----
ਜਿਸ ਘਰ ਵਿਚ ਉਹਨਾਂ ਨੂੰ ਕੰਮ ਮਿਲਿਆ ਸੀ। ਉਹ ਔਰਤ ਬੜੀ ਹੀ ਚੰਟ ਸੀ। ਚਾਲ਼ੀਆਂ ਕੁ ਸਾਲਾਂ ਦੀ ਚਤਰ ਕਿਸਮ ਦੀ ਔਰਤ ਹਰਦੇਵ ਅਤੇ ਉਸ ਦੇ ਨਾਲ਼ ਕੰਮ ਕਰਦੇ ਮੁੰਡਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਆਲ ਹੀ ਪੁੱਛੀ ਜਾਂਦੀ। ਚਾਲੀਆਂ ਸਾਲਾਂ ਤੋਂ ਉਪਰ ਹੋ ਕੇ ਵੀ ਟਪੂੰ ਟਪੂੰ ਕਰਦੀ ਰਹਿੰਦੀ। ਕਈ ਵਾਰ ਹਰਦੇਵ ਅੱਕ ਕੇ ਆਖਦਾ।
-"ਭੈਣ ਜੀ, ਤੁਸੀਂ ਸਾਨੂੰ ਕੰਮ ਵੀ ਕਰਨ ਦੇ ਦਿਆ ਕਰੋ...! ਗੱਲਾਂ 'ਚ ਈ ਉਲ਼ਝਾਈ ਰੱਖਦੇ ਓਂ?" ਹਰਦੇਵ ਨੂੰ ਇਹ ਸੀ ਕਿ ਇਹ ਕੰਮ ਠੇਕੇ 'ਤੇ ਹੈ। ਪੈਸੇ ਤਾਂ ਉਤਨੇ ਹੀ ਮਿਲਣੇ ਹਨ, ਜਿੰਨੇ ਇਹਨਾਂ ਨਾਲ਼ ਕੀਤੇ ਹੋਏ ਹਨ। ਜਿੰਨੀ ਜਲਦੀ ਇਹ ਕੰਮ ਨਿੱਬੜ ਜਾਵੇਗਾ। ਉਤਨੀ ਜਲਦੀ ਹੀ ਕੋਈ ਹੋਰ ਕੰਮ ਲੈਣ ਵਾਲ਼ੇ ਬਣਾਂਗੇ। ਉਸ ਨੇ ਆਪਣੇ ਨਾਲ਼ ਕੰਮ ਕਰਦੇ ਦੇਸੀ ਭਾਈਬੰਦਾਂ ਨੂੰ ਵੀ ਹਦਾਇਤ ਕੀਤੀ ਹੋਈ ਸੀ ਕਿ ਇਸ ਨਾਲ਼ ਗੱਲਾਂ ਵਿਚ ਨਹੀਂ ਪੈਣਾ! ਸਿੱਧੇ ਹੋ ਕੇ, ਬੰਦੇ ਬਣ ਕੇ ਕੰਮ ਕਰਨੈਂ! ਉਹ ਦੇਸੀ ਭਾਈਬੰਦ ਕਿਉਂਕਿ 'ਕੱਚੇ' ਸਨ। ਉਹਨਾਂ ਨੂੰ ਆਪਣੇ 'ਬੌਸ' ਦੀ ਹਦਾਇਤ ਮੰਨਣੀਂ ਹੀ ਪੈਣੀ ਸੀ। ਨਹੀਂ ਤਾਂ ਬਥੇਰੇ ਕੱਚੇ ਲੋਕ ਇਥੇ ਕੰਮ ਲੱਭਦੇ ਫਿਰਦੇ ਸਨ। ਬੌਸ ਨੇ ਉਹਨਾਂ ਨੂੰ ਲਿਆ ਅੜਾਉਣਾ ਸੀ! ਇਸ ਲਈ ਫ਼ਸੇ ਫ਼ਸਾਏ ਭਾਈਬੰਦ ਕੰਮ ਵਿਚ ਹੀ ਲੱਗੇ ਰਹਿੰਦੇ। ਪਰ ਉਹਨਾਂ 'ਚੋਂ ਇਕ ਦੇਸੀ ਹਰਦੇਵ ਨੂੰ ਕਈ ਵਾਰ ਹੱਸ ਕੇ ਕਹਿ ਦਿੰਦਾ, "ਭਾਅ ਜੀ ਇਹ ਬੀਬੀ ਪੈਸੰਜਰ ਭਾਲ਼ਦੀ ਐ!" ਸਾਰੇ ਭਾਈਬੰਦ ਹੱਸ ਪੈਂਦੇ। ਤਾਂ ਹਰਦੇਵ ਉਸ ਨੂੰ ਝਿੜਕ ਦਿੰਦਾ। ਤਾਂ ਦੂਜਾ ਵਿਅੰਗ ਨਾਲ਼ ਆਖਦਾ, "ਭਾਅ ਜੀ, ਥੋਡੇ ਕੋਲ਼ੇ ਤਾਂ ਮਸ਼ੀਨ ਹੈਗੀ ਐ-ਸਾਨੂੰ ਤਾਂ ਕੁਛ ਕਰ ਲੈਣ ਦਿਓ! ਸਾਡੇ ਮੂੰਹ 'ਤੇ ਛਿੱਕਲ਼ੀ ਕਾਹਤੋਂ ਚਾਹੜਨੀ ਲਈ ਐ?" ਬਾਕੀਆਂ ਨਾਲ ਹਰਦੇਵ ਵੀ ਹੱਸ ਪੈਂਦਾ ਤਾਂ ਤੀਜਾ ਕਸਰ ਹੀ ਪੂਰੀ ਕਰ ਦਿੰਦਾ, "ਭਾਅ ਜੀ, ਇਹ ਭੜ੍ਹਾਕਾ ਕਿਸੇ ਮਾਰ 'ਤੇ ਐ! ਤੁਹਾਨੂੰ ਤਾਂ ਨਹੀਂ ਲੋੜ-ਪਰ ਸਾਨੂੰ ਤਾਂ ਪੱਕੇ ਹੋਣ ਲਈ ਕੋਈ ਜੁਗਾੜ ਕਰ ਲੈਣ ਦਿਆ ਕਰੋ!"
----
ਐਤਵਾਰ ਦਾ ਦਿਨ ਸੀ।
ਕੰਮ ਤੋਂ ਛੁੱਟੀ ਸੀ।
ਹਰਦੇਵ ਨੂੰ ਇਕ ਪ੍ਰਾਈਵੇਟ ਕੰਮ ਆ ਗਿਆ। ਕਿਸੇ ਭਾਈਬੰਦ ਦਾ ਘਰੇ ਬੁਆਇਲਰ ਠੀਕ ਕਰਨਾ ਸੀ। ਐਤਵਾਰ ਦਾ ਦਿਨ, ਪ੍ਰਾਈਵੇਟ ਕੰਮ, ਘੰਟੇ ਦੇ ਵੀ ਸੌ ਪੌਂਡ ਬਣ ਜਾਣੇ ਸਨ। ਟੂਲ-ਬੌਕਸ ਉਸ ਦਾ ਉਥੇ ਪਿਆ ਸੀ, ਜਿੱਥੇ ਅੱਜ ਕੱਲ੍ਹ ਕੰਮ ਚੱਲਦਾ ਸੀ। ਜਦ ਉਹ ਕੰਮ ਵਾਲਿਆਂ ਦੇ ਘਰੋਂ ਆਪਣਾ ਟੂਲ-ਬੌਕਸ ਲੈਣ ਆਇਆ ਤਾਂ ਉਸ ਔਰਤ ਨੇ ਉਸ ਨੂੰ ਚਾਹ ਦੇ ਬਹਾਨੇ ਬਿਠਾ ਲਿਆ।
-"ਵੇ ਭਾਈ ਮੁੰਡਿਆ...! ਤੂੰ ਹੈ ਤਾਂ ਪੰਜਾਬੀ-ਪਰ ਤੇਰੀ ਨੀਤ ਤਾਂ ਭਾਈ ਜਮਾਂ ਈ ਕਰਾੜਾਂ ਅਰਗੀ ਐ! ਕਦੇ ਚਾਹ ਨਾ ਪਾਣੀ-ਬੱਸ ਕੰਮ ਈ ਕੰਮ...! ਵੇ ਐਨਾ ਕੰਮ ਤਾਂ ਆਪਣੇ ਕਰਾੜ ਨ੍ਹੀ ਕਰਦੇ-ਜਿੰਨਾਂ ਤੂੰ ਕਰਦੈਂ...! ਕਿਹੜਾ ਇਲਾਕਾ ਐ ਤੇਰਾ ਪਿੱਛੋਂ?" ਉਸ ਨੇ ਹਰਦੇਵ 'ਤੇ ਬੁੱਲ੍ਹ ਟੇਰੇ।
-"ਮੇਰਾ ਜਿਲ੍ਹਾ ਮੋਗਾ ਐ ਜੀ!"
-"ਵੇ ਅਸੀਂ ਲੁਧਿਆਣੇ ਜਿਲ੍ਹੇ ਦੇ ਐਂ-ਤੂੰ ਤਾਂ ਮਲਵਈ ਐਂ! ਪਰ ਮਲਵਈ ਤਾਂ ਭਾਈ ਤੂੰ ਲੱਗਦਾ ਨ੍ਹੀ...! ਮਲਵਈ ਤਾਂ ਹੁੰਦੇ ਈ ਬੜੇ ਦਿਲਦਾਰ ਐ...? ਖਾਣ ਪੀਣ ਤੇ ਬੱਕਰੇ ਬੁਲਾਉਣ ਆਲ਼ੇ! ਪਰ ਤੂੰ ਤਾਂ ਮੈਨੂੰ ਕੋਈ ਊਂਈਂ ਕੋਈ ਭਾਪਾ ਜਿਆ ਲੱਗਦੈਂ!"
ਹਰਦੇਵ ਹੱਸ ਪਿਆ।
-"ਨਹੀਂ ਜੀ, ਬੱਸ ਕੰਮ 'ਚ ਟੈਮ ਜਿਆ ਈ ਨ੍ਹੀ ਮਿਲ਼ਦਾ-ਊਂ ਹੈਂ ਤਾਂ ਮੈਂ ਜੱਟ...!" ਹਰਦੇਵ ਅੰਦਰ ਜਟਵਾਧ ਢੁੱਡਾਂ ਮਾਰਨ ਲੱਗ ਪਿਆ।
-"ਵੇ ਨਾ ਭਾਈ...! ਜੱਟ ਤਾਂ ਤੂੰ ਮੈਨੂੰ ਲੱਗਦਾ ਨ੍ਹੀ...! ਜੱਟ ਤਾਂ ਮਕਾਣ ਜਾਂਦੇ ਜਾਂਦੇ ਅਧੀਆ ਦਾਰੂ ਦਾ ਪੀ ਜਾਂਦੇ ਐ-ਤੇ ਤੂੰ ਤਾਂ ਸਾਰੀ ਦਿਹਾੜੀ, ਹਾਏ ਕੰਮ...! ਹਾਏ ਪੈਸਾ...! ਮਰਗੇ-ਮਾਰਤੇ ਈ ਕਰੀ ਜਾਨੈਂ...!"
-"ਕੰਮ ਕਰੇ ਬਿਨਾ ਐਥੇ ਸਰਦਾ ਨ੍ਹੀ ਜੀ...! ਕੀ ਕਰੀਏ? ਇੰਗਲੈਂਡ ਤਾਂ ਸੋਨੇ ਦੀ ਮਿੱਠੀ ਜੇਹਲ ਐ!"
-"ਵੇ ਭਾਈ ਕੰਮ ਤਾਂ ਮੈਂ ਵੀ ਬਥੇਰਾ ਕਰਦੀ ਆਂ-ਸਰਦਾ ਤਾਂ ਐਥੇ ਵਾਕਿਆ ਈ ਨ੍ਹੀ...! ਪਰ ਐਨਾ ਕੰਮ ਵੀ ਨ੍ਹੀ ਚਾਹੀਦਾ-ਬਈ ਬੰਦਾ ਸਵੇਰ ਤੋਂ ਲੈ ਕੇ ਆਥਣ ਤੱਕ ਧੰਦ ਈ ਪਿੱਟੀ ਜਾਵੇ! ਕੋਈ ਇੰਟਰਟੇਨਮੈਂਟ ਵੀ ਹੁੰਦੀ ਐ ਬੰਦੇ ਦੀ! ਜੇ ਤੂੰ ਜੱਟ ਐਂ ਤਾਂ ਕਿਸੇ ਕਰਾੜੀ ਨਾਲ਼ ਵਿਆਹਿਆ ਹੋਵੇਂਗਾ...?"
ਹਰਦੇਵ ਹੋਰ ਉਚੀ ਹੱਸ ਪਿਆ।
-"ਭੈਣ ਜੀ, ਥੋਨੂੰ ਹੁਣ ਮੈਂ ਕਿਵੇਂ ਤਸੱਲੀ ਦੇਵਾਂ? ਮੇਰਾ ਗੋਤ ਸਿੱਧੂ ਐ-ਤੇ ਮੇਰੇ ਘਰਆਲ਼ੀ ਦਾ ਧਾਲ਼ੀਵਾਲ਼-ਅਸੀਂ ਦੋਨੋ ਈ ਜੱਟ ਘਰਾਣੇ 'ਚੋਂ ਐਂ!" ਹਰਦੇਵ ਨੇ ਉਸ ਦੀ ਤਸੱਲੀ ਕਰਵਾਈ।
-"ਤੂੰ ਸਿੱਧੂ ਤੇ ਤੇਰੀ ਘਰਆਲ਼ੀ ਧਾਲ਼ੀਆਲ਼...!" ਉਹ ਸੋਚੀਂ ਪੈ ਗਈ। ਪਤਾ ਨਹੀਂ ਕਿਉਂ ਉਹ 'ਧਾਲ਼ੀਵਾਲ਼' ਆਖੇ ਤੋਂ ਸੁਚੇਤ ਜਿਹੀ ਵਿਚ ਹੋ ਗਈ ਸੀ। ਕੁਝ ਗੌਰ ਨਾਲ਼ ਸੋਚ ਰਹੀ ਸੀ।
-"ਕਿੱਥੋਂ ਦੀ ਐ ਤੇਰੀ ਘਰਆਲ਼ੀ?" ਉਸ ਨੇ ਸੋਚ ਵਿਚੋਂ ਨਿਕਲਦਿਆਂ ਤੁਰੰਤ ਸੁਆਲ ਕੀਤਾ।
-"ਬੱਲੋਆਲ਼ ਦੀ ਐ!"
-"ਕੀ, ਨਾਂ ਕੀ ਐ ਉਹਦਾ...?" ਉਸ ਦੀਆਂ ਸੋਚਾਂ ਵਿਚ ਡੱਫ਼ਲੀਆਂ ਵੱਜਣ ਲੱਗ ਪਈਆਂ।
-"ਮਨਜੀਤ...! ਪਰ ਉਹਨੂੰ ਸਾਰੇ ਮੀਤੀ ਆਖਦੇ ਐ।"
-"ਉਹ ਬੱਲੋਆਲ਼ ਦੀ ਐ ਤੇ ਨਾਂ ਮੀਤੀ...? ਕਿਤੇ ਜਾਗਰ ਸਿਉਂ ਦੀ ਕੁੜੀ ਤਾਂ ਨ੍ਹੀ ਉਹੋ?" ਉਸ ਨੇ ਪੁੱਛਿਆ ਤਾਂ ਹਰਦੇਵ ਚੌਂਕ ਜਿਹਾ ਗਿਆ। ਉਸ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਇਹ ਔਰਤ ਮੀਤੀ ਨੂੰ ਇਤਨਾ ਨੇੜਿਓਂ ਕਿਵੇਂ ਜਾਣਦੀ ਸੀ? ਉਸ ਦੇ ਦਿਮਾਗ ਨੂੰ ਵੀ ਤੁਣਕੇ ਵੱਜੀ ਜਾ ਰਹੇ ਸਨ।
-"ਹਾਂ ਜੀ, ਉਹ ਜਾਗਰ ਸਿਉਂ ਦੀ ਕੁੜੀ ਈ ਐ, ਭੈਣ ਜੀ!" ਹਰਦੇਵ ਦੀ ਗੱਲ ਸੁਣ ਕੇ ਉਸ ਔਰਤ ਨੇ ਮੱਥਾ ਪਿੱਟਿਆ। ਹਰਦੇਵ ਹੋਰ ਡੂੰਘੀ ਖੱਡ ਵਿਚ ਜਾ ਡਿੱਗਿਆ। ਪਰ ਉਸ ਨੂੰ ਸਮਝ ਕਿਸੇ ਗੱਲ ਦੀ ਵੀ ਨਹੀਂ ਲੱਗੀ ਸੀ।
-"ਪਰ ਤੁਸੀਂ ਭੈਣ ਜੀ ਉਹਨੂੰ ਕਿਵੇਂ ਜਾਣਦੇ ਓਂ...?" ਹਰਦੇਵ ਦਾ ਮੂੰਹ ਅਚੰਭੇ ਵਿਚ ਅੱਡਿਆ ਗਿਆ ਸੀ।
-"ਉਹ ਤਾਂ ਤੇਰੇ ਨਾਲੋਂ ਭਾਈ ਬਾਹਵਾ ਵੱਡੀ ਹੋਊ?" ਉਸ ਨੇ ਹਰਦੇਵ ਦੀ ਗੱਲ ਵੱਲੋਂ ਲਾਪ੍ਰਵਾਹ ਹੋ ਕੇ ਪੁੱਛਿਆ।
-"ਹਾਂ ਜੀ, ਹੈਗਾ ਕੋਈ ਦਸ ਕੁ ਸਾਲ ਦਾ ਫ਼ਰਕ ਸਾਡਾ!"
-"ਬੱਸ, ਬੱਸ...! ਉਹੀ ਐ...!" ਉਸ ਨੇ ਉਂਗਲ਼ ਸੱਪ ਦੀ ਸਿਰੀ ਵਾਂਗ ਹਿਲਾਈ।
-"ਕੀ ਉਹੀ ਐ ਜੀ...? ਕੀ ਮਤਲਬ ਐ ਤੁਹਾਡਾ?" ਹੁਣ ਹਰਦੇਵ ਵੀ ਚੁਕੰਨਾ ਹੋ ਗਿਆ ਕਿ ਇੱਥੇ ਕੋਈ ਭੇਦ ਜ਼ਰੂਰ ਅੜਿਆ ਹੋਇਆ ਸੀ।
-"ਵੇ ਕੀ ਦੱਸਾਂ ਭਰਾਵਾ...? ਗੁੱਸਾ ਤਾਂ ਨ੍ਹੀ ਕਰਦਾ?"
-"ਨਾ ਭੈਣ ਜੀ ਮੈਂ ਗੁੱਸਾ ਕਿਉਂ ਕਰੂੰ?" ਉਹ ਵੀ ਸੁਚੇਤ ਚਿੱਤ ਹੋ ਕੇ ਬੈਠ ਗਿਆ।
-"ਵੇ ਕਮਲਿ਼ਆ ਭਰਾਵਾ...! ਉਹ ਪਹਿਲਾਂ ਮੇਰੇ ਭਰਾ ਨੂੰ ਵਿਆਹੀ ਵੀ ਸੀ...!" ਆਖ ਕੇ ਉਸ ਨੇ ਹਰਦੇਵ ਦੇ ਦਿਮਾਗ 'ਤੇ ਗਰਨੇਡ ਸੁੱਟ ਦਿੱਤਾ। ਉਸ ਦੀਆਂ ਅੱਖਾਂ ਅੱਗੇ ਧੂੰਆਂ ਰੋਲ਼ ਹੋ ਗਿਆ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਉਸ ਔਰਤ ਨੂੰ ਕੀ ਕਹੇ ਅਤੇ ਕੀ ਪੁੱਛੇ? ਉਹ ਬੇਸੁਰਤ ਜਿਹਾ ਹੀ ਤਾਂ ਹੋ ਗਿਆ ਸੀ!
-"ਕੀ ਨਾਂ ਐਂ ਭੈਣ ਜੀ ਤੁਹਾਡਾ?"
-"ਮੇਰਾ ਨਾਂ ਸਰਬਜੀਤ ਐ, ਭਰਾਵਾ! ਤੂੰ ਮੈਨੂੰ ਆਬਦੀ ਭੈਣ ਈ ਸਮਝ, ਹੁਣ!"
-"ਭੈਣ ਜੀ, ਕਿੰਨਾ ਕੁ ਚਿਰ ਵਿਆਹੀ ਰਹੀ ਉਹ ਥੋਡੇ ਘਰੇ?"
-"ਉਹ ਤਾਂ ਵਿਆਹੀ ਰਹੀ ਐ ਸਾਡੇ ਘਰੇ ਅੱਠ ਸਾਲ ਤੋਂ ਵੀ ਉਪਰ! ਉਹਨੇ ਤਾਂ ਮੇਰੇ ਭਰਾ ਨੂੰ ਉਹ ਹੱਥ ਲੁਆਏ-ਬੱਸ ਰਹੇ ਰੱਬ ਦਾ ਨਾਂ!"
-"ਕਿਉਂ? ਕਾਹਤੋਂ?"
-"ਵੇ ਭਰਾਵਾ, ਜੇ ਗੁੱਸਾ ਨਾ ਕਰੇਂ...? ਮੈਂ ਤੈਨੂੰ ਸਾਰੀ ਘਾਣੀ ਈ ਦੱਸ ਦਿਆਂ।" ਉਸ ਨੇ ਗਿਰਝ ਵਾਂਗ ਟਿਕਟਿਕੀ ਲਾ ਕੇ ਹਰਦੇਵ ਦਾ ਚਿਹਰਾ ਪੜ੍ਹਿਆ। ਉਹ ਗੱਲੀਂ ਬਾਤੀਂ ਹਰਦੇਵ ਦਾ ਪੈਖੜ ਨਰੜਦੀ ਆ ਰਹੀ ਸੀ।
-"ਮੈਂ ਗੁੱਸਾ ਕਾਹਨੂੰ ਕਰਨੈਂ ਭੈਣ ਜੀ? ਮੇਰੇ ਨਾਲ਼ ਤਾਂ ਉਹ ਆਪ ਨ੍ਹੀ ਚੱਜ ਨਾਲ਼ ਬੋਲਦੀ!" ਮੀਤੀ ਦੀਆਂ ਖਾਮੀਆਂ ਜਾਨਣ ਲਈ ਹਰਦੇਵ ਨੇ ਕੋਰਾ ਝੂਠ ਬੋਲਿਆ ਸੀ। ਨਹੀਂ ਤਾਂ ਮੀਤੀ ਨੇ ਉਸ ਨੂੰ ਕਦੇ ਕੋਈ ਬੋਲ ਕਬੋਲ ਨਹੀਂ ਕੀਤਾ ਸੀ।
-"ਮੇਰਾ ਭਰਾ ਚੰਗਾ ਕੰਮ ਕਾਰ ਕਰਦੈ-ਚੰਗਾ ਕਮਾਉਂਦੈ-ਇਹਨੇ ਤਿੰਨਾਂ ਮਹੀਨੀਆਂ 'ਚ ਪਤਾ ਨ੍ਹੀ ਅੱਠ ਹਜਾਰ ਪੌਂਡ ਕਿੱਧਰ ਖਪਾ ਦਿੱਤਾ? ਖਬਰੇ ਆਬਦੇ ਪਿਉ ਨੂੰ ਭੇਜਤਾ...? ਗੁੱਸਾ ਨਾ ਕਰੀਂ ਮੇਰਾ ਵੀਰ, ਖਬਰੇ ਕਿਸੇ ਯਾਰ ਮਿੱਤਰ ਨੂੰ ਲੁਟਾਤਾ...? ਬੱਸ ਐਨੀ ਗੱਲ ਐ ਭਰਾ ਮੇਰਿਆ, ਬਈ, ਤਿੰਨਾਂ ਮਹੀਨਿਆਂ 'ਚ ਉਹਨੇ ਅੱਠ ਹਜਾਰ ਪੌਂਡ ਨੂੰ ਉੜਦੂ ਲਾ ਦਿੱਤਾ।"
-"ਫੇਰ...?" ਹਰਦੇਵ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗ ਪਏ। ਉਹ ਘੁੱਟਾਂਬਾਟੀ ਸਰਬਜੀਤ ਦੇ ਮੂੰਹ ਵੱਲ ਝਾਕ ਰਿਹਾ ਸੀ।
-"ਫੇਰ ਕੀ...? ਮੇਰਾ ਭਰਾ ਕੰਮ ਕਾਰ ਆਲ਼ਾ ਬੰਦਾ! ਉਹਨੇ ਅੱਠ ਹਜਾਰ ਪੌਂਡ ਦਾ ਹਿਸਾਬ ਕਿਤਾਬ ਪੁੱਛਣਾ ਈ ਸੀ? ਅੱਠ ਹਜਾਰ ਪੌਂਡ ਭਰਾਵਾ, ਥੋੜ੍ਹਾ ਹੁੰਦੈ...?"
-"ਨਹੀਂ ਬਹੁਤ ਹੁੰਦੈ ਭੈਣ ਜੀ...!" ਹਰਦੇਵ ਗੱਲ ਸੁਣ ਕੇ ਹਿੱਲ ਗਿਆ।
-"ਤੇ ਭਰਾਵਾ, ਜਦੋਂ ਮੇਰੇ ਆਲ਼ਾ ਭਰਾ ਅੱਠ ਹਜਾਰ ਦਾ ਹਿਸਾਬ ਮੰਗਿਆ ਕਰੇ-ਮੱਟਰ ਜੀ ਹੋ ਕੇ ਬਹਿ ਜਾਇਆ ਕਰੇ-ਤੇ ਕੋਈ ਜਵਾਬ ਨਾ ਦਿਆ ਕਰੇ-ਤੇ ਮੇਰੇ ਆਲ਼ਾ ਭਰਾ ਚਿੜ ਗਿਆ!"
-"ਚਿੜਨਾ ਈ ਸੀ...! ਅੱਠ ਹਜਾਰ ਪੌਂਡ ਬਣਦਾ ਪਤਾ ਕਿਵੇਂ ਐਂ?"
-"ਉਹ ਮੱਚਦਾ ਬੁਝਦਾ ਵਿਚਾਰਾ ਸਾਡੇ ਕੋਲ਼ੇ ਆ ਕੇ ਰੋਣ ਪਿੱਟਣ ਲੱਗਿਆ! ਅਸੀਂ ਵੀ ਜਾ ਕੇ ਉਹਨੂੰ ਹਲੂਣਿਆਂ-ਹਿਸਾਬ ਕਿਤਾਬ ਦੀ ਗੱਲ ਚਲਾਈ-ਬੱਸ ਭਰਾਵਾ, ਉਹੀ ਬੈਂਹਾਂ ਅਤੇ ਉਹੀ ਕੁਹਾੜੀ! ਫੇਰ ਨਾ ਕੁਛ ਬੋਲੀ! ਡਰਨਾਂ ਬਣ ਕੇ ਖੜ੍ਹੀ ਰਹੀ-ਮੇਰੀ ਮਾਂ, ਤੇ ਮੇਰੇ ਬਾਪੂ ਨੇ ਵੀ ਉਹਨੂੰ ਪਲੋ਼ਸ ਕੇ ਪੁੱਛਿਆ-ਪਰ ਨਾ! ਕੋਈ ਉਤਰ ਨ੍ਹੀ! ਫੇਰ ਭਰਾਵਾ, ਮੇਰੇ ਆਲ਼ੇ ਭਰਾ ਨੇ ਡਾਇਵੋਰਸ ਅਪਲਾਈ ਕਰਤਾ-ਬੋਲੀ ਫੇਰ ਨਾ...! ਦੁਨੀਆਂ ਦੀ ਚੋਰ, ਬੋਲੇ ਕੀ? ਜਦੋਂ ਜੱਜ ਦੇ ਤਲਾਕ ਦੀ ਤਾਰੀਕ ਪਈ-ਉਥੇ ਵੀ ਗੂੰਗੀ ਬਣ ਕੇ ਬੈਠੀ ਰਹੀ ਤੇ ਢੀਠ ਬਣੀ ਗਿਰਝ ਮਾਂਗੂੰ ਝਾਕੀ ਜਾਵੇ! ਤੇ ਚੱਕ ਮੇਰੇ ਭਾਈ ਜੱਜ ਨੇ ਖਿਝ ਕੇ ਤਲਾਕ ਲਿਖਤਾ-ਤਾਂ ਅਸੀਂ ਜਾ ਕੇ ਇਹਤੋਂ ਖਹਿੜਾ ਛੁਡਾਇਆ...!" ਆਖ ਕੇ ਸਰਬਜੀਤ ਨੇ ਸੌਖਾ ਜਿਹਾ ਸਾਹ ਲਿਆ।
----
ਹਰਦੇਵ ਦੇ ਮਨ ਵਿਚ ਭੰਮੀਰੀਆਂ ਘੁਕੀ ਜਾ ਰਹੀਆਂ ਸਨ!
ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ।
-"ਭਰਾਵਾ ਗੱਲ ਇਕ ਐ-ਆਬਦਾ ਘਰ ਜਮਾਂ ਨਾ ਤੋੜੀਂ! ਸਿਆਣਾ ਬਣ ਕੇ ਰਹਿ ਇਹਦੇ ਨਾਲ਼-ਪਰ ਪੈਸੇ ਦਾ ਇਹਤੋਂ ਹਿਸਾਬ ਕਿਤਾਬ ਜਰੂਰ ਲਿਆ ਕਰ! ਨਾਲ਼ੇ ਇਹਦੇ 'ਤੇ ਪੂਰੀ ਨਿਗਰਾਨੀ ਰੱਖਿਆ ਕਰ! ਸਿਆਣੇ ਆਖਦੇ ਐ ਬਈ ਗਧੇ ਨੂੰ ਡੰਡਾ ਤੇ ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਈ ਬਹੁਤ ਹੁੰਦੈ! ਪੱਕੀ ਮੋਹਰ ਲੱਗ ਗਈ ਤੇਰੀ...?" ਸਰਬਜੀਤ ਕੋਚਰ ਵਾਂਗ ਹਰਦੇਵ ਵੱਲ ਝਾਕੀ।
-"ਬੱਸ ਭੈਣ ਜੀ ਅੱਜ ਕੱਲ੍ਹ 'ਚ ਲੱਗਣ ਆਲ਼ੀ ਐ-!"
-"ਪੱਕੀ ਮੋਹਰ ਲੈ ਲੁਆ, ਭਰਾਵਾ! ਤੇ ਬਾਹਲ਼ਾ ਚਿਰ ਇਹ ਤੇਰੇ ਨਾਲ਼ ਕੱਟਣ ਆਲ਼ੀ ਤੀਮੀਂ ਨ੍ਹੀ! ਤੀਮੀ ਨੂੰ ਲੱਗੀ ਘਤਿੱਤ ਕਦੇ ਨਾ ਕਦੇ ਤਾਂ ਜਾਗਦੀ ਐ! ਸਾਡੇ ਘਰੇ ਅੱਠ ਸਾਲ ਰਹਿਕੇ ਵੀ ਇਹ ਸਾਡੀ ਨ੍ਹੀ ਹੋਈ? ਤੇ ਤੇਰੀ ਦੋ ਸਾਲਾਂ 'ਚ ਕਿਵੇਂ ਬਣਜੂਗੀ? ਸੋਹਣਾ ਸੁਨੱਖਾ ਜੁਆਨ ਤੂੰ ਮੁੰਡੈਂ...! ਤੈਨੂੰ ਕੁੜੀਆਂ ਦਾ ਘਾਟੈ? ਤੂੰ ਜਰੂਰ ਇਸ ਬੁੱਢੀ ਮੱਝ ਤੋਂ ਪੈਰ ਮਿਧਵਾਉਣੇ ਐਂ? ਤੂੰ ਪੱਕਾ ਹੋ ਕੇ ਇਹਨੂੰ ਚੁੱਪ ਚਾਪ ਛੱਡ ਕੇ ਪਰ੍ਹੇ ਕਰ ਤੇ ਇੰਡੀਆ ਤੋਂ ਕੋਈ ਚੱਜ ਦੀ ਜੁਆਨ ਕੁੜੀ ਲਿਆ...! ਇਹਦੇ ਨਾਲੋਂ ਤਾਂ ਤੈਨੂੰ ਤੋੜ ਵਿਛੋੜੀ ਕਰਨੀਂ ਪੈਣੀ ਐਂ-ਅੱਜ ਕਰਲੀਂ, ਚਾਹੇ ਸਾਲ ਨੂੰ ਕਰਲੀਂ! ਅਖੇ ਨਾਈਆ ਵਾਲ਼ ਕਿੱਡੇ ਕਿੱਡੇ ਕੁ ਐ? ਕਹਿੰਦਾ ਭਾਈ ਸਬਰ ਕਰ-ਮੂਹਰੇ ਈ ਆ ਡਿੱਗਣੇ ਐਂ! ਉਹ ਗੱਲ ਤਾਂ ਭਰਾਵਾ ਇਹਦੀ ਐ! ਇਹਦਾ ਜਿੰਨਾ ਮਰਜ਼ੀ ਐ ਬਣ ਕੇ ਦੇਖ ਲਈਂ-ਇਹ ਟੱਬਰ ਤਾਂ ਅਮਰ ਵੇਲ ਅਰਗੈ-ਜਿਹੜੇ ਦਰੱਖ਼ਤ 'ਤੇ ਬੈਠੂ, ਉਸੇ ਦਰੱਖ਼ਤ ਦਾ ਈ ਭੱਠਾ ਬਿਠਾਊ! ਬਾਕੀ ਤੂੰ ਆਪ ਸੋਚ ਕਰਲੀਂ...!"
----
ਹਰਦੇਵ ਦੇ ਕੰਨਾਂ ਵਿਚ ਸੀਟੀਆਂ ਵੱਜੀ ਜਾ ਰਹੀਆਂ ਸਨ।
-"ਇਕ ਤੈਨੂੰ ਮੈਂ ਹੋਰ ਦੱਸਦੀ ਐਂ, ਭਰਾਵਾ! ਮੇਰਾ ਆਬਦਾ ਦਿਉਰ ਵਕੀਲ ਐ-ਜੇ ਤੈਨੂੰ ਕਿਸੇ ਸਲਾਹ ਸੱਪੇ ਦੀ ਲੋੜ ਪਵੇ-ਮੈਨੂੰ ਦੱਸ ਦੇਈਂ! ਆਪੇ ਤੈਨੂੰ ਮੁਫ਼ਤ ਸਲਾਹ ਦਿਊ-ਇਹ ਮੇਰੀ ਗਰੰਟੀ ਐ!" ਉਸ ਨੇ ਹਿੱਕ ਥਾਪੜ ਦਿੱਤੀ।
-"ਇਹਦਾ ਭੈਣ ਜੀ ਕਿਸੇ ਨਾਲ਼ ਊਂ ਤਾਂ ਨ੍ਹੀ ਚੱਕਰ ਚੁੱਕਰ ਸੀ?"
-"ਵੇ ਭਰਾਵਾ ਰੱਬ ਜਾਣੇ! ਪਰ ਤੂੰ ਖ਼ੁਦ ਸੋਚ! ਬਈ ਤਿਨਾਂ ਮਹੀਨਿਆਂ 'ਚ ਅੱਠ ਹਜਾਰ ਪੌਂਡ ਖੰਭ ਲਾ ਕੇ ਉਡ ਤਾਂ ਗਿਆ ਨ੍ਹੀ? ਕਿਸੇ ਨੂੰ ਤਾਂ ਦਿੱਤਾ ਈ ਐ? ਜਾਂ ਕਿਸੇ ਯਾਰ ਨੂੰ ਤੇ ਜਾਂ ਆਬਦੇ ਪਿਉ ਨੂੰ?"
-"ਪਿਉ ਤਾਂ ਇਹਦਾ ਪਿੱਛੇ ਜਿਹੇ ਚੜ੍ਹਾਈ ਕਰ ਗਿਆ-ਘਰੇ ਵੀ ਕੋਈ ਪੈਸਾ ਲੱਗਿਆ ਨਹੀਂ ਦਿਸਦਾ-ਕਿਉਂਕਿ ਇਹਨਾਂ ਦਾ ਘਰ ਮੈਂ ਆਪ ਦੇਖਿਐ-ਪਰ ਗਾਂਹਾਂ ਮੈਨੂੰ ਕੋਈ ਪਤਾ ਨਹੀ!"
-"ਕਦੋਂ ਮਰਿਐ ਇਹਦਾ ਪਿਉ?"
-"ਆਹ ਤਿੰਨ ਕੁ ਹਫ਼ਤੇ ਈ ਹੋਏ ਐ-।"
-"ਬਮਾਰ ਠਮਾਰ ਸੀ?"
-"ਪਤਾ ਨ੍ਹੀ! ਰੱਬ ਜਾਣੇ! ਮੈਨੂੰ ਕਿਹੜਾ ਕੁਛ ਦੱਸਦੀ ਐ?"
-"ਇਹ ਤਾਂ ਭਾਈ ਆਪਹੁਦਰੀ ਤੀਮੀ ਐਂ-ਜੁਆਕ ਇਹਨੂੰ ਨ੍ਹੀ ਹੁੰਦਾ! ਕਿੱਥੇ ਲੈ ਕੇ ਜਾਣੀ ਐਂ ਕਮਾਈ ਬੰਦੇ ਨੇ...? ਕਾਹਦੇ ਵਾਸਤੇ ਕਮਾਉਂਦੈ ਬੰਦਾ? ਜੇ ਲੋਕਾਂ ਦੇ ਭਾਗਾਂ ਨੂੰ ਈ ਕਮਾਉਣੈਂ-ਤਾਂ ਕੀ ਫ਼ਾਇਦਾ ਐਹੋ ਜੀ ਕਮਾਈ ਦਾ...? ਤੈਨੂੰ ਪਤੈ ਬਈ ਇਹਨੂੰ ਕੋਈ ਜੁਆਕ ਜੱਲਾ ਨ੍ਹੀ ਹੋ ਸਕਦਾ?"
-"ਹਾਂ ਪਤੈ ਭੈਣ ਜੀ...।"
-"ਫੇਰ ਭਰਾਵਾ ਮੈਨੂੰ ਤਾਂ ਸਮਝ ਨ੍ਹੀ ਆਉਂਦੀ ਬਈ ਤੂੰ ਅੱਖੀਂ ਦੇਖ ਕੇ ਮੱਖੀ ਕਾਹਤੋਂ ਨਿਗਲ਼ਦੈਂ? ਬੰਦੇ ਦੇ ਜੁਆਕ ਜੱਲਾ ਹੋਵੇ-ਉਹ ਜਾਣੇ-ਕਦੇ ਬਿਮਾਰ ਠਮਾਰ ਨੂੰ ਸਾਂਭਦੈ-ਪਰ ਅੱਗ ਲਾਉਣੈਂ ਪੈਸਾ ਬੰਦੇ ਨੇ-ਜਦੋਂ ਅੱਗੇ ਆਬਦੀ ਕੁਲ਼ ਈ ਨਾ ਵਧੀ? ਬੰਦੇ ਦੀ ਹੱਡ ਭੰਨਵੀਂ ਕਮਾਈ 'ਤੇ ਤਾਂ ਫੇਰ ਗਿੱਦੜ ਈ ਕਲੋਲਾਂ ਕਰਦੇ ਐ! ਔਤ ਦੇ ਕੌਲਿ਼ਆਂ 'ਤੇ ਤਾਂ ਭਾਈ ਮੁੜ ਕੇ ਕੁੱਤੇ ਈ ਲੱਤ ਚੱਕ ਕੇ ਮੂਤਦੇ ਐ...!"
ਹਰਦੇਵ ਚੁੱਪ ਚਾਪ ਤੁਰ ਆਇਆ।
ਉਸ ਨੇ ਨਾ ਤਾਂ ਟੂਲ-ਬੌਕਸ ਲਿਆ ਅਤੇ ਨਾ ਹੀ ਅਗਲੇ ਦੇ ਘਰੇ ਬੁਆਇਲਰ ਠੀਕ ਕਰਨ ਪਹੁੰਚਿਆ। ਪਰ ਉਸ ਨੇ ਨਾ ਆ ਸਕਣ ਬਾਰੇ ਉਹਨਾਂ ਨੂੰ ਫ਼ੋਨ ਜ਼ਰੂਰ ਕਰ ਦਿੱਤਾ ਸੀ, ਕਿ ਅਗਲੇ ਕੁੱਤੇ ਝਾਕ ਵਿਚ ਨਾ ਰਹਿਣ!
***********
ਸੋਲ੍ਹਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!
No comments:
Post a Comment