Wednesday, September 9, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 29 (ਆਖ਼ਰੀ)

ਬਾਹਰੋਂ ਦਰਵਾਜੇ 'ਤੇ ਖੜਕਾ ਹੋਇਆਸੁਖਦੇਵ ਸੀਸ਼ਾਇਦ ਰੋਟੀ ਲੈ ਕੇ ਆਇਆ ਸੀ

-"ਬੈਠ ਪ੍ਰੀਤੋ...! ਰੋਟੀ ਖਾ ਕੇ ਜਾਈਂ!" ਹਰਦੇਵ ਬੋਲਿਆ

-"ਵੇ ਮੈਂ ਤਾਂ ਜਾ ਕੇ ਖਾ ਈ ਲੈਣੀਂ ਐਂ, ਦੇਵ...! ਸੱਚ ਜਾਣੀਂ, ਤੇਰੇ ਨਾਲ਼ ਗੱਲਾਂ ਕਰਕੇ ਤਾਂ ਮੇਰੇ ਮਨ ਤੋਂ ਜੁੱਗੜਿਆਂ ਜੁਗਾਂਤਰਾਂ ਦਾ ਭਾਰ ਲਹਿ ਗਿਆ! ਤੂੰ ਰੋਟੀ ਖਾ-ਮੈਂ ਕੱਲ੍ਹ ਨੂੰ ਸਾਝਰੇ ਆਊਂ! ਜੇ ਸ਼ਹਿਰ ਜਾਣਾ ਹੋਇਆ-ਮੈਨੂੰ ਵੀ ਨਾਲ਼ ਲੈ ਚੱਲੀਂ! ਮੈਨੂੰ ਕੰਮ ਐਂ, ਥੋੜ੍ਹਾ ਜਿਆ-ਤੇਰੇ ਆਹਰ ਨਾਲ਼ ਮੈਂ ਵੀ ਸ਼ਹਿਰ ਦੇਖ ਆਊਂ! ਨਾਲ਼ੇ ਤੇਰੇ ਕੋਲ਼ੇ ਕਾਹਦਾ ਲੁੱਕ ਐ? ਮੇਰੇ ਸਹੁਰਿਆਂ ਨੇ ਮੈਨੂੰ ਪੰਜ ਕੁ ਕਿੱਲੇ ਜਮੀਨ ਦੇਤੀ ਸੀ ਵੰਡ ਕੇ! ਬਾਹਲ਼ਾ ਮੂੰਹ ਮੈਂ ਵੀ ਨ੍ਹੀ ਅੱਡਿਆ-ਬਈ ਬਾਧੂ ਮੱਖੀਆਂ ਈ ਪੈਣਗੀਆਂ? ਬਣਦੀ ਤਾਂ ਮੇਰੀ ਅੱਠ ਕਿੱਲੇ ਸੀ! ਪਰ ਮੈਂ ਪੰਜਾਂ 'ਤੇ ਈ ਸਬਰ ਕਰ ਲਿਆ-ਬਈ ਕਿੱਥੇ ਚੱਕ ਕੇ ਲੈ ਜਾਣੀਂ ਐਂ ਜਮੀਨ? ਬੰਦਾ ਤੁਰ ਗਿਆ-ਓਹ ਜਾਣੇਂ, ਸਾਰਾ ਕੁਛ ਆਬਦੇ ਨਾਲ਼ ਈ ਲੈ ਗਿਆ! ਮੈਂ ਨ੍ਹੀ ਜਮੀਨ ਜਮੂਨ ਦਾ ਬਾਹਲ਼ਾ ਲਾਲਚ ਕੀਤਾ-ਜਿੰਨੀ ਅਗਲਿਆਂ ਨੇ ਦੇ ਦਿੱਤੀ-ਬੱਸ ਮੈਂ 'ਗੂਠਾ ਲਾ ਕੇ ਲੈ ਲਈ! ਉਹ ਪੈਲ਼ੀ ਮੈਂ ਠੇਕੇ 'ਤੇ ਦੇ ਦਿੰਨੀ ਐਂ-ਤੇ ਮੇਰਾ ਖਰਚਾ ਬਰਚਾ ਤੁਰੀ ਜਾਂਦੈ-ਉਹਦਾ ਠੇਕਾ ਲੈਣ ਜਾਣੈਂ! ਜੇ ਤੇਰੇ ਕੋਲ਼ੇ ਟੈਮ ਹੋਇਆ? ਆਪਾਂ ਇਹ ਕੰਮ ਜਰੂਰ ਕਰ ਕੇ ਆਉਣੈਂ! ਨਹੀਂ ਮੈਨੂੰ ਐਥੋਂ ਕਿਸੇ ਜੁਆਕ ਨੂੰ ਨਾਲ਼ ਲਿਜਾਣਾ ਪਊ-ਤੇਰੇ ਨਾਲ਼ ਤਾਂ ਮਿਲਟ 'ਚ ਕੰਮ ਨਿੱਬੜਜੂ! ਬੰਦਿਆਂ ਦੇ ਈ ਭਾਅ ਹੁੰਦੇ ਐ, ਦੇਵ!"

-----

ਸੁਖਦੇਵ ਰੋਟੀ ਲੈ ਕੇ ਹੀ ਆਇਆ ਸੀ

ਸ਼ਾਮ ਗੂੜ੍ਹੀ ਹੋ ਚੱਲੀ ਸੀ

-"ਤੂੰ ਕੱਲ੍ਹ ਨੂੰ ਇਉਂ ਕਰੀਂ ਨਿੱਕਿਆ...!" ਰੋਟੀ ਖਾਂਦੇ ਹਰਦੇਵ ਨੇ ਆਖਿਆ

-"ਬੋਲ ਬਾਈ...?"

-"ਕੀ ਨਾਂ ਐਂ ਆਪਣੇ ਵੱਡੇ ਮੁੰਡੇ ਦਾ?"

-"ਵੱਡੇ ਦਾ ਨਾਂ ਰਮਣੀਕ ਐ-ਤੇ ਛੋਟੇ ਦਾ ਸਿਮਰਨ!"

-"ਕਾਲਜ, ਰਮਣੀਕ ਈ ਪੜ੍ਹਦੈ?"

-"ਹਾਂ, ਰਮਣੀਕ ਈ ਪੜ੍ਹਦੈ...!"

-"ਕੱਲ੍ਹ ਨੂੰ ਜਾ ਕੇ ਉਹਨੂੰ ਹਫ਼ਤੇ ਕੁ ਦੀ ਛੁੱਟੀ ਦਿਵਾ ਕੇ ਲਿਆ।"

-"ਚਲਿਆ ਜਾਨੈਂ-।"

-"ਤੇ ਹੁਣ ਜਾਹ...! ਨ੍ਹੇਰਾ ਨਾ ਕਰ!" ਉਸ ਨੇ ਰੋਟੀਆਂ ਵਾਲ਼ਾ ਟਿਫ਼ਨ ਬੰਦ ਕਰਦਿਆਂ ਕਿਹਾ

-"ਤੂੰ ਬਾਈ, ਰੋਟੀ ਖੇਤ ਆ ਕੇ ਈ ਕਿਉਂ ਨ੍ਹੀ ਖਾ ਲਿਆ ਕਰਦਾ?"

-"ਕਿਉਂ...? ਲਿਆਉਣ ਦੀ ਤਕਲੀਫ਼ ਹੁੰਦੀ ਐ?" ਹਰਦੇਵ ਹੱਸਿਆ

-"ਨਹੀਂ, ਤਕਲੀਫ਼ ਤਾਂ ਕਾਹਦੀ ਐ? ਇਸ ਬਹਾਨੇ ਬੰਦਾ ਗੱਲਾਂ ਬਾਤਾਂ ਵੀ ਕਰ ਲੈਂਦੈ?"

-"ਜਿਗਰਾ ਰੱਖ...! ਦੋ ਚਾਰ ਕੰਮ ਐਂ! ਉਹ ਸਿਰੇ ਚਾੜ੍ਹਨ ਤੋਂ ਬਾਅਦ, ਬਥੇਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ।"

ਸੁਖਦੇਵ ਤੁਰ ਗਿਆ

-----

ਦੁੱਧ ਪੀ ਕੇ ਹਰਦੇਵ ਪੈ ਗਿਆਅੱਜ ਉਹ ਪ੍ਰੀਤੋ ਅੱਗੇ ਦਿਲ ਦੀ ਗੱਲ ਰੱਖ, ਹੌਲ਼ਾ ਹੋ ਗਿਆ ਸੀਪ੍ਰੀਤੋ ਮਿਲਣ ਤੋਂ ਪਹਿਲਾਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਹਨ੍ਹੇਰ ਗੁਬਾਰ ਹੀ ਦਿਸਦਾ ਸੀਪਰ ਅੱਜ ਉਸ ਨੂੰ ਜ਼ਿੰਦਗੀ ਹੁਸੀਨ ਨਜ਼ਰ ਆਉਣ ਲੱਗ ਪਈ ਸੀਉਸ ਨੇ ਅਕਹਿ ਆਨੰਦ ਵਿਚ ਅੱਖਾਂ ਬੰਦ ਕਰ ਲਈਆਂਅੱਜ ਉਸ ਨੂੰ ਪ੍ਰੀਤੋ ਦੇ ਨੈਣ 'ਬਹਿਜਾ-ਬਹਿਜਾ' ਕਰਦੇ ਨਜ਼ਰ ਆਉਂਦੇ ਸਨਭਾਵੇਂ ਪ੍ਰੀਤੋ ਦੀ ਉਹ, ਪਹਿਲਾਂ ਵਾਲ਼ੀ ਗੱਲ ਤਾਂ ਨਹੀਂ ਰਹੀ ਸੀਪਰ ਦਿਲਾਂ ਦੇ ਪਿਆਰ ਦਾ ਦੁੱਧ, ਯਾਦਾਂ ਦਾ ਜਾਗ ਲਾ, ਹੁਣ ਜੰਮ ਕੇ ਫੁੱਟ ਬਣ ਗਿਆ ਸੀਉਸ ਫ਼ੁੱਟ ਨੂੰ ਸਿਰਫ਼ ਪ੍ਰੇਮ ਭਾਵਨਾ ਦੀ ਮਧਾਣੀ ਦੇ ਚਾਰ ਗੇੜਿਆਂ ਦੀ ਲੋੜ ਸੀਫਿਰ ਉਸ ਵਿਚੋਂ ਸਿਰਫ਼ ਰਤਨ ਹੀ ਰਤਨ ਨਿਕਲਣੇ ਸਨ ਅਤੇ ਨਵੀਂ ਰੰਗੀਨ ਦੁਨੀਆਂ ਨੇ 'ਝਾਤ' ਆਖਣੀਂ ਸੀਖੇੜੇ ਦੀਆਂ ਕਿਰਨਾਂ ਨੇ ਉਸ ਦਾ ਬੇਆਬਾਦ ਪਿਆ, ਵਿਹੜਾ ਭਰ ਦੇਣਾ ਸੀਮੈਂ ਪ੍ਰੀਤੋ ਨੂੰ ਇਤਨਾ ਮੋਹ ਅਤੇ ਖ਼ੁਸ਼ੀ ਦਿਆਂਗਾ, ਕਿ ਉਸ ਦੀ ਰਹਿੰਦੀ ਜ਼ਿੰਦਗੀ ਸਵਰਗ ਬਣ ਜਾਵੇਗੀਚਾਹੇ ਹੁਣ ਅਸੀਂ ਬੁੜ੍ਹਾਪੇ ਵਿਚ ਪ੍ਰਵੇਸ਼ ਹੋ ਗਏ ਹਾਂਪਰ ਬੁੜ੍ਹਾਪੇ ਵਿਚ ਕਿਹੜਾ ਪਿਆਰ ਨਹੀਂ ਕੀਤਾ ਜਾ ਸਕਦਾ? ਪਿਆਰ ਕੋਈ ਰੇਹ ਦਾ ਗੱਡਾ ਨਹੀਂ, ਜਿਹੜਾ ਬੁੜ੍ਹਾਪੇ ਵਿਚ ਲੱਦਿਆ ਨਹੀਂ ਜਾਣਾ? ਪਿਆਰ ਇਕ ਮਮਤਾ ਹੈ, ਇਕ ਭਾਵਨਾ ਹੈ, ਜੋ ਕਦੇ ਵੀ, ਕਿਸੇ ਵੀ ਉਮਰ ਨੂੰ, ਜਾਂ ਕਿਸੇ ਵੀ ਉਮਰ ਵਿਚ ਕੀਤਾ ਜਾ ਸਕਦਾ ਹੈ! ਯਾਦਾਂ ਦੇ ਸਮੁੰਦਰ ਵਿਚ ਵਹਿੰਦੇ ਹਰਦੇਵ ਨੂੰ ਪਤਾ ਨਹੀਂ ਕਦੋਂ ਨੀਂਦ ਨੇ ਆ ਘੇਰਿਆਉਸ ਦੇ ਘੁਰਾੜ੍ਹੇ ਬੇਨੇਰੇ ਟੱਪ ਰਹੇ ਸਨਉਹ ਬੇਫਿਕਰੀ ਵਿਚ ਅਹਿਲ ਪਿਆ ਸੀਪ੍ਰੀਤੋ ਦੀ ਮਿੱਠੀ-ਮਿੱਠੀ ਯਾਦ ਨੂੰ ਬਾਂਹਾਂ ਵਿਚ ਸਮੋਈ

----

ਸਵੇਰੇ ਪਾਠੀ ਸਿੰਘ ਦੀ ਮਿੱਠੀ ਸੁਰ ਨਾਲ਼ ਹਰਦੇਵ ਦੀ ਜਾਗ ਖੁੱਲ੍ਹੀ

ਪਾਠੀ ਸਿੰਘ ਨੇ ਹੁਕਮਨਾਮਾ ਲਿਆ

ਰਾਗੁ ਬਿਹਾਗੜਾ ਮਹਲਾ 4

ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ

ਹਾਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਇ ਰਾਮ।।

ਮਨੁ ਸੁਕਾ ਹਰਿਆ ਹਰਿਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ।।

ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮ ਸਮਾਏ ਰਾਮ।।....

ਹਰਦੇਵ ਉਠ ਕੇ ਬੈਠ ਗਿਆਉਸ ਨੇ ਪਿਛਲੀ ਨਿੰਮ ਨਾਲੋਂ ਦਾਤਣ ਤੋੜ ਲਈਦਾਤਣ ਕਰ ਕੇ ਅਤੇ ਫਿਰ ਨਹਾ ਕੇ ਉਹ ਗੁਰਦੁਆਰੇ ਚਲਾ ਗਿਆਪਤਾ ਨਹੀਂ ਕਿੰਨਾ ਚਿਰ ਉਹ ਗੁਰੂ ਤਾਬਿਆ ਵਿਚ ਬੈਠਾ ਧੁਰ ਕੀ ਬਾਣੀਂ ਸਰਵਣ ਕਰਦਾ ਰਿਹਾਫਿਰ ਆਸਾ ਦੀ ਵਾਰ ਦਾ ਕੀਰਤਨ ਹੋਇਆਪਵਿੱਤਰ ਗੁਰਬਾਣੀ ਅਤੇ ਕੀਰਤਨ ਕਿਰਪਾ ਸਦਕਾ ਉਸ ਦੇ ਕੰਨਾਂ ਵਿਚ ਕੋਈ ਗ਼ੈਬੀ ਅੰਮ੍ਰਿਤ ਰਸ ਘੁਲ਼ਦਾ ਜਾ ਰਿਹਾ ਸੀਅੱਜ ਜ਼ਿੰਦਗੀ ਵਿਚ ਉਸ ਨੂੰ ਪਹਿਲੀ ਵਾਰ ਇੰਜ ਮਹਿਸੂਸ ਹੋਇਆਜਿਵੇਂ ਉਹ ਕੋਈ ਸਵਰਗੀ ਨਜ਼ਾਰਾ ਮਾਣ ਰਿਹਾ ਹੋਵੇ! ਬੱਦਲ਼ਾਂ 'ਤੇ ਬੈਠ ਉਡ ਰਿਹਾ ਹੋਵੇ! ਉਸ ਦੀ ਤਪਦੀ ਆਤਮਾ ਸੀਤ-ਸੀਤ ਹੁੰਦੀ ਜਾ ਰਹੀ ਸੀਉਸ ਨੂੰ ਅਕਹਿ ਆਤਮਿਕ ਆਨੰਦ ਮਿਲਿਆ ਸੀਬਲ਼ਦੀ ਧੁਖ਼ਦੀ ਅਤੇ ਭੜਕਦੀ ਆਤਮਾ ਨੇ ਜਿਵੇਂ ਪਹਿਲੀ ਵਾਰ ਕੋਈ ਸਥਿਰਤਾ ਪਕੜੀ ਸੀਦੁਨੀਆਂ ਦੇ ਝਮੇਲਿਆਂ ਦੇ ਸਾਗਰ ਦੀਆਂ ਕਪੜਛੱਲਾਂ ਵਿਚ ਡੁੱਬਦਿਆਂ, ਉਸ ਨੂੰ ਪਹਿਲੀ ਵਾਰ ਕੋਈ ਕਿਨਾਰਾ ਨਜ਼ਰੀਂ ਪਿਆ ਸੀਗੁਰਦੁਆਰਿਓਂ ਹੀ ਉਸ ਨੇ ਚਾਹ ਪੀਤੀ ਅਤੇ ਦੇਗ ਲੈ ਕੇ ਘਰੇ ਆ ਗਿਆ

-----

ਸੂਰਜ ਚੜ੍ਹਨ ਸਾਰ ਹੀ ਪ੍ਰੀਤੋ ਆ ਗਈਹੱਥ ਵਿਚ ਉਸ ਦੇ ਚਾਹ ਵਾਲ਼ੀ ਗੜਵੀ ਸੀਇਕ ਹੱਥ ਵਿਚ ਸਟੀਲ ਦਾ ਗਿਲਾਸ ਫੜਿਆ ਹੋਇਆ ਹੋਇਆ ਸੀ

-"ਅਜੇ ਹੁਣੇਂ ਈ ਉਠਿਐਂ?" ਉਸ ਨੇ ਗੜਵੀ ਵਿਚੋਂ ਚਾਹ ਪਾਉਂਦੀ ਨੇ ਪੁੱਛਿਆ

-"ਨਹੀਂ, ਮੈਂ ਤਾਂ ਉਠਿਐਂ ਕੋਈ ਚਾਰ ਵਜੇ ਦਾ!"

-"ਚਾਰ ਵਜੇ ਦਾ...? ਜੈ ਖਾਣੀਂ, ਕੋਈ ਨ੍ਹਾਈ ਧੋਈ ਕਰਨੀਂ ਸੀ?"

ਹਰਦੇਵ ਹੱਸ ਪਿਆ

-"ਨ੍ਹਾਈਆਂ ਧੋਈਆਂ ਅਜੇ ਮੈਂ ਕਰੀ ਜਾਊਂਗਾ? ਹੁਣ ਤਾਂ ਅੱਗੇ ਜਾ ਕੇ ਨ੍ਹਾਈ ਧੋਈ ਹੋਊ, ਪ੍ਰੀਤੋ!"

-"ਨਿਰਨੇ ਕਾਲ਼ਜੇ ਤਾਂ ਕੋਈ ਚੱਜ ਦਾ ਬਚਨ ਕੱਢਲਾ, ਮੂੰਹੋਂ!"

-"ਸਵੇਰੇ ਉਠ ਕੇ ਗੁਰਦੁਆਰੇ ਗਿਆ ਸੀ-ਆਹ ਲੈ ਦੇਗ਼!"

-"ਆਹ ਤਾਂ ਤੂੰ ਬੜਾ ਵਧੀਆ ਕੀਤਾ-ਧੰਨ ਵਾਹਿਗੁਰੂ...!" ਉਸ ਨੇ ਦੇਗ ਲੈ ਲਈ

-"ਪ੍ਰੀਤੋ...! ਤੇਰਾ ਅੰਮ੍ਰਿਤ ਛਕਣ ਬਾਰੇ ਕੀ ਖ਼ਿਆਲ ਐ?" ਉਸ ਨੇ ਚਾਹ ਪੀਂਦਿਆਂ ਪੁੱਛਿਆ

-"ਵੇ ਦੇਵ! ਸੱਚ ਜਾਣੀਂ, ਮੈਂ ਤਾਂ ਕਦੋਂ ਦੀ ਫਿਰਦੀ ਐਂ...! ਪਰ ਕੋਈ ਬਿਧ ਈ ਨ੍ਹੀ ਬਣੀਂ! ਓਸ ਗੱਲ ਦੇ ਆਖਣ ਮਾਂਗੂੰ, ਕਰਮ ਮਾੜੇ...?"

-"ਛੱਡ ਕਰਮਾਂ ਨੂੰ...! ਚੱਲ ਆਪਾਂ ਦੋਵੇਂ ਛਕਦੇ ਐਂ! ਨਾਲ਼ੇ ਤੂੰ ਮੇਰੀ ਕੱਲ੍ਹ ਆਲ਼ੀ ਬਾਤ 'ਤੇ ਕੋਈ ਕੰਨ ਧਰਿਆ? ਜਾਂ ਮੈਂ ਐਵੇਂ ਈ ਜਰਬਾਂ ਤਕਸੀਮਾਂ ਕਰਦਾ ਰਿਹਾ?"

-"ਸੋਚਦੀ ਤਾਂ ਦੇਵ ਮੈਂ ਵੀ ਤੇਰੇ ਆਲ਼ੀ ਗੱਲ ਈ ਐਂ! ਸੱਚ ਜਾਣੀਂ, ਜੁਆਨੀ ਦੇ ਵੇਲੇ ਤਾਂ ਰੁਲ਼ ਖੁਲ਼ ਕੇ ਕੱਢ ਲਏ-ਪਰ ਗੱਲ ਤੇਰੀ ਸੱਚੀ ਐ! ਬੁੜ੍ਹਾਪੇ 'ਚ ਮੰਜੇ 'ਤੇ 'ਕੱਲੇ ਪਏ ਕੁੱਤੇ ਮਾਂਗੂੰ ਚੂਕੀ ਜਾਮਾਂਗੇ! ਪਰ ਗੱਲ ਇੱਕ ਹੋਰ ਐ!"

-"ਉਹ ਕੀ...? ਹੁਣ ਕੋਈ ਨਵਾਂ ਸੱਪ ਨਾ ਟੋਕਰੇ ਹੇਠੋਂ ਕੱਢ ਲਈਂ?"

-"ਵੇ ਨਹੀਂ ਕੱਢਦੀ! ਮੈਨੂੰ ਕਿਸੇ ਸ਼ਹਿਰ ਸ਼ੂਹਰ ਭਾਵੇਂ ਲੈ ਚੱਲੀਂ-ਪਰ ਮੈਂ ਤੇਰੇ ਬਲੈਤ ਬਲੂਤ ਜਮਾਂ ਨ੍ਹੀ ਜਾਣਾ-ਤੇ ਨਾ ਰਹਾਂ ਪਿੰਡ 'ਚ! ਸੱਚ ਜਾਣੀਂ, ਲੋਕਾਂ ਦੀਆਂ ਭੈੜ੍ਹੀਆਂ ਝਾਕਣੀਆਂ ਮੈਥੋਂ ਤਾਂ ਨ੍ਹੀ ਜਰੀਆਂ ਜਾਣੀਆਂ! ਬਥੇਰੇ ਹਨੋਰੇ ਸਹੇ ਲੋਕਾਂ ਦੇ!"

-"ਆਪਾਂ ਪਿੰਡ ਰਹਿਣਾ ਈ ਨ੍ਹੀ-ਤੇ ਨਾ ਰਹਿਣੈਂ ਵਲੈਤ! ਆਪਾਂ ਆਹ ਘਰ ਤਾਂ ਰੱਖਾਂਗੇ, ਇਉਂ ਈ! ਇਹਨੂੰ ਤਾਂ ਨ੍ਹੀ ਮੈਂ ਆਬਦੇ ਮਰਨ ਤੱਕ ਵੇਚਦਾ! ਪਿੱਛੋਂ ਜੋ ਰੱਬ ਨੂੰ ਮਨਜੂਰ! ਆਪਾਂ ਸ਼ਹਿਰ ਇਕ ਕੋਠੀ ਲੈ ਲਾਂਗੇ-ਉਥੇ ਰਹਾਂਗੇ! ਤੇ ਛੇ ਕੁ ਮਹੀਨਿਆਂ ਬਾਅਦ ਮਾਰਿਆ ਕਰਾਂਗੇ ਵਲੈਤ ਗੇੜਾ?"

-"ਇਹ ਗੱਲ ਸਰਾਸਰ ਝੂਠੀ...! ਮੈਂ ਆਹ ਉਮਰ ਜਹਾਜ ਚੜ੍ਹਦੀ ਚੰਗੀ ਲੱਗੂੰ? ਮੈਨੂੰ ਤਾਂ ਜਹਾਜ ਆਲ਼ੇ ਦੇਖ ਕੇ ਭੱਜ ਜਾਣਗੇ? ਬਈ ਆਹ ਪੇਂਡੂ ਬੇਬੇ ਪਤਾ ਨ੍ਹੀ ਕੌਣ ਆਗੀ?" ਪ੍ਰੀਤੋ ਨਾਲ਼ ਹਰਦੇਵ ਵੀ ਹੱਸ ਪਿਆ

-"ਆਪਾਂ ਆਪਣੇ ਮਕਾਨਾਂ ਦਾ ਕਿਰਾਇਆ ਵਸੂਲਣੈਂ-ਤੇ ਦੋ ਤਿੰਨ ਮਹੀਨੇ ਉਥੇ ਰਹਿ ਕੇ ਮੁੜ ਆਇਆ ਕਰਾਂਗੇ!"

-"ਤੇ ਅੰਮ੍ਰਿਤ ਬਾਰੇ ਤੂੰ ਫਿਰ ਚੁੱਪ ਈ ਵੱਟ ਗਿਆ? ਕਿਤੇ ਫੇਰ ਤਾਂ ਨ੍ਹੀ ਮਨ ਮੋੜ ਲਿਆ? ਮਨ ਬੜਾ ਸ਼ੈਤਾਨ ਹੁੰਦੈ!"

-"ਛਕਣਾ ਕਿੱਥੋਂ ਐਂ?"

-"ਜਿੱਥੋਂ ਮਰਜੀ ਹੋਇਆ! ਅੰਮ੍ਰਿਤ ਤਾਂ ਗੁਰੂ ਕਲਗੀਆਂ ਆਲ਼ੇ ਦਾ ਈ ਐ?"

-"ਆਪਾਂ ਇਉਂ ਕਰਦੇ ਐਂ! ਹਜੂਰ ਸਾਹਿਬ ਚੱਲਦੇ ਆਂ-ਨਾਲ਼ੇ ਦਰਸ਼ਣ ਕਰ ਆਵਾਂਗੇ-ਤੇ ਨਾਲ਼ੇ ਅੰਮ੍ਰਿਤਪਾਨ ਕਰ ਲਵਾਂਗੇ?"

-"ਇਹ ਵੀ ਠੀਕ ਐ! ਜਿਹੜੀ ਆਹ ਜੂਨ ਸੀ-ਉਹ ਤਾਂ ਔਖੀ ਸੌਖੀ ਭੋਗ ਲਈ-ਹੁਣ ਅੱਗਾ ਤਾਂ ਸਮਾਰੀਏ।"

-"ਗੁਰੂ ਵੱਲੋਂ ਤਾਂ ਸੱਚੇ ਹੋ ਜਾਈਏ? ਤੇ ਨਾਲ਼ੇ ਓਥੇ...!"

-"ਕੀ ਓਥੇ? ਤੂੰ ਚੁੱਪ ਜਿਆ ਕਾਹਤੋਂ ਕਰ ਗਿਆ...? ਬੋਲ ਤਾਂ ਸਈ ਕੁਛ!"

-"ਤੇ ਨਾਲ਼ੇ...ਓਥੇ ਆਪਾਂ ਆਨੰਦ ਕਾਰਜ ਕਰਲਾਂਗੇ?"

-"ਵੇ ਦੇਵ...! ਸੱਚ ਜਾਣੀਂ, ਤੂੰ ਤਾਂ ਮਸਤ ਬੋਤੇ ਮਾਂਗੂੰ ਬਾਹਲ਼ੇ ਰੰਗ ਰਾਗ ਬਦਲਦੈਂ! ਮੈਨੂੰ ਤਾਂ ਆਉਂਦੀ ਐ, ਸੰਗ!"

-"ਆਹੋ...! ਤੇਰੀ ਉਮਰ ਈ ਸੰਗਾਊਆਂ ਆਲ਼ੀ ਐ!"

-"ਵੇ ਤੂੰ ਹੁਣ ਚਾਹ ਪੀਣੀਂ ਐਂ? ਜਾਂ ਮੈਥੋਂ ਖੌਸੜੇ ਖਾਣੇ ਐਂ...? ਤੂੰ ਬੁੜ੍ਹਾ ਹੋ ਚੱਲਿਆ-ਪਰ ਤੇਰੀ ਲਿਵਤਰੇ ਖਾਣ ਦੀ ਆਦਤ ਨਾ ਗਈ?"

ਗੱਲਾਂ ਕਰਦਿਆਂ ਨੇ ਉਹਨਾਂ ਰੋਟੀ ਵੇਲ਼ਾ ਕਰ ਦਿੱਤਾ

ਸੁਖਦੇਵ ਰੋਟੀ ਲੈ ਕੇ ਆ ਗਿਆ

-"ਤੂੰ ਗਿਆ ਨ੍ਹੀ ਅੱਜ, ਨਿੱਕਿਆ?"

-"ਕਿੱਥੇ ਬਾਈ...?"

-"ਜਿੱਥੇ ਤੈਨੂੰ ਮੈਂ ਰਾਤ ਆਖਿਆ ਸੀ? ਰਮਣੀਕ ਕੋਲ਼ੇ?"

-"ਓਥੇ ਤੇਰੀ ਭਰਜਾਈ ਨੂੰ ਭੇਜਤਾ, ਮੈਂ! ਮੇਰਾ ਪਿੱਛੇ ਨ੍ਹੀ ਸਰਦਾ ਸੀ।"

-"ਆਪਾਂ ਪਰਸੋਂ ਹਜੂਰ ਸਾਹਿਬ ਜਾਣੈਂ! ਇਕ ਵੱਡੀ ਵੈਨ ਕਿਰਾਏ 'ਤੇ ਆਖ ਦੇਈਂ!"

-"ਉਹ ਤਾਂ ਮੈਂ ਆਪਣੇ ਪਿੰਡ ਆਲ਼ੇ ਫ਼ੌਜੀ ਨੂੰ ਈ ਆਖ ਦਿੰਨੈਂ! ਕਿੰਨੇ ਬੰਦੇ ਐ?"

-"ਬੰਦੇ ਆਪਾਂ ਕਿਹੜੇ ਐਂ? ਦੋ ਤੁਸੀਂ-ਇਕ ਪ੍ਰੀਤੋ ਤੇ ਰਮਣੀਕ! ਪੰਜ ਤਾਂ ਸਾਰੇ ਜਾਣੇ ਐਂ, ਆਪਾਂ? ਪੱਠਿਆਂ ਪੁੱਠਿਆਂ ਦਾ ਜੁਗਾੜ ਕਰ ਚੱਲੀਂ! ਦੋ ਚਾਰ ਦਿਨ ਲੱਗ ਜਾਣੇਂ ਐਂ ਆਪਾਂ ਨੂੰ!"

-"ਉਹ ਕੋਈ ਫਿਕਰ ਨ੍ਹੀ ਬਾਈ...! ਸੀਰੀ ਹੈਗਾ!"

-----

ਪੰਜਵੇਂ ਦਿਨ ਸਾਝਰੇ ਹੀ ਉਹ ਹਜੂਰ ਸਾਹਿਬ ਪਹੁੰਚ ਗਏਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਸਾਰੇ ਅਸਥਾਨਾਂ ਦੇ ਦਰਸ਼ਣ ਕੀਤੇਇਸ਼ਨਾਨ ਕੀਤਾਸਿਆਲ਼ਕੋਟ ਦੇ ਮੂਲ਼ੇ ਖੱਤਰੀ ਦੇ ਆਧਾਰ ਵਾਲ਼ੀ ਜਗਾਹ, ਸ਼ਿਕਾਰ ਘਾਟ ਦੇ ਦਰਸ਼ਣ ਕਰਕੇ ਸਾਰੇ ਹੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ਼ ਭਰ ਗਏਪ੍ਰੀਤੋ ਅਤੇ ਹਰਦੇਵ ਨੇ ਤਾਂ ਅੰਮ੍ਰਿਤਪਾਨ ਕਰਨਾ ਹੀ ਸੀਪਰ ਉਹਨਾਂ ਨੂੰ ਦੇਖ ਕੇ ਰਮਣੀਕ, ਸੁਖਦੇਵ ਅਤੇ ਉਸ ਦੀ ਘਰਵਾਲ਼ੀ ਨੇ ਵੀ ਅੰਮ੍ਰਿਤ ਛਕ ਲਿਆ ਅਤੇ ਸਾਰੇ ਗੁਰੂ ਵਾਲ਼ੇ ਬਣ ਗਏਸਾਰਿਆਂ ਦੀ ਸਹਿਮਤੀ ਨਾਲ਼ ਹੀ ਪ੍ਰੀਤੋ ਅਤੇ ਹਰਦੇਵ ਦਾ ਆਨੰਦ ਕਾਰਜ ਹੋ ਗਿਆ

-"ਲੈ ਪ੍ਰੀਤੋ...! ਅੱਜ ਤੋਂ ਤੇਰਾ ਤੇ ਮੇਰਾ ਆਹ ਪੁੱਤ ਐ, ਰਮਣੀਕ! ਟੇਕ ਗੁਰੂ ਮਹਾਰਾਜ ਅੱਗੇ ਮੱਥਾ! ਕਰ ਗੁਰੂ ਦਾ ਧੰਨਵਾਦ ਤੇ ਗੁਰੂ ਮਹਾਰਾਜ ਤੋਂ ਛੁੱਟੀਆਂ ਲਈਏ!" ਹਰਦੇਵ ਦੇ ਆਖਣ 'ਤੇ ਗੁਰੂ ਹਜੂਰੀ ਵਿਚ ਹੀ ਪ੍ਰੀਤੋ ਨੇ ਰਮਣੀਕ ਨੂੰ "ਆ ਮੇਰਾ ਪੁੱਤ...!" ਆਖ ਬੁੱਕਲ਼ ਵਿਚ ਲੈ ਲਿਆਉਹ ਗੁਰੂ ਦੁਆਰੇ ਆ ਕੇ ਜਿਵੇਂ ਸਾਰੀ ਦੀ ਸਾਰੀ ਭਰਪੂਰ ਹੋ ਗਈ ਸੀਕਿਸੇ ਗੱਲੋਂ ਊਣੀਂ ਨਹੀਂ ਰਹੀ ਸੀਗੁਰੂ ਮਹਾਰਾਜ ਨੇ ਉਸ ਨੂੰ ਸਾਰਾ ਕੁਝ ਹੀ ਤਾਂ ਬਖ਼ਸ਼ ਦਿੱਤਾ ਸੀ! ਉਹ ਸਾਰੇ 'ਅਧੂਰੇ' ਆਏ ਸਨ ਅਤੇ ਹੁਣ ਗੁਰੂ ਲੜ ਲੱਗ ਕੇ 'ਸੰਪੂਰਨ' ਹੋ ਚੱਲੇ ਸਨਹਰਦੇਵ ਅਤੇ ਪ੍ਰੀਤੋ 'ਦੋ ਮੂਰਤ' ਆਏ ਸਨ ਅਤੇ ਹਜੂਰ ਸਾਹਿਬ ਆ ਕੇ ਉਹ 'ਏਕ ਜੋਤਿ' ਬਣ ਚੱਲੇ ਸਨਗੁਰੂ ਨੇ ਉਹਨਾਂ ਨੂੰ ਪੁੱਤਰ ਰਮਣੀਕ ਵੀ ਬਖ਼ਸ਼ ਦਿੱਤਾ ਸੀਸਾਰੇ ਗੁਰੂ ਦਾ ਸ਼ੁਕਰਾਨਾ ਅਤੇ "ਸਤਿਨਾਮੁ - ਵਾਹਿਗੁਰੂ" ਦਾ ਜਾਪ ਕਰਦੇ ਪੰਜਾਬ ਵੱਲ ਨੂੰ ਤੁਰ ਪਏ...! ਜੀਵਨ ਦਾ ਸੰਕਟ ਦੌਰ ਖ਼ਤਮ ਹੋ ਗਿਆ ਸੀ...!

*******

-ਸਮਾਪਤ-


Friday, August 28, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 28

......ਹੁਣ ਹਰਦੇਵ ਕਿੰਨੇ ਜੁਗੜਿਆਂ ਬਾਅਦ ਪਿੰਡ ਆਇਆ ਸੀਬੇਬੇ ਮਰਨ ਤੋਂ ਬਾਅਦ ਜਦ ਉਹ ਵਾਪਸ ਗਿਆ ਸੀਤਾਂ ਉਸ ਨੇ ਮਨ ਵਿਚ ਇਹ ਹੀ ਧਾਰਿਆ ਸੀ ਕਿ ਉਹ ਇੰਗਲੈਂਡ ਦੀ ਧਰਤੀ 'ਤੇ ਨਹੀਂ ਰਹੇਗਾ ਅਤੇ ਨਾ ਹੀ ਹੋਰ ਵਿਆਹ ਕਰਵਾਵੇਗਾ! ਉਸ ਨੇ ਮਕਾਨ ਦੀਆਂ ਸਾਰੀਆਂ ਕਿਸ਼ਤਾਂ ਲਾਹ ਕੇ ਦੋ ਮਕਾਨ ਹੋਰ ਲੈ ਲਏ ਸਨ ਅਤੇ 'ਹੋਮ-ਸੀਕਰਜ਼' ਵਾਲ਼ਿਆਂ ਨੂੰ ਕਿਰਾਏ 'ਤੇ ਦੇ ਰੱਖੇ ਸਨਉਸ ਦੀ ਹੁਣ ਸਿਰਫ਼ ਇਹ ਹੀ ਖ਼ਾਹਿਸ਼ ਸੀ ਕਿ ਉਹ ਛੇ ਮਹੀਨੇ ਜਾਂ ਸਾਲ ਬਾਅਦ ਇੰਗਲੈਂਡ ਗੇੜਾ ਮਾਰਿਆ ਕਰੇਗਾ ਅਤੇ ਕਿਰਾਇਆ ਬਗੈਰਾ ਵਸੂਲ ਕਰਕੇ, ਦੋ ਤਿੰਨ ਮਹੀਨੇ ਗਰਮੀਆਂ ਦੇ ਕੱਢ ਕੇ ਫਿਰ ਆਪਣੇ ਦੇਸ਼ ਪਰਤ ਆਇਆ ਕਰੇਗਾਹੁਣ ਉਸ ਨੂੰ ਨਾ ਕਦੇ ਮੀਤੀ ਦੀ ਯਾਦ ਆਉਂਦੀ ਸੀ ਅਤੇ ਨਾ ਹੀ ਦੀਪ ਦੀ! ਉਹ ਸਿਰਫ਼ ਇਕੱਲਾ ਹੀ ਰਹਿਣਾ ਚਾਹੁੰਦਾ ਸੀ! ਜੰਗੀ ਜੀਵਨ ਤੋਂ ਉਸ ਦਾ ਮਨ ਉਚਾਟ ਹੋ ਗਿਆ ਸੀਹੁਣ ਉਹ ਸ਼ਾਂਤਮਈ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸੀਉਹ ਇਸ ਗੱਲੋਂ ਹੈਰਾਨ ਸੀ ਕਿ ਦੋ ਦਿਨ ਹੋ ਗਏ ਸਨ, ਉਸ ਨੂੰ ਪਿੰਡ ਆਇਆਂਪਰ ਉਸ ਦੇ ਛੋਟੇ ਭਰਾ ਸੁਖਦੇਵ ਨੇ ਗੇੜਾ ਨਹੀਂ ਮਾਰਿਆ ਸੀ? ਉਸ ਦਾ ਪਤਾ ਵੀ ਨਹੀਂ ਲਿਆ ਸੀ? ਚਾਹ ਪੀਣ ਸਾਰ ਹੀ ਉਹ ਸੁਖਦੇਵ ਦੇ ਖੇਤਾਂ ਵੱਲ ਨੂੰ ਹੋ ਤੁਰਿਆ

-----

ਜਦੋਂ ਉਸ ਨੇ ਸੁਖਦੇਵ ਦਾ ਖੇਤ ਦੇਖਿਆ ਤਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ ਸਨਉਸ ਦਾ ਮਨ ਖ਼ੁਸ਼ ਹੋ ਗਿਆ

-"ਸਾਸਰੀਕਾਲ ਬਾਈ ਜੀ...!" ਕਿਸੇ ਨੇ ਉਸ ਨੂੰ ਬੁਲਾਇਆਪਿੱਛੇ ਸੁਖਦੇਵ ਖੜ੍ਹਾ ਸੀਸੁਖਦੇਵ ਦੀ ਦਾਹੜੀ ਵਿਚੋਂ ਬੱਗੋਂ ਦੀ ਭਾਅ ਮਾਰ ਰਹੀ ਸੀਉਸ ਨੇ ਛੋਟੇ ਭਰਾ ਨੂੰ ਗਲਵਕੜੀ ਵਿਚ ਲੈ ਲਿਆਦੋਨਾਂ ਦੀਆਂ ਅੱਖਾਂ ਨਮ ਹੋ ਗਈਆਂਆਪਣਾ ਖ਼ੂਨ ਉਬਲ਼ ਪਿਆ ਸੀਸਾਰੇ ਗ਼ਿਲੇ ਸ਼ਿਕਵੇ ਖ਼ਤਮ ਹੋ ਗਏ ਸਨਸੁਖਦੇਵ ਉਸ ਨੂੰ ਘਰ ਲੈ ਗਿਆਛੋਟੀ ਭਰਜਾਈ ਨੇ ਜੇਠ ਦਾ ਅਦਬ ਕੀਤਾਪੈਰੀਂ ਹੱਥ ਲਾਏਚਾਹ ਪਾਣੀ ਪੀਤਾ ਗਿਆਹਰਦੇਵ ਉਠ ਕੇ ਵਿਹੜੇ ਵੱਲ ਦੇਖਣ ਲੱਗ ਪਿਆ

-"ਕੀ ਦੇਖਦੈਂ ਬਾਈ...?" ਸੁਖਦੇਵ ਨੇ ਉਸ ਨੂੰ ਵਿਅੰਗ ਜਿਹੇ ਨਾਲ਼ ਪੁੱਛਿਆ

-"ਮੈਨੂੰ ਲੱਗਦੈ...? ਬਈ ਜਿਹੜੀ ਗੱਲ ਮੈਂ ਤੈਨੂੰ ਆਖ ਕੇ ਗਿਆ ਸੀ-ਉਹਦੇ 'ਤੇ ਤੂੰ ਕੋਈ ਗੌਰ ਨ੍ਹੀ ਕੀਤਾ!"

-"ਕੀਤਾ ਕਿਉਂ ਨ੍ਹੀ ਬਾਈ...? ਮੈਂ ਚੱਕਤੇ ਫ਼ੱਟੇ! ਉੜਾਤੇ ਪੱਚਰੇ!"

-"ਫੇਰ ਵਿਹੜਾ ਸੁੰਨਾਂ ਸੁੰਨਾਂ ਕਿਉਂ ਲੱਗਦੈ?"

-"ਤੇਰੇ ਸੁੱਖ ਨਾਲ਼ ਦੋ ਭਤੀਜੇ ਐ-ਦੋਨੋਂ ਈ ਨਾਨਕੀਂ ਪੜ੍ਹਦੇ ਐ...! ਐਥੇ ਪਿੰਡਾਂ 'ਚ ਸਕੂਲਾਂ ਦਾ ਬਾਈ ਤੈਨੂੰ ਪਤਾ ਈ ਐ? ਮਾਸਟਰ ਘੱਟ ਵੱਧ ਈ ਪੜ੍ਹਾਉਂਦੇ ਐ-ਇਸ ਕਰਕੇ ਨਾਨਕੀਂ ਪੜ੍ਹਨ ਲਾ ਦਿੱਤੇ!"

-"ਕਿੰਨਵੀਂ 'ਚ ਪੜ੍ਹਦੇ ਐ...?" ਹਰਦੇਵ ਦੁੱਗਣਾ ਹੋ ਗਿਆ

-"ਇਕ ਨੇ ਦਸਵੀਂ ਕਰ ਲਈ-ਕਾਲਜ 'ਚ ਪੜ੍ਹਦੈ! ਤੇ ਦੂਜਾ ਅੱਜ ਕੱਲ੍ਹ 'ਚ ਦਸਵੀਂ ਕਰਜੂ!"

-"ਵਾਹ ਜੀ ਵਾਹ...! ਤੂੰ ਕੀਤੀ ਐ ਮੇਰੇ ਦਿਲ ਦੀ ਗੱਲ ਪੂਰੀ-ਤੂੰ ਇਉਂ ਕਰ! ਤੂੰ ਹੁਣ ਜਾਹ ਤੇ ਮੈਨੂੰ 'ਕੱਲੀ ਭਰਜਾਈ ਨਾਲ਼ ਗੱਲ ਕਰਨ ਦੇ।" ਉਸ ਦਾ ਸੇਰ ਖ਼ੂਨ ਵਧ ਗਿਆ ਸੀ

-"ਦੇਖੀਂ ਬਾਈ...! ਕਿਤੇ ਮੇਰੀ ਖੇਡ ਜੀ ਵੀ ਖਰਾਬ ਕਰਦੇਂ?"

-"ਮੈਂ ਦੋ ਮਾਰੂੰ ਟੋਟਣ 'ਚ! ਵਗ ਜਾਹ ਏਥੋਂ...!"

-"ਚੰਗਾ ਬਈ...! ਸਾਡਾ ਜੇਠ ਭਰਜਾਈ ਮੂਹਰੇ ਕੀ ਜੋਰ...? ਸਾਡਾ ਕਿਹੜਾ ਜੋਰ ਮਾਮੀਏਂ? ਉਏ ਆ ਜਾਹ ਉਰ੍ਹੇ, ਕੰਜਰ ਦੀਏ...! ਨਹੀਂ ਤਾਂ ਵੱਡਾ ਬਾਈ ਭੂਸਰ ਜੂ! ਸੁਣ ਲੈ ਆ ਕੇ ਇਹਦੀ ਗੱਲ! ਪਰ ਬਚ ਕੇ ਰਹੀਂ...! ਜਿਵੇਂ ਗਾਉਣ ਆਲ਼ੇ ਗਾਉਂਦੇ ਹੁੰਦੇ ਐ: ਰਹੀਂ ਬਚ ਕੇ ਹਾਨਣੇਂ-ਹੋਰ ਨਾ ਚੜ੍ਹਾ ਦੇਵੀਂ ਕੋਈ ਚੰਦ ਨ੍ਹੀ...! ਚੇਤੇ ਰੱਖੀਂ, ਜੇਠ ਅੱਗੋਂ ਤੇ ਬੋਤਾ ਪਿੱਛੋਂ ਧਾਰ ਮਾਰਦੇ ਐ!"

-"ਉਏ ਤੂੰ ਹਟਦਾ ਨ੍ਹੀ ਬਕਵਾਸ ਕਰਨੋ? ਹੁਣ ਮੇਰੀ ਕੋਈ ਉਮਰ ਐ...? ਨਾ ਬੇਸ਼ਰਮੀਂ ਦੇਹ ਬਾਈ ਨੂੰ!"

-"ਬਾਈ, ਬੰਦਾ ਤੇ ਘੋੜਾ ਕਦੇ ਬੁੱਢੇ ਨ੍ਹੀ ਹੁੰਦੇ! ਖ਼ੁਰਾਕਾਂ ਮਿਲਣੀਆਂ ਚਾਹੀਦੀਐਂ! ਨਾਲ਼ੇ ਪੁਰਾਣੀ ਨਸਲ ਰੱਖਣ ਲਈ ਤਾਂ ਅਗਲੇ ਘੋੜ੍ਹੀ ਸੌ ਕੋਹ ਤੋਂ ਨਵੇਂ ਦੁੱਧ ਕਰਵਾ ਕੇ ਲਿਆਉਂਦੇ ਐ!"

-"ਖੜ੍ਹਜਾ, ਤੇਰੀ ਕੁੱਤੇ ਦੀ...! ਟਿੱਚਰਾਂ ਕਰਨ ਲੱਗਿਆ ਅੱਗਾ ਪਿੱਛਾ ਵੀ ਨ੍ਹੀ ਦੇਖਦਾ, ਬੇਸ਼ਰਮ ਬੰਦਾ! ਆ ਜਾਹ ਭਰਜਾਈ-ਆ ਜਾਹ! ਤੂੰ ਤਾਂ ਮੇਰੇ ਬੱਚਿਆਂ ਅਰਗੀ ਐਂ! ਇਹ ਤਾਂ ਐਵੇਂ ਭੌਂਕੀ ਜਾਂਦੈ, ਚੌਰਾ...!"

ਭਰਜਾਈ ਵੀ ਸੀਲ ਕੁੱਕੜ ਵਾਂਗ ਕੋਲ਼ ਆ ਕੇ ਬੈਠ ਗਈ

-"ਗੱਲ ਭਰਜਾਈ ਜੀ ਇਹ ਐ! ਬਈ ਮੇਰੇ ਹਾਲਾਤਾਂ ਬਾਰੇ ਤਾਂ ਤੈਨੂੰ ਪਤਾ ਈ ਐ? ਨਾ ਮੇਰੇ ਕੋਈ ਰੰਨ-ਤੇ ਨਾ ਕੰਨ!"

-"ਕਿਹੜੀ ਗੱਲ ਕਰਤੀ ਭਾਈ ਜੀ, ਤੁਸੀਂ? ਆਹ ਸਾਰਾ ਕੁਛ ਥੋਡਾ ਈ ਐ!" ਉਸ ਨੇ ਰਵਾਇਤੀ ਜਿਹੀ ਗੱਲ ਕਰ ਦਿੱਤੀਉਹ ਸੁਭਾਅ ਦੀ ਸਿੱਧੀ ਜਿਹੀ ਔਰਤ ਸੀ

-"ਹੈ ਤਾਂ ਸਾਰਾ ਕੁਛ ਮੇਰਾ...! ਮੇਰਾ ਤੇ ਸੁਖਦੇਵ ਦਾ ਕੁਛ ਵੰਡਿਆ ਨ੍ਹੀ! ਪਰ ਇਕ ਗੱਲ ਕਹਿਣ ਲੱਗਿਐਂ-ਤੁਸੀਂ ਮਾੜੇ ਜੇ ਕਰੜੇ ਹੋਜੋ!"

-"ਬੋਲੋ ਭਾਈ ਜੀ...? ਥੋਡੀ ਖਾਤਰ ਤਾਂ ਸਾਡੀ ਜਾਨ ਵੀ ਹਾਜਰ ਐ!"

-"ਉਏ ਗੱਲ ਬੋਚ ਕੇ ਮੂੰਹ 'ਚੋਂ ਕੱਢੀਦੀ ਐ! ਫੇਰ ਵੀ ਤੇਰਾ ਜੇਠ ਐ! ਜੇਠ ਤੇ ਬਿੱਲੇ 'ਤੇ ਕਦੇ ਇਤਬਾਰ ਨਾ ਕਰੀਏ! ਇਹ ਖਾਂਦੇ ਘੱਟ ਡੋਲ੍ਹਦੇ ਜਿਆਦੇ ਐ! ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ-ਬਾਅਦ 'ਚ ਪਤਾ ਲੱਗਦੈ!" ਅੰਦਰੋਂ ਸੁਖਦੇਵ ਬੋਲਿਆ

-"ਉਏ ਕੁੱਤਿਆ...! ਤੂੰ ਸਾਡੀਆਂ ਗੱਲਾਂ ਸੁਣੀਂ ਜਾਨੈਂ, ਉਏ?"

-"ਬਾਈ ਜੀ ਗਲਤੀ ਹੋਗੀ...! ਮੁਆਫ਼ ਕਰ ਦਿਓ! ਮੈਂ ਤਾਂ ਬੱਸ ਆਬਦੇ ਘਰਆਲੀ ਨੂੰ ਮੱਤ ਈ ਦਿੰਦਾ ਸੀ-ਬਈ ਕਿਤੇ ਜੇਠ ਭਰਜਾਈ ਦੀ ਰਜਿਸਟਰੀ ਨਾ ਕਰਾ ਕੇ ਲੈਜੇ!"

-"ਭਰਜਾਈ...! ਤੂੰ ਇਹਨੂੰ ਭੌਂਕੀ ਜਾਣਦੇ! ਮੇਰੀ ਗੱਲ ਸੁਣ ਧਿਆਨ ਨਾਲ਼!"

-"ਹਾਂ ਜੀ...!"

-"ਲੈ ਬਈ ਹੁਣ ਨਾ ਬੋਲੀਂ...! ਨਹੀਂ ਜੁੱਤੀ ਸਿਰ 'ਚ ਆਊ! ਭਰਜਾਈ, ਇਹਨੂੰ ਛਿੱਤਰ ਖਾਣ ਦੀ ਪੁਰਾਣੀਂ ਬਾਣ ਐਂ!"

-"ਨਹੀਂ ਬੋਲਦਾ ਜੀ...! ਮਾੜੀ ਬਾਣ ਐਂ!"

-"ਗੱਲ ਭਰਜਾਈ ਇਹ ਐ! ਬਈ ਜਿਹੜੇ ਪੁੱਤ ਨੇ ਦਸਵੀਂ ਕਰ ਲਈ ਐ-ਉਹਨੂੰ ਮੈਂ ਅਡੌਪਟ ਕਰ ਕੇ ਇੰਗਲੈਂਡ ਲੈ ਜਾਨੈਂ-ਆਪੇ ਉਥੇ ਮੇਰੇ ਖਰਚੇ 'ਤੇ ਪੜ੍ਹੀ ਜਾਊ! ਤੈਨੂੰ ਮਨਜ਼ੂਰ ਐ...?"

-"ਕੀ ਕਰਕੇ ਜੀ...?" ਭਰਜਾਈ ਦੇ 'ਅਡੌਪਟ' ਸ਼ਬਦ ਜਹਾਜ ਵਾਂਗ ਸਿਰ ਤੋਂ ਦੀ ਲੰਘ ਗਿਆ ਸੀ

-"ਮੇਰਾ ਮਤਲਬ ਗੋਦ ਲੈ ਕੇ...! ਪੁੱਤ ਤਾਂ ਉਹਨੇ ਥੋਡਾ ਈ ਰਹਿਣੈਂ! ਪਰ ਇੰਗਲੈਂਡ 'ਚ ਪੜ੍ਹ ਕੇ ਉਹਦੀ ਜ਼ਿੰਦਗੀ ਬਣ ਜਾਊ!"

-"ਸਾਡਾ ਪੁੱਤ ਕਾਹਤੋਂ ਰਹਿਣੈਂ ਜੀ? ਥੋਡਾ ਕਿਤੇ ਕੁਛ ਲੱਗਦਾ ਨ੍ਹੀ...? ਤੁਸੀਂ ਆਬਦੇ ਆਲ਼ੇ ਭਰਾ ਨਾਲ਼ ਗੱਲ ਕਰ ਲਵੋ! ਮੈਨੂੰ ਕੋਈ ਇਤਰਾਜ਼ ਨਹੀਂ!"

-"ਉਏ ਇਹਤੋਂ ਗਰੜਪੌਂਕ ਤੋਂ ਕੀ ਪੁੱਛਣੈਂ? ਇਹਨੂੰ ਤਾਂ ਮੈਂ ਕੁੱਟਦਾ ਰਿਹੈਂ! ਬੱਸ ਤੇਰੀ ਹਾਂ ਚਾਹੀਦੀ ਐ!"

-"ਇਹ ਹਾਂ ਤਾਂ ਹੋਜੂ! ਪਰ ਹੋਰ ਕਾਸੇ ਨੂੰ ਹਾਂ ਨਾ ਕਰਵਾਉਣ ਲੱਗਪੇ?"

-"ਠਹਿਰ ਜਾਹ...! ਤੂੰ ਮੇਰੇ ਬੁੜ੍ਹੇ ਦੀ ਵੀ ਲਿਹਾਜ ਨ੍ਹੀ ਕਰਦਾ, ਪੋਪਲ਼ਾ?" ਉਸ ਨੇ ਜੁੱਤੀ ਲਾਹ ਲਈ

-"ਮੈਂ ਤਾਂ ਬਾਈ ਜੀ ਹੱਸਦਾ ਸੀ! ਜਿਵੇਂ ਤੇਰੀ ਮਰਜੀ ਐ-ਉਵੇਂ ਈ ਹੋਊ...! ਸਾਨੂੰ ਪੁੱਛਣ ਦੀ ਜਮਾਂ ਜ਼ਰੂਰਤ ਨ੍ਹੀ! ਜਿਵੇਂ ਤੇਰੀ ਮਰਜ਼ੀ ਐ-ਪੰਜ ਕਰ ਪੰਜਾਹ ਕਰ! ਦੋਵੇਂ ਪੁੱਤ ਤੇਰੇ ਐ-ਜਿਹੜੇ 'ਤੇ ਮਰਜੀ ਐ ਹੱਥ ਧਰਦੇ!"

ਹਰਦੇਵ ਬੇਫਿਕਰ ਹੋ ਗਿਆ

-"ਚੰਗਾ! ਜਿੱਦੇਂ ਉਹਨੂੰ ਛੁੱਟੀ ਹੋਈ-ਉਹਨੂੰ ਬੁਲਾ ਕੇ ਮੇਰੇ ਕੋਲ਼ੇ ਭੇਜੀਂ! ਕਾਗਜ ਪੱਤਰ ਤਿਆਰ ਕਰੀਏ!"

ਉਹ ਰੋਟੀ ਖਾ ਕੇ ਘਰੇ ਆ ਗਿਆਰੋਟੀ ਖਾ ਕੇ ਸੁਸਤੀ ਪੈ ਗਈ ਸੀਉਹ ਮੰਜੇ 'ਤੇ ਲੇਟ ਗਿਆ

ਸ਼ਾਮ ਨੂੰ ਕਿਸੇ ਤਿੱਖੀ ਜਿਹੀ ਅਵਾਜ਼ ਨੇ ਹਰਦੇਵ ਦੀ ਅੱਖ ਖੋਲ੍ਹੀਉਹ ਇਕ ਤਰ੍ਹਾਂ ਨਾਲ਼ ਘੋੜੇ ਵੇਚ ਕੇ ਸੁੱਤਾ ਹੋਇਆ ਸੀਸਾਰੇ ਸੰਸੇ ਨਵਿਰਤ ਹੋ ਗਏ ਸਨਹੁਣ ਉਹ ਇਕ ਤਰ੍ਹਾਂ ਨਾਲ਼ ਅਜ਼ਾਦ ਸੀ

-"ਵੇ ਮੈਖਿਆ ਦੇਵ ਘਰੇ ਈ ਐਂ...?" ਆਵਾਜ਼ ਫਿਰ ਆਈ

-"......।" ਉਹ ਦੁਬਿਧਾ ਜਿਹੀ ਵਿਚ ਪੈ ਗਿਆਇਹ 'ਦੇਵ' ਆਖਣ ਵਾਲ਼ੀ ਕੌਣ ਹੋਈ? 'ਦੇਵ' ਉਸ ਨੂੰ ਕਿਸੇ ਨੇ ਜੁੱਗੜਿਆਂ ਬਾਅਦ ਆਖਿਆ ਸੀ! ਉਹ ਜਾਗੋ-ਮੀਟੀ ਜਿਹੀ ਵਿਚ ਉਠ ਕੇ ਬੈਠ ਗਿਆ

-"ਵੇ ਬੋਲਦਾ ਈ ਨ੍ਹੀ...? ਕਿੰਨੀਆਂ ਹਾਕਾਂ ਮਾਰੀਐਂ ਮੈਂ?" ਇਕ ਅੱਧਖੜ੍ਹ ਜਿਹੀ ਔਰਤ ਅੰਦਰ ਆਉਂਦੀ ਬੋਲੀਨੈਣ ਨਕਸ਼ ਚਾਹੇ ਮੁਰਝਾ ਚੱਲੇ ਸਨਪਰ ਜੁਆਨੀ ਵਾਲ਼ਾ ਸੁਹੱਪਣ ਅਜੇ ਵੀ ਪਰਦੇ ਪਿੱਛੋਂ ਗਵਾਹੀ ਭਰਦਾ ਸੀਚਾਹੇ ਮਾਸ ਢਿਲ਼ਕ ਚੱਲਿਆ ਸੀਪਰ ਸੰਧੂਰੀ ਗੱਲ੍ਹਾਂ ਅਜੇ ਵੀ ਨਿਰਲੇਪ ਭਾਅ ਮਾਰਦੀਆਂ ਸਨਜੁਆਨੀ ਵਾਲ਼ੀ ਤੋਰ ਵਿਚ ਅਜੇ ਵੀ ਮੋਰ ਪੈਹਲ ਪਾਉਂਦਾ ਸੀਚਾਹੇ ਜੋਬਨ ਜਾਣ ਲਈ ਦਰਵਾਜੇ 'ਤੇ ਖੜ੍ਹਾ ਸੀਪਰ ਮੜਕ ਆਪਣੀ ਰੰਗਤਾ ਅਜੇ ਵੀ ਦਰਸਾ ਰਹੀ ਸੀਉਸ ਨੂੰ ਦੇਖਣ ਪਰਖਣ ਤੋਂ ਲੱਗਦਾ ਸੀ ਕਿ ਜੁਆਨੀ ਵੇਲੇ ਨਖਰਾ ਦੁਹਾਈ ਸੀਪਰ ਉਹ ਹਰਦੇਵ ਦੀ ਪਛਾਣ 'ਚ ਨਹੀਂ ਆ ਰਹੀ ਸੀ!

-"ਵੇ ਪਛਾਣਿਆਂ ਨ੍ਹੀ? ਮੈਂ ਪ੍ਰੀਤੋ ਐਂ, ਪ੍ਰੀਤੋ! ਬੰਤ ਸਿਉਂ ਕੀ...!" ਉਸ ਨੇ ਦੱਸਿਆ

-"ਅੱਛਾ...! ਪ੍ਰੀਤੋ...? ਉਹ ਹਾਂ...! ਪ੍ਰੀਤੋ ਮਾਫ਼ ਈ ਕਰੀਂ ਬਈ ਮੈਨੂੰ...! ਮੈਂ ਤੈਨੂੰ ਸੱਚੀਂ ਨ੍ਹੀ ਪਛਾਣਿਆਂ!"

-"ਵੇ ਦੇਵ...! ਪਛਾਣੇਂ ਵੀ ਕਿਵੇਂ? ਮੁੱਦਤਾਂ ਤਾਂ ਹੋਗੀਆਂ ਆਪਾਂ ਨੂੰ ਦੇਖਿਆਂ ਨੂੰ! ਜੇ ਤੂੰ ਆਉਂਦਾ ਸੀ-ਮੈਂ ਨ੍ਹੀ ਸੀ ਐਥੇ ਹੁੰਦੀ-ਜਦੋਂ ਮੈਂ ਆਉਂਦੀ ਸੀ-ਓਦੋਂ ਨੂੰ ਤੂੰ ਵਗ ਜਾਂਦਾ ਸੀ-ਮੈਨੂੰ ਤਾਂ ਆਂਢ ਗੁਆਂਢ ਆਲ਼ੇ ਇਉਂ ਈ ਦੱਸਦੇ ਸੀ-ਬਈ ਦੇਵ ਆਇਆ ਸੀ ਤੇ ਚਲਿਆ ਗਿਆ! ਵੇ ਦੇਵ, ਸਹੁੰ ਵੱਡੇ ਮਹਾਰਾਜ ਦੀ! ਤੈਨੂੰ ਮਿਲਣ ਨੂੰ ਬਾਹਲ਼ਾ ਈ ਦਿਲ ਕਰਦਾ ਸੀ! ਤੇਰੇ ਨਾਲ਼ ਗੱਲਾਂ ਕਰਨ ਨੂੰ ਤਾਂ ਮੇਰਾ ਮਨ ਮੱਚਿਆ ਪਿਆ ਸੀ, ਸੱਚ ਜਾਣੀਂ!" ਉਸ ਦਾ ਮਨ ਭਰ ਆਇਆ ਅਤੇ ਕੋਸੇ ਕੋਸੇ ਹੰਝੂ ਮੋਤੀਆਂ ਵਾਂਗ ਗੱਲ੍ਹਾਂ 'ਤੇ ਕਿਰਨ ਲੱਗ ਪਏ

-"ਪ੍ਰੀਤੋ...! ਰੋ ਨਾ! ਮੇਰਾ ਮਨ ਵੀ ਖਰਾਬ ਹੁੰਦੈ! ਤੇਰੀ ਸਾਰੀ ਘਾਣੀਂ ਦਾ ਈ ਮੈਨੂੰ ਪਤੈ! ਜਿੰਨਾ ਕਹਿਰ ਤੇਰੇ 'ਤੇ ਬੀਤਿਐ - ਉਸ ਤੋਂ ਕਿਤੇ ਜਿਆਦਾ ਸੰਤਾਪ ਮੈਂ ਭੋਗਿਐ! ਸੱਚ ਮੰਨੀਂ, ਮੈਂ ਤੈਨੂੰ ਐਤਕੀਂ ਜਰੂਰ ਮਿਲਣਾ ਆਉਣਾ ਸੀ-ਚਾਹੇ ਮੈਨੂੰ ਤੇਰੇ ਸਹੁਰੀਂ ਕਿਉਂ ਨਾ ਆਉਣਾ ਪੈਂਦਾ!"

-"ਵੇ ਕਾਹਦੇ ਸਹੁਰੇ ਤੇ ਕਾਹਦੇ ਪੇਕੇ, ਦੇਵ...? ਮੈਂ ਤਾਂ ਸਾਰੇ ਪਾਸਿਆਂ ਤੋਂ ਭੁੱਜੀ ਪਈ ਆਂ!" ਉਸ ਦੇ ਅੰਦਰਲਾ ਹੜ੍ਹ ਹੋਰ ਉਛਲ਼ ਪਿਆਰੋਂਦੀ ਪ੍ਰੀਤੋ ਦੀ ਹਾਲਤ ਹਰਦੇਵ ਤੋਂ ਜਰੀ ਨਾ ਗਈ

-"ਸੱਚ ਜਾਣੀਂ! ਸਹੁੰ ਮਹਾਰਾਜ ਦੀ-ਕਦੇ ਕਿਸੇ ਕੋਲ਼ੇ ਅੱਖ 'ਚੋਂ ਹੰਝੂ ਨ੍ਹੀ ਸੀ ਕੇਰਿਆ-ਅੱਜ ਤੈਨੂੰ ਮਿਲ਼ ਕੇ ਪਤਾ ਨ੍ਹੀ ਇਹ ਨਿਪੁੱਤਾ ਕਿੱਥੋਂ ਨਿਕਲ਼ ਆਇਆ? ਦੇਵ, ਸਾਰੀ ਜਿੰਦੜੀ ਹਾਉਕੇ ਭਰਦੀ ਦੀ ਨਿਕਲ਼ ਗਈ-ਕੋਈ ਦਿਨ ਵੀ ਸੁਖ ਦਾ ਨ੍ਹੀ ਦੇਖਿਆ-ਬੰਦਾ ਸੀ ਆਬਦਾ-ਚਾਹੇ ਸ਼ਰਾਬੀ ਸੀ ਚਾਹੇ ਕਬਾਬੀ ਸੀ-ਉਹ ਵੀ ਮੁੱਕ ਗਿਆ-ਉਹ ਵੀ ਨ੍ਹੀ ਰਿਹਾ! ਫੇਰ ਰੱਬ ਨੇ ਇਕ ਧੀ ਦਿੱਤੀ-ਇਲਾਜ ਖੁਣੋਂ ਵਿਚਾਰੀ ਉਹ ਤੁਰਗੀ! ਮੇਰੇ ਤਾਂ ਦੇਵ, ਉਹਦੀ ਭੋਲ਼ੀ ਜੀ ਸੂਰਤ ਸਿਲ਼ਤ ਮਾਂਗੂੰ ਦਿਲ 'ਚ ਵੜੀ ਪਈ ਐ-ਸੱਚ ਜਾਣੀਂ, ਡੁੱਬੜੀ ਜਮਾਂ ਨ੍ਹੀ ਭੁੱਲਦੀ!" ਪ੍ਰੀਤੋ ਦੇ ਗ਼ਮ ਦਾ ਉਬਾਲ਼ ਅੱਖਾਂ ਰਸਤੇ ਚੋਈ ਜਾ ਰਿਹਾ ਸੀ

-----

ਹਰਦੇਵ ਨੇ ਪ੍ਰੀਤੋ ਨੂੰ ਬੜੀ ਗਹੁ ਨਾਲ਼, ਧੁਰ ਤੱਕ ਤੱਕਿਆਅੱਜ ਤੋਂ ਪੱਚੀ ਸਾਲ ਪਹਿਲਾਂ ਵਾਲ਼ੀ ਪ੍ਰੀਤੋ ਤਾਂ ਉਹ ਖ਼ੈਰ ਨਹੀਂ ਸੀਪਰ ਉਸ ਦੀਆਂ ਅੱਖਾਂ ਜ਼ਰੂਰ 'ਦੇਵ-ਦੇਵ' ਪੁਕਾਰਦੀਆਂ ਸਨਸਰੀਰ ਥੋੜਾ ਭਾਰੀ ਹੋ ਗਿਆ ਸੀਪਹਿਲਾਂ ਵਾਲ਼ੀ ਮੜਕ ਹੁਣ ਕਿੱਥੇ ਰਹਿਣੀ ਸੀ? ਪਰ ਫਿਰ ਵੀ ਪ੍ਰੀਤੋ ਹਰਦੇਵ ਨੂੰ ਬੜੀ ਆਪਣੀ-ਆਪਣੀ ਜਿਹੀ ਲੱਗ ਰਹੀ ਸੀਉਦੋਂ ਜੁਆਨੀ ਦਾ ਗੇੜ ਸੀਹੁਣ ਹਰਦੇਵ ਉਸ ਨਾਲ਼ ਖੁੱਲ੍ਹ ਕੇ ਗੱਲ ਕਰਨ ਤੋਂ ਜਕ ਰਿਹਾ ਸੀਸੰਕੋਚ ਕਰ ਰਿਹਾ ਸੀਪਹਿਲਾ ਪਹਿਲਾ ਪਿਆਰ ਬੰਦਾ ਜ਼ਿੰਦਗੀ ਵਿਚ ਕਦੇ ਨਹੀਂ ਭੁਲਾ ਸਕਦਾਇਹੀ ਹਾਲਤ ਹਰਦੇਵ ਦੀ ਹੋਈ ਪਈ ਸੀ! ਪ੍ਰੀਤੋ ਦੀ ਅੰਦਰੂਨੀ ਹਾਲਤ ਕੀ ਸੀ? ਇਹ ਹਰਦੇਵ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ

-"ਹੁਣ ਸਹੁਰੀਂ ਰਹਿੰਨੀ ਐ ਕਿ ਐਥੇ, ਪੇਕੀਂ?" ਹਰਦੇਵ ਨੇ ਉਸ ਦਾ ਦਿਲ ਫਰੋਲ਼ਣ ਲਈ ਪੁੱਛ ਹੀ ਲਿਆ

-"ਵੇ ਕਾਹਦੇ ਸਹੁਰੇ ਪੇਕੇ ਐ, ਹਰਦੇਵ? ਮੈਂ ਤਾਂ ਹੁਣ ਦੋ ਰੋਟੀਆਂ ਦੀ ਭਾਈਵਾਲ਼ ਐਂ! ਜਿੱਥੇ ਮਿਲ਼ ਜਾਂਦੀਐਂ-ਖਾ ਲੈਨੀਂ ਐਂ-ਮੇਰੀ ਤਾਂ ਫਕੀਰਾਂ ਆਲ਼ੀ ਹਾਲਤ ਹੋਈ ਪਈ ਐ! ਆਹ ਆਪਣਾ ਸਾਰਾ ਪਿੰਡ ਵੀ ਸਤਜੁਗੀ ਐ-ਜੀਹਦੇ ਘਰੇ ਮਰਜੀ ਐ, ਜਾ ਵੜਾਂ! ਕਿਸੇ ਨੇ ਕਦੇ ਜਿਉਣ ਜੋਕਰੇ ਨੇ ਮੱਥੇ ਵੱਟ ਨ੍ਹੀ ਪਾਇਆ-ਚਾਹੇ ਇਹ ਮੇਰਾ ਆਬਦਾ ਅਸਲੀ ਪਿੰਡ ਨ੍ਹੀ-ਪਰ ਫੇਰ ਵੀ ਮੈਨੂੰ ਕਦੇ ਬਿਗਾਨਾ ਪਿੰਡ ਨ੍ਹੀ ਲੱਗਿਆ-ਸਾਰੇ ਈ ਸਤਜੁਗੀ ਲੋਕ ਵਸਦੇ ਐ ਦੇਵ ਐਸ ਪਿੰਡ 'ਚ ਤਾਂ, ਸੱਚ ਜਾਣੀਂ!"

ਉਹ ਆਥਣ ਤੱਕ ਦੁਖਦੀਆਂ ਸੁਖਦੀਆਂ ਗੱਲਾਂ ਕਰਦੇ ਰਹੇਇਕ ਦੂਜੇ ਦੇ ਦੁੱਖ ਵੰਡਾਉਂਦੇ ਰਹੇਫ਼ੱਟਾਂ 'ਤੇ ਮੱਲ੍ਹਮ ਲਾਉਂਦੇ ਰਹੇਦੋ ਦੁਖਿਆਰੇ ਇਕ ਦੂਜੇ ਲਈ ਹਮਦਰਦ ਹੀ ਤਾਂ ਬਣੇ ਬੈਠੇ ਸਨਹਰਦੇਵ ਕੋਈ ਗੱਲ ਕਰਨੀ ਚਾਹੁੰਦਾ ਸੀਪਰ ਗੱਲ ਉਸ ਦੇ ਮੂੰਹ 'ਤੇ ਆ ਕੇ ਮਰ ਜਾਂਦੀ ਸੀ

-"ਪ੍ਰੀਤੋ! ਇਕ ਗੱਲ ਦੀ ਸਮਝ ਨ੍ਹੀ ਆਉਂਦੀ।" ਹਰਦੇਵ ਬੋਲਿਆ

-"ਕਿਹੜੀ ਦੀ...?"

-"ਬਈ ਦੁਨੀਆਂ ਐਨੀ ਬੇਕਿਰਕ ਕਿਉਂ ਐਂ?"

-"ਵੇ ਦੇਵ! ਇਹ ਤਾਂ ਰੱਬ ਜਾਣੇ...! ਪਤਾ ਨ੍ਹੀ ਬੰਦਾ ਬੰਦੇ ਨੂੰ ਐਨਾ ਦੁਖੀ ਕਰਕੇ ਕਿਵੇਂ ਸੁਖ ਦੀ ਨੀਂਦ ਸੌਂ ਜਾਂਦੈ?"

-"ਸੁਖੀ ਬੰਦਾ ਵੀ ਨ੍ਹੀ ਰਹਿੰਦਾ...! ਮਾੜੇ ਕੀਤੇ ਕਰਮ ਈ ਤਾਂ ਭੁਗਤੀ ਜਾਨੇ ਐਂ! ਸਭ ਐਥੇ ਈ ਭੁਗਤ ਜਾਂਦੇ ਐ! ਅੱਗੇ ਨਰਕ ਸੁਰਗ ਕੋਈ ਨ੍ਹੀ! ਸਾਰਾ ਕੁਛ ਐਥੇ ਈ ਐ! ਨਰਕ ਦਾ ਬੰਦੇ ਨੂੰ ਡਰ ਦਿੱਤਾ ਹੋਇਐ, ਤੇ ਸੁਰਗ ਦਾ ਲਾਲਚ!"

-"ਮੈਂ ਤਾਂ ਸਾਰੀ ਉਮਰ ਨਰਕ ਈ ਭੋਗਿਐ, ਦੇਵ! ਨਾਲ਼ੇ ਕਿਸੇ ਦਾ ਕਦੇ ਦਿਲ ਨ੍ਹੀ ਸੀ ਦੁਖੀ ਕੀਤਾ...! ਸੱਚ ਜਾਣੀਂ, ਮੈਂ ਤਾਂ ਸਾਰੀ ਉਮਰ ਮੱਚਦੇ ਤਵੇ 'ਤੇ ਪਈ ਨੇ ਈ ਕੱਢੀ ਐ-ਜੇ ਆਹ ਪਿੰਡ ਆਲ਼ੇ ਮੇਰੇ ਮੱਦਤਗਾਰ ਨਾ ਹੁੰਦੇ-ਹੁਣ ਨੂੰ ਤਾਂ ਮੇਰੇ ਫ਼ੁੱਲ ਪਏ ਹੋਣੇ ਸੀ! ਜਿਉਣਾ ਵੀ ਕਾਹਦੇ ਆਸਰੇ? ਨਾ ਧੀ, ਨਾ ਪੁੱਤ! ਨਾਂ ਆਬਦਾ ਬੰਦਾ? ਉਹ ਜਾਣੇਂ! ਓਸ ਗੱਲ ਦੇ ਆਖਣ ਮਾਂਗੂੰ, ਜੇ ਬੰਦਾ ਸ਼ਰਾਬੀ ਕਬਾਬੀ ਵੀ ਹੋਊ-ਤਾਂ ਫੇਰ ਵੀ ਤੀਮੀਂ ਨੂੰ ਆਸਰਾ ਹੁੰਦੈ-ਬਈ ਮੇਰੇ ਸਿਰ 'ਤੇ ਕੋਈ, ਹੈ! ਪਰ ਮੈਂ ਤਾਂ ਦੇਵ ਰਹਿਗੀ ਰੋਹੀ ਆਲ਼ੇ ਜੰਡ ਮਾਂਗੂੰ ਰੁੰਡ ਮਰੁੰਡ...! ਕੀਹਦੇ ਕੋਲ਼ੇ ਦੁੱਖ ਰੋਵਾਂ?" ਉਹ ਫਿਰ ਡੁਸਕ ਪਈਪਰ ਹੰਝੂਆਂ ਦੀ ਝੜੀ ਉਸ ਨੇ ਆਪਣੀ ਚਿੱਟੀ ਚੁੰਨੀ ਵਿਚ ਹੀ ਬੋਚ ਲਈ ਸੀ

-"ਗੱਲ ਪ੍ਰੀਤੋ ਹੋਰ ਐ...!"

-"......।" ਪ੍ਰੀਤੋ ਨੇ ਨੱਕ ਪੂੰਝ ਕੇ ਨਜ਼ਰਾਂ ਉਚੀਆਂ ਚੁੱਕੀਆਂ

-"ਮੈਂ ਸੋਚਦੈਂ ਬਈ ਜੁਆਨੀ ਤਾਂ ਚਲ ਰੁਲ਼ਦਿਆਂ ਖੁਲ਼ਦਿਆਂ ਨੇ ਕੱਢ ਲਈ-ਆਹ ਹੁਣ ਬੁੜ੍ਹਾਪਾ ਕਿਵੇਂ ਨਿਕਲੂ? ਬੁੜ੍ਹਾਪਾ ਕੱਢਣ ਲਈ ਬੰਦੇ ਨੂੰ ਕੋਈ ਆਹਰ ਜਰੂਰ ਚਾਹੀਦੈ!" ਉਹ ਮੋੜ ਘੋੜ ਕੇ ਖੋਤੀ ਬੋਹੜ ਹੇਠ ਲੈ ਆਇਆ

-"ਦੇਵ! ਸੱਚ ਜਾਣੀਂ, ਬਾਹਲ਼ੀ ਲੰਘੀ ਤੇ ਥੋੜੀ ਰਹਿਗੀ? ਇਹ ਵੀ ਕਿਵੇਂ ਨਾ ਕਿਵੇਂ ਨਿਕਲ਼ ਈ ਜਾਣੀ ਐਂ!"

-"ਮੇਰੀ ਉਮਰ ਹੁਣ ਬਵੰਜਾ ਸਾਲਾਂ ਦੀ ਹੋਗੀ-ਤੇ ਤੇਰੀ ਪੰਜਾਹਾਂ ਦੀ ਤਾਂ ਹੋਊ?"

-"ਦੇਖ ਲੈ, ਤੇਰੇ ਨਾਲੋਂ ਸਾਲ ਕੁ ਈ ਪਿੱਛੇ ਪੜ੍ਹਦੀ ਸੀ ਮੈਂ? ਸੱਚ ਜਾਣੀਂ, ਹੁਣ ਤਾਂ ਸਾਰਾ ਕੁਛ ਭੁੱਲਿਆ ਪਿਐ-ਹੁਣ ਤਾਂ ਮੈਨੂੰ ਊੜਾ ਆੜਾ ਵੀ ਨ੍ਹੀ ਆਉਂਦਾ।" ਉਹ ਉਦਾਸ ਮਾਹੌਲ ਵਿਚ ਵੀ ਹੱਸ ਪਈਹਾਸਾ ਹਰਦੇਵ ਦਾ ਵੀ ਨਿਕਲ਼ ਗਿਆਉਹ ਸੋਚ ਰਿਹਾ ਸੀ ਕਿ ਅੱਜ ਵੀ ਪੰਜਾਬ ਦੇ ਕੁਛ ਲੋਕਾਂ ਦੇ ਮਨਾਂ ਵਿਚ ਰੱਬ ਵਸਦਾ ਸੀਦਰਿਆ ਦਿਲ ਮਾਹੌਲ ਜਿਉਂਦਾ ਸੀ

-"ਬੰਦਾ ਬੀਹ ਟਟਬੈਰ ਕਰਦੈ-ਪੜ੍ਹਦੈ! ਫ਼ੱਟੀਆਂ ਲਿਖਦੈ-ਭਾੜੇ ਸਿੱਖਦੈ-ਬੀਹ ਕੁਛ ਕਰਦੈ! ਪਰ ਅੱਗੇ ਦਾ ਕੀ ਪਤਾ ਹੁੰਦੈ ਬਈ ਗੋਹਾ ਮਿੱਧਣ ਜੋਗੇ ਈ ਰਹਿ ਜਾਣੈਂ?"

-"ਪ੍ਰੀਤੋ...? ਤੂੰ ਆਬਦੇ ਬੁੜ੍ਹਾਪੇ ਬਾਰੇ ਕਦੇ ਵੀ ਨ੍ਹੀ ਸੋਚਿਆ?"

-"ਮੇਰੇ ਸੋਚਣ ਨਾਲ਼ ਹੋਊ ਕੀ, ਦੇਵ? ਸੱਚ ਜਾਣੀਂ, ਜਿਹੜੀ ਗੱਲ ਦਾ ਕੋਈ ਲਾਭ ਈ ਨਾ ਹੋਵੇ-ਉਹਨੂੰ ਸੋਚਣ ਦਾ ਕੀ ਫ਼ਾਇਦਾ? ਹੈ ਕੋਈ ਫ਼ਾਇਦਾ...?"

-"ਤੈਨੂੰ ਉਹ ਦਿਨ ਯਾਦ ਐ? ਜਦੋਂ ਤੂੰ ਮੇਰੇ ਕਾਲਜ ਜਾਂਦੇ ਦੇ ਗੰਦੇ ਪਾਣੀਂ ਦੀ ਬਾਲਟੀ ਉਤੇ ਪਾਤੀ ਸੀ?"

-"ਵੇ ਆਹੋ...! ਮੈਂ ਭੁੱਲੀਂ ਆਂ ਕਿਤੇ ਉਹੋ ਦਿਨ...? ਨਾਲ਼ੇ ਮੈਂ ਕਿਹੜਾ ਜਾਣ ਬੁੱਝ ਕੇ ਪਾਈ ਸੀ? ਚਾਣਚੱਕ ਈ ਪੈਗੀ ਸੀ? ਤੂੰ ਬਾਹਲ਼ਾ ਭੜਾਕੂ ਤਾਂ ਊਂਈਂ ਸਾਹਣ ਮਾਂਗੂੰ ਭੂਸਰ ਗਿਆ ਸੀ! ਜਦੋਂ ਮੈਨੂੰ ਉਹ ਦਿਨ ਯਾਦ ਆਉਂਦੈ-ਸੱਚ ਜਾਣੀਂ, ਮੈਨੂੰ ਤਾਂ ਤੂੰ ਉਹੋ ਜਿਆ ਈ ਲੱਗਦੈਂ, ਦੇਵ! ਜਿਹੋ ਜਿਆ ਤੂੰ ਓਦੋਂ ਸੀ!"

-"ਹੁਣ ਤਾਂ ਬੁੜ੍ਹੇ ਹੋ ਗਏ-!"

-"ਵੇ ਉਹ ਤਾਂ ਸਾਰੀ ਦੁਨੀਆਂ ਨੇ ਈ ਹੋਣੈਂ...! ਆਪਾਂ ਕੋਈ ਅਲੈਹਦੇ ਤਾਂ ਨ੍ਹੀ ਬੁੜ੍ਹੇ ਹੋਗੇ? ਬਚਪਨ ਆਲ਼ੀਆਂ ਲਿੱਚ ਗੜਿੱਚੀਆਂ ਥੋੜੋ ਈ ਭੁੱਲਦੀਐਂ ਬੰਦੇ ਨੂੰ? ਸੱਚ ਜਾਣੀਂ, ਜੇ ਲੰਗੂਰ ਬੁੜ੍ਹਾ ਹੋ ਜਾਂਦੈ-ਬਨੇਰੇ ਟੱਪਣੋਂ ਥੋੜੋ ਭੁੱਲਦੈ ਉਹੋ?"

-"ਤੇਰੇ ਸੱਚ ਜਾਣੀਂ ਬੜਾ ਮੂੰਹ 'ਤੇ ਚੜ੍ਹਿਐ?"

-"ਵੇ ਹੋਰ ਹੁਣ ਮੂੰਹ 'ਤੇ ਗੁਲਾਲੀ ਚੜੂਗੀ...? ਅਵਾ ਤਵਾ ਈ ਮੂੰਹ 'ਤੇ ਚੜ੍ਹਨੈਂ!"

-"ਪ੍ਰੀਤੋ, ਇਕ ਗੱਲ ਆਖਾਂ...?"

-"ਵੇ ਸੌ ਆਖ! ਤੇਰੀਆਂ ਗੱਲਾਂ ਸੁਣਨ ਨੂੰ ਤਾਂ ਮੈਂ ਤੇਰੇ ਕੋਲ਼ੇ ਆਈ ਐਂ!"

-"ਮੈਂ ਇੰਗਲੈਂਡ ਵਿਚ ਕਿੰਨਾਂ ਵੀ ਸੁਖੀ ਚਾਹੇ ਦੁਖੀ ਰਿਹੈਂ-ਪਰ ਮੈਂ ਤੈਨੂੰ ਨ੍ਹੀ ਭੁਲਾ ਸਕਿਆ।" ਉਸ ਨੇ ਅੱਗਾ ਪਿੱਛਾ ਦੇਖ ਕੇ ਗੱਲ ਕੀਤੀਉਹਨਾਂ ਨੂੰ ਇਤਨਾ ਵਿਸ਼ਵਾਸ ਜ਼ਰੂਰ ਸੀ ਕਿ ਸਾਡੀ ਗੱਲ ਸੁਣਨੀ ਵੀ ਕਿਸ ਨੇ ਹੈ? ਜੇ ਸਾਨੂੰ ਬੈਠਿਆਂ ਨੂੰ ਕਿਸੇ ਨੇ ਦੇਖ ਵੀ ਲਿਆਤਾਂ ਸਾਡੇ 'ਤੇ ਕੋਈ ਸ਼ੱਕ ਨਹੀਂ ਕਰਦਾਇਸ ਲਈ ਉਹ ਬਿਨਾ ਕਿਸੇ ਡਰ ਡੁੱਕਰ ਤੋਂ ਗੱਲਾਂ ਕਰ ਰਹੇ ਸਨਪਰ ਗੱਲਾਂ ਕਰ ਬੜੀ ਹੌਲ਼ੀ ਹੌਲ਼ੀ ਰਹੇ ਸਨ

-"ਤੂੰ ਹਮੇਸ਼ਾ ਮੇਰੇ ਦਿਲ 'ਤੇ ਚੜ੍ਹੀ ਰਹੀ ਐਂ!"

-"ਵੇ ਦੇਵ! ਸੱਚ ਜਾਣੀਂ, ਜਿੰਨਾ ਚਿਰ ਤਾਂ ਰਿਹੈ ਮੇਰਾ ਬੰਦਾ ਜਿਉਂਦਾ! ਓਨਾਂ ਚਿਰ ਤਾਂ ਮੇਰਾ ਕਿਸੇ ਵੱਲ ਨੂੰ ਖਿਆਲ ਈ ਨ੍ਹੀ ਗਿਆ-ਜਦੋਂ ਉਹ ਮੁੱਕ ਗਿਆ-ਫੇਰ ਵੀ ਬਾਹਲ਼ਾ ਕੋਈ ਦਿਲ 'ਤੇ ਨਹੀਂ ਲਾਇਆ-ਪਰ ਦੇਵ! ਸੱਚ ਜਾਣੀਂ, ਜਦੋਂ ਮੇਰੀ ਧੀ ਮੁੱਕੀ-ਉਦੋਂ ਮੈਨੂੰ ਤੇਰੀ ਬੜੀ ਯਾਦ ਆਈ! ਉਦੋਂ ਮੈਂ ਤੇਰੇ ਬਾਰੇ ਜਰੂਰ ਸੋਚਿਆ-ਮੈਂ ਬਿਲਕੁਲ 'ਕੱਲੀ ਰਹਿਗੀ ਸੀ! ਕੋਈ ਨ੍ਹੀ ਸੀ ਮੇਰਾ ਇਸ ਜੱਗ 'ਤੇ! ਆਹ ਤਾਂ ਪਿੰਡ ਵਾਲ਼ਿਆਂ ਜਿਉਣ ਜੋਕਰਿਆਂ ਨੇ ਠੁੰਮਣਾਂ ਦਿੱਤਾ ਮੈਨੂੰ!" ਉਸ ਦਾ ਫਿਰ ਰੋਣ ਛੁੱਟ ਪਿਆ

-"ਤੂੰ ਮੈਨੂੰ ਕਦੇ ਚਿੱਠੀ ਪੱਤਰ ਈ ਪਾ ਦਿੰਦੀ?"

-"ਵੇ ਕਾਹਨੂੰ...! ਇਕ ਤਾਂ ਮੇਰੇ ਕੋਲ਼ੇ ਤੇਰਾ ਡਰੈੱਸ ਹੈਨ੍ਹੀ ਸੀ-ਦੂਜਾ ਮੈਂ ਸੋਚਿਆ ਬਈ ਆਪ ਤਾਂ ਜਿਹੜੇ ਠੂਠੇ ਖਾਨੀਂ ਐਂ-ਓਹ ਤਾਂ ਖਾਨੀਂ ਈ ਐਂ! ਤੈਨੂੰ ਬਾਧੂ ਕਾਹਤੋਂ ਤੰਗ ਕਰਾਂ...? ਨਾਲ਼ੇ ਮੈਂ ਸੋਚਿਆ, ਬਈ ਵਿਆਹਿਆ ਵਰਿਐ-ਆਬਦਾ ਰੰਗਾਂ 'ਚ ਵਸਦੈ-ਮੈਨੂੰ ਕੀ ਪਤਾ ਸੀ ਬਈ ਤੂੰ ਵੀ ਮੇਰੇ ਮਾਂਗੂੰ ਖੂਹ 'ਚ ਈ ਲਮਕੀ ਜਾਨੈਂ?"

-"ਪ੍ਰੀਤੋ...! ਮੇਰੀ ਗੱਲ ਦਾ ਗੁੱਸਾ ਨਾ ਕਰੀਂ...!"

-"ਗੁੱਸਾ ਕਾਹਤੋਂ ਕਰਨੈਂ...? ਤੂੰ ਦਿਲ ਫ਼ਰੋਲ਼ ਖੁੱਲ੍ਹ ਕੇ! ਕੋਈ ਗੱਲ ਦਿਲ 'ਚ ਨਾ ਰੱਖੀਂ! ਸੱਚ ਜਾਣੀਂ, ਅੱਗੇ ਗੱਲਾਂ ਦਿਲ 'ਚ ਰੱਖੀਆਂ ਕਰਕੇ ਤਾਂ ਆਪਣੇ ਢਿੱਡਾਂ 'ਚ ਗੋਲ਼ੇ ਬੱਝੇ ਵੇ ਐ!"

-"ਜੇ ਤੂੰ ਚਾਹੇਂ...! ਤੇਰੇ 'ਤੇ ਮੇਰਾ ਜੋਰ ਤਾਂ ਕੋਈ ਨ੍ਹੀ...! ਪਰ ਜੇ ਤੂੰ ਚਾਹੇਂ, ਆਪਣਾ ਦੋਹਾਂ ਦਾ ਬੁੜ੍ਹਾਪਾ ਈ ਸੁਖਾਲ਼ਾ ਲੰਘ ਸਕਦੈ?" ਆਖਰੀ ਅਤੇ ਆਨੇ ਵਾਲ਼ੀ ਗੱਲ ਆਖ ਕੇ ਹਰਦੇਵ ਨੇ ਪ੍ਰੀਤੋ ਦਾ ਚਿਹਰਾ ਘੋਖਣਾ ਸ਼ੁਰੂ ਕਰ ਦਿੱਤਾਉਹ ਪ੍ਰੀਤੋ ਵੱਲ ਇੰਜ ਝਾਕ ਰਿਹਾ ਸੀਜਿਵੇਂ ਡਿਊਟੀ ਤੋਂ ਲੇਟ ਹੋਇਆ ਡਰਾਈਵਰ ਲਾਲ ਬੱਤੀ ਵੱਲ ਝਾਕਦੈ! ਕਿ ਕਦੋਂ ਹਰੀ ਹੋਊ?

-"......।" ਪ੍ਰੀਤੋ ਚੁੱਪ ਰਹੀ

-"ਆਪਾਂ ਛੋਟੇ ਭਰਾ ਸੁਖਦੇਵ ਦਾ ਵੱਡਾ ਮੁੰਡਾ ਗੋਦ ਲੈ ਲਵਾਂਗੇ-ਜੁਆਨ ਐਂ ਹੁਣ! ਕਾਲਜ 'ਚ ਪੜ੍ਹਦੈ! ਇੰਗਲੈਂਡ ਆਪਣੇ ਕੋਲ਼ੇ ਕਾਸੇ ਦੀ ਘਾਟ ਨਹੀਂ! ਦੋਵੇਂ ਜਾਣੇ ਵਸਾਂਗੇ ਰਸਾਂਗੇ? ਇਹ ਮੈਂ ਤੈਨੂੰ ਸਿਰਫ਼ ਸੁਆਲ ਈ ਪੁੱਛਿਐ? ਕਿਤੇ ਊਂ ਨਾ ਮੇਰੇ ਕੋਲ਼ੇ ਆਉਣੋਂ ਜਾਣੋਂ ਹਟਜੀਂ?"

-"ਨਹੀਂ, ਆਉਣੋਂ ਜਾਣੋਂ ਮੈਂ ਤਾਂ ਕੀ ਹਟਣੈਂ, ਦੇਵ...? ਪਰ ਐਸ ਉਮਰ ਝਾਟੇ ਖੇਹ ਪਾਉਂਦੇ ਚੰਗੇ ਲੱਗਾਂਗੇ?"

-"ਝਾਟੇ ਖੇਹ ਕਾਹਦੀ ਐ? ਸਾਰੀ ਦੁਨੀਆਂ ਈ ਆਬਦਾ ਘਰ ਵਸਾਉਂਦੀ ਆਈ ਐ? ਨਾਲ਼ੇ ਆਪਾਂ ਕਿਹੜਾ ਐਥੇ ਰਹਿਣੈਂ...? ਤੇਰਾ ਪਾਸਪੋਰਟ ਬਣਾ ਕੇ ਛੂ-ਮੰਤਰ ਹੋਜਾਂਗੇ! ਕਿਸੇ ਨੂੰ ਭਾਫ਼ ਨ੍ਹੀ ਨਿਕਲਣ ਦਿੰਦੇ।"

-"ਵੇ ਕਮਲ਼ਿਆ! ਐਹੋ ਜੀਆਂ ਗੱਲਾਂ ਕਿਤੇ ਗੁੱਝੀਆਂ ਰਹਿੰਦੀਐਂ...? ਲੋਕ ਜਿੰਨ ਅਰਗੇ ਹੁੰਦੇ ਐ-ਮਿਲਟਾਂ 'ਚ ਮਾਣਸ-ਬੂ...! ਮਾਣਸ-ਬੂ...! ਪਿੱਟਣ ਲੱਗ ਪੈਣਗੇ!"

-"ਜੇ ਲੋਕਾਂ ਦੀ ਪ੍ਰਵਾਹ ਕਰਾਂਗੇ-ਆਪਣਾ ਬੁੜ੍ਹਾਪਾ ਤਾਂ ਗਿਆ ਬੋੜੇ ਖੂਹ 'ਚ! ਇੰਗਲੈਂਡ 'ਚ ਲੋਕ ਬੁੜ੍ਹੇ ਹੋ ਕੇ ਵੀ ਬਾਂਹਾਂ 'ਚ ਬਾਂਹਾਂ ਅੜਾ ਕੇ ਤੁਰਦੇ ਐ-!"

-"ਬੂਹ ਮੈਂ ਮਰਜਾਂ...! ਐਡੇ ਬਸ਼ਰਮ...?" ਉਸ ਨੇ ਮੱਥੇ 'ਤੇ ਪੁੱਠਾ ਹੱਥ ਰੱਖ ਲਿਆ

-"ਉਥੇ ਕੋਈ ਨ੍ਹੀ ਪੁੱਛਦਾ-ਉਥੇ ਹਰ ਬੰਦਾ-ਹਰ ਬੁੜ੍ਹੀ, ਆਬਦੀ ਐਸ਼ ਦੀ ਜ਼ਿੰਦਗੀ ਜਿਉਂਦੇ ਐ!"

-"ਸੱਚ ਜਾਣੀਂ...! ਮੈਥੋਂ ਤਾਂ ਨ੍ਹੀ ਐਡੀ ਬਸ਼ਰਮੀ ਕਰੀ ਜਾਣੀਂ...!"

-"ਦੇਖ ਪ੍ਰੀਤੋ! ਆਪਾਂ ਕਿਹੜਾ ਇਕ ਪਿੰਡ ਦੇ ਆਂ? ਤੇਰਾ ਬਾਪੂ ਬਾਹਰੋਂ ਆ ਕੇ ਈ ਵਸਿਆ ਸੀ, ਐਸ ਪਿੰਡ?"

-"ਵੇ ਵਸਿਆ ਤਾਂ ਸੀ...! ਪਰ ਹੁਣ ਤਾਂ ਮੈਨੂੰ ਆਹੀ ਆਬਦਾ ਪਿੰਡ ਲੱਗਦੈ-ਜਿੱਥੇ ਮੰਦੇ ਦਿਨ ਕੱਟੇ ਐ।"

-"ਤੂੰ ਇਉਂ ਕਰ...! ਹੁਣ ਸੁਖਦੇਵ ਰੋਟੀ ਲੈ ਕੇ ਆਉਣ ਆਲ਼ੈ! ਤੂੰ ਕੱਲ੍ਹ ਨੂੰ ਮੇਰੇ ਨਾਲ਼ ਸ਼ਹਿਰ ਚੱਲ! ਨਾਲ਼ੇ ਤਾਂ ਤੇਰਾ ਪਾਸਪੋਰਟ ਬਣਾ ਲਵਾਂਗੇ-ਤੇ ਨਾਲ਼ੇ ਮੈਨੂੰ ਬੈਂਕ 'ਚ ਕੰਮ ਐਂ!"

-"ਵੇ ਦੇਵ...! ਸੱਚ ਜਾਣੀਂ, ਮੇਰਾ ਤਾਂ ਡਮਾਕ ਕੰਮ ਨ੍ਹੀ ਕਰਦਾ! ਡਰਦੀ ਬੁੜ੍ਹਾਪੇ ਤੋਂ ਮੈਂ ਵੀ ਆਂ! ਇਹਦੇ 'ਚ ਤੇਰੇ ਕੋਲ਼ੋਂ ਕੋਈ ਓਹਲਾ ਨ੍ਹੀ...! ਪਰ ਫੇਰ ਸੋਚਦੀ ਆਂ-ਬਈ ਕਾਹਦੇ ਪਿੱਛੇ? ਪਤਾ ਨ੍ਹੀ ਜਿੰਦਗੀ ਕਿੰਨੇ ਕੁ ਦਿਨ ਐਂ? ਹੁਣ ਅਖੀਰਲੇ ਚਾਰ ਦਿਨਾਂ ਦੀ ਖਾਤਰ ਕਾਹਨੂੰ ਮੂੰਹ ਕਾਲ਼ਸ ਲਈਏ?"

-"ਮੂੰਹ ਕਾਲ਼ਸ ਇਹਦੇ 'ਚ ਕਾਹਦੀ ਐ...? ਜਿਹੜੇ ਚਾਰ ਦਿਨ ਰਹਿੰਦੇ ਐ-ਉਹ ਤਾਂ ਸੋਹਣੇ ਬਿਤਾਈਏ? ਆਪਾਂ ਜਰੂਰੀ ਤਾਂ ਨ੍ਹੀ ਬੁੜ੍ਹਾਪੇ 'ਚ ਵੀ ਭੱਠ 'ਚ ਭੁੱਜ ਕੇ ਮਰਨਾ? ਆਪਾਂ ਨੂੰ ਸੰਤਾਪ ਸੁੱਖ ਕੇ ਤਾਂ ਨ੍ਹੀ ਦਿੱਤਾ? ਰਹਿ ਆਪਾਂ ਪਿੰਡ ਵੀ ਪੈਂਦੇ? ਪਰ ਐਥੇ ਲੋਕ ਈ ਬਾਧੂ ਜਾਭਾਂ ਦਾ ਭੇੜ੍ਹ ਕਰੀ ਜਾਣਗੇ! ਆਪਾਂ ਲੋਕਾਂ ਤੋਂ ਦੂਰ ਈ ਚੰਗੇ ਐਂ! ਦੋਵੇਂ ਜੀਅ ਖਾਵਾਂਗੇ ਪੀਵਾਂਗੇ-ਬੁੱਲੇ ਵੱਢਾਂਗੇ!"

-"......।" ਪ੍ਰੀਤੋ ਚੁੱਪ ਸੀ

-"ਤੂੰ ਅੱਜ ਦੀ ਰਾਤ ਮਨ ਨਾਲ਼ ਰੈਅ ਕਰਲਾ! ਕੱਲ੍ਹ ਨੂੰ ਸਾਝਰੇ ਈ ਮੇਰੇ ਕੋਲ਼ੇ ਆਜੀਂ! ਹੁਣ ਸੁਖਦੇਵ ਆਉਣ ਆਲ਼ੈ-ਸ਼ੱਕ ਤਾਂ ਉਹਨੇ ਆਪਣੇ 'ਤੇ ਕੀ ਕਰਨੀ ਐਂ? ਪਰ ਓਹਲਾ ਈ ਠੀਕ ਹੁੰਦੈ!"

-"ਤੇ, ਤੇਰੀ ਰੋਟੀ ਰਾਟੀ...?"

-"ਉਹ ਤਾਂ ਸੁਖਦੇਵ ਲੈ ਈ ਆਊ-ਜੇ ਖਾਣੀਂ ਐਂ ਤਾਂ ਬਹਿਜਾ!"

-"ਨਹੀਂ, ਰੋਟੀ ਤਾਂ ਨਹੀਂ ਮੈਂ ਖਾਣੀਂ...! ਮੈਂ ਸਵੇਰੇ ਆਊਂ ਤੇਰੇ ਕੋਲ਼ੇ-ਤੂੰ ਵੀ ਆਬਦੇ ਮਨ ਨਾਲ਼, ਤਸੱਲੀ ਨਾਲ਼ ਵਿਚਾਰ ਵਟਾਂਦਰਾ ਕਰਲੀਂ-ਫੇਰ ਜਿਵੇਂ ਕਹੇਂ ਕਰਲਾਂਗੇ! ਪਰ ਇਕ ਗੱਲ ਦੱਸਾਂ ਹਰਦੇਵ? ਊਂ ਤਾਂ ਤੂੰ ਆਖੇਂਗਾ ਬਈ ਬੁੱਢੀ ਖੋਲੀ ਕੀ ਜੁਆਕਾਂ ਆਲ਼ੀਆਂ ਗੱਲਾਂ ਕਰਨ ਲੱਗਪੀ? ਪਰ ਸੱਚ ਜਾਣੀਂ! ਜਾਣੀਂ ਦੀ ਮੈਨੂੰ ਤਾਂ ਤੇਰਾ ਉਵੇਂ ਤੇਹ ਜਿਆ ਆਉਣ ਲੱਗ ਪਿਆ-ਜਿਵੇਂ ਨਿੱਕੀ ਹੁੰਦੀ ਨੂੰ ਆਉਂਦਾ ਸੀ-ਆਹ ਤਾਂ ਦੁਨੀਆਂ ਦੀ ਸ਼ਰਮ ਵੱਢ ਵੱਢ ਖਾਂਦੀ ਐ, ਬਈ ਬਾਧੂ ਮੂੰਹ ਕਾਲ਼ਾ ਹੋਊ? ਨਹੀਂ ਮੈਂ ਤਾਂ ਅੱਜ ਦੀ ਰਾਤ ਤੇਰੇ ਕੋਲ਼ੇ ਕਿਉਂ ਨਾ ਰਹਿ ਪੈਂਦੀ...?" ਪ੍ਰੀਤੋ ਨੇ ਦਿਲ ਦੀ ਸੱਚੀ ਗੱਲ ਆਖ ਦਿੱਤੀਹਰਦੇਵ ਦਾ ਜੀਅ ਕੀਤਾ ਕਿ ਪ੍ਰੀਤੋ ਨੂੰ ਜੱਫ਼ੀ ਵਿਚ ਲੈ ਕੇ ਮੂੰਹ ਚੁੰਮ ਲਵੇਪ੍ਰੀਤੋ ਦਾ ਭੋਲ਼ਾ ਜਿਹਾ ਮੂੰਹ ਮੁਬਾਰਕ ਸੀਸੁਲੱਖਣਾ ਸੀਅੱਜ ਕੱਲ੍ਹ ਦੇ ਜ਼ਮਾਨੇ ਵਾਂਗ ਕਰੂਪ ਨਹੀਂ ਸੀ

*******

ਅਠਾਈਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ!


Saturday, August 22, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 27

ਅਗਲੇ ਦਿਨ ਦੀਪ ਦਾ ਫ਼ੋਨ ਆ ਗਿਆ

ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਸ ਆ ਗਈ ਸੀਪਾਪਾ ਜੀ ਨਾਲ਼ ਉਸ ਦੀ ਗੱਲ ਬਾਤ ਹੋ ਗਈ ਸੀ ਅਤੇ ਉਹ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਨ ਲਈ ਤਿਆਰ ਸੀਪਾਪਾ ਜੀ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ਸੀਉਸ ਨੇ ਆਪਣੇ ਵੱਲੋਂ ਵਕੀਲ ਤੋਂ ਇਕ ਐਫ਼ੀਡੇਵਿਟ ਵੀ ਤਿਆਰ ਕਰਵਾ ਲਿਆ ਸੀਜਿਹੜਾ ਉਸ ਦੀ ਗ਼ੈਰਹਾਜ਼ਰੀ ਵਿਚ ਤਲਾਕ ਲੈਣ ਦੀ ਪੁਸ਼ਟੀ ਕਰੇਗਾਉਸ ਨੇ ਹਰਦੇਵ ਨੂੰ ਡੋਰਿੰਟ ਹੋਟਲ ਬੁਲਾਇਆ ਸੀਕੀ ਖੱਟਿਆ ਦੂਜਾ ਵਿਆਹ ਕਰਕੇ? ਕੀਤੀ ਕਮਾਈ ਕਿਸ ਰਾਸ ਆਈ? ਮੀਤੀ ਨੂੰ ਛੱਡ ਕੇ, ਦੂਜਾ ਵਿਆਹ ਕਰਕੇ ਹੁਣ ਜੁਆਕਾਂ ਦਾ ਪਿਉ ਬਣ ਗਿਆ? ਮੈਂ ਤਾਂ ਜਿੰਨੀ ਕੁ ਜੋਕਰਾ ਸੀ, ਸਾਲ਼ੀ ਨੇ ਉਹ ਵੀ ਖ਼ੱਸੀ ਕਰ ਧਰਿਆ! ਕਰ ਲਈ ਐਸ਼ ਨਵੀਂ ਜਨਾਨੀ ਨਾਲ਼? ਮੀਤੀ ਕੀ ਮਾੜੀ ਸੀ? ਦੁੱਖ ਸੁੱਖ ਦੀ ਭਾਈਵਾਲ਼ ਤਾਂ ਸੀ! ਬਾਪੂ ਬੇਬੇ ਨੂੰ ਫ਼ੋਨ ਕਰਦੀ ਰਹਿੰਦੀ ਸੀਇਹਨੇ ਤਾਂ ਕਦੇ ਬੇਬੇ ਬਾਪੂ ਦਾ ਨਾਂ ਵੀ ਬੁੱਲ੍ਹਾਂ 'ਤੇ ਨਹੀਂ ਲਿਆਂਦਾ? ਹਰਦੇਵ ਅੰਦਰੋਂ ਬੁਰੀ ਤਰ੍ਹਾਂ ਨਾਲ਼ ਟੁੱਟ ਗਿਆ ਸੀਉਸ ਦੇ ਉਲੀਕੇ ਅਰਮਾਨ ਕੁਚਲੇ ਗਏ ਸਨਭਾਵਨਾਵਾਂ ਫ਼ੱਟੜ ਹੋ ਗਈਆਂ ਸਨਚਾਅ ਮੁਰਝਾ ਕੇ ਸੁੱਕ ਗਏ ਸਨ ਅਤੇ ਸੁਪਨੇ ਚੂਰ ਚੂਰ ਹੋ ਗਏ ਸਨ

----

ਬਿਨਾ ਦੇਰ ਕੀਤੀ ਹਰਦੇਵ ਡੋਰਿੰਟ ਹੋਟਲ ਪਹੁੰਚ ਗਿਆ

ਦੀਪ ਅਤੇ ਸੁਮੀਤ ਬੀਅਰ ਬਾਰ ਵਿਚ ਬੈਠੇ ਸਨਉਸ ਨੇ ਤਲਾਕ ਦੇ ਕਾਗਜ਼ ਅੱਗੇ ਰੱਖ ਦਿੱਤੇਦੀਪ ਨੇ ਦਸਤਖ਼ਤ ਕਰ ਦਿੱਤੇ ਅਤੇ ਆਪਣੇ ਵੱਲੋਂ ਤਿਆਰ ਕਰਵਾਇਆ ਐਫ਼ੀਡੇਵਿਟ ਉਸ ਨੂੰ ਦੇ ਦਿੱਤਾਇਸ ਵਿਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਮੈਂ ਹਰਦੇਵ ਤੋਂ ਤਲਾਕ ਚਾਹੁੰਦੀ ਹਾਂ ਅਤੇ ਇੰਗਲੈਂਡ ਛੱਡ ਕੇ ਜਾ ਰਹੀ ਹਾਂਜਦੋਂ ਸਾਡਾ ਤਲਾਕ ਹੋ ਜਾਵੇ, ਕਿਰਪਾ ਕਰਕੇ ਪ੍ਰਵਾਨੇ ਮੈਨੂੰ ਇਸ ਭਾਰਤ ਦੇ ਪਤੇ ਉਪਰ ਭੇਜ ਦਿੱਤੇ ਜਾਣ! ਥੱਲੇ ਉਸ ਦੇ ਦਸਤਖ਼ਤ ਸਨ

ਕਾਗਜ਼ ਲੈ ਕੇ ਹਰਦੇਵ ਮੁੜ ਆਇਆ ਅਤੇ ਸਾਰਾ ਕੁਝ ਆਪਣੇ ਵਕੀਲ ਦੇ ਹਵਾਲੇ ਕਰ ਦਿੱਤਾ

ਹਰਦੇਵ ਦਾ ਕੰਮ ਅੱਜ ਖ਼ਤਮ ਹੋ ਗਿਆ ਸੀਨਵਾਂ ਕੰਮ ਲੈਣ ਨੂੰ ਉਸ ਦਾ ਦਿਲ ਨਹੀਂ ਕਰਦਾ ਸੀਕੰਮ ਕਰਨਾ ਵੀ ਕਿਸ ਲਈ ਸੀ? ਕਿਹੜਾ ਭਾਨੋ ਨੂੰ ਤੁੰਗਲ਼ ਬਣਵਾ ਕੇ ਦੇਣੇ ਸਨ? ਕੰਮ ਵਾਲ਼ਿਆਂ ਤੋਂ ਪੈਸੇ ਲੈ ਕੇ ਉਸ ਨੇ ਬੈਂਕ ਵਿਚ ਜਮਾਂਹ ਕਰਵਾ ਦਿੱਤੇਹੁਣ ਉਸ ਅੱਗੇ ਸਿਰਫ਼ ਦੋ ਹੀ ਗੱਲਾਂ ਸਨਭੈਣ ਅਤੇ ਭਾਈ ਦਾ ਵਿਆਹ ਕਰਨਾ! ਇਸ ਪਾਸੇ ਵੱਲ ਉਸ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀਭਾਈਬੰਦਾਂ ਤੋਂ ਕੁਝ ਪੈਸੇ ਹੱਥ-ਉਧਾਰ ਵੀ ਫੜ ਲਏ

----

ਮਹੀਨੇ ਕੁ ਬਾਅਦ ਉਸ ਦੇ ਕੇਸ ਦੀ ਤਾਰੀਖ਼ ਨਿਕਲੀਦੀਪ ਦੀ ਗ਼ੈਰਹਾਜ਼ਰੀ ਵਿਚ ਹੀ ਤਲਾਕ ਮੰਨ ਲਿਆ ਗਿਆਐਫ਼ੀਡੇਵਿਟ ਦੀਪ ਵੱਲੋਂ ਹਾਮੀ ਭਰ ਰਿਹਾ ਸੀਜਦੋਂ ਹਫ਼ਤੇ ਕੁ ਬਾਅਦ ਉਸ ਨੂੰ ਤਲਾਕ ਦੇ ਪ੍ਰਵਾਨੇ ਮਿਲੇ ਤਾਂ ਉਸ ਨੇ ਦੋ ਮਹੀਨੇ ਦੀ ਮੌਰਗੇਜ਼ ਅਤੇ ਕੌਂਸਲ ਟੈਕਸ ਭਰਿਆ ਅਤੇ ਦੋ ਮਹੀਨੇ ਲਈ ਭਾਰਤ ਉਡਾਰੀ ਮਾਰ ਗਿਆ

ਸਭ ਤੋਂ ਪਹਿਲਾਂ ਉਸ ਨੇ ਭੈਣ ਦਾ ਵਿਆਹ ਕੀਤਾਮਾਂ ਤਾਂ ਬਿਮਾਰ ਹੀ ਰਹਿੰਦੀ ਸੀਉਹ ਕਿਸੇ ਨਾਲ਼ ਬਹੁਤੀ ਗੱਲ ਨਹੀਂ ਕਰਦੀ ਸੀਮੰਜੇ 'ਤੇ ਹੀ ਬੈਠੀ ਰਹਿੰਦੀਜੇ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਖਾ ਲੈਂਦੀ, ਨਹੀਂ ਤਾਂ ਕਦੇ ਕੁਝ ਮੰਗਦੀ ਵੀ ਨਹੀਂ ਸੀ! ਦੇਖਣ ਪਾਖਣ ਤੋਂ ਲੱਗਦਾ ਸੀ ਕਿ ਵਾਕਿਆ ਹੀ ਉਸ ਦਾ ਦਿਮਾਗ ਹਿੱਲ ਗਿਆ ਸੀਥੋੜਾ ਸਮਾਂ ਪਾ ਕੇ ਉਸ ਨੇ ਛੋਟੇ ਭਰਾ ਸੁਖਦੇਵ ਦਾ ਵਿਆਹ ਵੀ ਕਰ ਦਿੱਤਾਖੇਤ ਵਾਲ਼ਾ ਘਰ ਉਸ ਨੂੰ ਸੰਭਾਲ਼ ਦਿੱਤਾ ਅਤੇ ਅੱਧੀ ਜ਼ਮੀਨ ਉਸ ਨੂੰ ਦੇ ਦਿੱਤੀਪਸ਼ੂ ਸਾਰੇ ਹੀ ਉਸ ਨੇ ਸੁਖਦੇਵ ਨੂੰ ਰਜ਼ਾਮੰਦੀ ਨਾਲ਼ ਹੀ ਸੌਂਪ ਦਿੱਤੇ ਸਨਕਿਹੜਾ ਉਸ ਨੇ ਹੁਣ ਮੱਝਾਂ ਦੀ ਧਾਰ ਕੱਢਣੀ ਸੀ? ਜਾਂ ਹਲ਼ ਵਾਹੁੰਣਾ ਸੀ? ਆਪਣੇ ਹਿੱਸੇ ਦੀ ਜ਼ਮੀਨ ਉਸ ਨੇ ਸਰਪੰਚ ਨੂੰ ਪੰਜ ਸਾਲ ਲਈ ਠੇਕੇ 'ਤੇ ਦੇ ਦਿੱਤੀ ਅਤੇ ਪੰਜ ਸਾਲ ਦਾ ਠੇਕਾ ਪੇਸ਼ਗੀ ਲੈ ਕੇ ਪੰਜ ਸਾਲ ਲਈ ਫਿਕਸ ਡਿਪੌਜ਼ਿਟ ਕਰਵਾ ਬੈਂਕ ਵਿਚ ਰੱਖ ਦਿੱਤਾ

ਅਜੇ ਉਹ ਇਕੱਠੇ ਹੀ ਇਸ ਘਰ ਵਿਚ ਰਹਿੰਦੇ ਸਨ

----

ਹਰਦੇਵ ਦਾ ਇੰਗਲੈਂਡ ਵਾਪਸ ਜਾਣ ਨੂੰ ਉਕਾ ਹੀ ਦਿਲ ਨਹੀਂ ਕਰਦਾ ਸੀਉਹ ਬੇਬੇ ਨਾਲ਼ ਗੱਲਾਂ ਕਰਨੀਆਂ ਚਾਹੁੰਦਾਪਰ ਬੇਬੇ ਸਿੱਧੀ ਸਲੋਟ ਹੀ ਹਰਦੇਵ ਵੱਲ ਝਾਕੀ ਜਾਂਦੀਹਰਦੇਵ ਦਾ ਦਿਲ ਅਤੀਅੰਤ ਦੁਖੀ ਹੋ ਜਾਂਦਾਉਹ ਬੇਬੇ ਨੂੰ ਸ਼ਹਿਰੋਂ ਕੁਝ ਖਾਣ ਪੀਣ ਨੂੰ ਲਿਆ ਕੇ ਦਿੰਦਾਪਰ ਬੇਬੇ ਖਾਂਦੀ ਘੱਟਪਰ ਖਿਲਾਰਦੀ ਬਹੁਤਾ ਸੀਉਸ ਨੂੰ ਕੋਈ ਸੁਰਤ-ਸੁੱਧ ਨਹੀਂ ਸੀਬੇਬੇ ਬਿਲਕੁਲ ਹੀ ਚੁੱਪ ਸੀਹਰਦੇਵ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾਪਰ ਉਹ ਬੋਲਦੀ ਨਹੀਂ ਸੀਡਾਕਟਰਾਂ ਤੋਂ ਰਾਇ ਲਈ ਸੀਉਹ ਬੇਬੇ ਨੂੰ ਕੋਈ ਅਸਹਿ ਸਦਮਾ ਲੱਗਿਆ ਹੀ ਦੱਸਦੇ ਸਨਉਸ ਨੂੰ ਬਾਪੂ ਦੀ ਟੈਲੀਫ਼ੋਨ 'ਤੇ ਆਖੀ ਗੱਲ ਵਾਰ ਵਾਰ ਯਾਦ ਆਉਂਦੀ

-"ਉਹਦੀ ਮਾਂ ਤੇ ਪਿਉ ਨੇ ਸਾਡੀ ਬੇਇੱਜ਼ਤੀ ਕਰਨ ਦੀ ਕੋਈ ਕਸਰ ਨ੍ਹੀ ਛੱਡੀ, ਹਰਦੇਵ ਸਿਆਂ! ਤੇਰੀ ਬੇਬੇ ਤਾਂ ਓਦਣ ਦੀ ਕਮਲ਼ ਜਿਆ ਮਾਰਨੋ ਈ ਨ੍ਹੀ ਹੱਟਦੀ।" ਪਰ ਹੁਣ ਤਾਂ ਬੇਬੇ ਕੋਈ ਕਮਲ਼ ਵੀ ਨਹੀਂ ਮਾਰਦੀ ਸੀਬੋਲਦੀ ਹੀ ਨਹੀਂ ਸੀ

----

ਬੇਬੇ ਨੂੰ ਉਸ ਨੇ ਫਿਰ ਸ਼ਹਿਰ ਡਾਕਟਰ ਨੂੰ ਦਿਖਾਇਆਉਸ ਨੇ ਆਖਿਆ ਕਿ ਸਦਮੇ ਨਾਲ਼ ਜ਼ਰੂਰੀ ਨਹੀਂ ਕਿ ਮਰੀਜ਼ ਕਮਲ਼ਿਆਂ ਵਾਂਗੂੰ ਬਰੜਾਹਟ ਹੀ ਕਰੇਕਈ ਵਾਰ ਮਰੀਜ਼ ਸਦੀਵੀ ਚੁੱਪ ਵੀ ਧਾਰ ਲੈਂਦਾ ਹੈ! ਹਰਦੇਵ ਬੇਬੇ ਨੂੰ ਲੈ ਕੇ ਮੁੜ ਆਇਆ ਸੀਉਸ ਦਾ ਮਨ ਕਰਦਾ ਸੀ ਕਿ ਬੇਬੇ ਉਸ ਨਾਲ਼ ਰੱਜ ਕੇ ਗੱਲਾਂ ਕਰੇ! ਲਾਹ ਸੁੱਟੇ ਉਹ ਜਿਲਬ ਮੇਰੇ ਸੀਨੇ ਉਪਰੋਂ ਜਿਹੜੀ ਮੈਂ ਵਲਾਇਤ ਵਿਚੋਂ ਨਾਲ਼ ਲੱਦ ਲਿਆਇਆ ਸੀਉਹ ਸੋਚਦਾ ਸੀ ਕਿ ਜਦੋਂ ਮੈਂ 'ਬੇਬੇ' ਆਖਾਂ ਤਾਂ ਬੇਬੇ 'ਬੁੱਸ-ਬੁੱਸ' ਕਰਦੀ, ਘੁੱਟ ਲਵੇ ਮੈਨੂੰ ਆਪਣੀ ਨਿੱਘੀ ਬੁੱਕਲ ਵਿਚ, ਤੇ ਉਤਾਰ ਦੇਵੇ ਮੇਰੇ ਗੱਡੇ ਵਰਗੇ ਭਾਰੇ ਦਿਮਾਗ ਦਾ ਬੋਝ! ਬੇਬੇ ਹੱਸ ਕੇ ਲਾਡ ਨਾਲ਼ ਅੱਗੇ ਵਾਂਗ 'ਕੁੱਤਾ' ਆਖੇ ਤਾਂ ਉੱਡ ਜਾਵੇ ਮੇਰੀ ਮਾਨਸਿਕ ਪਰੇਸ਼ਾਨੀ, ਜੋ ਮੈਂ ਵਲਾਇਤ 'ਚੋਂ ਨਾਲ਼ ਧੂਹ ਲਿਆਇਆ ਸੀ! ਬੇਬੇ ਇਕ ਵਾਰ 'ਵਾਰੀ ਪੁੱਤ' ਆਖੇ ਤਾਂ ਹੋ ਜਾਵਾਂਗਾ ਹੌਲਾ-ਹੌਲਾ ਫੁੱਲ ਵਰਗਾ! ਪਰ ਬੇਬੇ ਤਾਂ ਬੋਲਦੀ ਹੀ ਨਹੀਂ ਸੀ! ਉਹ ਕਈ ਵਾਰ ਆਪ ਕਮਲਿਆਂ ਵਾਂਗ ਉਚੀ ਸਾਰੀ 'ਬੇਬੇ' ਆਖਦਾਪਰ ਬੇਬੇ ਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ ਸੀਉਹ ਉਸ ਵੱਲ ਝਾਕ ਕੇ ਜਾਂ ਤਾਂ ਘੇਸਲ਼ ਜਿਹੀ ਵੱਟ ਜਾਂਦੀ ਅਤੇ ਜਾਂ ਫਿਰ ਪੈ ਜਾਂਦੀਛੋਟਾ, ਸੁਖਦੇਵ ਆਪਣੀ ਘਰਵਾਲ਼ੀ ਨਾਲ਼ ਖੇਤ ਵਾਲ਼ੇ ਮਕਾਨ ਵਿਚ ਹੀ ਰਹਿੰਦਾ ਸੀਉਹ ਆਪਣੀ ਪਤਨੀ ਨਾਲ਼ ਰੁੱਝ ਗਿਆ ਸੀਭਜਨੋ ਵੀ ਕਦੇ ਕਦੇ ਆਪਣੇ ਪ੍ਰਾਹੁਣੇ ਨਾਲ਼ ਆ ਕੇ ਮਿਲ਼ ਜਾਂਦੀਬੇਬੇ ਅਤੇ ਹਰਦੇਵ ਦੀ ਰੋਟੀ ਸੁਖਦੇਵ ਹੀ ਖੇਤੋਂ ਲੈ ਆਉਂਦਾ ਸੀਹਰਦੇਵ ਨੇ ਵੀ ਉਸ ਦੀ ਮੁਹਾਰ ਖੋਲ੍ਹੀ ਹੋਈ ਸੀ ਕਿ ਉਹ ਆਪਣੇ ਘਰ ਵੱਲ ਧਿਆਨ ਦੇਵੇ! ਬੇਬੇ ਦਾ ਫਿਕਰ ਨਾ ਕਰੇ!

----

ਇਕ ਦਿਨ ਅੱਧੀ ਕੁ ਰਾਤ ਨੂੰ ਬੇਬੇ ਨੇ ਰੌਲ਼ਾ ਜਿਹਾ ਪਾਉਣਾ ਸ਼ੁਰੂ ਕਰ ਦਿੱਤਾਜਿਵੇਂ ਉਸ ਨੂੰ 'ਦਾਬਾ' ਆ ਗਿਆ ਸੀਹਰਦੇਵ ਸੁੱਤਾ ਪਿਆ-ਪਿਆ ਅੱਭੜਵਾਹੇ ਉਠਿਆਲਾਈਟ ਜਗਾਈਬੇਬੇ ਦੇ ਹੱਥ ਹਿੱਕ ਦੇ ਦੋਹੀਂ ਪਾਸੀਂ ਸ਼ਾਂਤ ਪਏ ਸਨਉਸ ਨੇ ਬੇਬੇ ਨੂੰ ਪਾਣੀ ਦਿੱਤਾਬੇਬੇ ਤੋਂ ਪੀਤਾ ਨਾ ਗਿਆਉਹ ਬੋਲਣਾ ਚਾਹੁੰਦੀ ਸੀਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀਪਤਾ ਨਹੀਂ ਬੇਬੇ ਕੀ ਆਖਣਾ ਚਾਹੁੰਦੀ ਸੀ? ਹਰਦੇਵ ਨੇ ਗੁਆਂਢੀਆਂ ਨੂੰ ਅਵਾਜ਼ ਮਾਰੀਪਿੰਡ ਵਿਚੋਂ ਕਾਰ ਲਿਆਂਦੀ ਗਈ ਅਤੇ ਬੇਬੇ ਨੂੰ ਹਸਪਤਾਲ਼ ਪਹੁੰਚਾਇਆ ਗਿਆਡਾਕਟਰਾਂ ਨੇ ਬੇਬੇ ਨੂੰ ਸਾਂਭ ਕੇ ਦਾਖ਼ਲ ਕਰ ਲਿਆਐਕਸਰੇ ਅਤੇ ਸਕੈਨਿੰਗ ਕਰਵਾਈ ਗਈਗੁਲੂਕੋਜ਼ ਸ਼ੁਰੂ ਕੀਤਾ ਗਿਆਹੱਥਾਂ ਦੀਆਂ ਨਾੜਾਂ ਵਿਚ ਗੁਲੂਕੋਜ਼ ਨਹੀਂ ਚੱਲਿਆ ਸੀਇਸ ਲਈ ਗਿੱਟੇ ਦੀ ਨਾੜ ਵਿਚ ਗੁਲੂਕੋਜ਼ ਲਾਇਆ ਗਿਆ ਸੀ

----

ਐਕਸਰੇ ਅਤੇ ਸਕੈਨਿੰਗ ਦੀਆਂ ਰਿਪੋਰਟਾਂ ਦੱਸ ਰਹੀਆਂ ਸਨ ਕਿ ਬੇਬੇ ਦੇ ਦਿਮਾਗ ਦੀਆਂ ਨਾੜੀਆਂ ਰੁਕ ਗਈਆਂ ਸਨਹਫ਼ਤਾ ਭਰ ਇਲਾਜ਼ ਚੱਲਦਾ ਰਿਹਾਬੇਬੇ ਠੀਕ ਨਹੀਂ ਹੋ ਰਹੀ ਸੀ, ਸਗੋਂ ਕਦੇ ਕਦੇ ਲੰਮੀ ਬੇਹੋਸ਼ੀ ਵਿਚ ਚਲੀ ਜਾਂਦੀ ਸੀਸੁਖਦੇਵ ਵੀ ਦਿਨ ਵਿਚ ਦੋ-ਦੋ ਗੇੜੇ ਮਾਰ ਜਾਂਦਾਉਸ ਦੇ ਘਰਵਾਲ਼ੀ ਵੀ ਆਉਂਦੀਪਰ ਹਰਦੇਵ ਸਾਰਿਆਂ ਨੂੰ ਤੋਰ ਦਿੰਦਾਡਾਕਟਰ ਨੇ ਹਰਦੇਵ ਨੂੰ ਬਹੁਤ ਵਾਰ ਕਿਹਾ ਕਿ ਉਹ ਬੇਬੇ ਨੂੰ ਘਰ ਲੈ ਜਾਵੇ ਅਤੇ ਸੇਵਾ ਕਰੇ! ਹੁਣ ਬੇਬੇ ਦਾ ਅੰਤਿਮ ਸਮਾਂ ਆ ਗਿਆ ਹੈ! ਪਰ ਘਰ ਸੇਵਾ ਕਰਨ ਵਾਲਾ ਹੈ ਵੀ ਕੌਣ ਸੀ? ਕੋਈ ਵੀ ਤਾਂ ਨਹੀਂ! ਉਸ ਨੇ ਬੇਬੇ ਨੂੰ ਹਸਪਤਾਲ਼ ਰੱਖਣਾ ਹੀ ਬਿਹਤਰ ਸਮਝਿਆਸਾਰੀਆਂ ਜੱਦੋਜਹਿਦਾਂ ਅਤੇ ਕੋਸਿ਼ਸਾਂ ਦੇ ਬਾਵਜੂਦ ਵੀ ਬੇਬੇ ਨੂੰ ਅਰਾਮ ਨਾ ਆਇਆ ਅਤੇ ਉਹ ਗਿਆਰ੍ਹਵੇਂ ਦਿਨ ਪੂਰੀ ਹੋ ਗਈ...! ਹਰਦੇਵ ਜੀਅ ਭਰ ਕੇ ਰੋਇਆਜਿਹੜੀ ਕਸਰ ਰਹਿੰਦੀ ਸੀਉਹ ਅੱਜ ਬੇਬੇ ਮਰੀ ਤੋਂ ਰੋ ਕੇ ਪੂਰੀ ਕਰ ਲਈ ਅਤੇ ਭਰਿਆ ਮਨ ਹੌਲ਼ਾ ਕਰ ਲਿਆ ਸੀ

----

ਬੇਬੇ ਦੀ ਮਿੱਟੀ ਪਿੰਡ ਲਿਆਂਦੀ ਗਈਰਿਸ਼ਤੇਦਾਰਾਂ ਨੂੰ ਖ਼ਬਰ ਦਿੱਤੀ ਗਈਰਿਸ਼ਤੇਦਾਰ ਪਹੁੰਚਣ 'ਤੇ ਬੇਬੇ ਦਾ ਸਸਕਾਰ ਕਰ ਦਿੱਤਾ ਗਿਆਸਧਾਰਨ ਪਾਠ ਦਾ ਭੋਗ ਪਾਇਆ ਅਤੇ ਬੇਬੇ ਦੇ ਫ਼ੁੱਲ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਗਏਇਸ ਬਹਾਨੇ ਹਰਦੇਵ ਨੇ ਮਾਛੀਵਾੜੇ ਦੇ ਜੰਗਲ, ਸਰਸਾ ਨਦੀ, ਪ੍ਰੀਵਾਰ ਵਿਛੋੜਾ ਦੇ ਦਰਸ਼ਨ ਵੀ ਕਰ ਲਏਪੀਰ ਸਾਈਂ ਬੁੱਢਣ ਸ਼ਾਹ ਦੀ ਜਗਾਹ ਅਤੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਜਾ ਕੇ ਵੀ ਮੱਥਾ ਟੇਕਿਆ ਸੀ

ਬੇਬੇ ਦਾ ਸਾਰਾ ਕਿਰਿਆ ਕਰਮ ਅਤੇ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹਰਦੇਵ ਨੇ ਇਕ ਦਿਨ ਆਪਣੇ ਛੋਟੇ ਭਰਾ ਸੁਖਦੇਵ ਨੂੰ ਬੁਲਾਇਆ

-"ਦੇਖ ਛੋਟੇ ਭਾਈ! ਜਿੰਨੀ ਕੁ ਜੋਕਰਾ ਮੈਂ ਸੀ-ਕੋਈ ਕਸਰ ਬਾਕੀ ਨਹੀਂ ਛੱਡੀ! ਜਿੰਨਾ ਮੈਥੋਂ ਹੋਇਆ-ਮੈਂ ਕਰਦਾ ਰਿਹਾ! ਮੈਂ ਚੱਲਿਐਂ ਇੰਗਲੈਂਡ ਵਾਪਸ! ਹੁਣ ਤੂੰ ਇਉਂ ਕਰੀਂ! ਖੇਤ ਵਾਲ਼ਾ ਘਰ ਤੇਰਾ...! ਤੇ ਆਹ ਅੰਦਰਲਾ ਘਰ ਮੇਰਾ! ਠੀਕ ਐ...? ਕਦੇ ਲੋੜ ਪਵੇ ਤਾਂ ਬਾਈ ਨੂੰ ਜ਼ਰੂਰ ਯਾਦ ਕਰੀਂ, ਹਾਜ਼ਰ ਹੋਊਂਗਾ! ਪਰ ਆਹ ਮੇਰੇ ਆਲ਼ਾ ਘਰ ਜਿਵੇਂ ਵੀ ਹੈ-ਇਹਨੂੰ ਇਵੇਂ ਹੀ ਰਹਿਣ ਦੇਈਂ! ਇਹਨੂੰ ਨਾ ਛੇੜੀਂ! ਇਸ ਘਰ ਨਾਲ਼ ਮੇਰੀ ਜ਼ਿੰਦਗੀ ਦੀਆਂ ਵੱਡਮੁੱਲੀਆਂ ਯਾਦਾਂ ਜੁੜੀਆਂ ਹੋਈਐਂ...! ਇਹਨੂੰ ਮੈਂ ਜਿੰਦਰਾ ਲਾ ਚੱਲਿਐਂ-ਚਾਬੀ ਮੈਂ ਆਬਦੇ ਨਾਲ਼ ਲੈ ਜਾਨੈਂ! ਜੇ ਐਸ ਘਰ ਵਿਚ ਤੇਰੀ ਕੋਈ ਚੀਜ ਵਸਤ ਹੈ-ਤਾਂ ਅੱਜ ਈ ਲੈ ਜਾਹ! ਮੁੜ ਕੇ ਮੇਰਾ ਨਿੱਕਾ ਵੀਰ ਬਣਕੇ ਜਿੰਦਰਾ ਨਾ ਭੰਨੀਂ...! ਤੇ ਨਾ ਈਂ ਕਿਸੇ ਨੂੰ ਭੰਨਣ ਦੇਈਂ! ਇਹ ਮੇਰੀ ਹਦਾਇਤ ਸਮਝਲਾ-ਨਸੀਹਤ ਸਮਝਲਾ-ਬੇਨਤੀ ਸਮਝਲਾ! ਮੈਂ ਸਾਲ ਨੂੰ ਮੁੜਾਂ-ਤੇ ਚਾਹੇ ਵੀਹਾਂ ਸਾਲਾਂ ਨੂੰ ਮੁੜਾਂ! ਇਹ ਜਿੰਦਰਾ ਮੈਂ ਆਪੇ ਆ ਕੇ ਖੋਲੂੰ-ਇਹਨੂੰ ਕੋਈ ਨਾ ਖੋਲ੍ਹੇ! ਪਰ ਇਸ ਘਰ ਦਾ ਤੂੰ ਖਿਆਲ ਜਰੂਰ ਰੱਖੀਂ! ਪਰ ਬਾਹਰੋ ਬਾਹਰ...!" ਹਰਦੇਵ ਨੇ ਸੁਖਦੇਵ ਨੂੰ ਸੁਣਾਈ ਕੀਤੀ

-"ਤੂੰ ਬਾਈ ਹੁਣ ਆਵੇਂਗਾ ਕਦੋਂ?" ਸੁਖਦੇਵ ਦਾ ਵੀ ਮਨ ਭੈੜਾ ਹੋ ਗਿਆ

-"ਵਾਹਿਗੁਰੂ ਜਾਣੇ ਨਿੱਕਿਆ...! ਹੋ ਸਕਦੈ ਮੇਰੇ ਫ਼ੁੱਲ ਈ ਆਉਣ, ਮੈਂ ਨਾ ਆਵਾਂ? ਤੇ ਹੋ ਸਕਦੈ-ਮੇਰੇ ਫ਼ੁੱਲ ਵੀ ਨਾ ਆਉਣ...? ਪਰ ਤੂੰ ਚਿੰਤਾ ਨਾ ਕਰੀਂ...! ਜਿੰਨਾਂ ਚਿਰ ਮੈਂ ਜਿਉਨੈਂ-ਤੈਨੂੰ ਪਿੱਛਾ ਨਹੀਂ ਦਿੰਦਾ! ਮੈਨੂੰ ਚਿੱਠੀ ਪੱਤਰ ਜ਼ਰੂਰ ਪਾਉਂਦਾ ਰਹੀਂ! ਤੇ ਇਕ ਗੱਲ ਹੋਰ ਯਾਦ ਰੱਖੀਂ...!"

-"......।" ਸੁਖਦੇਵ ਨੇ ਸਿਰ ਉਪਰ ਚੁੱਕਿਆਉਸ ਦਾ ਮਨ ਭਰਿਆ ਹੋਇਆ ਸੀ

-"ਆਹ ਗੱਲ ਮੇਰੀ ਧਿਆਨ ਦੇ ਕੇ ਸੁਣੀਂ! ਬਾਪੂ ਦੀ ਕੁਲ਼ ਹਰੀ ਰੱਖਣੀਂ ਐਂ-ਦੋ ਚਾਰ ਮੁੰਡੇ ਦੱਬ ਕੇ ਬਣਾਈਂ...! ਤੈਨੂੰ ਹੁਣ ਮੇਰਾ ਤਾਂ ਪਤਾ ਈ ਐ-ਵਿਆਹ ਕਰਵਾਵਾਂ-ਨਾ ਕਰਵਾਵਾਂ...? ਮੈਂ ਸੰਜੋਗ ਵਿਜੋਗ ਦੇ ਬਥੇਰੇ ਰੰਗ ਦੇਖ ਲਏ ਐ! ਕਾਠ ਦੀ ਹੱਡੀ ਛੋਟਿਆ ਵਾਰ ਵਾਰ ਨ੍ਹੀ ਚੜ੍ਹਦੀ-ਛੋਟੀ ਭਰਜਾਈ ਨਾਲ਼ ਬਣਾ ਕੇ ਰੱਖੀਂ-ਲੜੀਂ ਜਮਾਂ ਨਾ...! ਲੜਾਈ 'ਚ ਕੁਛ ਨ੍ਹੀ ਰੱਖਿਆ ਨਿੱਕਿਆ! ਰਲ਼ ਮਿਲ਼ ਕੇ ਰਿਹੋ! ਲੜਾਈਆਂ ਭੜਾਈਆਂ 'ਚੋਂ ਕੁਛ ਨਹੀਂ ਨਿਕਲਦਾ! ਆਹ ਦੇਖ ਲੈ! ਤੇਰੇ ਸਾਹਮਣੇ ਈ ਐਂ? ਦੋ ਵਿਆਹ ਕਰਵਾਕੇ ਵੀ ਬੋਤੇ ਦੀ ਪੂਛ ਅਰਗਾ ਲੰਡਾ ਈ ਫਿਰਦੈਂ! ਪਰ ਮੇਰੀ ਇਕ ਗੱਲ ਨਾ ਭੁੱਲੀਂ...! ਆਪਾਂ ਸਾਰਾ ਟੱਬਰ ਔਤ ਈ ਨਾ ਮਰ ਜਾਈਏ!"

-"ਤੂੰ ਫਿਕਰ ਨਾ ਕਰ ਬਾਈ...! ਰੱਬ ਭਲੀ ਕਰੂਗਾ! ਮੈਂ ਆਪਣੇ ਪ੍ਰੀਵਾਰ ਦੇ ਗਰੀਬੀ-ਅਮੀਰੀ, ਦੋਨਾਂ ਦੇ ਹਾਲਾਤਾਂ ਤੋਂ ਬੜੇ ਸਬਕ ਸਿੱਖੇ ਐ! ਜ਼ਿੰਦਗੀ ਭਰ ਮਾਰ ਨ੍ਹੀ ਖਾਂਦਾ!" ਸੁਖਦੇਵ ਬਾਈ ਦੀ ਹਿੱਕ ਨਾਲ਼ ਚਿੰਬੜ ਗਿਆਬੱਚੇ ਵਾਂਗ...! ਹਰਦੇਵ ਉਸ ਨੂੰ ਕੁੱਛੜ ਚੁੱਕ ਕੇ ਤਾਂ ਖਿਡਾਉਂਦਾ ਰਿਹਾ ਸੀ

ਹਰਦੇਵ ਨੇ ਆਪਣੇ ਪਿੰਡ ਵਾਲ਼ੇ ਘਰ ਨੂੰ ਜਿੰਦਰਾ ਮਾਰਿਆ ਅਤੇ ਫਿਰ ਇੰਗਲੈਂਡ ਆ ਗਿਆ ਸੀਉਸੇ ਕੋਹਲੂ ਗੇੜ ਵਿਚ!

*************

ਸਤਾਈਵਾਂ ਕਾਂਡ ਸਮਾਪਤ - ਅਗਲੇ ਦੀ ਉਡੀਕ ਕਰੋ।


Thursday, August 13, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 26

ਸ਼ਾਮ ਦਾ ਵੇਲ਼ਾ ਸੀ

ਹਰਦੇਵ ਅਜੇ ਕੰਮ ਤੋਂ ਆਇਆ ਹੀ ਸੀਫ਼ੋਨ ਖੜਕ ਪਿਆਉਸ ਦਾ ਦਿਲ ਕਰਦਾ ਸੀ ਕਿ ਫ਼ੋਨ ਨੂੰ ਚਲਾ ਕੇ ਮਾਰੇਉਸ ਦਾ ਦਿਲ ਕਿਸੇ ਨਾਲ਼ ਗੱਲ ਕਰਨ ਨੂੰ ਨਹੀਂ ਕਰਦਾ ਸੀਦੀਪ ਆਪਣੇ ਕੱਪੜੇ ਲੱਤੇ ਚੁੱਕ ਕੇ ਸੁਮੀਤ ਨਾਲ਼ ਕੈਨੇਡਾ, ਪਤਾ ਨਹੀਂ ਅਮਰੀਕਾ ਚਲੀ ਗਈ ਸੀਹਰਦੇਵ ਨੇ ਆਪਣੇ ਵਕੀਲ ਕੋਲੋਂ ਤਲਾਕ ਦੇ ਕਾਗਜ਼ ਲੈ ਆਂਦੇ ਸਨਦੀਪ ਨੇ ਕਿਹਾ ਸੀ ਕਿ ਜਦੋਂ ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਿਸ ਪਰਤੇਗੀ ਤਾਂ ਦਸਤਖ਼ਤ ਕਰ ਦੇਵੇਗੀਪਰ ਪਹਿਲਾਂ ਉਸ ਨੇ ਆਪਣੇ ਪਾਪਾ ਜੀ ਤੋਂ ਕੋਈ ਸਲਾਹ ਲੈਣੀ ਸੀਹਰਦੇਵ ਨੇ ਚੁੱਪ ਚਾਪ ਕਾਗਜ਼ ਫ਼ੋਨ ਕੋਲ਼ ਰੱਖ ਦਿੱਤੇ ਸਨ

ਜਦੋਂ ਫ਼ੋਨ ਦੀ ਘੰਟੀ ਨਾ ਹੀ ਵੱਜਣੋਂ ਹਟੀ ਤਾਂ ਉਸ ਨੇ ਖਿਝ ਕੇ ਫ਼ੋਨ ਚੁੱਕ ਲਿਆ

ਫ਼ੋਨ 'ਤੇ ਛੋਟਾ ਭਾਈ ਸੁਖਦੇਵ ਸੀ!

-"ਹੈਲੋ...! ਹਾਂ ਹਰਦੇਵ ਵੀਰੇ...! ਆਹ ਲੈ ਬਾਪੂ ਜੀ ਨਾਲ਼ ਗੱਲ ਕਰਲੈ...!" ਉਸ ਨੇ ਅੱਗੇ ਬਾਪੂ ਨੂੰ ਫ਼ੋਨ ਫੜਾਇਆ ਤਾਂ ਬਾਪੂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ

-"ਹਾਂ ਬਾਪੂ ਜੀ? ਸਾਸਰੀਕਾਲ!"

-"ਸਾਸਰੀਕਾਲ ਪੁੱਤ! ਤੂੰ ਦੀਪ ਨਾਲ਼ ਕੋਈ ਤਲਾਕ ਦਾ ਮਸਲਾ ਵਿੱਢਿਐ?"

-"ਆਹੋ ਬਾਪੂ ਜੀ! ਮੈਂ ਤਾਂ ਨ੍ਹੀ ਵਿੱਢਿਆ-ਪਰ ਉਹਦੇ ਵਸਣ ਦੇ ਇਰਾਦੇ ਨਹੀਂ-ਉਹ ਕਿਸੇ ਲੰਡਰ ਜੇ ਮੁੰਡੇ ਨੂੰ ਨਾਲ਼ ਲੈ ਕੇ ਕੈਨੇਡਾ ਨੂੰ ਜਹਾਜ ਚੜ੍ਹਗੀ ਐ!"

-"ਤੂੰ ਗੋਲ਼ੀ ਮਾਰ ਪੁੱਤ ਦੀਪ ਨੂੰ! ਉਹਦੇ ਤਸੀਲਦਾਰ ਪਿਉ ਨੇ ਤਾਂ ਸਾਡੇ ਨੱਕ 'ਚ ਨਕੇਲ ਪਾਉਣੀਂ ਕੀਤੀ ਐ!"

-"ਕਾਹਤੋਂ?"

-"ਉਹ ਕਹਿੰਦੈ ਬਈ ਹਰਦੇਵ ਦੇ ਹਿੱਸੇ ਦੀ ਅੱਧੀ ਜ਼ਮੀਨ ਦੀਪ ਦੇ ਨਾਂ ਕਰਵਾਵੋ-ਫੇਰ ਤਲਾਕ ਮਿਲੂਗਾ!"

-"ਬਾਪੂ ਜੀ! ਦੇਕੇ ਫ਼ਾਹਾ ਵੱਢੋ! ਬਥੇਰੀ ਜ਼ਮੀਨ ਬਣਾ ਲਵਾਂਗੇ! ਤੁਸੀਂ ਇਹ ਬਦਚਲਣ ਔਰਤ ਮੇਰੇ ਮਗਰੋਂ ਲਾਹੋ! ਤਸੀਲਦਾਰ ਜਿਹੜਾ ਕੁਛ ਮੰਗਦੈ-ਦੇ ਕੇ ਮੱਥਾ ਡੰਮ੍ਹ ਦਿਓ! ਪਰ ਕਿਰਪਾ ਕਰਕੇ ਇਸ ਡੈਣ ਤੋਂ ਮੇਰਾ ਪਿੱਛਾ ਛੁਡਾਓ! ਜੋ ਮੰਗਦੈ-ਬੱਸ ਦੇ ਦਿਓ!"

ਬਾਪੂ ਨੇ ਫ਼ੋਨ ਰੱਖ ਦਿੱਤਾ

----

ਹਰਦੇਵ ਵੀ ਫ਼ੋਨ ਰੱਖ ਕੇ ਉਚੀ-ਉਚੀ ਰੋ ਪਿਆ

ਸੱਤ ਏਕੜ ਜ਼ਮੀਨ ਹਰਦੇਵ ਨੂੰ ਵੰਡੀ ਹੋਈ ਆਉਂਦੀ ਸੀਸਾਢੇ ਤਿੰਨ ਏਕੜ ਜ਼ਮੀਨ ਜਾਗਰ ਸਿੰਘ ਨੇ ਦੀਪ ਦੇ ਨਾਂ ਕਰ ਦਿੱਤੀ ਅਤੇ ਕਾਗਜ਼ ਤਸੀਲਦਾਰ ਦੇ ਹੱਥ ਜਾ ਫੜਾਏਤਸੀਲਦਾਰ ਨੇ ਕਾਗਜ਼ ਪੜ੍ਹ ਕੇ ਉਸ ਨੂੰ ਜਾਣ ਲਈ ਹੱਥ ਚੁੱਕ ਦਿੱਤਾ ਸੀਬਾਪੂ ਟੱਪਰੀਵਾਸਾਂ ਵਾਂਗ ਹੱਥ ਜੋੜੀ ਮੁੜ ਆਇਆ ਸੀਨਾਲ਼ੇ ਜ਼ਮੀਨ ਦਿੱਤੀ ਸੀਨਾਲ਼ੇ ਧੌਂਸਾਂ ਸਹੀਆਂ ਸਨਰੰਨ ਗਈ ਨਾਲ਼ੇ ਕੰਨ ਪਾਟੇ ਵਾਲ਼ੀ ਗੱਲ ਹੋਈ ਸੀਪਰ ਹੱਥ ਕੁਝ ਵੀ ਨਹੀਂ ਆਇਆ ਸੀ

ਜ਼ਮੀਨ ਦੇ ਕਾਗਜ਼ ਦੇ ਕੇ ਜਾਗਰ ਸਿੰਘ ਘਰ ਆ ਗਿਆਜਦ ਭਜਨੋ ਨੇ ਉਸ ਨੂੰ ਪਾਣੀ ਫੜਾਇਆ ਤਾਂ ਉਹ ਪਾਣੀ ਪੀਣ ਲੱਗਿਆ ਬੈਠਾ ਹੀ ਮੰਜੇ 'ਤੇ ਲੁੜਕ ਗਿਆਭਜਨੋ ਨੇ ਚੀਕ ਮਾਰੀਸੁਖਦੇਵ ਡਾਕਟਰ ਨੂੰ ਲੈਣ ਭੱਜ ਗਿਆਜਦੋਂ ਡਾਕਟਰ ਨੇ ਆ ਕੇ ਟੂਟੀ ਜਿਹੀ ਲਾ ਕੇ ਦੇਖਿਆ ਤਾਂ ਡਾਕਟਰ ਸਿਰ ਫ਼ੇਰ ਗਿਆਬਾਪੂ ਪੂਰਾ ਹੋ ਚੁੱਕਾ ਸੀ

----

ਘਰ ਵਿਚ ਰੋਣ ਪਿੱਟਣ ਪੈ ਗਿਆ

ਹਰਦੇਵ ਨੂੰ ਫ਼ੋਨ ਕੀਤਾ ਗਿਆਹਰਦੇਵ ਦਾ ਕਿਸੇ ਦੇ ਘਰੇ ਕੰਮ ਚਲਦਾ ਸੀਉਸ ਕੰਮ ਨੂੰ ਛੱਡ ਕੇ ਉਹ ਆ ਨਹੀਂ ਸਕਦਾ ਸੀਦੂਜਾ ਦੀਪ ਨਾਲ਼ ਤਲਾਕ ਦਾ ਮਸਲਾ ਅਜੇ ਵਿਚੇ ਹੀ ਸੀਜੇ ਦੀਪ ਤੋਂ ਹੁਣ ਦਸਤਖ਼ਤ ਨਾ ਕਰਵਾਏ, ਹੋ ਸਕਦੈ ਇੰਡੀਆ ਜਾ ਕੇ ਮੁੱਕਰ ਹੀ ਜਾਵੇ? ਜੇ ਕੰਮ ਛੱਡ ਦਿੱਤਾ, ਤਾਂ ਮਕਾਨ ਦੀ ਮੌਰਗੇਜ਼ ਅਤੇ ਕੌਂਸਲ ਟੈਕਸ ਕਿੱਥੋਂ ਭਰਾਂਗਾ? ਬੈਂਕ ਵਾਲ਼ਿਆਂ ਨੇ ਤਾਂ ਮਕਾਨ ਆ ਦੱਬਣਾ ਸੀ? ਉਹ ਕਈ ਮਸਲਿਆਂ ਵਿਚ ਉਲਝਿਆ ਪਿਆ ਸੀ

ਉਸ ਨੇ ਛੋਟੇ ਭਰਾ ਸੁਖਦੇਵ ਨੂੰ ਬਾਪੂ ਦਾ ਸਸਕਾਰ ਕਰਨ ਵਾਸਤੇ ਆਖ ਦਿੱਤਾ

ਰਿਸ਼ਤੇਦਾਰਾਂ ਨੇ ਹਰਦੇਵ ਦੇ ਨਾ ਪਹੁੰਚਣ ਦਾ ਬੜਾ ਦੁੱਖ ਮੰਨਿਆਂਪਰ ਹਰਦੇਵ ਦੀ ਕਿਸੇ ਵੀ ਮਜਬੂਰੀ ਨੂੰ ਸਮਝਣ ਦੀ ਕਿਸੇ ਨੇ ਕੋਈ ਕੋਸ਼ਿਸ਼ ਨਾ ਕੀਤੀਦੁੱਖਾਂ ਸੁੱਖਾਂ ਵਿਚ ਭਾਈਵਾਲ਼ ਬਾਪੂ ਜਹਾਨ ਨੂੰ 'ਝਾਤ' ਆਖ ਕੇ ਕੂਚ ਕਰ ਗਿਆ ਸੀਪਿੱਛੇ ਰਹਿ ਗਿਆ ਸੀ ਹਰਦੇਵ! ਦਸੌਂਟੇ ਕੱਟਣ ਲਈ...! ਦੁੱਖ ਭਰਨ ਲਈ ਅਤੇ ਆਪਣੇ ਕੀਤੇ ਦਾ ਲੇਖਾ ਜੋਖਾ ਪੂਰਾ ਕਰਨ ਲਈ! ਉਹ ਦਾਰੂ ਪੀ ਕੇ, ਬਾਪੂ ਨੂੰ ਰੱਜ ਕੇ ਰੋਇਆ

ਅਗਲੇ ਦਿਨ ਉਹ ਕੰਮ 'ਤੇ ਨਾ ਗਿਆ

ਸਾਰੇ ਭਾਈਬੰਦ ਵੀ ਉਸ ਦਾ ਦੁੱਖ ਸਮਝਦੇ ਸਨਸਾਰਿਆਂ ਨੇ ਬਾਪੂ ਦੇ ਅਫ਼ਸੋਸ ਵਿਚ ਛੁੱਟੀ ਕਰ ਲਈ

----

ਦੁਪਿਹਰ ਤੱਕ ਉਹ ਘਰ ਹੀ ਬੈਠਾ ਰਿਹਾਮੌਸਮ ਸੁਹਾਵਣਾ ਸੀਪਰ ਹਰਦੇਵ ਦੇ ਮਨ ਦਾ ਮੌਸਮ ਖ਼ੁਸ਼ਕ ਸੀ! ਉਹ ਚੁੱਪ ਚਾਪ ਲੰਡਨ ਪਾਰਕ ਨੂੰ ਤੁਰ ਪਿਆਅੱਜ ਉਹ ਬੜੇ ਚਿਰਾਂ ਬਾਅਦ ਪਾਰਕ ਜਾ ਰਿਹਾ ਸੀ

ਲੰਡਨ ਪਾਰਕ ਵਿਚ ਬਸੰਤ ਭਲਵਾਨ ਹੋਰਾਂ ਦੀ ਮਹਿਫ਼ਲ ਜੰਮੀ ਬੈਠੀ ਸੀ

ਅਚਾਨਕ ਫ਼ੌਜੀ ਪੈਰਾਂ ਹੇਠੋਂ ਮਿੱਟੀ ਕੱਢਦਾ ਭੂਤ ਵਾਂਗ ਆ ਵੱਜਿਆਹੱਥ ਵਿਚ ਬੀਅਰ ਦੇ ਡੱਬੇ ਉਸ ਨੇ ਜੁਆਕ ਵਾਂਗ ਚੁੱਕੇ ਹੋਏ ਸਨਇਕ ਵੱਖ ਝੋਲੇ ਵਿਚ ਕੋਕ ਅਤੇ ਬੋਤਲ ਪਾਈ ਹੋਈ ਸੀਸਾਰੇ ਉਸ ਵੱਲ ਦੇਖ ਕੇ ਹੈਰਾਨ ਰਹਿ ਗਏ ਕਿ ਸ਼ਾਂਤਮਈ ਫ਼ੌਜੀ ਅੱਜ ਸਾਹਣ ਵਾਂਗ ਖੁਰਗੋ ਕਿਉਂ ਪੱਟੀ ਜਾ ਰਿਹਾ ਸੀ? ਉਹ ਝਿਰਖੀ ਪਏ ਤਵੇ ਵਾਂਗ ਇੱਕੋ ਮਸਲੇ ਨੂੰ ਹੀ ਵਾਰ-ਵਾਰ ਰਿੜਕੀ ਜਾ ਰਿਹਾ ਸੀ, "ਬੱਸ ਬਾਈ...! ਹੁਣ ਬਸੇਬਾ ਮੁਸ਼ਕਲ ਐ-ਬੱਸ ਹੁਣ ਤਲਾਕ ਦੇ ਦੇਣੈਂ...!" ਫ਼ੌਜੀ ਨੇ ਦੁਹਾਈ ਦਿੱਤੀਹਰਦੇਵ ਸੋਚ ਰਿਹਾ ਸੀ ਕਿ ਇਸ ਚੰਦਰੇ ਤਲਾਕ ਦਾ ਮਸਲਾ ਘਰ-ਘਰ ਅੱਗ ਵਾਂਗ ਮੱਚਦਾ ਸੀ!

-"ਕੀ ਗੱਲ ਹੋਗੀ ਫ਼ੌਜੀਆ...? ਅੱਜ ਬਾਹਲ਼ਾ ਈ ਪਾਰਾ ਖ਼ਤਰੇ ਆਲ਼ੀ ਸੂਈ 'ਤੇ ਕਰੀ ਫਿਰਦੈਂ?" ਸੁੱਖੇ ਘੈਂਟ ਨੇ ਬੀਅਰ ਦੀ ਘੁੱਟ ਮਾਰਦਿਆਂ ਪੁੱਛਿਆ

-"ਬੱਸ ਸੁੱਖਿਆ! ਸੌ ਹੱਥ ਰੱਸਾ ਸਿਰੇ 'ਤੇ ਗੰਢ-ਤੈਨੂੰ ਆਖਤਾ ਬਈ ਹੁਣ ਬਸੇਬਾ ਮੁਸ਼ਕਲ ਐ-ਹੁਣ ਇਕ ਪਾਸਾ ਕਰ ਕੇ ਰਹਿਣੈਂ! ਹੁਣ ਜਾਂ ਟਾਂਡਿਆਂ ਆਲ਼ੀ ਤੇ ਜਾਂ ਭਾਂਡਿਆਂ ਆਲ਼ੀ...!" ਫ਼ੌਜੀ ਮੁੜ੍ਹਕੋ ਮੁੜ੍ਹਕੀ ਹੋਇਆ ਪਿਆ ਸੀ

-"ਮੂਲੋਂ ਈ ਅੱਕਲ਼ਕਾਨ ਹੋਇਆ ਪਿਐਂ-ਕੋਈ ਗੱਲ ਤਾਂ ਦੱਸ?" ਤਰੇਲੋ ਤਰੇਲੀ ਹੋਏ ਫ਼ੌਜੀ ਨੂੰ ਸੈਦੋ ਵਾਲੇ ਬਸੰਤ ਭਲਵਾਨ ਨੇ ਪੁੱਛਿਆ

-"ਭਲਵਾਨਾ, ਅੱਜ ਦੀਆਂ ਤੀਮੀਆਂ ਐਡੀਆਂ ਭੈਣ ਦੇਣੀਐਂ-ਬੱਸ ਪੁੱਛ ਨਾ...!"

-"ਕੋਈ ਸੱਪ ਵੀ ਕੱਢੇਂਗਾ...? ਜਾਂ ਬੀਨ ਈ ਬਜਾਈ ਜਾਵੇਂਗਾ?" ਅਜਮੇਰ ਬਾਬਾ ਬੋਲਿਆ

-"ਆਹ ਯਾਰ ਜਿਹੜੀ ਮੇਰੀ ਘਰਾਂਆਲੀ ਐ ਨ੍ਹਾ? ਮੈਂ ਉਹਤੋਂ ਬੜਾ ਦੁਖੀ ਹੋਇਆ ਪਿਐਂ-ਪਹਿਲਾਂ ਸਾਲੀ ਅੱਖ 'ਚ ਪਾਈ ਨ੍ਹੀ ਸੀ ਰੜਕਦੀ...! ਹੁਣ ਆਨੇ ਕੱਢਦੀ ਐ!" ਫ਼ੌਜੀ ਨੇ ਤੋੜਾ ਝਾੜਿਆ

-"ਘਰਾਂ 'ਚ ਵੀਹ ਗੱਲਾਂ ਹੋ ਜਾਂਦੀਐਂ-ਜਿਗਰਾ ਰੱਖੀਦੈ!" ਕਾਮਰੇਡ ਨੇ ਬਲ਼ਦੀ 'ਤੇ ਪਾਣੀ ਛਿੜਕਿਆ

-"ਦੋ ਭਾਂਡੇ ਤਾਂ ਖੜਕਦੇ ਈ ਰਹਿੰਦੇ ਐ।" ਬਾਈ ਅਜੀਤ ਸਿੰਘ ਬਰਾੜ ਬੋਲਿਆ

-"ਯਾਰ ਦੋ ਭਾਂਡੇ ਵੀ ਜੇ ਬਰਾਬਰ ਦੇ ਹੋਣ ਤਾਂ ਈ ਚੰਗੇ ਲੱਗਦੇ ਐ-ਜੇ ਕੌਲੀ 'ਚ ਪਰਾਂਤ ਠਾਹ ਠਾਹ ਵੱਜੂ-ਦੱਸੋ ਕਿੱਥੇ ਬਸੇਬਾ ਹੋਊ?" ਫ਼ੌਜੀ ਗੱਲ ਦੇ ਨੇੜੇ ਹੋਇਆ

-"ਕੁਝ ਸਮਝਾਵੇਂਗਾ-ਤਾਂ ਈ ਸਮਝ ਆਊ-ਜੇ ਆਸੇ ਪਾਸੇ ਈ ਫ਼ੈਰ ਦਾਗੀ ਜਾਵੇਂਗਾ-ਕੋਈ ਫ਼ਾਇਦਾ ਨ੍ਹੀ!" ਬਸੰਤ ਭਲਵਾਨ ਨੇ ਆਖਿਆਉਸ ਨੂੰ ਫ਼ੌਜੀ ਦੇ ਦੁੱਖ ਦਾ ਕੋਈ ਲੱਲ ਨਹੀਂ ਲੱਗ ਰਿਹਾ ਸੀ

-"ਯਾਰ ਕੀ ਦੱਸਾਂ...? ਆਹ ਬਾਬਾ ਨ੍ਹੀ ਸੀ ਇੰਗਲੈਂਡ ਆਇਆ, ਜੋਗਾ ਕਰਵਾਉਣ ਆਲਾ?"

-"ਜੋਗਾ ਨ੍ਹੀ-ਯੋਗਾ ਆਖ...!" ਕਾਮਰੇਡ ਨੇ ਕਿਹਾ

-"ਚਾਹੇ ਕੁਛ ਆਖਲੈ! ਆਇਆ ਸੀ ਨ੍ਹਾਂ...?"

-"ਆਹੋ...! ਫੇਰ ਕੀ ਹੋਇਆ? ਉਹ ਤਾਂ ਲੋਕਾਂ ਨੂੰ ਸਿੱਧੇ ਰਸਤੇ ਈ ਪਾਉਂਦੈ-ਯੋਗੇ ਰਾਹੀਂ ਰੋਗ ਦੂਰ ਕਰਨ ਦੀ ਵਿਧੀ ਦੱਸਦੈ-ਕੋਈ ਮਾੜੀ ਗੱਲ ਤਾਂ ਨ੍ਹੀ ਕਰਦਾ!" ਕਾਮਰੇਡ ਨੇ ਸਿਆਣਪ ਮੂਜਵ ਮੱਤ ਦਿੱਤੀ

-"ਯਾਰ ਜਿੱਦੇਂ ਦੀ ਮੇਰੇ ਘਰਾਂਆਲ਼ੀ ਉਹਦਾ ਸ਼ੋਅ ਜਿਆ ਦੇਖ ਕੇ ਆਈ ਐ-ਮੈਨੂੰ ਮੈਦ ਐ ਉਹ ਤਾਂ ਕਮਲ਼ੀ ਹੋਗੀ! ਉਹਦੇ ਡਮਾਕ 'ਚ ਫ਼ਰਕ ਪੈ ਗਿਆ...!" ਫ਼ੌਜੀ ਨੇ ਲੰਮਾ ਸਾਹ ਲੈਂਦਿਆਂ ਪੂਰੇ ਤੰਤ ਨਾਲ ਦੱਸਿਆ

-"ਯੋਗੇ ਨਾਲ ਦਿਮਾਗ 'ਚ ਫ਼ਰਕ? ਕੀ, ਹੋ ਕੀ ਗਿਆ...?" ਬਸੰਤ ਭਲਵਾਨ ਦਾ ਮੂੰਹ ਅੱਡਿਆ ਗਿਆ

-"ਲੈ ਸੁਣ ਫੇਰ...!" ਫ਼ੌਜੀ ਨੇ ਭਲਵਾਨ ਦੇ ਪੱਟ 'ਤੇ ਧੱਫ਼ੀ ਜਿਹੀ ਮਾਰਦਿਆਂ ਆਖਣਾ ਸ਼ੁਰੂ ਕੀਤਾ

-"ਸਾਰਾ ਫਿੱਟਣੀਆਂ ਦਾ ਫ਼ੇਟ ਤਾਂ ਬਾਈ ਟੁੰਡਾ ਐ!"

-"ਕਿਹੜਾ ਬਾਈ ਟੁੰਡਾ...?"

-"ਆਹ ਪੰਜਗਰਾਈਆਂ ਆਲ਼ਾ...!"

-"ਕਾਹਤੋਂ...?"

-"ਉਹ ਮੇਰੇ ਘਰਾਂਆਲੀ ਨੂੰ ਕਹਿੰਦਾ ਅਖੇ ਚੱਲ ਜੋਗੇ ਆਲ਼ੇ ਬਾਬੇ ਨੇ ਆਉਣੈਂ-ਤੇ ਚੱਲ ਤੂੰ ਵੀ ਦਰਸ਼ਣ ਕਰ ਆਈਂ-ਅਖੇ ਸਾਰੀਆਂ ਬਿਮਾਰੀਆਂ ਚੱਕੀਆਂ ਜਾਣਗੀਆਂ! ਅਖੇ ਚੱਕਦੂ ਅੱਖਾਂ ਦੀ ਲਾਲੀ...!"

-"........।"

-"ਸੱਤਰ ਪੌਂਡ ਦੀ ਲਈ ਟਿਗਟ-ਸੱਤਰ ਪੌਂਡ ਸਾਲੇ ਸਾਨੂੰ ਹਫ਼ਤੇ 'ਚ ਮਸਾਂ ਬਚਦੇ ਐ! ਖ਼ੈਰ, ਪੂਰਾ ਹਫ਼ਤਾ ਜੋਗਾ ਕਰਨ ਜਾਂਦੇ ਰਹੇ-ਮੈਨੂੰ ਪਤਾ ਨਾ ਬਈ ਉਹ ਉਥੇ ਕਰਵਾਉਂਦੇ ਕੀ ਐ? ਤੈਨੂੰ ਪਤੈ ਬਈ ਮੈਂ ਸਵੇਰੇ ਛੇ ਵਜੇ ਕੰਮ 'ਤੇ ਨਿਕਲ ਜਾਨੈਂ-ਤੇ ਰੱਬ ਤੇਰਾ ਭਲਾ ਕਰੇ-ਰਾਤ ਨੂੰ ਅੱਠ ਨੌਂ ਵਜੇ ਘਰੇ ਵੜਦੈਂ-।"

-"ਆਹੋ! ਉਹ ਤਾਂ ਪਤੈ ਬਾਈ...!" ਭਲਵਾਨ ਨੇ ਲਮਕਾ ਕੇ ਜਿਹੇ ਕਿਹਾ

-"ਇਕ ਦਿਨ ਕੀ ਹੋਇਆ...? ਮੀਂਹ ਪੈਣ ਲੱਗ ਪਿਆ-ਅਸੀਂ ਕੰਕਰੀਟ ਪਾਉਣਾ ਸੀ-ਮੈਂ ਕੰਮ ਅਗਲੇ ਦਿਨ 'ਤੇ ਛੱਡ ਕੇ ਆਥਣੇ ਚਾਰ ਕੁ ਵਜੇ ਈ ਘਰੇ ਆ ਗਿਆ-ਜਦੋਂ ਮੈਂ ਆ ਕੇ ਦਰਵਾਜਾ ਖੋਲ੍ਹਿਆ-ਤਾਂ ਉਹ ਤਾਂ ਭਾਈ ਸਿਟਿੰਗ ਰੂਮ 'ਚ ਸਮਾਧੀ ਜੀ ਲਾਈ ਬੈਠੀ ਤੇ ਢਿੱਡ ਜਿਆ ਘੁੰਮਾਈ ਜਾਵੇ! ਮਛਕ ਮਾਂਗੂੰ ਢਿੱਡ ਕਦੇ ਅੰਦਰ ਨੂੰ-ਕਦੇ ਬਾਹਰ ਨੂੰ! ਨਾਲੇ ਭੂਤਰੀ ਬਾਂਦਰੀ ਮਾਂਗੂੰ ਲੰਮੇ ਲੰਮੇ ਸਾਹ ਜੇ ਲਈ ਜਾਵੇ! ਮੈਂ ਸੋਚਾਂ ਬਈ ਇਹ ਸਾਲੀ ਕਰੀ ਕੀ ਜਾਂਦੀ ਐ...? ਇਹਨੂੰ ਹੋ ਕੀ ਗਿਆ...? ਮੈਂ ਤਾਂ ਭਾਈ ਡਰ ਗਿਆ ਬਈ ਕਿਤੇ ਸਾਲੀ ਨੂੰ ਕੋਈ ਭੂਤ-ਪ੍ਰੇਤ ਨਾ ਆ ਚੁੰਬੜਿਆ ਹੋਵੇ? ਪਰ ਫੇਰ ਸੋਚਿਆ ਬਈ ਇਹਦੇ ਕੋਲੇ ਕਿਸੇ ਭੂਤ-ਪ੍ਰੇਤ ਨੇ ਆ ਕੇ ਮਰਨੈਂ? ਇਹ ਤਾਂ ਸਾਲੀ ਆਪ ਕੱਚੀ ਕਚੀਲ੍ਹ ਜਿੰਨ ਅਰਗੀ ਐ! ਮੈਂ ਬੁਲਾਵਾਂ, ਸਾਲੀ ਬੋਲੇ ਨਾ! ਬੁੱਲ੍ਹਾਂ 'ਤੇ ਉਂਗਲ ਰੱਖ ਕੇ ਸਾਲੀ 'ਛੀਅ-ਛੀਅ' ਜੀ ਕਰੀ ਜਾਵੇ-ਜਿਵੇਂ ਜੁਆਕ ਨੂੰ ਮੁਤਾਉਣਾ ਹੁੰਦੈ! ਮੈਨੂੰ ਕੋਈ ਸਮਝ ਨਾ ਪਈ-ਮੈਂ ਮਜੌਰਾਂ ਦੀ ਬੇਬੇ ਮਾਂਗੂੰ ਝਾਕੀ ਜਾਵਾਂ-ਫੇਰ ਮੈਂ ਆਬਦੇ ਮੁੰਡੇ ਨੂੰ 'ਵਾਜ ਮਾਰੀ-ਉਹ ਵੀ ਮੁੱਖ ਮੰਤਰੀ ਬਣਿਆਂ ਉਪਰੋਂ ਈ "ਵਾਅਟ ਡੈਅਡ?" ਦੇ ਹੋਕਰੇ ਜੇ ਮਾਰੀ ਜਾਵੇ! ਮੈਂ ਉਪਰ ਚਲਿਆ ਗਿਆ-ਜਦੋਂ ਮੈਂ ਉਪਰ ਜਾ ਕੇ ਦੇਖਿਆ-ਸਾਲਾ ਲੱਤਾਂ 'ਕੱਠੀਆਂ ਕਰਕੇ ਗਰੜਪੌਂਕ ਜਿਆ ਉਹ ਬਣਿਆਂ ਬੈਠਾ! ਮੈਂ ਸੋਚਿਆ, ਬਈ ਇਹ ਸਾਲਾ ਸਾਰਾ ਆਵਾ ਈ ਊਤ ਗਿਆ...? ਜਦੋਂ ਮੈਂ ਮੁੰਡੇ ਨੂੰ ਪੁੱਛਿਆ, ਆਹ ਕੀ ਕਰਦੈਂ ਉਏ? ਤਾਂ ਮੈਨੂੰ ਬਣਾ ਸਮਾਰ ਕੇ ਕਹਿੰਦਾ, ਅਖੇ ਜੋਗਾ ਕਰਦੈਂ! ਮੈਂ ਕਿਹਾ ਸਾਲਿਓ, ਹੋਰ ਘਰ 'ਚ ਕੰਮ ਕਰਨ ਨੂੰ ਕੋਈ ਨ੍ਹੀ...? ਸਾਰੇ ਜੋਗੇ ਜੋਕਰੇ ਈ ਰਹਿ ਗਏ...? ਤੇ ਮੁੰਡਾ ਭਾਈ, ਡੋਂਟ ਡਿਸਟਰਬ ਮੀ ਡੈਅਡ, ਆਖ ਕੇ ਮੇਰੇ ਗਲ ਪੈ ਚੱਲਿਆ-ਮੈਂ ਮੱਚਦਾ ਕੁੜ੍ਹਦਾ ਹੇਠਾਂ ਆ ਗਿਆ-।" ਫ਼ੌਜੀ ਨੇ ਲੰਬਾ ਸਾਹ ਛੱਡਦਿਆਂ ਗੱਲ ਅੱਗੇ ਜਾਰੀ ਰੱਖੀਬਾਕੀ ਸਾਰੇ ਬੜੀ ਸ਼ਾਂਤੀ ਨਾਲ ਉਸ ਦੀ ਗੱਲ ਵਿਚ ਖੁੱਭੇ ਹੋਏ ਸਨ

-"ਜਦੋਂ ਮੈਂ ਥੱਲੇ ਆਇਆ-ਜੁਆਕਾਂ ਦੀ ਮਾਂ ਮੇਰੇ ਅਲੀ-ਅਲੀ ਕਰਕੇ ਗਲ ਪੈਗੀ-ਅਖੇ, ਹਮ ਜੋਗਾ ਕਰ ਰਹੇ ਥੇ-ਆਪ ਹਮੇਂ ਡਿਸਟਰਬ ਮੱਤ ਕਰਿਆ ਕਰੋ...!" ਫ਼ੌਜੀ ਨੇ ਵਿਅੰਗ ਨਾਲ ਹਿੰਦੀ ਸ਼ੁਰੂ ਕਰ ਦਿੱਤੀ

-"ਮੈ ਆਖਿਆ, ਸਾਲੀਏ ਜਿਹੋ ਜੀ ਗਰਮੀਆਂ ਦੇ ਮਹੀਨੇ ਮੱਝ ਛੱਪੜ 'ਚੋਂ ਉਠਾ ਲਈ-ਜਿਹੋ ਜਿਆ ਤੈਨੂੰ ਬੈੱਡ 'ਚੋਂ ਬਾਹਰ ਕੱਢ ਲਿਆ! ਹੁਣ ਤੂੰ ਚੌਂਕੜਾ ਜਿਆ ਮਾਰ ਕੇ ਮਹਾਤਮਾ ਬੁੱਧ ਬਣੀ ਬੈਠੀ ਐਂ-ਇਹ ਕੀ ਲੱਛਣ ਫੜਿਐ ਤੂੰ? ਮੈਨੂੰ ਉਹਦੇ 'ਤੇ ਖੁੰਧਕ ਚੜ੍ਹਗੀ-ਚੜ੍ਹਨੀ ਈ ਸੀ...? ਜਦੋਂ ਲੱਛਣ ਜੇ ਕਰਨੋਂ ਨ੍ਹੀ ਸੀ ਹੱਟਦੀ...! ਮੈਨੂੰ ਬਣਾ ਸੁਆਰ ਕੇ ਕਹਿੰਦੀ ਅਖੇ, ਹਮ ਆਪਣੇ ਸਰੀਰ ਕਾ ਖਿਆਲ ਰੱਖਤੇ ਹੈਂ-ਅਖੇ ਤੇਰੇ ਅਰਗੇ ਢੱਗੇ ਨ੍ਹੀ ਬਈ ਕੰਮ ਕੀਤਾ-ਦਾਰੂ ਡੱਫ਼ ਲਈ ਤੇ ਘੁਰਾੜ੍ਹੇ ਮਾਰ ਛੱਡੇ-ਉਹਨੇ ਤਾਂ ਸਾਲੀ ਨੇ ਮੇਰੇ ਟੈਰ ਵੀ ਪੈਂਚਰ ਕਰ ਕੇ ਰੱਖਤੇ! ਮੈਂ ਆਖਿਆ ਕੁੱਤਿਆ ਰਵਿਆ! ਮੈਂ ਥੋਡੇ ਆਸਤੇ ਤਾਂ ਕਮਾਉਨੈਂ-ਹੋਰ ਕੀਹਦੀ ਖਾਤਰ ਕੰਮ ਕਰਦੈਂ ਮੈਂ...? ਚਲੋ ਗੱਲ ਆਈ ਗਈ ਹੋ ਗਈ-ਉਹ ਵੀ ਸਿਆਣੀ ਵਗੀ-ਅੱਗਿਓਂ ਕੁਛ ਨਾ ਬੋਲੀ-।"

-"ਅੱਗਿਓਂ ਬੋਲ ਕੇ ਉਹਨੇ ਗੰਧਾਲੇ ਖਾਣੇ ਸੀ...?" ਸੁੱਖਾ ਘੈਂਟ ਵਿਚ ਦੀ ਵਾਰੀ ਲੈ ਗਿਆ

-"ਜੇ ਉਹ ਉਦੇਂ ਅੱਗਿਓਂ ਕੁਛ ਬੋਲ ਦਿੰਦੀ ਤਾਂ ਮੈਂ ਤਾਂ ਕਰ ਦੇਣਾ ਸੀ ਸਰਾਧ ਉਹਦੇ ਆਲਾ! ਪੂਜ ਦੇਣਾ ਸੀ ਗੁੱਗਾ! ਅਗਲੇ ਦਿਨ ਭਾਈ ਮੀਂਹ ਫੇਰ ਨਾ ਹਟਿਆ-ਕੰਮ ਤੋਂ ਫੇਰ ਛੁੱਟੀ ਕਰਨੀ ਪਈ-ਮੈਂ ਸੋਚਿਆ ਅੱਜ ਦੂਜੇ ਮਕਾਨ ਦੀ ਮੌਰਗੇਜ ਆਲ਼ਾ ਕੰਮ ਈ ਕਰ ਲਈਏ-ਘਰੇ ਵਿਹਲੇ ਕੀ ਕਰਾਂਗੇ? ਜਦੋਂ ਭਾਈ ਮੈਂ ਕੁੜਤਾ ਪ੍ਰੈੱਸ ਕਰਨ ਨੂੰ ਕਿਹਾ-ਬੜਾ ਬਣਾ ਸਮਾਰ ਕੇ ਕਹਿੰਦੀ-ਅਖੇ, ਮੈਂ ਤਾਂ ਜੋਗਾ ਕਰਨੈਂ! ਮੈਂ ਕਿਹਾ ਭੈਣ ਦੇਣੇ ਦੀਏ ਕੁੱਤੀਏ ਜਾਤੇ! ਜੋਗਾ ਗੁਰੂ ਮਹਾਰਾਜ ਦਾ ਨਿੱਤਨੇਮ ਐਂ ਬਈ ਲੇਟ ਹੋਜੇਂਗੀ...? ਭਾਈ ਫੇਰ ਢੀਠ ਸਾਧ ਮਾਂਗੂੰ ਸਮਾਧੀ ਜੀ ਲਾ ਕੇ ਬਹਿਗੀ-ਕਦੇ ਸਾਹ ਐਧਰਲੀ ਨਾਸ 'ਚੋਂ ਲਵੇ ਤੇ ਦੂਜੀ ਵਿਚ ਦੀ ਬਾਹਰ ਕੱਢੀ ਜਾਵੇ! ਫੇਰ, ਓਦੂੰ ਬਾਅਦ ਫੇਰ ਢਿੱਡ ਜਿਆ ਘੁੰਮਾਉਣ ਲੱਗਪੀ-ਜਿਵੇਂ ਛਿਲਾ ਜਗਾਉਣਾ ਹੁੰਦੈ-ਉਹ ਤਾਂ ਤੀਏ ਪਾਂਜੇ ਜੇ ਕਰਨੋਂ ਈ ਨਾ ਹਟੇ! ਅੱਧਾ ਘੰਟਾ ਦਧਨ ਹੋਇਆ ਮੈਂ ਉਹਦੇ ਛੋਛੇ ਜਰਦਾ ਰਿਹਾ-ਜੋਗਾ ਪੂਰਾ ਹੋਇਆ-ਤਾਂ ਕੰਜਰ ਦੀ ਨੇ ਕਮੀਜ ਪ੍ਰੈੱਸ ਕਰ ਕੇ ਦਿੱਤੀ-ਸੁੱਖਿਆ ਇਕ ਪੈੱਗ ਪਾ ਯਾਰ...!"

-"ਪੈੱਗ ਜਿੰਨੇ ਮਰਜੀ ਬਾਈ...! ਜੇ ਸਾਡੀ ਭਰਜਾਈ ਨ੍ਹੀ ਸਾਡੇ ਬਾਈ ਨੂੰ ਕੁਛ ਸਮਝਦੀ-ਅਸੀਂ ਤਾਂ ਬਾਈ ਦੇ ਤਾਬਿਆਦਾਰ ਐਂ...।" ਸੁੱਖੇ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਫੜ ਲਿਆ

-"ਫੇਰ ਜਦੋਂ ਮੈਂ ਮੌਰਗੇਜ ਦਾ ਕੰਮ ਨਬੇੜ ਕੇ ਘਰੇ ਆਇਆ ਤਾਂ ਸਾਲੀ ਹੋਰ ਈ ਸਿਆਪਾ ਖੜ੍ਹਾ ਕਰੀ ਬੈਠੀ।" ਉਸ ਨੇ ਪੈੱਗ ਸੂਤਦਿਆਂ ਗੱਲ ਫਿਰ ਸ਼ੁਰੂ ਕੀਤੀ

-"ਉਹ ਕਿਹੜਾ...?" ਸੁੱਖਾ ਫ਼ੌਜੀ ਵੱਲ ਅੱਖਾਂ ਦੀ ਸ਼ਿਸ਼ਤ ਬੰਨ੍ਹੀ ਬੈਠਾ ਮੁਸਰਾਈ ਜਾ ਰਿਹਾ ਸੀ

-"ਕੰਜਰ ਦੀ ਨੇ ਸੌਣ ਆਲੇ ਕਮਰੇ 'ਚੋਂ ਟੈਲੀਵੀਜਨ ਚੱਕ ਕੇ ਰਸੋਈ 'ਚ ਲਿਆ ਰੱਖਿਆ-।"

-"ਲੈ...! ਕਰਲੋ ਬਾਤ....!" ਬਾਈ ਅਜੀਤ ਸਿੰਘ ਬਰਾੜ ਅੱਭੜ੍ਹਵਾਹੇ ਬੋਲਿਆ

-"ਨਾਲੇ ਤਾਂ ਆਟਾ ਗੁੰਨ੍ਹੀ ਜਾਵੇ ਤੇ ਨਾਲੇ ਟੈਲੀਵੀਜਨ 'ਤੇ ਜੋਗਾ ਦੇਖੀ ਜਾਵੇ-ਆਟਾ ਥੱਲੇ ਡੁੱਲ੍ਹੀ ਜਾਵੇ-ਮੈਂ ਕਿਹਾ ਕੰਜਰ ਦੀਏ ਸਿੱਧਰੀਏ! ਆਟਾ ਤਾਂ ਦੇਖ ਕੇ ਗੁੰਨ੍ਹ ਲੈ-ਇਹਨੂੰ ਫੇਰ ਪਾ ਲਈਂ ਸਲਾਮੀ ਜਿਹੜੀ ਪਾਉਣੀ ਐਂ! ਮੈਨੂੰ ਬਣਾ ਸਮਾਰ ਕੇ ਕਹਿੰਦੀ ਅਖੇ, ਇਹ ਸਾਰੀ ਦਿਹਾੜੀ ਨ੍ਹੀ ਚੱਲਦਾ-ਟੀ. ਵੀ. ਆਲੇ ਤੇਰੇ ਮਾਂਗੂੰ ਬਿਹਲੇ ਨ੍ਹੀ ਬਈ ਸਾਰੀ ਦਿਹਾੜੀ ਜੋਗਾ ਸ਼ੋਅ ਈ ਚਲਾਈ ਰੱਖਣਗੇ-ਉਹਨਾਂ ਨੇ ਹੋਰ ਵੀ ਕੁਛ ਦਿਖਾਉਣਾ ਹੁੰਦੈ ਲੋਕਾਂ ਨੂੰ! ਮੈਨੂੰ ਇਕ ਚੜ੍ਹੇ ਤੇ ਭਲਵਾਨਾ ਇਕ ਉਤਰੇ! ਬਈ ਇਹ ਸਾਲੀ ਅੱਜ ਮੈਨੂੰ ਮੱਤਾਂ ਦੇਣ ਲੱਗਪੀ? ਸਾਡੀ ਬਿੱਲੀ ਸਾਨੂੰ ਮਿਆਓਂ? ਜਿੱਦੇਂ ਇੰਡੀਆ ਤੋਂ ਆਈ ਸੀ-ਸਾਲੀ ਤੋਂ ਸੁੱਥਣ ਨ੍ਹੀ ਸੀ ਲੋਟ ਆਉਂਦੀ-ਟੁਆਇਲਟ 'ਤੇ ਦੋਨੋਂ ਪੈਰ ਧਰਕੇ ਬਹਿ ਜਾਂਦੀ ਸੀ-ਮਸਾਂ ਟੋਚਨ ਪਾ ਕੇ ਮੈਂ ਇਹਨੂੰ ਉਤੋਂ ਲਾਹੁੰਦਾ ਸੀ! ਮੇਰਾ ਦਿਲ ਕਰੇ ਬਈ ਫੜ ਕੇ ਗੁੱਤ ਨੂੰ ਦੇ ਲਵਾਂ ਵਟਾ-ਤੇ ਮਾਰ ਮਾਰ ਹੂਰੇ ਪੱਸਲੀਆਂ 'ਚ ਚਿੱਬ ਪਾ ਦਿਆਂ-ਸਾਲੀ ਹੋਈ ਐ ਜੋਗੇ ਦੀ! ਮੈਂ ਦਿਲ 'ਤੇ ਪੱਥਰ ਰੱਖ ਕੇ ਨਹਾਉਣ ਚਲਿਆ ਗਿਆ-ਜਦੋਂ ਮੈਂ ਫੇਰ ਮੁੜ ਕੇ ਆਇਆ ਤਾਂ ਉਹੀ ਧੂਤਕੜਾ ਫੇਰ! ਨਾਲੇ ਸਬਜੀ ਨੂੰ ਤੜਕਾ ਲਾਈ ਜਾਵੇ ਤੇ ਨਾਲੇ ਸਾਲੀ ਠੱਕੇ ਦੀ ਮਾਰੀ ਬੱਕਰੀ ਮਾਂਗੂੰ ਕੋਡੀ ਜੀ ਹੋਈ ਖੜ੍ਹੀ ਕੰਬੀ ਜੀ ਜਾਵੇ! ਮੇਰਾ ਡਮਾਕ ਖਰਾਬ ਹੁੰਦਾ ਜਾਵੇ ਬਈ ਇਹਨੂੰ ਸਾਲੀ ਨੂੰ ਹੋ ਕੀ ਗਿਆ...? ਇਹ ਤਾਂ ਮੰਜੇ 'ਚੋਂ ਨ੍ਹੀ ਸੀ ਉਠਦੀ?"

-"ਸ਼ੁਭ ਮੌਕੇ ਦਾ ਲਾਹਾ ਲੈ ਲੈਣਾ ਸੀ?" ਸੁੱਖੇ ਨੇ ਟਾਂਚ ਕੀਤੀਬਾਬਾ ਅਜਮੇਰ ਹੱਸ ਪਿਆ

-"ਕਾਹਦਾ ਲਾਹਾ ਐ ਸੁੱਖਿਆ? ਮੇਰੇ ਸਾਲੇ ਗੁੱਸੇ 'ਚ ਫਿ਼ਊਜ ਸੜੇ ਪਏ ਐ! ਕਮਾਊ ਬਲ਼ਦ ਜੇਠ ਹਾੜ੍ਹ ਦੇ ਤਪਾੜ ਯਾਦ ਕਰ ਕੇ ਪੋਹ ਮਹੀਨੇ ਹਰੀ ਬਰਸੀਨ ਦੀ ਬੁਰਕੀ ਮੂੰਹੋਂ ਸਿੱਟ ਦਿੰਦੈ! ਫੇਰ ਭਾਈ ਤੜਕਾ ਮੱਚੀ ਜਾਵੇ-ਤੇ ਆਪ ਟੀ. ਵੀ. ਵੱਲੀਂ ਦੇਖ-ਦੇਖ ਆਬਦੇ ਪੈਰੀਂ ਆਪ ਈ ਹੱਥ ਜੇ ਲਾਈ ਜਾਵੇ-ਤੜਕਾ ਮੱਚਣ ਨਾਲ ਮੈਨੂੰ ਤਾਂ ਸਾਹ ਆਉਣੋਂ ਬੰਦ ਹੋ ਗਿਆ-ਤੈਨੂੰ ਪਤੈ ਬਈ ਮੈਨੂੰ ਸਾਹ ਦੀ ਸ਼ਕਾਇਤ ਹੋ ਜਾਂਦੀ ਐ! ਘਰ 'ਚ ਸੰਘੱਟ ਆਇਆ ਪਿਆ-ਮੈਨੂੰ ਚੜ੍ਹ ਗਿਆ ਕਰੋਧ-ਮੈਂ ਆਖਿਆ, ਇਹਨੂੰ ਭੈਣ ਦੇ ਯਾਰ ਦੀ ਨੂੰ ਹਿਲਾ ਹਿਲੂ ਵੀ ਲੈ! ਅਛਟ-ਬੱਕਰ ਫੇਰ ਬਣ ਲਈਂ-ਸਾਲੀ ਫੇਰ ਚੁੱਪ....!"

-"ਫੇਰ ਵੀ ਨ੍ਹੀ ਬੋਲੀ...?" ਬਾਈ ਅਜੀਤ ਸਿੰਘ ਬਰਾੜ ਨੇ ਕਾਫ਼ੀ ਦੇਰ ਬਾਅਦ ਮੂੰਹ ਪੁੱਟਿਆ ਸੀ

-"ਕਾਹਨੂੰ...! ਜਦੋਂ ਪਤਾ ਹੁੰਦੈ ਬਈ ਪਤੰਦਰ ਗੁੱਸੇ 'ਚ ਐ-ਸਾਲੀ ਗੁੱਗਲ਼ ਬਣ ਜਾਂਦੀ ਐ-ਬੋਲਦੀ ਈ ਨ੍ਹੀ!"

-"ਫੇਰ....?"

-"ਫੇਰ ਮੌਸਮ ਖੁੱਲ੍ਹ ਗਿਆ-ਅਸੀਂ ਅਗਲੇ ਦਿਨ ਸਾਰੀ ਦਿਹਾੜੀ ਕੰਕਰੀਟ ਪਾਉਂਦੇ ਰਹੇ-ਸਵੇਰੇ ਛੇ ਵਜੇ ਦਾ ਮੈਂ ਘਰੋਂ ਨਿਕਲਿਆ ਰਾਤ ਨੂੰ ਅੱਠ ਵਜੇ ਘਰੇ ਵੜਿਆ-ਘਰੇ ਉਹੀ ਟਟਬੈਰ ਫੇਰ! ਘਰਾਂਆਲੀ ਨੂੰ ਤਾਂ ਜਿਹੜਾ ਹਲ਼ਕ ਛੁੱਟਿਆ ਸੀ, ਉਹ ਤਾਂ ਛੁੱਟਿਆ ਈ ਸੀ! ਸਾਲੇ ਜੁਆਕ ਵੀ ਸਿਟਿੰਗ-ਰੂਮ 'ਚ ਜੋਗੇ ਦੀ ਕਲਾਸ ਲਾਈ ਬੈਠੇ! ਆਪ ਜੁਆਕਾਂ 'ਚ ਸਾਲੀ ਪ੍ਰਧਾਨ ਮੰਤਰੀ ਬਣੀ ਬੈਠੀ ਉਪਦੇਸ਼ ਦੇਈ ਜਾਵੇ! ਅਖੇ ਸਾਹ ਲੰਮਾ ਅੰਦਰ ਨੂੰ ਲਵੋ...ਜੀਹਦੇ ਨਾਲ ਫੇਫੜੇ ਸਾਰੇ ਹਵਾ ਨਾਲ ਭਰ ਜਾਣ....ਫੇਰ ਪੂਰੇ ਜੋਰ ਨਾਲ ਬਾਹਰ ਕੱਢੋ...ਇਹਦੇ ਨਾਲ ਖ਼ਤਰਨਾਕ ਬੈਕਟੀਰੀਆ ਬਾਹਰ ਨਿਕਲਦੈ...ਐਰਾ ਬਗੈਰਾ...ਲਟਰਮ ਪਟਰਮ...! ਉਹ ਤਾਂ ਸਾਲਾ ਸਾਰਾ ਟੱਬਰ ਈ ਘਰ ਨੂੰ ਜੋਗਾ ਆਸ਼ਰਮ ਬਣਾਈ ਬੈਠਾ! ਮੇਰਾ ਦਿਲ ਤਾਂ ਕੀਤਾ ਬਈ ਪਹਿਲਾਂ ਇਹਦੇ ਆਲਾ ਬੈਕਟੀਰੀਆ ਤਾਂ ਬਾਹਰ ਕੱਢਾਂ? ਫੇਰ ਮੈਂ ਜੁਆਕ ਬੈਠੇ ਦੇਖ ਕੇ ਚੁੱਪ ਵੱਟ ਗਿਆ-ਮੇਰੇ ਮਨ ਨੂੰ ਐਨੀ 'ਨ੍ਹੇਰੀ ਚੜ੍ਹੀ-ਪਰ ਮੈਂ ਚੁੱਪ ਚਾਪ ਕਿਚਨ 'ਚ ਜਾ ਕੇ ਇਕ ਲੰਡੂ ਜਿਆ ਪੈੱਗ ਠੋਕਿਆ ਤੇ ਨਹਾਉਣ ਚਲਿਆ ਗਿਆ-ਜਦੋਂ ਮੈਂ ਨਹਾ ਕੇ ਥੱਲੇ ਉਤਰਿਆ-ਉਹਦਾ ਸਾਲੀ ਦਾ ਸਕੂਲ ਫੇਰ ਵੀ ਖ਼ਤਮ ਨਾ ਹੋਇਆ-ਮੈਂ ਫੇਰ ਸਮਾਈ ਜੀ ਕਰ ਕੇ ਆਖਿਆ ਬਈ ਲਿਆ ਕੁਛ ਖਾਣ ਖੂਣ ਨੂੰ ਈ ਦੇ-ਦੇ, ਸੁੱਕੀ ਦਾਰੂ ਤਾਂ ਤੰਗ ਕਰੂਗੀ-ਕੁੜੀ ਯਾਵ੍ਹੇ ਦੀ ਮੱਚੀ ਸੜੀ ਵੀ ਮੇਰੇ ਮੂਹਰੇ ਮਤਰੇਏ ਜੁਆਕ ਮਾਂਗੂੰ ਨੂਣ ਆਲੀਆਂ ਪਕੌੜੀਆਂ ਜੀਆਂ ਸਿੱਟਗੀ ਤੇ ਫੇਰ ਜਾ ਕੇ ਸੂਲ ਹੋਣ ਆਲ਼ਿਆਂ ਮਾਂਗੂੰ ਮੇਹਲਣ ਲੱਗਪੀ! ਮੈਂ ਫੇਰ ਮਨ ਨੂੰ ਸਮਝਾਈ ਰੱਖਿਆ ਬਈ ਮਨਾਂ, ਕਾਹਨੂੰ! ਤੇ ਇਕ ਪੈੱਗ ਹੋਰ ਸਿੱਟ ਲਿਆ-ਤੈਨੂੰ ਪਤੈ ਭਲਵਾਨਾ ਬਈ ਜਦੋਂ ਬੰਦਾ ਕਰੋਧ 'ਚ ਹੋਵੇ-ਪੈੱਗ ਵੱਡਾ ਮਾਰਦੈ!"

-"ਬਿਲਕੁਲ ਬਾਈ ਫ਼ੌਜੀਆ....!" ਭਲਵਾਨ ਨੇ ਵੀ ਵੋਟ ਉਸ ਦੇ ਹੱਕ 'ਚ ਭੁਗਤਾਈ

-"ਮੈਂ ਸਾਰੇ ਦਿਨ ਦਾ ਥੱਕਿਆ ਹੰਭਿਆ ਹੋਇਆ-ਗੁਰਦੁਆਰੇ ਦੇ ਕੁੱਤੇ ਮਾਂਗੂੰ ਰੋਟੀ ਦੀ ਝਾਕ 'ਚ ਬੈਠਾ-ਸਾਲੀ ਹਟਣ ਦਾ ਨਾਂ ਈ ਨਾ ਲਵੇ! ਉਹੀ ਘਤਿੱਤਾਂ-ਕਦੇ ਢਿੱਡ ਜਿਆ ਹਿਲਾਉਣ ਲੱਗਪੇ-ਕਦੇ ਨਾਸਾਂ 'ਚੋਂ ਲੰਮੇ ਲੰਮੇ ਸਾਹ ਜੇ ਖਿੱਚਣ ਲੱਗਪੇ-ਕਦੇ ਆਬਦੀਆਂ ਉਂਗਲਾਂ ਜੀਆਂ ਆਪ ਈ ਦੱਬਣ ਡਹਿਜੇ-ਕਦੇ ਨਹੁੰਆਂ ਨਾਲ਼ ਨਹੁੰ ਜੇ ਰਗੜਨ ਲੱਗਪੇ-ਕਦੇ ਕੁਛ ਸਿਆਪਾ, ਕਦੇ ਕੁਛ...!"

-"ਫੇਰ....?" ਸੁੱਖਾ ਬੋਲਿਆ

-"ਬੱਸ ਫੇਰ ਸੁੱਖਾ ਸਿਆਂ-ਜੁਆਕ ਤਾਂ ਚਲੇ ਗਏ ਸੌਣ-ਤੇ ਅਜੇ ਮੈਂ ਰੋਟੀ ਬਾਰੇ ਈ ਆਖਿਆ ਸੀ-ਫੇਰ ਡੂੰਮਣੇ ਮਖਿਆਲ਼ ਮਾਂਗੂੰ ਮੇਰੇ ਮਗਰ ਪੈਗੀ-ਅਖੇ ਰੋਟੀ ਨੂੰ ਐਡੀ ਛੇਤੀ ਜਾਨ ਨਿਕਲਦੀ ਐ? ਮੈਂ ਜੋਗਾ ਤਾਂ ਕਰਲਾਂ! ਮੈਂ ਸਾਰੇ ਦਿਨ ਦਾ ਸਤਿਆ ਵਿਆ-ਤੇ ਬੀਰ ਮੇਰਿਆ, ਮੈਂ ਚੱਪਲੀ ਲਈ ਚੱਕ ਤੇ ਜਿੱਥੇ ਪੈਂਦੀ ਐ ਪੈਣ ਦੇ...! ਚੰਗੀ ਦੁਰਬੜੀ ਲਾਈ! ਨਾਲੇ ਤਾਂ ਮੈਂ ਧੌਣ 'ਚ ਚੱਪਲੀਆਂ ਠੋਕੀ ਜਾਵਾਂ ਤੇ ਨਾਲੇ ਆਖਾਂ, ਲਿਆ ਕੱਢ ਆਬਦੇ ਜੋਗੇ ਆਲੇ ਜੰਤਰ...!"

ਹਾਸੜ ਮੱਚ ਗਈ

-"ਜੁਆਕਾਂ ਨੂੰ ਨ੍ਹੀ ਪਤਾ ਲੱਗਿਆ...?" ਬਾਈ ਬਰਾੜ ਨੇ ਹਾਸਾ ਰੋਕ ਕੇ ਪੁੱਛਿਆ

-"ਜੁਆਕ ਆਬਦੇ ਆਬਦੇ ਕਮਰੇ ਬੰਦ ਕਰਕੇ ਸੌਂ ਗਏ-ਉਹ ਸਾਰੀ ਰਾਤ ਸਾਡੇ 'ਚ ਈ ਕੰਨ ਰੱਖਦੇ?"

-"ਤੇ ਚੱਕ ਮੇਰੇ ਭਾਈ...! ਸਾਲੀ ਚੱਕ ਕੇ ਪੁਲਸ ਨੂੰ ਫ਼ੂਨ ਘੁਮਾਉਣ ਲੱਗੀ-ਫ਼ੂਨ ਦਾ ਰਿਸੀਵਰ ਦੇਖ ਕੇ ਮੇਰੀ ਵੀ ਦਾਰੂ ਜੀ ਉਤਰਗੀ-ਮੈਂ ਵੀ ਓਪਰੇ ਜਿਹੇ ਹੱਥ ਨਾਲ ਫ਼ੋਨ ਹੱਥ 'ਚੋਂ ਫੜ ਲਿਆ-ਉਹਨੇ ਵੀ ਬਹੁਤੀ ਕੋਈ ਹੀਲ ਹੁੱਜਤ ਨਾ ਕੀਤੀ-ਫੇਰ ਵੀ ਘਰਆਲ਼ੀ ਸੀ? ਰੋਟੀ ਲਾਹਤੀ-ਮੈਂ ਜਿਹੜੀ ਮਾੜੀ ਮੋਟੀ ਖਾਣੀ ਸੀ, ਖਾ ਲਈ-ਭੁੱਖ ਤਾਂ ਮੇਰੀ ਊਂ ਈਂ ਮਰਗੀ ਸੀ...!"

-"ਹੁਣ ਕਿਮੇਂ ਐਂ....?"

-"ਹੁਣ ਕੀ ਸੁਆਹ ਹੋਣਾ ਸੀ? ਬੱਸ ਉਹ ਹੀ ਬੈਂਹਾਂ ਤੇ ਉਹੀ ਕੁਹਾੜੀ...! ਸਮਝ ਸਾਲੀ ਨੂੰ ਉਹਨੂੰ ਵੀ ਲੱਗ ਗਈ ਬਈ ਪੁਲਸ ਤੋਂ ਡਰਦਾ ਮੈਨੂੰ ਕੁੱਟਦਾ ਨ੍ਹੀ-ਹੁਣ ਜਦੋਂ ਵੀ ਮੈਂ ਘਰੇ ਆਉਨੈਂ ਬੱਸ ਢਿੱਡ ਜਿਆ ਹਿਲਾਈ ਜਾਂਦੀ ਹੁੰਦੀ ਐ-ਰੋਟੀ ਮੇਰੀ ਲਾਹ ਕੇ ਪਹਿਲਾਂ ਈ ਰੱਖੀ ਹੁੰਦੀ ਐ-ਬੀਰ ਮੇਰਿਓ...! ਰੋਟੀ ਮਾਈਕਰੋਵੇਵ 'ਚ ਤੱਤੀ ਕਰ ਲਈਦੀ ਐ ਤੇ ਝੁਲ਼ਸ ਲਈਦੀ ਐ-ਕੀ ਸੁਆਹ ਜੂਨ ਐਂ ਮੇਰੀ...? ਕੰਮ ਵੀ ਕਿਹੜੇ ਕੰਜਰ ਆਸਤੇ ਕਰਨੈਂ? ਜਦੋਂ ਘਰ 'ਚ ਈ ਪੁੱਛ ਗਿੱਛ ਨ੍ਹੀ! ਹੁਣ ਮੇਰਾ ਤਲਾਕ ਬਿਨਾ ਸਰਨਾ ਨ੍ਹੀ-ਚੰਗੇ ਭਲੇ ਘੁੱਗ ਵਸਦੇ ਸੀ-ਚਿੜੀ ਚੂਕਦੀ ਨ੍ਹੀ ਸੀ ਸੁਣਦੀ-ਆਹ ਦੇਖਲੋ ਕੱਖੋਂ ਹੌਲਾ ਹੋਇਆ ਬੈਠੈਂ ਮਿੱਤਰੋ!" ਦਾਰੂ ਦੇ ਨਸ਼ੇ ਵਿਚ ਫ਼ੌਜੀ ਰੋਣ ਲੱਗ ਪਿਆਸਾਰੇ ਉਸ ਨੂੰ ਧਰਵਾਸ ਦਿੰਦੇ, ਵਿਰਾਉਂਦੇ ਰਹੇਪਰ ਫ਼ੌਜੀ "ਹਾਏ ਜੋਗਾ...!" ਆਖ ਕੇ ਵਾਰ ਵਾਰ ਧਾਹ ਮਾਰਦਾ ਰਿਹਾ...!

ਹਰਦੇਵ ਉਸ ਦਾ ਰੰਡੀ ਰੋਣਾ ਸੁਣ ਕੇ ਘਰ ਨੂੰ ਆ ਗਿਆਉਹ ਗਿਆ ਤਾਂ ਮਨ ਹੌਲ਼ਾ ਕਰਨ ਲਈ ਸੀਪਰ ਦੁੱਖ ਸਬਾਇਆ ਜੱਗ, ਵਾਂਗ ਉਥੇ ਤਾਂ ਸਾਰੇ ਹੀ ਦੁਖੀ ਸਨ

Monday, August 3, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 25

ਹਰਦੇਵ ਸੋਚ ਰਿਹਾ ਸੀ ਕਿ ਅਜਿਹੀ ਬਦਚਲਣ ਔਰਤ ਨਾਲ਼ ਵਸੇਬਾ ਕਦੋਂ ਕੁ ਤੱਕ ਚੱਲੇਗਾ? ਇਹਨੇ ਤਾਂ ਸਾਰੀਆਂ ਸ਼ਰਮਾਂ ਅਤੇ ਸੰਗਾਂ ਵੇਚ ਕੇ ਖਾਧੀਆਂ ਹੋਈਐਂ! ਇਹਦੇ ਬਾਰੇ ਲੋਕਾਂ ਨੂੰ ਪਤਾ ਤਾਂ ਲੱਗਣੋਂ ਰਹਿਣਾ ਨਹੀਂ ਕਿ ਹਰਦੇਵ ਦੀ ਤੀਮੀ ਐਂ! ਫਿਰ ਤਾਂ ਜਮਾਂ ਈ ਮਿੱਟੀ ਪੱਟੀ ਜਾਊ...? ਇਸ ਨੱਕ ਦੀ ਖਾਤਿਰ ਹੀ ਤੁਰੇ ਫਿਰਦੇ ਆਂ...! ਜੇ ਆਹ ਸਾਲ਼ਾ ਨੱਕ ਹੀ ਨਾ ਰਿਹਾ, ਤਾਂ ਧਿਰਗ ਹੈ ਜਿਉਣ ਦੇ...! ਇਹਦਾ ਕੋਈ ਨਾ ਕੋਈ ਇਲਾਜ਼ ਤਾਂ ਕਰਨਾ ਹੀ ਪੈਣੈ...! ਇਹਨੂੰ ਪੱਕੀ ਮੋਹਰ ਦਾ ਕੋਈ ਲਾਲਚ ਨਹੀਂ...! ਇਹ ਤਾਂ ਜਿਵੇਂ ਆਖਦੇ ਹੁੰਦੇ ਨੇ ਕਿ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ...! ਇਹ ਤਾਂ ਜੇ ਐਥੇ ਐ, ਤਾਂ ਕੋਈ ਫ਼ਰਕ ਨਹੀਂ...! ਜੇ ਇੰਡੀਆ ਐ, ਤਾਂ ਵੀ ਕੋਈ ਫ਼ਰਕ ਨਹੀਂ...! ਸਦਾ ਦਿਵਾਲ਼ੀ ਸਾਧ ਦੀ ਚੋਰਾਂ ਦੀਆਂ ਰਾਤਾਂ...! ਉਥੇ ਇਹਦਾ ਪਿਉ ਹੈ ਤਾਂ ਹੈਗਾ, ਕੰਜਰ...! ਉਹਦੇ ਸਿਰ 'ਤੇ ਤਾਂ ਇਹ ਚਿੱਤੜ ਉਚੇ ਕਰ-ਕਰ ਤੁਰਦੀ ਐ...ਉਹਦੇ ਸਿਰ 'ਤੇ ਤਾਂ ਇਹ ਬਾਘੀਆਂ ਪਾਉਂਦੀ ਐ...! ਉਹਦੇ ਸਿਰ 'ਤੇ ਤਾਂ ਇਹ ਅੱਖਾਂ ਨਾਲ਼ ਮਿਰਚਾਂ ਭੋਰਦੀ ਐ...! ਉਹਨੂੰ ਬਘਿਆੜ ਨੂੰ ਪੈਸੇ ਦੀ ਕੀ ਚਿੰਤਾ ਐ...? ਬਥੇਰੇ ਲੋਕ ਐ ਮੁੰਨਣ ਲਈ...! ਭਾਰਤ ਵਿਚ ਤਾਂ ਪਟਵਾਰੀ ਨਹੀਂ ਮਾਨ! ਉਹ ਕੰਜਰ ਤਾਂ ਵੱਡਾ ਬਘਿਆੜ ਐ, ਤਸੀਲਦਾਰ...! ਪਰ ਹਰਦੇਵ ਸਿਆਂ...! ਜੇ ਇਹਨੂੰ ਕੁੱਤੀ ਨੂੰ ਛੱਡਣਾ ਪਿਆ, ਤਾਂ ਸੋਚ ਕਰਲੀਂ...! ਤੇਰੇ ਹਿੱਸੇ ਦੀ ਅੱਧੀ ਜ਼ਮੀਨ ਅੰਨ੍ਹੇ ਆਲ਼ੀ ਗੁਲੇਲ 'ਤੇ ਈ ਜਾਊ...! ਤਸੀਲਦਾਰ ਨੇ ਤੇਰੇ ਹਿੱਸੇ 'ਚੋਂ ਅੱਧ ਕਦੇ ਨਹੀਂ ਛੱਡਣਾ...! ਚੱਲ ਫੇਰ ਕੀ ਐ...? ਪੈਸਾ ਹੱਥਾਂ ਦੀ ਮੈਲ਼ ਐ...! ਸੌ ਕਮਾਏ ਤੇ ਸੌ ਗੁਆਏ...! ਪਰ ਬੰਦੇ ਨੂੰ ਮਾਨਸਿਕ ਸ਼ਾਂਤੀ ਵੀ ਚਾਹੀਦੀ ਐ...? ਪੈਸਾ ਕੰਜਰੀਆਂ ਕੋਲ਼ੇ ਥੋੜ੍ਹੈ? ਪਰ ਇੱਜ਼ਤ...? ਲੱਖੀਂ ਨਾ ਕਰੋੜੀਂ...! ਇਹ ਤੇਰੇ ਸਾਹਮਣੇ ਹੁਣ ਬਿਗਾਨੇ ਪੁੱਤ ਦੀ ਬੁੱਕਲ਼ 'ਚ ਬੈਠੀ ਐ, ਕਿੰਨ੍ਹਾਂ ਕੁ ਚਿਰ ਜਰੇਂਗਾ...? ਇਹ ਤਾਂ ਮਿੱਤਰਾ ਇਕ ਨਾ ਇਕ ਦਿਨ ਟੰਬਾ ਮਾਰ ਕੇ ਮਗਰੋਂ ਲਾਹੁੰਣੀ ਹੀ ਪੈਣੀਂ ਐਂ! ਪਰ ਟੰਬਾ ਬਾਈ ਸਿਆਂ ਇਹਦੇ ਵੱਜਣਾ ਨ੍ਹੀ...! ਟੰਬੇ ਖਾਣ ਆਲ਼ੀਆਂ ਤਾਂ ਸਿਰਫ਼ ਮੀਤੀ ਵਰਗੀਆਂ ਹੀ ਸੀ...! ਜਿਹਨਾਂ 'ਤੇ ਤੂੰ ਸ਼ੇਰ ਬਣ-ਬਣ ਕੇ ਦਿਖਾਉਂਦਾ ਸੀ...! ਹੁਣ ਇਹਦੇ ਮੂਹਰੇ ਬੋਲ ਖਾਂ ਪਤੰਦਰਨੀ ਦੇ...? ਤੈਨੂੰ ਕੱਚੇ ਨੂੰ ਨਾ ਖਾ ਜਾਵੇ...! ਕੀ ਸਾਲ਼ਿਆ ਤੇਰੀ ਜ਼ਿੰਦਗੀ ਐ...? ਤੇਰੀ ਸਕੀ ਜਨਾਨੀ ਕਿਸੇ ਗੈਰ ਮਰਦ ਨਾਲ਼ ਜੱਫ਼ੀਆਂ ਪਾਈ ਜਾਂਦੀ ਐ, ਤੇ ਤੂੰ ਗਾਂਧੀ ਬਣਿਆਂ ਸਾਰਾ ਕੁਛ ਦੇਖੀ ਜਾਨੈ...? ਖਾ ਕੇ ਮਰਜਾ ਕੁਛ...! ਫਿੱਟ ਲਾਹਣਤ ਐ ਤੇਰਾ ਜਿਉਣਾ...! ਕਾਹਦਾ ਮਰਦ ਐਂ ਤੂੰ...? ਉਹ ਸੋਚਾਂ ਦੀਆਂ ਕਪੜਛੱਲਾਂ ਵਿਚ ਗੋਤੇ ਖਾਈ ਜਾ ਰਿਹਾ ਸੀ

-"ਹਰਦੇਵ...!" ਦੀਪ ਦੀ ਹਾਕ ਨੇ ਉਸ ਦੀ ਬਿਰਤੀ ਤੋੜੀ

-"ਹਾਂ...?" ਹਰਦੇਵ ਜਿਵੇਂ ਢਿਗ ਹੇਠੋਂ ਬੋਲਿਆ ਸੀ

-"ਡੋਰਿੰਟ ਹੋਟਲ ਕਿੱਥੇ ਐ?"

-"ਡੋਰਿੰਟ ਹੋਟਲ...ਤਾਂ ਸੈਂਟਰਲ ਲੰਡਨ 'ਚ ਐ, ਕਿਉਂ...?"

-"ਚਲੋ, ਉਥੇ ਚੱਲਦੇ ਐਂ...! ਸੁਮੀਤ ਦੀ ਬੁਕਿੰਗ ਡੋਰਿੰਟ ਹੋਟਲ 'ਚ ਐ!" ਉਹ ਉਠ ਕੇ ਖੜ੍ਹੇ ਹੋ ਗਏਮਜਬੂਰਨ ਹਰਦੇਵ ਨੂੰ ਵੀ ਉਠਣਾ ਪਿਆਉਹ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ

ਦੀਪ ਕਾਰ ਵਿਚ ਪਿੱਛੇ ਸੁਮੀਤ ਨਾਲ਼ ਅੜ ਕੇ ਬੈਠ ਗਈ

-"ਮੈਂ ਤਾਂ ਇੰਡੀਆ ਈ ਵਾਪਸ ਆ ਜਾਣੈਂ, ਸੁਮੀਤ...! ਮੇਰਾ ਐਥੇ ਦਿਲ ਨਹੀਂ ਲੱਗਦਾ!" ਦੀਪ ਆਖ ਰਹੀ ਸੀਹਰਦੇਵ ਕਹਿਣਾ ਚਾਹੁੰਦਾ ਸੀ ਕਿ ਐਥੇ ਤੇਰਾ ਦਿਲ ਕਿਵੇਂ ਲੱਗੇ? ਐਥੇ ਤਸੀਲਦਾਰ ਪਿਉ ਵਾਲ਼ੀ ਦੋ ਨੰਬਰ ਦੀ ਕਮਾਈ ਨਹੀਂ ਨਾ, ਉੜਾਉਣ ਲਈ...? ਐਥੇ ਨਿੱਤ ਨਵੇਂ ਯਾਰਾਂ ਨਾਲ਼ ਮੱਟਰ ਗਸ਼ਤੀ ਕਰਨ ਨੂੰ ਨਹੀਂ ਮਿਲਦੀ

-"ਤੂੰ ਮੇਰੇ ਨਾਲ਼ ਈ ਚੱਲ...!" ਸੁਮੀਤ ਬੋਲਿਆਆਹੋ, ਇਹਨੂੰ ਨਾਲ਼ ਈ ਲੈਜਾ! ਬਾਪੂ ਆਲ਼ਾ ਅਧਿਕਾਰ ਐਂ ਨਾ ਤੇਰਾ ਇਸ ਕੰਜਰੀ 'ਤੇ? ਹਰਦੇਵ ਦਾ ਮਨ ਲੱਟ-ਲੱਟ ਮੱਚੀ ਅਤੇ ਬੁਝੀ ਜਾ ਰਿਹਾ ਸੀ

ਉਹ ਅੱਧੇ ਕੁ ਘੰਟੇ ਵਿਚ ਸੈਂਟਰਲ ਲੰਡਨ ਦੇ ਡੋਰਿੰਟ ਹੋਟਲ ਆ ਗਏ

ਰਿਸੈਪਸ਼ਨ 'ਤੇ ਰੁਕ ਕੇ ਸੁਮੀਤ ਨੇ ਚੈੱਕ-ਇੰਨ ਕਰਵਾਈ ਅਤੇ ਕਮਰੇ ਦੀ ਚਾਬੀ ਲੈ ਲਈ

-"ਹਰਦੇਵ...! ਤੁਸੀਂ ਐਥੇ ਈ ਰੁਕੋ...! ਮੈਂ ਸੁਮੀਤ ਨੂੰ ਕਮਰੇ ਵਿਚ ਛੱਡ ਕੇ ਆਈ!" ਤੇ ਉਹ ਦੀਪ ਨਾਲ ਲਿਫ਼ਟ ਵਿਚ ਵੜ ਗਈਹਰਦੇਵ ਵਿਚ ਫ਼ੱਕਾ ਨਹੀਂ ਬਚਿਆ ਸੀਉਹ ਸੋਚ ਰਿਹਾ ਸੀ ਕਿ ਮੈਂ ਇਸ ਦਾ ਪਤੀ ਹਾਂ ਕਿ ਨੌਕਰ...? ਇਹ ਸਾਲ਼ੀ ਮੈਨੂੰ ਬਿਨਾ ਦੱਸੇ ਪੁੱਛੇ ਉਹਦੇ ਘਨ੍ਹੇੜੀਂ ਚੜ੍ਹੀ ਫਿਰਦੀ ਐ? ਫੜ ਕੇ ਗੁੱਤੋਂ ਪੁੱਛਣਾ ਹੋਵੇ...? ਬਈ ਸਾਲ਼ੇ ਦੀਏ ਕੁਜਾਤੇ...! ਤੂੰ ਭਾਰਤੀ ਨਾਰੀ ਐਂ ਕਿ ਇੰਗਲੈਂਡ ਦੀ ਦੇਸੀ ਮੇਮ...? ਪਰ ਉਹ ਆਪਣੇ ਫਟੇ ਜਾ ਰਹੇ ਦਿਲ ਨੂੰ ਬੁਰੀ ਤਰ੍ਹਾਂ ਨਾਲ਼ ਬੰਨ੍ਹ ਮਾਰੀ ਬੈਠਾ ਸੀ

----

ਦੀਪ ਅਤੇ ਸੁਮੀਤ ਛੇਵੀਂ ਮੰਜ਼ਿਲ 'ਤੇ ਕਮਰੇ ਵਿਚ ਪਹੁੰਚ ਗਏ

ਸੂਟਕੇਸ ਉਸ ਦਾ ਪੋਰਟਰ ਕਮਰੇ ਵਿਚ ਛੱਡ ਗਿਆ ਸੀ

-"ਦਿਲ ਲੱਗ ਗਿਆ ਤੇਰਾ ਮੇਰੇ ਬਿਨਾ?" ਸੁਮੀਤ ਨੇ ਦੀਪ ਨੂੰ ਕਲ਼ਾਵੇ 'ਚ ਲੈ ਲਿਆ

-"ਜੇ ਦਿਲ ਲੱਗਿਆ ਹੁੰਦਾ...? ਤਾਂ ਮੈਂ ਤੈਨੂੰ ਦਿਨ 'ਚ ਦਸ ਦਸ ਵਾਰੀ ਫ਼ੋਨ ਨਾ ਕਰਦੀ! ਬੇਵਕੂਫ਼ੀਆਂ ਨਾ ਕਰਿਆ ਕਰ!" ਉਸ ਨੇ ਸੁਮੀਤ ਦੀ ਨੱਕ 'ਤੇ ਚੂੰਢੀ ਭਰ ਲਈ

-"ਤੂੰ ਤਾਂ ਇੰਗਲੈਂਡ ਆਉਣ ਲਈ ਬਹੁਤੀ ਕਾਹਲ਼ੀ ਸੀ? ਹੁਣ ਤੇਰਾ ਕੀ ਵਿਚਾਰ ਐ?"

-"ਮੇਰਾ ਵਿਚਾਰ...? ਤੂੰ ਉਹ ਕਾਫ਼ੀ ਨਹੀਂ ਸੁਣੀਂ? ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ...!"

-"ਮਤਲਬ...?" ਸੁਮੀਤ ਉਸ 'ਤੇ ਚਾਦਰ ਵਾਂਗ ਵਿਛਿਆ ਹੋਇਆ ਸੀ

-"ਮਤਲਬ ਸਾਫ਼ ਐ...! ਜੇ ਮੈਂ ਉਦੋਂ ਤੇਰੇ ਬਾਰੇ ਪਾਪਾ ਜੀ ਨਾਲ਼ ਗੱਲ ਕਰਦੀ ਤਾਂ ਪਾਪਾ ਜੀ ਨੇ ਕਦੇ ਨਹੀਂ ਮੰਨਣਾ ਸੀ-ਪਾਪਾ ਜੀ ਤੇਰੀ ਕਾਲਜ ਟਾਈਮ ਦੀ ਲੜਾਈ ਨਹੀਂ ਭੁੱਲੇ! ਉਦੋਂ ਤੋਂ ਉਹ ਤੇਰੇ 'ਤੇ ਖਿਝੇ ਪਏ ਨੇ-ਮੇਰੇ ਪਾਪਾ ਜੀ ਦਾ ਤੈਨੂੰ ਪਤਾ ਈ ਐ, ਬਈ ਕਿੰਨੇ ਜ਼ਿੱਦੀ ਟਾਈਪ ਦੇ ਬੰਦੇ ਨੇ? ਤੇ ਹੁਣ ਉਹਨਾਂ ਨੇ ਚਾਹੇ ਮੇਰਾ ਵਿਆਹ ਹਰਦੇਵ ਨਾਲ਼ ਕਰ ਹੀ ਦਿੱਤੈ-ਪਰ ਹੁਣ ਮੈਂ ਉਹਨਾਂ ਨੂੰ ਹਰਦੇਵ ਦੇ ਖ਼ਿਲਾਫ਼ ਭੜ੍ਹਕਾ ਕੇ ਮੰਨਾ ਸਕਦੀ ਐਂ! ਭੜ੍ਹਕਿਆ ਅਤੇ ਫਸਿਆ ਬੰਦਾ ਤੇਜ਼ੀ ਵਿਚ ਜ਼ਿੰਦਗੀ ਨਾਲ਼ ਬੜੇ ਸਮਝੌਤੇ ਕਰ ਜਾਂਦੈ, ਸੁਮੀਤ! ਮੈਂ ਤਾਂ ਹਰਦੇਵ 'ਤੇ ਬੜਾ ਦਬਾਅ ਪਾਉਂਦੀ ਆਂ-ਬੜਾ ਤੰਗ ਕਰਦੀ ਆਂ-ਉਸ ਦੀ ਕੋਈ ਪ੍ਰਵਾਹ ਨਹੀਂ ਕਰਦੀ-ਤੈਨੂੰ ਸ਼ਰੇਆਮ ਫ਼ੋਨ ਵੀ ਕਰਦੀ ਆਂ-ਇਹਨੂੰ ਚਿੜਾਉਨੀ ਵੀ ਰੱਜ ਕੇ ਆਂ! ਪਰ ਇਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਐਂ? ਮੇਰੇ ਨਾਲ਼ ਲੜਨ ਦਾ ਨਾਂ ਈ ਨ੍ਹੀ ਲੈਂਦਾ...? ਹੁਣ ਤੂੰ ਆਉਣਾ ਸੀ-ਮੈਂ ਇਹਨੂੰ ਬਗੈਰ ਕਿਸੇ ਭੂਮਿਕਾ ਦੇ ਦੱਸ ਦਿੱਤਾ-ਤੇਰੇ ਸਾਹਮਣੇ ਐਂ-ਦੇਖਲਾ, ਸੀਲ ਬਣਕੇ ਨਾਲ ਤੁਰਿਆ ਫਿਰਦੈ! ਤੇਰੇ ਨਾਲ਼ 'ਕੱਲੀ ਹੋਟਲ ਦੇ ਕਮਰੇ 'ਚ ਆਂ-ਕਿਹੜਾ ਮਾਈ ਦਾ ਲਾਲ ਆਪ ਦੀ ਔਰਤ ਨੂੰ ਬਿਗਾਨੇ ਮਰਦ ਕੋਲ਼ੇ 'ਕੱਲੀ ਛੱਡਦੈ...? ਹੁਣ ਮੈਂ ਇਹਦੇ ਨਾਲ਼ ਕੋਈ ਨਾ ਕੋਈ ਲੜਨ ਦਾ ਬਹਾਨਾ ਬਣਾ ਹੀ ਲੈਣੈ ਤੇ ਇਹਤੋਂ ਤਲਾਕ ਲੈ ਕੇ-ਆਪਾਂ ਵਿਆਹ ਕਰਵਾ ਲਵਾਂਗੇ-ਤੇ ਫੇਰ, ਵਿਆਹ ਕਰਵਾਉਣ ਤੋਂ ਬਾਅਦ ਕਿਸੇ ਨੂੰ ਦੱਸਾਂਗੇ!"

-"......।" ਸੁਮੀਤ ਚੁੱਪ ਕਰ ਗਿਆਪਤਾ ਨਹੀਂ ਉਹ ਦੀਪ ਦੀ ਇਸ ਕਰਤੂਤ ਤੋਂ ਖ਼ੁਸ਼ ਸੀ ਜਾਂ ਦੁਖੀ? ਉਸ ਦੇ ਚਿਹਰੇ ਦੇ ਹਾਵ ਭਾਵ ਖ਼ਾਮੋਸ਼ ਸਨ

-"ਪਰ ਹੁਣ ਤਾਂ ਹਰਦੇਵ ਨੇ-?" ਸੁਮੀਤ ਫਿਰ ਬੋਲ ਉਠਿਆ

-"ਫਿਰ ਕੀ ਆਫ਼ਤ ਆ ਗਈ...? ਉਹਨੇ ਮੇਰੇ ਨਾਲ਼ ਪੰਜ ਸੱਤ ਜਾਂ ਇਸ ਤੋਂ ਵੀ ਵੱਧ ਹਮਬਿਸਤਰੀ ਕਰ ਲਈ? ਫੇਰ ਕੀ ਫ਼ਰਕ ਪੈ ਗਿਆ? ਇਹ ਤਾਂ ਮੈਂ ਕਾਲਜ ਟਾਈਮ ਤੋਂ ਈ ਤੇਰੇ ਨਾਲ਼ ਕਰਦੀ ਆਈ ਆਂ-ਨਾਲ਼ੇ ਆਪਣਾ ਵਿਆਹ ਨਹੀਂ ਸੀ ਹੋਇਆ! ਮੈਂ ਹਰਦੇਵ ਦੇ ਬੇਸ 'ਤੇ ਐਥੇ ਆ ਗਈ-ਹਰਦੇਵ ਨੂੰ ਮੈਂ ਇਕ ਹਥਿਆਰ ਵਜੋਂ ਵਰਤਿਐ-ਜੇ ਉਹ ਮੇਰੇ ਨਾਲ਼ ਦਸ ਪੰਦਰਾਂ ਵਾਰ ਸੌਂ ਵੀ ਗਿਆ-ਹਮਬਿਸਤਰ ਹੋ ਵੀ ਗਿਆ-ਤਾਂ ਕੀ ਅਨਰਥ ਹੋ ਗਿਆ...? ਹੁਣ ਉਹ ਮੈਨੂੰ ਛੇੜਦਾ ਨਹੀਂ! ਉਹਦੇ ਸਾਹਮਣੇ ਤੇਰੇ ਨਾਲ਼ ਮੈਂ ਜੋ ਵਰਤਾਰਾ ਕੀਤੈ? ਉਸ ਵਰਤਾਰੇ ਨਾਲ਼ ਉਸ ਦਾ ਮਨ ਮੇਰੇ ਵੱਲੋਂ ਖੱਟਾ ਪੈ ਗਿਆ ਹੋਊ! ਅਜੇ ਉਹ ਮੈਨੂੰ ਛੇੜੀ ਜਾਊ? ਇਸ ਵਰਤਾਰੇ ਕਰਕੇ ਉਹ ਮੈਥੋਂ ਦੂਰ ਹੀ ਹੋਇਆ ਹੋਊ-ਨੇੜੇ ਨਹੀਂ! ਮੈਨੂੰ ਪਾਪਾ ਜੀ ਤੋਂ ਪਾਸੇ ਹੋਣ ਲਈ ਕੋਈ ਬਹਾਨਾ, ਕੋਈ ਮੁੱਦਾ ਚਾਹੀਦਾ ਸੀ-ਉਹ ਮੁੱਦਾ ਮੈਨੂੰ ਹਰਦੇਵ ਬਣ ਕੇ ਮਿਲ ਗਿਆ! ਮੈਂ ਪਾਪਾ ਜੀ ਤੋਂ ਪਾਸੇ ਹੋ ਗਈ-ਪੰਜਾਬ ਤੋਂ ਇੰਗਲੈਂਡ ਆ ਗਈ-ਹੁਣ ਹਰਦੇਵ ਤੋਂ ਤਲਾਕ ਅਤੇ ਪਾਪਾ ਜੀ ਤੋਂ ਸਹਿਮਤੀ ਲੈਣੀ ਮੇਰਾ ਕੰਮ ਐਂ! ਕੰਮ ਕੀ...? ਮੇਰੀ ਜ਼ਿੰਮੇਵਾਰੀ ਐ...! ਦੂਰ ਰਹਿਣ ਨਾਲ਼ ਮਾਂ ਬਾਪ ਦਾ ਪਿਆਰ ਬੱਚੇ ਪ੍ਰਤੀ ਹੋਰ ਮਜਬੂਤ ਹੁੰਦੈ-ਹੁਣ ਪਾਪਾ ਜੀ ਮੈਨੂੰ ਹਰ ਰੋਜ ਫ਼ੋਨ ਕਰਦੇ ਐ-ਅੱਗੇ ਕਦੇ ਦਫ਼ਤਰ 'ਚੋਂ ਵੀ ਫ਼ੋਨ ਨਹੀਂ ਸੀ ਕੀਤਾ! ਇਸ ਦਾ ਮਤਲਬ ਇਹ ਹੈ ਕਿ ਜੇ ਪਾਪਾ ਜੀ ਨੂੰ ਮੈਂ ਦੁਖੀ ਹੋਣ ਦਾ ਵੇਰਵਾ ਦੇਵਾਂ-ਤਾਂ ਪਾਪਾ ਜੀ ਤਲਾਕ ਬਾਰੇ ਫ਼ੱਟ ਸਹਿਮਤੀ ਦੇ ਦੇਣਗੇ ਅਤੇ ਪੰਜਾਬ ਵਾਪਿਸ ਆਉਣ ਬਾਰੇ ਆਖਣਗੇ-ਹਰਦੇਵ ਦੇ ਪ੍ਰੀਵਾਰ 'ਤੇ ਤਾਂ ਉਹ ਪਹਿਲਾਂ ਹੀ ਚਿੜੇ ਹੋਏ ਨੇ...।"

-"ਕਿਉਂ...?"

-"ਕਿਉਂਕਿ ਹਰਦੇਵ ਦੇ ਪ੍ਰੀਵਾਰ ਦੇ ਕਿਸੇ ਵੀ ਜੀਅ ਨੇ ਇਹਦੇ ਪਹਿਲੇ ਵਿਆਹ ਬਾਰੇ ਵੇਰਵਾ ਨਹੀਂ ਪਾਇਆ ਸੀ-ਤੇ ਜਦੋਂ ਪਾਪਾ ਜੀ ਨੂੰ ਪਤਾ ਲੱਗਿਆ-ਉਦੋਂ ਬਹੁਤ ਦੇਰ ਹੋ ਚੁੱਕੀ ਸੀ-ਮੈਂ ਤਾਂ ਆਨੰਦਾਂ 'ਤੇ ਬੈਠੀ ਸੀ-ਪਾਪਾ ਜੀ ਇਹਨਾਂ ਦੇ ਪ੍ਰੀਵਾਰ 'ਤੇ ਉਦੋਂ ਦੇ ਖਿਝੇ ਹੋਏ ਨੇ-ਹਰਦੇਵ ਤੋਂ ਤਲਾਕ ਲੈਣ ਤੋਂ ਬਾਅਦ-ਫੇਰ ਮੇਰੇ ਸਾਹਮਣੇ ਸਿਰਫ਼ ਇਕੋ ਹੀ ਵਿਸ਼ਾ ਹੈ-ਉਹ ਹੈ, ਸੁਮੀਤ...!"

-"......।" ਸੁਮੀਤ ਚੁੱਪ ਹੀ ਰਿਹਾਉਸ ਨੂੰ ਦੀਪ ਦੀ ਕਾਤਲ ਸੋਚ ਦਾ ਕਾਇਲ ਹੋਇਆ ਬੈਠਾ ਸੀਪਰ ਉਹ ਸੋਚ ਰਿਹਾ ਸੀ ਕਿ ਤੂੰ ਮੇਰੇ ਨਾਲ਼ ਇਕ ਵਾਰੀ ਵਿਆਹ ਤਾਂ ਕਰਵਾ...! ਸਾਰੇ ਧੋਣੇ ਹੀ ਧੋਤੇ ਜਾਣਗੇ...! ਮੈਂ ਵੀ ਕੈਬਨਿਟ ਮੰਤਰੀ ਦਾ ਸਾਹਿਬਜ਼ਾਦਾ ਹਾਂ...! ਤੈਨੂੰ ਲੀਹ ਪਾ ਦਿਆਂਗਾ...! ਆਪਾਂ ਨੂੰ ਤਾਂ ਤੇਰੇ ਸਰੀਰ ਅਤੇ ਤੇਰੀ ਜ਼ਮੀਨ ਜਾਇਦਾਦ ਨਾਲ਼ ਸਰੋਕਾਰ ਐ! ਜਿਹੜੀ ਤੇਰੇ ਤਸੀਲਦਾਰ ਪਿਉ ਨੇ ਲੋਕਾਂ ਦਾ ਖੂਨ ਚੂਸ ਚੂਸ ਕੇ ਇਕੱਠੀ ਕੀਤੀ ਐ! ਇਕ ਵਾਰ ਵਿਆਹ ਹੋਇਆ, ਤਸੀਲਦਾਰ ਅਰਗਿਆਂ ਦੀਆਂ ਗੁੱਡੀਆਂ ਘੁਕਾ ਦਿਆਂਗੇ...ਤਸੀਲਦਾਰ ਦਾ ਤਾਂ ਇਹ ਨਹੀਂ ਪਤਾ ਲੱਗਣਾ ਕਿ ਕਦੋਂ ਮਰ ਗਿਆ? ਅਤੇ ਕਿਵੇਂ ਮਰ ਗਿਆ...? ਤੂੰ ਇਕ ਵਾਰੀ ਹਰਦੇਵ ਤੋਂ ਤਲਾਕ ਲੈ ਕੇ ਮੇਰੇ ਨਾਲ਼ ਸ਼ਾਦੀ ਕਰ ਤਾਂ ਸਹੀ! ਜੇ ਬੌਂਦਲ਼ ਨਾ ਗਈ, ਤਾਂ ਆਖੀਂ...! ਅਸੀਂ ਟੋਭਾ ਪੀ ਕੇ ਭਾਫ਼ ਨਾ ਕੱਢੀਏ...! ਤੂੰ ਹਰਦੇਵ ਦੇ ਕੁੱਤੇ ਫ਼ੇਲ੍ਹ ਕੀਤੇ ਐਤੇ ਮੈਂ ਤੇਰੇ ਬਰੇਕ ਈ ਫ਼ੇਲ੍ਹ ਕਰ ਧਰਨੇ ਐਂ...! ਤੇਰੀਆਂ ਕਾਲਜ ਟਾਈਮ ਤੋਂ ਐਵੇਂ ਨਹੀਂ ਲਾਲ਼ਾਂ ਚੱਟੀ ਜਾਂਦਾ...! ਜਿਹੜਾ ਤੂੰ ਹਰਦੇਵ ਦੇ ਸੰਘ ਵਿਚ ਸਾਹ ਘੁੱਟ ਰੱਖਿਐ, ਉਹ ਅਛਨੇ ਪਛਨੇ ਸੁਮੀਤ ਦੇ ਸਾਹਮਣੇ ਨਹੀਂ ਹੋਣੇ...! ਤੇਰੇ ਵਰਗੀਆਂ ਸਾਡੇ ਕੋਲ਼ੇ ਪੰਜਾਹ...! ਸਾਨੂੰ ਕੀ ਘਾਟਾ...? ਤੇਰੇ ਵਰਗੀਆਂ ਦੀ ਸਾਲੀਏ ਅਸੀਂ ਮੰਡੀ ਲਾ ਦੇਈਏ...! ਸਾਲ਼ੀ ਕੁੱਤਿਆਂ ਦੀ...! ਵੱਡੀ ਚਤਰ...! ਕੁਦਰਤ ਦਾ ਕਾਨੂੰਨ ਹੀ ਇਹ ਹੈ, ਸੇਰ ਨੂੰ ਸਵਾ ਸੇਰ ਟੱਕਰਦੈ...! ਵੱਡੀ ਮੱਛੀ ਛੋਟੀ ਨੂੰ ਖਾਂਦੀ ਐ...! ਇਹ ਤਾਂ ਮੇਰੀ ਮੇਰੇ ਬਾਪੂ ਜੀ ਨੇ ਇਕ ਤਰ੍ਹਾਂ ਨਾਲ਼ ਡਿਊਟੀ ਲਾਈ ਹੋਈ ਐ, ਕਿ ਇਸ ਸੋਨੇ ਦਾ ਆਂਡਾ ਦੇਣ ਵਾਲ਼ੀ ਮੁਰਗੀ ਦਾ ਖਹਿੜਾ ਨਹੀਂ ਛੱਡਣਾਨਹੀਂ ਮੈਂ ਤਾਂ ਤੇਰੇ ਗੋਲ਼ੀ ਨਹੀਂ ਮਾਰਦਾ ਸੀ, ਤੇਰੇ 'ਤੇ ਥੁੱਕਦਾ ਵੀ ਨਹੀਂ ਸੀ...! ਬਾਪੂ ਨੇ ਆਖਿਆ ਸੀ, ਬੱਚੂ! ਜੇ ਦੋ ਲੱਖ ਖਰਚ ਕੇ ਦੋ ਕਰੋੜ ਦਾ ਫ਼ਾਇਦਾ ਹੁੰਦਾ ਹੋਵੇ, ਪਾਧਾ ਨਾ ਪੁੱਛੀਏ...! ਛਾਂਵੇਂ ਬੈਠਣ ਵਾਸਤੇ ਬੰਦੇ ਨੂੰ ਬੂਟਾ ਲਾਉਣਾ ਪੈਂਦੈ...!

----

ਅਸਲ ਵਿਚ ਸੁਮੀਤ ਧਨਾਢ ਘਰਾਣੇ ਨਾਲ਼ ਸਬੰਧ ਰੱਖਦਾ ਸੀਉਸ ਦਾ ਬਾਪ ਕੈਬਨਿਟ ਮੰਤਰੀ ਰਹਿ ਚੁੱਕਾ ਸੀਸੁਮੀਤ ਉਸ ਦਾ 'ਕੱਲਾ 'ਕੱਲਾ, ਵਿਗੜਿਆ ਹੋਇਆ ਪੁੱਤ ਸੀਕੈਬਨਿਟ ਮੰਤਰੀ ਸੁਮੀਤ ਲਈ ਕਿਸੇ ਅਜਿਹੇ ਰਿਸ਼ਤੇ ਦੀ ਭਾਲ਼ ਵਿਚ ਸੀਜਿੱਥੇ ਕੁੜੀ ਵੀ ਇਕੱਲੀ ਹੀ ਹੋਵੇ ਅਤੇ ਜ਼ਮੀਨ ਜਾਇਦਾਦ ਵੀ ਖੁੱਲ੍ਹੀ ਡੁੱਲ੍ਹੀ ਹੋਵੇ! ਸਾਰੇ ਇਲਾਕੇ ਵਿਚ ਅਜਿਹਾ ਰਿਸ਼ਤਾ ਮੰਤਰੀ ਸਾਹਿਬ ਨੂੰ ਤਸੀਲਦਾਰ ਤੋਂ ਬਿਨਾ ਕੋਈ ਨਹੀਂ ਦਿਸਿਆ ਸੀਉਸ ਨੇ ਕਾਲਜ ਸਮੇਂ ਤੋਂ ਹੀ ਸੁਮੀਤ ਨੂੰ ਦੀਪ ਮਗਰ ਲਾ ਦਿੱਤਾ ਸੀਬਿਨਾ ਸ਼ੱਕ ਦੀਪ, ਸੁਮੀਤ ਦੀ ਸ਼ਾਹੀ ਟੌਹਰ ਕਾਰਨ ਉਸ ਦੇ ਨੇੜੇ ਆ ਗਈ ਸੀਉਹ ਸ਼ਰੇਆਮ ਕਾਰਾਂ ਅਤੇ ਜਿਪਸੀਆਂ ਵਿਚ ਖੁੱਲ੍ਹੇ ਘੁੰਮਣ ਲੱਗੇ ਸਨਪਰ ਮਾੜੀ ਕਿਸਮਤ ਨੂੰ ਕਾਲਜ ਵਿਚ ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਿਚਾਰਾਂ ਵਾਲ਼ੇ ਵਿਦਿਆਰਥੀਆਂ ਦਾ ਝਗੜਾ ਹੋ ਗਿਆਇਸ ਝਗੜੇ ਦਾ ਮੁੱਖ ਦੋਸ਼ੀ ਸੁਮੀਤ ਨੂੰ ਹੀ ਮੰਨਿਆ ਗਿਆਇਸ ਕਰਕੇ ਸੁਮੀਤ ਅਤੇ ਉਸ ਦੇ ਦੋਸਤਾਂ ਨੂੰ ਫੜ ਕੇ ਪੁਲੀਸ ਨੇ ਅੰਦਰ ਦੇ ਦਿੱਤਾਮੰਤਰੀ ਦੇ ਅਸਰ ਰਸੂਖ ਅਤੇ ਅਮਲੇ ਫ਼ੈਲੇ ਨੇ ਉਹਨਾਂ ਨੂੰ ਛੁਡਾ ਲਿਆਸੁਮੀਤ ਫਿਰ ਵੀ ਮੰਤਰੀ ਸਾਹਿਬਾਨ ਦਾ ਸਾਹਿਬਜ਼ਾਦਾ ਸੀਪਰ ਅਖਬਾਰਾਂ ਨੇ ਇਸ ਗੱਲ ਨੂੰ ਰੱਜ ਕੇ ਉਛਾਲਿਆ ਸੀਸਾਰੇ ਇਲਾਕੇ ਵਿਚ ਖ਼ਬਰ ਧੂੰਏਂ ਵਾਂਗ ਫ਼ੈਲ ਗਈ ਸੀ ਅਤੇ ਖ਼ੂਬ 'ਬੂ-ਬੂ' ਹੋਈ ਸੀ

ਸਮਾਂ ਪਾ ਕੇ ਜਦੋਂ ਕਿਸੇ ਵਿਚੋਲੇ ਨੇ ਤਸੀਲਦਾਰ ਨੂੰ ਮੰਤਰੀ ਦੇ ਮੁੰਡੇ ਸੁਮੀਤ ਦੇ ਰਿਸ਼ਤੇ ਬਾਰੇ ਦੱਸ ਪਾਈ, ਤਾਂ ਤਸੀਲਦਾਰ ਤੋਕੜ ਮੱਝ ਵਾਂਗ ਲੱਤ ਚੁੱਕ ਗਿਆ ਸੀਤਸੀਲਦਾਰ ਦੇ ਮਨ ਵਿਚ ਸੀ ਕਿ ਅਜਿਹੇ ਗੁੰਡੇ ਮੁੰਡੇ ਨਾਲ਼ ਰਿਸ਼ਤਾ ਜੋੜ ਕੇ, ਮੈਂ ਕੱਲ੍ਹ ਨੂੰ ਤੰਗ ਹੀ ਹੋਊਂ! ਜੇ ਉਸ ਨੇ ਕਦੇ ਮੇਰੀ ਧੀ ਨੂੰ ਕੁਝ ਆਖ ਦਿੱਤਾ, ਤਾਂ ਮੇਰਾ ਮਰਨ ਹੋ ਜਾਵੇਗਾਉਹ ਦੀਪ ਲਈ ਕੋਈ ਆਪਣੇ ਤੋਂ ਛੋਟਾ ਘਰ ਲੱਭ ਰਿਹਾ ਸੀਜਿੱਥੇ ਭੱਲ ਜਿਹੀ ਵੀ ਬਣੀ ਰਹੇ! ਭਾਲ਼ ਕਰਦੇ-ਕਰਦੇ ਤਸੀਲਦਾਰ ਨੂੰ ਅਚਾਨਕ ਹਰਦੇਵ ਹੋਣਾਂ ਦਾ ਰਿਸ਼ਤਾ ਮਿਲ਼ ਗਿਆ ਸੀਪਰ ਦੀਪ ਦੀ ਸੁਮੀਤ ਨਾਲ਼ ਉਤਨੀ ਹੀ ਨੇੜਤਾ ਬਰਕਰਾਰ ਰਹੀ ਸੀ, ਜਿੰਨੀ ਪਹਿਲਾਂ ਸੀ!

----

ਉਧਰ ਮੰਤਰੀ ਨੇ ਅਜੇ ਵੀ ਦੀਪ ਦੀ ਆਸ ਨਹੀਂ ਛੱਡੀ ਸੀਉਸ ਨੇ ਸੁਮੀਤ ਦੀ ਪੂਛ ਨੂੰ ਵੱਟ ਚਾਹੜੀ ਰੱਖਿਆਜਦੋਂ ਸੁਮੀਤ ਨੇ ਦੀਪ ਦੇ ਵਿਆਹੀ ਜਾਣ ਅਤੇ ਇੰਗਲੈਂਡ ਜਾਣ ਬਾਰੇ ਜਤਾਇਆ ਤਾਂ ਮੰਤਰੀ ਪਿੱਟ ਉਠਿਆ ਸੀ, "ਵਿਆਹ ਹੋ ਗਿਆ-ਤਾਂ ਕੀ ਲੋਹੜਾ ਆ ਗਿਆ? ਸਾਲ਼ਿਆ ਕੁੜੀ ਕੋਲ਼ ਕਿੰਨੀ ਜ਼ਮੀਨ ਜਾਇਦਾਦ ਐ! ਸੋਹਣੀ ਸੁਨੱਖੀ ਐ! ਵਿਆਹ ਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਦਾ ਤੂੰ ਹੀ ਤਾਂ ਮਾਲਕ ਐਂ! ਜੇ ਉਹਨੂੰ ਕਦੇ ਤਲਾਕ ਵੀ ਦੇਣਾ ਪੈ ਗਿਆ-ਫੇਰ ਵੀ ਅੱਧ ਦਾ ਮਾਲਕ ਤਾਂ ਬਣੇਗਾ ਹੀ...? ਸਿਆਸਤ ਦੇ ਮਗਰ ਲੱਗ ਕੇ ਅੰਬ ਖਾਈਏ! ਪੇਡ ਗਿਣਨ ਦੀ ਲਾਲਸਾ ਨਾ ਰੱਖੀਏ! ਉਹਦੇ ਮਗਰ ਲੱਗਿਆ ਰਹਿ! ਚਾਹੇ ਤੈਨੂੰ ਉਹਦੇ ਪਿੱਛੇ ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਉਹ ਤੈਨੂੰ ਸੁੱਖ ਕੇ ਨਹੀਂ ਦਿੱਤੀ ਹੋਈ! ਨਾ ਵਿਚਾਰ ਰਲ਼ੇ, ਚੁੱਪ ਕਰਕੇ ਤਲਾਕ ਦੇ ਕੇ ਪਰਾਂਹ ਮਾਰੀਂ! ਅੱਧੀ ਜ਼ਮੀਨ ਜਾਇਦਾਦ ਤਾਂ ਲੈ ਕੇ ਡਿੱਗ...! ਜਾਂਦੇ ਚੋਰ ਦੀ ਤੜਾਗੀ ਈ ਸਹੀ! ਸਿਆਣੇ ਆਖਦੇ ਹੁੰਦੇ ਐ, ਸੁਮੀਤ! ਬਈ ਜੇ ਧਨ ਜਾਂਦਾ ਦਿਸੇ-ਅੱਧਾ ਦੇਈਏ ਲੁਟਾ...! ਚੁੱਪ ਚਾਪ ਉਹਦੇ ਮਗਰ ਲੱਗਿਆ ਰਹਿ...! ਇਹ ਮੁਰਗੀ ਤੇ ਜਾਇਦਾਦ ਆਪਾਂ ਨਹੀਂ ਛੱਡਣੀ! ਜੇ ਤੂੰ ਇਹ ਕੁੜੀ ਤੇ ਜ਼ਮੀਨ ਜਾਣ ਦੇ ਦਿੱਤੀ-ਤਾਂ ਸਮਝ ਲੈ ਬਈ ਤੂੰ ਮੰਤਰੀ ਪਿਉ ਦਾ ਪੁੱਤ ਨ੍ਹੀ! ਚਾਹੇ ਤੈਨੂੰ ਉਹਦੇ ਪਿੱਛੇ ਇੰਗਲੈਂਡ ਹੀ ਕਿਉਂ ਨਾ ਜਾਣਾ ਪਵੇ! ਇੰਗਲੈਂਡ ਜਾ ਕੇ ਉਹਦਾ ਅਮਰੀਕਾ ਕੈਨੇਡਾ ਦਾ ਵੀਜ਼ਾ ਲੁਆ-ਤੇ ਕਿਤੇ ਅੱਗੇ ਲੈ ਵੜ! ਇਕ ਗੱਲ ਯਾਦ ਰੱਖੀਂ-ਜੇ ਕੰਮ ਲੈਣਾ ਹੋਵੇ ਤਾਂ ਅਗਲੀ ਦੇ ਅੰਦਰ ਵੜ ਜਾਈਏ! ਮੈਂ ਆਪਣਾ ਦਸਤੀ ਖ਼ਤ ਅੰਬੈਸੀਆਂ ਵਾਸਤੇ ਤੈਨੂੰ ਮੈਂ ਦੇ ਦਿੰਨੈ-ਤੇਰਾ ਤੇ ਉਹਦਾ ਵੀਜ਼ਾ ਲੱਗ ਜਾਵੇਗਾ-ਇਸ ਗੱਲੋਂ ਚਿੰਤਾ ਨਾ ਕਰ...! ਚੁੱਪ ਕਰਕੇ ਉਹਦੇ ਮਗਰ ਇੰਗਲੈਂਡ ਜਾ ਵੱਜ! ਅਗਲੀ ਨੂੰ ਵੀ ਅਹਿਸਾਸ ਹੋਵੇ-ਬਈ ਮੇਰੇ ਨਾਲ਼ ਵਾਕਿਆ ਈ ਪ੍ਰੇਮ ਕਰਦੈ-ਜੇ ਸੱਚਾ ਦਿਲੋਂ ਪ੍ਰੇਮ ਕਰਦੈ-ਤਾਂ ਹੀ ਤਾਂ ਮੇਰੇ ਮਗਰ ਇੰਗਲੈਂਡ ਆਇਆ?" ਤੇ ਸੁਮੀਤ ਮੰਤਰੀ ਬਾਪੂ ਦਾ ਪ੍ਰੇਰਿਆ ਦਸਤੀ ਪੱਤਰ ਲੈ ਇੰਗਲੈਂਡ ਆ ਵੱਜਿਆ ਸੀ...

-"ਅੱਜ ਰਾਤ ਦਾ ਕੀ ਪ੍ਰੋਗਰਾਮ ਐਂ?" ਦੀਪ ਨੇ ਹੀ ਪਹਿਲ ਕੀਤੀ

-"ਅੱਜ ਲੁੱਟਾਂਗੇ ਬੁੱਲੇ...! ਬੜਾ ਇੰਤਜ਼ਾਰ ਕੀਤਾ! ਅੱਜ ਹੱਥ ਹੇਠ ਆਈ ਨੂੰ ਤੈਨੂੰ ਸੁੱਕੀ ਹੀ ਭੇਜ ਦਿਆਂ? ਤੇਰੇ ਕਰਕੇ ਤਾਂ ਮੈਂ ਇੰਗਲੈਂਡ ਆਇਐਂ? ਤੇਰੇ ਕਹਿਣ ਵਾਂਗ, ਹਾਜੀ ਲੋਕ ਮੱਕੇ ਵੱਲ ਜਾਂਦੇ ਤੇ ਸਾਡਾ ਰਾਂਝਾ ਮਾਹੀ ਮੱਕਾ...! ਮੇਰਾ ਮੱਕਾ ਕਾਅਬਾ, ਬੱਸ ਹੁਣ ਸਭ ਕੁਛ ਤੂੰ ਈ ਤੂੰ ਐਂ, ਦੀਪ!" ਉਸ ਨੇ ਦੀਪ ਨੂੰ ਕਲ਼ਾਵੇ ਵਿਚ ਜਕੜ ਲਿਆ

-"ਇਹ ਕੰਮ ਆਪਾਂ ਰਾਤ 'ਤੇ ਛੱਡੀਏ - ਚੱਲ ਹਰਦੇਵ ਨੂੰ ਮਿਲੀਏ...!" ਦੀਪ ਨੇ ਆਖਿਆ

-"ਮੈਂ ਕੱਪੜੇ ਤਾਂ ਬਦਲ ਲਵਾਂ...? ਮੈਂ ਤਾਂ ਨ੍ਹਾਤਾ ਵੀ ਨਹੀਂ...?"

-"ਆ ਕੇ ਸਹੀ...! ਨਹਾ ਕੇ ਕੀਹਨੂੰ ਦਿਖਾਉਣੈਂ?" ਦੀਪ ਉਸ ਨੂੰ ਧੂਹ ਤੁਰੀ

----

ਹਰਦੇਵ ਹੋਟਲ ਦੇ ਲਾਊਂਜ ਵਿਚ ਕੀੜਿਆਂ ਵਾਲ਼ੇ ਕੁੱਤੇ ਵਾਂਗ ਬੈਠਾ ਸੀਉਸ ਦੇ ਮੂੰਹ ਤੋਂ ਮੱਖੀ ਨਹੀਂ ਉਡ ਰਹੀ ਸੀਉਸ ਦੇ ਅੰਦਰ ਭਾਂਤ ਭਾਂਤ ਦੀਆਂ ਸੋਚਾਂ ਦਾ ਜਹਾਦ ਛਿੜਿਆ ਹੋਇਆ ਸੀਕਿਤੇ ਉਹ ਸਾਲ਼ਾ ਦੀਪ ਨਾਲ਼ ਰੰਗਰਲ਼ੀਆਂ ਤਾਂ ਨਹੀਂ ਮਨਾਈ ਜਾ ਰਿਹਾ? ਐਹੋ ਜਿਹੇ ਦਾ ਕੀ ਇਤਬਾਰ? ਇਤਬਾਰ ਤਾਂ ਮੇਰੇ ਆਲ਼ੀ ਤੀਮੀ ਦਾ ਵੀ ਨਹੀਂ! ਕਹਿੰਦੇ ਨੇ ਜੇ ਸ਼ੇਰਨੀ ਨੂੰ ਤ੍ਰਿਸ਼ਨਾ ਦਾ ਹਲ਼ਕ ਛੁੱਟ ਪਵੇ, ਤਾਂ ਉਹ ਰਾਹ 'ਤੇ ਆ ਕੇ ਲਿਟਣ ਲੱਗ ਪੈਂਦੀ ਐ! ਨਾਲ਼ੇ ਇਹਨੇ ਤਾਂ ਮੇਰੇ ਵੈਸੇ ਈ ਕੁੱਤੇ ਫ਼ੇਲ੍ਹ ਕੀਤੇ ਪਏ ਐ! ਇਹਨੂੰ ਤਾਂ ਸਾਲ਼ੀ ਨੂੰ ਹੱਥ ਲਾਉਂਦਿਆਂ ਵੀ ਡਰ ਲੱਗਦੈਇਹਦਾ ਹਾਬੜਾ ਤਾਂ ਆਹ ਮੇਰਾ ਸਾਲ਼ਾ ਕੁੱਚ ਦਾਹੜੀਆ ਈ ਬੁਝਾਊ! ਇਹ ਮੈਨੂੰ ਮੇਰੇ ਸਾਲ਼ੇ ਦੀ ਕੀ ਦਬਾਲ਼ ਐ? ਇਹਦਾ ਤਾਂ ਇਹ ਨਹੀਂ ਇਤਬਾਰ ਬਈ ਕਿਤੇ ਸਾਰਿਆਂ ਦੇ ਸਾਹਮਣੇ ਥੱਪੜ ਹੀ ਕੱਢ ਮਾਰੇ? ਅਮੀਰ ਪਿਉ ਦੀ ਵਿਗੜੀ ਕੁੜੀ ਐ! ਇਹ ਤਾਂ ਛੇਤੀ ਕੀਤੇ ਪਿੱਛੋਂ ਵੀ ਨਹੀਂ ਲਹਿਣੀ

----

ਦੀਪ ਅਤੇ ਸੁਮੀਤ ਹੇਠਾਂ ਲਾਊਂਜ ਵਿਚ ਆ ਗਏ

-"ਹਰਦੇਵ, ਚਲੋ ਆਪਾਂ ਘਰੇ ਚੱਲਦੇ ਐਂ! ਸੁਮੀਤ ਨੂੰ ਨਾਲ਼ੇ ਆਪਣਾ ਘਰ ਦਿਖਾ ਦਿਆਂਗੇ।"

ਉਹ ਉਠ ਕੇ ਕਿਸੇ ਆਗਿਆਕਾਰੀ ਚੇਲੇ ਵਾਂਗ ਉਹਨਾਂ ਦੇ ਅੱਗੇ ਲੱਗ ਤੁਰਿਆਹੋਟਲ ਦੀ ਪਾਰਕਿੰਗ ਵਿਚੋਂ ਗੱਡੀ ਘਰ ਨੂੰ ਤੁਰ ਪਈਦੀਪ ਫਿਰ ਪਿੱਛੇ ਸੁਮੀਤ ਨਾਲ਼ ਅੜੀ ਬੈਠੀ ਸੀਹਰਦੇਵ ਦੇ ਮਨ ਵਿਚ ਲਾਂਬੂ ਬਲ਼ ਰਹੇ ਸਨਉਸ ਦਾ ਦਿਲ ਕਰਦਾ ਸੀ ਕਿ ਗੱਡੀ ਨੂੰ ਮੋਟਰ-ਵੇਅ 'ਤੇ ਆਉਂਦੇ ਕਿਸੇ ਟਰਾਲੇ ਹੇਠ ਵਾੜ ਦੇਵੇ...ਆਪ ਤਾਂ ਮਰਨਾ ਹੀ ਹੈ, ਇਹਨਾਂ ਸਾਲ਼ਿਆਂ ਆਸ਼ਕਾਂ ਨੂੰ ਵੀ ਨਾਲ ਲੈ ਕੇ ਮਰਾਂ...! ਪਰ ਉਹ ਡਰਾਕਲ ਸ਼ਿਕਾਰੀ ਵਾਂਗ ਹੀਆਂ ਨਾ ਕਰ ਸਕਿਆਅੱਗੇ ਹੀ ਅੱਗੇ ਚੱਲਦਾ ਰਿਹਾ

----

ਘਰ ਆ ਗਿਆਉਤਰ ਕੇ ਹਰਦੇਵ ਨੇ ਹੀ ਦਰਵਾਜਾ ਖੋਲ੍ਹਿਆਦੀਪ ਅਤੇ ਸੁਮੀਤ ਅਜੇ ਵੀ ਕਾਰ ਵਿਚ ਬੈਠੇ ਗੱਲਾਂ ਕਰ ਰਹੇ ਸਨਹੱਸ ਰਹੇ ਸਨਹੁਣ ਹਰਦੇਵ ਨੂੰ ਆਪਣੇ ਗੁਆਂਢੀਆਂ ਦਾ ਡਰ ਸਤਾਉਣ ਲੱਗ ਪਿਆਜੇ ਗੁਆਂਢੀਆਂ ਨੇ ਦੇਖ ਲਿਆ, ਫੇਰ...? ਫੇਰ ਕੀ ਕਹੂੰਗਾ...? ਆਖ ਦਿਉਂਗਾ, ਦੀਪ ਦੀ ਭੂਆ ਦਾ ਮੁੰਡਾ ਆਇਐ...! ਪਰ ਅਗਲੇ ਸੋਚਣਗੇ ਬਈ ਭੂਆ ਦੇ ਮੁੰਡੇ ਨਾਲ਼ ਕੁੜੀ ਦਾ ਆਹ ਵਰਤਾਓ...? ਭੂਆ ਦੇ ਮੁੰਡੇ ਨੂੰ ਕੁੜੀ ਜੱਫ਼ੀਆਂ ਪਾਉਂਦੀ ਹੁੰਦੀ ਐ...? ਦੁਨੀਆਂ ਬੜੀ ਅੱਗੇ ਲੰਘੀ ਹੋਈ ਐ, ਹਰਦੇਵ ਸਿਆਂ...! ਤੂੰ ਦੁਨੀਆਂ ਨੂੰ ਮੂਰਖ ਨਹੀਂ ਬਣਾ ਸਕਦਾ...! ਦੁਨੀਆਂ ਤਾਂ ਦੋ ਮੂੰਹੀਂ ਤਲਵਾਰ ਐ...! ਦੁਨੀਆਂ ਦੇ ਤਾਂ ਸਤਾਰਾਂ ਅੱਖਾਂ ਤੇ ਚੌਂਤੀ ਕੰਨ ਨੇ...! ਤੂੰ ਦੁਨੀਆਂ ਨੂੰ ਕਿਵੇਂ ਚਾਰ ਜਾਵੇਂਗਾ...? ਦੁਨੀਆਂ ਤਾਂ ਜਾਗਦਿਆਂ ਨੂੰ ਪੈਂਦੀਂ ਪਾਉਣ ਵਾਲੀ ਹੈ...! ਤੂੰ ਫਿਲਹਾਲ ਦੁਨੀਆਂ ਦੀ ਪ੍ਰਵਾਹ ਛੱਡ...! ਆਪਦੀ ਤੀਮੀ ਵੱਲੀਂ ਤਵੱਜੋਂ ਦੇਹ...! ਇਹ ਸਾਲ਼ੀ, ਵੱਡੇ ਉਚੇ ਖ਼ਿਆਲਾਂ ਆਲ਼ੀ ਤੈਨੂੰ ਸਾਰੇ ਜੱਗ 'ਚ ਨੰਗਾ ਕਰਕੇ ਰਹੂ...! ਇਹਨੂੰ ਸੰਭਾਲ਼ ਕੇ ਕਿਸੇ ਖੁੱਡੇ 'ਚ ਤਾੜ...! ਨਹੀਂ ਇਹਦੇ ਲਫ਼ੰਗੇ ਯਾਰ ਤਾਂ ਇਹਦੇ ਮਗਰ ਇੰਗਲੈਂਡ ਤੱਕ ਆ ਪਹੁੰਚੇ...! ਪਿੰਡ ਇਹਨੇ ਕਾਹਦਾ ਵਸਣਾ ਸੀ...? ਇਹਨਾਂ ਨੇ ਤਾਂ ਸਾਲ਼ਿਆਂ ਨੇ ਇੰਗਲੈਂਡ ਨੂੰ ਹੀ ਮੋਗਾ ਬਣਾ ਧਰਿਆ...? ਫ਼ਟੱਕ ਦੇਣੇ ਟਿਕਟ ਕਟਾ ਕੇ ਐਥੇ ਆ ਵੱਜਿਆ...! ਪਤਾ ਨਹੀਂ ਕੀਹਦਾ ਤੁਖ਼ਮ ਐਂ...?

----

ਹਰਦੇਵ ਨੇ ਕਾਰ ਦੀ ਤਾਕੀ ਖੋਲ੍ਹ ਕੇ ਉਹਨਾਂ ਨੂੰ ਬਾਹਰ ਆਉਣ ਦਾ ਇਸ਼ਾਰਾ ਦਿੱਤਾ

ਉਹ ਹੇਠਾਂ ਉਤਰ ਆਏ ਅਤੇ ਸਿੱਧੇ ਹੀ ਡਰਾਇੰਗ-ਰੂਮ ਵਿਚ ਜਾ ਪਧਾਰੇਹਰਦੇਵ ਬਾਹਰਲੇ ਦਰਵਾਜੇ ਵਿਚ ਖੜ੍ਹ ਚਾਰੇ ਪਾਸੇ ਦੇਖ ਰਿਹਾ ਸੀਉਸ ਨੂੰ ਕੋਈ ਗੁਆਂਢੀ ਨਜ਼ਰ ਨਾ ਆਇਆਹਰਦੇਵ ਨੇ ਸੁਖ ਦਾ ਸਾਹ ਲਿਆਉਹ ਅੱਗਾ ਪਿੱਛਾ ਦੇਖ ਦੇਖ ਤੁਰਦਾ ਸੀਜਿਵੇਂ ਕੋਈ ਚੋਰ ਹੋਵੇ

ਦੀਪ ਡਰਾਇੰਗ-ਰੂਮ ਵਿਚ ਸੁਮੀਤ ਦੁਆਲ਼ੇ ਸੱਪ ਵਾਂਗ ਲਿਪਟੀ ਪਈ ਸੀ

-"ਚਾਹ ਪੀਓਂਗੇ...?" ਹਰਦੇਵ ਨੇ ਉਹਨਾਂ ਨੂੰ ਵਰਜਣ ਦੇ ਰੌਂਅ ਵਿਚ ਪੁੱਛਿਆ

-"ਨਹੀਂ ਚਾਹ ਅਸੀਂ ਹੋਟਲ 'ਚੋਂ ਹੀ ਪੀ ਆਏ ਸੀ।" ਦੀਪ ਨੇ ਉਤਰ ਮੋੜਿਆ

ਸੁਮੀਤ ਕੁਝ ਨਾ ਬੋਲਿਆਚੁੱਪ ਹੀ ਰਿਹਾ

ਹਰਦੇਵ ਉਪਰਲੀਆਂ ਪੌੜੀਆਂ ਚੜ੍ਹ ਗਿਆ ਅਤੇ ਸੌਣ ਵਾਲ਼ੇ ਕਮਰੇ ਵਿਚ ਜਾ ਕੇ ਲੇਟ ਗਿਆ

ਪਤਾ ਨਹੀਂ ਕਦੋਂ ਉਸ ਦੀ ਅੱਖ ਲੱਗ ਗਈ

ਸ਼ਾਮ ਨੂੰ ਚਾਰ ਕੁ ਵਜੇ ਦੀਪ ਨੇ ਉਸ ਨੂੰ ਹੇਠੋਂ ਹੀ ਅਵਾਜ਼ ਦਿੱਤੀ

-"ਹਰਦੇਵ, ਚਲੋ ਸਾਨੂੰ ਡੋਰਿੰਟ ਹੋਟਲ ਛੱਡ ਕੇ ਆਓ...!" ਉਸ ਨੇ ਹੇਠੋਂ ਬੈਠੀ ਨੇ ਹੀ ਹੁਕਮ ਚਾੜ੍ਹਿਆਹਰਦੇਵ ਦੀਆਂ ਚੜ੍ਹ ਮੱਚੀਆਂ ਸਨਉਹ ਸੋਚ ਰਿਹਾ ਸੀ ਕਿ ਮੈਂ ਜਿੰਨਾਂ ਨੀਵਾਂ ਹੋਈ ਜਾ ਰਿਹਾ ਹਾਂਉਤਨਾ ਹੀ ਇਹ ਕੁੱਤੀ ਸਿਰ ਚੜ੍ਹੀ ਜਾਂਦੀ ਐਕੀ ਮਤਲਬ, 'ਸਾਨੂੰ' ਡੋਰਿੰਟ ਹੋਟਲ ਛੱਡ ਕੇ ਆਓ...? ਇਹ ਇਸ ਦੇ ਨਾਲ਼ ਹੋਟਲ 'ਚ ਰਹੇਗੀ...? ਮੇਰੇ, ਖ਼ਸਮ ਦੇ ਹੁੰਦੇ ਹੋਏ...? ਮੇਰੇ ਜਿਉਂਦੇ ਜੀਅ...? ਮੈਂ ਤਾਂ ਫਿਰ ਜਿਉਂਦਾ ਹੀ ਮਰ ਗਿਆ...? ਮੇਰੇ ਘਰਵਾਲ਼ੀ ਕਿਸੇ ਲੰਡਰ ਬੰਦੇ ਨਾਲ਼ ਹੋਟਲ 'ਚ ਰਾਤਾਂ ਕੱਟੇ, ਗਲਵਕੜੀਆਂ ਪਾਵੇ, ਚੁੰਮੀ ਚੱਟੀ ਕਰੇ, ਇਹ ਅੱਖੀਂ ਦੇਖ ਕੇ ਮੈਂ ਮੱਖੀ ਕਿਵੇਂ ਨਿਗਲ ਸਕਦੈਂ...? ਇਹਦੀਆਂ ਘਤਿੱਤਾਂ ਬਾਰੇ ਇਹਦੇ ਪਿਉ ਨੂੰ ਦੱਸਿਆ ਜਾਵੇ...? ਪਰ ਇਹਦਾ ਪਿਉ ਤਾਂ ਆਪ ਕੰਜਰ ਐ...! ਉਹਨੇ ਮੇਰਾ ਪੱਖ ਕਦੋਂ ਲਿਆ...? ਜੱਟ ਜੱਟਾਂ ਦੇ ਤੇ ਫ਼ੱਗੂ ਨਰਾਇਣ ਦਾ...! ਇਹਦੇ ਪਿਉ ਨੇ ਵੀ ਇਹਦਾ ਪੱਖ ਹੀ ਪੂਰਨੈਂ! ਬਾਪੂ ਨੂੰ ਦੱਸਿਆ ਜਾਵੇ...? ਪਰ ਬਾਪੂ ਕੀ ਕਰੂ...? ਕਾਨੂੰਨ ਤਸੀਲਦਾਰ ਦੇ ਹੱਥਾਂ ਦੀ ਖੇਡ...! ਤਸੀਲਦਾਰ ਦੇ ਮਾਊਜਰਾਂ ਮੂਹਰੇ ਬਾਪੂ ਦਾ ਖੂੰਡਾ ਕੀ ਕਰੂ...? ਉਹ ਸੋਚਾਂ ਵਿਚ ਦਧਨ ਹੋਇਆ ਪਿਆ ਸੀਉਸ ਦੇ ਸਿਰ ਵਿਚ ਤੇਸੇ ਚੱਲੀ ਜਾ ਰਹੇ ਸਨ

-"ਦੀਪ! ਮਾੜਾ ਜਿਆ ਉਪਰ ਤਾਂ ਆਈਂ!" ਉਸ ਨੇ ਦਿਲ ਕੱਢ ਕੇ ਆਖ ਹੀ ਦਿੱਤਾਉਹ ਨਿੱਤ ਨਿੱਤ ਦੇ ਕੰਜਰਖਾਨੇ ਨਾਲੋਂ, ਅੱਜ ਇਕ ਦਿਨ ਹੀ ਨਬੇੜਾ ਕਰਨਾ ਚਾਹੁੰਦਾ ਸੀ

ਦੀਪ ਜਿੰਨ ਵਾਂਗ ਉਪਰ ਆ ਖੜ੍ਹੀ

-"ਕੀ ਗੱਲ ਐ...?"

-"ਦੇਖ ਦੀਪ! ਆਪਾਂ ਸਭ ਤੋਂ ਪਹਿਲਾਂ ਪੰਜਾਬੀ ਐਂ-ਇੰਗਲੈਂਡ ਦੇ ਵਸਨੀਕ ਉਸ ਤੋਂ ਬਾਅਦ!"

-"ਸੋ...? ਤੁਸੀਂ ਕਹਿਣਾ ਕੀ ਚਾਹੁੰਦੇ ਹੋ?"

-"ਪੰਜਾਬੀ ਔਰਤ ਨੂੰ ਕਿਸੇ ਗ਼ੈਰ ਮਰਦ ਨਾਲ਼ ਕਿਸੇ ਹੋਟਲ ਵਿਚ ਰਹਿਣਾ ਸ਼ੋਭਾ ਨਹੀਂ ਦਿੰਦਾ! ਤੇ ਉਹ ਵੀ ਆਪਣੇ ਪਤੀ ਦੇ ਹੁੰਦਿਆਂ ਹੋਇਆਂ...!" ਉਸ ਨੇ ਸਮਝੌਤੀ ਜਿਹੀ ਦੇ ਮਾਰੀ

ਦੀਪ ਉਸ ਵੱਲ ਹੱਥ ਕਰ ਕੇ ਉਚੀ-ਉਚੀ ਹੱਸ ਪਈਉਸ ਨੇ ਹਰਦੇਵ ਦੀ ਖਿੱਲੀ ਹੀ ਤਾਂ ਉਡਾਈ ਸੀ!

-"ਮੈਂ ਤਾਂ ਤੁਹਾਨੂੰ ਹੋਰ ਗੱਲ ਦੱਸਣ ਵਾਲ਼ੀ ਸੀ...!" ਉਸ ਨੇ ਹਾਸਾ ਰੋਕ ਕੇ ਕਿਹਾ

-"ਕੀ...?" ਉਸ ਨੂੰ ਅਗਲੀ ਫ਼ੇਟ ਬਾਰੇ ਫ਼ਿਕਰ ਪੈ ਗਿਆ

-"ਅਗਲੇ ਹਫ਼ਤੇ ਮੈਂ ਤੇ ਸੁਮੀਤ ਅਮਰੀਕਾ ਅਤੇ ਕੈਨੇਡਾ ਘੁੰਮਣ ਜਾ ਰਹੇ ਆਂ...! ਤੁਸੀਂ ਹੁਣੇ ਈ ਪਿੱਟਣਾ ਸ਼ੁਰੂ ਕਰ ਦਿੱਤਾ...?" ਉਸ ਨੇ ਬੜੇ ਸਹਿਜ ਸੁਭਾਅ ਹੀ ਆਖਿਆ

ਹਰਦੇਵ ਦੰਗ ਰਹਿ ਗਿਆਗੱਲ ਸੁਣ ਕੇ ਉਸ ਦਾ ਮੂੰਹ ਅੱਡਿਆ ਰਹਿ ਗਿਆ ਸੀ

-"ਫੇਰ ਇਉਂ ਕਰ...! ਮੈਨੂੰ ਤਲਾਕ ਲਿਖ ਕੇ ਦੇ-ਦੇ...!" ਉਸ ਨੇ ਆਖਰੀ ਗੱਲ ਆਖ ਦਿੱਤੀ

-"ਠੀਕ ਐ...! ਲਿਖ ਦਿਆਂਗੀ...! ਮੈਂ ਪਾਪਾ ਜੀ ਨਾਲ਼ ਸਾਰੀ ਗੱਲ ਕਰਕੇ, ਤਲਾਕ ਲਿਖ ਦਿਆਂਗੀ...! ਇਸ ਬਾਰੇ ਚਿੰਤਾ ਨਾ ਕਰੋ, ਬੱਸ? ਡੋਂਟ ਵਰੀ ਅਬਾਊਟ ਅਵਰ ਤਲਾਕ...!" ਦੀਪ ਦੇ ਆਖਣ 'ਤੇ ਹਰਦੇਵ ਕੁਝ ਹਲਕਾ ਹੋ ਗਿਆ ਸੀ

-"ਆਪਣੇ ਕੱਪੜੇ ਲੱਤੇ ਵੀ ਨਾਲ਼ ਹੀ ਲੈ ਜਾਹ-ਨਹੀਂ ਤੈਨੂੰ ਫੇਰ ਆਉਣਾ ਪਊ।" ਜਿਵੇਂ ਹਰਦੇਵ ਨਹੀਂ, ਉਸ ਦਾ ਬੁੱਤ ਬੋਲ ਰਿਹਾ ਸੀ

-"ਕੈਨੇਡਾ ਜਾਣ ਲੱਗੀ ਕੱਪੜੇ ਵੀ ਲੈ ਜਾਵਾਂਗੀ ਤੇ ਪਾਸਪੋਰਟ ਵੀ! ਫਿਕਰ ਨਾ ਕਰੋ...! ਤੁਸੀਂ ਚਾਰ ਦਿਨ ਮੇਰੇ ਕੱਪੜੇ ਵੀ ਨਹੀਂ ਇਸ ਘਰ ਵਿਚ ਪਏ ਜਰ ਸਕਦੇ...? ਆਫ਼ਟਰ ਆਲ ਮੈਂ ਤੁਹਾਡੀ ਪਤਨੀ ਆਂ...?"

ਹਰਦੇਵ ਦਾ ਮੂੰਹ ਬੰਦ ਹੋ ਗਿਆ

----

ਉਹ ਉਹਨਾਂ ਨੂੰ ਡੋਰਿੰਟ ਹੋਟਲ ਉਤਾਰ ਕੇ ਮੁੜ ਆਇਆਨਾ ਕਿਸੇ ਨੇ ਕੋਈ ਗੱਲ ਉਸ ਨਾਲ ਕੀਤੀ ਅਤੇ ਨਾ ਹੀ ਉਸ ਨੇ ਕਿਸੇ ਨਾਲ਼ ਕੋਈ ਗੱਲ ਕੀਤੀਜਿਵੇਂ ਉਹ ਸਾਰੇ ਗੂੰਗੇ ਜਾਂ ਬੋਲ਼ੇ ਸਨਬੱਸ, ਉਹ ਸੁਮੀਤ ਅਤੇ ਦੀਪ ਨੂੰ ਹੋਟਲ ਦੇ ਦਰਵਾਜੇ ਅੱਗੇ ਉਤਾਰ ਕੇ ਵਾਪਿਸ ਆ ਗਿਆ ਸੀ

ਜਦੋਂ ਉਸ ਨੇ ਬਰੌਡਵੇਅ ਦੇ ਵੱਡੇ ਰਾਊਂਡ ਅਬਾਊਟ ਕੋਲੋਂ ਗੱਡੀ ਮੋੜੀ ਤਾਂ ਉਸ ਦੀ ਨਜ਼ਰ ਨਾਲ਼ ਦੀ ਕਾਰ ਵਿਚ ਬੈਠੀ ਮੀਤੀ 'ਤੇ ਪਈਦੇਖ ਕੇ ਮੀਤੀ ਨੇ ਮੂੰਹ ਪਰਾਂਹ ਕਰ ਲਿਆਜਿਵੇਂ ਉਹ ਹਰਦੇਵ ਦੀ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦੀ ਸੀਹਰਦੇਵ ਦੀ ਧਾਹ ਨਿਕਲਣ ਵਾਲੀ ਹੋ ਗਈ! ਉਸ ਦਾ ਦਿਲ ਕਰਦਾ ਸੀ ਕਿ ਕਾਰ 'ਚੋਂ ਉਤਰ ਕੇ, ਦੇਵਤਾ ਸਰੂਪ ਮੀਤੀ ਦੇ ਚਰਨੀਂ ਢਹਿ ਪਵੇ ਅਤੇ ਮੁਆਫ਼ੀ ਮੰਗੇਪਰ ਮੀਤੀ ਦੀਆਂ ਨਜ਼ਰਾਂ ਹੀ ਦੱਸ ਗਈਆਂ ਸਨ ਕਿ ਉਹ ਹਰਦੇਵ ਦੀ ਸੂਰਤ ਵੀ ਦੇਖਣੀ ਪਸੰਦ ਨਹੀਂ ਕਰਦੀ ਸੀਮੀਤੀ ਦੀਆਂ ਨਜ਼ਰਾਂ ਉਸ ਨੂੰ "ਦਫ਼ਾ ਹੋਜਾ...! ਦਫ਼ਾ ਹੋਜਾ...!" ਪੁਕਾਰ ਰਹੀਆਂ ਸਨਹਰਦੇਵ ਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਹੋਈ ਪਈ ਸੀਉਹ ਨਾ ਘਰ ਦਾ ਰਿਹਾ ਸੀ ਅਤੇ ਨਾ ਹੀ ਘਾਟ ਦਾ...!

----

ਉਸ ਨੇ ਘਰ ਆ ਕੇ ਅੱਧੀ ਬੋਤਲ ਵਿਸਕੀ ਦੀ ਸੂਤ ਧਰੀ ਅਤੇ ਦੀਪ ਦੇ ਬਾਪ ਤਸੀਲਦਾਰ ਨੂੰ ਫ਼ੋਨ ਮਿਲਾ ਲਿਆਫ਼ੋਨ ਦੀ "ਟਰਰ-ਟਰਰ" ਹਰਦੇਵ ਦਾ ਕਾਲ਼ਜਾ ਚੱਟ ਰਹੀ ਸੀਕੀ ਗੱਲ ਕਰੇਗਾ ਉਹ ਦੀਪ ਦੇ ਬਾਪ ਨਾਲ਼...? ਕੀ ਦੱਸੇਗਾ ਉਹਨੂੰ...? ਇਹਨਾਂ ਦਾ ਤਾਂ ਸਾਰਾ ਟੱਬਰ ਹੀ ਝੰਡੇ ਹੇਠਲਾ ਹੈ...! ਉਸ ਦਾ ਦਿਲ ਕਿਰ-ਕਿਰ ਪੈਂਦਾ ਸੀਆਖਰ ਕਿਸੇ ਨੌਕਰ ਨੇ ਫ਼ੋਨ ਚੁੱਕ ਲਿਆ

-"ਹੈਲੋ...! ਮੈਂ ਹਰਦੇਵ ਬੋਲਦੈਂ ਜੀ, ਇੰਗਲੈਂਡ ਤੋਂ! ਤਸੀਲਦਾਰ ਸਾਹਬ ਨਾਲ਼ ਗੱਲ ਕਰਵਾਓ!" ਉਸ ਨੇ ਆਖਿਆ

-"ਇਕ ਮਿੰਟ ਹੋਲਡ ਰੱਖੋ!" ਨੌਕਰ ਨੇ ਕਿਹਾ ਤਾਂ ਕਾਫ਼ੀ ਦੇਰ ਬਾਅਦ ਤਸੀਲਦਾਰ ਨੇ ਫ਼ੋਨ 'ਤੇ 'ਹੈਲੋ' ਆ ਆਖੀ

-"ਪਾਪਾ ਜੀ, ਸਤਿ ਸ੍ਰੀ ਅਕਾਲ...!"

-"ਸਾਸਰੀਕਾਲ ਬਈ...! ਹਰਦੇਵ ਐ...?" ਤਸੀਲਦਾਰ ਦੇ ਬੋਲਾਂ ਤੋਂ ਲੱਗਦਾ ਸੀ ਕਿ ਉਸ ਦੀ ਕਾਫ਼ੀ ਦਾਰੂ ਪੀਤੀ ਹੋਈ ਸੀ

-"ਹਾਂ ਜੀ, ਪਾਪਾ ਜੀ!"

-"ਅੱਛਾ...! ਮੇਰੀ ਤਾਂ ਥੋੜ੍ਹੀ ਜੀ ਪੀਤੀ ਵੀ ਐ-ਮੈਨੂੰ ਦੀਪ ਦਾ ਵੀ ਹੁਣੇ ਹੁਣੇ ਫ਼ੋਨ ਆਇਆ ਸੀ-ਡੋਰਿੰਟ ਹੋਟਲ 'ਚੋਂ! ਆਹ ਲੈ, ਗੱਲ ਕਰਲੈ...!" ਤਸੀਲਦਾਰ ਨੇ ਫ਼ੋਨ ਸ਼ਾਇਦ ਆਪਣੀ ਘਰਵਾਲੀ ਨੂੰ ਫੜਾ ਦਿੱਤਾਉਸ ਨੇ 'ਹੈਲੋ' ਕਹੀ ਤਾਂ ਹਰਦੇਵ ਰੇਡੀਓ ਵਾਂਗ ਸ਼ੁਰੂ ਹੋ ਗਿਆਉਸ ਨੇ ਮੋਟੇ ਤੌਰ 'ਤੇ ਮੋਟੇ ਅੱਖਰਾਂ ਵਿਚ ਸਾਰੀ ਗੱਲ ਆਪਣੀ ਸੱਸ ਨੂੰ ਆਖ ਸੁਣਾਈ, ਦੀਪ ਅਤੇ ਸੁਮੀਤ ਦੀਆਂ ਕਰਤੂਤਾਂ ਬਾਰੇ ਦੱਸਿਆ ਅਤੇ ਕਿਸੇ ਸਾਰਥਿਕ ਉਤਰ ਦੀ ਉਡੀਕ ਕਰਨ ਲੱਗ ਪਿਆ

-"ਗੱਲ ਇਹ ਐ ਕਾਕਾ...! ਜੇ ਪਤਾ ਹੋਵੇ ਨ੍ਹਾਂ! ਬਈ ਮੈਥੋਂ ਤੀਮੀ ਸਾਂਭੀ ਨ੍ਹੀ ਜਾਣੀ? ਤਾਂ ਵਿਆਹ ਨਾ ਕਰਵਾਈਏ...! ਜੁਆਨ ਜਹਾਨ ਕੁੜੀ ਐ-ਜੇ ਉਹਨੂੰ ਤੇਰੇ ਕੋਲੋਂ ਨਹੀਂ ਕੁਛ ਖੱਟਣ ਖਾਣ ਨੂੰ ਮਿਲ਼ਦਾ-ਤਾਂ ਉਹਨੇ ਕਿਤੇ ਨਾ ਕਿਤੇ ਤਾਂ ਧੱਕੇ ਖਾਣੇ ਈ ਐਂ? ਕਿਤੋਂ ਤਾਂ ਢਿੱਡ ਭਰਨਾ ਈ ਐਂ? ਕੀ ਕਰੇ ਵਿਚਾਰੀ ਉਹੋ...? ਡੁੱਬਦੇ ਬੰਦੇ ਨੂੰ ਤਿਣਕੇ ਦਾ ਸਹਾਰਾ ਈ ਬਥੇਰਾ ਹੁੰਦੈ! ਹੁੰਦੈ ਕਿ ਨਹੀਂ...? ਉਹਨੂੰ ਅਸੀਂ ਆਖ ਦਿਆਂਗੇ-ਤੂੰ ਸਾਨੂੰ ਹੋਟਲ ਤੇ ਕਮਰੇ ਦਾ ਨੰਬਰ ਦੇਹ...! ਤੇ ਨਾਲ਼ੇ ਭਾਈ ਤੂੰ ਕਿਸੇ ਚੰਗੇ ਡਾਕਟਰ ਕੋਲੋਂ ਆਬਦਾ ਕੋਈ ਇਲਾਜ ਕਰਵਾ...! ਜੇ ਤੈਥੋਂ ਹੁਣ ਈ ਕੁਛ ਨ੍ਹੀ ਹੁੰਦਾ-ਤਾਂ ਕਾਕਾ ਬੁੜ੍ਹਾਪਾ ਕਦੋਂ ਆਇਆ? ਆਹ ਐਧਰ ਦੇਖਲਾ...! ਮੇਰੇ ਹਸਬੈਂਡ ਪੂਰੇ ਬਾਹਟ ਸਾਲ ਦੇ ਨੇ-ਹੁਣ ਤੱਕ ਕਿੱਕਰ ਤੋਂ ਕਾਟੋ ਲਾਹ ਲੈਂਦੇ ਐ...! ਘਰੇ ਤਾਂ ਜਿਹੜਾ ਕੁਛ ਕਰਨੈਂ-ਕਰਨਾ ਈ ਐਂ! ਬਾਹਰਲੀਆਂ ਖੁਰਨੀਆਂ 'ਚ ਵੀ ਮੂੰਹ ਮਾਰਨੋ ਬਾਜ ਨ੍ਹੀ ਆਉਂਦੇ! ਤੂੰ ਭਾਈ ਆਬਦਾ ਇਲਾਜ ਕਿਸੇ ਚੰਗੇ ਡਾਕਟਰ ਤੋਂ ਕਰਵਾ...! ਵੈਸੇ ਮੈਂ ਦੀਪ ਦੇ ਕੰਨ ਵੀ ਖਿੱਚ ਦਿਊਂ! ਪਰ ਜਦੋਂ ਕਾਕਾ ਪੈਸਾ ਆਬਦਾ ਖੋਟਾ ਹੋਵੇ ਨ੍ਹਾਂ...? ਫੇਰ ਬਾਣੀਏਂ ਨੂੰ ਦੋਸ਼ ਨਾ ਦੇਈਏ...!" ਸੱਸ ਫ਼ੋਨ 'ਤੇ ਹਰਦੇਵ ਨੂੰ ਪਤਾ ਨਹੀਂ ਕੀ ਸਮਝਾ ਰਹੀ ਸੀ

----

ਹਰਦੇਵ ਨੇ ਫ਼ੋਨ ਰੱਖ ਦਿੱਤਾ

ਉਹ ਸੋਚ ਰਿਹਾ ਸੀ ਕਿ ਮਿਰਗਾਂ ਦੀ ਡਾਰ 'ਚ ਕੋਈ ਕਮਚਾਲਾ ਨਹੀਂ ਹੁੰਦਾਸਾਰੇ ਇਕੋ ਜਿਹੀ ਛਾਲ ਮਾਰਦੇ ਨੇਕੋਈ ਸੂਤ ਭਰ ਛੋਟੀ, ਤੇ ਕੋਈ ਸੂਤ ਭਰ ਵੱਡੀ! ਇਹਨਾਂ ਦਾ ਤਾਂ ਸਾਰਾ ਲਾਣਾਂ ਹੀ ਊਤਿਆ ਪਿਐ! ਮੈਨੂੰ ਸਮਝੌਤੀਆਂ ਦੇਣ ਲੱਗ ਪਈ, ਅਖੇ ਕਾਕਾ ਤੂੰ ਆਬਦਾ ਇਲਾਜ ਕਰਵਾ...! ਧੀ ਆਬਦੀ ਕਾਣੀਂ? ਤੇ ਅੰਨ੍ਹਾਂ ਮੈਨੂੰ ਦੱਸਦੀ ਐ...? ਧੀ ਆਬਦੀ ਬਦਚਲਣ ਐਂ ਤੇ ਇਲਾਜ ਵਾਸਤੇ ਪ੍ਰੇਰਨਾ ਮੈਨੂੰ ਦੇਣ ਲੱਗ ਪਈ...? ਕੀ ਕਰੂ ਬੰਦਾ ਐਹੋ ਜਿਹੇ ਪ੍ਰੀਵਾਰ ਦਾ...? ਸਾਰਾ ਟੱਬਰ ਈ ਕੰਜਰਾਂ ਦਾ...? ਕੋਈ ਗੱਲ ਨਹੀਂ ਹਰਦੇਵ ਸਿਆਂ...! ਮੀਤੀ ਨਾਲ਼ ਕੀਤੀਆਂ ਤੈਨੂੰ ਭੁਗਤਣੀਆਂ ਹੀ ਪੈਣੀਐਂ...! ਦਿਲ ਨਾਲ ਭੁਗਤ...! ਰੂਹ ਨਾਲ਼ ਸਮੇਟ...! ਮੀਤੀ ਦੀ ਗੱਲ ਸੱਚੀ ਐ...! ਰੱਬ ਦੀ ਅਦਾਲਤ ਨੂੰ ਤੈਨੂੰ ਹਿਸਾਬ ਦੇਣਾ ਹੀ ਪੈਣੈਂ...!

ਉਸ ਨੇ ਦੋ ਪੈੱਗ ਹੋਰ ਲਾ ਕੇ ਬਾਪੂ ਨੂੰ ਫ਼ੋਨ ਮਿਲਾ ਲਿਆਬਾਪੂ ਨੇ ਅੱਗੋਂ ਆਪਣੇ ਦੁੱਖ ਰੋਣੇ ਸ਼ੁਰੂ ਕਰ ਦਿੱਤੇਉਸ ਨੇ ਦੀਪ ਨੂੰ ਚੜ੍ਹਾਉਣ ਆਇਆਂ, ਏਅਰਪੋਰਟ 'ਤੇ ਬੀਤਿਆ ਸਾਰਾ ਬ੍ਰਿਤਾਂਤ ਆਖ ਸੁਣਾਇਆ ਤਾਂ ਹਰਦੇਵ ਦਾ ਮਨ ਅਥਾਹ ਦੁਖੀ ਹੋ ਗਿਆਬਾਪੂ ਨੇ ਇਹ ਵੀ ਦੱਸਿਆ ਕਿ ਉਸ ਦਿਨ ਤੋਂ ਤੇਰੀ ਬੇਬੇ ਬਹੁਤਾ ਹੀ ਕਮਲ਼ ਜਿਹਾ ਮਾਰਨ ਲੱਗ ਪਈ! ਸਾਰੀਆਂ ਜ਼ਿਆਦਤੀਆਂ ਸੁਣਦਿਆਂ ਉਸ ਨੇ ਫ਼ੋਨ ਕੱਟ ਦਿੱਤਾਹੋਰ ਕੁਝ ਸੁਣਨ ਦੀ ਉਸ ਵਿਚ ਸਮਰੱਥਾ ਨਹੀਂ ਸੀਫ਼ੋਨ ਰੱਖ ਕੇ ਉਹ ਭੁੱਬਾਂ ਮਾਰ ਕੇ ਰੋ ਪਿਆਪਰ ਉਸ ਦੀਆਂ ਭੁੱਬਾਂ ਸੁਣਨ ਵਾਲਾ ਕੋਈ ਨਹੀਂ ਸੀ

**********

ਪੱਚੀਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।