-----
ਜਦੋਂ ਉਸ ਨੇ ਸੁਖਦੇਵ ਦਾ ਖੇਤ ਦੇਖਿਆ ਤਾਂ ਲਹਿਰਾਂ ਬਹਿਰਾਂ ਹੋਈਆਂ ਪਈਆਂ ਸਨ। ਉਸ ਦਾ ਮਨ ਖ਼ੁਸ਼ ਹੋ ਗਿਆ।
-"ਸਾਸਰੀਕਾਲ ਬਾਈ ਜੀ...!" ਕਿਸੇ ਨੇ ਉਸ ਨੂੰ ਬੁਲਾਇਆ। ਪਿੱਛੇ ਸੁਖਦੇਵ ਖੜ੍ਹਾ ਸੀ। ਸੁਖਦੇਵ ਦੀ ਦਾਹੜੀ ਵਿਚੋਂ ਬੱਗੋਂ ਦੀ ਭਾਅ ਮਾਰ ਰਹੀ ਸੀ। ਉਸ ਨੇ ਛੋਟੇ ਭਰਾ ਨੂੰ ਗਲਵਕੜੀ ਵਿਚ ਲੈ ਲਿਆ। ਦੋਨਾਂ ਦੀਆਂ ਅੱਖਾਂ ਨਮ ਹੋ ਗਈਆਂ। ਆਪਣਾ ਖ਼ੂਨ ਉਬਲ਼ ਪਿਆ ਸੀ। ਸਾਰੇ ਗ਼ਿਲੇ ਸ਼ਿਕਵੇ ਖ਼ਤਮ ਹੋ ਗਏ ਸਨ। ਸੁਖਦੇਵ ਉਸ ਨੂੰ ਘਰ ਲੈ ਗਿਆ। ਛੋਟੀ ਭਰਜਾਈ ਨੇ ਜੇਠ ਦਾ ਅਦਬ ਕੀਤਾ। ਪੈਰੀਂ ਹੱਥ ਲਾਏ। ਚਾਹ ਪਾਣੀ ਪੀਤਾ ਗਿਆ। ਹਰਦੇਵ ਉਠ ਕੇ ਵਿਹੜੇ ਵੱਲ ਦੇਖਣ ਲੱਗ ਪਿਆ।
-"ਕੀ ਦੇਖਦੈਂ ਬਾਈ...?" ਸੁਖਦੇਵ ਨੇ ਉਸ ਨੂੰ ਵਿਅੰਗ ਜਿਹੇ ਨਾਲ਼ ਪੁੱਛਿਆ।
-"ਮੈਨੂੰ ਲੱਗਦੈ...? ਬਈ ਜਿਹੜੀ ਗੱਲ ਮੈਂ ਤੈਨੂੰ ਆਖ ਕੇ ਗਿਆ ਸੀ-ਉਹਦੇ 'ਤੇ ਤੂੰ ਕੋਈ ਗੌਰ ਨ੍ਹੀ ਕੀਤਾ!"
-"ਕੀਤਾ ਕਿਉਂ ਨ੍ਹੀ ਬਾਈ...? ਮੈਂ ਚੱਕਤੇ ਫ਼ੱਟੇ! ਉੜਾਤੇ ਪੱਚਰੇ!"
-"ਫੇਰ ਵਿਹੜਾ ਸੁੰਨਾਂ ਸੁੰਨਾਂ ਕਿਉਂ ਲੱਗਦੈ?"
-"ਤੇਰੇ ਸੁੱਖ ਨਾਲ਼ ਦੋ ਭਤੀਜੇ ਐ-ਦੋਨੋਂ ਈ ਨਾਨਕੀਂ ਪੜ੍ਹਦੇ ਐ...! ਐਥੇ ਪਿੰਡਾਂ 'ਚ ਸਕੂਲਾਂ ਦਾ ਬਾਈ ਤੈਨੂੰ ਪਤਾ ਈ ਐ? ਮਾਸਟਰ ਘੱਟ ਵੱਧ ਈ ਪੜ੍ਹਾਉਂਦੇ ਐ-ਇਸ ਕਰਕੇ ਨਾਨਕੀਂ ਪੜ੍ਹਨ ਲਾ ਦਿੱਤੇ!"
-"ਕਿੰਨਵੀਂ 'ਚ ਪੜ੍ਹਦੇ ਐ...?" ਹਰਦੇਵ ਦੁੱਗਣਾ ਹੋ ਗਿਆ।
-"ਇਕ ਨੇ ਦਸਵੀਂ ਕਰ ਲਈ-ਕਾਲਜ 'ਚ ਪੜ੍ਹਦੈ! ਤੇ ਦੂਜਾ ਅੱਜ ਕੱਲ੍ਹ 'ਚ ਦਸਵੀਂ ਕਰਜੂ!"
-"ਵਾਹ ਜੀ ਵਾਹ...! ਤੂੰ ਕੀਤੀ ਐ ਮੇਰੇ ਦਿਲ ਦੀ ਗੱਲ ਪੂਰੀ-ਤੂੰ ਇਉਂ ਕਰ! ਤੂੰ ਹੁਣ ਜਾਹ ਤੇ ਮੈਨੂੰ 'ਕੱਲੀ ਭਰਜਾਈ ਨਾਲ਼ ਗੱਲ ਕਰਨ ਦੇ।" ਉਸ ਦਾ ਸੇਰ ਖ਼ੂਨ ਵਧ ਗਿਆ ਸੀ।
-"ਦੇਖੀਂ ਬਾਈ...! ਕਿਤੇ ਮੇਰੀ ਖੇਡ ਜੀ ਵੀ ਖਰਾਬ ਕਰਦੇਂ?"
-"ਮੈਂ ਦੋ ਮਾਰੂੰ ਟੋਟਣ 'ਚ! ਵਗ ਜਾਹ ਏਥੋਂ...!"
-"ਚੰਗਾ ਬਈ...! ਸਾਡਾ ਜੇਠ ਭਰਜਾਈ ਮੂਹਰੇ ਕੀ ਜੋਰ...? ਸਾਡਾ ਕਿਹੜਾ ਜੋਰ ਮਾਮੀਏਂ? ਉਏ ਆ ਜਾਹ ਉਰ੍ਹੇ, ਕੰਜਰ ਦੀਏ...! ਨਹੀਂ ਤਾਂ ਵੱਡਾ ਬਾਈ ਭੂਸਰ ਜੂ! ਸੁਣ ਲੈ ਆ ਕੇ ਇਹਦੀ ਗੱਲ! ਪਰ ਬਚ ਕੇ ਰਹੀਂ...! ਜਿਵੇਂ ਗਾਉਣ ਆਲ਼ੇ ਗਾਉਂਦੇ ਹੁੰਦੇ ਐ: ਰਹੀਂ ਬਚ ਕੇ ਹਾਨਣੇਂ-ਹੋਰ ਨਾ ਚੜ੍ਹਾ ਦੇਵੀਂ ਕੋਈ ਚੰਦ ਨ੍ਹੀ...! ਚੇਤੇ ਰੱਖੀਂ, ਜੇਠ ਅੱਗੋਂ ਤੇ ਬੋਤਾ ਪਿੱਛੋਂ ਧਾਰ ਮਾਰਦੇ ਐ!"
-"ਉਏ ਤੂੰ ਹਟਦਾ ਨ੍ਹੀ ਬਕਵਾਸ ਕਰਨੋ? ਹੁਣ ਮੇਰੀ ਕੋਈ ਉਮਰ ਐ...? ਨਾ ਬੇਸ਼ਰਮੀਂ ਦੇਹ ਬਾਈ ਨੂੰ!"
-"ਬਾਈ, ਬੰਦਾ ਤੇ ਘੋੜਾ ਕਦੇ ਬੁੱਢੇ ਨ੍ਹੀ ਹੁੰਦੇ! ਖ਼ੁਰਾਕਾਂ ਮਿਲਣੀਆਂ ਚਾਹੀਦੀਐਂ! ਨਾਲ਼ੇ ਪੁਰਾਣੀ ਨਸਲ ਰੱਖਣ ਲਈ ਤਾਂ ਅਗਲੇ ਘੋੜ੍ਹੀ ਸੌ ਕੋਹ ਤੋਂ ਨਵੇਂ ਦੁੱਧ ਕਰਵਾ ਕੇ ਲਿਆਉਂਦੇ ਐ!"
-"ਖੜ੍ਹਜਾ, ਤੇਰੀ ਕੁੱਤੇ ਦੀ...! ਟਿੱਚਰਾਂ ਕਰਨ ਲੱਗਿਆ ਅੱਗਾ ਪਿੱਛਾ ਵੀ ਨ੍ਹੀ ਦੇਖਦਾ, ਬੇਸ਼ਰਮ ਬੰਦਾ! ਆ ਜਾਹ ਭਰਜਾਈ-ਆ ਜਾਹ! ਤੂੰ ਤਾਂ ਮੇਰੇ ਬੱਚਿਆਂ ਅਰਗੀ ਐਂ! ਇਹ ਤਾਂ ਐਵੇਂ ਭੌਂਕੀ ਜਾਂਦੈ, ਚੌਰਾ...!"
ਭਰਜਾਈ ਵੀ ਸੀਲ ਕੁੱਕੜ ਵਾਂਗ ਕੋਲ਼ ਆ ਕੇ ਬੈਠ ਗਈ।
-"ਗੱਲ ਭਰਜਾਈ ਜੀ ਇਹ ਐ! ਬਈ ਮੇਰੇ ਹਾਲਾਤਾਂ ਬਾਰੇ ਤਾਂ ਤੈਨੂੰ ਪਤਾ ਈ ਐ? ਨਾ ਮੇਰੇ ਕੋਈ ਰੰਨ-ਤੇ ਨਾ ਕੰਨ!"
-"ਕਿਹੜੀ ਗੱਲ ਕਰਤੀ ਭਾਈ ਜੀ, ਤੁਸੀਂ? ਆਹ ਸਾਰਾ ਕੁਛ ਥੋਡਾ ਈ ਐ!" ਉਸ ਨੇ ਰਵਾਇਤੀ ਜਿਹੀ ਗੱਲ ਕਰ ਦਿੱਤੀ। ਉਹ ਸੁਭਾਅ ਦੀ ਸਿੱਧੀ ਜਿਹੀ ਔਰਤ ਸੀ।
-"ਹੈ ਤਾਂ ਸਾਰਾ ਕੁਛ ਮੇਰਾ...! ਮੇਰਾ ਤੇ ਸੁਖਦੇਵ ਦਾ ਕੁਛ ਵੰਡਿਆ ਨ੍ਹੀ! ਪਰ ਇਕ ਗੱਲ ਕਹਿਣ ਲੱਗਿਐਂ-ਤੁਸੀਂ ਮਾੜੇ ਜੇ ਕਰੜੇ ਹੋਜੋ!"
-"ਬੋਲੋ ਭਾਈ ਜੀ...? ਥੋਡੀ ਖਾਤਰ ਤਾਂ ਸਾਡੀ ਜਾਨ ਵੀ ਹਾਜਰ ਐ!"
-"ਉਏ ਗੱਲ ਬੋਚ ਕੇ ਮੂੰਹ 'ਚੋਂ ਕੱਢੀਦੀ ਐ! ਫੇਰ ਵੀ ਤੇਰਾ ਜੇਠ ਐ! ਜੇਠ ਤੇ ਬਿੱਲੇ 'ਤੇ ਕਦੇ ਇਤਬਾਰ ਨਾ ਕਰੀਏ! ਇਹ ਖਾਂਦੇ ਘੱਟ ਡੋਲ੍ਹਦੇ ਜਿਆਦੇ ਐ! ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ-ਬਾਅਦ 'ਚ ਪਤਾ ਲੱਗਦੈ!" ਅੰਦਰੋਂ ਸੁਖਦੇਵ ਬੋਲਿਆ।
-"ਉਏ ਕੁੱਤਿਆ...! ਤੂੰ ਸਾਡੀਆਂ ਗੱਲਾਂ ਸੁਣੀਂ ਜਾਨੈਂ, ਉਏ?"
-"ਬਾਈ ਜੀ ਗਲਤੀ ਹੋਗੀ...! ਮੁਆਫ਼ ਕਰ ਦਿਓ! ਮੈਂ ਤਾਂ ਬੱਸ ਆਬਦੇ ਘਰਆਲੀ ਨੂੰ ਮੱਤ ਈ ਦਿੰਦਾ ਸੀ-ਬਈ ਕਿਤੇ ਜੇਠ ਭਰਜਾਈ ਦੀ ਰਜਿਸਟਰੀ ਨਾ ਕਰਾ ਕੇ ਲੈਜੇ!"
-"ਭਰਜਾਈ...! ਤੂੰ ਇਹਨੂੰ ਭੌਂਕੀ ਜਾਣਦੇ! ਮੇਰੀ ਗੱਲ ਸੁਣ ਧਿਆਨ ਨਾਲ਼!"
-"ਹਾਂ ਜੀ...!"
-"ਲੈ ਬਈ ਹੁਣ ਨਾ ਬੋਲੀਂ...! ਨਹੀਂ ਜੁੱਤੀ ਸਿਰ 'ਚ ਆਊ! ਭਰਜਾਈ, ਇਹਨੂੰ ਛਿੱਤਰ ਖਾਣ ਦੀ ਪੁਰਾਣੀਂ ਬਾਣ ਐਂ!"
-"ਨਹੀਂ ਬੋਲਦਾ ਜੀ...! ਮਾੜੀ ਬਾਣ ਐਂ!"
-"ਗੱਲ ਭਰਜਾਈ ਇਹ ਐ! ਬਈ ਜਿਹੜੇ ਪੁੱਤ ਨੇ ਦਸਵੀਂ ਕਰ ਲਈ ਐ-ਉਹਨੂੰ ਮੈਂ ਅਡੌਪਟ ਕਰ ਕੇ ਇੰਗਲੈਂਡ ਲੈ ਜਾਨੈਂ-ਆਪੇ ਉਥੇ ਮੇਰੇ ਖਰਚੇ 'ਤੇ ਪੜ੍ਹੀ ਜਾਊ! ਤੈਨੂੰ ਮਨਜ਼ੂਰ ਐ...?"
-"ਕੀ ਕਰਕੇ ਜੀ...?" ਭਰਜਾਈ ਦੇ 'ਅਡੌਪਟ' ਸ਼ਬਦ ਜਹਾਜ ਵਾਂਗ ਸਿਰ ਤੋਂ ਦੀ ਲੰਘ ਗਿਆ ਸੀ।
-"ਮੇਰਾ ਮਤਲਬ ਗੋਦ ਲੈ ਕੇ...! ਪੁੱਤ ਤਾਂ ਉਹਨੇ ਥੋਡਾ ਈ ਰਹਿਣੈਂ! ਪਰ ਇੰਗਲੈਂਡ 'ਚ ਪੜ੍ਹ ਕੇ ਉਹਦੀ ਜ਼ਿੰਦਗੀ ਬਣ ਜਾਊ!"
-"ਸਾਡਾ ਪੁੱਤ ਕਾਹਤੋਂ ਰਹਿਣੈਂ ਜੀ? ਥੋਡਾ ਕਿਤੇ ਕੁਛ ਲੱਗਦਾ ਨ੍ਹੀ...? ਤੁਸੀਂ ਆਬਦੇ ਆਲ਼ੇ ਭਰਾ ਨਾਲ਼ ਗੱਲ ਕਰ ਲਵੋ! ਮੈਨੂੰ ਕੋਈ ਇਤਰਾਜ਼ ਨਹੀਂ!"
-"ਉਏ ਇਹਤੋਂ ਗਰੜਪੌਂਕ ਤੋਂ ਕੀ ਪੁੱਛਣੈਂ? ਇਹਨੂੰ ਤਾਂ ਮੈਂ ਕੁੱਟਦਾ ਰਿਹੈਂ! ਬੱਸ ਤੇਰੀ ਹਾਂ ਚਾਹੀਦੀ ਐ!"
-"ਇਹ ਹਾਂ ਤਾਂ ਹੋਜੂ! ਪਰ ਹੋਰ ਕਾਸੇ ਨੂੰ ਹਾਂ ਨਾ ਕਰਵਾਉਣ ਲੱਗਪੇ?"
-"ਠਹਿਰ ਜਾਹ...! ਤੂੰ ਮੇਰੇ ਬੁੜ੍ਹੇ ਦੀ ਵੀ ਲਿਹਾਜ ਨ੍ਹੀ ਕਰਦਾ, ਪੋਪਲ਼ਾ?" ਉਸ ਨੇ ਜੁੱਤੀ ਲਾਹ ਲਈ।
-"ਮੈਂ ਤਾਂ ਬਾਈ ਜੀ ਹੱਸਦਾ ਸੀ! ਜਿਵੇਂ ਤੇਰੀ ਮਰਜੀ ਐ-ਉਵੇਂ ਈ ਹੋਊ...! ਸਾਨੂੰ ਪੁੱਛਣ ਦੀ ਜਮਾਂ ਜ਼ਰੂਰਤ ਨ੍ਹੀ! ਜਿਵੇਂ ਤੇਰੀ ਮਰਜ਼ੀ ਐ-ਪੰਜ ਕਰ ਪੰਜਾਹ ਕਰ! ਦੋਵੇਂ ਪੁੱਤ ਤੇਰੇ ਐ-ਜਿਹੜੇ 'ਤੇ ਮਰਜੀ ਐ ਹੱਥ ਧਰਦੇ!"
ਹਰਦੇਵ ਬੇਫਿਕਰ ਹੋ ਗਿਆ।
-"ਚੰਗਾ! ਜਿੱਦੇਂ ਉਹਨੂੰ ਛੁੱਟੀ ਹੋਈ-ਉਹਨੂੰ ਬੁਲਾ ਕੇ ਮੇਰੇ ਕੋਲ਼ੇ ਭੇਜੀਂ! ਕਾਗਜ ਪੱਤਰ ਤਿਆਰ ਕਰੀਏ!"
ਉਹ ਰੋਟੀ ਖਾ ਕੇ ਘਰੇ ਆ ਗਿਆ। ਰੋਟੀ ਖਾ ਕੇ ਸੁਸਤੀ ਪੈ ਗਈ ਸੀ। ਉਹ ਮੰਜੇ 'ਤੇ ਲੇਟ ਗਿਆ।
ਸ਼ਾਮ ਨੂੰ ਕਿਸੇ ਤਿੱਖੀ ਜਿਹੀ ਅਵਾਜ਼ ਨੇ ਹਰਦੇਵ ਦੀ ਅੱਖ ਖੋਲ੍ਹੀ। ਉਹ ਇਕ ਤਰ੍ਹਾਂ ਨਾਲ਼ ਘੋੜੇ ਵੇਚ ਕੇ ਸੁੱਤਾ ਹੋਇਆ ਸੀ। ਸਾਰੇ ਸੰਸੇ ਨਵਿਰਤ ਹੋ ਗਏ ਸਨ। ਹੁਣ ਉਹ ਇਕ ਤਰ੍ਹਾਂ ਨਾਲ਼ ਅਜ਼ਾਦ ਸੀ।
-"ਵੇ ਮੈਖਿਆ ਦੇਵ ਘਰੇ ਈ ਐਂ...?" ਆਵਾਜ਼ ਫਿਰ ਆਈ।
-"......।" ਉਹ ਦੁਬਿਧਾ ਜਿਹੀ ਵਿਚ ਪੈ ਗਿਆ। ਇਹ 'ਦੇਵ' ਆਖਣ ਵਾਲ਼ੀ ਕੌਣ ਹੋਈ? 'ਦੇਵ' ਉਸ ਨੂੰ ਕਿਸੇ ਨੇ ਜੁੱਗੜਿਆਂ ਬਾਅਦ ਆਖਿਆ ਸੀ! ਉਹ ਜਾਗੋ-ਮੀਟੀ ਜਿਹੀ ਵਿਚ ਉਠ ਕੇ ਬੈਠ ਗਿਆ।
-"ਵੇ ਬੋਲਦਾ ਈ ਨ੍ਹੀ...? ਕਿੰਨੀਆਂ ਹਾਕਾਂ ਮਾਰੀਐਂ ਮੈਂ?" ਇਕ ਅੱਧਖੜ੍ਹ ਜਿਹੀ ਔਰਤ ਅੰਦਰ ਆਉਂਦੀ ਬੋਲੀ। ਨੈਣ ਨਕਸ਼ ਚਾਹੇ ਮੁਰਝਾ ਚੱਲੇ ਸਨ। ਪਰ ਜੁਆਨੀ ਵਾਲ਼ਾ ਸੁਹੱਪਣ ਅਜੇ ਵੀ ਪਰਦੇ ਪਿੱਛੋਂ ਗਵਾਹੀ ਭਰਦਾ ਸੀ। ਚਾਹੇ ਮਾਸ ਢਿਲ਼ਕ ਚੱਲਿਆ ਸੀ। ਪਰ ਸੰਧੂਰੀ ਗੱਲ੍ਹਾਂ ਅਜੇ ਵੀ ਨਿਰਲੇਪ ਭਾਅ ਮਾਰਦੀਆਂ ਸਨ। ਜੁਆਨੀ ਵਾਲ਼ੀ ਤੋਰ ਵਿਚ ਅਜੇ ਵੀ ਮੋਰ ਪੈਹਲ ਪਾਉਂਦਾ ਸੀ। ਚਾਹੇ ਜੋਬਨ ਜਾਣ ਲਈ ਦਰਵਾਜੇ 'ਤੇ ਖੜ੍ਹਾ ਸੀ। ਪਰ ਮੜਕ ਆਪਣੀ ਰੰਗਤਾ ਅਜੇ ਵੀ ਦਰਸਾ ਰਹੀ ਸੀ। ਉਸ ਨੂੰ ਦੇਖਣ ਪਰਖਣ ਤੋਂ ਲੱਗਦਾ ਸੀ ਕਿ ਜੁਆਨੀ ਵੇਲੇ ਨਖਰਾ ਦੁਹਾਈ ਸੀ। ਪਰ ਉਹ ਹਰਦੇਵ ਦੀ ਪਛਾਣ 'ਚ ਨਹੀਂ ਆ ਰਹੀ ਸੀ!
-"ਵੇ ਪਛਾਣਿਆਂ ਨ੍ਹੀ? ਮੈਂ ਪ੍ਰੀਤੋ ਐਂ, ਪ੍ਰੀਤੋ! ਬੰਤ ਸਿਉਂ ਕੀ...!" ਉਸ ਨੇ ਦੱਸਿਆ।
-"ਅੱਛਾ...! ਪ੍ਰੀਤੋ...? ਉਹ ਹਾਂ...! ਪ੍ਰੀਤੋ ਮਾਫ਼ ਈ ਕਰੀਂ ਬਈ ਮੈਨੂੰ...! ਮੈਂ ਤੈਨੂੰ ਸੱਚੀਂ ਨ੍ਹੀ ਪਛਾਣਿਆਂ!"
-"ਵੇ ਦੇਵ...! ਪਛਾਣੇਂ ਵੀ ਕਿਵੇਂ? ਮੁੱਦਤਾਂ ਤਾਂ ਹੋਗੀਆਂ ਆਪਾਂ ਨੂੰ ਦੇਖਿਆਂ ਨੂੰ! ਜੇ ਤੂੰ ਆਉਂਦਾ ਸੀ-ਮੈਂ ਨ੍ਹੀ ਸੀ ਐਥੇ ਹੁੰਦੀ-ਜਦੋਂ ਮੈਂ ਆਉਂਦੀ ਸੀ-ਓਦੋਂ ਨੂੰ ਤੂੰ ਵਗ ਜਾਂਦਾ ਸੀ-ਮੈਨੂੰ ਤਾਂ ਆਂਢ ਗੁਆਂਢ ਆਲ਼ੇ ਇਉਂ ਈ ਦੱਸਦੇ ਸੀ-ਬਈ ਦੇਵ ਆਇਆ ਸੀ ਤੇ ਚਲਿਆ ਗਿਆ! ਵੇ ਦੇਵ, ਸਹੁੰ ਵੱਡੇ ਮਹਾਰਾਜ ਦੀ! ਤੈਨੂੰ ਮਿਲਣ ਨੂੰ ਬਾਹਲ਼ਾ ਈ ਦਿਲ ਕਰਦਾ ਸੀ! ਤੇਰੇ ਨਾਲ਼ ਗੱਲਾਂ ਕਰਨ ਨੂੰ ਤਾਂ ਮੇਰਾ ਮਨ ਮੱਚਿਆ ਪਿਆ ਸੀ, ਸੱਚ ਜਾਣੀਂ!" ਉਸ ਦਾ ਮਨ ਭਰ ਆਇਆ ਅਤੇ ਕੋਸੇ ਕੋਸੇ ਹੰਝੂ ਮੋਤੀਆਂ ਵਾਂਗ ਗੱਲ੍ਹਾਂ 'ਤੇ ਕਿਰਨ ਲੱਗ ਪਏ।
-"ਪ੍ਰੀਤੋ...! ਰੋ ਨਾ! ਮੇਰਾ ਮਨ ਵੀ ਖਰਾਬ ਹੁੰਦੈ! ਤੇਰੀ ਸਾਰੀ ਘਾਣੀਂ ਦਾ ਈ ਮੈਨੂੰ ਪਤੈ! ਜਿੰਨਾ ਕਹਿਰ ਤੇਰੇ 'ਤੇ ਬੀਤਿਐ - ਉਸ ਤੋਂ ਕਿਤੇ ਜਿਆਦਾ ਸੰਤਾਪ ਮੈਂ ਭੋਗਿਐ! ਸੱਚ ਮੰਨੀਂ, ਮੈਂ ਤੈਨੂੰ ਐਤਕੀਂ ਜਰੂਰ ਮਿਲਣਾ ਆਉਣਾ ਸੀ-ਚਾਹੇ ਮੈਨੂੰ ਤੇਰੇ ਸਹੁਰੀਂ ਕਿਉਂ ਨਾ ਆਉਣਾ ਪੈਂਦਾ!"
-"ਵੇ ਕਾਹਦੇ ਸਹੁਰੇ ਤੇ ਕਾਹਦੇ ਪੇਕੇ, ਦੇਵ...? ਮੈਂ ਤਾਂ ਸਾਰੇ ਪਾਸਿਆਂ ਤੋਂ ਭੁੱਜੀ ਪਈ ਆਂ!" ਉਸ ਦੇ ਅੰਦਰਲਾ ਹੜ੍ਹ ਹੋਰ ਉਛਲ਼ ਪਿਆ। ਰੋਂਦੀ ਪ੍ਰੀਤੋ ਦੀ ਹਾਲਤ ਹਰਦੇਵ ਤੋਂ ਜਰੀ ਨਾ ਗਈ।
-"ਸੱਚ ਜਾਣੀਂ! ਸਹੁੰ ਮਹਾਰਾਜ ਦੀ-ਕਦੇ ਕਿਸੇ ਕੋਲ਼ੇ ਅੱਖ 'ਚੋਂ ਹੰਝੂ ਨ੍ਹੀ ਸੀ ਕੇਰਿਆ-ਅੱਜ ਤੈਨੂੰ ਮਿਲ਼ ਕੇ ਪਤਾ ਨ੍ਹੀ ਇਹ ਨਿਪੁੱਤਾ ਕਿੱਥੋਂ ਨਿਕਲ਼ ਆਇਆ? ਦੇਵ, ਸਾਰੀ ਜਿੰਦੜੀ ਹਾਉਕੇ ਭਰਦੀ ਦੀ ਨਿਕਲ਼ ਗਈ-ਕੋਈ ਦਿਨ ਵੀ ਸੁਖ ਦਾ ਨ੍ਹੀ ਦੇਖਿਆ-ਬੰਦਾ ਸੀ ਆਬਦਾ-ਚਾਹੇ ਸ਼ਰਾਬੀ ਸੀ ਚਾਹੇ ਕਬਾਬੀ ਸੀ-ਉਹ ਵੀ ਮੁੱਕ ਗਿਆ-ਉਹ ਵੀ ਨ੍ਹੀ ਰਿਹਾ! ਫੇਰ ਰੱਬ ਨੇ ਇਕ ਧੀ ਦਿੱਤੀ-ਇਲਾਜ ਖੁਣੋਂ ਵਿਚਾਰੀ ਉਹ ਤੁਰਗੀ! ਮੇਰੇ ਤਾਂ ਦੇਵ, ਉਹਦੀ ਭੋਲ਼ੀ ਜੀ ਸੂਰਤ ਸਿਲ਼ਤ ਮਾਂਗੂੰ ਦਿਲ 'ਚ ਵੜੀ ਪਈ ਐ-ਸੱਚ ਜਾਣੀਂ, ਡੁੱਬੜੀ ਜਮਾਂ ਨ੍ਹੀ ਭੁੱਲਦੀ!" ਪ੍ਰੀਤੋ ਦੇ ਗ਼ਮ ਦਾ ਉਬਾਲ਼ ਅੱਖਾਂ ਰਸਤੇ ਚੋਈ ਜਾ ਰਿਹਾ ਸੀ।
-----
ਹਰਦੇਵ ਨੇ ਪ੍ਰੀਤੋ ਨੂੰ ਬੜੀ ਗਹੁ ਨਾਲ਼, ਧੁਰ ਤੱਕ ਤੱਕਿਆ। ਅੱਜ ਤੋਂ ਪੱਚੀ ਸਾਲ ਪਹਿਲਾਂ ਵਾਲ਼ੀ ਪ੍ਰੀਤੋ ਤਾਂ ਉਹ ਖ਼ੈਰ ਨਹੀਂ ਸੀ। ਪਰ ਉਸ ਦੀਆਂ ਅੱਖਾਂ ਜ਼ਰੂਰ 'ਦੇਵ-ਦੇਵ' ਪੁਕਾਰਦੀਆਂ ਸਨ। ਸਰੀਰ ਥੋੜਾ ਭਾਰੀ ਹੋ ਗਿਆ ਸੀ। ਪਹਿਲਾਂ ਵਾਲ਼ੀ ਮੜਕ ਹੁਣ ਕਿੱਥੇ ਰਹਿਣੀ ਸੀ? ਪਰ ਫਿਰ ਵੀ ਪ੍ਰੀਤੋ ਹਰਦੇਵ ਨੂੰ ਬੜੀ ਆਪਣੀ-ਆਪਣੀ ਜਿਹੀ ਲੱਗ ਰਹੀ ਸੀ। ਉਦੋਂ ਜੁਆਨੀ ਦਾ ਗੇੜ ਸੀ। ਹੁਣ ਹਰਦੇਵ ਉਸ ਨਾਲ਼ ਖੁੱਲ੍ਹ ਕੇ ਗੱਲ ਕਰਨ ਤੋਂ ਜਕ ਰਿਹਾ ਸੀ। ਸੰਕੋਚ ਕਰ ਰਿਹਾ ਸੀ। ਪਹਿਲਾ ਪਹਿਲਾ ਪਿਆਰ ਬੰਦਾ ਜ਼ਿੰਦਗੀ ਵਿਚ ਕਦੇ ਨਹੀਂ ਭੁਲਾ ਸਕਦਾ। ਇਹੀ ਹਾਲਤ ਹਰਦੇਵ ਦੀ ਹੋਈ ਪਈ ਸੀ! ਪ੍ਰੀਤੋ ਦੀ ਅੰਦਰੂਨੀ ਹਾਲਤ ਕੀ ਸੀ? ਇਹ ਹਰਦੇਵ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ।
-"ਹੁਣ ਸਹੁਰੀਂ ਰਹਿੰਨੀ ਐ ਕਿ ਐਥੇ, ਪੇਕੀਂ?" ਹਰਦੇਵ ਨੇ ਉਸ ਦਾ ਦਿਲ ਫਰੋਲ਼ਣ ਲਈ ਪੁੱਛ ਹੀ ਲਿਆ।
-"ਵੇ ਕਾਹਦੇ ਸਹੁਰੇ ਪੇਕੇ ਐ, ਹਰਦੇਵ? ਮੈਂ ਤਾਂ ਹੁਣ ਦੋ ਰੋਟੀਆਂ ਦੀ ਭਾਈਵਾਲ਼ ਐਂ! ਜਿੱਥੇ ਮਿਲ਼ ਜਾਂਦੀਐਂ-ਖਾ ਲੈਨੀਂ ਐਂ-ਮੇਰੀ ਤਾਂ ਫਕੀਰਾਂ ਆਲ਼ੀ ਹਾਲਤ ਹੋਈ ਪਈ ਐ! ਆਹ ਆਪਣਾ ਸਾਰਾ ਪਿੰਡ ਵੀ ਸਤਜੁਗੀ ਐ-ਜੀਹਦੇ ਘਰੇ ਮਰਜੀ ਐ, ਜਾ ਵੜਾਂ! ਕਿਸੇ ਨੇ ਕਦੇ ਜਿਉਣ ਜੋਕਰੇ ਨੇ ਮੱਥੇ ਵੱਟ ਨ੍ਹੀ ਪਾਇਆ-ਚਾਹੇ ਇਹ ਮੇਰਾ ਆਬਦਾ ਅਸਲੀ ਪਿੰਡ ਨ੍ਹੀ-ਪਰ ਫੇਰ ਵੀ ਮੈਨੂੰ ਕਦੇ ਬਿਗਾਨਾ ਪਿੰਡ ਨ੍ਹੀ ਲੱਗਿਆ-ਸਾਰੇ ਈ ਸਤਜੁਗੀ ਲੋਕ ਵਸਦੇ ਐ ਦੇਵ ਐਸ ਪਿੰਡ 'ਚ ਤਾਂ, ਸੱਚ ਜਾਣੀਂ!"
ਉਹ ਆਥਣ ਤੱਕ ਦੁਖਦੀਆਂ ਸੁਖਦੀਆਂ ਗੱਲਾਂ ਕਰਦੇ ਰਹੇ। ਇਕ ਦੂਜੇ ਦੇ ਦੁੱਖ ਵੰਡਾਉਂਦੇ ਰਹੇ। ਫ਼ੱਟਾਂ 'ਤੇ ਮੱਲ੍ਹਮ ਲਾਉਂਦੇ ਰਹੇ। ਦੋ ਦੁਖਿਆਰੇ ਇਕ ਦੂਜੇ ਲਈ ਹਮਦਰਦ ਹੀ ਤਾਂ ਬਣੇ ਬੈਠੇ ਸਨ। ਹਰਦੇਵ ਕੋਈ ਗੱਲ ਕਰਨੀ ਚਾਹੁੰਦਾ ਸੀ। ਪਰ ਗੱਲ ਉਸ ਦੇ ਮੂੰਹ 'ਤੇ ਆ ਕੇ ਮਰ ਜਾਂਦੀ ਸੀ।
-"ਪ੍ਰੀਤੋ! ਇਕ ਗੱਲ ਦੀ ਸਮਝ ਨ੍ਹੀ ਆਉਂਦੀ।" ਹਰਦੇਵ ਬੋਲਿਆ।
-"ਕਿਹੜੀ ਦੀ...?"
-"ਬਈ ਦੁਨੀਆਂ ਐਨੀ ਬੇਕਿਰਕ ਕਿਉਂ ਐਂ?"
-"ਵੇ ਦੇਵ! ਇਹ ਤਾਂ ਰੱਬ ਜਾਣੇ...! ਪਤਾ ਨ੍ਹੀ ਬੰਦਾ ਬੰਦੇ ਨੂੰ ਐਨਾ ਦੁਖੀ ਕਰਕੇ ਕਿਵੇਂ ਸੁਖ ਦੀ ਨੀਂਦ ਸੌਂ ਜਾਂਦੈ?"
-"ਸੁਖੀ ਬੰਦਾ ਵੀ ਨ੍ਹੀ ਰਹਿੰਦਾ...! ਮਾੜੇ ਕੀਤੇ ਕਰਮ ਈ ਤਾਂ ਭੁਗਤੀ ਜਾਨੇ ਐਂ! ਸਭ ਐਥੇ ਈ ਭੁਗਤ ਜਾਂਦੇ ਐ! ਅੱਗੇ ਨਰਕ ਸੁਰਗ ਕੋਈ ਨ੍ਹੀ! ਸਾਰਾ ਕੁਛ ਐਥੇ ਈ ਐ! ਨਰਕ ਦਾ ਬੰਦੇ ਨੂੰ ਡਰ ਦਿੱਤਾ ਹੋਇਐ, ਤੇ ਸੁਰਗ ਦਾ ਲਾਲਚ!"
-"ਮੈਂ ਤਾਂ ਸਾਰੀ ਉਮਰ ਨਰਕ ਈ ਭੋਗਿਐ, ਦੇਵ! ਨਾਲ਼ੇ ਕਿਸੇ ਦਾ ਕਦੇ ਦਿਲ ਨ੍ਹੀ ਸੀ ਦੁਖੀ ਕੀਤਾ...! ਸੱਚ ਜਾਣੀਂ, ਮੈਂ ਤਾਂ ਸਾਰੀ ਉਮਰ ਮੱਚਦੇ ਤਵੇ 'ਤੇ ਪਈ ਨੇ ਈ ਕੱਢੀ ਐ-ਜੇ ਆਹ ਪਿੰਡ ਆਲ਼ੇ ਮੇਰੇ ਮੱਦਤਗਾਰ ਨਾ ਹੁੰਦੇ-ਹੁਣ ਨੂੰ ਤਾਂ ਮੇਰੇ ਫ਼ੁੱਲ ਪਏ ਹੋਣੇ ਸੀ! ਜਿਉਣਾ ਵੀ ਕਾਹਦੇ ਆਸਰੇ? ਨਾ ਧੀ, ਨਾ ਪੁੱਤ! ਨਾਂ ਆਬਦਾ ਬੰਦਾ? ਉਹ ਜਾਣੇਂ! ਓਸ ਗੱਲ ਦੇ ਆਖਣ ਮਾਂਗੂੰ, ਜੇ ਬੰਦਾ ਸ਼ਰਾਬੀ ਕਬਾਬੀ ਵੀ ਹੋਊ-ਤਾਂ ਫੇਰ ਵੀ ਤੀਮੀਂ ਨੂੰ ਆਸਰਾ ਹੁੰਦੈ-ਬਈ ਮੇਰੇ ਸਿਰ 'ਤੇ ਕੋਈ, ਹੈ! ਪਰ ਮੈਂ ਤਾਂ ਦੇਵ ਰਹਿਗੀ ਰੋਹੀ ਆਲ਼ੇ ਜੰਡ ਮਾਂਗੂੰ ਰੁੰਡ ਮਰੁੰਡ...! ਕੀਹਦੇ ਕੋਲ਼ੇ ਦੁੱਖ ਰੋਵਾਂ?" ਉਹ ਫਿਰ ਡੁਸਕ ਪਈ। ਪਰ ਹੰਝੂਆਂ ਦੀ ਝੜੀ ਉਸ ਨੇ ਆਪਣੀ ਚਿੱਟੀ ਚੁੰਨੀ ਵਿਚ ਹੀ ਬੋਚ ਲਈ ਸੀ।
-"ਗੱਲ ਪ੍ਰੀਤੋ ਹੋਰ ਐ...!"
-"......।" ਪ੍ਰੀਤੋ ਨੇ ਨੱਕ ਪੂੰਝ ਕੇ ਨਜ਼ਰਾਂ ਉਚੀਆਂ ਚੁੱਕੀਆਂ।
-"ਮੈਂ ਸੋਚਦੈਂ ਬਈ ਜੁਆਨੀ ਤਾਂ ਚਲ ਰੁਲ਼ਦਿਆਂ ਖੁਲ਼ਦਿਆਂ ਨੇ ਕੱਢ ਲਈ-ਆਹ ਹੁਣ ਬੁੜ੍ਹਾਪਾ ਕਿਵੇਂ ਨਿਕਲੂ? ਬੁੜ੍ਹਾਪਾ ਕੱਢਣ ਲਈ ਬੰਦੇ ਨੂੰ ਕੋਈ ਆਹਰ ਜਰੂਰ ਚਾਹੀਦੈ!" ਉਹ ਮੋੜ ਘੋੜ ਕੇ ਖੋਤੀ ਬੋਹੜ ਹੇਠ ਲੈ ਆਇਆ।
-"ਦੇਵ! ਸੱਚ ਜਾਣੀਂ, ਬਾਹਲ਼ੀ ਲੰਘੀ ਤੇ ਥੋੜੀ ਰਹਿਗੀ? ਇਹ ਵੀ ਕਿਵੇਂ ਨਾ ਕਿਵੇਂ ਨਿਕਲ਼ ਈ ਜਾਣੀ ਐਂ!"
-"ਮੇਰੀ ਉਮਰ ਹੁਣ ਬਵੰਜਾ ਸਾਲਾਂ ਦੀ ਹੋਗੀ-ਤੇ ਤੇਰੀ ਪੰਜਾਹਾਂ ਦੀ ਤਾਂ ਹੋਊ?"
-"ਦੇਖ ਲੈ, ਤੇਰੇ ਨਾਲੋਂ ਸਾਲ ਕੁ ਈ ਪਿੱਛੇ ਪੜ੍ਹਦੀ ਸੀ ਮੈਂ? ਸੱਚ ਜਾਣੀਂ, ਹੁਣ ਤਾਂ ਸਾਰਾ ਕੁਛ ਭੁੱਲਿਆ ਪਿਐ-ਹੁਣ ਤਾਂ ਮੈਨੂੰ ਊੜਾ ਆੜਾ ਵੀ ਨ੍ਹੀ ਆਉਂਦਾ।" ਉਹ ਉਦਾਸ ਮਾਹੌਲ ਵਿਚ ਵੀ ਹੱਸ ਪਈ। ਹਾਸਾ ਹਰਦੇਵ ਦਾ ਵੀ ਨਿਕਲ਼ ਗਿਆ। ਉਹ ਸੋਚ ਰਿਹਾ ਸੀ ਕਿ ਅੱਜ ਵੀ ਪੰਜਾਬ ਦੇ ਕੁਛ ਲੋਕਾਂ ਦੇ ਮਨਾਂ ਵਿਚ ਰੱਬ ਵਸਦਾ ਸੀ। ਦਰਿਆ ਦਿਲ ਮਾਹੌਲ ਜਿਉਂਦਾ ਸੀ।
-"ਬੰਦਾ ਬੀਹ ਟਟਬੈਰ ਕਰਦੈ-ਪੜ੍ਹਦੈ! ਫ਼ੱਟੀਆਂ ਲਿਖਦੈ-ਭਾੜੇ ਸਿੱਖਦੈ-ਬੀਹ ਕੁਛ ਕਰਦੈ! ਪਰ ਅੱਗੇ ਦਾ ਕੀ ਪਤਾ ਹੁੰਦੈ ਬਈ ਗੋਹਾ ਮਿੱਧਣ ਜੋਗੇ ਈ ਰਹਿ ਜਾਣੈਂ?"
-"ਪ੍ਰੀਤੋ...? ਤੂੰ ਆਬਦੇ ਬੁੜ੍ਹਾਪੇ ਬਾਰੇ ਕਦੇ ਵੀ ਨ੍ਹੀ ਸੋਚਿਆ?"
-"ਮੇਰੇ ਸੋਚਣ ਨਾਲ਼ ਹੋਊ ਕੀ, ਦੇਵ? ਸੱਚ ਜਾਣੀਂ, ਜਿਹੜੀ ਗੱਲ ਦਾ ਕੋਈ ਲਾਭ ਈ ਨਾ ਹੋਵੇ-ਉਹਨੂੰ ਸੋਚਣ ਦਾ ਕੀ ਫ਼ਾਇਦਾ? ਹੈ ਕੋਈ ਫ਼ਾਇਦਾ...?"
-"ਤੈਨੂੰ ਉਹ ਦਿਨ ਯਾਦ ਐ? ਜਦੋਂ ਤੂੰ ਮੇਰੇ ਕਾਲਜ ਜਾਂਦੇ ਦੇ ਗੰਦੇ ਪਾਣੀਂ ਦੀ ਬਾਲਟੀ ਉਤੇ ਪਾਤੀ ਸੀ?"
-"ਵੇ ਆਹੋ...! ਮੈਂ ਭੁੱਲੀਂ ਆਂ ਕਿਤੇ ਉਹੋ ਦਿਨ...? ਨਾਲ਼ੇ ਮੈਂ ਕਿਹੜਾ ਜਾਣ ਬੁੱਝ ਕੇ ਪਾਈ ਸੀ? ਚਾਣਚੱਕ ਈ ਪੈਗੀ ਸੀ? ਤੂੰ ਬਾਹਲ਼ਾ ਭੜਾਕੂ ਤਾਂ ਊਂਈਂ ਸਾਹਣ ਮਾਂਗੂੰ ਭੂਸਰ ਗਿਆ ਸੀ! ਜਦੋਂ ਮੈਨੂੰ ਉਹ ਦਿਨ ਯਾਦ ਆਉਂਦੈ-ਸੱਚ ਜਾਣੀਂ, ਮੈਨੂੰ ਤਾਂ ਤੂੰ ਉਹੋ ਜਿਆ ਈ ਲੱਗਦੈਂ, ਦੇਵ! ਜਿਹੋ ਜਿਆ ਤੂੰ ਓਦੋਂ ਸੀ!"
-"ਹੁਣ ਤਾਂ ਬੁੜ੍ਹੇ ਹੋ ਗਏ-!"
-"ਵੇ ਉਹ ਤਾਂ ਸਾਰੀ ਦੁਨੀਆਂ ਨੇ ਈ ਹੋਣੈਂ...! ਆਪਾਂ ਕੋਈ ਅਲੈਹਦੇ ਤਾਂ ਨ੍ਹੀ ਬੁੜ੍ਹੇ ਹੋਗੇ? ਬਚਪਨ ਆਲ਼ੀਆਂ ਲਿੱਚ ਗੜਿੱਚੀਆਂ ਥੋੜੋ ਈ ਭੁੱਲਦੀਐਂ ਬੰਦੇ ਨੂੰ? ਸੱਚ ਜਾਣੀਂ, ਜੇ ਲੰਗੂਰ ਬੁੜ੍ਹਾ ਹੋ ਜਾਂਦੈ-ਬਨੇਰੇ ਟੱਪਣੋਂ ਥੋੜੋ ਭੁੱਲਦੈ ਉਹੋ?"
-"ਤੇਰੇ ਸੱਚ ਜਾਣੀਂ ਬੜਾ ਮੂੰਹ 'ਤੇ ਚੜ੍ਹਿਐ?"
-"ਵੇ ਹੋਰ ਹੁਣ ਮੂੰਹ 'ਤੇ ਗੁਲਾਲੀ ਚੜੂਗੀ...? ਅਵਾ ਤਵਾ ਈ ਮੂੰਹ 'ਤੇ ਚੜ੍ਹਨੈਂ!"
-"ਪ੍ਰੀਤੋ, ਇਕ ਗੱਲ ਆਖਾਂ...?"
-"ਵੇ ਸੌ ਆਖ! ਤੇਰੀਆਂ ਗੱਲਾਂ ਸੁਣਨ ਨੂੰ ਤਾਂ ਮੈਂ ਤੇਰੇ ਕੋਲ਼ੇ ਆਈ ਐਂ!"
-"ਮੈਂ ਇੰਗਲੈਂਡ ਵਿਚ ਕਿੰਨਾਂ ਵੀ ਸੁਖੀ ਚਾਹੇ ਦੁਖੀ ਰਿਹੈਂ-ਪਰ ਮੈਂ ਤੈਨੂੰ ਨ੍ਹੀ ਭੁਲਾ ਸਕਿਆ।" ਉਸ ਨੇ ਅੱਗਾ ਪਿੱਛਾ ਦੇਖ ਕੇ ਗੱਲ ਕੀਤੀ। ਉਹਨਾਂ ਨੂੰ ਇਤਨਾ ਵਿਸ਼ਵਾਸ ਜ਼ਰੂਰ ਸੀ ਕਿ ਸਾਡੀ ਗੱਲ ਸੁਣਨੀ ਵੀ ਕਿਸ ਨੇ ਹੈ? ਜੇ ਸਾਨੂੰ ਬੈਠਿਆਂ ਨੂੰ ਕਿਸੇ ਨੇ ਦੇਖ ਵੀ ਲਿਆ। ਤਾਂ ਸਾਡੇ 'ਤੇ ਕੋਈ ਸ਼ੱਕ ਨਹੀਂ ਕਰਦਾ। ਇਸ ਲਈ ਉਹ ਬਿਨਾ ਕਿਸੇ ਡਰ ਡੁੱਕਰ ਤੋਂ ਗੱਲਾਂ ਕਰ ਰਹੇ ਸਨ। ਪਰ ਗੱਲਾਂ ਕਰ ਬੜੀ ਹੌਲ਼ੀ ਹੌਲ਼ੀ ਰਹੇ ਸਨ।
-"ਤੂੰ ਹਮੇਸ਼ਾ ਮੇਰੇ ਦਿਲ 'ਤੇ ਚੜ੍ਹੀ ਰਹੀ ਐਂ!"
-"ਵੇ ਦੇਵ! ਸੱਚ ਜਾਣੀਂ, ਜਿੰਨਾ ਚਿਰ ਤਾਂ ਰਿਹੈ ਮੇਰਾ ਬੰਦਾ ਜਿਉਂਦਾ! ਓਨਾਂ ਚਿਰ ਤਾਂ ਮੇਰਾ ਕਿਸੇ ਵੱਲ ਨੂੰ ਖਿਆਲ ਈ ਨ੍ਹੀ ਗਿਆ-ਜਦੋਂ ਉਹ ਮੁੱਕ ਗਿਆ-ਫੇਰ ਵੀ ਬਾਹਲ਼ਾ ਕੋਈ ਦਿਲ 'ਤੇ ਨਹੀਂ ਲਾਇਆ-ਪਰ ਦੇਵ! ਸੱਚ ਜਾਣੀਂ, ਜਦੋਂ ਮੇਰੀ ਧੀ ਮੁੱਕੀ-ਉਦੋਂ ਮੈਨੂੰ ਤੇਰੀ ਬੜੀ ਯਾਦ ਆਈ! ਉਦੋਂ ਮੈਂ ਤੇਰੇ ਬਾਰੇ ਜਰੂਰ ਸੋਚਿਆ-ਮੈਂ ਬਿਲਕੁਲ 'ਕੱਲੀ ਰਹਿਗੀ ਸੀ! ਕੋਈ ਨ੍ਹੀ ਸੀ ਮੇਰਾ ਇਸ ਜੱਗ 'ਤੇ! ਆਹ ਤਾਂ ਪਿੰਡ ਵਾਲ਼ਿਆਂ ਜਿਉਣ ਜੋਕਰਿਆਂ ਨੇ ਠੁੰਮਣਾਂ ਦਿੱਤਾ ਮੈਨੂੰ!" ਉਸ ਦਾ ਫਿਰ ਰੋਣ ਛੁੱਟ ਪਿਆ।
-"ਤੂੰ ਮੈਨੂੰ ਕਦੇ ਚਿੱਠੀ ਪੱਤਰ ਈ ਪਾ ਦਿੰਦੀ?"
-"ਵੇ ਕਾਹਨੂੰ...! ਇਕ ਤਾਂ ਮੇਰੇ ਕੋਲ਼ੇ ਤੇਰਾ ਡਰੈੱਸ ਹੈਨ੍ਹੀ ਸੀ-ਦੂਜਾ ਮੈਂ ਸੋਚਿਆ ਬਈ ਆਪ ਤਾਂ ਜਿਹੜੇ ਠੂਠੇ ਖਾਨੀਂ ਐਂ-ਓਹ ਤਾਂ ਖਾਨੀਂ ਈ ਐਂ! ਤੈਨੂੰ ਬਾਧੂ ਕਾਹਤੋਂ ਤੰਗ ਕਰਾਂ...? ਨਾਲ਼ੇ ਮੈਂ ਸੋਚਿਆ, ਬਈ ਵਿਆਹਿਆ ਵਰਿਐ-ਆਬਦਾ ਰੰਗਾਂ 'ਚ ਵਸਦੈ-ਮੈਨੂੰ ਕੀ ਪਤਾ ਸੀ ਬਈ ਤੂੰ ਵੀ ਮੇਰੇ ਮਾਂਗੂੰ ਖੂਹ 'ਚ ਈ ਲਮਕੀ ਜਾਨੈਂ?"
-"ਪ੍ਰੀਤੋ...! ਮੇਰੀ ਗੱਲ ਦਾ ਗੁੱਸਾ ਨਾ ਕਰੀਂ...!"
-"ਗੁੱਸਾ ਕਾਹਤੋਂ ਕਰਨੈਂ...? ਤੂੰ ਦਿਲ ਫ਼ਰੋਲ਼ ਖੁੱਲ੍ਹ ਕੇ! ਕੋਈ ਗੱਲ ਦਿਲ 'ਚ ਨਾ ਰੱਖੀਂ! ਸੱਚ ਜਾਣੀਂ, ਅੱਗੇ ਗੱਲਾਂ ਦਿਲ 'ਚ ਰੱਖੀਆਂ ਕਰਕੇ ਤਾਂ ਆਪਣੇ ਢਿੱਡਾਂ 'ਚ ਗੋਲ਼ੇ ਬੱਝੇ ਵੇ ਐ!"
-"ਜੇ ਤੂੰ ਚਾਹੇਂ...! ਤੇਰੇ 'ਤੇ ਮੇਰਾ ਜੋਰ ਤਾਂ ਕੋਈ ਨ੍ਹੀ...! ਪਰ ਜੇ ਤੂੰ ਚਾਹੇਂ, ਆਪਣਾ ਦੋਹਾਂ ਦਾ ਬੁੜ੍ਹਾਪਾ ਈ ਸੁਖਾਲ਼ਾ ਲੰਘ ਸਕਦੈ?" ਆਖਰੀ ਅਤੇ ਆਨੇ ਵਾਲ਼ੀ ਗੱਲ ਆਖ ਕੇ ਹਰਦੇਵ ਨੇ ਪ੍ਰੀਤੋ ਦਾ ਚਿਹਰਾ ਘੋਖਣਾ ਸ਼ੁਰੂ ਕਰ ਦਿੱਤਾ। ਉਹ ਪ੍ਰੀਤੋ ਵੱਲ ਇੰਜ ਝਾਕ ਰਿਹਾ ਸੀ। ਜਿਵੇਂ ਡਿਊਟੀ ਤੋਂ ਲੇਟ ਹੋਇਆ ਡਰਾਈਵਰ ਲਾਲ ਬੱਤੀ ਵੱਲ ਝਾਕਦੈ! ਕਿ ਕਦੋਂ ਹਰੀ ਹੋਊ?
-"......।" ਪ੍ਰੀਤੋ ਚੁੱਪ ਰਹੀ।
-"ਆਪਾਂ ਛੋਟੇ ਭਰਾ ਸੁਖਦੇਵ ਦਾ ਵੱਡਾ ਮੁੰਡਾ ਗੋਦ ਲੈ ਲਵਾਂਗੇ-ਜੁਆਨ ਐਂ ਹੁਣ! ਕਾਲਜ 'ਚ ਪੜ੍ਹਦੈ! ਇੰਗਲੈਂਡ ਆਪਣੇ ਕੋਲ਼ੇ ਕਾਸੇ ਦੀ ਘਾਟ ਨਹੀਂ! ਦੋਵੇਂ ਜਾਣੇ ਵਸਾਂਗੇ ਰਸਾਂਗੇ? ਇਹ ਮੈਂ ਤੈਨੂੰ ਸਿਰਫ਼ ਸੁਆਲ ਈ ਪੁੱਛਿਐ? ਕਿਤੇ ਊਂ ਨਾ ਮੇਰੇ ਕੋਲ਼ੇ ਆਉਣੋਂ ਜਾਣੋਂ ਹਟਜੀਂ?"
-"ਨਹੀਂ, ਆਉਣੋਂ ਜਾਣੋਂ ਮੈਂ ਤਾਂ ਕੀ ਹਟਣੈਂ, ਦੇਵ...? ਪਰ ਐਸ ਉਮਰ ਝਾਟੇ ਖੇਹ ਪਾਉਂਦੇ ਚੰਗੇ ਲੱਗਾਂਗੇ?"
-"ਝਾਟੇ ਖੇਹ ਕਾਹਦੀ ਐ? ਸਾਰੀ ਦੁਨੀਆਂ ਈ ਆਬਦਾ ਘਰ ਵਸਾਉਂਦੀ ਆਈ ਐ? ਨਾਲ਼ੇ ਆਪਾਂ ਕਿਹੜਾ ਐਥੇ ਰਹਿਣੈਂ...? ਤੇਰਾ ਪਾਸਪੋਰਟ ਬਣਾ ਕੇ ਛੂ-ਮੰਤਰ ਹੋਜਾਂਗੇ! ਕਿਸੇ ਨੂੰ ਭਾਫ਼ ਨ੍ਹੀ ਨਿਕਲਣ ਦਿੰਦੇ।"
-"ਵੇ ਕਮਲ਼ਿਆ! ਐਹੋ ਜੀਆਂ ਗੱਲਾਂ ਕਿਤੇ ਗੁੱਝੀਆਂ ਰਹਿੰਦੀਐਂ...? ਲੋਕ ਜਿੰਨ ਅਰਗੇ ਹੁੰਦੇ ਐ-ਮਿਲਟਾਂ 'ਚ ਮਾਣਸ-ਬੂ...! ਮਾਣਸ-ਬੂ...! ਪਿੱਟਣ ਲੱਗ ਪੈਣਗੇ!"
-"ਜੇ ਲੋਕਾਂ ਦੀ ਪ੍ਰਵਾਹ ਕਰਾਂਗੇ-ਆਪਣਾ ਬੁੜ੍ਹਾਪਾ ਤਾਂ ਗਿਆ ਬੋੜੇ ਖੂਹ 'ਚ! ਇੰਗਲੈਂਡ 'ਚ ਲੋਕ ਬੁੜ੍ਹੇ ਹੋ ਕੇ ਵੀ ਬਾਂਹਾਂ 'ਚ ਬਾਂਹਾਂ ਅੜਾ ਕੇ ਤੁਰਦੇ ਐ-!"
-"ਬੂਹ ਮੈਂ ਮਰਜਾਂ...! ਐਡੇ ਬਸ਼ਰਮ...?" ਉਸ ਨੇ ਮੱਥੇ 'ਤੇ ਪੁੱਠਾ ਹੱਥ ਰੱਖ ਲਿਆ।
-"ਉਥੇ ਕੋਈ ਨ੍ਹੀ ਪੁੱਛਦਾ-ਉਥੇ ਹਰ ਬੰਦਾ-ਹਰ ਬੁੜ੍ਹੀ, ਆਬਦੀ ਐਸ਼ ਦੀ ਜ਼ਿੰਦਗੀ ਜਿਉਂਦੇ ਐ!"
-"ਸੱਚ ਜਾਣੀਂ...! ਮੈਥੋਂ ਤਾਂ ਨ੍ਹੀ ਐਡੀ ਬਸ਼ਰਮੀ ਕਰੀ ਜਾਣੀਂ...!"
-"ਦੇਖ ਪ੍ਰੀਤੋ! ਆਪਾਂ ਕਿਹੜਾ ਇਕ ਪਿੰਡ ਦੇ ਆਂ? ਤੇਰਾ ਬਾਪੂ ਬਾਹਰੋਂ ਆ ਕੇ ਈ ਵਸਿਆ ਸੀ, ਐਸ ਪਿੰਡ?"
-"ਵੇ ਵਸਿਆ ਤਾਂ ਸੀ...! ਪਰ ਹੁਣ ਤਾਂ ਮੈਨੂੰ ਆਹੀ ਆਬਦਾ ਪਿੰਡ ਲੱਗਦੈ-ਜਿੱਥੇ ਮੰਦੇ ਦਿਨ ਕੱਟੇ ਐ।"
-"ਤੂੰ ਇਉਂ ਕਰ...! ਹੁਣ ਸੁਖਦੇਵ ਰੋਟੀ ਲੈ ਕੇ ਆਉਣ ਆਲ਼ੈ! ਤੂੰ ਕੱਲ੍ਹ ਨੂੰ ਮੇਰੇ ਨਾਲ਼ ਸ਼ਹਿਰ ਚੱਲ! ਨਾਲ਼ੇ ਤਾਂ ਤੇਰਾ ਪਾਸਪੋਰਟ ਬਣਾ ਲਵਾਂਗੇ-ਤੇ ਨਾਲ਼ੇ ਮੈਨੂੰ ਬੈਂਕ 'ਚ ਕੰਮ ਐਂ!"
-"ਵੇ ਦੇਵ...! ਸੱਚ ਜਾਣੀਂ, ਮੇਰਾ ਤਾਂ ਡਮਾਕ ਕੰਮ ਨ੍ਹੀ ਕਰਦਾ! ਡਰਦੀ ਬੁੜ੍ਹਾਪੇ ਤੋਂ ਮੈਂ ਵੀ ਆਂ! ਇਹਦੇ 'ਚ ਤੇਰੇ ਕੋਲ਼ੋਂ ਕੋਈ ਓਹਲਾ ਨ੍ਹੀ...! ਪਰ ਫੇਰ ਸੋਚਦੀ ਆਂ-ਬਈ ਕਾਹਦੇ ਪਿੱਛੇ? ਪਤਾ ਨ੍ਹੀ ਜਿੰਦਗੀ ਕਿੰਨੇ ਕੁ ਦਿਨ ਐਂ? ਹੁਣ ਅਖੀਰਲੇ ਚਾਰ ਦਿਨਾਂ ਦੀ ਖਾਤਰ ਕਾਹਨੂੰ ਮੂੰਹ ਕਾਲ਼ਸ ਲਈਏ?"
-"ਮੂੰਹ ਕਾਲ਼ਸ ਇਹਦੇ 'ਚ ਕਾਹਦੀ ਐ...? ਜਿਹੜੇ ਚਾਰ ਦਿਨ ਰਹਿੰਦੇ ਐ-ਉਹ ਤਾਂ ਸੋਹਣੇ ਬਿਤਾਈਏ? ਆਪਾਂ ਜਰੂਰੀ ਤਾਂ ਨ੍ਹੀ ਬੁੜ੍ਹਾਪੇ 'ਚ ਵੀ ਭੱਠ 'ਚ ਭੁੱਜ ਕੇ ਮਰਨਾ? ਆਪਾਂ ਨੂੰ ਸੰਤਾਪ ਸੁੱਖ ਕੇ ਤਾਂ ਨ੍ਹੀ ਦਿੱਤਾ? ਰਹਿ ਆਪਾਂ ਪਿੰਡ ਵੀ ਪੈਂਦੇ? ਪਰ ਐਥੇ ਲੋਕ ਈ ਬਾਧੂ ਜਾਭਾਂ ਦਾ ਭੇੜ੍ਹ ਕਰੀ ਜਾਣਗੇ! ਆਪਾਂ ਲੋਕਾਂ ਤੋਂ ਦੂਰ ਈ ਚੰਗੇ ਐਂ! ਦੋਵੇਂ ਜੀਅ ਖਾਵਾਂਗੇ ਪੀਵਾਂਗੇ-ਬੁੱਲੇ ਵੱਢਾਂਗੇ!"
-"......।" ਪ੍ਰੀਤੋ ਚੁੱਪ ਸੀ।
-"ਤੂੰ ਅੱਜ ਦੀ ਰਾਤ ਮਨ ਨਾਲ਼ ਰੈਅ ਕਰਲਾ! ਕੱਲ੍ਹ ਨੂੰ ਸਾਝਰੇ ਈ ਮੇਰੇ ਕੋਲ਼ੇ ਆਜੀਂ! ਹੁਣ ਸੁਖਦੇਵ ਆਉਣ ਆਲ਼ੈ-ਸ਼ੱਕ ਤਾਂ ਉਹਨੇ ਆਪਣੇ 'ਤੇ ਕੀ ਕਰਨੀ ਐਂ? ਪਰ ਓਹਲਾ ਈ ਠੀਕ ਹੁੰਦੈ!"
-"ਤੇ, ਤੇਰੀ ਰੋਟੀ ਰਾਟੀ...?"
-"ਉਹ ਤਾਂ ਸੁਖਦੇਵ ਲੈ ਈ ਆਊ-ਜੇ ਖਾਣੀਂ ਐਂ ਤਾਂ ਬਹਿਜਾ!"
-"ਨਹੀਂ, ਰੋਟੀ ਤਾਂ ਨਹੀਂ ਮੈਂ ਖਾਣੀਂ...! ਮੈਂ ਸਵੇਰੇ ਆਊਂ ਤੇਰੇ ਕੋਲ਼ੇ-ਤੂੰ ਵੀ ਆਬਦੇ ਮਨ ਨਾਲ਼, ਤਸੱਲੀ ਨਾਲ਼ ਵਿਚਾਰ ਵਟਾਂਦਰਾ ਕਰਲੀਂ-ਫੇਰ ਜਿਵੇਂ ਕਹੇਂ ਕਰਲਾਂਗੇ! ਪਰ ਇਕ ਗੱਲ ਦੱਸਾਂ ਹਰਦੇਵ? ਊਂ ਤਾਂ ਤੂੰ ਆਖੇਂਗਾ ਬਈ ਬੁੱਢੀ ਖੋਲੀ ਕੀ ਜੁਆਕਾਂ ਆਲ਼ੀਆਂ ਗੱਲਾਂ ਕਰਨ ਲੱਗਪੀ? ਪਰ ਸੱਚ ਜਾਣੀਂ! ਜਾਣੀਂ ਦੀ ਮੈਨੂੰ ਤਾਂ ਤੇਰਾ ਉਵੇਂ ਤੇਹ ਜਿਆ ਆਉਣ ਲੱਗ ਪਿਆ-ਜਿਵੇਂ ਨਿੱਕੀ ਹੁੰਦੀ ਨੂੰ ਆਉਂਦਾ ਸੀ-ਆਹ ਤਾਂ ਦੁਨੀਆਂ ਦੀ ਸ਼ਰਮ ਵੱਢ ਵੱਢ ਖਾਂਦੀ ਐ, ਬਈ ਬਾਧੂ ਮੂੰਹ ਕਾਲ਼ਾ ਹੋਊ? ਨਹੀਂ ਮੈਂ ਤਾਂ ਅੱਜ ਦੀ ਰਾਤ ਤੇਰੇ ਕੋਲ਼ੇ ਕਿਉਂ ਨਾ ਰਹਿ ਪੈਂਦੀ...?" ਪ੍ਰੀਤੋ ਨੇ ਦਿਲ ਦੀ ਸੱਚੀ ਗੱਲ ਆਖ ਦਿੱਤੀ। ਹਰਦੇਵ ਦਾ ਜੀਅ ਕੀਤਾ ਕਿ ਪ੍ਰੀਤੋ ਨੂੰ ਜੱਫ਼ੀ ਵਿਚ ਲੈ ਕੇ ਮੂੰਹ ਚੁੰਮ ਲਵੇ। ਪ੍ਰੀਤੋ ਦਾ ਭੋਲ਼ਾ ਜਿਹਾ ਮੂੰਹ ਮੁਬਾਰਕ ਸੀ। ਸੁਲੱਖਣਾ ਸੀ। ਅੱਜ ਕੱਲ੍ਹ ਦੇ ਜ਼ਮਾਨੇ ਵਾਂਗ ਕਰੂਪ ਨਹੀਂ ਸੀ।
*******
ਅਠਾਈਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!
No comments:
Post a Comment