Sunday, May 10, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ – 15

ਮਹੀਨੇ ਕੁ ਬਾਅਦ ਹਰਦੇਵ ਨੂੰ ਫ਼ਰਮ ਦੀ ਚਿੱਠੀ ਆ ਗਈ

ਹਰਦੇਵ ਲਈ ਉਹਨਾਂ ਕੋਲ਼ ਸਿਰਫ਼ ਕ੍ਰਿਸਮਿਸ ਕੈਯੂਅਲ ਜੌਬ ਸੀ! ਉਹ ਵੀ ਸਿਰਫ਼ ਤਿੰਨ ਹਫ਼ਤਿਆਂ ਲਈਉਸ ਨੇ ਮੀਤੀ ਨਾਲ਼ ਸਲਾਹ ਕੀਤੀਮੀਤੀ ਨੇ ਉਸ ਨੂੰ ਕੰਮ 'ਤੇ ਜਾਣ ਦੀ ਸਲਾਹ ਦਿੱਤੀਉਸ ਨੇ ਸੋਚਿਆ ਕਿ ਹਰਦੇਵ ਘਰ ਵੀ ਕੀ ਕਰਦਾ ਹੈ? ਸਾਰੀ ਦਿਹਾੜੀ ਬੰਦਾ ਘਰੇ ਬੈਠਾ ਵੀ ਬੋਰ ਹੋ ਜਾਂਦਾ ਹੈਵੀਹ ਸੋਚਾਂ ਸੋਚਦਾ ਹੈਵਿਹਲਾ ਮਨ ਸ਼ੈਤਾਨ ਦਾ ਘਰ! ਚਲੋ ਤਿੰਨ ਹਫ਼ਤੇ ਹੀ ਕੰਮ ਕਰੇਗਾ, ਕੁਛ ਨਾ ਕੁਛ ਘਰੇ ਆਵੇਗਾ ਹੀ! ਨਾਲੇ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਜਾਵੇਗਾਬਾਪੂ ਜਾਗਰ ਸਿੰਘ ਨੂੰ ਚਾਰ ਪੈਸੇ ਭੇਜ ਦੇਵੇਗਾਉਸ ਦੀ ਕਬੀਲਦਾਰੀ ਹੌਲ਼ੀ ਹੋਵੇਗੀਹੋਰ ਨਹੀਂ ਤਾਂ ਤਿੰਨ ਹਫ਼ਤੇ ਹੀ ਸਹੀ! ਹੋ ਸਕਦੈ ਕਿ ਉਹ ਹਰਦੇਵ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸ ਨੂੰ ਕੋਈ ਪੱਕੀ ਜੌਬ ਹੀ ਦੇ ਦੇਣ? ਬੰਦੇ ਨੂੰ ਆਸ ਬੱਝੀ ਰਹਿੰਦੀ ਹੈ

ਹਰਦੇਵ ਕੰਮ 'ਤੇ ਜਾਣ ਲੱਗ ਪਿਆ

ਫਰਮ ਇੱਕੋ ਹੀ ਸੀਪਰ ਉਹ ਮੀਤੀ ਵਾਲ਼ੀ ਇਮਾਰਤ ਛੱਡ, ਦੂਜੀ ਇਮਾਰਤ ਵਿਚ ਕੰਮ ਕਰਦਾ ਸੀਕੰਮ ਕੋਈ ਬਹੁਤਾ ਭਾਰਾ ਨਹੀਂ ਸੀਪਰ ਤੇਜ਼ੀ ਵਾਲ਼ਾ ਜ਼ਰੂਰ ਸੀਹਰਦੇਵ ਕੰਮ ਦੇ ਗੇੜੇ ਖੁਆਈ ਰੱਖਦਾਪੂਰੇ ਤਿੰਨ ਹਫ਼ਤੇ ਉਸ ਨੇ ਬਗੈਰ ਛੁੱਟੀ ਤੋਂ ਦੇਹ ਤੋੜ ਕੇ ਕੰਮ ਕੀਤਾਨਿਗਰਾਨ ਗੋਰਾ ਹਰਦੇਵ 'ਤੇ ਅਥਾਹ ਖ਼ੁਸ਼ ਸੀਨਹੀਂ ਤਾਂ ਇੰਗਲੈਂਡ ਦੇ ਗੋਰੇ ਦੇਸੀਆਂ ਨੂੰ ਦੇਖ ਕੇ ਸੜ ਬਲ਼ ਜਾਂਦੇ ਨੇਉਹ ਵੀ ਉਦੋਂ, ਜਦੋਂ ਦੇਸੀ ਭਾਈ ਉਹਨਾਂ ਤੋਂ ਅੱਗੇ ਲੰਘਦਾ ਹੋਵੇ! ਪਰ ਸੁਪਰਵਾਈਜ਼ਰ ਗੋਰਾ ਜੌਨ ਉਸ 'ਤੇ ਬਾਗੋਬਾਗ ਸੀਹਰਦੇਵ ਮਾੜੀ ਮੋਟੀ ਅੰਗਰੇਜ਼ੀ ਸਮਝਦਾ ਸੀਬਹੁਤੀ ਅੰਗਰੇਜ਼ੀ ਦੀ ਉਸ ਨੂੰ ਲੋੜ ਨਹੀਂ ਸੀਬੱਸ, ਉਹ ਹਮਕੋ-ਤੁਮਕੋ ਕਰ ਕੇ ਆਪਣੀ ਗੱਡੀ ਰੋੜ੍ਹੀ ਫਿਰਦਾ! ਗੋਰਾ ਸੁਪਰਵਾਈਜ਼ਰ ਜੌਨ ਵੀ ਉਸ ਦੀ 'ਯੈੱਸ-ਨੋਅ' ਸਮਝਣ ਲੱਗ ਪਿਆ ਸੀਹਰਦੇਵ ਵੀ ਜੌਨ ਦੀ ਨਬਜ਼ ਪਛਾਨਣ ਲੱਗ ਪਿਆ ਸੀਦੋਨੋਂ ਧੂੜ 'ਚ ਟੱਟੂ ਰਲ਼ਾਈ ਰੱਖਦੇਹਰਦੇਵ ਉਸ ਨੂੰ ਚਾਹ ਜਾਂ ਕੌਫ਼ੀ ਲਿਆ ਫੜਾਉਂਦਾਜੌਨ 'ਥੈਂਕਯੂ-ਥੈਂਕਯੂ' ਕਰਦਾ ਉਸ ਨੂੰ ਥਾਪੀਆਂ ਦਿੰਦਾ ਰਹਿੰਦਾ! ਜਿੱਤ ਦੇ ਅੰਗੂਠੇ ਦਿਖਾਉਂਦਾ ਰਹਿੰਦਾ

----

ਕਰ੍ਰਿਸਮਿਸ ਬੀਤ ਗਈ

ਨਵਾਂ ਸਾਲ ਲੰਘ ਗਿਆ

ਜਦ ਤਿੰਨ ਹਫ਼ਤੇ ਪੂਰੇ ਹੋ ਗਏ ਤਾਂ ਹਰਦੇਵ ਨੇ ਇਕ ਦਿਨ ਮੀਤੀ ਨੂੰ ਨਾਲ਼ ਲਿਜਾ ਕੇ ਗੋਰੇ ਸੁਪਰਵਾਈਜ਼ਰ ਜੌਨ ਨਾਲ਼ ਗੱਲ ਕੀਤੀਜੌਨ ਹਰਦੇਵ ਦੇ ਕੰਮ ਤੋਂ ਤਾਂ ਪੂਰਾ ਸੰਤੁਸ਼ਟ ਸੀ, ਖ਼ੁਸ਼ ਸੀਪਰ ਅੱਗੇ ਜੌਬ ਦੇਣ ਜਾਂ ਦਿਵਾਉਣ ਲਈ ਉਹ ਅਸਮਰੱਥ ਸੀਉਸ ਨੇ ਮੀਤੀ ਨਾਲ਼ ਵਾਅਦਾ ਕੀਤਾ ਕਿ ਉਹ ਆਪਣੇ ਮੈਨੇਜਰ ਨਾਲ਼ ਗੱਲ ਕਰੇਗਾਪਰ ਮੈਨੇਜਰ ਕੋਲ ਕੋਈ ਜੌਬ ਖਾਲੀ ਨਹੀਂ ਸੀਛੁੱਟੀਆਂ ਤੋਂ ਬਾਅਦ ਫਰਮ ਦੇ ਸਾਰੇ ਪੁਰਾਣੇ ਕਾਮੇ ਆਪੋ ਆਪਣੇ ਕੰਮਾਂ 'ਤੇ ਆ ਚੁੱਕੇ ਸਨਉਹ ਕਿਸ ਨੂੰ ਕੰਮ ਤੋਂ ਕੱਢਦਾ?

ਹਰਦੇਵ ਹਫ਼ਤਾ ਵਿਹਲਾ ਰਿਹਾਪਰ ਉਹ ਜੌਨ ਕੋਲ਼ ਹਰ ਰੋਜ ਵਾਂਗ ਹੀ ਗੇੜਾ ਮਾਰਦਾਉਸ ਨੂੰ ਕੌਫ਼ੀ ਪਿਆਉਂਦਾ'ਯੂ-ਮੀ' ਕਰਦਾ ਅਤੇ ਮੁੜ ਆਉਂਦਾਇਕ ਦਿਨ ਜੌਨ ਨੇ ਉਸ ਤੋਂ ਉਸ ਦਾ ਫ਼ੋਨ ਨੰਬਰ ਅਤੇ ਐਡਰੈਸ ਮੰਗ ਲਿਆਜੋ ਹਰਦੇਵ ਨੇ ਲਿਖ ਦਿੱਤਾਤੀਜੇ ਕੁ ਦਿਨ ਜੌਨ ਸ਼ਾਮ ਨੂੰ ਹਰਦੇਵ ਦੇ ਘਰ ਹੀ ਆ ਵੱਜਿਆਉਸ ਦੇ ਨਾਲ਼ ਇਕ ਹੋਰ ਗੋਰਾ ਸੀ

----

ਹਰਦੇਵ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀਪਰ ਮੀਤੀ ਬੇਸਮੈਂਟ ਵਿਚ ਰਹਿਣ ਕਾਰਨ ਸ਼ਰਮ ਖਾ ਗਈਮੀਤੀ ਦੇ ਮਨ ਅਨੁਸਾਰ ਬੇਸਮੈਂਟ ਵਿਚ ਰਹਿਣ ਵਾਲਿਆਂ ਨੂੰ ਇੱਥੋਂ ਦੀ ਦੁਨੀਆਂ ਬਹੁਤੇ ਇੱਜ਼ਤਦਾਰ ਨਹੀਂ ਸਮਝਦੀ ਸੀਪਰ ਇਹ ਭਰਮ ਦੇਸੀ ਹੀ ਪਾਲ਼ਦੇ ਨੇ! ਗੋਰਿਆਂ ਦੇ ਮਨ ਵਿਚ ਕੋਈ ਸ਼ਰਮ ਜਾਂ ਭਰਮ ਨਹੀਂ! ਗੋਰੇ ਫ਼ੋਕੀ ਸ਼ੁਹਰਤ ਵਿਚ ਵਿਸ਼ਵਾਸ ਨਹੀਂ ਰੱਖਦੇਉਹ ਤਾਂ ਜੋ ਹਨ, ਉਸ ਵਿਚ ਹੀ ਸੰਤੁਸ਼ਟੀ ਮਹਿਸੂਸ ਕਰਦੇ ਹਨਤਸੱਲੀ ਮੰਨਦੇ ਹਨਪਰ ਆਪਣੇ ਦੇਸੀ ਪ੍ਰੀਵਾਰ ਘਰ ਫ਼ੂਕ ਕੇ ਤਮਾਸ਼ਾ ਦੇਖਣ ਦੇ ਸ਼ੌਕੀਨ ਹਨਕੁੱਲੀ 'ਚ ਚਾਹੇ ਕੱਖ ਨਾ ਰਹੇਪਰ ਰਹਿਣਾ ਠਾਠ ਨਾਲ਼ ਹੈ! ਸਿਰਫ਼ ਦਿਖਾਵੇ ਦੀ ਠਾਠ! ਹਰਦੇਵ ਦੋਨੋਂ ਗੋਰਿਆਂ ਲਈ ਫਰਿੱਜ 'ਚੋਂ ਬੀਅਰਾਂ ਦੇ ਡੱਬੇ ਕੱਢ ਲਿਆਇਆ

----

ਜੌਨ ਨੇ ਮੀਤੀ ਨਾਲ਼ ਗੱਲ ਕੀਤੀ ਅਤੇ ਆਪਣੇ ਮਿੱਤਰ ਦੀ ਜਾਣ ਪਹਿਚਾਣ 'ਮਾਈਕਲ' ਆਖ ਕੇ ਕਰਵਾਈਉਸ ਨੇ ਇਹ ਵੀ ਦੱਸਿਆ ਕਿ ਮਾਈਕਲ ਮੇਰਾ ਮਿੱਤਰ ਹੈਇਹ ਆਪ ਬੜਾ ਵਧੀਆ ਬਿਲਡਰ ਹੈ ਅਤੇ ਇਸ ਦੀ ਆਪਣੀ ਹੀ ਨਿੱਕੀ ਜਿਹੀ ਫ਼ਰਮ ਹੈਅਗਰ ਹਰਦੇਵ ਮਾਈਕਲ ਨਾਲ਼ ਕੰਮ ਕਰਨਾ ਚਾਹੇ, ਤਾਂ ਉਹ ਹਰਦੇਵ ਨੂੰ ਬਿਲਡਰ ਦਾ ਕੰਮ ਸਿਖਾ ਵੀ ਦੇਵੇਗਾ ਅਤੇ ਸਮਾਂ ਪਾ ਕੇ ਹਰਦੇਵ ਆਪਣਾ ਕੰਮ ਆਪ ਕਰਨ ਲੱਗ ਜਾਵੇਗਾਜੇ ਜੇਬ ਨੇ ਇਜਾਜ਼ਤ ਦਿੱਤੀ ਤਾਂ ਆਪਣਾ ਕੰਮ ਵੀ ਖੋਲ੍ਹ ਸਕਦਾ ਹੈਜੌਨ ਨੇ ਇਹ ਵੀ ਆਖਿਆ ਕਿ ਉਹ ਹਰਦੇਵ ਦੇ ਕੰਮ ਤੋਂ ਬਹੁਤ ਹੀ ਪ੍ਰਭਾਵਿਤ ਹੈਉਸ ਨੂੰ ਅਫ਼ਸੋਸ ਹੈ ਕਿ ਉਹ ਉਸ ਨੂੰ ਆਪਣੀ ਫ਼ਰਮ ਵਿਚ ਕੰਮ ਦਿਵਾਉਣ ਵਿਚ ਸਫ਼ਲ ਨਹੀਂ ਹੋ ਸਕਿਆਕਿਉਂਕਿ ਫਰਮ ਵਿਚ ਕੋਈ ਜਗਾਹ ਹੀ ਖਾਲੀ ਨਹੀਂਪਰ ਉਸ ਨੇ ਹਰਦੇਵ ਦੀ ਮੱਦਦ ਲਈ ਆਪਣੇ ਦੋਸਤ ਮਾਈਕਲ ਨਾਲ਼ ਗੱਲ ਕੀਤੀ ਕਿ ਹਰਦੇਵ ਬੜਾ ਲਾਇਕ ਮੁੰਡਾ ਹੈਇਮਾਨਦਾਰ ਕਾਮਾ ਹੈਅਗਰ ਉਹ ਇਸ ਦੀ ਮੱਦਦ ਕਰ ਸਕੇ, ਤਾਂ ਹਰਦੇਵ ਦੀ ਜ਼ਿੰਮੇਵਾਰੀ ਉਹ ਆਪ ਚੁੱਕਦਾ ਹੈ

----

ਖ਼ੈਰ! ਹਰਦੇਵ ਮਾਈਕਲ ਨਾਲ਼ ਕੰਮ 'ਤੇ ਜਾਣ ਲੱਗ ਪਿਆਮਾਈਕਲ ਉਸ ਨੂੰ ਪੱਚੀ ਪੌਂਡ ਦਿਹਾੜੀ ਦੇ ਦਿੰਦਾ ਸੀਮਾਈਕਲ ਉਸ ਨੂੰ ਸਵੇਰੇ ਸੱਤ ਵਜੇ ਘਰੋਂ ਆਪਣੀ ਕਾਰ 'ਤੇ ਚੁੱਕਦਾ ਅਤੇ ਸ਼ਾਮ ਨੂੰ ਛੇ ਕੁ ਵਜੇ ਘਰ ਕੋਲ਼ ਹੀ ਉਤਾਰ ਦਿੰਦਾਕੰਮ ਨੂੰ ਹਰਦੇਵ 'ਨ੍ਹੇਰੀ ਸੀਜਿਹੜਾ ਕੰਮ ਵੀ ਮਾਈਕਲ ਦੱਸਦਾ, ਉਹ ਕੀਤਾ ਹੀ ਪਿਆ ਹੁੰਦਾ

ਹੁਣ ਮਾਈਕਲ ਨੇ ਹਰਦੇਵ ਨੂੰ ਬਿਲਡਰ ਦੇ ਸਾਰੇ ਢੰਗ ਤਰੀਕੇ ਸਿਖਾਉਣੇ ਸ਼ੁਰੂ ਕਰ ਦਿੱਤੇਬਿਲਡਰ ਦੇ ਕੰਮ ਦੀਆਂ ਬਰੀਕੀਆਂ ਸਮਝਾਉਣੀਆਂ ਸ਼ੁਰੂ ਕਰ ਦਿੱਤੀਆਂਮਾਈਕਲ ਹਰਦੇਵ ਨੂੰ ਦੇਸੀ ਬੰਦਾ ਨਹੀਂ, ਆਪਣੇ ਸਕੇ ਭਰਾ ਵਾਂਗ ਸਮਝਦਾ ਸੀਉਹ ਇਕੱਠੇ 'ਬਰੇਕ' ਅਤੇ ਇਕੱਠੇ ਹੀ 'ਲੰਚ' ਕਰਦੇਕਦੇ ਕਦੇ ਮਾਈਕਲ ਹਰਦੇਵ ਨੂੰ ਕਿਸੇ ਪੱਬ ਵਿਚ ਲੈ ਜਾਂਦਾਉਹ ਸ਼ਾਮ ਦਾ ਖਾਣਾ ਵੀ ਉਥੇ ਹੀ ਖਾਂਦੇਮਾਈਕਲ ਹਰਦੇਵ ਨੂੰ ਪਿਆਰ ਨਾਲ਼ "ਡੇਵ" ਹੀ ਦੱਸਦਾ

ਹੁਣ ਤਾਂ ਮਾਈਕਲ ਕਦੇ ਕਦੇ ਸਾਰਾ ਕੰਮ ਇਕੱਲੇ ਹਰਦੇਵ ਦੇ ਸਿਰ 'ਤੇ ਛੱਡ ਕੇ ਆਪ ਛੁੱਟੀਆਂ ਮਨਾਉਣ ਚਲਾ ਜਾਂਦਾਪੰਜ ਕੁ ਬੰਦੇ ਮਾਈਕਲ ਕੋਲ਼ ਕੰਮ ਕਰਦੇ ਸਨਜਾਂ ਫਿਰ ਮਾਈਕਲ ਸਵੇਰੇ ਬੰਦਿਆਂ ਨੂੰ ਕੰਮ 'ਤੇ ਲਾ ਕੇ ਆਪ ਪ੍ਰੀਵਾਰ ਨਾਲ਼ 'ਪਿਕਨਿਕ' 'ਤੇ ਤੁਰ ਜਾਦਾਆਪਣੇ ਘਰਵਾਲ਼ੀ ਅਤੇ ਬੱਚਿਆਂ ਨਾਲ਼ ਘੁੰਮਦਾ ਫਿਰਦਾਹਰਦੇਵ ਦੇ ਸਿਰ 'ਤੇ ਪਿੱਛੇ ਕੰਮ ਦਾ ਉਸ ਨੂੰ ਕੋਈ ਫਿ਼ਕਰ ਨਾ ਰਹਿੰਦਾਹੁਣ ਤਾਂ ਹਰਦੇਵ ਐਸਟੀਮੇਟ ਵੀ ਲਾਉਣ ਸਿੱਖ ਗਿਆ ਸੀ ਅਤੇ ਸਰਵੇ ਵੀ ਕਰ, ਕਰਵਾ ਲੈਂਦਾਗੱਲ ਕੀ? ਮਾਈਕਲ ਦੀ ਮਿਹਰਬਾਨੀ ਸਦਕਾ ਹੁਣ ਹਰਦੇਵ ਇਕ ਵਧੀਆ ਅਸਿੱਸਟੈਂਟ ਬਿਲਡਰ ਬਣ ਗਿਆ ਸੀ!

----

ਆਪਣੀ ਲੋੜ ਤੋਂ ਵੀ ਵੱਧ ਅੰਗਰੇਜ਼ੀ ਹਰਦੇਵ ਦੀ ਪਕੜ ਵਿਚ ਆ ਚੁੱਕੀ ਸੀਕਿਉਂਕਿ ਉਹ ਰਹਿੰਦਾ ਹਮੇਸ਼ਾ ਗੋਰੇ ਮਾਈਕਲ ਨਾਲ਼ ਸੀਹੁਣ ਹਰਦੇਵ ਅਤੇ ਮਾਈਕਲ ਨੇ ਦੋ-ਦੋ ਕੰਮ ਲੈਣੇ ਸ਼ੁਰੂ ਕਰ ਦਿੱਤੇ ਅਤੇ ਪੰਜ ਨਵੇਂ ਬੰਦੇ ਹੋਰ ਰੱਖ ਲਏਇਕ ਕੰਮ ਦੀ ਨਿਗਰਾਨੀ ਹਰਦੇਵ ਕਰਦਾ ਅਤੇ ਦੂਜੇ ਕੰਮ ਦੀ ਮਾਈਕਲ! ਉਹਨਾਂ ਦਾ ਢਾਂਚਾ ਹੁਣ ਰੁੜ੍ਹਿਆ ਨਹੀਂ, ਹੁਣ ਤਾਂ ਇਕ ਤਰ੍ਹਾਂ ਨਾਲ਼ ਛੱਤਣੀਂ ਚੜ੍ਹ ਗਿਆ ਸੀ

ਹਰਦੇਵ ਨੂੰ ਹੁਣ ਤਿੰਨ-ਤਿੰਨ ਹਜ਼ਾਰ ਪੌਂਡ ਮਹੀਨੇ ਦਾ ਬਣਨ ਲੱਗ ਪਿਆਹੁਣ ਉਹ ਦੇਸੀ ਮੁੰਡਿਆਂ ਨਾਲ਼ ਵੀ ਅੱਧੀ ਅੰਗਰੇਜ਼ੀ ਬੋਲਦਾਉਹਨਾਂ ਨੂੰ ਭਾਸ਼ਾ 'ਕਵਰ' ਕਰਨ ਲਈ ਪ੍ਰੇਰਦਾਪੈਂਦੀ ਸੱਟੇ ਉਸ ਨੇ ਛੇ ਹਜ਼ਾਰ ਪੌਂਡ ਬਾਪੂ ਨੂੰ ਭੇਜ ਦਿੱਤਾਮੀਤੀ ਨੂੰ ਨਾ ਤਾਂ ਉਸ ਨੇ ਦੱਸਿਆ ਸੀ ਅਤੇ ਨਾ ਹੀ ਦੱਸਣ ਦੀ ਲੋੜ ਸਮਝੀ ਸੀਜਦ ਮੀਤੀ ਨੂੰ ਪਤਾ ਲੱਗਿਆ ਕਿ ਹਰਦੇਵ ਨੇ ਮੈਨੂੰ ਦੱਸੇ ਬਗੈਰ ਬਾਪੂ ਜੀ ਨੂੰ ਛੇ ਹਜ਼ਾਰ ਪੌਂਡ ਭੇਜਿਆ ਹੈ, ਤਾਂ ਉਸ ਨੇ ਠੰਢੇ ਜਿਹੇ ਸੁਭਾਅ ਨਾਲ਼ ਸਿਰਫ਼ ਇਤਨਾ ਹੀ ਕਿਹਾ ਕਿ ਮੈਂ ਕਿਹੜਾ ਤੁਹਾਨੂੰ ਪੈਸੇ ਭੇਜਣ ਤੋਂ ਰੋਕਦੀ ਸੀ? ਮੈਨੂੰ ਦੱਸ ਤਾਂ ਦਿੰਦੇ? ਆਫ਼ਟਰ ਆਲ, ਫਿਰ ਵੀ ਮੈਂ ਤੁਹਾਡੀ ਪਤਨੀ ਹਾਂ! ਪਰ ਹਰਦੇਵ ਨਹੀਂ ਬੋਲਿਆ ਸੀਉਹ ਸਿ਼ਵ ਜੀ ਮਹਾਰਾਜ ਦੀ ਮੂਰਤੀ ਵਾਂਗ ਅਹਿਲ, ਖ਼ਾਮੋਸ਼ ਹੀ ਬੈਠਾ ਰਿਹਾ ਸੀਉਸ ਦੀ ਮੱਟਰ ਖ਼ਾਮੋਸ਼ੀ ਮੀਤੀ ਨੂੰ ਰੋੜ ਵਾਂਗ ਰੜਕੀਫਿਰ ਵੀ ਉਹ ਉਸ ਦੀ ਔਰਤ ਸੀ! ਪਰ ਮੀਤੀ ਚੁੱਪ ਰਹੀਫਿਰ ਵੀ ਉਸ ਨੇ ਕੋਈ ਮੰਦਾ-ਚੰਗਾ ਬਚਨ ਹਰਦੇਵ ਨੂੰ ਨਾ ਬੋਲਿਆ

----

ਮੀਤੀ ਤਾਂ ਸੋਚਦੀ ਸੀ ਕਿ ਹੁਣ ਹਰਦੇਵ ਵੀ ਚੰਗਾ ਕੰਮ ਕਰਨ ਲੱਗ ਪਿਆ ਹੈਮੇਰੇ ਕੋਲ਼ ਵੀ ਬੈਂਕ ਵਿਚ ਪੈਸੇ ਪਏ ਹਨਹੁਣ ਅਸੀਂ ਆਪਣਾ ਕੋਈ ਦੋ ਬੈੱਡ ਰੂਮ ਦਾ ਮਕਾਨ ਲੈ ਲਵਾਂਗੇਦਸ ਪਰਸੈਂਟ ਡਿਪੌਜ਼ਟ ਦੇ ਦਿਆਂਗੇ, ਮੇਰੀ ਤਨਖ਼ਾਹ ਖਾਣ ਪੀਣ ਉਪਰ ਖਰਚੀ ਜਾਇਆ ਕਰੂ ਅਤੇ ਹਰਦੇਵ ਮੌਰਗੇਜ ਭਰ ਦਿਆ ਕਰੇਗਾਘੱਟੋ ਘੱਟ ਆਪਣਾ ਮਕਾਨ ਤਾਂ ਹੋਵੇਗਾ! ਵਾਧੂ ਕਿਰਾਇਆਂ 'ਤੇ ਵੀ ਪੈਸੇ ਪੱਟੀ ਹੀ ਜਾਨੇ ਐਂ? ਜੇ ਸੌ, ਦੋ ਸੌ ਪੌਂਡ ਵਿਚ ਹੋਰ ਪਾ ਕੇ ਮਹੀਨੇ ਦੀ ਮੌਰਗੇਜ ਭਰ ਦਿਆ ਕਰੀਏ? ਤਾਂ ਮਕਾਨ ਤਾਂ ਆਪਦਾ ਹੋਵੇਗਾ? ਕਿਸੇ ਮਕਾਨ ਮਾਲਕ ਦੀ ਸਿਰ ਦਰਦੀ ਨਹੀਂ! ਅਸੀਂ ਦੋ ਜੀਅ ਹਾਂ, ਸਾਡਾ ਖਰਚਾ ਵੀ ਕੀ ਐ? ਆਪ ਦਾ ਮਕਾਨ ਹੋਵੇ, ਬੰਦਾ ਜਿਵੇਂ ਮਰਜ਼ੀ ਐ, ਆਪਦੀ ਨੀਂਦ ਸੌਂਵੇਂਜਿਵੇਂ ਮਰਜ਼ੀ ਐ ਉਠੇ! ਨਹੀਂ ਤਾਂ ਮਕਾਨ ਮਾਲਕਾਂ ਦੇ ਰੰਘੜਊ ਹੀ ਲੋਟ ਨਹੀਂ ਆਉਂਦੇ! ਹੁਣ ਤਾਂ ਹਰਦੇਵ ਮੈਥੋਂ ਵੀ ਤਿੱਗਣੀਂ ਕਮਾਈ ਕਰਦਾ ਹੈ

----

ਮੀਤੀ ਨੂੰ ਇਕ ਦਿਨ ਅਚਾਨਕ ਪਿੰਡੋਂ ਅਤਿ ਭੈੜ੍ਹੀ ਖ਼ਬਰ ਆਈਮੀਤੀ ਦਾ ਬਾਪ ਜਗਤ ਸਿੰਘ ਸੁਰਗਵਾਸ ਹੋ ਗਿਆ ਸੀ! ਮਨਹੂਸ ਖ਼ਬਰ ਨੇ ਕਾਲ਼ਜਾ ਕੱਢ ਲਿਆਉਸ ਦੇ ਹੱਥ ਵਿਚ ਫੜਿਆ ਫ਼ੋਨ ਕੰਬੀ ਜਾ ਰਿਹਾ ਸੀਉਸ ਨੇ ਹਰਦੇਵ ਨੂੰ ਫ਼ੋਨ ਕੀਤਾਹਰਦੇਵ 'ਬਿਜ਼ੀ' ਸੀਸ਼ਾਮ ਤੱਕ ਆ ਨਹੀਂ ਸਕਦਾ ਸੀਉਸ ਨੇ ਸਿਰਫ਼ ਐਨਾ ਹੀ ਕਿਹਾ ਸੀ ਕਿ ਤੂੰ ਟਿਕਟ ਕਰਵਾ ਕੇ ਇੰਡੀਆ ਨੂੰ ਚਲੀ ਜਾਹ! ਜੇ ਹੁਣ ਨਹੀਂ ਟਿਕਟ ਮਿਲ਼ਦੀ ਤਾਂ ਭੋਗ 'ਤੇ ਜਾ ਆਵੀਂ! ਬੱਸ, ਹੋਰ ਕੁਝ ਨਹੀਂ!

ਹਰਦੇਵ ਦੀਆਂ ਗੱਲਾਂ ਤੋਂ ਮੀਤੀ ਨੂੰ ਇਹ ਹੀ ਮਹਿਸੂਸ ਹੋਇਆ ਸੀ ਕਿ ਹਰਦੇਵ ਨੂੰ ਉਸ ਦੇ ਬਾਪ ਮਰੇ ਦਾ ਕੋਈ ਦੁੱਖ ਦਰਦ ਨਹੀਂ ਸੀਦੁੱਖ ਬੁਰੇ ਪ੍ਰਦੇਸਾਂ ਦੇ! ਬੰਦਾ ਦਿਲ ਫਰੋਲ਼ੇ ਤਾਂ ਕੀਹਦੇ ਕੋਲ਼ ਫਰੋਲ਼ੇ? ਉਸ ਨੇ ਫ਼ੋਨ ਕਰ ਕੇ ਸਿਰਫ਼ ਇਤਨਾ ਆਖ ਦਿੱਤਾ ਕਿ ਬਾਪੂ ਦਾ ਸਸਕਾਰ ਕਰ ਦਿਓਮੈਂ ਭੋਗ 'ਤੇ ਹੀ ਆਵਾਂਗੀ! ਪਰ ਮੀਤੀ ਦੀਆਂ ਅੱਖਾਂ ਅੱਗੇ ਬਾਪੂ ਦਾ ਚਿਹਰਾ ਵਾਰ ਵਾਰ ਆ ਖੜ੍ਹਦਾ ਸੀ, ਬਾਪੂ ਉਂਗਲ਼ ਚੁੱਕ ਕੇ, ਤਾਹਨੇ ਮਿਹਣੇ ਮਾਰਦਾ ਸੀ! ਬੱਸ, ਸਸਕਾਰ 'ਤੇ ਵੀ ਨਹੀਂ ਆ ਸਕਦੀ...? ਇਕੋ ਇਕ ਧੀ ਐਂ ਤੂੰ ਮੇਰੀ...! ਜੇ ਤੇਰੇ ਇਕ ਅੱਧਾ ਵੀਰ ਹੁੰਦਾ, ਤਾਂ ਉਹ ਮੇਰੇ ਸਸਕਾਰ 'ਤੇ ਨਾ ਆਉਂਦਾ...? ਧੀਆਂ ਧਨ ਬਿਗਾਨਾ ਹੁੰਦੀਐਂ...! ਤੂੰ ਬਿਗਾਨਾ ਧਨ ਹੀ ਰਹੀ ਨ੍ਹਾਂ...? ਜੇ ਤੂੰ ਮੇਰੀ ਧੀ ਹੁੰਦੀ, ਕਦੇ ਨਾ ਅਟਕਦੀ, ਪਟੱਕ ਦੇਣੇ ਆ ਵੱਜਦੀ...! ਤੇਰੇ ਕੋਈ ਵੱਸ ਨਹੀਂ ਧੀਏ...! ਧੀਆਂ ਵਾਕਿਆ ਹੀ ਬਿਗਾਨਾ ਧਨ...! ਲੋਕ ਕਿਤੇ ਝੂਠੇ ਐ...? ਲੋਕ ਸੱਚੇ ਈ ਐ ਪੁੱਤ, ਮੀਤਿਆ...! ਅੱਗੇ ਤੂੰ ਮਰੀ ਮਾਂ ਦਾ ਮੂੰਹ ਨਹੀਂ ਦੇਖਿਆ ਸੀ, ਜੇ ਹੁਣ ਮੇਰਾ ਨਹੀਂ ਦੇਖੇਂਗੀ, ਤਾਂ ਕੀ ਲੋਹੜਾ ਆ ਜਾਊ...? ਕੋਈ ਨਾ ਪੁੱਤ...! ਬਾਪੂ ਨੇ ਤੈਨੂੰ ਮੁਆਫ਼ ਕੀਤਾ...! ਜਾਹ ਮੁਆਫ਼ ਕੀਤਾ, ਮੀਤਿਆ...! ਬਾਪੂ ਜਿਵੇਂ ਮੀਤੀ ਨੂੰ ਮਿਹਣੇ ਨਹੀਂ, ਕੋਰੜੇ ਮਾਰ ਰਿਹਾ ਸੀ!

----

ਮੀਤੀ ਨੇ ਫ਼ੌਰਨ ਫ਼ੋਨ ਕਰਕੇ ਆਖ ਦਿੱਤਾ ਕਿ ਉਹ ਤੁਰੰਤ ਆ ਰਹੀ ਹੈਮੇਰੇ ਬਿਨਾ ਬਾਪੂ ਦਾ ਸਸਕਾਰ ਨਾ ਕੀਤਾ ਜਾਵੇ! ਉਹ ਤਾਂ ਬਾਪੂ ਦੀ ਸਾਰੀ ਜ਼ਿੰਦਗੀ ਦੇਣਦਾਰ ਰਹੇਗੀਚਾਹੇ ਬਾਪੂ ਗਰੀਬ ਹੀ ਸੀਪਰ ਜਿੰਨਾਂ ਕੁ ਉਸ ਵਿਚਾਰੇ ਦੇ ਵੱਸ ਸੀ, ਉਸ ਨੇ ਕਦੇ ਮੇਰਾ ਢਿੱਲਾ ਮੂੰਹ ਨਹੀਂ ਦੇਖਿਆ ਸੀਜੇ ਮੇਰੀ ਕਿਸਮਤ ਹੀ ਮਾੜੀ ਸੀ, ਬਾਪੂ ਵਿਚਾਰਾ ਕੀ ਕਰਦਾ?

ਦੇਰ ਰਾਤ ਗਈ ਤੋਂ ਹਰਦੇਵ ਆਇਆਉਸ ਨੇ ਦਾਰੂ ਪੀਤੀ ਹੋਈ ਸੀਉਸ ਨੇ ਮੀਤੀ ਨਾਲ਼ ਮਾੜਾ ਮੋਟਾ ਬਾਪੂ ਦਾ ਅਫ਼ਸੋਸ ਕੀਤਾ ਅਤੇ ਰੋਟੀ ਖਾ ਕੇ ਸੌਂ ਗਿਆਨਾ ਹੀ ਉਸ ਨੇ ਮੀਤੀ ਦੇ ਇੰਡੀਆ ਜਾਣ ਬਾਰੇ ਪੁੱਛਿਆ ਅਤੇ ਨਾ ਹੀ ਮੀਤੀ ਨੇ ਕੁਛ ਦੱਸਿਆਦੱਸਦੀ ਵੀ ਕੀ? ਪੁੱਛਣ ਵਾਲ਼ਾ ਹੀ ਬੇਪ੍ਰਵਾਹ ਸੀ! ਦੁਖ-ਸੁਖ ਵੀ ਬੰਦਾ ਉਸ ਦੇ ਨਾਲ਼ ਹੀ ਕਰਦੈ, ਜਿਹੜਾ ਸੁਣਨ ਅਤੇ ਦੁੱਖ ਵੰਡਾਉਣ ਵਾਲ਼ਾ ਹੋਵੇ? ਕੱਟੇ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ?

----

ਸਵੇਰੇ ਜਦੋਂ ਹਰਦੇਵ ਉਠਿਆਂ ਤਾਂ ਮੀਤੀ ਨੇ ਉਸ ਨੂੰ ਇੰਡੀਆ ਜਾਣ ਬਾਰੇ ਦੱਸਿਆ ਕਿ ਉਹ ਬਾਪੂ ਦੇ ਸਸਕਾਰ 'ਤੇ ਜਾ ਰਹੀ ਹੈਪਰ ਹਰਦੇਵ ਦੇ ਮਨ 'ਤੇ ਬਹੁਤਾ ਕੋਈ ਅਸਰ ਨਹੀਂ ਹੋਇਆਉਹ ਗੂੰਗਿਆਂ ਵਾਂਗ ਸੁਣਦਾ ਰਿਹਾ ਅਤੇ ਬੋਲਿ਼ਆਂ ਵਾਂਗ ਅਣਸੁਣਿਆਂ ਕਰ ਕੇ ਹੀ ਕੰਮ 'ਤੇ ਚਲਾ ਗਿਆਮੀਤੀ ਦੁਖੀ ਤਾਂ ਪਹਿਲਾਂ ਹੀ ਸੀਪਰ ਉਹ ਹਰਦੇਵ ਦੇ ਜਾਣ ਤੋਂ ਬਾਅਦ ਬੈਠ ਕੇ, ਰੱਜ ਕੇ ਰੋਈਉਸ ਨੇ ਦਿਲ ਦੀ ਅਗਲੀ ਪਿਛਲੀ ਸਾਰੀ ਭੜ੍ਹਾਸ ਕੱਢ ਲਈਚੁੱਪ ਅੱਖਾਂ ਵਿਚ ਪਾਣੀ ਦਾ ਹੜ੍ਹ ਪਤਾ ਨਹੀਂ ਕਿੱਧਰੋਂ ਆ ਗਿਆ ਸੀ...? ਪਤਾ ਨਹੀਂ ਉਹ ਕਿਸ ਨੂੰ ਰੋਈ ਸੀ...? ਆਪਣੀ ਜਨਮ ਦੇਣ ਵਾਲ਼ੀ ਅਤੇ ਕਈ ਸਾਲ ਪਹਿਲਾਂ

ਗੁਜਰੀ ਮਾਂ ਨੂੰ...? ਜਾਂ ਹੁਣ ਮਰੇ ਬਾਪੂ ਨੂੰ...?

ਫਲਾਈਟ ਉਸ ਦੀ ਦੁਪਿਹਰ ਦੀ ਸੀ

ਮਾਸੀ ਦੇ ਮੁੰਡੇ ਨੇ ਮੀਤੀ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਆਉਣਾ ਸੀ

----

ਬਾਪੂ ਦਾ ਸਸਕਾਰ ਕਰਕੇ ਅਤੇ ਬਾਪੂ ਦੇ ਨਵਿਰਤ ਸਧਾਰਣ ਪਾਠ ਦਾ ਭੋਗ ਪੁਆ ਕੇ ਮੀਤੀ ਮੁੜ ਆਈਹਰਦੇਵ ਉਸ ਨੂੰ ਏਅਰਪੋਰਟ ਤੋਂ ਲੈਣ ਵੀ ਨਾ ਗਿਆਉਹ ਆਪ ਹੀ ਟੈਕਸੀ ਕਰ ਕੇ ਘਰੇ ਆ ਗਈ ਸੀਰਾਤ ਨੂੰ ਜਦੋਂ ਹਰਦੇਵ ਘਰ ਆਇਆ ਤਾਂ ਉਸ ਨੇ ਫਿਰ ਵੀ ਕੁਝ ਨਾ ਪੁੱਛਿਆਪਤਾ ਨਹੀਂ ਉਹ ਮੀਤੀ 'ਤੇ ਕਿਸ ਗੱਲ ਤੋਂ ਖ਼ਫ਼ਾ ਸੀ? ਇਸ ਦੀ ਮੀਤੀ ਨੂੰ ਹੁਣ ਤੱਕ ਸਮਝ ਨਹੀਂ ਆਈ ਸੀਪੈਸਾ ਅਤੇ ਪੁੱਛਗਿੱਛ ਬੰਦੇ ਦਾ ਦਿਮਾਗ ਖ਼ਤਮ ਕਰ ਦਿੰਦੀ ਹੈ

ਹਰਦੇਵ ਬਾਪੂ ਨੂੰ ਸਾਰੇ ਮਹੀਨੇ ਦੀ ਕਮਾਈ ਭਾਰਤ ਭੇਜ ਛੱਡਦਾਉਸ ਨੇ ਬਾਪੂ ਦੇ ਘਰ 'ਤੇ ਖ਼ੁਸ਼ਹਾਲੀ ਲੈ ਆਂਦੀ ਸੀਉਦਾਸ ਬਨੇਰਿਆਂ 'ਤੇ ਘਿਉ ਦੇ ਦੀਵੇ ਜਗਣ ਲੱਗ ਪਏ ਸਨਹੁਣ ਕੱਚਾ ਕੋਠੜਾ ਕੋਠੀ ਬਣਦਾ ਜਾ ਰਿਹਾ ਸੀਮਿੱਟੀ ਦੇ ਤੇਲ ਦੇ ਲੈਂਪਾਂ ਦੀ ਜਗਾਹ ਭਾਂਤ ਭਾਂਤ ਦੇ ਬੱਲਬਾਂ ਅਤੇ ਟਿਊਬਾਂ ਨੇ ਲੈ ਲਈ ਸੀਲੱਕੜ ਦਾ ਵੱਡਾ ਗੇਟ ਲੱਗ ਗਿਆ ਸੀਦੋ ਪਾਸੀਂ ਪੱਕੀਆਂ ਖੁਰਲੀਆਂ ਬਣ ਗਈਆਂ ਸਨਇਕ ਪਾਸੇ ਬਲਦਾਂ ਦੀਆਂ ਖੁਰਲੀਆਂ ਅਤੇ ਦੂਜੇ ਪਾਸੇ ਮੱਝਾਂ ਦੀਆਂ!

----

ਹਰ ਮਹੀਨੇ ਬਾਪੂ ਨੂੰ ਦੋ ਲੱਖ ਰੁਪਈਆ ਘਰੇ ਆ ਡਿੱਗਦਾਹੁਣ ਤਾਂ ਬਾਪੂ ਤੋਂ ਪਿੰਡ ਦਾ ਸਰਪੰਚ ਵੀ ਪੁੱਛ ਕੇ ਗੱਲ ਕਰਦਾ ਸੀਹੁਣ ਉਸ ਨੂੰ ਕੋਈ 'ਉਏ ਜਾਗਰਾ" ਆਖ ਕੇ ਅਵਾਜ਼ ਨਹੀਂ ਮਾਰਦਾ ਸੀਸਗੋਂ ਹੁਣ ਉਸ ਦੇ ਨਾਂ ਅੱਗੇ "ਸਰਦਾਰ" ਲੱਗ ਗਿਆ ਸੀਪਿੰਡ ਦਾ ਹਰ ਬੰਦਾ "ਸਰਦਾਰ ਜਾਗਰ ਸਿੰਘ" ਆਖ ਕੇ ਗੱਲ ਕਰਦਾ ਸੀਬਾਪੂ 'ਰੂੜੀ ਮਾਰਕਾ' ਤੋਂ ਵਿਸਕੀ 'ਤੇ ਆ ਗਿਆ ਸੀਪਿੰਡ ਵਿਚ ਉਸ ਦਾ ਵਿਆਜੂ ਪੈਸਾ ਚੱਲਦਾ ਸੀਜਿਹਨਾਂ ਆੜ੍ਹਤੀਆਂ ਤੋਂ ਕਦੇ ਉਸ ਨੂੰ ਉਧਾਰਾ ਪੈਸਾ ਨਹੀਂ ਮਿਲ਼ਦਾ ਸੀਹੁਣ ਉਹ ਆੜ੍ਹਤੀਏ ਵੀ ਉਸ ਮਗਰ ਲ੍ਹੇਲੜੀਆਂ ਲੈਂਦੇ ਫਿਰਦੇ ਸਨਬਾਪੂ ਦੀ ਪੂਣੀਂ ਵਰਗੀ ਮੁੱਛ ਹੁਣ ਡੰਡੇ ਵਾਂਗ ਆਕੜੀ ਰਹਿੰਦੀ! ਮਾਵੇ ਵਾਲ਼ੀ ਪੱਗ ਦਾ ਤੁਰਲ੍ਹਾ ਗਿੱਧਾ ਪਾਉਂਦਾਉਸ ਦੀ ਮੂਲ਼ੀ ਵਰਗੀ ਧੌਣ ਹੁਣ ਬੋਹੜ ਦੇ ਮੁੱਛ ਵਾਂਗ ਨਿੱਸਰ ਗਈ ਸੀਗੰਨੇ ਵਰਗੀਆਂ ਲੱਤਾਂ ਗੱਡੇ ਦੀ ਸਧਵਾਈ ਵਰਗੀਆਂ ਹੋ ਗਈਆਂ ਸਨਮੁੰਡਾ ਇੰਗਲੈਂਡ ਭੇਜਿਆ ਉਸ ਨੂੰ ਰਾਸ ਆ ਗਿਆ ਸੀਹੁਣ ਉਸ ਦੇ ਬੱਚਿਆਂ ਨੂੰ ਤਕੜੇ ਤਕੜੇ ਘਰਾਂ ਦੇ ਰਿਸ਼ਤੇ ਆ ਰਹੇ ਸਨਜਾਗਰ ਤਾਂ ਵੀਹੀ ਵਿਚ ਫ਼ੈਲਰ ਫ਼ੈਲਰ ਕੇ ਤੁਰਦਾ ਸੀਉਸ ਦਾ ਚਾਦਰਾ ਧਰਤੀ ਸੁੰਭਰਦਾ ਸੀ! ਮਾਇਆ ਦੇ ਰੰਗ ਸਨ

----

ਮੀਤੀ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀਹਰਦੇਵ ਬਰਾਬਰ ਪਿਆ ਸਾਰੀ ਰਾਤ ਘੁਰਾੜ੍ਹਿਆਂ ਦੀ ਚੱਕੀ ਪੀਸਦਾ ਰਹਿੰਦਾ ਸੀਮੀਤੀ ਹਰਦੇਵ ਦੇ ਦਿਨੋਂ ਦਿਨ ਬਦਲਦੇ ਜਾ ਰਹੇ ਹਾਲਾਤਾਂ ਅਤੇ ਸੁਭਾਅ ਨੂੰ ਕਈ ਦਿਨਾਂ ਤੋਂ ਤਾੜ ਰਹੀ ਸੀਉਹ ਉਸ ਨਾਲ਼ ਸਿੱਧੇ ਮੂੰਹ ਗੱਲ ਨਾ ਕਰਦਾਕੋਈ ਦਿਲ ਦੀ ਗੱਲ ਸਾਂਝੀ ਨਹੀਂ ਕਰਦਾ ਸੀਬੱਸ, ਉਹ ਚੁੱਪ ਗੜੁੱਪ ਜਿਹਾ ਹੀ ਘਰੇ ਆਉਂਦਾ ਅਤੇ ਰੋਟੀ ਖਾ ਕੇ ਸੌਣ ਚਲਿਆ ਜਾਂਦਾਪਤੀ ਪਤਨੀ ਵਾਲ਼ਾ ਤਾਂ ਜਿਵੇਂ ਉਹਨਾਂ ਦਾ ਕੋਈ ਨਾਤਾ ਹੀ ਨਹੀਂ ਰਹਿ ਗਿਆ ਸੀਮੀਤੀ ਨਾ ਚਾਹੁੰਦਿਆਂ ਹੋਇਆਂ ਵੀ ਹਰਦੇਵ ਨਾਲ਼ ਛੇੜ ਛਾੜ ਕਰਦੀਪਰ ਹਰਦੇਵ ਸਿਲ਼ ਪੱਥਰ ਹੋਇਆ ਪਿਆ ਰਹਿੰਦਾਆਖਰ ਉਹ ਨਿਰਾਸ਼ ਹੋ ਕੇ ਪੈ ਜਾਂਦੀ ਅਤੇ ਸਾਰੀ ਰਾਤ ਉਸ ਦੀ ਪਲਸੇਟੇ ਮਾਰਦੀ ਦੀ ਲੰਘ ਜਾਂਦੀ

**********
ਪੰਦਰ੍ਹਵਾਂ ਕਾਂਡ ਸਮਾਪਤ - ਅਗਲੇ ਦੀ ਉਡੀਕ ਕਰੋ!

No comments: