨਿਕਲਿਆ ਸੀਉਹ ਅਸਹਿ ਅੰਦਰੂਨੀ ਪੀੜਾਂ ਨਾਲ ਚਾਕੂ ਵਾਂਗ ਇਕੱਠੀ ਜ਼ਰੂਰ ਹੋ ਗਈ ਸੀਬੇਕਿਰਕ ਬਾਬਰ ਨੇ ਉਸ ਦਾ ਅੰਦਰ ਹੀ ਤਾਂ ਪਾੜ ਧਰਿਆ ਸੀ! ਉਸ ਦੀਆਂ ਮਾਲੂਕ ਹੱਡੀਆਂ ਦੇ ਜੜਾਕੇ ਸਾਰੀ ਰਾਤ ਬਾਬਰ ਦੇ ਬੁਲਡੋਜ਼ਰ ਸਰੀਰ ਹੇਠ ਪੈਂਦੇ ਰਹੇ! ਸਾਰੀ ਰਾਤ ਬਾਬਰ ਉਸ ਨੂੰ 'ਹਲਾਲ' ਕਰਦਾ ਰਿਹਾ ਅਤੇ ਪ੍ਰੀਤੋ ਬੁੱਲ੍ਹਾਂ ਥੱਲੇ ਜੀਭ ਦੇ ਕੇ ਸਭ ਕੁਝ ਸਹਾਰਦੀ ਰਹੀ...!

ਸਵੇਰੇ ਤਿੰਨ ਵਜੇ ਬਾਬਰ ਨੇ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਕੇ ਪ੍ਰੀਤੋ ਨੂੰ ਆਜ਼ਾਦ ਕੀਤਾ

-"ਸੁੱਥਣ ਪਾਅਲਾ...! ਕਿਵੇਂ ਭੈਣ ਦੇਣੀ ਪਈ ਬੁੱਲ੍ਹਬਲੀਆਂ ਜੀਆਂ ਛੱਡੀ ਜਾਂਦੀ ਐ...!" ਉਸ ਨੇ ਵਗਦਾ ਖ਼ੂਨ ਦੇਖ ਕੇ ਬਰੜਾਹਟ ਕੀਤਾ ਅਤੇ ਪੈਣ ਸਾਰ ਹੀ ਡਰਾਉਣੇ ਜਿਹੇ ਘੁਰਾੜ੍ਹੇ ਸ਼ੁਰੂ ਕਰ ਦਿੱਤੇਉਹ ਲੰਬਾ ਸਾਹ ਲੈਂਦਾ ਘੁਰਾੜ੍ਹਾ ਮਾਰਦਾ ਅਤੇ ਸਾਹ ਛੱਡਣ ਲੱਗਿਆ ਬੋਤੇ ਵਾਂਗ ਬੁੱਲ੍ਹ ਜਿਹੇ ਫੜਕਾਉਂਦਾ ਸੀਪ੍ਰੀਤੋ ਨੇ ਸਾਰੀ ਹਿੰਮਤ ਇਕੱਠੀ ਕਰ ਕੇ ਕੰਬਲ਼ ਉਪਰ ਖਿੱਚ ਲਿਆ ਅਤੇ ਸਾਰੀ ਰਾਤ ਲਹੂ ਲੁਹਾਣ ਹੁੰਦੀ ਰਹੀਉਸ ਅੰਦਰੋਂ ਖ਼ੂਨ ਪ੍ਰਨਾਲ਼ਾ ਬਣ ਵਗਦਾ ਰਿਹਾਸਵੇਰ ਹੋਣ ਤੱਕ ਉਸ ਵਿਚ ਬੈਠਣ ਉਠਣ ਦੀ ਵੀ ਸੱਤਿਆ ਨਹੀਂ ਰਹੀ ਸੀ! ਉਹ ਫ਼ੱਟੜ ਸੱਪ ਵਾਂਗ ਗੁੰਝਲ਼ੀ ਜਿਹੀ ਮਾਰੀ ਬੈੱਡ ਦੇ ਇਕ ਪਾਸੇ ਸੁੰਡੀ ਵਾਂਗ ਲੱਗੀ ਪਈ ਰਹੀ ਉਸ ਵਿਚ "ਹਾਏ...!" ਆਖਣ ਦਾ ਵੀ ਸਾਹ-ਸਤ ਨਹੀਂ ਰਹਿ ਗਿਆ ਸੀਉਹ ਨਿਰਬਲ ਹੀ ਤਾਂ ਹੋ ਕੇ ਰਹਿ ਗਈ ਸੀਇਕ ਤਰ੍ਹਾਂ ਨਾਲ ਅੱਧਮਰੀ...!

ਸਵੇਰੇ ਸੱਤ ਕੁ ਵਜੇ ਉਸ ਦੀ ਨਣਾਨ ਆਈ ਅਤੇ ਪ੍ਰੀਤੋ ਨੂੰ ਉਠਾ ਕੇ ਲੈ ਗਈ

ਉਹ ਪ੍ਰੀਤੋ ਨੂੰ ਲੁੱਚੀਆਂ ਜਿਹੀਆਂ ਗੱਲਾਂ ਦੇ ਇਸ਼ਾਰੇ ਕਰ-ਕਰ ਕੁਝ ਪੁੱਛਣ ਦਾ ਯਤਨ ਕਰਦੀ ਰਹੀਪਰ ਪ੍ਰੀਤੋ ਦਾ ਸਾਰਾ ਸਰੀਰ ਚਸਕਾਂ ਮਾਰਦਾ ਸੀ, ਜਿਵੇਂ ਕੋਈ ਉਬਲ਼ਦਾ ਤੇਲ ਸਰੀਰ ਉਪਰ ਡੁੱਲ੍ਹ ਗਿਆ ਸੀਅੰਦਰੂਨੀ ਜ਼ਖ਼ਮਾਂ ਦੀਆਂ ਚਸਕਾਂ ਦੀ ਚੀਸ ਸਿੱਧੀ ਦਿਲ ਨੂੰ ਜਾਂਦੀ ਸੀ ਅਤੇ ਅੱਖਾਂ 'ਚੋਂ ਲਾਟ ਜਿਹੀ ਨਿਕਲਦੀ ਸੀਉਸ ਦਾ ਸਿਰ ਇੰਜ ਦੁਖ ਰਿਹਾ ਸੀ, ਜਿਵੇਂ ਕੋਈ ਬਰਮੇ ਨਾਲ ਸੱਲ ਕਰਦਾ ਹੁੰਦੈ! ਜਿਠਾਣੀਆਂ ਉਸ 'ਤੇ ਪਤਾ ਨਹੀਂ ਕਿਉਂ ਖਾਰ ਖਾਂਦੀਆਂ ਸਨ? ਸ਼ਾਇਦ ਇਸ ਕਰਕੇ ਕਿ ਬਾਬਰ ਦੇ ਮਾਂ-ਬਾਪ ਨੇ ਬਾਬਰ ਲਈ ਉਹਨਾਂ ਦੀਆਂ ਭੈਣਾਂ ਦਾ ਰਿਸ਼ਤਾ ਕਬੂਲ ਨਹੀਂ ਕੀਤਾ ਸੀਉਹਨਾਂ ਨੇ ਬਾਬਰ ਦੇ ਵੀ ਬਹੁਤ ਕੁਤਕੁਤੀਆਂ ਕੱਢੀਆਂਡੋਰੇ ਪਾਏਖਹਿ ਖਹਾਈ ਕੀਤੀਤਾਹਨ੍ਹੇ ਮਾਰੇਮਿਹਣੇ ਦਿੱਤੇਪਰ ਕੁਝ ਵੀ ਰਾਸ ਨਾ ਆਇਆਬਾਬਰ ਮੱਟ ਬਣਿਆ ਰਿਹਾਪਰ ਇਸ ਵਿਚ ਪ੍ਰੀਤੋ ਦਾ ਤਾਂ ਕੋਈ ਦੋਸ਼ ਨਹੀਂ ਸੀ! ਉਹ ਤਾਂ ਬਿਲਕੁਲ ਨਿਰਦੋਸ਼ ਸੀ! ਫਿਰ ਇਸ ਸਾਰੇ ਦੀ ਸਜ਼ਾ ਪ੍ਰੀਤੋ ਨੂੰ ਹੀ ਕਿਉਂ...?

ਖ਼ੈਰ...! ਪ੍ਰੀਤੋ ਇਸ ਪ੍ਰੀਵਾਰ ਵਿਚ ਰੁਲ਼-ਖੁਲ਼ ਕੇ ਦਿਨ ਕਟੀ ਕਰਦੀ ਰਹੀਆਪਣੀ ਮਾੜੀ ਕਿਸਮਤ ਨੂੰ ਕੋਸਦੀ ਰਹੀਪਤੀ ਦੀਆਂ ਆਪਹੁਦਰੀਆਂ ਬਰਦਾਸ਼ਤ ਕਰਦੀ ਰਹੀਜਿਠਾਣੀਆਂ ਦਾ ਗੁੱਝਾ ਜ਼ੁਲਮ ਸਹਿਣ ਕਰਦੀ ਰਹੀਪਰ ਕਦੇ ਮੂੰਹੋਂ ਨਾ ਫ਼ੁੱਟੀ! ਬਾਬਰ ਤਾਂ ਉਸ ਤੋਂ ਵੈਸੇ ਹੀ ਲਾਪ੍ਰਵਾਹ ਸੀਆਵੇਸਲ਼ਾ ਸੀਉਹ ਤਾਂ ਵਿਆਹ ਤੋਂ ਬਾਅਦ ਵੀ ਸ਼ਰੇਆਮ ਡਾਲੀ ਨੂੰ ਮਿਲਣ ਜਾਂਦਾ ਰਿਹਾ! ਅਤੇ ਉਹ ਵੀ ਪ੍ਰੀਤੋ ਨੂੰ ਦੱਸ ਕੇ! ਪਰ ਪ੍ਰੀਤੋ ਨਾ ਕੁਸਕੀਉਸ ਦਰਵੇਸ਼ਣੀ ਨੇ ਸਾਹ ਤੱਕ ਨਾ ਕੱਢਿਆ!

ਪ੍ਰੀਤੋ ਦੇ ਭਰਾ ਨੀਟੂ ਦਾ ਵਿਆਹ ਆ ਗਿਆ

ਜਠਾਣੀਆਂ ਨੇ ਵੀਹ-ਵੀਹ ਨਿਘੋਚਾਂ ਕੱਢੀਆਂਨੀਟੂ ਨੂੰ ਸ਼ਰਾਬੀ ਕਵਾਬੀ ਕਿਹਾਤਰਕਾਂ ਲਾਈਆਂਆਰਾਂ ਖੋਭੀਆਂਪਰ ਪ੍ਰੀਤੋ ਆਦਤ ਅਨੁਸਾਰ ਚੁੱਪ ਰਹੀ, ਸਭ ਕੁਝ ਸਹਿੰਦੀ ਗਈਮੰਦਾ ਬੋਲ ਕਿਸੇ ਨੂੰ ਵੀ ਨਾ ਬੋਲਿਆਝੂਠ ਵੀ ਕੋਈ ਨਹੀਂ ਸੀਨੀਟੂ ਸ਼ਰਾਬੀ ਕਵਾਬੀ ਹੀ ਤਾਂ ਸੀ! ਪਰ ਪ੍ਰੀਤੋ ਨੂੰ ਦੋਸ਼ ਕਾਹਦਾ...? ਅੱਗ ਲੱਗੀ ਜਗਰਾਵੀਂ ਤੇ ਧੂੰਆਂ ਨਿਕਲੇ ਬੋਪਾਰਮੀਂ? ਬਾਬਰ ਵੀ ਪ੍ਰੀਤੋ ਨੂੰ ਅਣਚਾਹਿਤ, ਮੱਲੋਮੱਲੀ ਸਿਰ ਮੜ੍ਹੀ ਹੋਈ ਪਤਨੀ ਹੀ ਗਰਦਾਨਦਾ ਰਿਹਾਡਾਲੀ ਨੂੰ ਉਹ ਆਪਣੀ ਮਾਸ਼ੂਕ ਦੱਸਦਾ ਰਿਹਾਡਾਲੀ ਦੀਆਂ ਸਿਫ਼ਤਾਂ ਕਰਦਾ ਰਿਹਾਉਸ ਨੂੰ ਆਪਣੇ ਦਿਲ ਦੀ ਰਾਣੀ, ਆਪਣੀ ਜਿੰਦ ਜਾਨ ਗਰਦਾਨਦਾਪਰ ਪ੍ਰੀਤੋ ਦਾ ਅੰਦਰ ਮਰ ਗਿਆ ਸੀਉਸ ਦੀ ਲੋਹੇ ਵਰਗੀ ਸਹਿਣਸ਼ੀਲਤਾ ਨੇ ਕਦੇ ਵੀ ਮਾਰ ਨਾ ਖਾਧੀਉਸ ਨੇ ਆਪਣਾ ਫ਼ੌਲਾਦੀ ਹਾਜ਼ਮਾ ਕਾਇਮ ਹੀ ਰੱਖਿਆ

ਨੀਟੂ ਦਾ ਵਿਆਹ ਹੋ ਗਿਆ

ਸਾਲ਼ੇ ਦੇ ਵਿਆਹ 'ਤੇ ਬਾਬਰ ਨਹੀਂ ਗਿਆ ਸੀ

-"ਮੈਂ ਭੈਣ ਚੋਦ ਨੰਗਾਂ ਦੇ ਵਿਆਹ ਜਾਊਂ...? ਜੇ ਜਾਣੈਂ ਤਾਂ 'ਕੱਲੀ ਜਾ ਵੜ-ਮੈਂ ਦੋ ਦਿਨ ਡਾਲੀ ਕੋਲ਼ੇ ਲਾ ਆਉਨੈਂ!" ਬਾਬਰ ਨੇ ਬਘਿਆੜ ਵਰਗਾ ਮੂੰਹ ਪਾੜ ਕੇ ਕਿਹਾ ਸੀਡਾਲੀ ਅਜੇ ਕਾਲਜ ਹੀ ਪੜ੍ਹਦੀ ਅਤੇ ਹੋਸਟਲ ਵਿਚ ਹੀ ਰਹਿੰਦੀ ਸੀ

ਇਕੱਲੀ ਪ੍ਰੀਤੋ ਹੀ ਵਿਆਹ ਜਾ ਆਈ ਸੀਮਾਂ ਨੇ ਬਾਬਰ ਦੇ ਨਾ ਆਉਣ ਦਾ ਕਾਰਨ ਪੁੱਛਿਆਪਰ ਪ੍ਰੀਤੋ ਦੇ ਕੋਈ ਸੰਤੁਸ਼ਟੀ ਭਰਿਆ ਉਤਰ ਨਾ ਦੇਣ 'ਤੇ ਦੜ ਵੱਟ ਗਈਕੁਝ ਆਖ ਕੇ ਉਹ ਧੀ ਦਾ ਜ਼ਖ਼ਮੀ ਦਿਲ ਹੋਰ ਲਹੂ ਲੁਹਾਣ ਨਹੀਂ ਕਰਨਾ ਚਾਹੁੰਦੀ ਸੀਮੇਲਣਾ ਨੂੰ ਬਾਬਰ ਦੇ ਬਿਮਾਰ ਹੋਣ ਦਾ ਬਹਾਨਾ ਮਾਰ ਦਿੱਤਾ ਸੀ

ਵਿਆਹ ਤੋਂ ਸਾਲ ਕੁ ਬਾਅਦ ਹੀ ਪ੍ਰੀਤੋ ਨੇ ਇਕ ਸੋਹਣੀ ਸੁਨੱਖੀ ਧੀ ਨੂੰ ਜਨਮ ਦਿੱਤਾਜਠਾਣੀਆਂ ਨੇ ਤਾਹਨੇ ਮਿਹਣੇ ਕਸੇ, "ਪੱਥਰ ਜੰਮ ਧਰਿਆ....!" ਪ੍ਰੀਤੋ ਢਿੱਡੋਂ ਬਹੁਤ ਔਖੀ ਹੋਈਉਹ ਜਠਾਣੀਆਂ ਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਆਪ ਕੀ ਸੀ...? ਜੇ ਮੇਰੀ ਧੀ ਪੱਥਰ ਹੈ, ਤਾਂ ਤੁਸੀਂ ਵੀ ਕਿਸੇ ਦੇ ਘਰੇ ਜੰਮੀਆਂ ਪੱਥਰ ਹੀ ਹੋ...! ਜੇ ਔਰਤ ਹੀ ਔਰਤ ਦਾ ਜਿਉਣਾ ਦੁੱਭਰ ਕਰ ਸਕਦੀ ਹੈ, ਤਾਂ ਮਰਦ ਨੇ ਉਸ ਨੂੰ ਕਦੋਂ ਬਰਾਬਰ ਦਾ ਦਰਜ਼ਾ ਦਿੱਤਾ? ਉਹ ਆਪਣੀ ਧੀ ਨੂੰ ਬੜਾ ਪਿਆਰ ਕਰਦੀਖਿਡਾਉਂਦੀਪ੍ਰੀਤੋ ਨੇ ਉਸ ਦਾ ਨਾਂ 'ਸੁੱਖੀ' ਰੱਖਿਆਉਹ ਸੁੱਖੀ ਨੂੰ ਹਰ ਰੋਜ਼ ਨੁਹਾ ਕੇ ਕੱਪੜੇ ਬਦਲਦੀਪ੍ਰੀਤੋ ਸੁੱਖੀ ਨਾਲ ਪਰਚ ਹੀ ਤਾਂ ਗਈ ਸੀ! ਜਿਠਾਣੀਆਂ ਫੇਰ ਵੀ ਉਸ ਨੂੰ ਜਿਉਣ ਨਾ ਦਿੰਦੀਆਂ, "ਲੈ ਨ੍ਹੀ...! ਇਹ ਇਹਨੂੰ ਲੀਰ ਜੀ ਨੂੰ ਨਿੱਤ ਈ ਨੁਹਾਉਣ ਲੱਗ ਜਾਂਦੀ ਐ-ਜਿਵੇਂ ਮਸਾਂ ਦੇਖੀ ਹੁੰਦੀ ਐ! ਜੇ ਮੁੰਡਾ ਹੋ ਜਾਂਦਾ ਪਤਾ ਨ੍ਹੀ ਕੀ ਕਰਦੀ...? ਜਿਵੇਂ ਇਹ ਇਹਦੇ ਕੋਈ ਅਲ੍ਹੈਹਦਾ ਜੰਮੀ ਹੁੰਦੀ ਐਂ...?" ਪਰ ਪ੍ਰੀਤੋ ਧੀ ਨਾਲ ਪਰਚੀ ਰਹਿੰਦੀਹੁਣ ਉਸ ਨੂੰ ਧੀ ਦਾ ਆਹਰ ਮਿਲ ਗਿਆ ਸੀਜੇ ਰਾਤ ਨੂੰ ਕੁੜੀ ਰੋਂਦੀ ਤਾਂ ਬਾਬਰ ਉਸ 'ਤੇ ਖਿਝਦਾ, "ਇਹਨੂੰ ਮਾਂ ਨੂੰ ਕਿਸੇ ਪਾਸੇ ਲਿਜਾ ਕੇ ਵਿਰਾਇਆ ਨ੍ਹੀ ਜਾਂਦਾ...? ਕਿਵੇਂ ਭੈਣ ਦੇਣੇ ਦੀ ਸਿਰ੍ਹਾਣੇਂ ਵਿਰਲਾਪ ਕਰਵਾਉਣ ਲੱਗਪੀ....!" ਤੇ ਪ੍ਰੀਤੋ ਕੁੜੀ ਨੂੰ ਸਾਰੀ ਸਾਰੀ ਰਾਤ ਇਕ ਲੱਤ 'ਤੇ ਲਈ ਖੜ੍ਹੀ ਰਹਿੰਦੀਉਸ ਨੂੰ ਵਿਰਾਉਂਦੀ ਰਹਿੰਦੀਕਦੇ ਵਿਹੜੇ ਵਿਚ ਲੈ ਜਾਂਦੀਕਦੇ ਬਾਹਰਲੇ ਵਰਾਂਡੇ ਵਿਚ ਜਾ ਖੜ੍ਹਦੀਬਾਬਰ ਇਕ ਵਾਰ ਵੀ ਨਾ ਪੁੱਛਦਾ ਕਿ ਕੁੜੀ ਦਾ ਕੁਛ ਦੁਖਦਾ ਤਾਂ ਨਹੀਂ?

ਨੀਟੂ ਆਪਣੀ ਪਤਨੀ ਗੁਰਜੋਤ ਵਿਚ ਹੀ ਮਸ਼ਰੂਫ਼ ਹੋ ਗਿਆ ਸੀਉਹ ਲਾਚੜੇ ਬਾਂਦਰ ਵਾਂਗ ਉਸ ਦੁਆਲ਼ੇ ਹੀ ਬਾਘੀਆਂ ਪਾਉਂਦਾ ਰਹਿੰਦਾਗੁਰਜੋਤ ਨੂੰ ਦੇਖ ਕੇ ਕੱਛਾਂ ਵਜਾਉਂਦਾ ਰਹਿੰਦਾ

ਪ੍ਰੀਤੋ ਦੇ ਕਿੰਨੇ ਵਾਰ ਆਖਣ 'ਤੇ ਵੀ ਉਹ ਕਦੇ ਆਪਣੀ ਘਰਵਾਲੀ ਗੁਰਜੋਤ ਨੂੰ ਲੈ ਕੇ ਪ੍ਰੀਤੋ ਨੂੰ ਮਿਲਣ ਨਹੀਂ ਆਇਆ ਸੀਪ੍ਰੀਤੋ ਦੀ ਬੇਬੇ ਨੇ ਵੀ ਕਈ ਵਾਰ ਪੁੱਤ ਨੂੰ ਆਖਿਆ ਸੀ, "ਪੁੱਤ, ਕਦੇ ਦੋਨੋਂ ਜੀਅ ਜਾ ਕੇ ਆਪਣੀ ਪ੍ਰੀਤੋ ਨੂੰ ਈ ਮਿਲ ਆਓ-ਫੇਰ ਵੀ ਬਿਗਾਨੇ ਘਰੇ ਐ-ਅਗਲਾ ਸੌ ਮਿਹਣੇ ਤਾਹਨੇ ਮਾਰਦੈ-ਇਕ ਪਾਸੇ ਪਈ ਤਾਂ ਪੁੱਤ ਰੋਟੀ ਵੀ ਸੜ ਜਾਂਦੀ ਐ! ਕਦੇ ਤੂੰ ਤੇ ਜੋਤ ਜਾ ਕੇ ਮਿਲ ਆਓ, ਮੇਰੇ ਸ਼ੇਰ...!" ਪਰ ਬੇਬੇ ਦੀਆਂ ਕਹੀਆਂ ਗੱਲਾਂ ਦਾ ਨੀਟੂ 'ਤੇ ਬਹੁਤਾ ਕੋਈ ਅਸਰ ਨਹੀਂ ਹੋਇਆ ਸੀਗੁਰਜੋਤ ਨੂੰ ਸਾਰੇ "ਜੋਤ" ਹੀ ਆਖਦੇ ਸਨਪਰ ਵਿਆਹ ਹੋਣ ਤੋਂ ਬਾਅਦ ਉਹ ਕੁਝ ਕੁ ਸੁਧਰ ਜ਼ਰੂਰ ਗਿਆ ਸੀਘਧਿੱਤਾਂ ਛੱਡ ਗਿਆ ਸੀਇਸ ਪੱਖੋਂ ਬੇਬੇ ਨੂੰ ਤਸੱਲੀ ਜ਼ਰੂਰ ਹੋ ਗਈ ਸੀਨੀਟੂ ਦੇ ਘਰਵਾਲੀ ਵੀ ਆਪ ਮਤੀ ਜਿਹੀ ਹੀ ਸੀਉਹ ਸੱਸ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ ਸੀਨੀਟੂ ਨੇ ਵੀ ਉਸ ਨੂੰ ਇਕ ਤਰ੍ਹਾਂ ਨਾਲ ਤਾੜ ਰੱਖਿਆ ਸੀ, "ਸੱਸ ਦੇ ਕੰਨ ਮੁੱਢ ਈ ਨਾ ਬੈਠੀ ਰਹੀਂ! ਜਦੋਂ ਮੈਂ ਇਸ਼ਾਰਾ ਕਰਾਂ-ਪਟੱਕ ਦੇਣੇ ਬੁੱਕਲ਼ 'ਚ ਆ ਖੜਕੀਂ-ਨਹੀਂ ਦੇਖਲਾ ਫੇਰ-ਪਰਾਗਾ ਪਾਊਂ...!"

ਉਸ ਦੀ ਘਰਵਾਲੀ ਜੋਤ ਨੇ ਵੀ ਨੀਟੂ ਦਾ ਭੇਦ ਪਾ ਲਿਆ ਸੀ ਕਿ ਨੀਟੂ ਮੇਰੇ ਸਰੀਰ ਦਾ ਭੁੱਖਾ ਹੈਮਾਂ ਦਾ ਇਹਨੂੰ ਕੋਈ ਦਰੇਗ ਨਹੀਂਕੋਈ ਮੋਹ ਨਹੀਂ! ਇਹ ਗੱਲ ਉਸ ਨੂੰ ਘਿਉ ਵਾਂਗ ਲੱਗੀ ਸੀ ਅਤੇ ਉਹ ਬਾਂਦਰ ਦੇ ਬੰਸਰੀ 'ਤੇ ਨੱਚਣ ਵਾਂਗ ਨੀਟੂ ਦੀ ਸੀਟੀ 'ਤੇ ਨੱਚਣ ਲੱਗ ਪਈ ਸੀਸੱਸ ਨੂੰ ਜਾਣਦੀ ਸੀ ਉਸ ਦੀ ਜੁੱਤੀ...! ਜਦੋਂ ਨੀਟੂ ਉਸ ਦੇ ਕਹਿਣੇ ਵਿਚ ਸੀ ਤਾਂ ਟੁੱਟ ਪੈਣੀਂ ਸੱਸ ਕਿਹੜੇ ਬਾਗ ਦੀ ਮੂਲੀ ਸੀ...? ਖਾਵੇ ਖਸਮਾਂ ਨੂੰ...! ਕੱਲ੍ਹ ਨੂੰ ਮਰਦੀ, ਅੱਜ ਮਰਜੇ....! ਉਹ ਦਿਨ ਮੌਕੇ ਵੀ ਨੀਟੂ ਦੇ ਘਨ੍ਹੇੜ੍ਹੀਂ ਚੜ੍ਹੀ ਰਹਿੰਦੀਜੋਤ ਦਿਨ ਵੇਲੇ ਵੀ ਆਪਣੇ ਤਨ ਦੇ ਕੱਪੜੇ ਨੀਟੂ ਦੇ ਸਾਹਮਣੇ ਛੱਲੀ ਦੇ ਪਰਦੇ ਵਾਂਗ ਲਾਹ ਲਾਹ ਕੇ ਪਰਾਂਹ ਸੁੱਟਦੀ, "ਮੈਥੋਂ ਨ੍ਹੀ ਰੱਖੇ ਜਾਂਦੇ ਅੱਗ ਲੱਗੜੇ...!" ਤੇ ਉਹ ਡਲ਼ੀ ਵਰਗੀ ਹੋ ਕੇ ਨੀਟੂ ਦੇ ਉਪਰ ਡਿੱਗ ਪੈਂਦੀ ਅਤੇ ਕਾਮ 'ਚ ਭੜ੍ਹਕੀ ਨੀਟੂ ਦੇ ਦੰਦੀਆਂ ਵੱਢਦੀ! ਨੀਟੂ ਵੀ ਰਿੱਛ ਵਾਂਗ ਉਸ ਦੇ ਦੁਆਲ਼ੇ ਹੀ ਖੇਡਾ ਪਾਉਂਦਾ ਰਹਿੰਦਾਖੇਤ ਅਤੇ ਘਰ ਦਾ ਸਾਰਾ ਕੰਮ ਡਿੱਗਦੀ ਢਹਿੰਦੀ ਬੇਬੇ ਹੀ ਸੰਭਾਲਦੀ ਸੀਨੀਟੂ ਕੀੜਿਆ ਵਾਲੇ ਕੁੱਤੇ ਵਾਂਗ ਅੰਦਰੋਂ ਹੀ ਨਾ ਨਿਕਲ਼ਦਾ ਅਤੇ ਤੀਮੀਂ ਦੀਆਂ ਕੱਛਾਂ ਹੀ ਸੁੰਘੀ ਜਾਂਦਾ

ਪਿੰਡ ਦੇ ਲੋਕ ਸੱਥ ਵਿਚ ਭਾਂਤ ਸੁਭਾਂਤੀਆਂ ਗੱਲਾਂ ਕਰਦੇ

-"ਬਈ ਨੀਟੂ ਆਲੀ ਤਾਂ ਹੱਦ ਈ ਹੋਗੀ...! ਪਤੰਦਰ ਦਿਨ ਰਾਤ ਤੀਮੀ ਦੀ ਤੰਬੀ 'ਚੋਂ ਈ ਨੀ ਨਿਕਲਦਾ!" ਨਿੰਮੇ ਗਿਆਨੀ ਨੇ ਇਕ ਦਿਨ ਸੱਥ 'ਚ ਕਚੀਰ੍ਹਾ ਕੀਤਾਗੋਦੀ ਉਸ ਦੇ ਆਪਦਾ ਮੁੰਡਾ ਗੁਰਪ੍ਰੀਤ ਚੁੱਕਿਆ ਹੋਇਆ ਸੀ

-"ਯਾਰ ਬਿਆਹ ਤਾਂ ਲੋਕਾਂ ਦੇ ਵੀ ਹੁੰਦੇ ਈ ਆਏ ਐ-ਇਹ ਤਾਂ ਛੋਕਰੀ ਯਹਾਵਾ ਬਾਹਲ਼ਾ ਈ ਬੇਸ਼ਰਮ ਐਂ।" ਬਾਈ ਨੰਜੂ ਕੁੜ੍ਹਿਆ ਹੋਇਆ ਬੋਲਦਾਕਰੋਧ ਵਿਚ ਉਹ ਆਪਣੀ ਲੰਬੀ ਦਾਹੜੀ ਕਸੀਸ ਨਾਲ ਖਿੱਚਦਾ

-"ਪੁੱਛਣਾ ਹੋਵੇ, ਬਈ ਸਾਲਿ਼ਆ ਸਾਰੀ ਦਿਹਾੜੀ ਤੀਮੀਂ ਦੀਆਂ ਲ਼ਾਲ਼ਾਂ ਈ ਚੱਟਦਾ ਰਹਿੰਨੈਂ-ਕਦੇ ਖੇਤ ਵੀ ਗੇੜਾ ਮਾਰ ਲਿਆ ਕਰ-ਵਿਚਾਰੀ ਮਾਈ ਸਾਰਾ ਦਿਨ ਅੱਕਲ਼ਕਾਣ ਹੋਈ ਰਹਿੰਦੀ ਐ...!" ਨੀਲੂ ਨੇ ਭੜ੍ਹਾਸ ਕੱਢਦਾਹੱਥ ਵਾਲ਼ੇ ਅਖ਼ਬਾਰ ਨੂੰ ਉਹ ਪੂਣੀਂ ਵਾਂਗ ਵੱਟ ਦੇ ਕੇ ਗੰਧਾਲ਼ੇ ਵਾਂਗ ਸਿੱਧਾ ਕਰੀ ਰੱਖਦਾ

-"ਉਏ ਭੈੜ੍ਹਿਓ! ਤੀਮੀ ਦੀ ਗਰਮਾਇਸ਼ ਤਾਂ ਧਤੂਰ੍ਹੇ ਨਾਲੋਂ ਭੈੜ੍ਹੀ ਹੁੰਦੀ ਐ-ਸਾਲ਼ਾ ਕਦੇ ਰਜਾਈ 'ਚ ਪਿਆ ਈ ਗਲ਼ਜੂ! ਇਹਦਾ ਕੋਈ ਬੰਦੋਬਸਤ ਕਰੋ!" ਬਚਿੱਤਰ ਛੜੇ ਨੇ ਦੁਹਾਈ ਦਿੱਤੀਉਸ ਦੇ ਆਖਣ 'ਤੇ ਬਿੰਦੇ ਹੋਰੀਂ ਸਾਰੇ ਹੱਸ ਪਏ

-"ਬਾਈ ਬਚਿੱਤਰਾ! ਹੋਰ ਕੋਈ ਕਹੇ ਤਾਂ ਸਮਝ ਵੀ ਆਉਂਦੀ ਐ-ਪਰ ਤੈਨੂੰ ਕਿੱਥੋਂ ਤਜਰਬਾ ਹੋ ਗਿਆ?" ਪੂਰਨੇ ਖਹਿਰੇ ਨੇ ਟਾਂਚ ਕੀਤੀ

-"ਇਹ ਲੋਕਾਂ ਨੂੰ ਦੇਖ ਦੇਖ ਕੇ ਸਿੱਖਦੈ...।" ਭਾਲੇ ਬਾਈ ਨੇ ਖਰੀ ਹੀ ਸੁਣਾ ਧਰੀ

-"ਨਾ ਬਈ ਮੁੰਡਿਓ...! ਬਚਿੱਤਰ ਬਾਈ 'ਤੇ ਤਵਾ ਨਾ ਲਾਓ!" ਮੁਖਤਿਆਰ ਫ਼ੌਜੀ ਨੇ ਮੁਡੀਹਰ ਨੂੰ ਵਰਜਿਆ

ਬਚਿੱਤਰ ਵੀ ਮੁਡੀਹਰ ਤੋਂ ਦੁਖੀ ਹੋ ਕੇ 'ਬੁੜ-ਬੁੜ' ਕਰਦਾ ਤੁਰ ਗਿਆਉਸ ਨੇ ਰਾਕਟ ਵਾਂਗ ਇਕ ਦਮ ਸਪੀਡ ਫੜੀ ਸੀ

-"ਪਤੰਦਰ ਟੈਂਪੂ ਈ ਬਣ ਗਿਆ ਬਈ....!" ਨੰਜੂ ਬੋਲਿਆ

-"ਤੂੰ ਟੱਸ ਦੇਖ ਕਿਮੇ ਫੜੀ...?" ਲੱਛੇ ਕੂਕੇ ਨੇ ਫ਼ੁਰਤੀ ਦੀ ਸ਼ਲਾਘਾ ਕੀਤੀ

-"ਪੈਰ ਤੋਂ ਈ ਰੇਸ ਫੜ ਗਿਆ...!" ਖੇਤ ਵਾਲਾ ਚਰਨੀ ਵੀ ਹੈਰਾਨ ਸੀ

-"ਪਲੀਤਾ ਤਾਂ ਉਹਦੇ ਬਿਚਾਰੇ ਦੇ ਤੁਸੀਂ ਲਾਇਐ! ਰੇਸ ਨਾ ਫੜੇ ਤਾਂ ਹੋਰ ਕੀ ਕਰੇ?" ਸੀਰੇ ਨੇ ਕਿਹਾ

-"ਲੈ ਮੁੰਡਿਓ...! ਵੱਡਾ ਬਾਈ ਗੁੱਸੇ ਕਰਤਾ ਤੁਸੀਂ!" ਚਾਚੇ ਮੋਹਣ ਨੇ ਆਖਿਆ

-"ਅਸੀਂ ਚਾਚਾ ਉਹਦੇ ਕੰਡ ਲੜਾਤੀ...?" ਗੱਲ ਅੱਛਰੂ ਦੇ ਮੰਨਣ ਤੋਂ ਬਾਹਰ ਸੀ

-"ਨਹੀਂ, ਗੱਲ ਤਾਂ ਸੋਚ ਕੇ ਕਰਨੀ ਸੀ-ਕਾਣੇ ਨੂੰ ਕਾਣਾ ਕਹਿਣਾ ਕਿੱਧਰਲੀ ਅਕਲਮੰਦੀ ਐ?" ਮੁਖਤਿਆਰ ਫ਼ੌਜੀ ਆਪਣੇ ਸਿਧਾਂਤ 'ਤੇ ਪੱਕਾ ਖੜ੍ਹਾ ਸੀ

-"ਤੇ ਹੋਰ ਫ਼ੌਜੀਆ ਕਾਣੇ ਨੂੰ ਅਸੀਂ ਤਿੰਨ ਨੇਤਰਾ ਆਖੀਏ?" ਗੀਰਾ ਫ਼ੌਜੀ ਵੀ ਬੋਲਣੋਂ ਨਾ ਰਹਿ ਸਕਿਆ

-"ਜੋ ਮਰਜੀ ਐ ਆਖੋ ਭਾਈ! ਮੈਂ ਤਾਂ ਇਹੀ ਕਹੂੰਗਾ ਬਈ ਕਿਸੇ ਦਾ ਦਿਲ ਨਾ ਦੁਖੀ ਕਰੋ!"

-"ਚਲੋ ਮੰਨ ਲੈਨੇ ਐਂ ਫ਼ੌਜੀਆ ਤੇਰੀ ਗੱਲ!" ਸੁਖਜੀਵਨ ਪੱਤਰਕਾਰ ਨੇ ਖਹਿੜ੍ਹਾ ਜਿਹਾ ਛੁਡਾਉਣ ਖਾਤਰ ਕਿਹਾ

ਸਾਰੇ ਚੁੱਪ ਵੱਟ ਗਏਸੱਥ ਚਰਚਾ ਖੁੰਧਕ ਵੱਲ ਨੂੰ ਤੁਰ ਪਈ ਸੀ

ਖ਼ੈਰ! ਨੀਟੂ ਆਪਣੀ ਘਰਵਾਲ਼ੀ ਵਿਚ ਹੀ ਮਸਤ ਸੀ

ਮਲਕੀਤ ਕੌਰ ਨੇ ਘਰੇ ਇਕ ਭਈਆ ਰੱਖ ਲਿਆ ਸੀਭਈਆ ਪੱਠੇ ਦੱਥੇ ਲੈ ਆਉਂਦਾਮੱਝਾਂ ਛੱਪੜ 'ਤੇ ਲੈ ਜਾਂਦਾਪੈਲ਼ੀ ਮਲਕੀਤ ਕੌਰ ਨੇ ਕਿਸ਼ਨ ਸਿੰਘ ਦੇ ਆਖਣ 'ਤੇ ਕਿਸੇ ਨੂੰ ਠੇਕੇ 'ਤੇ ਦੇ ਦਿੱਤੀ ਸੀਘਰ ਦਾ ਕੰਮ ਕਾਜ ਵੀ ਕਿੰਨ੍ਹਾਂ ਕੁ ਸੀ? ਤਿੰਨ ਤਾਂ ਘਰ ਵਿਚ ਜੀਅ ਸਨਮਲਕੀਤ ਕੌਰ, ਉਸ ਦੀ ਨੂੰਹ ਜੋਤ ਅਤੇ 'ਸੁਲੱਖਣਾ' ਪੁੱਤ ਨੀਟੂ!

ਇਕ ਦਿਨ ਮਲਕੀਤ ਕੌਰ ਭਈਏ ਗੰਗਾ ਰਾਮ ਨਾਲ ਖੇਤੋਂ ਪੱਠੇ ਲਦਾ ਕੇ ਲਿਆ ਰਹੀ ਸੀਅਚਾਨਕ ਉਸ ਨੂੰ ਇਕ ਅੱਤ ਮਨਹੂਸ ਅਤੇ ਹਿਰਦੇਵੇਧਕ ਖ਼ਬਰ ਮਿਲੀਪ੍ਰੀਤੋ ਦੇ ਘਰਵਾਲ਼ਾ ਬਾਬਰ 'ਚੜ੍ਹਾਈ' ਕਰ ਗਿਆ ਸੀਮਲਕੀਤ ਕੌਰ ਨੇ ਦੁਹੱਥੜ ਮਾਰੀਅਤੀਅੰਤ ਦੁਖੀ ਧੀ ਪ੍ਰੀਤੋ ਵਿਧਵਾ ਹੋ ਗਈ ਸੀਉਸ ਨੇ ਧੀ ਦੇ ਦੁੱਖ ਵਿਚ ਆਪਣੇ ਕਰਮ ਅਤੇ ਪੱਟ ਪਿੱਟ ਲਏਬਾਬਰ ਦੀ ਮੌਤ ਦਾ ਕਾਰਨ ਕੀ ਸੀ? ਬੇਬੇ ਸੁਨੇਹੇਂ ਵਾਲੇ ਤੋਂ ਪੁੱਛਣਾ ਹੀ ਭੁੱਲ ਗਈ ਸੀ! ਕੀ ਕਰਦੀ...? ਖ਼ਬਰ ਸੁਣ ਕੇ ਦਿਮਾਗ ਹੀ ਸੁੰਨ ਹੋ ਗਿਆ ਸੀਸੋਚਾਂ ਨੂੰ ਤਾਂ ਲਕਵਾ ਮਾਰ ਗਿਆ ਸੀ

ਜਦ ਉਸ ਨੇ ਘਰ ਆ ਕੇ ਬੂ-ਪਾਹਰਿਆ ਮਚਾਈ ਤਾਂ ਸਾਰਾ ਪਿੰਡ ਉਹਨਾਂ ਦੇ ਵਿਹੜੇ ਵਿਚ ਇਕੱਠਾ ਹੋ ਗਿਆ

-"ਨ੍ਹੀ, ਹੋ ਕੀ ਗਿਆ, ਮਲਕੀਤ ਕੁਰੇ....?" ਕਿਸੇ ਸਿਆਣੀ ਬੁੜ੍ਹੀ ਨੇ ਪੁੱਛਿਆ ਤਾਂ ਮਲਕੀਤ ਕੌਰ ਨੇ ਦੁਹਾਈ ਦਿੱਤੀ

-"ਨ੍ਹੀ ਮੇਰੀ ਮਾੜੇ ਕਰਮਾਂ ਆਲ਼ੀ ਧੀ ਰੰਡੀ ਹੋਗੀ, ਬੇਬੇ ਜੀ....!" ਉਸ ਨੇ ਵਿਰਲਾਪ ਕੀਤਾ

ਸਾਰਿਆਂ ਨੂੰ ਸੱਪ ਸੁੰਘ ਗਿਆ

ਮਕਾਣ ਲੈ ਕੇ ਪ੍ਰੀਤੋ ਦੇ ਸਹੁਰੀਂ ਪਹੁੰਚੇ

ਸਾਰਾ ਘਰ ਹੀ ਸੋਗ ਵਿਚ ਡੁੱਬਿਆ ਹੋਇਆ ਸੀ

ਬਾਬਰ ਦੀ ਲਾਸ਼ ਮੰਜੇ 'ਤੇ ਪਈ ਸੀ

ਜਦ ਪਿੰਡ ਵਾਲਿਆਂ ਨੇ ਬਾਬਰ ਦੀ ਮੌਤ ਬਾਰੇ ਕਨਸੋਅ ਲੈਣੀ ਚਾਹੀ ਤਾਂ ਜਿੰਨੇ ਮੂੰਹ, ਉਤਨੀਆਂ ਹੀ ਗੱਲਾਂ! ਕੋਈ ਕਹੇ ਕਿਸੇ ਨੇ ਬਾਬਰ ਨੂੰ ਸ਼ਰਾਬ 'ਚ ਕੁਛ ਦੇ ਦਿੱਤਾਕੋਈ ਆਖ ਰਿਹਾ ਸੀ ਕਿ ਉਹ ਆਪ ਕੁਝ ਖਾ ਗਿਆਕੋਈ ਕਹਿ ਰਿਹਾ ਸੀ ਕਿ ਉਸ ਨੇ ਸ਼ਰਾਬ ਜ਼ਿਆਦਾ ਪੀ ਲਈ ਹੋਣੀ ਹੈਭਾਂਤ-ਭਾਂਤ ਦੀ ਸ਼ਬਦਾਵਲੀ ਸੀਵੱਖੋ ਵੱਖਰੇ ਵਿਚਾਰ ਸਨਪਰ ਪ੍ਰੀਤੋ ਝੁੰਬ ਜਿਹਾ ਮਾਰੀ ਅਤੀਅੰਤ ਦੁਖੀ ਬੈਠੀ ਸੀਮਾਂ ਦੇ ਗਲ਼ ਲੱਗ ਕੇ ਉਹ ਜਾਰੋਜਾਰ ਰੋਈ ਅਤੇ ਆਪਣਾ ਅਗਲਾ ਪਿਛਲਾ ਗੁੱਭ-ਗੁਭਾਹਟ ਕੱਢ ਲਿਆਬੇਬੇ ਨੇ ਵੀ ਰੋ ਕੇ ਆਪਣੇ ਭਰੇ ਮਨ ਦੇ ਧੋਣੇ ਧੋ ਲਏ ਸਨ

ਸਸਕਾਰ ਹੋ ਗਿਆ

ਭੋਗ ਤੋਂ ਬਾਅਦ ਪ੍ਰੀਤੋ ਦੇ ਵਸੇਬੇ ਦੀ ਗੱਲ ਆ ਗਈ ਤਾਂ ਪ੍ਰੀਤੋ ਨੇ ਇਕੋ ਵਿਚ ਹੀ ਨਬੇੜ ਦਿੱਤੀ

-"ਮੈਂ ਤਾਂ ਬੇਬੇ ਆਬਦੇ ਸਹੁਰੇ ਘਰ ਈ ਕੱਟ ਲਊਂ-ਮੈਨੂੰ ਪੇਕੀਂ ਜਾਣ ਆਸਤੇ ਨਾ ਆਖਿਓ...!" ਉਸ ਨੇ ਭੌਣ ਤੋਂ ਲਾਹ ਧਰੀਦੋਚਿੱਤੀ ਵਿਚ ਉਹ ਪੈਣਾ ਹੀ ਨਹੀਂ ਚਾਹੁੰਦੀ ਸੀਭੈਣ ਭਰਜਾਈ ਦਾ ਉਸ ਨੂੰ ਪਤਾ ਸੀ ਕਿ ਜਿਹੜੇ ਮੈਨੂੰ ਮਿਲਣ ਨਹੀਂ ਆ ਸਕੇ, ਉਹਨਾਂ ਨੇ ਮੈਨੂੰ ਪੇਕੀਂ ਕਦੋਂ ਵਸਣ ਦਿੱਤਾ...? ਉਹ ਹੁਣ ਉਹਨਾਂ ਦੀ ਸ਼ਰੀਕਣੀ ਹੀ ਤਾਂ ਸੀਖਸਮ ਸਿਰ 'ਤੇ ਹੁੰਦਾ, ਚਾਹੇ ਉਹ ਸ਼ਰਾਬੀ, ਚਾਹੇ ਕਵਾਬੀ, ਸੌ ਗਲਤੀਆਂ ਗੁਨਾਹਾਂ ਦੀ ਮੂਰਤ ਸੀਪਰ ਉਸ ਨਾਲ ਉਸ ਦਾ ਸਹੁਰੀਂ ਵਸੇਬਾ ਸੀ! ਭਰਜਾਈ ਦੀਆਂ ਜੁੱਤੀਆਂ ਖਾਣ ਨਾਲੋਂ ਤਾਂ ਉਹ ਜਿਠਾਣੀਆਂ ਦੀਆਂ ਤੱਤੀਆਂ ਠੰਢੀਆਂ ਸਹਿ ਲਵੇਗੀ ਪਰ ਪੇਕੀਂ ਕਦਾਚਿੱਤ ਨਹੀਂ ਜਾਵੇਗੀ! ਉਸ ਨੂੰ ਆਪਣੇ ਹੋਣ ਵਾਲੇ ਹਸ਼ਰ ਅਤੇ ਦੁਰਗਤੀ ਦਾ ਅਗਾਊਂ ਪਤਾ ਸੀ! ਕੱਲ੍ਹ ਨੂੰ ਭਰਾ ਭਰਜਾਈ ਦੀਆਂ ਜੁੱਤੀਆਂ ਖਾ ਕੇ ਵੀ ਨਿਕਲੂੰ ਹੀ....! ਫੇਰ ਜਾਊਂ ਕਿੱਥੇ...? ਫੇਰ ਤਾਂ ਸਹੁਰਿਆਂ ਨੇ ਵੀ ਨਹੀਂ ਝੱਲਣਾ....! ਹੁਣ ਸਹੁਰੀਂ ਟਿਕੀ ਐਂ, ਚੁੱਪ ਕਰ ਕੇ ਟਿਕੀ ਰਹਿ...! ਆਪਦੀ ਇੱਜ਼ਤ ਆਪਣੇ ਹੱਥ ਹੁੰਦੀ ਐ!

ਪਰ ਫਿਰ ਵੀ ਜਿ਼ਦ ਕਰ ਕੇ ਬੇਬੇ ਪ੍ਰੀਤੋ ਨੂੰ ਚਾਰ ਦਿਨਾਂ ਵਾਸਤੇ ਪੇਕੀਂ ਲੈ ਆਈ

ਨੀਟੂ ਦੇ ਮਨ 'ਤੇ ਕੋਈ ਅਸਰ ਨਹੀਂ ਸੀਬਿਗਾਨੀ ਧੀ ਜੋਤ 'ਤੇ ਕੀ ਅਸਰ ਹੋਣਾ ਸੀ?

ਭਰਜਾਈ ਜੋਤ ਨਿੱਖਰ ਤਿੱਖਰ ਕੇ, ਬਣ ਠਣ ਕੇ ਰਹਿੰਦੀ ਸੀਉਹ ਪ੍ਰੀਤੋ ਨੂੰ ਵੱਢੇ ਮੂੰਹ ਨਾਲ ਵੀ ਨਾ ਬੁਲਾਉਂਦੀਬੱਸ, ਆਪਣੀ ਟੌਹਰ, ਸ਼ੌਕੀਨੀ ਵਿਚ ਹੀ ਰੁੱਝੀ, ਮਸਤ ਰਹਿੰਦੀਬੇਬੇ ਉਸ ਦੀਆਂ ਕਰਤੂਤਾਂ ਤੋਂ ਅਥਾਹ ਦੁਖੀ ਸੀਘਰੇ ਰੰਡੀ ਧੀ ਬੈਠੀ ਲਾਵਾਰਸ ਚਿਖ਼ਾ ਵਾਂਗ ਬਲ਼ਦੀ ਸੀ ਅਤੇ ਨੂੰਹ ਦੇ ਆਪਦੇ ਅਸ਼ਣੇ-ਪਸ਼ਣੇ ਲੋਟ ਨਹੀਂ ਆਉਂਦੇ ਸਨ

-"ਜੋਤ ਪੁੱਤ...! ਸਿਆਣੇ ਆਖਦੇ ਐ ਬਈ ਜੇ ਰੋਣ ਨਾ ਆਉਂਦਾ ਹੋਵੇ ਤਾਂ ਡੱਡੇ ਰੋਣ ਅਰਗਾ ਮੂੰਹ ਕਰ ਲਈਏ! ਜੱਗ ਰਵੀਰਾ ਤਾਂ ਚਾਰ ਦਿਨ ਕਰ ਲਈਦਾ ਹੁੰਦੈ...?" ਇਕ ਦਿਨ ਬੇਬੇ ਨੇ ਲਿੱਪੀ-ਪੋਚੀ ਬੈਠੀ ਨੂੰਹ ਨੂੰ ਦਿਲ ਕੱਢ ਕੇ ਆਖ ਹੀ ਦਿੱਤਾਨੂੰਹ 'ਅਲੀ-ਅਲੀ' ਕਰ ਕੇ ਸੱਸ ਦੇ ਗਲ਼ ਪੈ ਗਈ

-"ਜੇ ਤੇਰਾ ਜਮਾਈ ਮਰ ਗਿਆ? ਤਾਂ ਅਸੀਂ ਵੀ ਨਾਲ ਈ ਮਰਜੀਏ, ਮਾਈ? ਅਸੀਂ ਤੈਨੂੰ ਵਸਦੇ ਚੰਗੇ ਨ੍ਹੀ ਲੱਗਦੇ? ਸਾਥੋਂ ਨ੍ਹੀ ਐਹੋ ਜੇ ਟਟਬੈਰ ਹੁੰਦੇ-ਜਿਹੜੇ ਤੂੰ ਨਿੱਤ ਕਰਨ ਬਹਿ ਜਾਨੀ ਐਂ! ਅਗਲਾ ਮਰ ਗਿਆ-ਤੁਰ ਗਿਆ-ਖਪ ਗਿਆ-ਗੱਲ ਖਤਮ! ਹੁਣ ਤੂੰ ਉਹਨੂੰ ਸਿਵਿਆਂ 'ਚੋਂ ਤਾਂ ਨ੍ਹੀ ਘੜ੍ਹੀਸ ਕੇ ਲਿਆਉਣਾ...?" ਨੂੰਹ ਜੋਤ ਨੇ ਇੱਟ ਦੀ ਥਾਂ ਪੱਥਰ ਚਲਾਇਆ ਤਾਂ ਮਲਕੀਤ ਕੌਰ ਦਾ ਮੂੰਹ ਬੰਦ ਹੋ ਗਿਆਮਲਕੀਤ ਕੌਰ ਨੂੰ ਪ੍ਰਤੱਖ ਪਤਾ ਸੀ ਕਿ ਜੋਤ ਨੂੰ ਨੀਟੂ ਦੀ ਸ਼ਹਿ ਸੀ! ਨਾਲੇ ਉਹ ਤਾਂ ਨੂੰਹ ਨੂੰ ਆਖ ਕੇ ਘੋਰ ਗ਼ਲਤੀ ਕਰ ਬੈਠੀ ਸੀਸੋਚਣਾ ਹੋਵੇ ਤਾਂ ਨੂੰਹ ਦਾ, ਮੇਰਾ ਜੁਆਈ ਕੀ ਲੱਗਦਾ ਸੀ...? ਢੇਕਾ....? ਮਲਕੀਤ ਕੌਰ ਤਾਂ ਜਜ਼ਬਾਤੀ ਹੋਈ ਨੂੰਹ ਨੂੰ ਗੱਲ ਰੜਕਾ ਗਈ ਸੀ ਕਿ ਉਸ ਦੇ 'ਕੱਢਣ-ਪਾਉਣ' ਅਜੇ ਉਸ ਨੂੰ ਸ਼ੋਭਾ ਨਹੀਂ ਦਿੰਦੇ ਸਨ! ਪਰ ਮੂੰਹ ਫ਼ੱਟ ਨੂੰਹ ਨੇ ਤਾਂ ਉਂਜ ਹੀ ਸੱਸ ਨੂੰ ਝੱਗਾ ਚੁੱਕ ਦਿੱਤਾ ਸੀ

ਰਾਤ ਨੂੰ ਬੇਬੇ ਅਤੇ ਪ੍ਰੀਤੋ ਇਕ ਵੱਖ ਕਮਰੇ ਵਿਚ ਪਈਆਂ ਸਨਉਹਨਾਂ ਨੂੰ ਨੀਟੂ ਦੇ ਕਮਰੇ ਵਿਚੋਂ ਉਚੀ-ਉਚੀ ਬੋਲਣ ਅਤੇ ਫਿਰ ਵਿਅੰਗਮਈ ਹੱਸਣ ਦੀ ਆਵਾਜ਼ ਸੁਣਾਈ ਦਿੱਤੀਪ੍ਰੀਤੋ ਸਮਝ ਗਈ ਕਿ ਜੋਤ ਨੀਟੂ ਨੂੰ ਦਿਨ ਵਾਲੀ ਗੱਲ ਦੱਸ ਕੇ ਖ਼ੁਸ਼ ਹੋ ਰਹੀ ਸੀ ਅਤੇ ਨੀਟੂ ਉਸ ਦੀ ਗੱਲ 'ਤੇ ਹੀ ਲਫ਼ੈਂਡਰਾਂ ਵਾਂਗ ਹੱਸ ਰਿਹਾ ਸੀ

ਅਗਲੇ ਦਿਨ ਪ੍ਰੀਤੋ ਆਪਣੀ ਧੀ ਨੂੰ ਲੈ ਕੇ ਫਿਰ ਸਹੁਰੀਂ ਚਲੀ ਗਈ

ਮਾਂ ਦੇ ਦਿਲ ਦਾ ਉਸ ਨੂੰ ਪਤਾ ਸੀਮਾਂ ਨੂੰ ਵੀ ਧੀ ਦੇ ਦੁੱਖ ਦਾ ਦੁੱਖ ਸੀਪਰ ਕਿਹਾ ਕਿਸੇ ਨੇ ਕਿਸੇ ਨੂੰ ਕੁਝ ਵੀ ਨਹੀਂ ਸੀਦੋਨੋਂ ਕੰਧ ਬਣੀਆਂ, ਇਕ ਦੂਜੀ ਤੋਂ ਰੋ ਧੋ ਕੇ ਵਿਦਾਅ ਹੋਈਆਂ ਸਨਬੱਸ, ਤੁਰਦੀ ਪ੍ਰੀਤੋ ਨੂੰ ਬੇਬੇ ਨੇ ਕਿਹਾ ਸੀ, "ਜੇ ਉਥੇ ਦਿਲ ਨਾ ਲੱਗੇ ਤਾਂ ਆ ਜਿਆ ਕਰ ਪ੍ਰੀਤੋ-ਜਿੰਨਾਂ ਚਿਰ ਮੈਂ ਜਿਉਨੀ ਐਂ-ਤੈਨੂੰ ਆਉਣ ਤੋਂ ਕੋਈ ਨ੍ਹੀ ਰੋਕ ਸਕਦਾ! ਤੇ ਧੀਏ ਜਦੋਂ ਮੈਂ ਚਲੀ ਗਈ-ਫੇਰ ਤਾਂ ਤੇਰਾ ਰੱਬ ਈ ਬੇਲੀ ਐ ਸੋਹਣੀਏ ਧੀਏ....!" ਮਾਂ ਨੇ ਆਪਣੇ ਦਿਲ ਦਾ ਭਰਾੜ੍ਹ ਧੀ ਅੱਗੇ ਖੋਲ੍ਹ ਦਿੱਤਾ ਸੀ ਅਤੇ ਪ੍ਰੀਤੋ ਮਾਂ ਦੇ ਗਲ਼ ਲੱਗ ਕੇ ਫ਼ੁੱਟ-ਫ਼ੁੱਟ ਕੇ ਰੋਈ ਸੀਕਰ ਵੀ ਕੀ ਸਕਦੀ ਸੀ? ਮਾਂ-ਧੀ, ਦੋਨੋਂ ਹੀ ਤਾਂ ਮਜਬੂਰ ਸਨ! ਦੋਸਾਂਗ ਵਿਚ ਫ਼ਸੇ ਹੋਏ ਪੰਛੀ ਵਾਂਗ ਬੇਵੱਸ!

ਮਲਕੀਤ ਕੌਰ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀਕਦੇ ਕਦੇ ਰਾਤ ਨੂੰ ਉਹ ਦਧਨ ਹੋਈ ਰੱਬ ਨੂੰ ਮਿਹਣਾ ਜਿਹਾ ਮਾਰਦੀ, "ਕੀ ਥੁੜਿਆ ਪਿਐ ਰੱਬਾ ਐਥੇ ਮੇਰੇ ਵੱਲੋਂ...? ਤੂੰ ਦੁਸ਼ਮਣਾਂ ਮੈਨੂੰ ਚੱਕ ਕਿਉਂ ਨ੍ਹੀ ਲੈਂਦਾ...?" ਉਹ ਜਿਵੇਂ ਪੈਂਦੀ, ਉਵੇਂ ਹੀ ਉਠ ਖੜ੍ਹੀ ਹੁੰਦੀਉਸ ਦੀ ਸਿਹਤ ਦਿਨੋਂ ਦਿਨ ਥੱਲੇ ਨੂੰ ਜਾ ਰਹੀ ਸੀਨੀਟੂ ਅਤੇ ਜੋਤ ਨੂੰ ਉਸ ਦੀ ਸਿਹਤ ਦੀ ਕੋਈ ਚਿੰਤਾ ਨਹੀਂ ਸੀਕੋਈ ਲਗਾਓ ਜਾਂ ਪ੍ਰਵਾਹ ਨਹੀਂ ਸੀ

ਪ੍ਰੀਤੋ ਦੀ ਧੀ ਸੁੱਖੀ ਨੂੰ ਕਈ ਦਿਨਾਂ ਤੋਂ ਬੁਖ਼ਾਰ ਨਹੀਂ ਉਤਰ ਰਿਹਾ ਸੀਉਸ ਨੇ ਜੇਠ ਜਿਠਾਣੀਆਂ ਦੇ ਲੱਖ ਤਰਲੇ ਕੀਤੇਪਰ ਕੋਈ ਪਿੰਡ ਦੇ ਡਾਕਟਰ ਨੂੰ ਬੁਲਾਉਣ ਤੱਕ ਨਾ ਗਿਆਜੇਠ ਜਿਠਾਣੀਆਂ ਡਾਕਟਰ ਕਿਉਂ ਬੁਲਾਉਂਦੇ? ਸੁੱਖੀ ਬਾਬਰ ਦੀ ਧੀ ਹੋਣ ਕਰਕੇ ਹਿੱਸੇ ਦੀ ਮਾਲਕ ਜਿਉਂ ਬਣ ਜਾਣੀ ਸੀ! ਉਹਨਾਂ ਦਾ ਦਿਮਾਗ ਖਰਾਬ ਸੀ ਕਿ ਬਰਾਬਰ ਦੀ ਸ਼ਰੀਕਣੀ, ਤੀਜੇ ਹਿੱਸੇ ਦੀ ਮਾਲਕ ਸੁੱਖੀ ਦਾ ਇਲਾਜ਼ ਕਰਵਾਉਂਦੇ? ਆਪਣੇ ਪੈਰੀਂ ਆਪ ਕੁਹਾੜਾ ਮਾਰਦੇ? ਆਪਣੇ ਜੁਆਕਾਂ ਹੱਥੋਂ ਰੋਟੀ ਖੋਂਹਦੇ? ਉਹ ਤਾਂ ਕਦੋਂ ਦੇ ਚਾਹੁੰਦੇ ਸਨ ਕਿ ਕਦੋਂ ਸੁੱਖੀ ਮਰੇ ਅਤੇ ਕਦੋਂ ਉਹਨਾਂ ਦੇ ਜੁਆਕਾਂ ਦਾ ਹਿੱਸਾ ਸੁਰੱਖਿਅਤ ਹੋਵੇ! ਪ੍ਰੀਤੋ ਨੂੰ ਉਹ ਡੱਕਾ ਦਬਾਲ਼ ਨਹੀਂ ਸਨ

ਪ੍ਰੀਤੋ ਆਪ ਡਾਕਟਰ ਕੋਲ ਜਾਂਦੀ ਨਹੀਂ ਸੀ ਕਿ ਲੋਕ ਕੀ ਆਖਣਗੇ? ਕੱਲ੍ਹ ਰੰਡੀ ਹੋਈ ਐ ਤੇ ਅੱਜ ਆਪ ਹੁਦਰੀ ਹੋਈ ਵੀਹੀਆਂ 'ਚ ਗੇੜੇ ਦਿੰਦੀ ਫਿਰਦੀ ਐ....! ਲੋਕਾਂ ਦਾ ਕੀ ਮੂੰਹ ਫੜ ਲੈਣੈਂ? ਪ੍ਰੀਤੋ ਹੈਰਾਨ ਤਾਂ ਇਸ ਗੱਲੋਂ ਸੀ ਕਿ ਉਸ ਦੀ ਸੱਸ ਅਤੇ ਸਹੁਰਾ ਵੀ ਸੁੱਖੀ ਬਾਰੇ ਕੱਖ ਨਹੀਂ ਸੋਚਦੇ ਸਨ! ਉਹ ਵੀ ਵੱਡੇ ਪੁੱਤਾਂ ਅਤੇ ਨੂੰਹਾਂ ਦੀ 'ਹਾਂ' ਵਿਚ ਸੁਰ ਮਿਲਾਉਂਦੇਅਕਸਰ ਸੁੱਖੀ ਉਹਨਾਂ ਦਾ ਆਪਣਾ ਖ਼ੂਨ ਸੀ? ਉਹਨਾਂ ਦੇ ਪੁੱਤਰ ਬਾਬਰ ਦੀ ਔਲ਼ਾਦ ਸੀ! ਕੀ ਹੋ ਗਿਆ ਸੀ ਕਿ ਬਾਬਰ ਇਸ ਦੁਨੀਆਂ ਵਿਚ ਨਹੀਂ ਰਿਹਾ ਸੀ? ਪਰ ਸੁੱਖੀ ਨਾਲ ਤਾਂ ਉਹਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਸੀ!

ਸੁੱਖੀ ਦਾ ਸਰੀਰ ਬੁਖ਼ਾਰ ਨਾਲ ਭੱਠ ਵਾਂਗ ਤਪ ਰਿਹਾ ਸੀ

-"ਕੋਈ ਵੱਸ ਨ੍ਹੀ ਧੀਏ ਤੇਰੀ ਮਾਂ ਦੇ! ਮੈਨੂੰ ਮੁਆਫ਼ ਈ ਕਰੀਂ! ਮੇਰਾ ਵਾਹ ਤਾਂ ਰੱਬ ਨੇ ਦੁਸ਼ਟਾਂ ਨਾਲ ਪਾ ਦਿੱਤਾ-ਹੁਣ ਤੂੰ ਵੀ ਮੇਰੇ ਨਾਲ ਬਣੀਆਂ ਕੱਟ....!" ਪ੍ਰੀਤੋ ਉਸ ਦੇ ਸਿਰ੍ਹਾਣੇ ਮੱਖੀ ਵਾਂਗ ਬੈਠੀ ਬੇਵੱਸ ਹੰਝੂ ਕੇਰੀ ਜਾ ਰਹੀ ਸੀਜਦੋਂ ਅਖੀਰ ਕਿਸੇ ਨੇ ਕੁੜੀ ਦੀ ਖਾਤਰ ਹੱਥ ਪੈਰ ਨਾ ਹਿਲਾਇਆ ਤਾਂ ਉਸ ਨੇ ਗੁਆਂਢੀਆਂ ਦੇ ਜੁਆਕ ਨੂੰ ਭੇਜ ਕੇ ਡਾਕਟਰ ਬੁਲਾ ਲਿਆਸਾਬਤ ਸੂਰਤ, ਸਾਊ ਬੀਬੀ ਦਾਹੜੀ ਵਾਲਾ ਡਾਕਟਰ ਸੁਨੇਹੇ ਵਾਲੇ ਦੇ ਨਾਲ ਹੀ ਆ ਗਿਆਨਿਰਾ ਹੀ ਸਤਯੁਗੀ ਬੰਦਾ! ਉਸ ਨੇ ਆ ਕੇ ਸੁੱਖੀ ਦੀ 'ਚੈੱਕ-ਅੱਪ' ਕੀਤੀ

-"ਇਹਨੂੰ ਤਾਂ ਭਾਈ ਟਾਈਫ਼ਾਈਡ ਹੋ ਗਿਆ...!" ਡਾਕਟਰ ਘੋਰ ਹੈਰਾਨ ਸੀ

-"........।" ਪ੍ਰੀਤੋ ਚੁੱਪ ਸੁਣ ਰਹੀ ਸੀ

-"ਕਿੰਨੇ ਕੁ ਦਿਨ ਹੋਗੇ ਇਹਨੂੰ ਬੁਖ਼ਾਰ ਚੜ੍ਹਦੇ ਨੂੰ?"

-"ਹੋ ਈ ਗਏ ਜੀ ਚਾਰ ਕੁ ਦਿਨ।"

-"ਤੇ ਸਹੁਰੀਏ! ਤੂੰ ਪਹਿਲਾਂ ਨਾ ਮੈਨੂੰ ਸੱਦਿਆ? ਕੁੜੀ ਤਾਂ ਬੀਤਣ ਆਲ਼ੀ ਕਰਤੀ ਤੂੰ?"

-"........।" ਪ੍ਰੀਤੋ ਰੋ ਪਈ

ਡਾਕਟਰ ਸਾਰੀ ਗੱਲ ਸਮਝ ਗਿਆ

ਉਸ ਨੂੰ ਪ੍ਰੀਤੋ ਦੇ ਬੇਵੱਸ ਹੰਝੂ ਹੀ ਬਹੁਤ ਕੁਝ ਦੱਸ ਗਏ ਸਨ

-"ਇਹਦੇ ਟੀਕਾ ਭਾਈ ਮੈਂ ਲਾ ਜਾਨੈਂ-ਪਰ ਇਹਨੂੰ ਸ਼ਹਿਰ ਲੈਜਾ! ਐਥੇ ਇਹਦਾ ਬਚਣਾਂ ਮੁਸ਼ਕਿਲ ਐ-ਧੀ ਦਾ ਧਨ ਐਂ ਧੀਏ-ਮੈਂ ਸੱਚੀ ਗੱਲ ਤੈਨੂੰ ਹੁਣੇ ਈ ਦੱਸਤੀ!" ਡਾਕਟਰ ਨੇ ਟੀਕਾ ਲਾਇਆਪੀਣ ਲਈ ਦੁਆਈ ਦਿੱਤੀ ਅਤੇ ਪੈਸੇ ਲਏ ਬਗੈਰ ਹੀ ਚਲਾ ਗਿਆਪ੍ਰੀਤੋ ਦਾ ਦਿਲ ਰੱਬ ਵਰਗੇ ਡਾਕਟਰ ਦੇ ਗਲ਼ ਲੱਗ ਕੇ ਧਾਹ ਮਾਰਨ ਨੂੰ ਕੀਤਾਡਾਕਟਰ ਉਸ ਨੂੰ ਆਪਣੇ ਬਾਪੂ ਵਰਗਾ ਹੀ ਤਾਂ ਲੱਗਿਆ ਸੀਹਮਦਰਦੀ ਦੀ ਮੂਰਤ!

ਤੀਜੇ ਦਿਨ ਸੁੱਖੀ ਦੀ ਟਾਈਫ਼ਾਈਡ ਕਾਰਨ ਮੌਤ ਹੋ ਗਈਜੇਠ ਜਿਠਾਣੀਆਂ ਦੇ ਦਿਲ ਦੀ ਹੋ ਗਈਜਿਹੜਾ ਕੰਮ ਉਹ ਚਾਹੁੰਦੇ ਸਨਉਹ ਤਾਂ ਉਹਨਾਂ ਦਾ ਬਗੈਰ ਕਿਸੇ ਹੀਲ ਹੁੱਜਤ ਦੇ ਹੀ ਰਾਸ ਆ ਗਿਆ ਸੀਉਹ ਤਾਂ ਕਰਮਾਂ ਦੇ ਧਨੀ ਸਨਜਿਹਨਾਂ ਦੀ ਬਰਾਬਰ ਦੇ ਹਿੱਸੇ ਦੀ ਸ਼ਰੀਕਣੀਂ ਖਹਿੜਾ ਛੱਡ, ਤੁਰ ਗਈ ਸੀ ਅਤੇ ਉਹਨਾਂ ਨੂੰ ਬੇਫ਼ਿਕਰ, ਸੁਰਖ਼ਰੂ ਕਰ ਗਈ ਸੀ!

ਜਦੋਂ ਪ੍ਰੀਤੋ ਦੀ ਬੇਬੇ ਨੂੰ ਪਤਾ ਲੱਗਿਆ ਤਾਂ ਉਸ ਨੇ ਛਾਤੀ ਪਿੱਟ ਲਈਪ੍ਰੀਤੋ ਦਾ ਸੁੱਖੀ ਨਾਲ ਹੀ ਤਾਂ ਵਸੇਬਾ ਸੀਰਾਲ਼-ਬੋਲ ਬਣੀ ਰਹਿੰਦੀ ਸੀਪਰ ਹੁਣ ਤਾਂ ਧੀ ਬਿਲਕੁਲ ਹੀ ਇਕੱਲੀ ਰਹਿ ਗਈ ਸੀਡਾਢਾ ਰੱਬ ਤਾਂ ਉਸ ਦੇ ਹੱਥ ਧੋ ਕੇ ਮਗਰ ਪੈ ਗਿਆ ਸੀ! ਸੁੱਖੀ ਦੀ ਮੌਤ ਨੇ ਬੇਬੇ ਮਲਕੀਤ ਕੌਰ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ

ਉਹ ਹੁਣ ਖੇਤ ਜਾਂਦੀ ਇਕੱਲੀ ਹੀ ਗੱਲਾਂ ਕਰਦੀ ਰਹਿੰਦੀਕਦੇ ਬਿਲਕੁਲ ਹੀ ਚੁੱਪ ਹੋ ਜਾਂਦੀਕਦੇ ਬੈਠੀ ਬੈਠੀ ਉਚੀ ਉਚੀ ਹੱਸਣ ਲੱਗ ਪੈਂਦੀਕਦੇ ਬਿਨਾ ਚੁੰਨੀ ਜਾਂ ਸ਼ਾਲ ਤੋਂ ਹੀ ਬਾਹਰ ਨੂੰ ਤੁਰ ਪੈਂਦੀਕਦੇ ਕਿਸੇ ਨੂੰ ਹਾਕਾਂ ਮਾਰਦੀਰਾਤ ਨੂੰ ਸੁੱਤੀ ਪਈ ਪਈ, "ਆਉਨੀ ਐਂ....!" ਆਖ ਕੇ ਦਰਵਾਜਾ ਜਾ ਖੋਲ੍ਹਦੀਜਦ ਕੋਈ ਵੀ ਨਾ ਦਿਸਦਾ ਤਾਂ ਨਿਰਾਸ਼ ਹੋ ਕੇ ਫਿਰ ਮੰਜੇ 'ਤੇ ਜਾ ਪੈਂਦੀਨੀਟੂ ਅਤੇ ਨੂੰਹ ਜੋਤ ਬੇਬੇ ਤੋਂ ਬੜੇ ਦੁਖੀ ਸਨ

-"ਪਤਾ ਨ੍ਹੀ ਕਦੋਂ ਮਰ ਕੇ ਮਗਰੋਂ ਲਹੂਗੀ...? ਕਿੱਥੋਂ ਦੱਦ ਲੱਗੀ ਐ ਤੇਰ੍ਹਵਾਂ ਮਹੀਨਾਂ ਲੌਂਦ! ਜਦੋਂ ਦੇਖੋ ਘਰੇ ਸੂਹਣ ਈ ਖੜ੍ਹੀ ਰੱਖਦੀ ਐ! ਕਦੇ ਸ਼ਾਂਤੀ ਨ੍ਹੀ ਰਹਿਣ ਦਿੰਦੀ ਘਰੇ-ਇਉਂ ਰੋਣ ਲੱਗਪੂ ਜਿਵੇਂ ਖਸਮ ਮਰਿਆ ਹੁੰਦੈ!" ਨੂੰਹ ਮਲਕੀਤ ਕੌਰ 'ਤੇ ਦੰਦ ਪੀਂਹਦੀਨੀਟੂ ਵੀ ਉਸ ਦੇ ਮਗਰ ਹੀ ਵੋਟ ਭੁਗਤਾਉਂਦਾਪਿੰਡ ਦੇ ਲੋਕ ਦੋਵਾਂ ਨੂੰ ਦੁਰਕਾਰ ਪਾਉਂਦੇਨੀਟੂ ਨੂੰ ਤੀਵੀਂ ਭਗਤ ਆਖਦੇ! ਜਦੋਂ ਕਦੇ ਪ੍ਰੀਤੋ ਬੇਬੇ ਨੂੰ ਮਿਲਣ ਆ ਜਾਂਦੀ ਤਾਂ ਬੇਬੇ ਉਸ ਦੇ ਗਲ਼ ਲੱਗ ਕੇ ਕੀਰਨੇ ਪਾਉਣ ਲੱਗ ਪੈਂਦੀਪਤਾ ਨਹੀਂ ਬੇਬੇ ਕਿਸ ਨੂੰ ਰੋਂਦੀ ਸੀ...? ਪ੍ਰੀਤੋ ਵੀ ਬੇਬੇ ਨੂੰ ਜਮਾਂ ਨਾ ਵਰਜਦੀਉਹ ਸੋਚਦੀ ਬੇਬੇ ਦਾ ਮਨ ਹੌਲ਼ਾ ਹੋ ਲੈਣਾ ਚਾਹੀਦਾ ਸੀਨੂੰਹ ਨੱਕ-ਬੁੱਲ੍ਹ ਕੱਢਦੀਪਰ ਪ੍ਰੀਤੋ ਖ਼ਾਮੋਸ਼ ਰਹਿੰਦੀਜਦੋਂ ਭਰਾ ਹੀ ਭਰਜਾਈ ਦੀ ਪੈੜ ਵਿਚ ਪੈਰ ਧਰਦਾ ਸੀ ਤਾਂ ਇਹ ਬਿਗਾਨੀ ਧੀ ਨੂੰ ਸਾਡਾ ਕੀ ਮੋਹ ਅਤੇ ਦੁੱਖ ਸੀ? ਸੋਚ ਕੇ ਪ੍ਰੀਤੋ ਲਹੂ ਦੀ ਘੁੱਟ ਪੀ ਕੇ ਰਹਿ ਜਾਂਦੀ

ਇਕ ਦਿਨ ਪਤਾ ਨਹੀਂ ਮਨ ਵਿਚ ਕੀ ਆਇਆ? ਮਲਕੀਤ ਕੌਰ ਤਿੱਖੜ ਦੁਪਿਹਰੇ ਹੀ ਸਿਰੋਂ ਨੰਗੀ ਖੇਤਾਂ ਨੂੰ ਸਿਰਤੋੜ ਦੌੜ ਪਈ! ਪਿੰਡ ਦੇ ਦਰਦਮੰਦ ਲੋਕ ਉਸ ਨੂੰ ਸਾਂਭਣ ਲਈ ਮਗਰ ਭੱਜੇਨੂੰਹ ਸ਼ਰਮ ਮਹਿਸੂਸ ਕਰਦੀ ਅੰਦਰ ਵੜ ਗਈ ਸੀਉਸ ਦੇ ਭਾਅ ਦਾ ਤਾਂ ਮਲਕੀਤ ਕੌਰ ਖੇਖਣ ਕਰਦੀ ਸੀਨੀਟੂ ਸ਼ਹਿਰ ਗਿਆ ਹੋਇਆ ਸੀਪਤਾ ਨਹੀਂ ਮਲਕੀਤ ਕੌਰ ਵਿਚ ਇਤਨਾ ਤਾਣ ਕਿੱਥੋਂ ਆ ਗਿਆ ਸੀ? ਉਸ ਨੇ ਨੌਜਵਾਨ ਮੁੰਡਿਆਂ ਨੂੰ ਵੀ ਡਾਹ ਨਾ ਦਿੱਤੀਅਖ਼ੀਰ ਖੇਤਾਂ ਵਿਚ ਭੱਜੀ ਫਿਰਦੀ ਹਰਫ਼ਲ ਕੇ ਚੌਫ਼ਾਲ਼ ਡਿੱਗ ਪਈਉਸ ਦਾ ਸਾਹ ਬੁਰੀ ਤਰ੍ਹਾਂ ਫ਼ੁੱਲਿਆ ਹੋਇਆ ਸੀਦਿਲ ਫੜੇ ਕਬੂਤਰ ਵਾਂਗ 'ਫੜ੍ਹੱਕ-ਫ਼ੜ੍ਹੱਕ' ਵੱਜੀ ਜਾ ਰਿਹਾ ਸੀਛਾਤੀ ਲੁਹਾਰ ਦੀ ਧੌਂਕਣੀਂ ਵਾਂਗ ਉਪਰੋਥਲ਼ੀ ਹੋ ਰਹੀ ਸੀਉਸ ਨੂੰ ਜੱਗ ਜਹਾਨ ਦੀ ਕੋਈ ਹੋਸ਼ ਨਹੀਂ ਸੀਬੁੱਲ੍ਹ ਸੁੱਕੇ ਅਤੇ ਬੰਦ ਅੱਖਾਂ ਕੰਬੀ ਜਾ ਰਹੀਆਂ ਸਨਫਿਰ ਅਚਾਨਕ ਉਸ ਦੇ ਮੂੰਹ 'ਚੋਂ ਝੱਗ ਜਿਹੀ ਆਉਣੀ ਸ਼ੁਰੂ ਹੋ ਗਈ ਅਤੇ ਮਲਕੀਤ ਕੌਰ ਪਲਾਂ ਵਿਚ ਹੀ ਸੁਆਸ ਤਿਆਗ ਗਈ....!

ਪਿੰਡ ਵਾਲਿਆਂ ਨੇ ਪ੍ਰੀਤੋ ਨੂੰ ਖ਼ਬਰ ਕੀਤੀਪਹਿਲਾਂ ਹੀ ਅਥਾਹ ਦੁੱਖਾਂ ਦੀ ਝੰਬੀ ਪ੍ਰੀਤੋ ਸੁਨੇਹਾ ਦੇਣ ਵਾਲੇ ਦੇ ਨਾਲ ਹੀ ਆ ਗਈ ਅਤੇ ਆਉਣਸਾਰ ਬੇਬੇ ਦੀ ਲਾਸ਼ 'ਤੇ ਢੇਰੀ ਹੋ ਕੇ ਧਾਹ ਮਾਰੀ...!

-"ਤੂੰ ਮੈਨੂੰ ਕੀਹਦੇ ਆਸਰੇ ਛੱਡ ਕੇ ਤੁਰਗੀ ਨੀ ਮੇਰੀਏ ਕਮਲ਼ੀਏ ਮਾਏ....! ਨ੍ਹੀ ਤੇਰੇ ਬਿਨਾਂ ਤਾਂ ਮੇਰਾ ਪਿੰਡ ਉਜੜ ਗਿਆ ਨ੍ਹੀ ਮੈਨੂੰ ਜੱਗ ਦਿਖਾਉਣ ਵਾਲੀਏ ਅੰਮੜੀਏ...!" ਕੁੜੀ ਨੇ ਕੀਰਨਾ ਪਾਇਆ ਤਾਂ ਸਾਰੇ ਪਿੰਡ ਦੀਆਂ ਅੱਖਾਂ ਵਿਚੋਂ ਨੀਰ ਹੜ੍ਹ ਵਾਂਗ ਵਰ੍ਹ ਪਿਆਸਾਰੀ ਉਮਰ ਫਿ਼ਕਰ ਕਰੀ ਜਾਣ ਵਾਲੀ ਬੇਬੇ ਅੱਜ ਅਹਿਲ , ਸ਼ਾਂਤ ਪਈ ਸੀ! ਪ੍ਰੀਤੋ ਅਤੇ ਉਸ ਦੀ ਮਾਂ ਮਲਕੀਤ ਕੌਰ ਦਾ ਦਰਦ ਸਾਰਾ ਪਿੰਡ ਹੀ ਬੁੱਝਦਾ ਅਤੇ ਸਮਝਦਾ ਸੀਜੇ ਨਹੀਂ ਸਮਝਦੇ ਸਨ ਤਾਂ ਜੋਤ ਅਤੇ ਨੀਟੂ ਜਿਹੇ ਖ਼ੁਦਗਰਜ਼ ਅਤੇ ਮਤਲਬੀ ਇਨਸਾਨ ਹੀ ਨਹੀਂ ਸਮਝਦੇ ਸਨ! ਨਹੀਂ ਤਾਂ ਸਾਰੇ ਪਿੰਡ ਦੇ ਦਿਲ ਪ੍ਰੀਤੋ ਦੇ ਦੁੱਖ ਵਿਚ ਭਰਾੜ੍ਹ ਹੋਏ ਪਏ ਸਨਜਜ਼ਬਾਤ ਲੀਰੋ ਲੀਰ ਹੋ ਸਾਰੇ ਪਿੰਡ ਦੇ ਚਿਹਰਿਆਂ 'ਤੇ ਲਟਕ ਰਹੇ ਸਨ!

ਸਾਰੇ ਪਿੰਡ ਨੇ ਰਲ਼ ਮਿਲ਼ ਕੇ ਮਲਕੀਤ ਕੌਰ ਦਾ ਸਸਕਾਰ ਕਰ ਦਿੱਤਾ

ਉਸ ਦਿਨ ਪ੍ਰੀਤੋ ਨੇ ਰਾਤ ਵੀ ਨੀਟੂ ਦੇ ਘਰ ਨਾ ਕੱਟੀਹੁਣ ਉਹ ਘਰ ਸਿਰਫ਼ ਨੀਟੂ ਦਾ ਹੀ ਰਹਿ ਗਿਆ ਸੀਬੇਬੇ ਬਾਪੂ ਤਾਂ ਤੁਰ ਗਏ ਸਨਧੀਆਂ ਦੇ ਪੇਕੇ ਤਾਂ ਮਾਪਿਆਂ ਨਾਲ ਹੀ ਵਸਦੇ ਹਨ! ਪ੍ਰੀਤੋ ਬੇਬੇ ਦੇ ਫ਼ੁੱਲ ਚੁਗਣ ਅਤੇ ਕੀਰਤਪੁਰ ਸਾਹਿਬ ਤਾਰਨ ਤੱਕ ਕਿਸ਼ਨੋ ਭੂਆ ਕੇ ਘਰ ਹੀ ਰਹੀਮਲਕੀਤ ਕੌਰ ਦੇ ਨਮਿੱਤ ਸਧਾਰਨ ਪਾਠ ਵੀ ਪਿੰਡ ਵਾਲਿਆਂ ਨੇ ਪਿੰਡ ਦੇ ਗੁਰਦੁਆਰੇ ਹੀ ਪ੍ਰਕਾਸ਼ ਕਰਵਾਇਆ ਅਤੇ ਗੁਰਦੁਆਰੇ ਹੀ ਭੋਗ ਪਿਆ

ਉਸ ਤੋਂ ਬਾਅਦ ਪ੍ਰੀਤੋ ਜੇ ਕਦੇ ਪਿੰਡ ਆਉਂਦੀ ਤਾਂ ਸਿਰਫ਼ ਕਿਸ਼ਨੋ ਭੂਆ ਕੇ ਘਰ ਹੀ ਰਾਤ ਕੱਟਦੀਨੀਟੂ ਕੋਲ਼ ਨਾ ਜਾਂਦੀਨੀਟੂ ਅਤੇ ਜੋਤ ਨੇ ਵੀ ਕਦੇ ਪ੍ਰੀਤੋ ਨੂੰ ਮਿਲਣ ਦੀ ਖੇਚਲ ਨਹੀਂ ਕੀਤੀ ਸੀਹੋਰ ਤਾਂ ਹੋਰ, ਕਦੇ ਜ਼ੁਬਾਨ ਵੀ ਸਾਂਝੀ ਨਹੀਂ ਹੋਈ ਸੀਕਿਸ਼ਨੋ ਭੂਆ ਪ੍ਰੀਤੋ ਨੂੰ ਆਪਣੀਆਂ ਧੀਆਂ ਤੋਂ ਵੀ ਵੱਧ ਪਿਆਰਦੀ ਅਤੇ ਸਤਿਕਾਰਦੀ ਸੀ....!

-"ਆਹ ਤਾਂ ਪ੍ਰੀਤੋ ਦੇ ਦੁੱਖਾਂ ਦੀ ਕਹਾਣੀ ਐਂ ਬਾਈ ਹਰਦੇਵ ਸਿਆਂ....!" ਮਾਸਟਰ ਨੇ ਪ੍ਰੀਤੋ ਦੀ ਪੂਰੀ ਕਹਾਣੀ ਸੁਣਾ ਕੇ ਦਾਰੂ ਦੀਆਂ ਆਖਰੀ ਘੁੱਟਾਂ ਭਰ ਲਈਆਂਹਰਦੇਵ ਦੀਆਂ ਅੱਖਾਂ ਵਿਚੋਂ ਪ੍ਰੀਤੋ ਦੇ ਦੁੱਖ ਵਿਚ ਹੰਝੂ "ਧਰਲ਼-ਧਰਲ਼" ਵਗੀ ਜਾ ਰਹੇ ਸਨਉਸ ਉਪਰ ਨਸ਼ੇ ਨਾਲੋਂ ਪ੍ਰੀਤੋ ਦਾ ਗ਼ਮ ਭਾਰੂ ਸੀ

-"ਤੇ ਪ੍ਰੀਤੋ ਦੀ ਮਾਂ ਦੀ ਮੌਤ ਬਾਰੇ ਫਿਰ ਪਤਾ ਨ੍ਹੀ ਚੱਲਿਆ? ਬਈ ਕਿਸ ਕਾਰਨ ਹੋਈ ਸੀ?" ਹਰਦੇਵ ਨੇ ਆਪਣਾ ਆਪ ਸੰਭਾਲ਼ ਕੇ ਮਾਸਟਰ ਨੂੰ ਸੁਆਲ ਕੀਤਾ

-"ਰੱਬ ਜਾਣੇ ਬਾਈ! ਨਾਲ਼ੇ ਫ਼ਾਇਦਾ ਕੀ ਹੁੰਦਾ? ਸੁਆਹ...? ਲੋਕ ਤਾਂ ਕਹਿੰਦੇ ਸੀ ਨੂੰਹ ਦੀ ਸਤਾਈ ਕੁਛ ਖਾ ਕੇ ਮਰਗੀ-ਕਈ ਆਖਦੇ ਐ ਬਈ ਗਲ਼ੋਂ ਗਲ਼ਾਵਾਂ ਲਾਹੁੰਣ ਖਾਤਰ ਨੂੰਹ ਨੇ ਈ ਕੁਛ ਦੇ ਕੇ ਗੱਡੀ ਚਾੜ੍ਹਤਾ ਵਿਚਾਰੀ ਨੂੰ!"

-"......।" ਹਰਦੇਵ ਸਾਹ ਰੋਕੀ ਸੁਣ ਰਿਹਾ ਸੀ

-"ਹੁਣ ਪ੍ਰੀਤੋ ਬਿਚਾਰੀ ਜੂਨੋਂ ਬੇਜੂਨ ਆਪੇ ਈ ਐ! ਪੇਕੀਂ ਭਰਾ ਨੀ ਵੜਨ ਦਿੰਦਾ-ਵੜਨ ਤਾਂ ਕੀ ਨ੍ਹੀ ਦਿੰਦਾ ਉਹ? ਪ੍ਰੀਤੋ ਆਪ ਈ ਨ੍ਹੀ ਇਹਨਾਂ ਨਾਲ ਮਨ ਮਿਲ਼ਾਉਂਦੀ! ਮਨ ਬਾਈ ਕਾਹਦੇ ਆਸਰੇ ਮਿਲੇ? ਕਦੇ ਬਾਤ ਤਾਂ ਬਿਚਾਰੀ ਦੀ ਪੁੱਛੀ ਨ੍ਹੀ ਚੰਦਰੇ ਭਰਾ ਨੇ! ਭਰਜਾਈਆਂ ਫੇਰ ਕੀਹਦੇ ਮਿੱਤ ਐ? ਸਹੁਰੇ ਊਂ ਬਿਚਾਰੀ ਨੂੰ ਟੋਕਾ ਟਕਾਈ ਕਰਦੇ ਵੰਝ 'ਤੇ ਚੜ੍ਹਾਈ ਰੱਖਦੇ ਐ-ਬੱਸ ਹਾਲੋਂ ਬੇਹਾਲ ਐ ਰੱਬ ਦੀ ਭਗਤਣੀ-ਇਕ ਹੁਣ ਉਮਰ ਵੀ ਤੈਨੂੰ ਪਤੈ ਬਈ ਚਾਲ੍ਹੀਆਂ ਪੰਤਾਲ਼ੀਆਂ ਦੀ ਤਾਂ ਹੋਊ-ਜੇ ਮਾੜੀ ਮੋਟੀ ਉਮਰ ਈ ਛੋਟੀ ਹੁੰਦੀ-ਬੰਦਾ ਬੀਹ ਬੰਨ੍ਹ ਸੁੱਬ ਕਰ ਲੈਂਦੈ-ਇਕ ਤੈਨੂੰ ਪਤੈ ਬਈ ਬਿਚਾਰੀ ਹੈ ਕੂੰਨੀ-ਸਾਊ ਬੰਦੇ ਦਾ ਵੀ ਬਾਈ ਅੱਜ ਕੱਲ੍ਹ ਜਮਾਨਾ ਹੈਨ੍ਹੀ...!"

-"........।"

-"ਚੱਲੋ ਜੇ ਇਕ ਜੁਆਕੜੀ ਈ ਬਚ ਰਹਿੰਦੀ, ਉਹਦੇ ਆਸਰੇ ਦਿਨ ਤੋੜ ਲੈਂਦੀ ਬਿਚਾਰੀ-ਇਹ ਪ੍ਰੀਤੋ ਬਿਚਾਰੀ ਕੁੜੀ ਈ ਬਾਹਲ਼ੀ ਨੇਕ ਸੀ-ਨਿਰੀ ਸਤਯੁਗੀ...!"

-"ਜੇ ਭਰਾ ਭਰਜਾਈ ਬਾਤ ਨ੍ਹੀ ਪੁੱਛਦੇ ਤਾਂ ਆਪਣਾ ਹਿੱਸਾ ਤਾਂ ਲਵੇ ਭਰਾ ਤੋਂ! ਉਹਨਾਂ ਨੂੰ ਜ਼ਰੂਰੀ ਛੱਡਣੈਂ, ਜਦੋਂ ਬਾਤ ਨ੍ਹੀ ਪੁੱਛਦੇ ਹਰਾਮਦੇ?" ਹਰਦੇਵ ਨੇ ਅਗਲਾ ਸੁਆਲ ਮਾਸਟਰ ਦੇ ਮੱਥੇ ਮਾਰਿਆ

-"ਆਪਣੇ ਮੁਖਤਿਆਰ ਫ਼ੌਜੀ ਨੇ ਇਕ ਆਰੀ ਪ੍ਰੀਤੋ ਨੂੰ ਹਿੱਸੇ ਬਾਰੇ ਕਿਹਾ ਵੀ ਸੀ-।"

-"ਫੇਰ....?"

-"ਫੇਰ ਕੀ....? ਤੈਨੂੰ ਦੱਸਿਆ ਤਾਂ ਹੈ ਬਈ ਸਾਊ ਬਾਹਲ਼ੀ ਐ-ਰੱਬ ਦੀ ਰਜਾ 'ਚ ਰਹਿਣ ਆਲ਼ੀ ਸ਼ਾਂਤਮਈ ਕੁੜੀ ਐ-ਮੁਖਤਿਆਰ ਫ਼ੌਜੀ ਨੂੰ ਕਹਿੰਦੀ, ਜਦੋਂ ਬਾਈ ਬੇਬੇ ਬਾਪੂ ਨ੍ਹੀ ਰਹੇ-ਮੈਂ ਹੁਣ ਉਹਨਾਂ ਦੀ ਪੈਲ਼ੀ ਕੀ ਸਿਰ 'ਚ ਮਾਰਨੀ ਐਂ?"

-"ਤੇ ਅੱਜ ਕੱਲ੍ਹ ਰਹਿੰਦੀ ਕਿੱਥੇ ਐ....?"

-"ਸਹੁਰੀਂ ਈ ਰਹਿੰਦੀ ਐ-ਹੋਰ ਬਿਚਾਰੀ ਨੇ ਜਾਣਾ ਕਿੱਥੇ ਐ? ਸਹੁਰਿਆਂ ਦਾ ਗੋਰਖ ਧੰਦਾ ਕਰਕੇ ਟੈਮ ਟਪਾ ਲੈਂਦੀ ਐ-ਡਾਢੇ ਜੇਠ ਜਿਠਾਣੀਆਂ ਨਾਲ ਕੱਟਣਾ ਕਿਹੜਾ ਸੌਖੈ ਬਾਈ? ਕੂਲ਼ੇ ਬੰਦਿਆਂ ਦਾ ਵੀ ਬਾਈ ਬਸੇਬਾ ਨ੍ਹੀ ਕਿਤੇ-ਇਹ ਤਾਂ ਖਰਖਰੇ ਆਲ਼ਾ ਈ ਜੜਦੈ ਕੋਕੇ!"

-"ਉਹਦੇ ਸਹੁਰੇ ਹੈ ਕਿੱਥੇ? ਬਿਆਹੀ ਕਿੱਥੇ ਐ....?"

-"ਬਠਿੰਡੇ ਕੋਲ਼ੇ ਐ-ਪਿੰਡ ਦਾ ਤਾਂ ਪਤਾ ਨ੍ਹੀ-ਪਤਾ ਕਰਕੇ ਦੱਸਦੂੰ।"

-"ਤੇ ਪ੍ਰੀਤੋ ਦੇ ਭਰਾ ਦਾ, ਕੀ ਨਾਂ ਸੀ ਉਹਦਾ...?"

-"ਨੀਟੂ...?"

-"ਆਹੋ...! ਨੀਟੂ ਦਾ ਕੀ ਹਾਲ ਐ ਹੁਣ...?"

-"ਉਏ ਬਾਈ...! ਮਾਂ, ਬਾਪ ਤੇ ਦਰਵੇਸ਼ ਭੈਣ ਦਾ ਦਿਲ ਦੁਖੀ ਕਰਨ ਆਲ਼ੇ ਦਾ ਕੀ ਹਾਲ ਹੋਣੈਂ? ਬੁਰਾ ਈ ਹਾਲ ਐ! ਪੈਲ਼ੀ ਦੇ ਠੇਕੇ ਆਲ਼ੇ ਕੁਛ ਦਿੰਦੇ ਨੀ ਸੀ-ਕਹਿ ਕੁਹਾ ਕੇ ਠੇਕੇ ਆਲਿ਼ਆਂ ਨੇ ਇਕ ਕਿੱਲਾ ਗਹਿਣੇ ਕਰਵਾ ਲਿਆ-ਤੇ ਹੁਣ ਬੈਅ ਲੈ ਲਿਆ-ਉਹਦੇ ਘਰਆਲ਼ੀ ਕਿਤੇ ਨਰਸ ਜਾ ਲੱਗੀ-ਲੋਕ ਤਾਂ ਕਹਿੰਦੇ ਸੀ ਬਈ ਉਹ ਨਰਸ ਨੁਰਸ ਕਾਹਨੂੰ ਐਂ-ਅਵਾਰਾ ਹੋ ਗਈ ਐ ਤੇ ਪੰਜ ਸੌ ਦੀ ਟਿਕਟ ਲਾਉਂਦੀ ਐ-ਤੇ ਇਹ ਸੂਰਮਾਂ ਦਾਰੂ ਨਾਲ ਰੱਜਿਆ ਰਹਿੰਦੈ-ਲੋਕ ਇਹਨੂੰ ਮੂੰਹ ਨ੍ਹੀ ਲਾਉਂਦੇ-ਐਹੋ ਜੇ ਦੁਸ਼ਟ ਬੰਦੇ ਨੂੰ ਮੂੰਹ ਵੀ ਕੌਣ ਲਾਉਂਦੈ ਹਰਦੇਵ ਸਿਆਂ, ਬਾਈ...!"

-"......।"

-"ਇਹਦੀ ਘਰਆਲ਼ੀ ਤਾਂ ਨਿੱਤ ਨਵੇਂ ਸੂਟ ਬਦਲਦੀ ਐ-ਹਰਾਮ ਦੀ ਕਮਾਈ ਜਿਉਂ ਘਰੇ ਆਉਂਦੀ ਐ! ਹਿੰਗ ਲੱਗੇ ਨਾ ਫਟਕੜੀ-ਇਕ ਵਾਰੀ ਦਾ ਪੰਜ ਸੌ ਲੈ ਕੇ ਘਰੇ ਵੱਜਦੀ ਐ-ਜਦੋਂ ਅਗਲੀ ਨੇ ਸਿਰੋਂ ਲੋਈ ਈ ਲਾਹ ਧਰੀ-ਫੇਰ ਇਕ ਬੰਦਾ ਕੀ ਤੇ ਪੰਜਾਹ ਕੀ? ਸਿਆਣੇ ਆਖਦੇ ਤਾਂ ਹੁੰਦੇ ਐ ਬਈ ਜੀਹਨੇ ਲਾਹਤੀ ਲੋਈ-ਉਹਦਾ ਕੀ ਕਰੂਗਾ ਕੋਈ? ਇਹਦੇ ਮਾਮੇਂ ਕਿਸ਼ਨ ਸਿਉਂ ਨੇ ਆ ਕੇ ਇਹਨੂੰ ਠ੍ਹੋਕਰਿਆ ਸੀ-ਇਹ ਬੈਲੀ ਉਹਦੇ ਨਾਲ ਵੀ ਉਚਾ ਨੀਵਾਂ ਹੋਇਆ ਤੇ ਅਗਲਾ ਆਉਣੋਂ ਈ ਹਟ ਗਿਆ-ਫੇਰ ਵੀ ਅਗਲੇ ਦੀ ਭਾਣਜ ਨੂੰਹ ਐਂ-ਜਦੋਂ ਲੋਕ ਰੰਗ ਬਿਰੰਗਾ ਬੋਲਦੇ ਐ-ਅਗਲਾ ਕਦੋਂ ਜਰਦੈ? ਨੀਟੂ ਦੇ ਘਰਆਲ਼ੀ ਤਾਂ ਹੁਣ ਪੂਰੀ ਮਸ਼ਹੂਰ ਐ ਬਾਈ-ਦੂਰ ਦੂਰ ਤੱਕ ਡਰਾਈਵਰਾਂ ਕੰਡੈਕਟਰਾਂ 'ਚ ਗੱਲਾਂ ਹੁੰਦੀਐਂ ਸਹੁਰੀ ਦੀਆਂ! ਪੁਲਸ ਆਲ਼ੇ ਤਾਂ, ਜਦੋਂ ਜੀਅ ਕਰਦੈ-ਵੰਗਾਰ ਵਾਲਿਆਂ ਮਾਂਗੂੰ ਦਬੱਲ ਤੁਰਦੇ ਐ, ਸਹੁਰੀ ਨੂੰ! ਕੋਈ ਹਾਥ ਈ ਨ੍ਹੀ! ਸਾਰਾ ਪਿੰਡ ਸੁਣ ਕੇ ਚੁੱਪ ਕਰ ਰਹਿੰਦੈ-ਚੋਰ ਦੀ ਮਾਂ, ਕੋਠੀ 'ਚ ਮੂੰਹ! ਪਿੰਡ ਕੀ ਸੁਆਹ ਕਰੇ ਸੱਤਾਂ ਚੁੱਲ੍ਹਿਆਂ ਦੀ? ਅਗਲਾ ਕਦੋਂ ਕਿਸੇ ਨਾਲ ਬਿਨਾਂ ਗੱਲੋਂ ਦੁਸ਼ਮਣੀ ਪਾਉਂਦੈ? ਨਾਲੇ ਇਹ ਜਦੋਂ ਦੀ ਪੁਲਸ ਆਲ਼ਿਆਂ ਨਾਲ ਆਉਣ ਜਾਣ ਲੱਗੀ ਐ-ਸਾਰੇ ਇਹਤੋਂ ਕੰਨ ਭੰਨਦੇ ਐ ਬਈ ਕਿਤੇ ਕੋਈ ਝੂਠਾ ਕੇਸ-ਕੂਸ ਨਾ ਪੁਆ ਦੇਵੇ ਸਿਰ-ਅਗਲਾ ਆਬਦੀ ਚਮੜੀ ਬਚਾਉਂਦੈ! ਕੌਣ ਕਹੇ, ਆ ਬੈਲ ਮੁਝੇ ਮਾਰ...?"

ਗੱਲਾਂ ਕਰਦਿਆਂ ਨੂੰ ਉਹਨਾਂ ਨੂੰ ਵੱਡੀ ਰਾਤ ਹੋ ਗਈ ਸੀ

ਤਾਈ ਦੇ ਘਰੋਂ ਆਈ ਰੋਟੀ ਖਾ ਕੇ ਉਹ ਮੰਜੇ 'ਤੇ ਪੈ ਗਿਆਦੁਖ-ਸੁਖ ਅਤੇ ਬਚਨ-ਵਿਲਾਸ ਕਰਦਿਆਂ ਦਿਨ ਤਾਂ ਲੰਘ ਗਿਆਪਰ ਪਰਬਤ ਜਿੱਡੀ ਰਾਤ ਆ ਖੜ੍ਹੀ ਹੋਈ...

**************

ਤੀਜਾ ਕਾਂਡ ਸਮਾਪਤ


No comments: