Saturday, August 22, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 27

ਅਗਲੇ ਦਿਨ ਦੀਪ ਦਾ ਫ਼ੋਨ ਆ ਗਿਆ

ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਸ ਆ ਗਈ ਸੀਪਾਪਾ ਜੀ ਨਾਲ਼ ਉਸ ਦੀ ਗੱਲ ਬਾਤ ਹੋ ਗਈ ਸੀ ਅਤੇ ਉਹ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਨ ਲਈ ਤਿਆਰ ਸੀਪਾਪਾ ਜੀ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ਸੀਉਸ ਨੇ ਆਪਣੇ ਵੱਲੋਂ ਵਕੀਲ ਤੋਂ ਇਕ ਐਫ਼ੀਡੇਵਿਟ ਵੀ ਤਿਆਰ ਕਰਵਾ ਲਿਆ ਸੀਜਿਹੜਾ ਉਸ ਦੀ ਗ਼ੈਰਹਾਜ਼ਰੀ ਵਿਚ ਤਲਾਕ ਲੈਣ ਦੀ ਪੁਸ਼ਟੀ ਕਰੇਗਾਉਸ ਨੇ ਹਰਦੇਵ ਨੂੰ ਡੋਰਿੰਟ ਹੋਟਲ ਬੁਲਾਇਆ ਸੀਕੀ ਖੱਟਿਆ ਦੂਜਾ ਵਿਆਹ ਕਰਕੇ? ਕੀਤੀ ਕਮਾਈ ਕਿਸ ਰਾਸ ਆਈ? ਮੀਤੀ ਨੂੰ ਛੱਡ ਕੇ, ਦੂਜਾ ਵਿਆਹ ਕਰਕੇ ਹੁਣ ਜੁਆਕਾਂ ਦਾ ਪਿਉ ਬਣ ਗਿਆ? ਮੈਂ ਤਾਂ ਜਿੰਨੀ ਕੁ ਜੋਕਰਾ ਸੀ, ਸਾਲ਼ੀ ਨੇ ਉਹ ਵੀ ਖ਼ੱਸੀ ਕਰ ਧਰਿਆ! ਕਰ ਲਈ ਐਸ਼ ਨਵੀਂ ਜਨਾਨੀ ਨਾਲ਼? ਮੀਤੀ ਕੀ ਮਾੜੀ ਸੀ? ਦੁੱਖ ਸੁੱਖ ਦੀ ਭਾਈਵਾਲ਼ ਤਾਂ ਸੀ! ਬਾਪੂ ਬੇਬੇ ਨੂੰ ਫ਼ੋਨ ਕਰਦੀ ਰਹਿੰਦੀ ਸੀਇਹਨੇ ਤਾਂ ਕਦੇ ਬੇਬੇ ਬਾਪੂ ਦਾ ਨਾਂ ਵੀ ਬੁੱਲ੍ਹਾਂ 'ਤੇ ਨਹੀਂ ਲਿਆਂਦਾ? ਹਰਦੇਵ ਅੰਦਰੋਂ ਬੁਰੀ ਤਰ੍ਹਾਂ ਨਾਲ਼ ਟੁੱਟ ਗਿਆ ਸੀਉਸ ਦੇ ਉਲੀਕੇ ਅਰਮਾਨ ਕੁਚਲੇ ਗਏ ਸਨਭਾਵਨਾਵਾਂ ਫ਼ੱਟੜ ਹੋ ਗਈਆਂ ਸਨਚਾਅ ਮੁਰਝਾ ਕੇ ਸੁੱਕ ਗਏ ਸਨ ਅਤੇ ਸੁਪਨੇ ਚੂਰ ਚੂਰ ਹੋ ਗਏ ਸਨ

----

ਬਿਨਾ ਦੇਰ ਕੀਤੀ ਹਰਦੇਵ ਡੋਰਿੰਟ ਹੋਟਲ ਪਹੁੰਚ ਗਿਆ

ਦੀਪ ਅਤੇ ਸੁਮੀਤ ਬੀਅਰ ਬਾਰ ਵਿਚ ਬੈਠੇ ਸਨਉਸ ਨੇ ਤਲਾਕ ਦੇ ਕਾਗਜ਼ ਅੱਗੇ ਰੱਖ ਦਿੱਤੇਦੀਪ ਨੇ ਦਸਤਖ਼ਤ ਕਰ ਦਿੱਤੇ ਅਤੇ ਆਪਣੇ ਵੱਲੋਂ ਤਿਆਰ ਕਰਵਾਇਆ ਐਫ਼ੀਡੇਵਿਟ ਉਸ ਨੂੰ ਦੇ ਦਿੱਤਾਇਸ ਵਿਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਮੈਂ ਹਰਦੇਵ ਤੋਂ ਤਲਾਕ ਚਾਹੁੰਦੀ ਹਾਂ ਅਤੇ ਇੰਗਲੈਂਡ ਛੱਡ ਕੇ ਜਾ ਰਹੀ ਹਾਂਜਦੋਂ ਸਾਡਾ ਤਲਾਕ ਹੋ ਜਾਵੇ, ਕਿਰਪਾ ਕਰਕੇ ਪ੍ਰਵਾਨੇ ਮੈਨੂੰ ਇਸ ਭਾਰਤ ਦੇ ਪਤੇ ਉਪਰ ਭੇਜ ਦਿੱਤੇ ਜਾਣ! ਥੱਲੇ ਉਸ ਦੇ ਦਸਤਖ਼ਤ ਸਨ

ਕਾਗਜ਼ ਲੈ ਕੇ ਹਰਦੇਵ ਮੁੜ ਆਇਆ ਅਤੇ ਸਾਰਾ ਕੁਝ ਆਪਣੇ ਵਕੀਲ ਦੇ ਹਵਾਲੇ ਕਰ ਦਿੱਤਾ

ਹਰਦੇਵ ਦਾ ਕੰਮ ਅੱਜ ਖ਼ਤਮ ਹੋ ਗਿਆ ਸੀਨਵਾਂ ਕੰਮ ਲੈਣ ਨੂੰ ਉਸ ਦਾ ਦਿਲ ਨਹੀਂ ਕਰਦਾ ਸੀਕੰਮ ਕਰਨਾ ਵੀ ਕਿਸ ਲਈ ਸੀ? ਕਿਹੜਾ ਭਾਨੋ ਨੂੰ ਤੁੰਗਲ਼ ਬਣਵਾ ਕੇ ਦੇਣੇ ਸਨ? ਕੰਮ ਵਾਲ਼ਿਆਂ ਤੋਂ ਪੈਸੇ ਲੈ ਕੇ ਉਸ ਨੇ ਬੈਂਕ ਵਿਚ ਜਮਾਂਹ ਕਰਵਾ ਦਿੱਤੇਹੁਣ ਉਸ ਅੱਗੇ ਸਿਰਫ਼ ਦੋ ਹੀ ਗੱਲਾਂ ਸਨਭੈਣ ਅਤੇ ਭਾਈ ਦਾ ਵਿਆਹ ਕਰਨਾ! ਇਸ ਪਾਸੇ ਵੱਲ ਉਸ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀਭਾਈਬੰਦਾਂ ਤੋਂ ਕੁਝ ਪੈਸੇ ਹੱਥ-ਉਧਾਰ ਵੀ ਫੜ ਲਏ

----

ਮਹੀਨੇ ਕੁ ਬਾਅਦ ਉਸ ਦੇ ਕੇਸ ਦੀ ਤਾਰੀਖ਼ ਨਿਕਲੀਦੀਪ ਦੀ ਗ਼ੈਰਹਾਜ਼ਰੀ ਵਿਚ ਹੀ ਤਲਾਕ ਮੰਨ ਲਿਆ ਗਿਆਐਫ਼ੀਡੇਵਿਟ ਦੀਪ ਵੱਲੋਂ ਹਾਮੀ ਭਰ ਰਿਹਾ ਸੀਜਦੋਂ ਹਫ਼ਤੇ ਕੁ ਬਾਅਦ ਉਸ ਨੂੰ ਤਲਾਕ ਦੇ ਪ੍ਰਵਾਨੇ ਮਿਲੇ ਤਾਂ ਉਸ ਨੇ ਦੋ ਮਹੀਨੇ ਦੀ ਮੌਰਗੇਜ਼ ਅਤੇ ਕੌਂਸਲ ਟੈਕਸ ਭਰਿਆ ਅਤੇ ਦੋ ਮਹੀਨੇ ਲਈ ਭਾਰਤ ਉਡਾਰੀ ਮਾਰ ਗਿਆ

ਸਭ ਤੋਂ ਪਹਿਲਾਂ ਉਸ ਨੇ ਭੈਣ ਦਾ ਵਿਆਹ ਕੀਤਾਮਾਂ ਤਾਂ ਬਿਮਾਰ ਹੀ ਰਹਿੰਦੀ ਸੀਉਹ ਕਿਸੇ ਨਾਲ਼ ਬਹੁਤੀ ਗੱਲ ਨਹੀਂ ਕਰਦੀ ਸੀਮੰਜੇ 'ਤੇ ਹੀ ਬੈਠੀ ਰਹਿੰਦੀਜੇ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਖਾ ਲੈਂਦੀ, ਨਹੀਂ ਤਾਂ ਕਦੇ ਕੁਝ ਮੰਗਦੀ ਵੀ ਨਹੀਂ ਸੀ! ਦੇਖਣ ਪਾਖਣ ਤੋਂ ਲੱਗਦਾ ਸੀ ਕਿ ਵਾਕਿਆ ਹੀ ਉਸ ਦਾ ਦਿਮਾਗ ਹਿੱਲ ਗਿਆ ਸੀਥੋੜਾ ਸਮਾਂ ਪਾ ਕੇ ਉਸ ਨੇ ਛੋਟੇ ਭਰਾ ਸੁਖਦੇਵ ਦਾ ਵਿਆਹ ਵੀ ਕਰ ਦਿੱਤਾਖੇਤ ਵਾਲ਼ਾ ਘਰ ਉਸ ਨੂੰ ਸੰਭਾਲ਼ ਦਿੱਤਾ ਅਤੇ ਅੱਧੀ ਜ਼ਮੀਨ ਉਸ ਨੂੰ ਦੇ ਦਿੱਤੀਪਸ਼ੂ ਸਾਰੇ ਹੀ ਉਸ ਨੇ ਸੁਖਦੇਵ ਨੂੰ ਰਜ਼ਾਮੰਦੀ ਨਾਲ਼ ਹੀ ਸੌਂਪ ਦਿੱਤੇ ਸਨਕਿਹੜਾ ਉਸ ਨੇ ਹੁਣ ਮੱਝਾਂ ਦੀ ਧਾਰ ਕੱਢਣੀ ਸੀ? ਜਾਂ ਹਲ਼ ਵਾਹੁੰਣਾ ਸੀ? ਆਪਣੇ ਹਿੱਸੇ ਦੀ ਜ਼ਮੀਨ ਉਸ ਨੇ ਸਰਪੰਚ ਨੂੰ ਪੰਜ ਸਾਲ ਲਈ ਠੇਕੇ 'ਤੇ ਦੇ ਦਿੱਤੀ ਅਤੇ ਪੰਜ ਸਾਲ ਦਾ ਠੇਕਾ ਪੇਸ਼ਗੀ ਲੈ ਕੇ ਪੰਜ ਸਾਲ ਲਈ ਫਿਕਸ ਡਿਪੌਜ਼ਿਟ ਕਰਵਾ ਬੈਂਕ ਵਿਚ ਰੱਖ ਦਿੱਤਾ

ਅਜੇ ਉਹ ਇਕੱਠੇ ਹੀ ਇਸ ਘਰ ਵਿਚ ਰਹਿੰਦੇ ਸਨ

----

ਹਰਦੇਵ ਦਾ ਇੰਗਲੈਂਡ ਵਾਪਸ ਜਾਣ ਨੂੰ ਉਕਾ ਹੀ ਦਿਲ ਨਹੀਂ ਕਰਦਾ ਸੀਉਹ ਬੇਬੇ ਨਾਲ਼ ਗੱਲਾਂ ਕਰਨੀਆਂ ਚਾਹੁੰਦਾਪਰ ਬੇਬੇ ਸਿੱਧੀ ਸਲੋਟ ਹੀ ਹਰਦੇਵ ਵੱਲ ਝਾਕੀ ਜਾਂਦੀਹਰਦੇਵ ਦਾ ਦਿਲ ਅਤੀਅੰਤ ਦੁਖੀ ਹੋ ਜਾਂਦਾਉਹ ਬੇਬੇ ਨੂੰ ਸ਼ਹਿਰੋਂ ਕੁਝ ਖਾਣ ਪੀਣ ਨੂੰ ਲਿਆ ਕੇ ਦਿੰਦਾਪਰ ਬੇਬੇ ਖਾਂਦੀ ਘੱਟਪਰ ਖਿਲਾਰਦੀ ਬਹੁਤਾ ਸੀਉਸ ਨੂੰ ਕੋਈ ਸੁਰਤ-ਸੁੱਧ ਨਹੀਂ ਸੀਬੇਬੇ ਬਿਲਕੁਲ ਹੀ ਚੁੱਪ ਸੀਹਰਦੇਵ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾਪਰ ਉਹ ਬੋਲਦੀ ਨਹੀਂ ਸੀਡਾਕਟਰਾਂ ਤੋਂ ਰਾਇ ਲਈ ਸੀਉਹ ਬੇਬੇ ਨੂੰ ਕੋਈ ਅਸਹਿ ਸਦਮਾ ਲੱਗਿਆ ਹੀ ਦੱਸਦੇ ਸਨਉਸ ਨੂੰ ਬਾਪੂ ਦੀ ਟੈਲੀਫ਼ੋਨ 'ਤੇ ਆਖੀ ਗੱਲ ਵਾਰ ਵਾਰ ਯਾਦ ਆਉਂਦੀ

-"ਉਹਦੀ ਮਾਂ ਤੇ ਪਿਉ ਨੇ ਸਾਡੀ ਬੇਇੱਜ਼ਤੀ ਕਰਨ ਦੀ ਕੋਈ ਕਸਰ ਨ੍ਹੀ ਛੱਡੀ, ਹਰਦੇਵ ਸਿਆਂ! ਤੇਰੀ ਬੇਬੇ ਤਾਂ ਓਦਣ ਦੀ ਕਮਲ਼ ਜਿਆ ਮਾਰਨੋ ਈ ਨ੍ਹੀ ਹੱਟਦੀ।" ਪਰ ਹੁਣ ਤਾਂ ਬੇਬੇ ਕੋਈ ਕਮਲ਼ ਵੀ ਨਹੀਂ ਮਾਰਦੀ ਸੀਬੋਲਦੀ ਹੀ ਨਹੀਂ ਸੀ

----

ਬੇਬੇ ਨੂੰ ਉਸ ਨੇ ਫਿਰ ਸ਼ਹਿਰ ਡਾਕਟਰ ਨੂੰ ਦਿਖਾਇਆਉਸ ਨੇ ਆਖਿਆ ਕਿ ਸਦਮੇ ਨਾਲ਼ ਜ਼ਰੂਰੀ ਨਹੀਂ ਕਿ ਮਰੀਜ਼ ਕਮਲ਼ਿਆਂ ਵਾਂਗੂੰ ਬਰੜਾਹਟ ਹੀ ਕਰੇਕਈ ਵਾਰ ਮਰੀਜ਼ ਸਦੀਵੀ ਚੁੱਪ ਵੀ ਧਾਰ ਲੈਂਦਾ ਹੈ! ਹਰਦੇਵ ਬੇਬੇ ਨੂੰ ਲੈ ਕੇ ਮੁੜ ਆਇਆ ਸੀਉਸ ਦਾ ਮਨ ਕਰਦਾ ਸੀ ਕਿ ਬੇਬੇ ਉਸ ਨਾਲ਼ ਰੱਜ ਕੇ ਗੱਲਾਂ ਕਰੇ! ਲਾਹ ਸੁੱਟੇ ਉਹ ਜਿਲਬ ਮੇਰੇ ਸੀਨੇ ਉਪਰੋਂ ਜਿਹੜੀ ਮੈਂ ਵਲਾਇਤ ਵਿਚੋਂ ਨਾਲ਼ ਲੱਦ ਲਿਆਇਆ ਸੀਉਹ ਸੋਚਦਾ ਸੀ ਕਿ ਜਦੋਂ ਮੈਂ 'ਬੇਬੇ' ਆਖਾਂ ਤਾਂ ਬੇਬੇ 'ਬੁੱਸ-ਬੁੱਸ' ਕਰਦੀ, ਘੁੱਟ ਲਵੇ ਮੈਨੂੰ ਆਪਣੀ ਨਿੱਘੀ ਬੁੱਕਲ ਵਿਚ, ਤੇ ਉਤਾਰ ਦੇਵੇ ਮੇਰੇ ਗੱਡੇ ਵਰਗੇ ਭਾਰੇ ਦਿਮਾਗ ਦਾ ਬੋਝ! ਬੇਬੇ ਹੱਸ ਕੇ ਲਾਡ ਨਾਲ਼ ਅੱਗੇ ਵਾਂਗ 'ਕੁੱਤਾ' ਆਖੇ ਤਾਂ ਉੱਡ ਜਾਵੇ ਮੇਰੀ ਮਾਨਸਿਕ ਪਰੇਸ਼ਾਨੀ, ਜੋ ਮੈਂ ਵਲਾਇਤ 'ਚੋਂ ਨਾਲ਼ ਧੂਹ ਲਿਆਇਆ ਸੀ! ਬੇਬੇ ਇਕ ਵਾਰ 'ਵਾਰੀ ਪੁੱਤ' ਆਖੇ ਤਾਂ ਹੋ ਜਾਵਾਂਗਾ ਹੌਲਾ-ਹੌਲਾ ਫੁੱਲ ਵਰਗਾ! ਪਰ ਬੇਬੇ ਤਾਂ ਬੋਲਦੀ ਹੀ ਨਹੀਂ ਸੀ! ਉਹ ਕਈ ਵਾਰ ਆਪ ਕਮਲਿਆਂ ਵਾਂਗ ਉਚੀ ਸਾਰੀ 'ਬੇਬੇ' ਆਖਦਾਪਰ ਬੇਬੇ ਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ ਸੀਉਹ ਉਸ ਵੱਲ ਝਾਕ ਕੇ ਜਾਂ ਤਾਂ ਘੇਸਲ਼ ਜਿਹੀ ਵੱਟ ਜਾਂਦੀ ਅਤੇ ਜਾਂ ਫਿਰ ਪੈ ਜਾਂਦੀਛੋਟਾ, ਸੁਖਦੇਵ ਆਪਣੀ ਘਰਵਾਲ਼ੀ ਨਾਲ਼ ਖੇਤ ਵਾਲ਼ੇ ਮਕਾਨ ਵਿਚ ਹੀ ਰਹਿੰਦਾ ਸੀਉਹ ਆਪਣੀ ਪਤਨੀ ਨਾਲ਼ ਰੁੱਝ ਗਿਆ ਸੀਭਜਨੋ ਵੀ ਕਦੇ ਕਦੇ ਆਪਣੇ ਪ੍ਰਾਹੁਣੇ ਨਾਲ਼ ਆ ਕੇ ਮਿਲ਼ ਜਾਂਦੀਬੇਬੇ ਅਤੇ ਹਰਦੇਵ ਦੀ ਰੋਟੀ ਸੁਖਦੇਵ ਹੀ ਖੇਤੋਂ ਲੈ ਆਉਂਦਾ ਸੀਹਰਦੇਵ ਨੇ ਵੀ ਉਸ ਦੀ ਮੁਹਾਰ ਖੋਲ੍ਹੀ ਹੋਈ ਸੀ ਕਿ ਉਹ ਆਪਣੇ ਘਰ ਵੱਲ ਧਿਆਨ ਦੇਵੇ! ਬੇਬੇ ਦਾ ਫਿਕਰ ਨਾ ਕਰੇ!

----

ਇਕ ਦਿਨ ਅੱਧੀ ਕੁ ਰਾਤ ਨੂੰ ਬੇਬੇ ਨੇ ਰੌਲ਼ਾ ਜਿਹਾ ਪਾਉਣਾ ਸ਼ੁਰੂ ਕਰ ਦਿੱਤਾਜਿਵੇਂ ਉਸ ਨੂੰ 'ਦਾਬਾ' ਆ ਗਿਆ ਸੀਹਰਦੇਵ ਸੁੱਤਾ ਪਿਆ-ਪਿਆ ਅੱਭੜਵਾਹੇ ਉਠਿਆਲਾਈਟ ਜਗਾਈਬੇਬੇ ਦੇ ਹੱਥ ਹਿੱਕ ਦੇ ਦੋਹੀਂ ਪਾਸੀਂ ਸ਼ਾਂਤ ਪਏ ਸਨਉਸ ਨੇ ਬੇਬੇ ਨੂੰ ਪਾਣੀ ਦਿੱਤਾਬੇਬੇ ਤੋਂ ਪੀਤਾ ਨਾ ਗਿਆਉਹ ਬੋਲਣਾ ਚਾਹੁੰਦੀ ਸੀਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀਪਤਾ ਨਹੀਂ ਬੇਬੇ ਕੀ ਆਖਣਾ ਚਾਹੁੰਦੀ ਸੀ? ਹਰਦੇਵ ਨੇ ਗੁਆਂਢੀਆਂ ਨੂੰ ਅਵਾਜ਼ ਮਾਰੀਪਿੰਡ ਵਿਚੋਂ ਕਾਰ ਲਿਆਂਦੀ ਗਈ ਅਤੇ ਬੇਬੇ ਨੂੰ ਹਸਪਤਾਲ਼ ਪਹੁੰਚਾਇਆ ਗਿਆਡਾਕਟਰਾਂ ਨੇ ਬੇਬੇ ਨੂੰ ਸਾਂਭ ਕੇ ਦਾਖ਼ਲ ਕਰ ਲਿਆਐਕਸਰੇ ਅਤੇ ਸਕੈਨਿੰਗ ਕਰਵਾਈ ਗਈਗੁਲੂਕੋਜ਼ ਸ਼ੁਰੂ ਕੀਤਾ ਗਿਆਹੱਥਾਂ ਦੀਆਂ ਨਾੜਾਂ ਵਿਚ ਗੁਲੂਕੋਜ਼ ਨਹੀਂ ਚੱਲਿਆ ਸੀਇਸ ਲਈ ਗਿੱਟੇ ਦੀ ਨਾੜ ਵਿਚ ਗੁਲੂਕੋਜ਼ ਲਾਇਆ ਗਿਆ ਸੀ

----

ਐਕਸਰੇ ਅਤੇ ਸਕੈਨਿੰਗ ਦੀਆਂ ਰਿਪੋਰਟਾਂ ਦੱਸ ਰਹੀਆਂ ਸਨ ਕਿ ਬੇਬੇ ਦੇ ਦਿਮਾਗ ਦੀਆਂ ਨਾੜੀਆਂ ਰੁਕ ਗਈਆਂ ਸਨਹਫ਼ਤਾ ਭਰ ਇਲਾਜ਼ ਚੱਲਦਾ ਰਿਹਾਬੇਬੇ ਠੀਕ ਨਹੀਂ ਹੋ ਰਹੀ ਸੀ, ਸਗੋਂ ਕਦੇ ਕਦੇ ਲੰਮੀ ਬੇਹੋਸ਼ੀ ਵਿਚ ਚਲੀ ਜਾਂਦੀ ਸੀਸੁਖਦੇਵ ਵੀ ਦਿਨ ਵਿਚ ਦੋ-ਦੋ ਗੇੜੇ ਮਾਰ ਜਾਂਦਾਉਸ ਦੇ ਘਰਵਾਲ਼ੀ ਵੀ ਆਉਂਦੀਪਰ ਹਰਦੇਵ ਸਾਰਿਆਂ ਨੂੰ ਤੋਰ ਦਿੰਦਾਡਾਕਟਰ ਨੇ ਹਰਦੇਵ ਨੂੰ ਬਹੁਤ ਵਾਰ ਕਿਹਾ ਕਿ ਉਹ ਬੇਬੇ ਨੂੰ ਘਰ ਲੈ ਜਾਵੇ ਅਤੇ ਸੇਵਾ ਕਰੇ! ਹੁਣ ਬੇਬੇ ਦਾ ਅੰਤਿਮ ਸਮਾਂ ਆ ਗਿਆ ਹੈ! ਪਰ ਘਰ ਸੇਵਾ ਕਰਨ ਵਾਲਾ ਹੈ ਵੀ ਕੌਣ ਸੀ? ਕੋਈ ਵੀ ਤਾਂ ਨਹੀਂ! ਉਸ ਨੇ ਬੇਬੇ ਨੂੰ ਹਸਪਤਾਲ਼ ਰੱਖਣਾ ਹੀ ਬਿਹਤਰ ਸਮਝਿਆਸਾਰੀਆਂ ਜੱਦੋਜਹਿਦਾਂ ਅਤੇ ਕੋਸਿ਼ਸਾਂ ਦੇ ਬਾਵਜੂਦ ਵੀ ਬੇਬੇ ਨੂੰ ਅਰਾਮ ਨਾ ਆਇਆ ਅਤੇ ਉਹ ਗਿਆਰ੍ਹਵੇਂ ਦਿਨ ਪੂਰੀ ਹੋ ਗਈ...! ਹਰਦੇਵ ਜੀਅ ਭਰ ਕੇ ਰੋਇਆਜਿਹੜੀ ਕਸਰ ਰਹਿੰਦੀ ਸੀਉਹ ਅੱਜ ਬੇਬੇ ਮਰੀ ਤੋਂ ਰੋ ਕੇ ਪੂਰੀ ਕਰ ਲਈ ਅਤੇ ਭਰਿਆ ਮਨ ਹੌਲ਼ਾ ਕਰ ਲਿਆ ਸੀ

----

ਬੇਬੇ ਦੀ ਮਿੱਟੀ ਪਿੰਡ ਲਿਆਂਦੀ ਗਈਰਿਸ਼ਤੇਦਾਰਾਂ ਨੂੰ ਖ਼ਬਰ ਦਿੱਤੀ ਗਈਰਿਸ਼ਤੇਦਾਰ ਪਹੁੰਚਣ 'ਤੇ ਬੇਬੇ ਦਾ ਸਸਕਾਰ ਕਰ ਦਿੱਤਾ ਗਿਆਸਧਾਰਨ ਪਾਠ ਦਾ ਭੋਗ ਪਾਇਆ ਅਤੇ ਬੇਬੇ ਦੇ ਫ਼ੁੱਲ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਗਏਇਸ ਬਹਾਨੇ ਹਰਦੇਵ ਨੇ ਮਾਛੀਵਾੜੇ ਦੇ ਜੰਗਲ, ਸਰਸਾ ਨਦੀ, ਪ੍ਰੀਵਾਰ ਵਿਛੋੜਾ ਦੇ ਦਰਸ਼ਨ ਵੀ ਕਰ ਲਏਪੀਰ ਸਾਈਂ ਬੁੱਢਣ ਸ਼ਾਹ ਦੀ ਜਗਾਹ ਅਤੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਜਾ ਕੇ ਵੀ ਮੱਥਾ ਟੇਕਿਆ ਸੀ

ਬੇਬੇ ਦਾ ਸਾਰਾ ਕਿਰਿਆ ਕਰਮ ਅਤੇ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹਰਦੇਵ ਨੇ ਇਕ ਦਿਨ ਆਪਣੇ ਛੋਟੇ ਭਰਾ ਸੁਖਦੇਵ ਨੂੰ ਬੁਲਾਇਆ

-"ਦੇਖ ਛੋਟੇ ਭਾਈ! ਜਿੰਨੀ ਕੁ ਜੋਕਰਾ ਮੈਂ ਸੀ-ਕੋਈ ਕਸਰ ਬਾਕੀ ਨਹੀਂ ਛੱਡੀ! ਜਿੰਨਾ ਮੈਥੋਂ ਹੋਇਆ-ਮੈਂ ਕਰਦਾ ਰਿਹਾ! ਮੈਂ ਚੱਲਿਐਂ ਇੰਗਲੈਂਡ ਵਾਪਸ! ਹੁਣ ਤੂੰ ਇਉਂ ਕਰੀਂ! ਖੇਤ ਵਾਲ਼ਾ ਘਰ ਤੇਰਾ...! ਤੇ ਆਹ ਅੰਦਰਲਾ ਘਰ ਮੇਰਾ! ਠੀਕ ਐ...? ਕਦੇ ਲੋੜ ਪਵੇ ਤਾਂ ਬਾਈ ਨੂੰ ਜ਼ਰੂਰ ਯਾਦ ਕਰੀਂ, ਹਾਜ਼ਰ ਹੋਊਂਗਾ! ਪਰ ਆਹ ਮੇਰੇ ਆਲ਼ਾ ਘਰ ਜਿਵੇਂ ਵੀ ਹੈ-ਇਹਨੂੰ ਇਵੇਂ ਹੀ ਰਹਿਣ ਦੇਈਂ! ਇਹਨੂੰ ਨਾ ਛੇੜੀਂ! ਇਸ ਘਰ ਨਾਲ਼ ਮੇਰੀ ਜ਼ਿੰਦਗੀ ਦੀਆਂ ਵੱਡਮੁੱਲੀਆਂ ਯਾਦਾਂ ਜੁੜੀਆਂ ਹੋਈਐਂ...! ਇਹਨੂੰ ਮੈਂ ਜਿੰਦਰਾ ਲਾ ਚੱਲਿਐਂ-ਚਾਬੀ ਮੈਂ ਆਬਦੇ ਨਾਲ਼ ਲੈ ਜਾਨੈਂ! ਜੇ ਐਸ ਘਰ ਵਿਚ ਤੇਰੀ ਕੋਈ ਚੀਜ ਵਸਤ ਹੈ-ਤਾਂ ਅੱਜ ਈ ਲੈ ਜਾਹ! ਮੁੜ ਕੇ ਮੇਰਾ ਨਿੱਕਾ ਵੀਰ ਬਣਕੇ ਜਿੰਦਰਾ ਨਾ ਭੰਨੀਂ...! ਤੇ ਨਾ ਈਂ ਕਿਸੇ ਨੂੰ ਭੰਨਣ ਦੇਈਂ! ਇਹ ਮੇਰੀ ਹਦਾਇਤ ਸਮਝਲਾ-ਨਸੀਹਤ ਸਮਝਲਾ-ਬੇਨਤੀ ਸਮਝਲਾ! ਮੈਂ ਸਾਲ ਨੂੰ ਮੁੜਾਂ-ਤੇ ਚਾਹੇ ਵੀਹਾਂ ਸਾਲਾਂ ਨੂੰ ਮੁੜਾਂ! ਇਹ ਜਿੰਦਰਾ ਮੈਂ ਆਪੇ ਆ ਕੇ ਖੋਲੂੰ-ਇਹਨੂੰ ਕੋਈ ਨਾ ਖੋਲ੍ਹੇ! ਪਰ ਇਸ ਘਰ ਦਾ ਤੂੰ ਖਿਆਲ ਜਰੂਰ ਰੱਖੀਂ! ਪਰ ਬਾਹਰੋ ਬਾਹਰ...!" ਹਰਦੇਵ ਨੇ ਸੁਖਦੇਵ ਨੂੰ ਸੁਣਾਈ ਕੀਤੀ

-"ਤੂੰ ਬਾਈ ਹੁਣ ਆਵੇਂਗਾ ਕਦੋਂ?" ਸੁਖਦੇਵ ਦਾ ਵੀ ਮਨ ਭੈੜਾ ਹੋ ਗਿਆ

-"ਵਾਹਿਗੁਰੂ ਜਾਣੇ ਨਿੱਕਿਆ...! ਹੋ ਸਕਦੈ ਮੇਰੇ ਫ਼ੁੱਲ ਈ ਆਉਣ, ਮੈਂ ਨਾ ਆਵਾਂ? ਤੇ ਹੋ ਸਕਦੈ-ਮੇਰੇ ਫ਼ੁੱਲ ਵੀ ਨਾ ਆਉਣ...? ਪਰ ਤੂੰ ਚਿੰਤਾ ਨਾ ਕਰੀਂ...! ਜਿੰਨਾਂ ਚਿਰ ਮੈਂ ਜਿਉਨੈਂ-ਤੈਨੂੰ ਪਿੱਛਾ ਨਹੀਂ ਦਿੰਦਾ! ਮੈਨੂੰ ਚਿੱਠੀ ਪੱਤਰ ਜ਼ਰੂਰ ਪਾਉਂਦਾ ਰਹੀਂ! ਤੇ ਇਕ ਗੱਲ ਹੋਰ ਯਾਦ ਰੱਖੀਂ...!"

-"......।" ਸੁਖਦੇਵ ਨੇ ਸਿਰ ਉਪਰ ਚੁੱਕਿਆਉਸ ਦਾ ਮਨ ਭਰਿਆ ਹੋਇਆ ਸੀ

-"ਆਹ ਗੱਲ ਮੇਰੀ ਧਿਆਨ ਦੇ ਕੇ ਸੁਣੀਂ! ਬਾਪੂ ਦੀ ਕੁਲ਼ ਹਰੀ ਰੱਖਣੀਂ ਐਂ-ਦੋ ਚਾਰ ਮੁੰਡੇ ਦੱਬ ਕੇ ਬਣਾਈਂ...! ਤੈਨੂੰ ਹੁਣ ਮੇਰਾ ਤਾਂ ਪਤਾ ਈ ਐ-ਵਿਆਹ ਕਰਵਾਵਾਂ-ਨਾ ਕਰਵਾਵਾਂ...? ਮੈਂ ਸੰਜੋਗ ਵਿਜੋਗ ਦੇ ਬਥੇਰੇ ਰੰਗ ਦੇਖ ਲਏ ਐ! ਕਾਠ ਦੀ ਹੱਡੀ ਛੋਟਿਆ ਵਾਰ ਵਾਰ ਨ੍ਹੀ ਚੜ੍ਹਦੀ-ਛੋਟੀ ਭਰਜਾਈ ਨਾਲ਼ ਬਣਾ ਕੇ ਰੱਖੀਂ-ਲੜੀਂ ਜਮਾਂ ਨਾ...! ਲੜਾਈ 'ਚ ਕੁਛ ਨ੍ਹੀ ਰੱਖਿਆ ਨਿੱਕਿਆ! ਰਲ਼ ਮਿਲ਼ ਕੇ ਰਿਹੋ! ਲੜਾਈਆਂ ਭੜਾਈਆਂ 'ਚੋਂ ਕੁਛ ਨਹੀਂ ਨਿਕਲਦਾ! ਆਹ ਦੇਖ ਲੈ! ਤੇਰੇ ਸਾਹਮਣੇ ਈ ਐਂ? ਦੋ ਵਿਆਹ ਕਰਵਾਕੇ ਵੀ ਬੋਤੇ ਦੀ ਪੂਛ ਅਰਗਾ ਲੰਡਾ ਈ ਫਿਰਦੈਂ! ਪਰ ਮੇਰੀ ਇਕ ਗੱਲ ਨਾ ਭੁੱਲੀਂ...! ਆਪਾਂ ਸਾਰਾ ਟੱਬਰ ਔਤ ਈ ਨਾ ਮਰ ਜਾਈਏ!"

-"ਤੂੰ ਫਿਕਰ ਨਾ ਕਰ ਬਾਈ...! ਰੱਬ ਭਲੀ ਕਰੂਗਾ! ਮੈਂ ਆਪਣੇ ਪ੍ਰੀਵਾਰ ਦੇ ਗਰੀਬੀ-ਅਮੀਰੀ, ਦੋਨਾਂ ਦੇ ਹਾਲਾਤਾਂ ਤੋਂ ਬੜੇ ਸਬਕ ਸਿੱਖੇ ਐ! ਜ਼ਿੰਦਗੀ ਭਰ ਮਾਰ ਨ੍ਹੀ ਖਾਂਦਾ!" ਸੁਖਦੇਵ ਬਾਈ ਦੀ ਹਿੱਕ ਨਾਲ਼ ਚਿੰਬੜ ਗਿਆਬੱਚੇ ਵਾਂਗ...! ਹਰਦੇਵ ਉਸ ਨੂੰ ਕੁੱਛੜ ਚੁੱਕ ਕੇ ਤਾਂ ਖਿਡਾਉਂਦਾ ਰਿਹਾ ਸੀ

ਹਰਦੇਵ ਨੇ ਆਪਣੇ ਪਿੰਡ ਵਾਲ਼ੇ ਘਰ ਨੂੰ ਜਿੰਦਰਾ ਮਾਰਿਆ ਅਤੇ ਫਿਰ ਇੰਗਲੈਂਡ ਆ ਗਿਆ ਸੀਉਸੇ ਕੋਹਲੂ ਗੇੜ ਵਿਚ!

*************

ਸਤਾਈਵਾਂ ਕਾਂਡ ਸਮਾਪਤ - ਅਗਲੇ ਦੀ ਉਡੀਕ ਕਰੋ।


No comments: