ਫ਼ੌਜੀ ਉਸ ਨੂੰ ਆਪਣੇ ਵਕੀਲ ਕੋਲ ਲੈ ਗਿਆ।
ਤਿੰਨ ਸੌ ਮਾਰਕ ਦੇ ਕੇ ਵਕੀਲ ਕੋਲੋਂ ਅਪੀਲ ਕਰਵਾ ਦਿੱਤੀ।
ਹਰਦੇਵ ਕੰਮ ਨਿਰੰਤਰ ਕਰਦਾ ਰਿਹਾ। ਹਰ ਮਹੀਨੇ ਉਸ ਨੂੰ ਤਨਖਾਹ ਮਿਲਦੀ ਰਹੀ। ਜੋ ਉਹ ਫ਼ੌਜੀ ਰਾਹੀਂ ਪਿੰਡ ਬਾਪੂ ਨੂੰ ਭਿਜਵਾ ਛੱਡਦਾ। ਹਰ ਮਹੀਨੇ ਪਹੁੰਚਦੇ ਪੈਸੇ ਨਾਲ ਬਾਪੂ ਵੀ ਬਾਹਵਾ ਰੰਗਾਂ ਵਿਚ ਹੋ ਗਿਆ ਸੀ। ਚਾਹੇ ਪੈਸੇ ਘੱਟ ਹੀ ਮਿਲਦੇ ਸਨ, ਪਰ ਉਸ ਦਾ ਫ਼ਿਕਰ ਕਾਫ਼ੀ ਹੱਦ ਤੱਕ ਨਵਿਰਤ ਹੋ ਗਿਆ ਸੀ। ਉਸ ਨੂੰ ਹਰਦੇਵ ਦੇ ਕੇਸ ਬਾਰੇ ਕੋਈ ਇਲਮ ਨਹੀਂ ਸੀ। ਭਾਰਤ ਬੈਠਿਆਂ ਨੂੰ ਜਰਮਨ ਦੇ ਕਾਇਦੇ ਕਾਨੂੰਨਾਂ ਦਾ ਕੀ ਪਤਾ? ਬਾਪੂ ਦੇ ਭਾਅ ਦਾ ਤਾਂ ਹਰਦੇਵ ਸਿਉਂ ਦੇ ਬਾਹਰ ਪੈਰ ਲੱਗ ਗਏ ਸਨ। ਹਰਦੇਵ ਵੀ ਹਰ ਚਿੱਠੀ ਵਿਚ ਬੇਫ਼ਿਕਰ ਹੋਣ ਲਈ ਹੀ ਲਿਖਦਾ ਸੀ।
ਛੇ ਮਹੀਨੇ ਬਾਅਦ ਹਰਦੇਵ ਦੀ ਅਪੀਲ ਨਿਕਲ ਆਈ। ਪਰ ਫ਼ੈਸਲਾ ਫਿਰ ਵੀ ਨਾਂਹ ਪੱਖੀ ਹੀ ਹੋਇਆ। ਹੁਣ ਹਰਦੇਵ ਨੂੰ ਸਿਰਫ਼ ਦੋ ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ। ਜਾਂ ਤਾਂ ਦੋ ਹਫ਼ਤੇ ਦੇ ਵਿਚ-ਵਿਚ ਇਸ ਫ਼ੈਸਲੇ ਖਿ਼ਲਾਫ਼ ਆਖਰੀ ਅਪੀਲ ਕਰੇ ਅਤੇ ਜਾਂ ਫਿਰ ਇੰਡੀਆ ਜਾਣ ਲਈ ਤਿਆਰ ਰਹੇ!
----
ਦੋ ਹਫ਼ਤੇ ਦੇ ਅੰਦਰ ਅੰਦਰ ਅਪੀਲ ਫਿਰ ਕੀਤੀ ਗਈ।
ਇਹ ਜ਼ਾਹਿਰਾ ਤੌਰ 'ਤੇ ਹਰਦੇਵ ਦੀ ਆਖਰੀ ਅਪੀਲ ਸੀ।
ਪਰ ਮੰਤਰਾਲਾ ਆਪਣੇ ਪਹਿਲੇ ਫ਼ੈਸਲੇ 'ਤੇ ਹੀ ਬਾਜ਼ਿੱਦ ਰਿਹਾ! ਉਸ ਨੇ ਖੁੱਲ੍ਹੇਆਮ ਹਰਦੇਵ ਨੂੰ ਹਫ਼ਤੇ ਦੇ ਅੰਦਰ ਅੰਦਰ ਦੇਸ਼ ਨਿਕਾਲ਼ੇ ਦੇ ਹੁਕਮ ਸੁਣਾ ਦਿੱਤੇ! ਫ਼ੈਸਲਾ ਸੁਣ ਕੇ ਹਰਦੇਵ ਸੁੰਨ ਹੋ ਗਿਆ। ਉਸ ਨੂੰ ਆਪਣੇ ਗ਼ਰੀਬ ਘਰ ਦੀ ਤਸਵੀਰ ਅੱਖਾਂ ਅੱਗੇ ਵੈਣ ਪਾਉਂਦੀ ਲੱਗੀ। ਛੋਟੇ ਭੈਣ ਭਰਾਵਾਂ ਦੇ ਚਿਹਰੇ ਕੀਰਨੇ ਪਾਉਂਦੇ ਦਿਸੇ। ਪਰ ਉਸ ਦੇ ਵੱਸ ਕੋਈ ਨਹੀਂ ਸੀ! ਉਹ ਕੱਟੇ ਹੋਏ ਖੰਭਾਂ ਵਾਲੇ ਪੰਛੀ ਵਾਂਗ ਬੇਵੱਸ ਸੀ। ਕੁਝ ਕਰ ਨਹੀਂ ਸਕਦਾ ਸੀ। ਉਹ ਤਾਂ ਕੀ...? ਮੰਤਰਾਲੇ ਦੇ ਫ਼ੈਸਲੇ 'ਤੇ ਕੋਈ ਵੀ ਕੁਝ ਨਹੀਂ ਕਰ ਸਕਦਾ ਸੀ। ਵਕੀਲ ਨੇ ਵੀ ਝੱਗਾ ਚੁੱਕ ਦਿੱਤਾ। ਵਕੀਲ ਨੇ ਕਿਹੜਾ ਮੰਤਰਾਲੇ 'ਤੇ ਤੋਪ ਚਲਾ ਦੇਣੀ ਸੀ? ਵਕੀਲ ਨੇ ਵੀ ਕਾਨੂੰਨ ਦੇ ਅਧਾਰ 'ਤੇ ਹੀ ਲੜਨਾ ਸੀ! ਕਾਨੂੰਨ ਹੁਣ ਅੱਗੇ ਅਪੀਲ ਕਰਨ ਲਈ ਇਜਾਜ਼ਤ ਨਹੀਂ ਦਿੰਦਾ ਸੀ। ਸਾਰੇ ਰਾਹ ਬੰਦ ਕਰ ਦਿੱਤੇ ਗਏ ਸਨ। ਹਰਦੇਵ ਦੀ ਭਾਰਤ ਦੀ ਵਾਪਸੀ ਪੱਕੀ ਸੀ!
----
ਫ਼ੈਸਲਾ ਪੜ੍ਹ ਕੇ ਬੰਬੇ ਪੀਜ਼ਾ ਵਾਲਿਆਂ ਨੇ ਵੀ ਉਸ ਨੂੰ ਕੰਮ ਤੋਂ ਹਟਾ ਦਿੱਤਾ। ਉਹ ਆਪ ਕਿਸੇ ਪੰਗੇ ਵਿਚ ਨਹੀਂ ਪੈਣਾ ਚਾਹੁੰਦੇ ਸਨ। ਜਾਅਲੀ ਬੰਦੇ ਨੂੰ ਨਜਾਇਜ ਕੰਮ ਦੇਣਾ, ਕਾਨੂੰਨ ਦੀ ਇਕ ਘੋਰ ਉਲੰਘਣਾਂ ਸੀ। ਇਹ ਹਿੰਮਤ ਹੀ ਨਹੀਂ, ਦੇਸ਼ ਨਾਲ ਹਿਮਾਕਤ ਵੀ ਸੀ। ਜ਼ੁਰਮਾਨਾ ਤਾਂ ਜਿਹੜਾ ਮੋਟਾ ਹੋਣਾ ਸੀ, ਹੋਣਾ ਹੀ ਸੀ, ਪੁਲੀਸ ਉਹਨਾਂ ਦੇ ਪੀਜ਼ੇ ਦਾ ਲਾਈਸੰਸ ਜ਼ਬਤ ਕਰ ਕੇ, ਪੀਜ਼ਾ ਸੀਲ ਵੀ ਕਰ ਸਕਦੀ ਸੀ। ਉਹ ਆਪਣੇ ਆਪਦੇ ਪਾਲ਼ੇ ਤੋਂ ਡਰਦੇ ਸਨ। ਵੱਸ ਉਹਨਾਂ ਦੇ ਵੀ ਕੋਈ ਨਹੀਂ ਸੀ। ਹਰਦੇਵ ਇਕ ਸਮੇਂ ਦਾ ਪਾਬੰਦ ਅਤੇ ਈਮਾਨਦਾਰ ਲੜਕਾ ਸੀ। ਉਸ ਨੂੰ ਉਹ ਹੱਥੋਂ ਗੁਆਉਣਾ ਤਾਂ ਨਹੀਂ ਚਾਹੁੰਦੇ ਸਨ। ਪਰ ਉਹਨਾਂ ਦੀ ਕੋਈ ਵਾਹ ਵੀ ਨਹੀਂ ਚੱਲਦੀ ਸੀ।
ਸ਼ਾਮ ਨੂੰ ਹਰਦੇਵ ਫ਼ੌਜੀ ਕੋਲ਼ ਬੈਠਾ ਸੀ।
ਜਦੋਂ ਦਾ ਉਸ ਨੂੰ ਪੀਜ਼ੇ ਵਾਲਿਆਂ ਨੇ ਜਵਾਬ ਦਿੱਤਾ ਸੀ। ਉਹ ਫ਼ੌਜੀ ਕੋਲ ਹੀ ਆ ਗਿਆ ਸੀ। ਉਸ ਕੋਲ ਹੀ ਰਾਤ ਕੱਟਦਾ ਸੀ। ਉਹ ਪੀ ਰਹੇ ਸਨ।
-"ਬਾਈ ਫ਼ੌਜੀਆ! ਮੇਰਾ ਹੁਣ ਕੀ ਬਣੂੰ?"
-"ਦੇਖ ਛੋਟੇ ਭਾਈ! ਮੈਂ ਜਿੰਨੀ ਜੋਕਰਾ ਸੀ-ਤੇਰਾ ਕੰਮ ਕਰਦਾ ਰਿਹਾ।"
-"ਕੋਈ ਹੋਰ ਰਾਹ?"
-"ਹੋਰ ਰਾਹ ਤਾਂ ਸਿਰਫ਼ ਇਕ ਵਿਆਹ ਦਾ ਐ-ਤੇ ਐਡੀ ਛੇਤੀ ਕੋਈ ਗੋਰੀ ਮਿਲਣੀ ਮੁਸ਼ਕਿਲ ਐ-ਅੱਜ ਕੱਲ੍ਹ ਗੋਰੀਆਂ ਵੀ ਸਾਵਧਾਨ ਹੋਈਆਂ ਵੀ ਐਂ ਆਪਣੇ ਦੇਸੀ ਬੰਦਿਆਂ ਤੋਂ-।"
-"ਉਹ ਕਾਹਤੋਂ?"
-"ਉਏ ਤੈਨੂੰ ਪਤਾ ਈ ਐ ਆਪਣੇ ਦੇਸੀਆਂ ਦਾ? ਤੂੰ ਜੁਆਕ ਥੋੜੋ ਐਂ? ਵਿਆਹ ਕਰਵਾ ਲੈਂਦੇ ਐ-ਪੈਸੇ ਪੂਸੇ ਮੁੜਕੇ ਦਿੰਦੇ ਨ੍ਹੀ-ਜਿਹੜਾ ਵਾਅਦਾ ਕੀਤਾ ਹੁੰਦੈ-ਤੇ ਅਗਲੀਆਂ ਜਾ ਕੇ ਰੋਣ ਕਿੱਥੇ? ਗੌਰਮਿੰਟ ਦੀਆਂ ਨਜ਼ਰਾਂ 'ਚ ਤਾਂ ਉਹ ਵਿਆਹੀਆਂ ਵਰੀਆਂ-ਰੰਗੀਂ ਵਸਦੀਐਂ-ਪਰ ਹੁੰਦੀਆਂ ਵਿਚਾਰੀਆਂ ਅੰਦਰੋਂ ਖਾਲੀ ਖੋਖਾ ਈ ਐ।"
-"......।"
-"ਆਪਣੇ ਦੇਸੀ ਪੱਕੇ ਹੋ ਕੇ ਬੇਫ਼ਿਕਰ ਹੋ ਜਾਂਦੇ ਐ-ਪੈਸਾ ਧੇਲਾ ਦਿੰਦੇ ਕੋਈ ਨ੍ਹੀ! ਹੁਣ ਤਾਂ ਗੋਰੀਆਂ ਵੀ ਆਪਣਿਆਂ ਤੋਂ ਡਰਨ ਲੱਗਪੀਆਂ, ਛੋਟੇ ਭਾਈ।"
-"ਹੁਣ ਬਾਈ ਮੈਨੂੰ ਇੰਡੀਆ ਭੇਜਣਗੇ?"
-"ਇਹ ਤਾਂ ਛੋਟੇ ਭਾਈ ਦਿਸੀ ਈ ਜਾਂਦੈ-ਐਥੋਂ ਦੀ ਪੁਲਸ ਤੋਂ ਭੱਜ ਕੇ ਬੰਦਾ ਜਾਊ ਕਿੱਥੇ? ਇਹ ਤਾਂ ਬੰਦੇ ਨੂੰ ਲੱਭਣ ਲੱਗੇ ਪੱਟ ਦਿੰਦੇ ਐ, ਖੁਰਗੋ!"
-"ਮੈਨੂੰ ਇਕ ਗੱਲ ਸਮਝ ਨ੍ਹੀ ਆਉਂਦੀ ਬਾਈ ਫ਼ੌਜੀਆ-ਬਈ ਮੈਂ ਹੁਣ ਉਥੇ ਜਾ ਕੇ ਕਰੂੰ ਕੀ?" ਹਰਦੇਵ ਨੂੰ ਸਹੇ ਨਾਲੋਂ ਪਹੇ ਦਾ ਖ਼ਤਰਾ ਵਧਿਆ ਪਿਆ ਸੀ।
-"ਇਕ ਗੱਲ ਦੱਸਾਂ...?"
-"......।" ਹਰਦੇਵ ਨੇ ਅੱਖਾਂ ਉਪਰ ਚੁੱਕੀਆਂ। ਉਹ ਕਦੋਂ ਦਾ ਨੀਵੀਂ ਪਾਈ ਬੈਠਾ ਰਿਹਾ ਸੀ।
-"ਚੁੱਪ ਚਾਪ ਆਬਦੇ ਪ੍ਰੀਵਾਰ 'ਚ ਜਾਹ! ਅਜੇ ਤੂੰ ਕਿਹੜਾ ਬੁੜ੍ਹਾ ਹੋ ਗਿਆ? ਹੋ ਸਕਦੈ ਕਿਸੇ ਬਾਹਰਲੀ ਬੂਹਰਲੀ ਨਾਲ ਵਿਆਹ ਸ਼ਾਦੀ ਈ ਹੋਜੇ...?" ਫ਼ੌਜੀ ਨੇ ਆਖਿਆ।
----
ਗੱਲ ਹਰਦੇਵ ਦੇ ਦਿਲ ਲੱਗੀ। ਪਰ ਇਹ ਵੀ ਇਕ ਮਨ ਨੂੰ ਧਰਵਾਸ ਦੇਣ ਵਾਲ਼ੀ ਹੀ ਗੱਲ ਸੀ। ਇਕ ਆਸ ਅਤੇ ਫ਼ੋਕਾ ਦਿਲਾਸਾ ਉਸ ਦੇ ਦਿਮਾਗ ਵਿਚ ਵਦਾਣ ਮਾਰੀ ਜਾ ਰਿਹਾ ਸੀ। ਉਹ ਕਦੇ ਬਾਪੂ ਬੇਬੇ ਬਾਰੇ ਸੋਚਦਾ ਅਤੇ ਕਦੇ ਆਪਣੇ ਭੈਣ ਭਰਾਵਾਂ ਬਾਰੇ! ਉਸ ਦਾ ਦਿਮਾਗ ਗੇੜੀਂ ਪਿਆ ਹੋਇਆ ਸੀ।
ਤੀਜੇ ਦਿਨ ਫ਼ੈਡਰਲ ਪੁਲੀਸ ਨੇ ਹਰਦੇਵ ਨੂੰ ਗ੍ਰਿਫ਼ਤਾਰ ਕਰ ਲਿਆ।
ਵਕੀਲ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਉਸ ਦਾ ਕੇਸ ਫੇਲ੍ਹ ਹੋ ਚੁੱਕਿਆ ਸੀ ਅਤੇ ਜਰਮਨ ਮੰਤਰਾਲੇ ਵੱਲੋਂ ਦੇਸ਼ ਨਿਕਾਲੇ ਦੇ ਪ੍ਰਵਾਨੇ ਜਾਰੀ ਹੋ ਚੁੱਕੇ ਸਨ। ਹੁਕਮ ਅਨੁਸਾਰ ਉਸ ਨੂੰ ਭਾਰਤ ਪਰਤਣਾ ਹੀ ਪੈਣਾ ਸੀ। ਉਥੇ ਵਕੀਲ ਕੀ ਕਰਦਾ? ਭਾਰਤੀ ਅੰਬੈਸੀ ਤੋਂ 'ਆਊਟ-ਪਾਸ' ਬਣਦਿਆਂ ਤਿੰਨ ਕੁ ਦਿਨ ਲੱਗ ਗਏ ਅਤੇ ਚੌਥੇ ਦਿਨ ਪੁਲੀਸ ਨੇ ਹਰਦੇਵ ਨੂੰ ਫੜ ਕੇ ਦਿੱਲੀ ਜਾਣ ਵਾਲੇ ਜਹਾਜ ਵਿਚ ਬਿਠਾ ਦਿੱਤਾ!
ਆਉਣ ਬਾਰੇ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਸੀ। ਮੁਲਾਕਾਤ ਕਰਨ ਗਏ ਫ਼ੌਜੀ ਨੇ ਉਸ ਨੂੰ ਤਿੰਨ ਸੌ ਮਾਰਕ ਅਤੇ ਪੰਜ ਸੌ ਭਾਰਤੀ ਰੁਪਏ ਆਪਣੇ ਵੱਲੋਂ ਦੇ ਦਿੱਤੇ ਸਨ। ਉਹ ਪੈਸੇ ਉਸ ਨੇ ਨਜਾਇਜ਼ ਹਥਿਆਰ ਵਾਂਗ ਲਕੋਏ ਹੋਏ ਸਨ।
----
ਉਹ ਦਿੱਲੀ ਏਅਰਪੋਰਟ 'ਤੇ ਉਤਰਿਆ ਤਾਂ ਇੰਮੀਗਰੇਸ਼ਨ ਅਫ਼ਸਰ ਨੇ ਉਸ ਨੂੰ ਆਊਟ-ਪਾਸ 'ਤੇ ਆਉਣ ਦਾ ਕਾਰਨ ਪੁੱਛਿਆ ਤਾਂ ਹਰਦੇਵ ਨੇ ਸਿੱਧੀ ਹੀ ਸੁਣਾ ਦਿੱਤੀ।
-"ਸਟੇਅ ਬਾਰੇ ਅਪਲਾਈ ਕੀਤਾ ਸੀ, ਸਰ! ਕੇਸ ਫ਼ੇਲ੍ਹ ਹੋ ਗਿਆ-ਤੇ ਉਹਨਾਂ ਨੇ ਮੈਨੂੰ ਆਹ ਸਲਿੱਪ ਜੀ ਦੇ ਕੇ ਜਹਾਜ ਚਾੜ੍ਹਤਾ!" ਉਸ ਨੇ ਕੋਈ ਵਲ਼ ਫੇਰ ਨਹੀਂ ਰੱਖਿਆ ਸੀ। ਵਲ਼ ਫ਼ੇਰ ਰੱਖਣ ਦਾ ਫ਼ਾਇਦਾ ਵੀ ਕੀ ਸੀ? ਆਉਟ-ਪਾਸ ਜਾਂ ਐਮਰਜੈਂਸੀ-ਸਲਿੱਪ 'ਤੇ ਕਿਹੜਾ ਕੋਈ ਚਾਅ ਨਾਲ ਆਉਂਦੈ? ਕੋਈ ਵਖ਼ਤਾਂ ਦਾ ਮਾਰਿਆ ਹੀ ਆਉਂਦੈ! ਇੰਮੀਗਰੇਸ਼ਨ ਅਫ਼ਸਰ ਨੇ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ। ਆਊਟ-ਪਾਸ ਆਪਣੇ ਕੋਲ ਰੱਖ ਲਿਆ।
ਬਾਹਰ ਆ ਕੇ ਹਰਦੇਵ ਨੇ ਕੋਚ ਫੜੀ ਅਤੇ ਮੋਗੇ ਜਾ ਉਤਰਿਆ। ਫ਼ੌਜੀ ਦੇ ਦਿੱਤੀ ਭਾਰਤੀ ਕਰੰਸੀ ਉਸ ਦੇ ਕੰਮ ਆ ਗਈ ਸੀ। ਮਾਰਕ ਉਸ ਨੇ ਕੋਟ ਦੀ ਅੰਦਰਲੀ ਜੇਬ ਵਿਚ ਛੁਪਾ ਕੇ ਪਾਏ ਹੋਏ ਸਨ। ਮੋਗੇ ਤੋਂ ਪਿੰਡ ਤੱਕ ਉਸ ਨੇ ਟੈਕਸੀ ਕਰ ਲਈ। ਫਿਰ ਵੀ ਮੁੰਡਾ 'ਬਾਹਰੋਂ' ਆਇਆ ਸੀ! ਕੋਈ ਲੱਲੋ-ਪੱਤੋ ਗੱਲ ਨਹੀਂ ਸੀ! ਚਾਹੇ ਉਹ ਮਜਬੂਰੀ ਵੱਸ, ਡਿਪੋਰਟ ਹੋ ਕੇ ਹੀ ਆਇਆ ਸੀ। ਪਰ ਆਇਆ ਤਾਂ ਬਾਹਰੋਂ ਹੀ ਸੀ! ਆਪਣੀ ਹੈਸੀਅਤ ਅਨੁਸਾਰ, ਤਮਾਨ ਜੋਗੇ ਪੈਸੇ ਉਹ ਬਾਪੂ ਨੂੰ ਭੇਜਦਾ ਰਿਹਾ ਸੀ। ਉਸ ਤੋਂ ਵੱਧ ਉਸ ਦੇ ਵੱਸ ਦਾ ਰੋਗ ਨਹੀਂ ਸੀ!
----
ਰਾਤ ਨੂੰ ਜਦੋਂ ਉਹ ਪਿੰਡ ਪਹੁੰਚਿਆ ਤਾਂ ਘਰ ਵਿਚ ਖ਼ੁਸ਼ੀ ਪਸਰ ਗਈ। ਛੋਟੇ ਭੈਣ ਭਾਈ ਵੀਰ ਦੇ ਗੋਡਿਆਂ ਨੂੰ ਚਿੰਬੜ ਗਏ। ਬੇਬੇ ਨੇ ਪੁੱਤ ਨੂੰ ਬੁੱਕਲ਼ ਵਿਚ ਲੈ ਕੇ ਹੰਝੂਆਂ ਰਾਹੀਂ ਦਿਲ ਦੀ ਜਿਲਬ ਧੋ ਲਈ। ਬੇਬੇ ਦੀਆਂ ਜੋਤਹੀਣ ਅੱਖਾਂ 'ਚੋਂ ਝੜੀ ਲੱਗ ਗਈ ਸੀ। ਬਾਪੂ ਨੇ ਵੀ ਪੁੱਤ ਨੂੰ ਜੱਫ਼ੀ ਵਿਚ ਲਿਆ ਸੀ। ਕਿਸੇ ਨੇ ਉਸ ਨੂੰ ਇਤਨੀ ਜਲਦੀ ਅਤੇ ਅਚਾਨਕ ਆਉਣ ਬਾਰੇ ਨਹੀਂ ਪੁੱਛਿਆ ਸੀ।
ਕੋਲ ਲਿਆਂਦੀ ਬੋਤਲ ਵਿਚੋਂ ਉਸ ਨੇ ਦੋ-ਚਾਰ ਕਰੜੇ ਪੈੱਗ ਚਾੜ੍ਹ ਲਏ ਅਤੇ ਦਿਲ ਸਖ਼ਤ ਜਿਹਾ ਕਰਕੇ ਬੈਠ ਗਿਆ।
ਕਿਸੇ ਨੇ ਕੋਈ ਗੱਲ ਨਾ ਕੀਤੀ।
ਬੇਬੇ ਦੀਆਂ ਪੱਕੀਆਂ ਰੋਟੀਆਂ ਖਾਣ ਲਈ ਤਾਂ ਹਰਦੇਵ ਹਾਬੜਿਆ ਪਿਆ ਸੀ। ਦਾਰੂ ਦੇ ਨਸ਼ੇ ਅਤੇ ਭੁੱਖ ਵਿਚ ਪਤਾ ਨਹੀਂ ਉਹ ਕਿੰਨੀਆਂ ਕੁ ਰੋਟੀਆਂ ਰਗੜ ਗਿਆ ਸੀ? ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਉਸ ਨੂੰ ਨਿਆਮਤ ਜਾਪੇ ਸਨ। ਉਹ ਪੂਰੀ ਰਾਤ ਦਾ ਅਨੀਂਦਰਾ ਸੀ। ਪੈਣ ਸਾਰ ਹੀ ਘੁਰਾੜ੍ਹੇ ਮਾਰਨ ਲੱਗ ਪਿਆ।
----
ਸਵੇਰ ਹੋਈ।
ਚਾਹ ਪੀਤੀ।
ਉਸ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਬਾਪੂ ਆਉਣ ਦਾ ਕਾਰਨ ਜਾਨਣਾ ਚਾਹੁੰਦਾ ਹੈ! ਕਾਰਨ ਤਾਂ ਬਾਪੂ ਨੇ ਪੁੱਛਣਾ ਹੀ ਸੀ! ਹੁਣ ਉਹ ਬਾਪੂ ਨੂੰ ਖ਼ੁਸ਼ ਰੱਖਣ ਵਾਸਤੇ ਬਾਪੂ ਕੋਲ ਝੂਠ ਬੋਲੇ? ਪਰ ਹਰਦੇਵ ਸਿਆਂ, ਇਹ ਝੂਠ ਚੱਲੂ ਕਿੰਨੇ ਕੁ ਦਿਨ? ਫ਼ੋਕੇ ਫ਼ਾਇਰ ਕਿੰਨੇ ਕੁ ਦਿਨ ਚਲਾਵੇਂਗਾ? ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ। ਇਕ ਨਾ ਇਕ ਦਿਨ ਸੱਚ ਨੇ ਉਜਾਗਰ ਹੋ ਹੀ ਜਾਣਾ ਹੈ! ਆਖਰ ਪੁੱਤ ਬਸੰਤਿਆ ਤੂੰ ਹੱਟੀ ਬਹਿਣਾ! ਇਕ ਨਾ ਇਕ ਦਿਨ ਤਾਂ ਸੱਚ ਦੱਸਣਾ ਹੀ ਪਊ! ਜੇ ਅੱਜ ਬਾਪੂ ਕੋਲ ਝੂਠ ਬੋਲਿਆ? ਤਾਂ ਅਸਲੀਅਤ ਪਤਾ ਲੱਗਣ 'ਤੇ ਬਾਪੂ ਕਿੰਨਾਂ ਦੁਖੀ ਹੋਵੇਗਾ? ਉਸ ਦਾ ਦਿਲ ਵਾਧੀ ਦੁਖੀ ਹੋਊ! ਸ਼ਾਇਦ ਬੋਲ ਕਬੋਲ ਵੀ ਕਰੇ? ਪਰ ਮੇਰੇ ਵੀ ਤਾਂ ਕੋਈ ਵੱਸ ਨਹੀਂ ਸੀ! ਮੇਰਾ ਕਿਹੜਾ ਉਥੋਂ ਆਉਣ ਨੂੰ ਜੀਅ ਕਰਦਾ ਸੀ? ਮੈਂ ਵੀ ਤਨਦੇਹੀ ਨਾਲ ਬਾਪੂ ਦੀ ਕਬੀਲਦਾਰੀ ਵਿਚ ਹੱਥ ਵਟਾਉਣਾ ਚਾਹੁੰਦਾ ਸੀ। ਮੈਂ ਤਾਂ ਜਿੰਨੇ ਜੋਕਰਾ ਸੀ, ਬਾਪੂ ਨੂੰ ਆਸਰਾ ਦਿੰਦਾ ਰਿਹਾ ਹਾਂ। ਇਕ ਪੈਸਾ ਵੀ ਖ਼ਰਾਬ ਨਹੀਂ ਕੀਤਾ। ਸਾਰੀ ਤਨਖ਼ਾਹ ਹੀ ਬਾਪੂ ਨੂੰ ਭੇਜਦਾ ਰਿਹਾ। ਲੋਪੋ ਵਾਲਾ ਫ਼ੌਜੀ ਮੇਰਾ ਗਵਾਹ ਹੈ!
-"ਲਿਆ ਹਰ ਕੁਰੇ, ਲੱਸੀ ਲਿਆ ਐਥੋਂ!" ਹਰਦੇਵ ਦੇ ਬਾਪੂ ਜਾਗਰ ਸਿੰਘ ਨੇ ਆਖਿਆ। ਉਹ ਚਾਦਰੇ ਦਾ ਲੜ ਚੁੱਕ ਕੇ ਮੰਜੇ 'ਤੇ ਹਰਦੇਵ ਦੇ ਬਰਾਬਰ ਬੈਠ ਗਿਆ।
ਹਰਦੇਵ ਵੀ ਸੁਚੇਤ ਹੋ ਗਿਆ ਸੀ।
-"ਹੋਰ ਬਈ ਹਰਦੇਵ ਸਿਆਂ-ਕਿੰਨੀ ਕੁ ਛੁੱਟੀ ਐ ਹੁਣ?" ਬਾਪੂ ਨੇ ਸੁਆਲ ਦੀ ਸੱਬਲ਼ ਉਸ ਵੱਲ ਵਰ੍ਹਾਈ।
-"ਹੁਣ ਤਾਂ ਛੁੱਟੀਆਂ ਈ ਛੁੱਟੀਐਂ, ਬਾਪੂ!" ਹਰਦੇਵ ਨੇ ਵੀ ਸਿੱਧੀ ਹੀ ਸੁਣਾ ਦਿੱਤੀ।
-"ਪੱਕੇ ਈ ਆ ਗਿਐਂ...?"
-"ਆਇਆ ਨਹੀਂ ਬਾਪੂ, ਭੇਜਤਾ ਉਹਨਾਂ ਨੇ! ਕੇਸ ਫ਼ੇਲ੍ਹ ਹੋ ਗਿਅ ਸੀ ਮੇਰਾ।"
-"ਕੇਸ ਕਿਸੇ ਵਕੀਲ ਵਕੂਲ ਨੂੰ ਚਾਰ ਪੈਸੇ ਦੇ ਕੇ ਸਿੱਧਾ ਕਰਵਾ ਲੈਣਾ ਸੀ।"
-"ਵਕੀਲ ਵੀ ਕੀਤਾ ਸੀ, ਬਾਪੂ-ਪਰ ਮੰਤਰਾਲੇ ਨੇ ਤਿੰਨ ਵਾਰੀ ਨਾਂਹ ਕਰਤੀ ਤੇ ਪੁਲਸ ਨੇ ਫ਼ੜ ਕੇ ਮੈਨੂੰ ਐਧਰ ਨੂੰ ਚਾੜ੍ਹਤਾ।"
-"ਚਾਰ ਛਿਲੜ ਪੁਲਸ ਨੂੰ ਝੋਕ ਦੇਣੇ ਸੀ, ਕਮਲ਼ਿਆ...! ਉਹ ਜਾਣੇਂ, ਓਸ ਗੱਲ ਦੇ ਆਖਣ ਮਾਂਗੂੰ ਜੇ ਲੈ, ਦੇ ਕੇ ਕਾਰਜ ਰਾਸ ਆਉਂਦਾ ਹੋਵੇ...!"
ਹਰਦੇਵ ਹੱਸ ਪਿਆ।
-"ਉਥੇ ਆਪਣੇ ਆਲ਼ੀ ਪੁਲ਼ਸ ਨ੍ਹੀ, ਬਾਪੂ! ਉਥੇ ਨ੍ਹੀ ਕੋਈ ਪੈਸਾ ਦਿੰਦਾ-ਨਾ ਈ ਪੁਲ਼ਸ ਆਲ਼ੇ ਲੈ ਸਕਦੇ ਐ।"
-"ਪੈਸਾ ਕਿਸੇ ਨੇ ਤਿਆਗਿਐ? ਚਾਹੇ ਕੋਈ ਵੀ ਪੁਲ਼ਸ ਹੋਵੇ!"
-"ਬਾਪੂ ਸਾਡੇ ਨਾਲ ਇਕ ਮੁੰਡਾ ਫੜਿਆ ਵਿਆ ਸੀ-ਉਹਨੂੰ ਜਦੋਂ ਪੁਲ਼ਸ ਆਲ਼ਿਆਂ ਨੇ ਟਰੇਨ 'ਚੋਂ ਗ੍ਰਿਫ਼ਤਾਰ ਕੀਤਾ ਤਾਂ ਰੱਬ ਜਾਣੇ ਉਹ ਉਹਨਾਂ ਨੂੰ ਪੈਸੇ ਦਿਖਾ ਕੇ ਜੁਰਮਾਨਾ ਦੇਣ ਬਾਰੇ ਇਸ਼ਾਰੇ ਕਰਦਾ ਰਿਹਾ? ਪਤਾ ਨ੍ਹੀ, ਸੱਚੀਂ ਰਿਸ਼ਵਤ ਦੇਣ ਲੱਗਿਆ ਸੀ? ਬੋਲੀ ਉਹਨੂੰ ਆਉਂਦੀ ਨ੍ਹੀ ਸੀ-ਉਹਦੇ 'ਤੇ ਪੁਲਸ ਆਲਿਆਂ ਨੇ ਰਿਸ਼ਵਤ ਦੇਣ ਦਾ ਕੇਸ ਵੀ ਬਣਾਤਾ-ਉਹ ਤਾਂ ਕੋਈ ਆਪਣਾ ਦੇਸੀ ਦੋਭਾਸ਼ੀਆਂ ਈ ਚੰਗਾ ਸੀ-ਬਰਾੜ ਬਰਾੜ ਨਾਂ ਸੀ ਉਹਦਾ-ਜੀਹਨੇ ਉਹਨੂੰ ਕਹਿ ਕੁਹਾ ਕੇ ਇਹ ਅਖਵਾ ਦਿੱਤਾ ਬਈ ਮੈਂ ਤਾਂ ਜੁਰਮਾਨਾ ਦੇਣ ਵਾਸਤੇ ਪੁਲ਼ਸ ਨੂੰ ਪੈਸੇ ਦਿਖਾਏ ਸੀ-ਰਿਸ਼ਵਤ ਦੇਣ ਵਾਸਤੇ ਨਹੀਂ! ਜੇ ਉਹ ਮੋਗੇ ਵੱਲੀਂ ਦਾ ਬਰਾੜ ਨਾ ਹੁੰਦਾ, ਤਾਂ ਉਹ ਮੁੰਡਾ ਤਾਂ ਗਿਆ ਸੀ ਸਿੱਧਾ ਈ ਛੇ ਮਹੀਨਿਆਂ ਵਾਸਤੇ ਅੰਦਰ, ਰਿਸ਼ਵਤ ਦੇਣ ਦੇ ਕੇਸ 'ਚ!"
----
ਬਾਪੂ ਚੁੱਪ ਕਰ ਗਿਆ।
ਪੰਜਾਬ ਪੁਲੀਸ ਵਿਚ ਮੁਣਸ਼ੀ ਰਿਹਾ ਹੋਣ ਕਰਕੇ ਜਾਗਰ ਸਿਉਂ ਐਡੀ ਇਮਾਨਦਾਰੀ ਬਾਰੇ ਸੋਚ ਹੀ ਨਹੀਂ ਸਕਦਾ ਸੀ, ਕਿ ਕਿਸੇ ਦੇਸ਼ ਦੀ ਪੁਲੀਸ ਰਿਸ਼ਵਤ ਨਹੀਂ ਲੈਂਦੀ। ਜੇ ਕੋਈ ਬਾਪੂ ਨੂੰ ਆਖ ਦਿੰਦਾ ਕਿ ਫਲਾਨਾ ਮਰ ਕੇ ਜਿਉਂਦਾ ਹੋ ਗਿਆ। ਜਾਂ ਅੱਜ ਸੂਰਜ ਪੁੱਠੇ ਪਾਸਿਓਂ ਚੜ੍ਹਿਆ ਸੀ। ਤਾਂ ਬਾਪੂ ਫ਼ੱਟ ਮੰਨ ਲੈਂਦਾ। ਪਰ ਜੇ ਕੋਈ ਕਹੇ ਕਿ ਫ਼ਲਾਨੇ ਦੇਸ਼ ਦੀ ਪੁਲ਼ਸ ਰਿਸ਼ਵਤ ਨਹੀਂ ਲੈਂਦੀ, ਤਾਂ ਬਾਪੂ ਪੈਰਾਂ 'ਤੇ ਪਾਣੀ ਨਾ ਪੈਣ ਦਿੰਦਾ। ਉਹ, "ਛੱਡਿਆ ਕਰੋ, ਯਾਰ! ਨਿਰਾ ਈ ਝੂਠ!" ਆਖ ਕੇ ਅਗਲੇ ਨੂੰ ਚੁੱਪ ਕਰਵਾ ਦਿੰਦਾ। ਪਰ ਜਰਮਨ ਵਿਚ ਰਹੇ ਪੁੱਤ ਦੀ ਗੱਲ ਉਹ ਕਿਵੇਂ ਮੋੜਦਾ? ਉਸ ਦੇ ਨਿੱਜੀ ਤਜ਼ਰਬੇ ਨੂੰ ਕਿਵੇਂ ਨਿਕਾਰਦਾ?
-"ਹੁਣ ਤੇਰਾ ਅਗਲਾ ਵਿਚਾਰ ਕੀ ਐ, ਹਰਦੇਵ ਸਿਆਂ?"
-"ਬਾਪੂ...! ਮੈਂ ਤੇਰੀ ਈ ਕਸਮ ਖਾ ਕੇ ਆਖਦੈਂ-ਬਈ ਜਿੰਨੇ ਵੀ ਕਮਾਉਂਦਾ ਰਿਹੈਂ-ਸਾਰੇ ਤੈਨੂੰ ਈ ਭੇਜਦਾ ਰਿਹੈਂ-ਸਹੁੰ ਖਾਣ ਨੂੰ ਵੀ ਇਕ ਪੈਸਾ ਨ੍ਹੀ ਸੀ ਵਰਤਿਆ-ਕੀ ਕਦੇ ਇਕ ਅੱਧੀ ਪੈਂਟ ਜਾਂ ਜੁੱਤੀ ਲੈ ਲਈ-ਇਹ ਵੱਖਰੀ ਗੱਲ ਐ-।"
-"ਉਹ ਤਾਂ ਪੁੱਤ ਮੈਨੂੰ ਪਤੈ, ਸ਼ੇਰਾ! ਸਰੀਰਕ ਲੋੜਾਂ ਵੀ ਬੰਦੇ ਨੇ ਪੂਰੀਆਂ ਕਰਨੀਆਂ ਈ ਹੁੰਦੀਐਂ।"
-"ਬਾਪੂ ਐਥੇ ਰਹਿ ਕੇ ਬਣਨਾ ਬਣਾਉਣਾ ਕੱਖ ਨ੍ਹੀ-ਠੂਠੇ ਨਾਲ ਕੁਨਾਲ ਈ ਵੱਜੂ-ਮੈਂ ਤਾਂ ਉਡਾਰੀ ਬਾਹਰ ਨੂੰ ਈ ਮਾਰੂੰ! ਜਦੋਂ ਮਰਜੀ ਐ ਮਾਰਲਾਂ...।" ਉਸ ਨੇ ਸੌ ਹੱਥ ਰੱਸੇ ਦੇ ਸਿਰੇ ਤੋਂ ਬਾਪੂ ਸਾਹਮਣੇ ਗੰਢ ਖੋਲ੍ਹ ਦਿੱਤੀ। ਹਨ੍ਹੇਰੇ ਵਿਚ ਉਹ ਬਾਪੂ ਨੂੰ ਕਦਾਚਿੱਤ ਨਹੀਂ ਰੱਖਣਾ ਚਾਹੁੰਦਾ ਸੀ।
ਹਰਦੇਵ ਦਾ ਫ਼ੈਸਲਾ ਸੁਣ ਕੇ ਬਾਪੂ ਚੁੱਪ ਕਰ ਗਿਆ।
ਉਸ ਨੇ ਕੋਈ ਵੀ ਚੰਗਾ-ਮੰਦਾ ਪ੍ਰਤੀਕਰਮ ਨਹੀਂ ਦਿੱਤਾ ਸੀ। ਪੁੱਤ 'ਤੇ ਉਸ ਨੂੰ ਕੋਈ ਸ਼ਿਕਾਇਤ ਨਹੀਂ ਸੀ। ਕੋਈ ਗ਼ਿਲਾ ਨਹੀਂ ਸੀ। ਉਸ ਨੂੰ ਵੀ ਪ੍ਰਤੱਖ ਪਤਾ ਸੀ ਕਿ ਹਰਦੇਵ ਜਿੰਨੀ ਕਮਾਈ ਕਰਦਾ ਰਿਹਾ ਸੀ। ਸਾਰੀ ਪਿੰਡ ਨੂੰ ਹੀ ਆਉਂਦੀ ਰਹੀ ਸੀ। ਉਸ ਵਿਚ ਉਸ ਨੇ ਕੋਈ ਖ਼ਿਆਨਤ ਨਹੀਂ ਕੀਤੀ ਸੀ। ਤਨਖ਼ਾਹ ਈਮਾਨਦਾਰੀ ਨਾਲ ਘਰੇ ਹੀ ਭੇਜਦਾ ਰਿਹਾ ਸੀ। ਫਿਰ ਐਹੋ ਜਿਹੇ ਲਾਇਕ ਪੁੱਤ ਨੂੰ ਬਾਪੂ ਆਖਦਾ ਵੀ ਕੀ?
ਹਰਦੇਵ ਦੀ ਬੇਬੇ ਹਰ ਕੌਰ ਕਦੇ ਹਰਦੇਵ ਦੇ ਬਾਪੂ ਦੇ ਬਰਾਬਰ ਨਹੀਂ ਬੈਠੀ ਸੀ। ਜਾਗਰ ਸਿੰਘ ਬੜਾ ਹੀ ਤੱਲਖ਼ ਇਨਸਾਨ ਸੀ। ਆਪਣੀ ਕਹੀ ਗੱਲ ਪੁਗਾਉਣ ਵਾਲਾ, ਜ਼ਿੱਦੀ ਬੰਦਾ! ਹੁਣ ਬੱਚੇ ਬਰਾਬਰ ਦੇ ਹੋਏ ਹੋਣ ਕਾਰਨ ਜਾਗਰ ਸਿੰਘ ਵਿਚ ਥੋੜਾ ਬਹੁਤਾ ਸੁਧਾਰ ਜ਼ਰੂਰ ਆ ਗਿਆ ਸੀ। ਨਹੀਂ ਪਹਿਲਾਂ ਜੁਆਨੀ ਵੇਲੇ ਤਾਂ "ਹੱਟ ਕੁੱਤੀਏ...!" ਨਹੀਂ ਕਹਿਣ ਦਿੰਦਾ ਸੀ।
-"ਕੋਈ ਨਾ ਹਰਦੇਵ ਸਿਆਂ ਪੁੱਤ, ਤੂੰ ਐਸ਼ ਕਰ-ਜਿੱਦੇਂ ਕੋਈ ਬੰਨ੍ਹ ਸੁੱਬ ਹੋਇਆ-ਜ਼ਰੂਰ ਕਰਾਂਗੇ!"
----
ਹਰਦੇਵ ਘਰ ਦੇ ਕੰਮ ਵਿਚ ਰੁੱਝ ਗਿਆ। ਖੇਤੋਂ ਪੱਠੇ ਲਿਆਉਣੇ। ਮੱਝਾਂ ਛੱਪੜ 'ਤੇ ਲੈ ਕੇ ਜਾਣੀਆਂ। ਪੱਠੇ ਕੁਤਰਨੇ ਅਤੇ ਫਿਰ ਪਸ਼ੂਆਂ ਨੂੰ ਪਾਉਣੇ। ਲੋਪੋ ਵਾਲਾ ਜੁਗਰਾਜ ਫ਼ੌਜੀ ਉਸ ਨੂੰ ਬੜਾ ਯਾਦ ਆਉਂਦਾ। ਫ਼ੌਜੀ ਵਾਕਿਆ ਹੀ ਸੱਤਯੁਗੀ ਬੰਦਾ ਸੀ। ਜਦੋਂ ਮਹੀਨਾ ਕੁ ਹੋਇਆ, ਹਰਦੇਵ ਬਾਹਰ ਨਾ ਗਿਆ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਪੁੱਛਣਾ ਗਿੱਛਣਾ ਸ਼ੁਰੂ ਕਰ ਦਿੱਤਾ।
-"ਉਏ ਹਰਦੇਵ ਸਿਆਂ-ਕਦੋਂ ਜਾਣੈਂ ਬਈ ਤੂੰ?"
-"ਬੱਸ ਥੋੜਾ ਚਿਰ ਈ ਰਹਿੰਦੈ, ਚਾਚਾ!" ਉਹ ਗੱਲ ਛੇਤੀ ਹੀ ਨਬੇੜ ਦਿੰਦਾ।
-"ਹੁਣ ਤਾਂ ਸੁੱਖ ਨਾਲ ਤੈਨੂੰ ਮਹੀਨੇ ਤੋਂ ਵੀ ਉਪਰ ਹੋ ਗਿਆ ਆਏ ਨੂੰ?"
ਹਰਦੇਵ ਖਿਝ ਜਾਂਦਾ ਕਿ ਲੋਕ ਬੰਦੇ ਨੂੰ ਨਾ ਤਾਂ ਭੁੱਖਾ ਮਰਨ ਦਿੰਦੇ ਨੇ ਅਤੇ ਨਾ ਹੀ ਰੱਜ ਕੇ ਰੋਟੀ ਖਾਣ! ਉਹ ਅੱਕ ਕੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਮੈਂ ਕਿਹੜਾ ਤੁਹਾਡੇ ਤੋਂ ਕੁਛ ਲੈ ਕੇ ਖਾਨੈ? ਜਾਂ ਮੈਂ ਕਿਹੜਾ ਕਿਸੇ ਤੋਂ ਕੁਛ ਮੰਗਣ ਆਉਨੈ? ਪਰ ਉਹ ਆਪਣੀ ਆਦਤ ਮੂਜਵ ਚੁੱਪ ਰਹਿਣਾ ਹੀ ਬਿਹਤਰ ਸਮਝਦਾ। ਦੁਨੀਆਂ ਕਿਸੇ ਨੇ ਜਿੱਤੀ ਐ? ਇਹ ਤਾਂ ਆਪਣਾ ਮਨ ਜਿੱਤ ਲਵੋ ਤਾਂ ਆਪੇ ਜੱਗ ਜਿੱਤਿਆ ਜਾਂਦਾ ਹੈ। ਇਕ ਚੁੱਪ ਸੌ ਸੁਖ! ਗੱਲ ਕਹਿੰਦੀ ਐ ਕਿ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢ ਕੇ ਦਿਖਾਉਂਦੀ ਹਾਂ!
ਉਹ ਆਪਣੇ ਘਰੇਲੂ ਕੰਮ ਕਾਰ ਵਿਚ ਹੀ ਮਸਰੂਫ਼ ਰਹਿੰਦਾ।
ਘਰੋਂ ਬਹੁਤਾ ਬਾਹਰ ਨਾ ਨਿਕਲ਼ਦਾ।
***********************************
ਸੱਤਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ!
No comments:
Post a Comment