Sunday, May 24, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 17

ਉਸ ਦਿਨ ਤੋਂ ਹਰਦੇਵ ਦਾ ਵਤੀਰਾ ਮੀਤੀ ਪ੍ਰਤੀ ਅਤੀਅੰਤ ਰੁੱਖਾ ਹੋ ਗਿਆਬਲ਼ਦੀ 'ਤੇ ਤੇਲ ਜਿਉਂ ਪੈ ਗਿਆ ਸੀਸਰਬਜੀਤ ਨੇ ਖੁਰੀਆਂ ਹੀ ਤਾਂ ਲਾ ਦਿੱਤੀਆਂ ਸਨਔਲ਼ਾਦ ਖਾਤਿਰ ਹੀ ਤਾਂ ਬੰਦਾ ਭੱਜਿਆ ਫਿਰਦੈ! ਭੈਣ ਭਾਈ ਮੇਰੇ ਕੱਲ੍ਹ ਨੂੰ ਕਦੋਂ ਮਿੱਤ ਹੋਏ? ਰੱਸੀਆਂ ਧਰ ਕੇ ਮਿਣਦੇ ਲੋਕੀ, ਔਤ ਗਿਆਂ ਦੀਆਂ ਥਾਂਵਾਂ...! ਸਿਆਣੇ ਐਵੇਂ ਤਾਂ ਨਹੀਂ ਗਾ ਗਏ? ਅੱਜ ਕੱਲ੍ਹ ਤਾਂ ਦੁਨੀਆਂ ਪੈਸੇ ਅਤੇ ਗੌਂਅ ਦੀ ਹੈ! ਜੇ ਤੁਹਾਡੇ ਕੋਲ਼ ਪੈਸਾ ਹੈ, ਤਾਂ ਲੋਕ ਤੁਹਾਡੇ ਅੱਗੇ ਪਿੱਛੇ ਫਿ਼ਰਨਗੇਤੇ ਜੇ ਤੁਸੀਂ ਨੰਗ ਹੋ, ਤਾਂ ਤੁਹਾਨੂੰ ਮਰਦਿਆਂ ਨੂੰ ਵੀ ਕੋਈ ਚੁੱਕਣ ਨਹੀਂ ਆਉਂਦਾ

----

ਬਾਪੂ ਦਾ ਹਾਲ ਦੇਖ ਲੈ...! ਜਦੋਂ ਖਾਖੀ ਨੰਗ ਸੀਉਦੋਂ ਕੋਈ ਵੱਢੀ ਉਂਗਲ 'ਤੇ ਨਹੀਂ ਮੂਤਦਾ ਸੀਤੇ ਜਦੋਂ ਹੁਣ ਚਾਰ ਪੈਸੇ ਕੋਲ਼ ਆ ਗਏਹਰ ਕੋਈ 'ਸਾਸਰੀਕਾਲ ਜੀ' ਬੁਲਾ ਕੇ, ਫੇਰ ਕੋਲ਼ ਦੀ ਲੰਘਦੈ! ਬੰਦੇ ਦੀ ਬੁਨਿਆਦ ਔਲ਼ਾਦ ਦੇ ਸਿਰ 'ਤੇ ਬੱਝਦੀ ਐਨੀਂਹ ਬਿਨਾ ਮਕਾਨ ਕਦੋਂ ਕੁ ਤੱਕ ਖੜੂ? ਜੇ ਮੈਂ ਇਉਂ ਈ ਦਿਨ ਰਾਤ ਬਲ਼ਦ ਵਾਂਗੂੰ ਕਮਾਈ ਕਰਦਾ ਰਿਹਾ? ਕਿੱਥੇ ਲੈ ਕੇ ਜਾਣੈਂ ਇਹ ਪੈਸਾ...? ਕੋਈ ਆਪਦਾ ਬਾਲ ਬੱਚਾ ਹੋਊ, ਤਾਂ ਅਗਲਾ ਦੁਨੀਆਂ ਦੀ ਸ਼ਰਮ ਜਾਂ ਲੋਭ ਲਾਲਚ ਨੂੰ ਹੀ ਹਾਲ ਚਾਲ ਪੁੱਛੂ! ਨਹੀਂ ਭਰਾ ਭਤੀਜੇ ਮੈਨੂੰ ਬੁੜ੍ਹੇ ਹੋਏ ਨੂੰ ਕਦੋਂ ਚੂਰੀ ਦੇਣ ਲੱਗੇ ਐ? ਐਥੇ ਇੰਗਲੈਂਡ ਦਾ ਹਾਲ ਤੂੰ ਦੇਖੀ ਜਾਨੈ? ਜੀਹਦੇ ਕੋਈ ਬਾਲ ਬੱਚਾ ਹੈਨੀ, ਅਗਲੇ ਨੂੰ "ਕੇਅਰ ਸੈਂਟਰ" ਵਾਲ਼ੇ ਲੈ ਜਾਂਦੇ ਐ, ਅਤੇ ਅਗਲਾ ਉਥੇ ਹੀ ਲਾਵਾਰਿਸਾਂ ਵਾਂਗ ਅੱਡੀਆਂ ਰਗੜ ਰਗੜ ਕੇ ਮਰ ਜਾਂਦੈ! ਨਾ ਕੋਈ ਰੋਵੇ, ਨਾ ਅਫ਼ਸੋਸ ਕਰੇ! ਔਲ਼ਾਦ ਹੋਊ, ਤਾਂ ਘੱਟੋ ਘੱਟ ਬੰਦੇ ਦਾ ਸਸਕਾਰ ਤਾਂ ਕਰੂ! ਫ਼ੁੱਲ ਤਾਂ ਪਾਊ? ਚਾਹੇ ਲੋਕ ਲਾਜ ਨੂੰ, ਦੂਜਿਆਂ ਦੇ ਮੂੰਹ ਨੂੰ ਹੀ ਕਰੇ? ਬੰਦਾ ਔਤਰਿਆਂ ਵਾਂਗ ਤਾਂ ਨਹੀਂ ਮਰਦਾ? ਨਹੀਂ ਤਾਂ ਕੇਅਰ ਸੈਂਟਰ ਵਾਲ਼ੇ ਤਾਂ, ਬੰਦਾ ਮਰਿਆ, ਚੱਕ ਕੇ ਫ਼ੂਕ ਦਿੱਤਾ ਅਤੇ ਰਜਿਸਟਰ ਵਿਚ ਦਰਜ਼ ਕਰ ਲਿਆ ਕਿ ਫ਼ਲਾਨਾ ਸਿਉਂ ਸੁਰਗਵਾਸ ਹੋ ਗਿਆ, ਤੇ ਚੱਕ ਮੇਰੇ ਭਾਈ! ਕੀ ਜ਼ਿੰਦਗੀ ਐ ਇਹੇ...? ਕਾਹਦੀ ਖਾਤਰ ਕਮਾਈ ਐ ਇਹੇ? ਜੇ ਧੰਦ ਹੀ ਪਿੱਟਣੈਂ, ਬੰਦਾ ਕੋਈ ਨਿਸ਼ਾਨਾ ਸਮਝ ਕੇ ਤਾਂ ਪਿੱਟੇ? ਬਿਨਾ ਗੱਲੋਂ ਕੋਹਲੂ ਦੇ ਬੈਲ ਵਾਂਗ ਚਕਰੀ-ਗੇੜੇ ਪਏ ਫਿਰਨਾ? ਕੀ ਕਮਾਈ ਕਿਸੇ ਅਰਥ ਹੈ...?

----

ਪਰ ਮੀਤੀ ਨੇ ਤਾਂ ਬਾਂਝ ਹੋਣ ਬਾਰੇ ਤੇਰੇ ਨਾਲ਼ ਤੇ ਬਾਪੂ ਨਾਲ਼ ਸਿੱਧੀ-ਸਪੱਸ਼ਟ ਗੱਲ ਕੀਤੀ ਸੀਉਸ ਨੂੰ ਕੀ ਕਹੇਂਗਾ? ਪਰ ਮੀਤੀ ਆਪ ਕਿਹੜਾ ਦੁੱਧ ਧੋਤੀ ਐ? ਪਹਿਲੇ ਸਹੁਰਿਆਂ ਨਾਲ਼ ਨਹੀਂ ਥਾਂ-ਸਿਰ ਨਿਭੀ, ਮੇਰੇ ਨਾਲ਼ ਕੀ ਨਿਭੂਗੀ...? ਉਹਨੇ ਪਹਿਲੇ ਸਹੁਰਿਆਂ ਦਾ ਵੀ ਅੱਠ ਹਜ਼ਾਰ ਦਾ ਘਪਲ਼ਾ ਕੀਤਾ ਹੀ ਐ! ਮੇਰੇ ਨਾਲ਼ ਕਿਤੇ ਘੱਟ ਕਰੂਗੀ? ਮੀਤੀ ਦੇ ਮਗਰ ਲੱਗ ਕੇ ਮੈਂ 'ਔਤ' ਹੀ ਮਰ ਜਾਵਾਂ...? ਚਲੋ ਉਹਦੇ ਤਾਂ ਕੋਈ ਵੱਸ ਨਹੀਂ! ਉਸ ਨੂੰ ਤਾਂ ਬੱਚਾ ਹੋ ਹੀ ਨਹੀਂ ਸਕਦਾ! ਉਸ ਨੂੰ ਤਾਂ ਇਹ ਭਾਣਾ ਮੰਨਣਾ ਈ ਪੈਣੈਂ! ਜੇ ਉਹਨੂੰ ਬੱਚਾ ਨਹੀਂ ਹੋ ਸਕਦਾ, ਤਾਂ ਤੂੰ ਵੀ ਔਤਰਾ ਈ ਜੱਗੋਂ ਜਾਣੈਂ...? ਪਰ ਤੂੰ ਤਾਂ ਮੀਤੀ ਨਾਲ਼ ਧੁਰ ਤੱਕ ਤੋੜ ਨਿਭਾਉਣ ਦਾ ਵਾਅਦਾ ਕੀਤਾ ਸੀ? ਹੁਣ ਮੀਤੀ ਨੂੰ ਖੜ੍ਹਾ ਖੜੋਤਾ ਧੋਖਾ ਦੇਵੇਂਗਾ...? ਪਰ ਮੀਤੀ ਨੇ ਕਿਤੇ ਆਪਣੇ ਪਹਿਲੇ ਸਹੁਰਿਆਂ ਨੂੰ ਧੋਖਾ ਨਹੀਂ ਦਿੱਤਾ? ਜਿਹੜਾ ਕਰਦੈ, ਉਹਦੇ ਅੱਗੇ ਤਾਂ ਸਾਰਾ ਕੁਛ ਆਉਂਦਾ ਈ ਐ? ਮੀਤੀ ਵੀ ਭੁਗਤੂਗੀ...! ਜਿਹੋ ਜਿਹੀ ਕਰਨੀ, ਉਹੋ ਜਿਹੀ ਭਰਨੀ...! ਮੀਤੀ ਵੀ ਦੁੱਧ ਧੋਤੀ ਨਹੀਂ! ਕਿਸੇ ਮਗਰ ਲੱਗ ਕੇ ਆਪ ਦੀ ਜ਼ਿੰਦਗੀ ਖ਼ਰਾਬ ਕਰਨੀ, ਕਿੱਡੀ ਮੂਰਖ਼ਤਾ ਹੈ? ਇਹ ਕਲਯੁੱਗ ਐ, ਹਰਦੇਵ ਸਿਆਂ! ਆਪਦੇ ਬਾਰੇ ਸੋਚ! ਭੱਠ 'ਚ ਪਵੇ ਦੁਨੀਆਂ...! ਪਰ ਮੀਤੀ ਨਾਲ਼ ਜ਼ੁਬਾਨ ਕਰ ਕੇ ਨਰਕਾਂ ਦਾ ਭਾਗੀ ਹੋਵੇਂਗਾ! ਪਰ ਕਿਹੜਾ ਨਰਕ...? ਅੱਗਾ ਕਿਸੇ ਨੇ ਦੇਖਿਐ? ਆਹ ਜੱਗ ਮਿੱਠਾ, ਅਗਲਾ ਕਿਸ ਡਿੱਠਾ? ਕਦੇ ਕਿਸੇ ਨੇ 'ਉਪਰ' ਜਾ ਕੇ ਘਰਦਿਆਂ ਨੂੰ ਟੈਲੀਗਰਾਮ ਕੀਤੀ ਐ? ਬਈ ਮੈਂ ਸਵਰਗਾਂ ਵਿਚ ਰਾਜੀ ਖ਼ੁਸ਼ੀ ਹਾਂ, ਆਪ ਜੀ ਦੀ ਰਾਜੀ ਖ਼ੁਸ਼ੀ ਪ੍ਰਮਾਤਮਾ ਪਾਸੋਂ ਨੇਕ ਚਾਹੁੰਦੇ ਹਾਂ...? ਇਹ ਤਾਂ ਸਭ ਵਹਿਮ ਨੇ...! ਨਿਰੇ ਢੌਂਗ...! ਮਾਨਸਿਕ ਤੌਰ 'ਤੇ ਉਲਝਾਏ ਲੋਕ! ਜਦੋਂ ਕਿਸੇ ਨੇ ਅੱਗਾ ਦੇਖਿਆ ਹੀ ਨਹੀਂ, ਬੰਦਾ ਕਿਵੇਂ ਹਿੱਕ ਥਾਪੜ ਕੇ ਹਾਂਮੀ ਭਰ ਸਕਦੈ, ਬਈ ਅੱਗੇ ਸਵਰਗ ਐ, ਜਾਂ ਨਰਕ ਐ? ਕਾਮਰੇਡ ਤਾਂ ਆਖਦੇ ਐ ਕਿ ਬੰਦਾ ਮਰਿਆ, ਕੰਮ ਖਤਮ! ਕੋਈ ਅੱਗਾ ਨਹੀਂ, ਪਿੱਛਾ ਨਹੀਂ, ਕਹਾਣੀ ਖ਼ਤਮ! ਕੀਹਦੀ ਗੱਲ ਮੰਨੀਏ? ਕਾਮਰੇਡਾਂ ਦੀ ਜਾਂ ਸਾਧਾਂ ਸੰਤਾਂ ਦੀ...? ਰੱਬ ਨੂੰ ਤਾਂ ਕੋਈ ਵੀ ਨਹੀਂ ਮਿਲ਼ ਕੇ ਆਇਆ...?

----

ਪਰ ਬਾਪੂ ਨੂੰ ਕੀ ਜਵਾਬ ਦੇਵੇਂਗਾ? ਬਾਪੂ ਨੇ ਵੀ ਆਪਣੇ ਮਿੱਤਰਾਂ ਦੋਸਤਾਂ ਸਾਹਮਣੇਂ ਮੀਤੀ ਨੂੰ ਧੋਖਾ ਨਾ ਦੇਣ ਦਾ ਪ੍ਰਣ ਕੀਤਾ ਸੀ? ਪਰ ਬਾਪੂ, ਮੇਰਾ ਬਾਪੂ ਐ ਜਾਂ ਮੀਤੀ ਦਾ? ਉਹਨੇ ਮੇਰੀ ਗੱਲ ਮੰਨਣੀਂ ਐਂ ਕਿ ਮੀਤੀ ਦੀ? ਉਹਨੂੰ ਮੈਂ ਪੈਸੇ ਭੇਜਦੈਂ ਜਾਂ ਮੀਤੀ? ਤੇ ਬਾਪੂ ਦੇ ਮਿੱਤਰ ਕੀ ਆਖਣਗੇ...? ਜਿਹਨਾਂ ਮੂਹਰੇ ਉਸ ਨੇ ਮੀਤੀ ਨਾਲ ਮੇਰਾ ਧੁਰ ਤੱਕ ਨਿਭਣ ਦਾ ਵਾਅਦਾ ਕੀਤਾ ਸੀ? ਉਸ ਵਾਅਦੇ ਦਾ ਕੀ ਬਣੂੰ? ਬਾਪੂ ਦੀ ਤਾਂ ਸੱਥ 'ਚ ਬੇਇੱਜ਼ਤੀ ਹੋਊ...! ਲੋਕ ਥੂਹ-ਥੂਹ ਕਰਨਗੇ! ਪਰ ਹਰਦੇਵ ਸਿਆਂ! ਸਭ ਮਿੱਤਰ ਦੋਸਤ, ਸਿਰ ਖੜ੍ਹੇ ਦੇ ਖ਼ਾਲਸੇ ਐ! ਚਾਰ ਬੋਤਲਾਂ ਦਾਰੂ ਦੀਆਂ ਤੇ ਚਾਰ ਮੁਰਗੇ, ਮਿੱਤਰ, ਦੋਸਤ ਜਾਂ ਵਾਅਦੇ ਤਾਂ ਕੁੱਕੜਾਂ ਦੀਆਂ ਟੰਗਾਂ 'ਚ ਈ ਮੂਧੇ ਵੱਜ ਜਾਣਗੇ! ਤੇਰੇ ਕੋਲ਼ੇ ਪੈਸੈ! ਤੂੰ ਦੇਖ ਤਾਂ ਸਹੀ ਰੰਗ ਪੈਸੇ ਦੇ...! ਕੌੜ ਕੁੱਤੇ ਨੂੰ ਵੀ ਮਾਸ ਦੀ ਬੋਟੀ ਅੱਗੇ ਸੁੱਟ ਦਿਓ, ਉਹ ਵੀ ਪੂਛ ਮਾਰਨ ਲੱਗ ਪੈਂਦੈ! ਪੈਸਾ ਕੀ ਨਹੀਂ ਕਰਦਾ...? ਨਾਲ਼ੇ ਬਾਪੂ ਦੇ ਮਿੱਤਰ ਤਾਂ ਹੈ ਹੀ ਕੌਲੀ ਚੱਟ! ਜਦੋਂ ਬੋਟੀ ਅੱਗੇ ਸੁੱਟੀ, ਪੈਰ ਚੱਟਣ ਲੱਗ ਜਾਣਗੇ! ਤੇ ਨਾਲ਼ੇ ਹਿਲਾਉਣਗੇ ਪੂਛ...! ਦੇਖ ਲਵੀਂ, ਜਦੋਂ ਦੋ ਦਿਨ ਖੁੱਲ੍ਹੀ ਡੁੱਲ੍ਹੀ ਦਾਰੂ ਤੇ ਸੈਂਖੀਆਂ ਦੀ ਬਾਟੀ ਵਰਤਾਈ, ਅਗਲੇ ਬੋਲੀ ਈ ਕੋਈ ਹੋਰ ਬੋਲਣ ਲੱਗ ਪੈਣਗੇ! ਜਿਵੇਂ ਤੋਤਾ ਬੰਦੇ ਕੋਲ਼ੇ ਰਹਿਕੇ "ਗੰਗਾ ਰਾਮ ਚੂਰੀ ਖਾਣੀ ਐਂ" ਰਟਣ ਲੱਗ ਪੈਂਦੈ! ਪੈਸਾ ਬੰਦੇ ਨੂੰ ਡਾਕੂ ਤੋਂ ਮੰਤਰੀ ਬਣਾ ਦੇਵੇ? ਤੂੰ ਗੱਲਾਂ ਕਾਹਦੀਆਂ ਸੋਚੀ ਜਾਨੈਂ...? ਦਿਲ ਕੱਢ ਤੇ ਇੰਡੀਆ ਤੋਂ ਕੋਈ ਲਵੀ ਜਿਹੀ ਨੱਢੀ ਵਿਆਹ ਕੇ ਲਿਆ...! ਐਸ਼ ਕਰ...! ਪੂਛ ਚੱਕ ਚੱਕ ਕੇ ਮੋਕ ਨਾ ਮਾਰ! ਤੂੰ ਜੱਟ ਦਾ ਪੁੱਤ ਐਂ...! ਇਹ ਜੁਆਨੀ ਚਾਰ ਦਿਹਾੜੇ ਐ! ਜਦੋਂ ਨਿਕਲ਼ ਗਈ, ਪਿੱਠ 'ਤੇ ਹੱਥ ਧਰ ਕੇ ਉਠਿਆ ਕਰੇਂਗਾ! ਜਿਵੇਂ ਠਰਕੀ ਬੰਦੇ ਬੋਲੀ ਪਾਉਂਦੇ ਹੁੰਦੇ ਐ, ਤੇਰੀ ਸਾਰ ਨਾ ਕਿਸੇ ਨੇ ਲੈਣੀ, ਬੁੱਢੀ ਹੋਈ ਤਰਸੇਂਗੀ...! ਕੁਛ ਕਰ...! ਮਸਾਲਿਆਂ 'ਚ ਤੇਲ ਈ ਨਾ ਫ਼ੂਕੀ ਜਾਹ! ਰੂੜੀਆਂ ਵਿਚ ਖੁਰ-ਵੱਢ ਹੀ ਨਾ ਕਰੀ ਚੱਲ!

----

ਉਸ ਦਾ ਮਨ ਅਤੇ ਜ਼ਮੀਰ ਉਸ ਨੂੰ ਹੁੱਝਾਂ ਮਾਰੀ ਜਾ ਰਹੇ ਸਨ!

ਹਰਦੇਵ ਨੇ ਬਾਪੂ ਨੂੰ ਵੀ ਮੀਤੀ ਦੇ ਖ਼ਿਲਾਫ਼ ਤੁੱਖਣਾਂ ਦੇਣੀ ਸ਼ੁਰੂ ਕਰ ਦਿੱਤੀਬਾਪੂ ਵੀ ਹਰਦੇਵ ਦੀ 'ਹਾਂ' ਵਿਚ ਹੀ ਹਾਂ ਮਿਲਾਉਣ ਲੱਗ ਪਿਆਪੈੜ ਵਿਚ ਪੈਰ ਧਰਨ ਲੱਗ ਪਿਆਬਾਪੂ ਦੀ ਤਾਂ ਉਹ ਗੱਲ ਹੋ ਗਈ ਸੀ ਕਿ ਮਜ੍ਹਬੀ ਜਾਣ ਲੱਗੇ ਬੀਕਾਨੇਰ ਨੂੰ ਮਕਾਣਬਠਿੰਡੇ ਤੋਂ ਉਹਨਾਂ ਨੇ ਰੇਲ ਗੱਡੀ 'ਤੇ ਜਾਣਾ ਸੀਜਦੋਂ ਜਾ ਕੇ ਦੇਖਿਆ, ਤਾਂ ਬੀਕਾਨੇਰ ਨੂੰ ਜਾਂਦੇ ਹੀ ਸਿਰਫ਼ ਦੋ ਡੱਬੇ ਸਨਦੋਨੋਂ ਡੱਬੇ ਸਵਾਰੀਆਂ ਨਾਲ਼ ਭਰੇ ਹੋਏ! ਤੇ ਇਕ ਅਣਜਾਣ ਜਿਹਾ ਮਜ੍ਹਬੀ ਵਿਚਾਰਾ ਡੱਬਿਆਂ ਦੇ ਜੋੜ 'ਤੇ ਜਾ ਕੇ, ਦੋਨੇਂ ਲੱਤਾਂ ਲਮਕਾ ਕੇ ਬੈਠ ਗਿਆਕਹਿੰਦਾ, ਆਜੋ...! ਜਗਾਹ ਬਥੇਰੀ ਐ...! ਬਾਪੂ ਨੇ ਤਾਂ ਪੁੱਤ ਦੀ ਹਮਾਇਤ ਹੀ ਕਰਨੀ ਸੀ? ਬਾਪੂ ਤਾਂ ਆਪ ਆਖਣ ਲੱਗ ਪਿਆ ਸੀ, ਤੂੰ ਚੁੱਪ ਕਰਕੇ ਸਾਡੇ ਕੋਲ਼ੇ ਆਜਾ! ਤੂੰ ਇਹਤੋਂ ਚਗਲ਼ ਤੋਂ ਕੀ ਲੈਣੈਂ? ਤੈਨੂੰ ਕੁੜੀਆਂ ਦਾ ਘਾਟੈ? ਕੁੜੀਆਂ ਦੀ 'ਲੈਣ' ਲਾ ਦਿਆਂਗੇ! ਤੇਰੀ ਪੱਕੀ ਮੋਹਰ ਲੱਗ ਈ ਗਈ ਐ! ਤੂੰ ਹੁਣ ਜਰੂਰੀ ਇਹਦੀਆਂ ਲਾਲ਼ਾਂ ਚੱਟਣੀਐਂ? ਬਾਪੂ ਦੀ ਗੱਲ ਸੁਣ ਕੇ ਹਰਦੇਵ ਸ਼ੇਰ ਹੋ ਗਿਆਉਹ ਤਾਂ ਜਿਹੜਾ ਮਾੜਾ ਮੋਟਾ ਡਰਦਾ ਸੀ, ਬਾਪੂ ਤੋਂ ਹੀ ਡਰਦਾ ਸੀ! ਹੁਣ ਉਸ ਨੂੰ ਕੋਈ ਡਰ-ਭੈਅ ਨਹੀਂ ਸੀ! ਕਿਸੇ ਨੂੰ ਡੱਕਾ ਦਬਾਲ਼ ਨਹੀਂ ਸੀ!

----

ਉਸ ਨੇ ਬਿਨਾ ਗੱਲੋਂ ਮੀਤੀ ਨਾਲ਼ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂਪੁਰਾਣੀਆਂ ਗੱਲਾਂ ਕਬਰਾਂ ਵਿਚੋਂ ਕੱਢ ਲਈਆਂ ਅਤੇ ਉਸ ਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ

-"ਜਦੋਂ ਤੂੰ ਕੰਮ 'ਤੇ ਜਾਂਦੀ ਸੀ? ਮੈਂ ਦਾਲ਼ ਸਬਜੀ ਬਣਾਉਂਦਾ ਸੀ ਕਿ ਨਹੀਂ ਸੀ ਬਣਾਉਂਦਾ?"

-"ਤੇ ਮੈਂ ਕਦੋਂ ਕਹਿੰਨੀ ਐਂ ਬਈ ਨਹੀਂ ਸੀ ਬਣਾਉਂਦੇ?" ਮੀਤੀ ਨਿਰਦੋਸ਼ ਸੀਉਸ ਨੇ ਤਾਂ ਕੁਝ ਕਿਹਾ ਹੀ ਨਹੀਂ ਸੀ

-"ਤੇ ਤੂੰ ਮੈਨੂੰ ਚੌਂਕੀਦਾਰ ਈ ਸਮਝਦੀ ਸੀ?" ਉਹ ਬਗੈਰ ਮਤਲਬ ਤੋਂ ਅੱਗਾ ਵਗਲ਼ਦਾ ਆ ਰਿਹਾ ਸੀ

-"ਮੈਂ ਤੁਹਾਨੂੰ ਕਿਹਾ ਵੀ ਕਦੋਂ ਸੀ ਕਿ ਦਾਲ਼ ਜਾਂ ਸਬਜ਼ੀ ਬਣਾਓ? ਉਹ ਤਾਂ ਤੁਸੀਂ ਆਪ ਈ, ਆਬਦੀ ਖ਼ੁਸ਼ੀ ਨਾਲ ਈ ਬਣਾਉਂਦੇ ਸੀ?"

-"ਤੇ ਤੂੰ ਕਹਿ ਨ੍ਹੀ ਸੀ ਸਕਦੀ ਬਈ ਇਹ ਕੰਮ ਨਾ ਕਰਿਆ ਕਰ? ਤੂੰ ਤਾਂ ਮੈਨੂੰ ਸਮਝ ਲਿਆ ਸੀ, ਸੇਵਾਦਾਰ!"

-"ਹੁਣ ਤੁਸੀਂ ਮੈਨੂੰ ਕਹਿਣਾ ਕੀ ਚਾਹੁੰਦੇ ਹੋ?" ਉਸ ਨੇ ਸਿੱਕੇ ਦਾ ਇਕ ਪਾਸਾ ਹੀ ਦੇਖਣਾ ਚਾਹਿਆਉਸ ਦੇ ਮਨ ਤੋਂ ਤਾਂ ਪਹਿਲੇ ਟੱਬਰ ਦਾ ਕਲੇਸ਼ ਨਹੀਂ ਉਤਰਿਆ ਸੀ? ਹੁਣ ਨਵਾਂ ਕਲੇਸ਼ ਮੱਲੋਮੱਲੀ ਉਸ ਦੇ ਸੱਪ ਬਣ ਗਲ਼ ਪੈ ਰਿਹਾ ਸੀ

-"ਮੈਂ ਚਾਹੁੰਨੈਂ ਤਲਾਕ!" ਉਸ ਨੇ ਇਕ ਵਿਚ ਹੀ ਨਬੇੜ ਧਰੀ

ਮੀਤੀ ਸਤੰਭ ਰਹਿ ਗਈਹਰਦੇਵ ਬਿਨਾ ਕਿਸੇ ਗਲਤੀ ਦੇ, ਬਿਨਾ ਕਿਸੇ ਕਾਰਨ ਦੇ ਤਲਾਕ ਮੰਗ ਰਿਹਾ ਸੀ?

-"ਮੈਂ ਤੁਹਾਨੂੰ ਕਹਿ ਵੀ ਕੀ ਦਿੱਤਾ? ਕੀ ਗਲਤੀ ਕਰ ਦਿੱਤੀ? ਜਿਸ ਕਰਕੇ ਤੁਸੀਂ ਤਲਾਕ ਮੰਗਦੇ ਹੋ?" ਉਸ ਨੇ ਗੱਲ ਹੱਥ ਵਿਚ ਲੈ ਕੇ ਸਾਂਭਣ ਦੀ ਕੋਸ਼ਿਸ਼ ਕੀਤੀ

-"ਤੂੰ ਮੈਨੂੰ ਕਹੇਂਗੀ ਵੀ ਕੀ...? ਹੈ ਹਿੰਮਤ ਕੁਛ ਆਖਣ ਦੀ? ਮੈਂ ਤੇਰੇ ਪਹਿਲੇ ਖਸਮ ਅਰਗਾ ਬੇਵਕੂਫ਼ ਨ੍ਹੀ! ਬਈ ਤੂੰ ਅੱਠ ਅੱਠ ਹਜ਼ਾਰ ਨੂੰ ਲਾਂਬੂ ਲਾਈ ਜਾਵੇਂਗੀ-ਤੇ ਮੈਂ ਬੁੱਤ ਬਣਿਆਂ ਦੇਖੀ ਜਾਊਂ! ਮੈਂ ਤਾਂ ਲਿਆਦੂੰ 'ਨ੍ਹੇਰੀ...!"

-"......।" ਮੀਤੀ ਦੇ ਮਨ ਵਿਚ ਆਇਆ ਕਿ ਹਰਦੇਵ ਨੂੰ ਕਿਸੇ ਨੇ ਮੇਰੀ ਪੁਰਾਣੀ ਗੱਲ ਦੱਸ ਦਿੱਤੀ ਹੈ ਅਤੇ ਹੋ ਸਕਦੈ ਇਸ ਨੂੰ ਇਹ ਗੱਲ ਮੇਰੇ ਪਹਿਲੇ ਪਤੀ ਨੇ ਹੀ ਦੱਸੀ ਹੋਵੇ...? ਬਿਲਡਰ ਦਾ ਕੰਮ ਹੀ, ਘਰ ਘਰ ਜਾ ਕੇ ਕੰਮ ਕਰਨਾ ਹੈ! ਨਿੱਤ ਨਵੀਂ ਦੁਨੀਆਂ ਮਿਲ਼ਦੀ ਹੈਸਦਾ ਦਿਵਾਲ਼ੀ ਸਾਧ ਦੀ ਤੇ ਚੋਰਾਂ ਦੀਆਂ ਰਾਤਾਂ! ਪਤਾ ਨਹੀਂ ਇਸ ਨੂੰ ਵੀ ਮੇਰਾ ਪਤੀ ਜਾਂ ਉਸ ਦੇ ਪ੍ਰੀਵਾਰ ਦਾ ਕੋਈ ਜੀਅ ਮਿਲ਼ ਪਿਆ ਹੋਵੇ? ਉਹ ਪ੍ਰੀਵਾਰ ਤਾਂ ਮੇਰੇ ਨਾਲ਼ ਪਹਿਲਾਂ ਹੀ ਰੰਜਿਸ਼ ਰੱਖਦਾ ਹੈ! ਉਸ ਪ੍ਰੀਵਾਰ ਨੇ ਮੇਰੇ ਨਾਲ਼ ਵਫ਼ਾ ਕਦੋਂ ਕੀਤੀ? ਉਸ ਪ੍ਰੀਵਾਰ ਨੇ ਤਾਂ ਆਪਣੀ ਪੁਰਾਣੀ ਖੁੰਧਕ ਕੱਢਣ ਵਾਸਤੇ ਇਕ ਦੀਆਂ ਸੌ ਜੋੜ ਕੇ ਦੱਸੀਆਂ ਹੋਣਗੀਆਂਪਰ ਮੀਤੀ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆਉਹ ਸੋਚ ਰਹੀ ਸੀ ਕਿ ਮੇਰਾ ਘਰ ਵਸਦਾ ਰਹਿ ਜਾਵੇ! ਉਹ ਮਾਨਸਿਕ ਤੌਰ 'ਤੇ ਕਿਸੇ ਨਾਲ਼ ਹੱਥ ਕੱਢ ਕੇ ਲੜਨ ਦੀ ਸਮਰੱਥਾ ਨਹੀਂ ਰੱਖਦੀ ਸੀਇਕ ਤਰ੍ਹਾਂ ਨਾਲ਼ ਮਾਨਸਿਕ ਤੌਰ 'ਤੇ ਨਿਰਬਲ ਸੀ! ਅਤੰਤ ਸੀ!

-"ਨਾ ਹੁਣ ਬੋਲਦੀ ਨ੍ਹੀ...? ਸੱਪ ਸੁੰਘ ਗਿਆ...? ਤੂੰ ਮੈਨੂੰ ਫ਼ੁੱਦੂ ਈ ਸਮਝਦੀ ਐਂ...? ਮੈਂ ਘਾਟ ਘਾਟ ਦਾ ਪਾਣੀ ਪੀਤੈ!" ਹਰਦੇਵ ਬੋਲਦਾ ਗਿਆਪਰ ਮੀਤੀ ਚੁੱਪ ਰਹੀਉਸ ਨੇ ਬੋਲ ਕੇ ਕਿਹੜਾ ਕੁਝ ਜਿੱਤਣਾ ਸੀ? ਬੋਲਣ ਵਿਚ ਫ਼ਾਇਦਾ ਹੀ ਕੀ ਸੀ? ਆਪਣੇ ਘਰੇ ਸਿਰਫ਼ ਅਤੇ ਸਿਰਫ਼ ਝੱਜੂ ਹੀ ਪੈਣਾ ਸੀ ਅਤੇ ਲੋਕਾਂ ਨੇ ਤਮਾਸ਼ਾ ਦੇਖਣਾ ਸੀਤਮਾਸ਼ਾ ਤਾਂ ਉਹ ਪਹਿਲਾਂ ਹੀ ਬਹੁਤ ਬਣ ਚੁੱਕੀ ਸੀਉਸ ਨੇ ਇਹ ਘੋਰ ਗ਼ਲਤੀ ਕਰ ਲਈ ਸੀ ਕਿ ਉਹ ਆਪਣੇ ਇਸ ਸਹੁਰਿਆਂ ਦੇ ਸ਼ਹਿਰ ਹੀ ਆ ਵਸੀ ਸੀ! ਪਰ ਜਾਂਦੀ ਵੀ ਕਿੱਥੇ? ਇੰਗਲੈਂਡ ਵਿਚ ਤਾਂ ਸਕੇ ਸੋਧਰੇ ਮੁੱਖ ਮੋੜ ਜਾਂਦੇ ਨੇ! ਇੱਥੇ ਤਾਂ ਕੋਈ ਮਰਦੇ ਦਾ ਹਾਲ ਚਾਲ ਪੁੱਛਣ ਨਹੀਂ ਆਉਂਦਾ! ਹੋਰ ਮੱਦਦ ਤਾਂ ਕਿਸੇ ਨੇ ਕੀ ਕਰਨੀ ਸੀ?

----

ਹਰਦੇਵ ਕਈ ਦਿਨ ਕਲੇਸ਼ ਕਰਦਾ ਰਿਹਾਮੀਤੀ ਚੁੱਪ ਹੀ ਰਹਿੰਦੀਲੜਨ ਦੀ ਉਸ ਵਿਚ ਹਿੰਮਤ ਨਹੀਂ ਸੀਹਰਦੇਵ ਇਸ ਗੱਲ ਤੋਂ ਖਿਝ ਗਿਆ ਕਿ ਮੀਤੀ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੀ ਸੀ? ਉਸ ਨੂੰ ਹੋਰ ਤਾਂ ਕੁਝ ਸੁੱਝਿਆ ਨਾ, ਉਸ ਨੇ ਕਿਸੇ ਵਕੀਲ ਰਾਹੀਂ ਤਲਾਕ ਦੇ ਕਾਗਜ਼ ਭਿਜਵਾ ਦਿੱਤੇ

ਮੀਤੀ ਦੀਆਂ ਸੱਤੇ ਮਾਰੀਆਂ ਗਈਆਂ ਕਿ ਹਰਦੇਵ ਤਾਂ ਵਾਕਿਆ ਹੀ ਤਲਾਕ ਲੈਣ ਲਈ ਮੁੱਠੀਆਂ ਵਿਚ ਥੁੱਕੀ ਫਿਰਦਾ ਸੀਮੀਤੀ ਨੇ ਬੈਠ ਕੇ ਫਿਰ ਹਰਦੇਵ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ

-"ਮੈਂ ਤੇਰੇ ਬੁੜ੍ਹੀ ਨਾਲ਼ ਰਹੂੰਗਾ...?" ਉਸ ਨੇ ਮੂੰਹ ਪਾੜ ਕੇ ਕਿਹਾ ਤਾਂ ਮੀਤੀ ਸੁੰਨ ਹੋ ਗਈ ਅਤੇ ਉਸ ਦੇ ਸਿਰ ਨੂੰ ਵੀ ਫ਼ਤੂਰ ਚੜ੍ਹ ਗਿਆਅਕਸਰ ਉਹ ਵੀ ਹੱਡ ਮਾਸ ਦੀ ਬਣੀ, ਇਕ ਇਨਸਾਨ ਸੀਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ ਸੀ?

-"ਤੁਸੀਂ ਉਦੋਂ ਮੇਰੇ ਨਾਲ਼ ਕਾਰਮਿਆਂ ਨ੍ਹੀਂ ਸੀ? ਬਈ ਮੈਂ ਅਖੀਰ ਤੱਕ ਤੇਰੇ ਨਾਲ਼ ਰਹੂੰਗਾ?"

-"ਸਮੇਂ ਸਮੇਂ ਦੀਆਂ ਗੱਲਾਂ ਹੁੰਦੀਐਂ, ਮੀਤੀ! ਬਿਨਾ ਜੁਆਕਾਂ ਦੇ, ਬੁੜ੍ਹਾਪਾ ਕਦੋਂ ਨਿਕਲ਼ਿਆ...?" ਹਰਦੇਵ ਵੀ ਕੁਝ ਸ਼ਾਂਤ ਹੋ ਗਿਆਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਮੀਤੀ ਇਹ ਗੱਲ ਉਖੜੀ ਕੁਹਾੜੀ ਵਾਂਗ ਉਸ ਦੇ ਕਪਾਲ਼ 'ਚ ਮਾਰੇਗੀ? ਪਰ ਸਤਿਆ ਅਤੇ ਦੁਖੀ ਬੰਦਾ ਵੀ ਅਕਸਰ ਕੀ ਕਰੇ?

-"ਤੁਹਾਡੇ ਨਾਲ਼ ਤੇ ਬਾਪੂ ਜੀ ਨਾਲ਼ ਮੈਂ ਬੈਠ ਕੇ, ਤਾਂ ਹੀ ਸਿੱਧੀ ਸਪੱਸ਼ਟ ਗੱਲ ਕੀਤੀ ਸੀ ਕਿ ਕੱਲ੍ਹ ਨੂੰ ਮੈਨੂੰ ਕੋਈ ਬਾਂਝ ਹੋਣ ਦਾ ਮਿਹਣਾ ਨਾ ਮਾਰੇ-ਤੇ ਉਹ ਹੀ ਗੱਲ ਮੇਰੇ ਸਾਹਮਣੇ ਆ ਗਈ! ਮੈਨੂੰ ਤਾਂ ਇੰਗਲੈਂਡ ਦੇ ਸਰਾਪੇ ਪਾਣੀ ਦਾ ਪਹਿਲਾਂ ਹੀ ਪਤਾ ਸੀ-ਵਿਆਹ ਮੈਂ ਇਸੇ ਕਰਕੇ ਈ ਨ੍ਹੀ ਕਰਵਾਉਂਦੀ ਸੀ-ਬਈ ਕੱਲ੍ਹ ਨੂੰ ਇਹ ਗੱਲਾਂ ਫਿਰ ਮੇਰੇ ਸਾਹਮਣੇ ਸੱਪ ਬਣ ਬਣ ਡਿੱਗਣਗੀਆਂ-ਜੇ ਮੈਂ ਕੋਈ ਲਕੋ ਰੱਖਿਆ ਸੀ-ਕੋਈ ਗੱਲ ਤੁਹਾਡੇ ਤੋਂ, ਜਾਂ ਬਾਪੂ ਜੀ ਤੋਂ ਛੁਪਾਈ ਸੀ-ਤਾਂ ਤੁਸੀਂ ਮੇਰੀ ਝੋਲ਼ੀ 'ਚ ਪਾਓ! ਦੱਸੀ ਸੀ ਨ੍ਹਾ ਸਾਰੀ ਗੱਲ ਥੋਨੂੰ ਮੈਂ ਖੋਲ੍ਹ ਕੇ...?"

-"......।" ਹਰਦੇਵ ਦੀ ਬੋਲਤੀ ਬੰਦ ਹੋ ਗਈਝੂਠਾ ਬੰਦਾ ਬੋਲੇ ਤਾਂ ਕੀ ਬੋਲੇ? ਸਾਰੀਆਂ ਗੱਲਾਂ ਮੀਤੀ ਨੇ ਚਾਦਰ ਵਾਂਗ ਤਾਂ ਅੱਗੇ ਵਿਛਾਅ ਧਰੀਆਂ ਸਨਹੁਣ ਹਰਦੇਵ ਮੀਤੀ ਨੂੰ ਕਿਸੇ ਗੱਲੋਂ ਵੀ ਝੂਠੀ ਸਾਬਤ ਨਹੀਂ ਕਰ ਸਕਦਾ ਸੀ

-"ਹੁਣ ਸਿਰਫ਼ ਤੇ ਸਿਰਫ਼ ਗੱਲ ਇਹ ਐ, ਹਰਦੇਵ! ਬਈ ਤੁਹਾਡੀ ਲੱਗ ਗਈ ਐ ਪੱਕੀ ਮੋਹਰ! ਹੁਣ ਤੁਹਾਨੂੰ ਮੈਂ ਬੁੜ੍ਹੀ ਤੇ ਹੋਰ ਪਤਾ ਨ੍ਹੀ ਹੋਰ ਕੀ ਕੀ ਲੱਗਣ ਲੱਗ ਪਈ? ਬਾਂਝ ਤਾਂ ਮੈਂ ਪਹਿਲਾਂ ਹੀ ਸੀ! ਇਸ ਵਿਚ ਤੁਹਾਡਾ ਕਸੂਰ ਕੋਈ ਨਹੀਂ! ਇਹ ਕਸੂਰ ਸਰਾਸਰ ਵਲੈਤ ਦੀ ਧਰਤੀ, ਤੇ ਐਥੋਂ ਦੇ ਪਾਣੀ ਦਾ ਐ! ਇਸ 'ਚ ਨਾ ਕਸੂਰ ਥੋਡਾ ਤੇ ਨਾ ਕਸੂਰ ਮੇਰਾ।" ਮੀਤੀ ਹਾਉਕਾ ਭਰ ਕੇ ਚੁੱਪ ਹੋ ਗਈ

-"......।" ਹਰਦੇਵ ਵੀ ਚੁੱਪ ਸੀ

-"ਹੁਣ ਮੇਰੇ ਮਨ 'ਤੇ ਐਨਾ ਬੋਝ ਜਾਂ ਦੁੱਖ ਨਹੀਂ-ਜਿੰਨਾ ਮੈਨੂੰ ਜਿਉਂਦੇ ਪਿਉ ਵੇਲੇ ਸੀ-ਮੈਂ ਸੋਚਦੀ ਸੀ ਬਈ ਜੇ ਆਹ ਗੱਲ ਹੋ ਗਈ-ਜੇ ਆਹ ਗੱਲ ਸੁਣ ਲਈ-ਬਾਪੂ ਜੀ ਦਾ ਦਿਲ ਦੁਖੀ ਹੋਊ! ਪਰ ਮੇਰਾ ਹੁਣ ਹੈ ਵੀ ਕੌਣ...? ਜਿਹੜਾ ਮੇਰੀ ਗੱਲ ਸੁਣ ਕੇ ਦੁਖੀ ਹੋਊ? ਕੋਈ ਵੀ ਤਾਂ ਨਹੀਂ...! ਮਾਸੀ ਐ ਬਿਚਾਰੀ-ਉਹਨੂੰ ਮੇਰੇ ਬਾਰੇ ਪਤਾ ਈ ਐ ਬਈ ਮੈਂ ਜਿਸ ਦਿਨ ਮਰਨੈਂ-ਭੁੱਜ ਕੇ ਈ ਮਰਨੈਂ! ਉਹਦੀ ਮੈਨੂੰ ਕੋਈ ਚਿੰਤਾ ਨਹੀਂ-ਅਗਰ ਤੁਸੀਂ ਮੇਰੇ ਕੋਲ਼ੋਂ ਤਲਾਕ ਚਾਹੁੰਦੇ ਹੀ ਹੋ-ਤਾਂ ਮੈਂ ਐਹਨਾਂ ਕਾਗਜ਼ਾਂ 'ਤੇ ਦਸਖ਼ਤ ਕਰ ਦਿੰਨੀ ਐਂ-ਪਰ ਇਕ ਗੱਲ ਯਾਦ ਰੱਖਿਓ...! ਕਿਸੇ ਦੁਖੀ ਨੂੰ ਬਿਨਾ ਗੱਲੋਂ ਦੁਖੀ ਕਰਨ ਵਾਲ਼ਾ-ਇਕ ਦਿਨ ਆਪ ਉਸ ਰਾਹ 'ਤੇ ਆ ਖੜ੍ਹਦੈ! ਬੰਦਾ ਦੁਨਿਆਵੀ ਅਦਾਲਤ ਤੋਂ ਬਚ ਜਾਵੇ-ਸੌ ਵਾਰੀ ਬਚ ਜਾਵੇ! ਪਰ ਔਸ ਰੱਬ ਦੀ ਅਦਾਲਤ ਵੱਲੋਂ ਕਦੇ ਨ੍ਹੀ ਬਚਦਾ-ਬੰਦੇ ਨੂੰ ਰੱਬ 'ਤੇ ਮੌਤ ਨੂੰ ਜਰੂਰ ਯਾਦ ਰੱਖਣਾ ਚਾਹੀਦੈ! ਅਜੇ ਤਾਂ ਮੌਤ ਆਉਂਦੀ ਹੀ ਚੁੱਪ ਚਾਪ ਐ-ਚੁੱਪ ਚਾਪ ਆਉਂਦੀ ਕਰਕੇ ਵੀ ਲੋਕ ਚੀਕਦੇ ਐ-ਜੇ ਕਿਤੇ ਗਰਜਦੀ ਆਵੇ-ਪਤਾ ਨਹੀਂ ਲੋਕ ਕੀ ਕਰਨ?" ਮੀਤੀ ਨੇ ਹਰਦੇਵ ਦੇ ਵਕੀਲ ਵੱਲੋਂ ਭੇਜੇ ਹੋਏ ਤਲਾਕ ਦੇ ਕਾਗਜ਼ਾਂ 'ਤੇ ਬਿਨਾ ਕਿਸੇ ਝਿਜਕ ਦੇ ਦਸਤਖ਼ਤ ਕਰ ਦਿੱਤੇ

ਹਰਦੇਵ ਚੁੱਪ ਚਾਪ ਕੰਮ 'ਤੇ ਚਲਾ ਗਿਆ

ਉਸ ਨੇ ਕਾਗਜ਼ ਵੀ ਨਾ ਚੁੱਕੇ

----

ਮੀਤੀ ਵੀ ਸੱਚੀਆਂ ਗੱਲਾਂ ਆਖ ਕੇ ਹੌਲ਼ੀ ਹੋ ਗਈ ਸੀਉਹ ਕਿੰਨੇ ਸਾਲਾਂ ਤੋਂ ਕਦੇ ਕਿਸੇ ਨਾਲ਼ ਨਹੀਂ ਬੋਲੀ ਸੀਕਦੇ ਕਿਸੇ ਦੀ ਮੰਦੀ ਗੱਲ ਦਾ ਵੀ ਉਤਰ ਨਹੀਂ ਦਿੱਤਾ ਸੀਕਦੇ ਆਪਣੇ ਦਿਲ 'ਤੇ ਜੰਮੀ ਦੁੱਖ ਦੀ ਜਿਲਬ ਨਹੀਂ ਲਾਹੀ ਸੀਜਿਹੜਾ, ਜੋ ਕੁਝ ਬੋਲ ਗਿਆ ਸੀ, ਉਸ ਨੇ 'ਸਤਿ' ਕਰਕੇ ਮੰਨ ਲਿਆ ਸੀਕਦੇ ਕਿਸੇ ਨੂੰ ਉਲਟਾ ਕੇ ਮਿਹਣਾ ਨਹੀਂ ਦਿੱਤਾ ਸੀਪਰ ਅੱਜ ਉਸ ਨੇ ਤਰਦੀਆਂ ਤਰਦੀਆਂ ਗੱਲਾਂ ਹਰਦੇਵ ਨੂੰ ਸੁਣਾ ਦਿੱਤੀਆਂ ਸਨਗੱਲਾਂ ਸੱਚੀਆਂ ਹੀ ਤਾਂ ਸਨ! ਇਸ ਵਿਚ ਝੂਠ ਵੀ ਕੀ ਸੀ? ਸਾਰਾ ਕੁਝ ਤਾਂ ਮੀਤੀ ਨੇ ਹਰਦੇਵ ਨਾਲ਼ ਵਿਆਹ ਤੋਂ ਪਹਿਲਾਂ ਖੋਲ੍ਹ ਲਿਆ ਸੀਸੱਚਾ ਬ੍ਰਿਤਾਂਤ ਸੁਣਾ ਧਰਿਆ ਸੀਜੇ ਅੱਜ ਹਰਦੇਵ ਬਿਨਾ ਕਿਸੇ ਗੱਲੋਂ ਉਸ ਨੂੰ ਤਲਾਕ ਦੇ ਰਿਹਾ ਸੀ, ਤਾਂ ਇਸ ਵਿਚ ਮੀਤੀ ਦਾ ਕੋਈ ਕਸੂਰ ਨਹੀਂ ਸੀਜਦੋਂ ਕਿਸੇ ਦੇ ਨਾ ਵਸਣਾ ਹੋਵੇ, ਤਾਂ ਚੰਗੇ ਭਲੇ ਖਾਂਦੇ ਬੰਦੇ ਦੀ ਦਾਹੜੀ ਹਿੱਲਣ ਲੱਗ ਪੈਂਦੀ ਹੈ!

*********

ਸਤਾਰ੍ਹਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।


No comments: