Saturday, May 2, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਕਾਂਡ 14

ਜਦ ਹਰਦੇਵ ਲੰਡਨ ਵਾਲੀ ਪਾਰਕ ਵਿਚ ਪਹੁੰਚਿਆ ਤਾਂ ਅੱਜ ਫਿਰ ਪੂਰੀ ਗਹਿਮਾ-ਗਹਿਮੀ ਸੀਸੋਹਣਾ ਮੌਸਮ ਸੀਫ਼ੌਜੀ, ਸੁੱਖਾ ਘੈਂਟ, ਸੈਦੋ ਵਾਲਾ ਭਲਵਾਨ ਬਸੰਤ, ਬਾਬਾ ਅਜਮੇਰ ਅਤੇ ਕਾਮਰੇਡ ਮੁਛੈਹਰਾ ਸਿੰਘ ਅੱਜ ਸੁਸਤ ਜਿਹੇ ਹੀ ਧੁੱਪ ਸੇਕ ਰਹੇ ਸਨਕਾਮਰੇਡ ਦਾ ਨਾਂ ਤਾਂ ਪਿਸ਼ੌਰਾ ਸਿੰਘ ਸੀਪਰ ਵੱਡੀਆਂ ਵੱਡੀਆਂ ਮੁੱਛਾਂ ਹੋਣ ਕਾਰਨ ਸਾਰੇ ਦੇਸੀ ਭਾਈਬੰਦ ਕਾਮਰੇਡ ਨੂੰ "ਮੁਛੈਹਰਾ ਸਿੰਘ" ਹੀ ਦੱਸਦੇਕਿਸੇ ਨੇ ਕੋਈ ਕੜਕਵੀਂ, ਕਰਾਰੀ ਗੱਲ ਨਹੀਂ ਸੁਣਾਈ ਸੀ, ਜਿਸ ਕਰ ਕੇ ਮਿੱਤਰਾਂ ਦੀ ਮਹਿਫ਼ਲ ਕੁਝ ਬੇਰੰਗੀ ਜਿਹੀ ਹੀ ਸੀ! ਹਰਦੇਵ ਵੀ ਚੁੱਪ ਚਾਪ ਹੀ ਬੈਠਾ ਸੀ

-"ਕਾਮਰੇਟਾ ਤੂੰ ਗਲਾਸੀ ਤਾਂ ਛੱਡਤੀ-ਪਰ ਕਦੇ ਬੀਰ੍ਹ ਛੀਰ੍ਹ ਤਾਂ ਮਾਰ ਲਿਆ ਕਰ....!" ਆਖਰ ਸੁੱਖੇ ਘੈਂਟ ਨੇ ਮਹਿਫ਼ਲ ਦੀ ਸੁਸਤੀ ਤੋੜੀਹੱਥ ਵਿਚ ਉਸ ਨੇ ਬੀਅਰ ਦਾ ਡੱਬਾ ਹੈਂਡ-ਗਰਨੇਡ ਵਾਂਗ ਫੜਿਆ ਹੋਇਆ ਸੀ

-"ਬਥੇਰੀ ਪੀਤੀ ਸੁੱਖਿਆ, ਛੋਟੇ ਭਾਈ! ਕੋਈ ਕਸਰ ਨ੍ਹੀ ਛੱਡੀ! ਮੈਨੂੰ ਤਾਂ ਪਿੰਡ ਵੀ ਗੁਆਂਢੀ ਗੱਡੇ 'ਤੇ ਲੱਦ ਕੇ ਲਿਆਉਂਦੇ ਹੁੰਦੇ ਸੀ-ਪਰ ਜਦੋਂ ਦਾ ਡਾਕਟਰ ਨੇ ਮਨ੍ਹਾਂ ਕੀਤੈ-ਮੈਂ ਹੱਥ ਨ੍ਹੀ ਲਾਇਆ! ਬੀਅਰ ਪੀ ਤਾਂ ਲਈਦੀ ਐ-ਪਰ ਤੰਗ ਬਹੁਤ ਕਰਦੀ ਐ ਸਾਲੀ-ਮੇਰੀ ਤਾਂ ਸ਼ੂਗਰ ਈ ਬਹੁਤ ਵਧ ਜਾਂਦੀ ਐ।"

-"ਮਾੜਾ ਢੱਗਾ ਛੱਤੀ ਰੋਗ! ਪਹਿਲਾਂ ਆਲ਼ੀ ਪੀਤੀ ਹੁਣ ਨਿਕਲਦੀ ਐ ਕਾਮਰੇਡਾ!" ਬਾਬੇ ਅਜਮੇਰ ਨੇ ਵਿਅੰਗ ਕੀਤਾ

-"ਕਾਮਰੇਟਾ, ਥੋਡੇ ਰੂਸ ਆਲ਼ੇ ਤਾਂ ਕਹਿੰਦੇ ਨਾਸ਼ਤਾ ਵੀ ਵੋਦਕੇ ਨਾਲ ਈ ਕਰਦੇ ਸੀ?" ਸੈਦੋ ਵਾਲੇ ਭਲਵਾਨ ਨੇ ਕਾਮਰੇਡ ਨੂੰ ਬਲ਼ਦ ਵਾਂਗ 'ਆਰ' ਲਾਈ

-"ਕਿਸੇ ਨੂੰ ਮਾਂਹ ਬਾਦੀ-ਕਿਸੇ ਨੂੰ ਮਾਫ਼ਕ, ਭਲਵਾਨਾ! ਨਾਲੇ ਰੂਸ ਆਲ਼ਿਆਂ ਦੀ ਅਸੀਂ ਕੀ ਰੀਸ ਕਰਲਾਂਗੇ? ਜਿਹੜਾ ਕੁਛ ਰੂਸ ਆਲ਼ਿਆਂ ਨੇ ਖੱਟ ਲਿਆ-ਅਸੀਂ ਅਗਲੇ ਸੌ ਸਾਲਾਂ 'ਚ ਨ੍ਹੀ ਖੱਟ ਸਕਦੇ!"

-"ਹੁਣ ਤਾਂ ਕਾਮਰੇਟਾ ਕਹਿੰਦੇ ਉਹ ਵੀ ਠੂਠਾ ਜਿਆ ਈ ਫੜੀ ਫਿਰਦੇ ਐ?"

-"ਨੰਗਾਂ ਦੇ ਨੰਗ ਪ੍ਰਾਹੁਣੇ...!"

-"ਕੁਛ ਵੀ ਐ...! ਸਰਾਸਰ ਅਮਰੀਕਾ ਦੀਆਂ ਚਾਲਾਂ ਕਰਕੇ ਰੂਸ ਖੱਖੜੀਆਂ ਹੋਇਆ-ਤਾਂ ਐਸ ਨੌਬਤ 'ਤੇ ਆਇਆ! ਕਦੇ ਉਜ਼ਬੇਕ ਆਲ਼ਿਆਂ ਦੇ ਉਂਗਲ ਦੇਹ-ਕਦੇ ਚੈਚਨੀਆਂ ਆਲ਼ਿਆਂ ਦੇ! ਕੀ ਪਹਿਲਾਂ ਨਜ਼ੀਬ-ਉੱਲਾ ਦੇ ਰਾਜ ਵੇਲੇ ਰਾਜ ਪਲਟਾ ਲਿਆਉਣ ਲਈ ਅਫ਼ਗਾਨਿਸਤਾਨ ਦੇ ਤਾਲੀਬਾਨਾਂ ਤੇ ਅਲ-ਕਾਈਦਾ ਨੂੰ ਅਮਰੀਕਾ ਦਾ ਥਾਪੜਾ ਨਹੀਂ ਸੀ? ਓਸਾਮਾ ਬਿਨ ਲਾਦੇਨ ਦੇ ਇਹੋ ਅਮਰੀਕਾ ਬਾਪੂ ਮਾਂਗੂੰ ਨਹੀਂ ਪੈਰੀਂ ਹੱਥ ਲਾਉਂਦਾ ਰਿਹਾ? ਫੇਰ ਉਹਨਾਂ ਦੀ ਅਹੀ ਤਹੀ ਫੇਰਨ ਆਸਤੇ ਕੀ ਇਹਨੇ ਪਾਕਿਸਤਾਨ ਦਾ ਬਿਲੀਅਨਾਂ ਦੇ ਹਿਸਾਬ ਨਾਲ ਖੜ੍ਹਾ ਕਰਜ਼ਾ ਮੁਆਫ ਕਰਕੇ, ਉਹਨੂੰ ਓਨਾਂ ਈ ਹੋਰ ਕਰਜ਼ਾ ਨਹੀਂ ਦਿੱਤਾ? ਕੀ ਅਮਰੀਕਾ ਨੇ ਆਪਣੀ ਹਿੱਕ 'ਤੇ ਪਿੱਪਲ ਲੱਗੇ ਕਿਊਬਾ ਦੇ ਫ਼ੀਦਲ ਕਾਸਤਰੋ ਨੂੰ ਮਰਵਾਉਣ ਲਈ ਸੈਂਕੜੇ ਚਾਲਾਂ ਨਹੀਂ ਚੱਲੀਆਂ? ਫ਼ੀਦਲ ਕਾਸਤਰੋ ਦੇ ਇਮਾਨਦਾਰ ਦੇਸ਼ ਵਾਸੀਆਂ ਤੇ ਉਸ ਦੀ ਚਤਰ ਚਲਾਕ ਇੰਟੈਲੀਜੈਂਸੀ ਕਰਕੇ ਨਹੀਂ ਕਾਮਯਾਬ ਹੋ ਸਕਿਆ, ਇਹ ਇਕ ਵੱਖਰੀ ਗੱਲ ਐ...! ਅਮਰੀਕਾ ਸਿਰਫ਼ ਵਿਰੋਧੀਆਂ ਦੀ ਪਿੱਠ ਲਾਉਣ ਵਾਸਤੇ ਹਮੇਸ਼ਾ ਘਤਿੱਤਾਂ ਕਰਦਾ ਆਇਐ! ਉਹ ਚਾਹੇ ਸਦਾਮ ਹੁਸੈਨ ਸੀ, ਚਾਹੇ ਨਜ਼ੀਬ-ਉਲਾ ਸਰਕਾਰ! ਚਾਹੇ ਇਰਾਨ ਸੀ, ਚਾਹੇ ਚੀਨ! ਹੁਣ ਜਦੋਂ ਗਿਆਰਾਂ ਸਤੰਬਰ ਨੂੰ ਆਬਦੇ ਬੱਖਲ਼ 'ਚ ਵੱਜੀ-ਪਿੱਟ ਉਠਿਆ...! ਦੂਜੇ ਦੇ ਘਰੇ ਲੱਗੀ ਅੱਗ ਬਸੰਤਰ ਦੇਵਤਾ ਦਿਸਦੀ ਐ, ਬਾਈ! ਮਰੋੜਾ ਤਾਂ ਉਦੋਂ ਚੜ੍ਹਦੈ-ਜਦੋਂ ਆਬਦੇ ਘਰ ਨੂੰ ਆ ਪੈਂਦੀ ਐ! ਇਕ ਚੁਗਲ ਤੇ ਦੂਜਾ ਕੰਨਾਂ ਦਾ ਕੱਚਾ, ਜਦੋਂ ਇਹ ਦੋ ਰਲ਼ ਜਾਣ-ਉਦੋਂ ਤਬਾਹੀ ਦੀ ਸਿਖ਼ਰ ਹੁੰਦੀ ਐ! ਇਹਦੇ ਟਾਊਟ ਹੈਗੇ ਐ ਚੁਗਲੀ ਦਾ ਖੱਟਿਆ ਖਾਣ ਆਲ਼ੇ ਤੇ ਆਬਦਾ ਉਲੂ ਸਿੱਧਾ ਰੱਖਣ ਆਲ਼ੇ-ਤੇ ਅਮਰੀਕਾ ਉਹਨਾਂ ਦੇ ਮੋਢੇ 'ਤੇ ਧਰ ਕੇ ਆਬਦਾ ਹਥਿਆਰ ਚਲਾਉਂਦੈ...!"

-"ਪਰ ਇਕ ਗੱਲ ਹੋਰ ਐ! ਇਤਿਹਾਸ ਫ਼ਰੋਲ਼ ਲਓ, ਚੁਗਲੀ ਦਾ ਖੱਟਿਆ ਖਾਣ ਆਲ਼ੇ ਬੰਦੇ ਦਾ ਤਾਂ ਹਸ਼ਰ ਮਾੜਾ ਈ ਮਾੜਾ ਹੁੰਦੈ-ਉਹਦੀ ਸਰਦਾਰੀ ਬਹੁਤਾ ਚਿਰ ਕੈਮ ਨ੍ਹੀ ਰਹਿੰਦੀ! ਚਾਰ ਦਿਨਾਂ ਦੀ ਚਾਂਦਨੀ ਤੇ ਫਿਰ ਹਨ੍ਹੇਰੀ ਰਾਤ, ਆਲ਼ੀ ਗੱਲ ਹੁੰਦੀ ਐ-ਵਕਤੀ ਤੌਰ 'ਤੇ ਅਗਲਾ ਕਿੱਡਾ ਵੀ ਰਾਠ ਬਣ ਕੇ ਆਬਦਾ ਕੰਮ ਕੱਢੀ ਜਾਵੇ-ਜਦੋਂ ਸਾਰੀ ਦੁਨੀਆਂ 'ਚ ਨੰਗਾ ਹੋ ਜਾਂਦੈ-ਫੇਰ ਉਹਨੂੰ ਕੋਈ ਮੂੰਹ ਨ੍ਹੀ ਲਾਉਂਦਾ-ਖੁਰਕ ਪਈ ਆਲ਼ੇ ਕੁੱਤੇ ਮਾਂਗੂੰ ਸਾਰੇ ਦੁਰਕਾਰਦੇ ਐ!"

-"ਇਹਨਾਂ ਅਕ੍ਰਿਤਘਣਾਂ ਕਰਕੇ ਈ ਤਾਂ ਧਰਤੀ ਅਕਾਲ ਪੁਰਖ ਕੋਲ ਜਾ ਕੇ ਕੁਰਲਾਈ ਸੀ; ਭਾਰੇ ਭੂਈ ਅਕ੍ਰਿਤਘਣ ਮੰਦੀ ਹੂੰ ਮੰਦੇ...!" ਫ਼ੌਜੀ ਨੇ ਦੱਸਿਆ

-"ਚੁਗਲਖ਼ੋਰ ਤੇ ਵਿਸ਼ਵਾਸਘਾਤੀ ਦਾ ਦੂਜਾ ਨਾਂ ਈ ਤਾਂ ਮੁਖ਼ਬਰ ਐ! ਤੇ ਮੁਖ਼ਬਰ ਨੂੰ ਸੋਧਣ ਦਾ ਪਹਿਲਾਂ ਨੈਕਸਲੀਆਂ ਦਾ ਪਹਿਲਾ ਕਰਮ ਰਿਹੈ ਤੇ ਬਾਅਦ 'ਚ ਖਾੜਕੂਆਂ ਨੇ ਵੀ ਮੁਖ਼ਬਰ ਟਿਕਾਅ ਕੇ ਸੋਧੇ ਐ! ਮੁਖ਼ਬਰ ਈ ਜੰਗੀ ਲਹਿਰਾਂ 'ਚ ਰੋੜੇ ਅਟਕਾਉਂਦੇ ਰਹੇ ਐ! ਜੇ ਗੌਰਮਿੰਟ ਦੇ ਗ਼ੱਦਾਰ, ਮੁਖ਼ਬਰ ਨਾ ਹੁੰਦੇ-ਦੇਸ਼ ਭਗਤ ਤਾਂ ਕਦੋਂ ਦੇ ਮੱਲਾਂ ਮਾਰ ਚੁੱਕੇ ਹੁੰਦੇ! ਸਾਰੀਆਂ ਹਥਿਆਰਬੰਦ ਲਹਿਰਾਂ ਦੀਆਂ ਬੇੜੀਆਂ 'ਚ ਬੱਟੇ ਤਾਂ ਮੁਖ਼ਬਰ ਦੱਲਿਆਂ ਨੇ ਈ ਪਾਏ...!" ਕਾਮਰੇਡ ਦਾ ਪਾਰਾ ਚੜ੍ਹ ਗਿਆ ਸੀ

-"ਫੇਰ ਮਰੇ ਵੀ ਦੇਖਲਾ ਪ੍ਰੀਵਾਰਾਂ ਸਮੇਤ ਕਿਮੇਂ ਐਂ?" ਫ਼ੌਜੀ ਨੂੰ ਮੁਖ਼ਬਰ ਦੇ ਨਾਂ ਤੋਂ ਹੀ ਚਿੜ੍ਹ ਸੀ!

-"ਕੀ ਖੱਟਿਆ....? ਆਪ ਤਾਂ ਮਰਨਾ ਸੀ ਬਾਹਮਣਾ-ਜਜਮਾਨ ਵੀ ਡੋਬੇ? ਆਪ ਤਾਂ ਮਰਨਾ ਈ ਸੀ-ਆਬਦੇ ਪ੍ਰੀਵਾਰਾਂ ਦੇ ਵੀ ਵੈਰੀ ਬਣ ਤੁਰੇ!" ਬਸੰਤ ਭਲਵਾਨ ਨੇ ਆਪਣੇ ਮਨ ਦੀ ਭਾਫ਼ ਕੱਢੀ

-"ਤੂੰ ਅੱਜ ਬਾਹਲ਼ਾ ਈ ਚੁੱਪ ਜਿਐਂ, ਹਰਦੇਵ ਸਿਆਂ?"

-"ਨਹੀਂ ਕਾਮਰੇਡ! ਮੈਂ ਤਾਂ ਥੋਨੂੰ ਸੁਣ ਰਿਹੈਂ!" ਹਰਦੇਵ ਬੋਲਿਆ

-"ਇਉਂ ਲੱਗਦੈ, ਜਿਵੇਂ ਮੁੰਡੇ ਦਾ ਦਿਲ ਨ੍ਹੀ ਲੱਗਿਆ ਹੁੰਦਾ ਇੰਗਲੈਂਡ ਆ ਕੇ?"

-"ਨਹੀਂ, ਦਿਲ ਨੂੰ ਤਾਂ ਕੀ ਐ?" ਹਰਦੇਵ ਨੂੰ ਕੋਈ ਗੱਲ ਨਾ ਔੜੀ

-"ਕੋਈ ਨਾ! ਬਥੇਰਾ ਦਿਲ ਲੱਗਜੂ ਹਰਦੇਵ ਸਿਆਂ! ਐਵੇਂ ਮਾੜਾ ਮੋਟਾ ਪਿੱਛਾ ਤਾਂ ਯਾਦ ਆਉਂਦਾ ਈ ਐ ਬੰਦੇ ਦੇ!"

-"ਆਹ ਕਿਮੇਂ ਅੱਜ ਚੱਕਵੇਂ ਪੈਰੀਂ ਆਉਂਦੈ?" ਬਾਈ ਅਜੀਤ ਸਿੰਘ ਬਰਾੜ ਨੂੰ ਆਉਂਦਾ ਦੇਖ ਕੇ ਸੁੱਖੇ ਨੇ ਕਿਹਾਬਾਈ ਬਰਾੜ ਬੀਅਰਾਂ ਫੜੀ ਬਿਨ-ਬਰੇਕੇ ਟਰੱਕ ਵਾਂਗ, ਸੱਚੀਂ ਹੀ ਸਪੀਡ ਫੜੀ ਆਉਂਦਾ ਸੀ

-"ਕੀ ਹੋ ਗਿਆ....? ਬਾਹਲਾ ਈ ਟਾਪ ਗੇਅਰ 'ਚ ਲੱਗਿਆ ਆਉਨੈਂ?" ਫ਼ੌਜੀ ਨੇ ਪੁੱਛਿਆ

-"ਮੈਂ ਸੋਚਿਆ, ਲੇਟ ਹੋ ਗਿਆ! ਕਿਤੇ ਕਰਾਰੀਆਂ ਗੱਲਾਂ ਬਾਤਾਂ ਤੋਂ ਵਾਂਝਾ ਨਾ ਰਹਿਜਾਂ....!" ਬਰਾੜ ਨੇ ਬੀਅਰ ਦੇ ਡੱਬੇ ਦੀ ਸੀਲ ਬੜੀ ਬੇਕਿਰਕੀ ਨਾਲ ਪੱਟੀ

-"ਹੋਰ ਸੁਣਾ ਕੋਈ ਨਵੀਂ ਤਾਜੀ ਬਰਾੜਾ....!" ਫ਼ੌਜੀ ਨੇ ਲੱਤ 'ਤੇ ਲੱਤ ਧਰ ਕੇ ਹੱਥ ਮਸਲ਼ੇ

-"ਕੀ ਸੁਣਾਵਾਂ ਫ਼ੌਜੀ ਭਾਅ ਜੀ? ਅੱਜ ਮੈਨੂੰ ਮੇਰੇ ਮਿੱਤਰ ਦਾ ਇਕ ਮੁੰਡਾ ਐਥੇ ਛੱਡ ਕੇ ਗਿਐ-।"

-"ਫੇਰ...? ਕੋਈ ਮਾੜੀ ਗੱਲ ਕਰਤੀ?" ਬਾਬੇ ਅਜਮੇਰ ਨੇ ਗੱਲ ਪੂਰੀ ਵੀ ਨਾ ਹੋਣ ਦਿੱਤੀ

-"ਉਹਦੀ ਕਾਰ 'ਚ ਪੰਜਾਬੀ ਗੀਤ ਲੱਗੇ ਵੇ-ਮੈਨੂੰ ਸੁਣ ਸੁਣ ਕੇ ਹਾਸਾ ਆਈ ਜਾਵੇ, ਬਈ ਆਪਣੇ ਗੀਤਕਾਰ ਭਰਾ ਲਿਖਣ ਲੱਗੇ ਬਿਲਕੁਲ ਈ ਨ੍ਹੀ ਸੋਚਦੇ! ਗਾਉਣ ਆਲ਼ੇ ਕੰਪਣੀਆਂ ਦੇ ਆਖੇ ਲੱਗ ਕੇ 'ਢੱਕਮ-ਢੱਲਾ' ਗਾਈ ਤੁਰੇ ਜਾਂਦੇ ਐ-ਗੀਤ ਦਾ ਕੋਈ ਅਰਥ ਨਿਕਲੇ, ਚਾਹੇ ਨਾ ਨਿਕਲੇ....।"

-"ਚੱਲ ਆਪਾਂ ਕਿਹੜਾ ਕੋਈ ਕੋਰਸ ਪਾਸ ਕਰਨੈਂ?" ਬਾਬੇ ਨੇ ਫਿਰ ਘੋੜ੍ਹਾ ਭਜਾਇਆ

-"ਸੁਣਾ ਤਾਂ ਸਹੀ ਕੋਈ ਕੋਸੀ ਜੀ....! ਠੰਢੇ ਜੇ ਬੈਠੇ ਐਂ ਬਰਾੜਾ....!" ਸੁੱਖੇ ਨੇ ਬਰਾੜ ਨੂੰ ਪਲੀਤਾ ਲਾਇਆ

-"ਗੀਤ ਚੱਲਦਾ ਸੀ ਅਖੇ, ਪਿੜ ਵਿਚ ਢੋਲ ਵੱਜਦਾ-ਆਓ ਯਾਰੋ ਨੱਚੀਏ!"

-"ਢੋਲ ਵੱਜੂਗਾ ਤਾਂ ਨੱਚਣਾ ਈ ਐ-ਹੋਰ ਕੀਰਨੇ ਪਾਉਣੇ ਐਂ?"

-"ਜੇ ਕੁੜੀ ਗਾਉਂਦੀ ਹੁੰਦੀ, ਤਾਂ ਵੀ ਸਰ ਜਾਂਦਾ-ਪਰ ਗਾਉਂਦਾ ਮੁੰਡਾ ਸੀ! ਭਲਾ ਗਾਉਣ ਆਲ਼ੇ ਭਲੇ ਮਾਣਸ ਨੂੰ ਪੁੱਛਣਾ ਹੋਵੇ ਬਈ ਬਾਈ ਸਿਆਂ, ਮੁੰਡੇ ਨੱਚਦੇ ਹੁੰਦੇ ਐ? ਨੱਚਦੇ ਜਾਂ ਤਾਂ ਨਚਾਰ ਹੁੰਦੇ ਐ ਜਾਂ ਖੁਸਰੇ! ਤੇ ਜਾਂ ਫੇਰ ਕੁੜੀਆਂ ਨੱਚਦੀਆਂ ਹੁੰਦੀਐਂ!"

-"ਆਹੋ ਠੀਕ ਐ! ਮੁੰਡੇ ਨ੍ਹੀ ਨੱਚਦੇ ਹੁੰਦੇ-ਮੁੰਡੇ ਤਾਂ ਭੰਗੜਾ ਪਾਉਂਦੇ ਹੁੰਦੇ ਐ!" ਸੁੱਖੇ ਘੈਂਟ ਦਾ ਹਾਸਾ ਛੁੱਟ ਪਿਆ

-"ਨਹੀਂ, ਮੁੰਡੇ ਵੀ ਨੱਚਦੇ ਐ! ਮੁੰਡੇ ਕਿਉਂ ਨ੍ਹੀ ਨੱਚਦੇ? ਕੁੜੀਆਂ ਨੱਚਦੀਆਂ ਵੀ ਐ-ਗਿੱਧਾ ਵੀ ਪਾਉਂਦੀਐਂ-ਕਿੱਕਲੀ ਵੀ ਪਾਉਂਦੀਐਂ-ਤੀਆਂ ਮੌਕੇ ਬੱਲ੍ਹੋ ਵੀ ਪਾਉਂਦੀਐਂ-ਮੁੰਡੇ 'ਕੱਲੇ ਭੰਗੜਾ ਈ ਨ੍ਹੀ ਪਾਉਂਦੇ-ਨੱਚ ਵੀ ਲੈਂਦੇ ਐ! ਹੁਣ ਦੱਸੋ ਬਈ ਦਿਉਰ ਭਰਜਾਈ ਨਾਲ ਵਿਆਹ 'ਚ ਗਿੱਧਾ ਪਾਊ? ਨੱਚੂਗਾ ਈ? ਮੁੰਡੇ ਵੀ ਨੱਚ ਲੈਂਦੇ ਐ, ਫ਼ੌਜੀਆ...!"

-"ਚੱਲ, ਤੇਰੀ ਗੱਲ ਮੰਨ ਲੈਨੇ ਐਂ, ਕਾਮਰੇਟਾ!"

-"ਇਕ ਹੋਰ ਗੀਤ ਸੁਣਿਆਂ-ਅਖੇ, ਰੱਬਾ ਮੈਂ ਪਿਆਰ ਕਰ ਕੇ ਪਛਤਾਇਆ! ਲਓ ਕਰ ਲਓ ਗੱਲ! ਰੱਬ ਜਿਵੇਂ ਇਹਨਾਂ ਦਾ ਪਟਵਾਰੀ ਰੱਖਿਆ ਹੁੰਦੈ! ਗਾਉਣ ਵਾਲੇ ਮਿੱਤਰ ਨੂੰ ਕਹਿਣਾ ਹੋਵੇ ਬਈ ਬਾਈ ਸਿਆਂ, ਪਿਆਰ ਕੋਈ ਉਤਪਾਦਨ ਐਂ, ਬਈ ਜਿਹੜਾ ਕਰਨਾ ਪੈਂਦੈ? ਪਿਆਰ ਤਾਂ ਕੁਦਰਤੀਂ ਭਾਵਨਾ ਐਂ, ਜਿਹੜਾ ਮੱਲੋਮੱਲੀ ਦਿਲੋਂ ਹੋ ਜਾਂਦੈ! ਪਿਆਰ ਕੋਈ ਪਾਖੰਡੀ ਸਾਧ ਆਲਾ ਟੂਣਾ ਤਬੀਤ ਵੀ ਨਹੀਂ-ਜਿਹੜਾ ਕਰਿਆ ਜਾਂ ਕਰਵਾਇਆ ਜਾਂਦੈ!"

-"ਇਹ ਤਾਂ ਹੈ!" ਕਾਮਰੇਡ ਨੇ ਹੁੰਗਾਰਾ ਭਰਿਆ

-"ਇਕ ਗਾਉਣ ਆਲ਼ੇ ਨੇ ਤਾਂ ਪਤੰਦਰ ਨੇ ਕਮਾਲ ਈ ਕਰਤੀ....!"

-"ਕਿਵੇਂ....?" ਸੁੱਖਾ ਬੀਅਰ ਇਕ ਪਾਸੇ ਰੱਖ ਕੇ ਸੁਚੇਤ ਜਿਹਾ ਹੋ ਕੇ ਬੈਠ ਗਿਆ

-"ਅਖੇ, ਬੇਬੇ ਨਾਲ਼ ਸਲਾਹ ਕਰਕੇ, ਪ੍ਰੀਤੋ ਮੇਰੇ ਨਾਲ਼ ਵਿਆਹ ਕਰ ਲੈ....!"

-"ਲੈ ਦੱਸ...? ਬੇਬੇ ਨਾਲ ਸਲਾਹ ਕਰਕੇ ਪ੍ਰੀਤੋ ਨੇ ਮੌਰਾਂ 'ਚ ਫੌੜ੍ਹੇ ਖਾਣੇਂ ਐਂ?" ਫ਼ੌਜੀ ਨੇ ਬਸੰਤ ਭਲਵਾਨ ਦੇ ਧੱਫ਼ਾ ਜਿਹਾ ਮਾਰਿਆਭਲਵਾਨ ਦੇ ਡੱਬੇ ਦੀ ਬੀਅਰ ਛਲਕ ਗਈ

ਹਾਸੜ ਮੱਚ ਗਈ!

-"ਇਹ ਕੋਈ ਗਾਇਕ ਬਾਈ ਬਾਹਰਲਾ ਜੰਮਪਲ ਹੋਊ? ਪੰਜਾਬ 'ਚ ਜੰਮਿਆਂ ਹੁੰਦਾ-ਐਹੋ ਜਿਆ ਗੀਤ ਜਮਾ ਨ੍ਹੀ ਸੀ ਗਾਉਂਦਾ...! ਜਾਂ ਗਾਉਣ ਲੱਗਿਆ ਦਸ ਵਾਰੀ ਸੋਚਦਾ!"

-"ਪੰਜਾਬ ਦੇ ਜੰਮਿਆਂ ਪਲ਼ਿਆਂ ਨੂੰ ਪਿੰਡਾਂ ਆਲ਼ੀਆਂ ਬੁੜ੍ਹੀਆਂ ਦੇ ਚਿਮਟਿਆਂ ਦਾ ਪਤਾ ਹੁੰਦੈ-ਬਈ ਪੁੜਪੜੀ 'ਚ ਮਾਰ ਕੇ ਚਿੱਬ ਪਾ ਦਿੰਦੀਐਂ!"

-"ਚਿੱਬ ਕੀ? ਟੀਕ ਚਲਾ ਦਿੰਦੀਐਂ!"

-"ਪਿੰਡਾਂ ਆਲੀਆਂ ਕੁੱਟਦੀਆਂ ਘੱਟ ਤੇ ਘੜ੍ਹੀਸਦੀਆਂ ਜਾਅਦੇ ਐ!"

-"ਜੇ ਕੁਛ ਹੋਰ ਹੱਥ ਨਾ ਲੱਗੇ ਤਾਂ ਪਾਥੀਆਂ ਨਾਲ ਈ ਰੋਭੜ੍ਹੇ ਪਾ ਦੇਣ!"

-"ਯਾਰ ਤੂੰ ਪਾਥੀਆਂ ਦੀ ਗੱਲ ਕਰਦੈਂ...? ਸਾਡੇ ਪਿੰਡ ਇਕ ਵਿਆਹ 'ਚ ਲਾਚੜੇ ਸ਼ਰਾਬੀ ਨੂੰ ਬੁੜ੍ਹੀਆਂ ਲੱਡੂਆਂ ਨਾਲ਼ ਭੰਨਦੀਆਂ ਮੈਂ ਆਪ ਦੇਖੀਐਂ!"

-"ਯਾਰ ਅੱਜ ਕੱਲ੍ਹ ਤਾਂ ਗੀਤਕਾਰ, ਗਵੱਈਏ ਤੇ ਬਾਕੀ ਰਹਿੰਦੀ ਕਸਰ ਮੂਵੀਆਂ ਬਣਾਉਣ ਆਲ਼ੇ ਕੱਢੀ ਜਾਂਦੇ ਐ।"

-"ਹਰ ਗੀਤ ਰੀਮੈਕਸ-ਹਰ ਗੀਤ ਰੀਮੈਕਸ! ਹੋਰ ਤਾਂ ਹੋਰ, ਇਹਨਾਂ ਨੇ ਤਾਂ ਫ਼ੱਕਰ ਗਾਇਕ ਯਮਲੇ ਦੇ ਗੀਤ ਰੀਮੈਕਸ ਕਰ ਮਾਰੇ....!"

-"ਉਏ ਇਹਨਾਂ ਦੇ ਵੱਸ ਈ ਨ੍ਹੀ ਚੱਲਦਾ....!" ਫ਼ੌਜੀ ਆਪਣੀ ਭੜ੍ਹਾਸ ਕੱਢਣ ਲੱਗ ਪਿਆ

-"ਫ਼ੌਜੀਆ! ਜੇ ਇਹਨਾਂ ਦੇ ਵੱਸ ਚੱਲਦਾ ਹੋਵੇ ਤਾਂ ਇਹ ਕੀਰਤਨ ਤੇ ਹਿੰਦੂ ਭਰਾਵਾਂ ਦੀ ਆਰਤੀ ਦਾ ਕਿਉਂ ਨਾ ਰੀਮੈਕਸ ਕਰ ਮਾਰਨ!" ਕਾਮਰੇਡ ਨੇ ਆਪਣੀ ਅਕਾਸ਼ਬਾਣੀ ਕੀਤੀ

-"ਗੱਲ ਕਾਮਰੇਡ ਦੀ ਸੋਲ੍ਹਾਂ ਆਨੇ ਐਂ-ਡਰਦੇ ਸਿਰਫ਼ ਟੰਬਿਆਂ ਤੋਂ ਐਂ! ਨਹੀਂ ਇਹ ਤਾਂ ਕੀਰਤਨ ਦੀਆਂ ਕੈਸਿਟਾਂ ਦਾ ਵੀ ਰੀਮੈਕਸ ਕਰ ਧਰਨ!" ਸੁੱਖੇ ਨੇ ਬੀਅਰ ਖ਼ਤਮ ਕਰ ਕੇ ਡੱਬਾ ਥੱਲੇ ਰੱਖਦਿਆਂ ਕਿਹਾ

-"ਮੇਰੇ ਪੋਤੇ ਦੀ ਗੱਲ ਸੁਣ ਲੈ!" ਹਰਚੰਦ ਟੱਲੇਆਲ਼ੀਆ ਅੱਜ ਮਹਿਫ਼ਲ ਵਿਚ ਕਾਫ਼ੀ ਚਿਰ ਬਾਅਦ ਆਇਆ ਸੀ

-"........?" ਸਾਰੇ ਇਕ ਦਮ ਉਸ ਵੱਲ ਝਾਕੇ!

-"ਇਕ ਗੀਤ ਜਿਆ ਚੱਲਦਾ ਹੁੰਦੈ-ਮੇਲੇ 'ਚ ਅਲਗੋਜੇ ਅਤੇ ਢੋਲ ਵੱਜਦਾ....!"

-"ਆਹੋ...! ਵੱਜਦਾ ਹੁੰਦੈ!"

-"ਮੇਰਾ ਪੋਤਾ ਤੈਨੂੰ ਪਤੈ ਬਈ ਐਥੇ ਈ ਜੰਮਿਆਂ ਪਲਿ਼ਐ-ਉਹਨੂੰ ਨਾ ਤਾਂ ਪੰਜਾਬੀ ਲਿਖਣੀ ਆਉਂਦੀ ਐ ਤੇ ਨਾ ਪੜ੍ਹਨੀ ਆਉਂਦੀ ਐ-ਇਕ ਦਿਨ ਸੀ. ਡੀ. ਲਾ ਕੇ ਗੀਤ ਸੁਣੀਂ ਜਾਵੇ-ਗੀਤ ਉਹੀ ਸੀ, ਮੇਲੇ ਵਿਚ ਅਲਗੋਜ਼ੇ ਅਤੇ ਢੋਲ ਵੱਜਦਾ....! ਢੋਲ ਦਾ ਤਾਂ ਉਹਨੂੰ ਪਤੈ ਬਈ ਕੀ ਹੁੰਦੈ, ਕਿਉਂਕਿ ਨਗਰ ਕੀਰਤਨਾਂ 'ਤੇ ਵੱਜਦਾ ਸੁਣਿਐਂ-ਪਰ ਮੈਂ ਉਹਨੂੰ ਕਿਹਾ ਬਈ ਪੁੱਤਰਾ, ਉਰ੍ਹੇ ਆ! ਉਹ ਬੜੇ ਪਿਆਰ ਨਾਲ ਮੇਰੇ ਕੋਲ ਆ ਗਿਆ-ਮੈਂ ਉਹਨੂੰ ਪੁੱਛਿਆ ਬਈ ਤੈਨੂੰ ਇਹ ਗੀਤ ਚੰਗਾ ਲੱਗਦੈ? ਕਹਿੰਦਾ ਹਾਂ ਚੰਗਾ ਲੱਗਦੈ-ਤੇ ਮੈਂ ਪੁੱਛਿਆ ਬਈ ਤੈਨੂੰ ਪਤੈ ਬਈ ਅਲਗੋਜ਼ੇ ਕੀ ਹੁੰਦੇ ਐ? ਕਹਿੰਦਾ, ਨਹੀਂ! ਲੈ ਕਰਲੋ ਗੱਲ...!"

-"ਗੱਲ ਹਰਚੰਦ ਸਿਉਂ ਦੀ ਸਹੀ ਐ-ਇਹ ਜੁਆਕ ਤਾਂ ਡਰੰਮ ਵੱਜਦਾ ਸੁਣ ਕੇ ਈ ਸਿਰ ਜਿਆ ਹਲਾਈ ਜਾਂਦੇ ਐ-ਸਮਝ ਸੁਮਝ ਇਹਨਾਂ ਨੂੰ ਕੋਈ ਨ੍ਹੀ ਲੱਗਦੀ!"

-"ਬੱਸ ਸਾਡੇ ਬਾਪੂ ਆਲ਼ੀ ਗੱਲ ਠੀਕ ਐ ਬਈ ਇਹਨਾਂ ਨੂੰ ਤਾਂ ਢੱਪ-ਢੈਂਅ ਈ ਚੰਗੀ ਲੱਗਦੀ ਐ-ਗੀਤਾਂ ਦੇ ਅਰਥ ਉਰਥ ਇਹਨਾਂ ਨੂੰ ਕਿਸੇ ਨੂੰ ਨ੍ਹੀ ਆਉਂਦੇ!" ਬਸੰਤ ਭਲਵਾਨ ਨੇ ਵੀ ਆਪਣਾ ਤਜ਼ਰਬਾ ਸਾਂਝਾ ਕੀਤਾ

-"ਇਕ ਗੱਲ ਸਮਝ ਨ੍ਹੀ ਆਉਂਦੀ ਭਲਵਾਨਾ!" ਫ਼ੌਜੀ ਨੇ ਫਿਰ ਭਲਵਾਨ ਨੂੰ ਤਬਲੇ ਵਾਂਗ ਠ੍ਹੋਕਰਿਆ

-"ਕੀ....?"

-"ਬਈ ਜਦੋਂ ਇਹਨਾਂ ਨੂੰ ਗੀਤਾਂ ਦੀ ਸਮਝ ਨ੍ਹੀ ਆਉਂਦੀ-ਜਿਹਨਾਂ ਨੂੰ ਇਹ ਦਿਨ ਰਾਤ ਸੁਣਦੇ ਐ! ਫੇਰ ਇਹਨਾਂ ਨੂੰ ਗੁਰਬਾਣੀ ਦੀ ਸਮਝ ਕਦੋਂ ਆਈ?"

-"ਗੱਲ ਭਾਅ ਜੀ ਇਹ ਐ-!" ਬਾਈ ਬਰਾੜ ਨੇ ਉੱਤਰ ਦੇਣਾ ਸ਼ੁਰੂ ਕੀਤਾ, "ਜਦੋਂ ਜੁਆਕਾਂ ਨੂੰ ਗੁਰਦੁਆਰੇ ਜਾਣ ਲਈ ਕਹੀਏ, ਕੰਜਰ ਦੇ 'ਬੋਰਿੰਗ-ਬੋਰਿੰਗ' ਦਾ ਰੌਲ਼ਾ ਪਾਉਣ ਲੱਗ ਜਾਣਗੇ-ਦੱਸੋ ਕੀ ਕਰੀਏ?"

-"ਗੱਲ ਬਰਾੜ ਸਾਹਬ ਇਹ ਐ-ਮੇਰਾ ਦੋਸਤ ਗੁਰੂ ਘਰ ਦਾ ਬੜਾ ਸ਼ਰਧਾਲੂ ਐ-ਉਹ ਆਪਣੀ ਘਰਆਲ਼ੀ ਤੇ ਬੱਚਿਆਂ ਨੂੰ ਵੀ ਗੁਰਦੁਆਰੇ ਲੈ ਜਾਂਦੈ-ਹੁਣ ਉਹਦੀ ਗਿਆਰਾਂ ਕੁ ਸਾਲ ਦੀ ਕੁੜੀ ਗੁਰਦੁਆਰੇ ਨ੍ਹੀ ਜਾਂਦੀ!"

-"ਕਿਉਂ ਕੀ ਗੱਲ....?" ਫ਼ੌਜੀ ਨੇ ਕਾਰਨ ਜਾਨਣ ਲਈ ਕੰਨ ਸਹੇ ਵਾਂਗ ਚੁੱਕ ਲਏ

-"ਗੱਲ ਇਹ ਐ ਬਈ ਆਪਣੇ ਇਹ ਜੁਆਕ ਵੀ ਗਲਤ ਨ੍ਹੀ...! ਉਹ ਕੁੜੀ ਕਿਤੇ ਇਕ ਦੋ ਆਰੀ ਪੈਂਟ ਪਾ ਕੇ ਗੁਰਦੁਆਰੇ ਚਲੀ ਗਈ-ਤੇ ਉਹਨਾਂ ਦੀ ਗੁਆਂਢਣ ਨੇ ਈ ਕੁੜੀ ਦੀ ਇੰਟਰਵਿਊ ਲੈਣੀਂ ਸ਼ੁਰੂ ਕਰਤੀ-ਅਖੇ, ਤੂੰ ਪੈਂਟ ਪਾ ਕੇ ਗੁਰਦੁਆਰੇ ਕਿਉਂ ਆਉਨੀ ਐਂ? ਸੂਟ ਕਿਉਂ ਨ੍ਹੀ ਪਾਉਂਦੀ? ਕੁੜੀ ਨੇ ਵੀ ਠੋਕ ਕੇ ਉਤਰ ਦਿੱਤਾ-ਉਹ ਕਹਿੰਦੀ, ਮੈਂ ਗੁਰਦੁਆਰੇ ਮੱਥਾ ਟੇਕਣ ਤੇ ਗੁਰਬਾਣੀ ਕੀਰਤਨ ਸੁਣਨ ਆਉਨੀ ਐਂ-ਨਾ ਕਿ ਪੈਂਟਾਂ ਜਾਂ ਸੂਟ ਦਿਖਾਉਣ! ਓਸ ਦਿਨ ਤੋਂ ਕੁੜੀ ਦੇ ਮਨ 'ਚ ਐਸੀ ਕਿਰਕ ਬੈਠੀ-ਉਹਨੇ ਗੁਰਦੁਆਰੇ ਜਾਣਾ ਈ ਬੰਦ ਕਰਤਾ! ਕਹਿੰਦੀ, ਉਥੇ ਲੋਕ ਗੁਰੂ ਦੇ ਦਰਸ਼ਣ ਕਰਨ ਆਉਂਦੇ ਐ ਕਿ ਇਕ ਦੂਜੇ ਦੇ ਸੂਟ-ਪੈਂਟਾਂ ਦੀ ਨਿਰਖ ਪਰਖ਼ ਜਾਂ ਆਲੋਚਨਾ ਕਰਨ? ਹੁਣ ਦੱਸੋ, ਜਦੋਂ ਆਪਣੇ ਲੋਕ ਈ ਨ੍ਹੀ ਟੀਕਾ ਟਿੱਪਣੀ ਕਰਨੋਂ ਹੱਟਦੇ, ਤਾਂ ਕੁੜੀ ਕਿਹੜੇ ਪੱਖ ਤੋਂ ਗਲਤ ਐ?" ਭਲਵਾਨ ਨੇ ਗੱਲ ਪੂਰੀ ਕਰ ਕੇ ਸੌਖ ਜਿਹੀ ਮਹਿਸੂਸ ਕੀਤੀ

-"ਕੁੜੀ ਕਿਸੇ ਪੱਖੋਂ ਵੀ ਗਲਤ ਨਹੀਂ! ਗਲਤ ਤਾਂ ਅਗਲੀ ਦਾ ਕਾਣ ਪਰਖਣ ਆਲੇ ਐ! ਐਥੋਂ ਦੇ ਜੁਆਕ ਬਾਈ ਆਪਣੇ ਅਰਗੇ ਪਾਖੰਡੀ ਨ੍ਹੀ! ਜੁਆਕ ਜਿੰਨੇ ਕੁ ਹੈਗੇ ਐ, ਇਮਾਨਦਾਰ ਐ! ਪੁੱਛਣ ਆਲ਼ੀ ਨੂੰ ਪੁੱਛੇ ਬਈ ਤੂੰ ਦੱਸ ਕੀ ਲੈਣੈਂ? ਕੁੜੀ ਚਾਹੇ ਪੈਂਟ ਪਾ ਕੇ ਗੁਰੂ ਘਰ ਆਵੇ-ਚਾਹੇ ਸਲਵਾਰ ਕਮੀਜ਼! ਤੇਰੇ ਦੱਸ ਕੀ ਸੂਲ ਹੁੰਦੈ?" ਬਾਬਾ ਅਜਮੇਰ ਤਾਅ ਖਾ ਗਿਆ ਸੀ

-"ਗਲਤੀਆਂ ਭਾਅ ਜੀ ਸਾਡੇ 'ਚ ਐ! ਜੇ ਸਾਡੇ ਜੁਆਕ ਗੁਰਦੁਆਰੇ ਜਾਂ ਮੰਦਰ ਜਾਂਦੇ ਐ-ਸਾਨੂੰ ਰੱਬ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦੈ-ਨਾ ਕਿ ਜੁਆਕਾਂ 'ਚ ਨਿਘੋਚਾਂ ਕੱਢਣੀਆਂ ਚਾਹੀਦੀਐਂ!" ਬਾਈ ਅਜੀਤ ਸਿੰਘ ਬਰਾੜ ਬੋਲਿਆ

-"ਸਾਡੀ ਤਾਂ ਬਾਈ ਬਰਾੜਾ ਉਹ ਗੱਲ ਐ-ਬਈ ਆਬਦੀਆਂ ਕੱਛ 'ਚ ਤੇ ਦੂਜਿਆਂ ਦੀਆਂ ਹੱਥ 'ਚ!"

-"ਚਲੋ ਬਈ ਚਰਚ ਆਲ਼ੇ ਘੜ੍ਹਿਆਲ਼ ਨੇ ਸੱਤ ਵਜਾਤੇ!" ਕਾਮਰੇਡ ਨੇ ਜਾਣ ਦਾ ਚੇਤਾ ਕਰਵਾਇਆ

-"ਤੇਰੀ ਨੂੰਹ ਨੇ ਰੋਟੀ ਨ੍ਹੀ ਦੇਣੀਂ ਕਾਮਰੇਡਾ! ਲੇਟ ਹੋ ਗਿਆ ਤਾਂ ਚਿੜ-ਚਿੜ ਕਰੂ!" ਟੱਲੇਵਾਲੀਆ ਹਰਚੰਦ ਪੁਕਾਰ ਉਠਿਆ

-"ਟੈਮ ਦਾ ਪਾਬੰਦ ਈ ਰਹਿਣਾ ਚਾਹੀਦੈ ਭਾਈ-ਫੇਰ ਵੀ ਵਲੈਤ 'ਚ ਬੈਠੇ ਐਂ!" ਭਲਵਾਨ ਨੇ ਕਿਹਾ

-"ਆਪਾਂ ਚਾਹੇ ਵਲੈਤ ਛੱਡ ਚੰਦ 'ਤੇ ਜਾ ਵੜੀਏ ਟੱਲੇਆਲ਼ੀਆ! ਪਰ ਆਪਣੀ ਘੀਸੀ ਕਰਨ ਦੀ ਆਦਤ ਨ੍ਹੀ ਜਾਣੀ!" ਆਖ ਕੇ ਫ਼ੌਜੀ ਨੇ ਬੀਅਰ ਖਰੀ ਕਰ ਲਈ

-"ਗੱਲ ਸਹੀ ਐ ਯਾਰ!" ਸੁੱਖਾ ਬੋਲਿਆ

-"ਮੇਰੇ ਘਰਆਲ਼ੀ ਕੰਜਰ ਦੀ ਨਿੱਤ ਛੋਲਿਆਂ ਦੀ ਦਾਲ਼ ਧਰ ਲੈਂਦੀ ਐ-ਮੈਂ ਕਿਹਾ ਤੂੰ ਓਨਾ ਚਿਰ ਮੈਨੂੰ ਛੋਲਿਆਂ ਦੀ ਦਾਲ ਖੁਆਉਣੋਂ ਨ੍ਹੀ ਹੱਟਦੀ-ਜਿੰਨਾਂ ਚਿਰ ਮੈਂ ਹਿਣਕਣ ਨ੍ਹੀ ਲੱਗਦਾ!" ਫ਼ੌਜੀ ਦੇ ਆਖਣ 'ਤੇ ਹਾਸੜ ਮੱਚ ਗਈ

-"ਤੈਨੂੰ ਬਈ ਹਰਦੇਵ ਸਿਆਂ ਕੰਮ ਕਾਰ ਮਿਲਿਆ ਕਿ ਨਹੀਂ ਕੋਈ?" ਕਾਮਰੇਡ ਨੇ ਹਰਦੇਵ ਨੂੰ ਪੁੱਛਿਆ

-"ਨਹੀਂ ਕਾਮਰੇਡ, ਅਜੇ ਤਾਂ ਮਿਲਿਆ ਨਹੀਂ! ਪਰ ਫ਼ਾਰਮ ਭਰਿਆ ਹੋਇਐ।" ਹਰਦੇਵ ਜਿਵੇਂ ਭੋਰੇ 'ਚੋਂ ਬੋਲਿਆ ਸੀ

-"ਯਾਰ ਕੱਚੇ ਬੰਦੇ ਨੂੰ ਕੰਮ ਨਾ ਮਿਲ਼ੇ-ਇਹ ਇਕ ਵੱਖਰੀ ਗੱਲ ਐ-ਪਰ ਪੱਕੇ ਨੂੰ ਵੀ ਕੰਮ ਨ੍ਹੀ ਮਿਲਦਾ?" ਸੁੱਖਾ ਹੈਰਾਨ ਸੀ

-"ਜੇ ਕੰਮ ਹੋਊ-ਤਾਂ ਹੀ ਦੇਣਗੇ?" ਬਰਾੜ ਬੋਲਿਆ

-"ਕੋਈ ਗੱਲ ਨੀ ਸ਼ੇਰਾ! ਮਿਲ਼ਜੂ ਕੰਮ! ਫਿਕਰ ਫ਼ਾਕਾ ਨਹੀਂ ਕਰੀਦਾ ਹੁੰਦਾ!"

-"ਇਹਨੂੰ ਫਿਕਰ ਕਾਹਦੈ? ਘਰਆਲ਼ੀ ਕੰਮ ਕਰਦੀ ਐ! ਐਸ਼ ਕਰੇ! ਸਾਰੀ ਉਮਰ ਕੰਮ ਈ ਕਰਨੈਂ?"

-"ਘਰੇ ਬਾਈ ਜੀ ਟਾਈਮ ਵੀ ਨਹੀਂ ਨਿਕਲਦਾ-ਆਹ ਪਾਰਕ 'ਚ ਆ ਕੇ ਵਕਤ ਧੱਕ ਛੱਡੀਦੈ।" ਹਰਦੇਵ ਨੇ ਕਿਹਾ

-"ਉਏ ਤੇਰੇ ਕੋਲ਼ੇ ਤਾਂ ਘਰੇ ਮਸ਼ੀਨ ਐਂ-ਚਲਾ ਲਿਆ ਕਰ! ਟੈਮ ਤਾਂ ਸਾਡੇ ਅਰਗਿਆਂ ਦਾ ਨ੍ਹੀ ਨਿਕਲਦਾ-ਜਿਹੜੇ ਉਠ ਦੀ ਪੂਛ ਅਰਗੇ ਲੰਡੇ ਈ ਫਿਰਦੇ ਐਂ।" ਬਾਬੇ ਨੇ ਆਖ ਕੇ ਭੜ੍ਹਾਸ ਕੱਢ ਲਈ

-"ਮਸ਼ੀਨ ਨੂੰ ਇਹਦੇ ਚਿੜੇ ਖਾਧੇ ਵੇ ਐ?"

ਹਾਸੜ ਮੱਚ ਗਈ

-"ਚਲੋ ਬਈ! ਗੱਲਾਂ ਤੁਸੀਂ ਹੋਰ ਈ ਪਾਸੇ ਨੂੰ ਤੋਰ ਕੇ ਬਹਿ ਜਾਨੇ ਓਂ? ਨਾ ਚੜ੍ਹੀਦੀ-ਨਾ ਲੱਥੀਦੀ!" ਕਾਮਰੇਡ ਨੇ ਤਰਕ ਲਾਈ

-"ਹੋਰ ਅਸੀਂ ਡੱਬੇ ਪੀ ਕੇ ਪਾਠ ਕਰਨ ਲੱਗ ਜਿਆ ਕਰੀਏ, ਕਾਮਰੇਟਾ? ਜਾਂ ਥੋਡੇ ਆਲ਼ੀ ਲਾਲ ਸਲਾਮ ਬਲਾਉਣ ਲੱਗਜੀਏ?" ਸੁੱਖੇ ਨੇ ਵੀ ਨਾਲ ਹੀ ਉਤਰ ਮੋੜਿਆ

-"ਚਲੋ ਕਮਲ਼ ਨਾ ਮਾਰੋ...!" ਕਾਮਰੇਡ ਉਠਿਆ ਤਾਂ ਸਾਰੇ ਹੀ ਉਠ ਕੇ ਨਾਲ਼ ਤੁਰ ਪਏ ਅਤੇ ਪਾਰਕ ਵਾਲਾ ਮੇਲਾ ਵਿਛੜ ਗਿਆ! ਉਦਾਸ ਜਿਹਾ ਹਰਦੇਵ ਵੀ ਉਹਨਾਂ ਦੇ ਮਗਰ ਲੱਗ ਤੁਰਿਆ

**********

ਚੌਦਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।

No comments: