Friday, March 20, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 8

ਹਰਦੇਵ ਦੇ ਬਾਪ ਜਾਗਰ ਸਿੰਘ ਦੀ ਪੁਰਾਣਾ ਘੁਲਾਟੀਆ ਹੋਣ ਕਰਕੇ ਪਟੜੀਫ਼ੇਰ ਬਹੁਤ ਬਣਦੀ ਸੀਪੁਲੀਸ ਦਾ ਪੁਰਾਣਾ ਕਰਮਚਾਰੀ ਰਿਹਾ ਹੋਣ ਕਰਕੇ, ਤੁਰਿਆ ਫਿਰਿਆ ਬੰਦਾ ਸੀਦੁਨੀਆਂ ਜਾਣਦੀ ਸੀਇਕ ਦਿਨ ਉਸ ਦਾ ਕੋਈ ਪੁਰਾਣਾ ਮਿੱਤਰ ਜਾਗਰ ਸਿੰਘ ਨੂੰ ਮਿਲਣ ਆਇਆਵੈਸੇ ਉਹ ਜਾਗਰ ਸਿੰਘ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਮਾੜਾ ਮੋਟਾ ਰਿਸ਼ਤੇਦਾਰ ਵੀ ਸੀਦੇਖਣ ਪਰਖਣ ਤੋਂ ਉਹ ਕੋਈ ਸਾਊ ਬੰਦਾ ਨਜ਼ਰ ਨਹੀਂ ਆਉਂਦਾ ਸੀਉਸ ਨੇ ਕਰੜ ਬਰੜੀ ਦਾਹੜੀ ਦੇ ਖ਼ਤ ਕੱਢੇ ਹੋਏ ਸਨ ਅਤੇ ਮੁੱਛਾਂ ਛਾਂਗ ਕੇ ਗੰਨੇ ਦੇ ਆਗਾਂ ਵਰਗੀਆਂ ਬਣਾਈਆਂ ਹੋਈਆਂ ਸਨਲਾਲ ਅੱਖਾਂ ਬੈਟਰੀ ਵਾਂਗ ਜਗਦੀਆਂ ਸਨ ਅਤੇ ਉਸ ਦੇ ਮੂੰਹ ਵਿਚੋਂ ਰਾਤ ਦੀ ਪੀਤੀ ਦਾਰੂ ਦੀ ਹਵਾੜ੍ਹ ਮਾਰ ਰਹੀ ਸੀਉਸ ਦੀ ਤੱਕਣੀਂ ਸ਼ੈਤਾਨ ਸੀ ਅਤੇ ਉਸ ਦੀਆਂ ਚੁਸਤ ਨਜ਼ਰਾਂ ਚਾਰ ਚੁਫ਼ੇਰੇ ਘੁਕੀ ਜਾ ਰਹੀਆਂ ਸਨਉਹ ਚਾਦਰੇ ਦਾ ਲੜ ਵਾਰ-ਵਾਰ ਗੋਡਿਆਂ ਦੇ ਸੰਨ੍ਹ ਵਿਚ ਦਿੰਦਾ ਸੀ

ਚਾਹ ਪਾਣੀ ਪਿਆਉਣ ਤੋਂ ਬਾਅਦ ਹਰਦੇਵ ਉਸ ਬੰਦੇ ਨੂੰ ਆਪਣੇ ਬਾਪੂ ਕੋਲ਼ ਖੇਤ ਲੈ ਗਿਆਬਾਪੂ ਆਮ ਖੇਤ ਹੀ ਗੁਜ਼ਾਰਦਾ ਸੀਚਾਹ ਦਾ ਢਾਣਸ ਕਰਨ ਲਈ ਉਸ ਨੇ ਖੇਤ ਹੀ ਇਕ ਗਾਂ ਰੱਖੀ ਹੋਈ ਸੀਕਦੇ ਕਦੇ ਉਹ ਖੇਤ ਹੀ ਸੌਂ ਜਾਂਦਾਜੇ ਘਰੇ ਆਉਣਾ ਹੁੰਦਾ ਤਾਂ ਰਾਤ ਨੂੰ ਗਾਂ ਵੀ ਨਾਲ ਹੱਕੀ ਆਉਂਦਾ

-"ਸਾਸਰੀਕਾਲ ਬਈ ਜਾਗਰ ਸਿਆਂ...!" ਉਸ ਨੇ ਲਲਕਾਰ ਕੇ ਜਿਹੇ ਕਿਹਾ

-"ਉਏ ਆ ਬਈ ਜੁਗਾੜ ਸਿਆਂ, ਬੇਲੀਆ ਕਾਫ਼ੀ ਦੇਰ ਬਾਅਦ ਦਰਸ਼ਣ ਦਿੱਤੇ...! ਕਿਹੜੀਂ ਕੂਟੀਂ ਚੜ੍ਹ ਗਿਆ ਸੀ...? ਪਤੰਦਰਾ, ਈਦ ਦਾ ਚੰਦ ਈ ਹੋ ਗਿਆ-ਕਦੇ ਦਿਖਾਈ ਨ੍ਹੀ ਦਿੱਤੀ...?" ਹਰਦੇਵ ਦਾ ਬਾਪੂ ਉਸ ਨੂੰ ਜੱਫ਼ੀ ਵਿਚ ਲੈ ਕੇ ਮਿਲਿਆਨਾਂ ਤਾਂ ਉਸ ਦਾ ਜੁਗਰਾਜ ਸਿੰਘ ਸੀਪਰ ਸਾਰੇ ਪੁਲ਼ਸ ਵਾਲੇ ਉਸ ਨੂੰ "ਜੁਗਾੜ ਸਿਉਂ" ਹੀ ਆਖਦੇ

-"ਉਏ ਕਾਹਦੀ ਗੱਲ ਐ, ਜਾਗਰਾ! ਇਕ ਬੰਦੇ ਦੇ ਮੈਥੋਂ ਝਰੀਟਾਂ ਜੀਆਂ ਵੱਜਗੀਆਂ ਸੀ-ਸਾਲ਼ਿਆਂ ਨੇ ਛੱਬੀ ਦਾ ਪਰਚਾ ਕਟਵਾਤਾ-ਤੇ ਬੱਸ, ਛੇ ਕੁ ਮਹੀਨੇ ਸਹੁਰੀਂ ਲਾ ਕੇ ਆਇਐਂ...।" ਜੁਗਾੜ ਸਿਉਂ ਜੇਲ੍ਹ ਨੂੰ "ਸਹੁਰਾ ਘਰ" ਹੀ ਆਖਦਾ ਹੁੰਦਾ

-"ਤੇਰੀਆਂ ਝਰੀਟਾਂ ਦਾ ਵੀ ਮੈਨੂੰ ਪਤੈ! ਬਥੇਰਾ ਵਾਹ ਰਿਹੈ ਆਪਣਾ! ਅਗਲੇ ਦੇ ਸਿਰ 'ਚ ਪਾਉਣਾ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ? ਤੂੰ ਤਾਂ ਬੰਦਾ ਮਾਰ ਕੇ ਆਖਦੇਂ, ਐਵੇਂ ਧੌਣ 'ਚ ਘਰੂਟ ਜਿਆ ਵੱਜ ਗਿਆ ਸੀ! ਕਿਹੜੀ ਜੇਲ੍ਹ 'ਚ ਰਿਹੈਂ...?" ਜਾਗਰ ਨੂੰ ਕੋਈ ਬਹੁਤਾ ਮਹਿਸੂਸ ਨਹੀਂ ਹੋਇਆ ਸੀਕਿਉਂਕਿ ਜੁਗਾੜ ਸਿਉਂ ਸਾਲ ਵਿਚ ਛੇ ਕੁ ਮਹੀਨੇ ਜੇਲ੍ਹ ਯਾਤਰਾ 'ਤੇ ਹੀ ਰਹਿੰਦਾ ਸੀਘਰੋਂ, ਘਰਵਾਲ਼ੀ ਅਤੇ ਜੁਆਕ ਜੱਲੇ ਵੱਲੋਂ ਉਹ ਬੇਪ੍ਰਵਾਹ ਹੀ ਸੀਘਰਵਾਲ਼ੀ ਅਤੇ ਜੁਆਕ ਵੀ ਉਸ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਸਨਜਿਹੋ ਜੀ ਨੰਦੋ ਬਾਹਮਣੀਂ ਤੇ ਉਹੋ ਜਿਆ ਘੁੱਦੂ ਜੇਠ, ਵਾਲੀ ਗੱਲ ਸੀ! ਜੁਗਾੜ ਸਿਉਂ ਦੇ ਸਹੁਰੇ ਬੜੇ ਤਕੜੇ, ਖਾਂਦੇ ਪੀਂਦੇ ਸਨਜੁਗਾੜ ਸਿਉਂ ਦੇ ਪ੍ਰੀਵਾਰ ਦੀਆਂ ਲੋੜਾਂ ਉਹ ਪੂਰੀਆਂ ਕਰਦੇਜੁਗਾੜ ਸਿਉਂ ਤਾਂ ਆਪਣੇ ਕੰਮ ਵਿਚ ਹੀ ਮਸਤ ਸੀਬੈਲੀਆਂ ਨਾਲ ਬੈਠਣੀ ਉਠਣੀ ਸੀਸਦਾ ਦਿਵਾਲ਼ੀ ਸਾਧ ਦੀ ਤੇ ਚੋਰਾਂ ਦੀਆਂ ਰਾਤਾਂ ਵਾਲ਼ੀ ਗੱਲ ਸੀ

-"ਪਰੋਜਪੁਰ! ਮਾੜੇ ਧੀੜੇ ਥਾਂ ਆਪਾਂ ਜਾਨੇ ਐਂ? ਤੂੰ ਤਾਂ ਆਪ ਸਿਆਣੈਂ! ਕਿੰਨਾ ਆਪਣਾ ਵਾਹ ਰਿਹੈ...?" ਉਹ ਹੱਥ 'ਤੇ ਹੱਥ ਮਾਰ ਕੇ ਪਾਗਲਾਂ ਵਾਂਗ ਹੱਸਿਆ ਅਤੇ ਫਿਰ ਉਸ ਨੇ ਉਂਗਲਾਂ ਦੇ ਭੜ੍ਹਾਕੇ ਪਾਏ

-"ਤੇਰੇ ਯਾਰ ਦਾ ਕੀ ਹਾਲ ਐ...?"

-"ਯਾਰ ਬਾਹਲ਼ੇ ਐ! ਕਿਹੜੇ ਦੀ ਗੱਲ ਕਰਦੈਂ...?"

-"ਉਏ ਜਿਹੜਾ ਤੇਰੇ ਨਾਲ ਇਕ ਆਰੀ ਹਵਾਲਾਟ 'ਚ ਖਹਿਬੜ ਪਿਆ ਸੀ-ਕੀ ਨਾਂ ਸੀ ਉਹਦਾ, ਭਲਾ ਜਿਆ...?" ਜਾਗਰ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ

-"ਜਗਤਾ...?"

-"ਆਹੋ, ਜਗਤਾ...! ਕੀ ਹਾਲ ਐ ਉਹਦਾ?"

-"ਉਏ, ਉਹ ਤਾਂ ਸਾਲ਼ਾ ਪੋਰ ਨਿਕਲਿਆ-ਡੱਕੇ ਦਾ ਬੰਦਾ ਨ੍ਹੀ, ਯਾਰ ਜਾਗਰਾ!"

-"ਕਿਉਂ? ਕੀ ਹੋ ਗਿਆ? ਕਿਤੇ ਫੇਰ ਤਾਂ ਨ੍ਹੀ ਝਗੜ ਪਿਆ...?"

-"ਉਏ ਨਹੀਂ...! ਝਗੜਨਾ ਤਾਂ ਉਹਦਾ ਪਹਿਲਾ ਕਰਮ ਐਂ-ਨਾਲੇ ਤੈਨੂੰ ਪਤੈ-ਮੈਂ ਉਹਨੂੰ ਕਿੰਨਾਂ ਮੋਹ ਕਰਦੈਂ-ਪਰ ਖਹਿਬੜਦਾ ਵੀ ਕੰਜਰ ਮੇਰੇ ਨਾਲ ਈ ਐ-ਮੈਂ ਬਥੇਰਾ ਕਿਹਾ ਬਈ ਕੰਜਰ ਦਿਆ ਪੁੱਤਾ, ਮੇਰੇ ਨਾਲ ਨਾ ਲੜਿਆ ਕਰ-ਕੋਈ ਹੋਰ ਸਾਅਮੀ ਭਾਲ਼ ਲਿਆ ਕਰ-ਪਰ ਕਾਹਨੂੰ...!"

-"ਤੂੰ ਉਹਦੇ 'ਤੇ ਖਿਝਿਆ ਕਿਉਂ ਐਂ? ਇਹ ਤਾਂ ਦੱਸ...! ਉਹ ਤਾਂ ਤੇਰੀ ਹਿੱਕ ਦਾ ਵਾਲ਼ ਸੀ?"

-"ਯਾਰ ਜਾਗਰਾ! ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਐਂ-ਨਾਲੇ ਤੈਨੂੰ ਤਾਂ ਪਤਾ ਈ ਐ ਬਈ ਮੇਰਾ ਜਗਤੇ ਨਾਲ ਕਿੰਨਾ ਤੇਹ ਐ-।"

-"ਆਹੋ, ਉਹ ਤਾਂ ਪਤੈ...!" ਜਾਗਰ ਨੇ ਦਿਲੋਂ ਮੰਨਿਆਂ

-"ਚਾਹੇ ਲੜਦੇ ਭਿੜ੍ਹਦੇ ਰਹੀਦੈ-ਪਰ ਦਿਲ 'ਚ ਕਦੇ ਵੱਟ ਨ੍ਹੀ ਰੱਖਿਆ।"

-"ਖ਼ੈਰ...!"

-"ਉਹਦੀ ਗੁੱਡੀ ਬਿਆਹੀ ਵੀ ਸੀ ਇੰਗਲੈਂਡ-ਬਿਆਹੀ ਨੂੰ ਤਾਂ ਚਿਰ ਹੋ ਗਿਆ-ਕੋਈ ਬਾਲ ਬੱਚਾ ਹੋਇਆ ਨਾ ਬਿਚਾਰੀ ਦੇ-ਬਿਆਹੀ ਤਾਂ ਮੈਨੂੰ ਮੈਦ ਐ ਬਈ ਉਹ ਦਸ ਸਾਲ ਰਹੀ ਐ-ਇਕ ਵੱਡੀ ਹੋਈ ਦਾ ਬਿਆਹ ਕੀਤਾ ਸੀ-ਜੁਆਕ ਜੱਲਾ ਕੁੜੀ ਨੂੰ ਹੋਇਆ ਨਾ-ਤੇ ਅਗਲਿਆਂ ਨੇ ਉਹ ਛੱਡਤੀ...।"

-"ਫੇਰ...?"

-"ਫੇਰ ਕੀ...? ਕੁੜੀ ਪੱਕੀ ਐ-ਸਾਰਾ ਕੁਛ ਕੋਲੇ ਐ-ਉਹ ਬਿਚਾਰੀ ਦੁਖੀ ਹੋਈ ਸਾਰਾ ਕੁਛ ਛੱਡ ਛੁਡਾ ਕੇ ਐਥੇ ਆਗੀ-ਮੈਂ ਤਾਂ ਜਗਤੇ ਨੂੰ ਆਖਿਆ ਸੀ ਬਈ ਅੱਗੇ ਕਿਹੜਾ ਮਖ਼ਮਲਾਂ ਦੇ ਗੱਦਿਆਂ 'ਤੇ ਈ ਸੌਂਦੇ ਰਹੇ ਐਂ-ਧੀ ਧਿਆਣੀ ਛੱਡ ਤਾਂ ਦਿੱਤੀ-ਹੁਣ ਸਾਲਿ਼ਆਂ ਨੂੰ ਇੰਗਲੈਂਡ ਆਲ਼ਿਆਂ ਨੂੰ ਤਾਂ ਕੋਈ ਸਬਕ ਸਿਖਾਈਏ? ਉਹ ਜਾਣੇ, ਚਾਰ ਸਾਲ ਅੰਦਰ ਲਾ ਆਵਾਂਗੇ-ਸਾਲ਼ਾ ਮੋਕ ਈ ਮਾਰ ਗਿਆ-ਜਮਾਂ ਈ ਕਰਾੜ ਐ ਸਾਲ਼ਾ ਕੁੱਤਿਆਂ ਦਾ...!"

-"ਕਾਹਤੋਂ...?"

-"ਉਏ ਊਂ ਗੱਲ ਤਾਂ ਜਗਤੇ ਦੀ ਵੀ ਸਹੀ ਐ-ਅਗਲੇ ਦਸ ਸਾਲ ਕੁੜੀ ਦੇ ਮੂੰਹ ਵੱਲ ਝਾਕੀ ਗਏ-ਉਹਨਾਂ ਨੂੰ ਵੀ ਭਾਈ ਜਾਗਰਾ ਆਬਦੀ ਕੁਲ਼ ਦਾ ਫਿ਼ਕਰ ਐ-ਜੁਆਕ ਜੱਲਾ ਹੋਇਆ ਨ੍ਹੀ-ਤੇ ਅਗਲਿਆਂ ਨੇ ਸੋਚਿਆ ਬਈ ਜਦੋਂ ਦਸਾਂ ਸਾਲਾਂ 'ਚ ਜੁਆਕ ਨ੍ਹੀ ਹੋਇਆ, ਹੁਣ ਕਿੱਥੋਂ ਹੋਜੂ? ਬੋਤੇ ਦੇ ਬੁੱਲ੍ਹ ਦੀ ਉਹਨਾਂ ਨੇ ਉਡੀਕ ਨਾ ਕੀਤੀ-ਅਗਲਿਆਂ ਨੇ ਤਲਾਕ ਦੇ ਕੇ ਪਰ੍ਹਾਂ ਮਾਰਿਆ!"

-"ਗੱਲ ਤਾਂ ਇਹ ਵੀ ਸਮਝਣ ਆਲ਼ੀ ਐ-ਅਗਲਾ ਮੁੰਡਾ ਵਿਆਹੁੰਦੈ ਬਈ ਸਾਡੀ ਕੁਲ਼ ਅੱਗੇ ਤੁਰੂਗੀ-ਤੇ ਜੇ ਅਗਲੇ ਦੀ ਕੁਲ਼ ਈ ਨਾ ਅੱਗੇ ਤੁਰੀ? ਫੇਰ ਬਿਆਹ ਕਰਾਏ ਦਾ ਕੀ ਫ਼ਾਇਦਾ? ਅਗਲਿਆਂ ਨੇ ਸੋਚਿਆ ਹੋਣੈਂ ਬਈ ਹੁਣ ਮੁੰਡਾ ਦੂਜੇ ਵਿਆਹ ਦੇ ਕਾਬਲ ਐ-ਹੁਣ ਮੌਕੈ-ਵਿਆਹ ਲਵੋ-ਫੇਰ ਸੱਠਾਂ ਦਾ ਹੋ ਕੇ ਤਾਂ ਉਹ ਭਾਪਾ ਜੀ ਬਣਨੋਂ ਰਿਹਾ?"

-"ਗੱਲਾਂ ਤਾਂ ਯਾਰ ਜਾਗਰਾ ਸਾਰੀਆਂ ਈ ਠੀਕ ਐ-!"

-"ਕੁੜੀ ਦੀ ਉਮਰ ਕਿੰਨੀ ਕੁ ਐ?" ਜਾਗਰ ਇੰਗਲੈਂਡ ਦੇ ਨਾਂ ਨੂੰ ਸੁਚੇਤ ਹੋ ਗਿਆ

-"ਹੋਊਗੀ ਕੋਈ ਚਾਲ੍ਹੀਆਂ ਕੁ ਦੀ-ਊਂ ਯਾਰ ਜਗਤਾ ਬਿਚਾਰਾ ਹੋ ਘਾਊਂ ਮਾਊਂ ਜਿਆ ਈ ਗਿਆ-ਦੇਖਲਾ ਜੁਆਨ ਨੱਕ 'ਤੇ ਮੱਖੀ ਨ੍ਹੀ ਸੀ ਬੈਠਣ ਦਿੰਦਾ-ਉਏ ਨ੍ਹੀ ਸੀ ਕਹਾਉਂਦਾ ਕਿਸੇ ਕੰਜਰ ਤੋਂ-ਹੁਣ ਕੱਖੋਂ ਹੌਲ਼ਾ ਹੋਇਆ ਬੈਠੈ।"

-"ਧੀਆਂ ਦੇ ਦੁੱਖ ਬੁਰੇ ਹੁੰਦੇ ਐ, ਬਾਈ ਮੇਰਿਆ...!" ਜਾਗਰ ਨੇ ਕਿਹਾਇੰਗਲੈਂਡ ਤੋਂ ਆਈ ਕੁੜੀ ਅਤੇ ਜਗਤੇ ਦੀ ਮਜਬੂਰੀ...? ਜਾਗਰ ਸਿਆਂ ਇਸ ਦਾ ਭਰਪੂਰ ਫ਼ਾਇਦਾ ਉਠਾਇਆ ਜਾ ਸਕਦੈਮਾਰ ਕੋਈ ਕੱਦੂ 'ਚ ਤੀਰ...! ਤੂੰ ਫੇਰ ਵੀ ਪੁਰਾਣਾ ਖਿਡਾਰੀ ਐਂ...! ਜਗਤੇ ਵਰਗੇ ਬਥੇਰੇ ਵੇਚ-ਵੇਚ ਕੇ ਖਾਧੇ ਵੇ ਐ...! ਤੂੰ ਇਹਦੇ, ਜੁਗਾੜ ਸਿਉਂ ਦੇ ਈ ਕੋਈ ਕੁਤਕੁਤੀ ਕੱਢ! ਇਹਨੂੰ ਪਲੋਸ! ਜੁਗਾੜ ਸਿਉਂ ਤਾਂ ਲਵੇਰੀ ਮੱਝ ਐ, ਜੇ ਚਾਟ ਪਾਵੇਂਗਾ, ਦੁੱਧ ਆਲ਼ੀ 'ਨ੍ਹੇਰੀ ਲਿਆਦੂ...! ਤੂੰ ਇਹਨੂੰ ਪਲੋਸ ਜਾਗਰ ਸਿਆਂ...! ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿਚੇ ਰੰਬਾ ਰੱਖ...! ਉਏ ਜਾਗਰ ਸਿਆਂ ਮਾਰ ਇਹਦੇ ਕੰਜਰ ਦੇ ਥਾਪੀ ਤੇ ਪਸਮਾਅ ਇਹਨੂੰ...! ਮੁੰਡੇ ਦੀ ਗੱਲ ਚਲਾ ਇਹਦੇ ਨਾਲ...! ਕੁੜੀ ਨਾਲ ਮੁੰਡਾ ਨਰੜ ਕੇ, ਤੇ ਵਲੈਤ ਭੇਜ! ਇਕ ਵਾਰ ਤਾਂ ਘਰ ਦੀਆਂ ਕੁੱਖਾਂ ਕੱਢ ਦਿਊ ਜਿਉਣ ਜੋਕਰਾ...! ਉਹਨੇ ਤਾਂ ਕੱਚੇ ਨੇ ਜਰਮਨ 'ਚੋਂ ਨਾਂਅਵੇਂ ਦੀ 'ਨ੍ਹੇਰੀ ਲਿਆਤੀ ਸੀਹੁਣ, ਜੇ ਐਹੋ ਜੀ ਕੁੜੀ ਹੱਥ ਲੱਗ ਗਈ, ਤਾਂ ਪੌਂ ਬਾਰ੍ਹਾਂ ਈ ਹੋ ਜਾਣਗੀਆਂ...! ਪੁੱਤ ਪੋਤਿਆਂ ਦੀਆਂ ਰੋਟੀਆਂ ਬਣ ਜਾਣਗੀਆਂ! ਦਸ, ਪੰਦਰਾਂ ਸਾਲ ਵੱਡੀ ਉਮਰ ਦਾ ਕੀ ਹੁੰਦੈ...? ਬਾਂਝ ਕੁੜੀ ਐ, ਆਪਣਾ ਹਰਦੇਵ ਸਿਉਂ ਜਰਵਾਣਾ ਮੁੰਡੈ, ਉਹ ਤਾਂ ਖੁਆ ਦਿਊ ਚਾਲੀਆਂ ਸਾਲਾਂ ਆਲ਼ੀ ਦੇ ਗੇੜੇ...! ਉੜਾ ਦਿਊ ਤੂਸ਼ਕੇ...! ਜਾਗਰ ਸਿਆਂ, ਊਠ ਅੜਾਂਦੇ ਈ ਲੱਦੀਦੇ ਐ! ਇਹਦੇ ਕੰਜਰ ਦੇ ਖਰਖਰਾ ਕਰ ਕੇ, ਕੁੜੀ ਮੁੰਡੇ ਦਾ ਨਰੜ ਕਰਵਾ! ਢਾਈ ਕਿੱਲਿਆਂ ਦੇ ਮਾਲਕ, ਤੇਰੇ ਮੁੰਡੇ ਨੂੰ ਟਾਟੇ ਦੀ ਕੁੜੀ ਤਾਂ ਮਿਲਣੋਂ ਰਹੀ! ਕੋਈ ਟੋਭੇ ਫ਼ੂਕ ਈ ਮਿਲੂ! ਨਾਲੇ ਇੰਗਲੈਂਡ 'ਚ ਪੱਕੀ ਕੁੜੀ ਤੈਨੂੰ ਕਿਤੋਂ ਮਿਲਣੀ ਐਂ...? ਤੂੰ ਐਸ ਬਿੱਜੂ ਨੂੰ ਪਲੋਸ, ਤੇ ਕੁੜੀ ਆਲ਼ੀ ਗੱਲ ਚਲਾ...! ਜੇ ਕੁੜੀ ਦੀ ਉਮਰ ਚਾਲੀਆਂ ਸਾਲਾਂ ਦੀ ਐ, ਤੂੰ ਕਿਹੜਾ ਉਹਤੋਂ ਚੱਕੀ ਪਿਹਾਉਣੀ ਐਂ...? ਮੁੰਡਾ ਸੈੱਟ ਕਰ, ਬਾਕੀ ਪ੍ਰਮਾਤਮਾ ਆਪੇ ਭਲੀ ਕਰੂ...! ਇਹਨੂੰ ਘੁੱਟ ਲੁਆ ਕੇ, ਇਹਦੇ ਮੂਹਰੇ ਬੰਸਰੀ ਵਜਾ ਕੋਈ...! ਇਹ ਰਿੱਛ ਤੈਨੂੰ ਬੜਾ ਕੰਮ ਦਿਊਗਾ, ਜਾਗਰ ਸਿਆਂ...! ਪੀ ਕੇ ਇਹ ਸਾਲ਼ਾ ਬੋਤੇ ਜਿੰਨਾਂ ਕੰਮ ਦਿੰਦੈ! ਇਹਨੂੰ ਘੁੱਟ ਲੁਆ ਕੇ ਕੰਡੇ 'ਚ ਕਰ ਤੇ ਮਾਰ ਰੇਖ 'ਚ ਮੇਖ...!

-"ਕੀ ਸੇਵਾ ਕੀ ਕਰਾਂ...? ਜੁਗਾੜ ਸਿਆਂ ਮੈਂ ਤਾਂ ਗੱਲਾਂ ਬਾਤਾਂ 'ਚ ਭੁੱਲ ਈ ਗਿਆ ਸੀ!" ਜਾਗਰ ਨੇ ਕਿਹਾ

-"ਕੋਈ ਸੀਸੀ ਹੈਗੀ ਐ ਤਾਂ ਕੱਢਲਾ! ਹੋਰ ਸੇਵਾ ਨੂੰ ਮੈਂ ਕਿਹੜਾ ਲੱਤਾਂ ਘੁਟਵਾਉਣੀਐਂ?" ਜੁਗਾੜ ਸਿਉਂ ਨੇ ਗਿੱਟੇ ਖੁਰਕੇ'ਕਰਚ-ਕਰਚ' ਦੀ ਅਵਾਜ਼ ਸਾਫ਼ ਸੁਣਾਈ ਦਿੱਤੀਗਿੱਟਿਆਂ 'ਤੇ ਖ਼ੁਸ਼ਕੀ ਦੀਆਂ ਚਿੱਟੀਆਂ ਲੀਕਾਂ ਪੈ ਗਈਆਂਜਿਵੇਂ ਹਵਾ ਦੇ ਘੱਟ ਦਬਾਓ ਕਾਰਨ ਅਸਮਾਨ ਵਿਚ ਧੂੰਏਂ ਨਾਲ ਜਹਾਜ ਪਾਉਂਦੈ!

-"ਆਪਾਂ ਕਿਤੋਂ ਲੈਣ ਜਾਣੀਂ ਐਂ...? ਤੂੰ ਜਾਨ ਮੰਗ ਜਾਨ ਹਾਜਰ ਐ!" ਜਾਗਰ ਖੂੰਜਿਓਂ ਬੋਤਲ ਕੱਢ ਲਿਆਇਆ

ਉਹ ਬੋਤਲ ਨੂੰ ਕੁੱਕੜ ਵਾਂਗ ਕੱਛ 'ਚ ਦੇਈ ਆਉਂਦਾ ਸੀ

-"ਲੈ ਦੇਖ ਤਰਾਰੇ ਬੱਝਦੇ...! ਅਜੇ ਕੱਲ੍ਹ ਈ ਅੱਠ ਬੋਤਲਾਂ ਕੱਢੀਐਂ।" ਜਾਗਰ ਨੇ ਬੋਤਲ ਦੇ ਮੂੰਹ 'ਚੋਂ ਮੱਕੀ ਦਾ ਗੁੱਲ ਕੱਢਦਿਆਂ ਕਿਹਾ

-"ਨਹੀਂ ਰੀਸਾਂ! ਸਦਕੇ ਤੇਰੇ...!" ਜੁਗਾੜ ਸਿਉਂ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ

ਜਾਗਰ ਖੇਤੋਂ ਗਾਜਰਾਂ ਪੱਟਣ ਉਠ ਗਿਆ

ਉਹ ਪੀਣ ਲੱਗ ਪਏ

-"ਖੁੱਲ੍ਹ ਕੇ ਪੀ...! ਬਥੇਰੀ ਅੱਗ ਲੱਗਦੀ ਐ!" ਜਾਗਰ ਨੇ ਆਖਿਆ

-"ਜਿੰਨੀ ਲੋੜ ਹੋਈ-ਜਰੂਰ ਪੀਮਾਂਗੇ।" ਜੁਗਾੜ ਸਿਉਂ ਗਿਲਾਸ ਭਰ ਕੇ ਇੰਜ ਅੰਦਰ ਮਾਰਿਆ, ਜਿਵੇਂ ਸ਼ਰਬਤ ਹੁੰਦੀ ਹੈ

ਬੋਤਲ ਉਹਨਾਂ ਅੱਗੇ ਤੂਫ਼ਾਨ ਬਣਦੀ ਜਾ ਰਹੀ ਸੀਉਸ ਦੀਆਂ ਅੱਖਾਂ ਦਾ ਰੰਗ ਰੱਤਾ ਹੁੰਦਾ ਜਾ ਰਿਹਾ ਸੀਦੇਸੀ ਦਾਰੂ ਨਾਲ ਜੁਗਾੜ ਸਿਉਂ ਗਾਜਰਾਂ ਇੰਜ ਚੱਬਦਾ ਸੀ, ਜਿਵੇਂ ਝੋਟਾ ਕੜਬ ਚੱਬਦੈ!

-"ਹੈ ਪੂਰੀ ਖਰੀ ਬਈ ਬੇਲੀਆ...!"

-"ਮੈਖਿਆ, ਪੂਰੀ ਖੱਟਰ ਐ...!"

-"ਸੰਘੇੜਿਆਂ ਸਾਲ਼ੀ ਅਤਰੀ ਅਰਗੀ...!"

-"ਸੱਚ ਤੇਰੀ ਪੁਰਾਣੀ ਬੇਲਣ ਦਾ ਕੀ ਹਾਲ ਚਾਲ ਐ?"

-"ਉਏ ਛੱਡ! ਹੁਣ ਤਾਂ ਬੁੱਢੇ ਹੋ ਗਏ, ਜਾਗਰਾ!" ਉਹ ਗੱਲ ਦੱਬ ਗਿਆਜਾਗਰ ਵੀ ਗੱਲ ਵਧਾਉਣੀ ਨਹੀਂ ਚਾਹੁੰਦਾ ਸੀਉਸ ਅੱਗੇ ਸਾਰਾ ਛੋਪ ਕੱਤਣ ਵਾਲਾ ਪਿਆ ਸੀਅਜੇ ਤਾਂ ਪੂਣੀਂ ਨੂੰ ਵੀ ਹੱਥ ਨਹੀਂ ਲਾਇਆ ਸੀਉਹ ਦਾਰੂ ਦੇ ਨਸ਼ੇ ਵਿਚ ਜੁਗਾੜ ਸਿਉਂ ਤੋਂ ਇਕ ਵਾਰੀ 'ਹਾਂ' ਕਰਵਾਉਣੀ ਚਾਹੁੰਦਾ ਸੀਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਇਸ ਪੋਪਲ਼ ਨੇ ਹਾਂ ਕਰ ਦਿੱਤੀ, ਫਿਰ ਲੱਤ ਨਹੀਂ ਚੁੱਕਦਾਜੁਗਾੜ ਸਿਉਂ ਜ਼ੁਬਾਨ ਦਾ ਬੜਾ ਪੱਕਾ ਬੰਦਾ ਸੀਗੱਲ ਕਹਿ, ਕਰ ਕੇ ਮੁਕਰਦਾ ਨਹੀਂ ਸੀ!

----

'ਖੱਟਰ-ਖਰੀ' ਕਰਦਿਆਂ ਉਹਨਾਂ ਨੇ ਬੋਤਲ ਖਤਮ ਕਰ ਦਿੱਤੀਨਸ਼ਾ ਦੋਹਾਂ ਦੀਆਂ ਅੱਖਾਂ ਵਿਚ ਹੀ ਦੀਵੇ ਦੀ ਲਾਟ ਵਾਂਗ ਡੋਲਣ ਲੱਗ ਪਿਆ ਸੀਜਾਗਰ ਆਪਣੇ ਨਿਸ਼ਾਨੇ ਪ੍ਰਤੀ ਸੁਚੇਤ ਸੀਉਹ ਕਦੋਂ ਦਾ ਸਿ਼ਸ਼ਤ ਬੰਨ੍ਹੀ ਬੈਠਾ ਸੀਜਦੋਂ ਦਾਅ ਲੱਗਣਾ ਸੀ, ਉਸ ਨੇ ਜੁਗਾੜ ਸਿਉਂ ਨੂੰ ਫ਼ੁੰਡ ਕੇ ਰੱਖ ਦੇਣਾ ਸੀਜਾਗਰ ਕਿਵੇਂ ਨਾ ਕਿਵੇਂ ਮੋੜ ਘੋੜ ਕੇ ਖੋਤੀ ਬੋਹੜ ਹੇਠਾਂ ਲਿਆਉਣਾ ਚਾਹੁੰਦਾ ਸੀਪਰ ਉਸ ਨੂੰ ਗੱਲ ਦਾ ਸਿਰਾ ਨਹੀਂ ਲੱਭ ਰਿਹਾ ਸੀਉਸ ਦਾ ਦਿਮਾਗ ਰੇਡੀਓ ਵਰਗਾ ਸੀਪਰ ਪੀਤੀ ਹੋਈ ਦਾਰੂ ਦੇ ਬਾਵਜੂਦ ਵੀ ਉਸ ਦਾ ਰੇਡੀਓ ਦਿਮਾਗ ਕੋਈ ਕੰਮ ਦਾ ਸਟੇਸ਼ਨ ਨਹੀਂ ਫੜ ਰਿਹਾ ਸੀਉਸ ਨੇ ਆਪਣੇ ਦਿਮਾਗ 'ਤੇ ਦੋ-ਤਿੰਨ ਵਾਰ ਧੱਫ਼ਾ ਜਿਹਾ ਮਾਰਿਆਜਿਵੇਂ 'ਘਿਰੜ੍ਹ-ਘਿਰੜ੍ਹ' ਕਰਦੇ ਰੇਡੀਓ ਦੇ ਮਾਰੀਦੈ!

-"ਜੁਗਾੜ ਸਿਆਂ...!" ਜਾਗਰ ਨੇ ਗੱਲ ਚਲਾਈ

-"ਹੁਕਮ...?" ਉਹ ਪਟਿਆਲ਼ੇ ਵਾਲ਼ਾ ਭੂਪਾ ਬਣਿਆਂ ਬੈਠਾ ਸੀ

-"ਜਗਤੇ ਨੇ ਕੁੜੀ ਦਾ ਕੋਈ ਬੰਨ੍ਹ ਸੁੱਬ ਨ੍ਹੀ ਕੀਤਾ...?" ਉਸ ਨੇ ਉਲਝੇ ਤਾਣੇ ਦੀ ਸਿਰੇ ਦੀ ਤੰਦ ਫੜ ਲਈ ਅਤੇ ਜੁਗਾੜ ਸਿਉਂ ਦਾ ਬੁੱਚੜ ਚਿਹਰਾ ਨਿਰਖਣ ਲੱਗ ਪਿਆਉਹ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਉਸ ਵੱਲ ਮੂੰਹ ਚੁੱਕੀ ਬੈਠਾ ਸੀ

-"ਕਿਹੜੀ ਗੱਲ ਕਰਤੀ, ਜਾਗਰਾ? ਉਹਨੇ ਖਸਮਾਂ ਨੂੰ ਖਾਣੇ ਨੇ ਕੁਛ ਨ੍ਹੀ ਕਰਨਾ...! ਇਹ ਤਾਂ ਕੁਛ ਆਪਾਂ ਨੂੰ ਈ ਕਰਨਾ ਪਊ-ਲੱਖ ਅੜਬ ਐ-ਪਰ ਹੈ ਤਾਂ ਮਿੱਤਰ...!"

-"ਊਂ ਹੈ ਯਾਰਾਂ ਦਾ ਯਾਰ! ਇਹ ਗੱਲ ਮੰਨਣੀਂ ਪਊ...!" ਜਾਗਰ ਨੇ ਕਿਹਾ

-"ਇਹਦੇ 'ਚ ਕੋਈ ਸ਼ੱਕ ਨ੍ਹੀ! ਉਏ ਉਹਤੋਂ ਅੜਬ ਸੁਭਾਅ ਕਰਕੇ ਪਾਸਾ ਵੱਟਦੇ ਐਂ-ਬਈ ਭਰਾ ਐ, ਕਿਤੇ ਊਂ ਨਾ ਪੀਤੀ ਖਾਧੀ 'ਚ ਉਹਦੀ ਪੁੜਪੜੀ 'ਚ ਚਿੱਬ ਪੈਜੇ-ਸਹੁਰੇ ਲੋਕ ਕੀ ਆਖਣਗੇ? ਬਈ ਕੱਲ੍ਹ 'ਕੱਠੇ ਖਾਂਦੇ ਪੀਂਦੇ ਸੀ-ਅੱਜ ਤਰੀਕਾਂ ਭੁਗਤਦੇ ਫਿਰਦੇ ਐ!" ਜੁਗਾੜ ਸਿਉਂ ਨੇ ਆਪਣੇ ਦਿਲ ਦੀ ਭੜ੍ਹਾਸ ਕੱਢੀ

-"ਇਕ ਗੱਲ ਜਰੂਰ ਐ-ਅੜਬ ਬੰਦਾ ਦਿਲ ਦਾ ਕਦੇ ਮਾੜਾ ਨ੍ਹੀ ਹੁੰਦਾ-ਦਿਲ ਦੇ ਮਾੜੇ ਹੁੰਦੇ ਐ, ਗਿੱਦੜਮਾਰ ਬੰਦੇ!"

-"ਮੈਂ ਇਕ ਨਤੀਜਾ ਕੱਢਿਐ-ਬਈ ਅੜਬ ਬੰਦੇ ਦਾ ਕਦੇ ਗੁੱਸਾ ਨਾ ਕਰੋ-ਮੂੰਹ ਫ਼ੱਟ ਬੰਦਾ ਦਿਲ 'ਚ ਗੱਲ ਰੱਖ ਨ੍ਹੀ ਸਕਦਾ-ਸਿੱਧੀ ਰੋੜੇ ਮਾਂਗੂੰ ਮੂੰਹ 'ਤੇ ਮਾਰਦੈ! ਤੇ ਜਿਹੜੇ ਹੁੰਦੇ ਐ ਗਿੱਦੜਮਾਰ ਬੰਦੇ-ਉਹ ਓਸ ਗੱਲ ਦੇ ਆਖਣ ਮਾਂਗੂੰ-ਗੱਲ ਦਿਲ 'ਚ ਰੱਖਣੀ ਤੇ ਮੂੰਹੋਂ ਮਿੱਠੇ ਰਹਿਣਾ-ਤੇ ਸਮਾਂ ਪਾ ਕੇ ਗੁੱਝੀ ਆਰੀ ਚਲਾਉਣੀ! ਤੇ ਉਹ ਵੀ ਪਿੱਠ ਪਿੱਛੋਂ ਦੀ...!" ਜੁਗਾੜ ਸਿਉਂ ਵੀ ਧਾਈ ਨਾਲ ਧਾਈ ਜੋੜਦਾ ਜਾ ਰਿਹਾ ਸੀ

-"ਯਾਰ ਜੁਗਾੜ ਸਿਆਂ! ਤੇਰੇ ਨਾਲ ਦਿਲ ਦੀ ਸਾਰੀ ਗੱਲ ਕਰ ਲਈਦੀ ਐ-ਆਪਾਂ ਹਰ ਘੁੰਡੀ ਦੀ ਮੁੱਠ ਰੱਖੀ ਐ-ਹਰਦੇਵ ਸਿਉਂ ਦੀ ਬੇਬੇ ਤਾਂ ਕੁੜੀ ਯਹਾਵੇ ਦੀ ਉਦੋਂ ਦੀ ਪੰਡਤਾਂ ਪਾਧਿਆਂ ਮਗਰ ਈ ਤੁਰੀ ਫਿਰਦੀ ਐ।"

-"ਕਦੋਂ ਦੀ...?"

-"ਉਏ ਆਹ, ਜਦੋਂ ਦਾ ਉਹ ਜਰਮਨ ਤੋਂ ਵਾਪਸ ਆਇਐ...।"

-"ਭਰਜਾਈ ਨੂੰ ਆਖਣਾ ਸੀ ਬਈ ਸਾਡੇ ਨਾਲੋਂ ਵੱਡਾ ਪੰਡਤ ਪਾਧਾ ਕੌਣ ਐਂ? ਤੂੰ ਸਾਨੂੰ ਸਿੱਧ ਕਰਕੇ ਦੇਖ, ਭਰਿੰਡਾਂ ਮਾਂਗੂੰ ਖੜ੍ਹੇ ਖੱਖਰ ਨਾ ਲਾ ਦੇਈਏ...!" ਜੁਗਾੜ ਸਿਉਂ ਹੱਸ ਪਿਆ

-"ਆਹੀ ਸਲਾਹ ਤਾਂ ਤੇਰੇ ਨਾਲ ਕਰਨੀ ਸੀ-।" ਗੱਲ ਕਰਦਾ ਕਰਦਾ ਜਾਗਰ ਰੁਕ ਗਿਆ

-"ਤੂੰ ਰੁਕ ਕਾਹਨੂੰ ਗਿਆ? ਅੱਗੇ ਤੁਰ...! ਦਾਈਆਂ ਤੋਂ ਬਾਈ ਜਾਗਰਾ ਪੇਟ ਨ੍ਹੀ ਲੁਕਾਈਦੇ!"

-"ਯਾਰ ਗੱਲ ਵੱਡੀ ਐ, ਤੇ ਮੂੰਹ ਛੋਟੈ-ਨਾਲੇ ਤੇਰੇ ਕੋਲੇ ਕਾਹਦਾ ਲੁਕਾ ਐ...?" ਉਸ ਨੇ ਗੱਲ ਨੂੰ ਵਲ਼ ਪਾ ਲਿਆ

-"ਤੂੰ ਮੂੰਹੋਂ ਤਾਂ ਕੱਢ...! ਦੇਖ, ਤੇਰੇ ਮੂਹਰੇ ਤੇਰਾ ਯਾਰ ਬੈਠੈ, ਗੰਧਾਲ਼ੇ ਅਰਗਾ!" ਉਸ ਨੇ ਆਪਣਾ ਵੱਡਾ ਸਾਰਾ ਹੱਥ ਹਿੱਕ 'ਚ ਮਾਰਿਆਹੱਥ ਦੁਰਮਟ ਵਾਂਗ ਛਾਤੀ 'ਤੇ ਵੱਜਿਆ ਸੀਢੋਲਕੀ ਵਾਂਗ 'ਧੰਮ੍ਹ' ਦੀ ਅਵਾਜ਼ ਆਈ ਸੀ

-"ਯਾਰ ਆਪਣਾ ਹਰਦੇਵ ਸਿਉਂ ਐਂ ਨਾ-?"

-"ਆਹੋ...!"

-"ਉਹ ਜਰਮਨ ਤੋਂ ਆਇਐ, ਮੁੜ! ਤੇ ਹੁਣ ਮੈਂ ਵੀ ਕੋਈ ਬਾਹਰਲੀ ਕੁੜੀ ਦੇਖਦੈਂ, ਉਹਦੇ ਵਾਸਤੇ! ਚਾਹੇ ਕੋਈ ਲੂਲ੍ਹੀ ਲੰਗੜੀ ਈ ਮਿਲਜੇ! ਤੇਰੇ ਕੋਲੇ ਕਾਹਦਾ ਲਕੋਅ ਐ? ਜਰਮਨ 'ਚੋਂ ਬਾਹਵਾ ਪੈਸੇ ਪੂਸੇ ਭੇਜਦਾ ਰਿਹੈ ਬੱਤੀ ਸੁਲੱਖਣਾ-ਹੁਣ ਮੈਂ ਸੋਚਦੈਂ ਬਈ ਜੇ ਇਹਨੂੰ ਕੋਈ ਲੋੜਵੰਦ ਕੁੜੀ ਵੀ ਮਿਲਜੇ-ਇਹਦਾ ਜੁਗਾੜ ਸੈੱਟ ਹੋਜੇ-ਘਰ ਦੇ ਹਾਲਾਤਾਂ ਦਾ ਤੈਨੂੰ ਬਾਈ ਮੇਰਿਆ ਪਤਾ ਈ ਐ-ਹੋਰ ਦੱਸ ਮੈਂ ਤੈਨੂੰ ਕੀ ਆਖਾਂ? ਤੂੰ ਧਰਮ ਦਾ ਭਰਾ ਐਂ...!"

ਜੁਗਾੜ ਸਿਉਂ ਸੋਚਾਂ ਵਿਚ ਪੈ ਗਿਆ

ਜਾਗਰ ਉਸ ਦੇ ਸਕੋੜ੍ਹੇ ਚਿਹਰੇ ਨੂੰ ਪਰਖਦਾ ਰਿਹਾ

-"ਗੱਲ ਇਕ ਐ-!" ਉਸ ਨੇ ਜਾਗਰ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ

-"ਬੋਲ...!"

-"ਆਪਾਂ ਸਾਰੇ ਧੀਆਂ ਭੈਣਾਂ ਆਲ਼ੇ ਐਂ, ਜਾਗਰਾ! ਆਖਣ ਨੂੰ ਕੀ ਕਹਿਣੈ? ਜਗਤਾ ਤਾਂ ਬਿਚਾਰਾ ਆਪ ਥਿੜਕਿਆ ਫਿਰਦੈ! ਉਹ ਤਾਂ ਇਹ ਚਾਹੁੰਦੈ ਬਈ ਮੇਰੀ ਬੂਹੇ ਬੈਠੀ ਧੀ ਨੂੰ ਕੋਈ ਵਸਾ ਲਵੇ-।"

-"ਨਾਲੇ ਗੱਲ ਹੋਰ ਐ, ਮੈਂ ਤੇਰੀ ਗੱਲ ਕੱਟਦੈਂ...।"

-"ਦੱਸ...?"

-"ਨਾਲੇ ਆਪਾਂ ਕਿਹੜਾ ਆਪਣੇ ਹਰਦੇਵ ਸਿਉਂ ਨੂੰ ਘੋੜ੍ਹੀ ਚਾੜ੍ਹਨੈਂ...? ਗੁਰਦੁਆਰੇ ਈ ਦੋ ਭੁਆਟਣੀਆਂ ਦੇ ਦੇਵਾਂਗੇ-ਦੋਨੋਂ ਧਿਰਾਂ ਖ਼ੁਸ਼! ਆਬਦਾ ਵਸਣ ਰਸਣ, ਮੌਜਾਂ ਕਰਨ! ਉਹਦੀ ਧੀ ਵਸਜੂ ਤੇ ਓਸ ਗੱਲ ਦੇ ਆਖਣ ਮਾਂਗੂੰ, ਆਪਣਾ ਮੁੰਡਾ ਕਿਸੇ ਤਣ ਪੱਤਣ ਲੱਗਜੂ-ਨਾਲੇ ਬਾਈ ਮੇਰਿਆ, ਪੀਰ ਖ਼ੁਸ਼ ਤੇ ਨਾਲੇ ਕਾਜੀ...!" ਜਾਗਰ ਦੇ ਮਨ ਨੂੰ ਸੰਤੁਸ਼ਟੀ ਸੀ ਕਿ ਉਸ ਦਾ ਤੀਰ ਬਿਲਕੁਲ ਨਿਸ਼ਾਨੇ 'ਤੇ ਹੀ ਵੱਜਿਆ ਸੀ

-"......।" ਜੁਗਾੜ ਸਿਉਂ ਚੁੱਪ ਚਾਪ ਸੁਣ ਰਿਹਾ ਸੀਜਾਗਰ ਨੂੰ ਉਸ ਦੀ ਚੁੱਪ ਤੋਂ ਭੈਅ ਆਇਆ

-"ਤੂੰ ਗੁੱਗੂ ਈ ਹੋ ਗਿਆ? ਕੋਈ ਗੌਗਾ ਈ ਨ੍ਹੀ ਗੌਲ਼ਿਆ ਮੇਰੀ ਗੱਲ ਦਾ...!" ਜਾਗਰ ਨੇ ਉਸ ਦੀ ਚੁੱਪ ਤੋੜੀ

-"ਗੱਲ ਇਹ ਐ-!"

-"......।" ਜਾਗਰ ਬੜੀ ਤੇਜ਼ੀ ਨਾਲ ਜੁਗਾੜ ਸਿਉਂ ਦੇ ਪ੍ਰੀਤਕਰਮ ਨੂੰ ਜਾਂਚ ਰਿਹਾ ਸੀਜੁਗਾੜ ਸਿਉਂ ਵੱਲੋਂ ਆਉਣ ਵਾਲਾ ਬਿਆਨ ਉਸ ਦੇ ਹੌਲ ਪਾਈ ਜਾ ਰਿਹਾ ਸੀ ਕਿ ਪਤਾ ਨਹੀਂ ਕੀ ਆਖੂ?

-"ਇਹ ਗੱਲ ਚਲਾਉਨੈਂ, ਮੈਂ!"

-"ਤੇ ਹੋਰ ਬਾਬਾ ਬਖਤੌਰਾ ਚਲਾਊ? ਤੂੰ ਈ ਤਾਂ ਚਲਾਉਣੀ ਐਂ! ਆਬਦਾ ਕਰਕੇ ਤਾਂ ਮੈਂ ਤੇਰੇ ਕੋਲ਼ੇ ਦਿਲ ਫ਼ਰੋਲਿ਼ਐ।" ਜਾਗਰ ਨੇ ਆਪਣੇ ਵੱਲੋਂ ਪੂਰੀ ਅਪਣੱਤ ਜਤਾ ਕੇ ਜੁਗਾੜ ਸਿਉਂ ਨੂੰ ਚਿੱਤ ਕਰ ਦਿੱਤਾ

-"ਓਹੀ ਤਾਂ ਤੈਨੂੰ ਮੈਂ ਆਖਦੈਂ! ਜਗਤਾ ਹੋਇਆ ਪਿਐ ਬਿਚਾਰਾ ਕਮਲ਼ਾ-ਨਾਲੇ ਤੈਨੂੰ ਚੰਗਾ ਭਲਾ ਪਤੈ, ਜਾਗਰਾ! ਬਈ ਅੱਧਖੜ੍ਹ ਧੀ ਛੇਤੀ ਕੀਤੇ ਕੌਣ ਘਰੇ ਵਸਾਉਂਦੈ? ਘਰੇ ਬੈਠੀ ਛੱਡੀ ਛਡਾਈ ਧੀ ਵਿਹੜੇ 'ਚ ਬੈਠੀ ਚਿਖ਼ਾ ਮਾਂਗੂੰ ਧੁਖ਼ੀ ਜਾਂਦੀ ਐ-ਧੀਆਂ ਭੈਣਾਂ ਦੇ ਦੁੱਖ ਦਾ ਤੈਨੂੰ ਪਤਾ ਈ ਐ-ਤੂੰ ਤੁਰਿਆ ਫਿ਼ਰਦਾ ਬੰਦੈਂ-ਪੁਲ਼ਸ 'ਚ ਨੌਕਰੀ ਕੀਤੀ ਐ-ਉਹਦੇ ਕੋਲ਼ੇ ਮੈਂ ਕੱਲ੍ਹ ਨੂੰ ਈ ਜਾਨੈਂ-ਤੂੰ ਮੇਰੇ ਕਿਰਾਏ ਭਾੜ੍ਹੇ ਦਾ ਬੰਦੋਬਸਤ ਕਰ।" ਉਸ ਨੇ ਆਪਣਾ ਪੱਲਾ ਦਿਖਾਇਆਜੁਗਾੜ ਸਿਉਂ ਵੀ ਮੁਫ਼ਤੋ ਮੁਫ਼ਤੀ ਵਿਚ ਫ਼ਰਾਂ ਥੱਲੇ ਆਉਣ ਵਾਲਾ ਬੰਦਾ ਨਹੀਂ ਸੀ

----

ਮਨ ਹੀ ਮਨ ਅੰਦਰ ਜਾਗਰ ਨੇ ਉਸ ਨੂੰ ਗਾਲ੍ਹ ਕੱਢੀ, "ਮੇਰਾ ਸਾਲ਼ਾ ਊਤ...! ਆ ਗਿਆ ਨ੍ਹਾਂ ਉਹਨਾਂ ਕਮੀਨੀਆਂ ਗੱਲਾਂ 'ਤੇ...?" ਪਰ ਉਹ ਮੂੰਹੋਂ ਚੁੱਪ ਅਤੇ ਮਨੋਂ ਸੰਤੁਸ਼ਟ ਸੀਜਾਗਰ ਸਿਆਂ, ਅੱਗੇ ਤਿੰਨ ਲੱਖ ਏਜੰਟ ਨੂੰ ਵੀ ਝੋਕ ਹੀ ਦਿੱਤਾ ਸੀ...! ਜੇ ਇਹ ਬੋਕ ਪੰਜ-ਸੱਤ ਸੌ ਵਿਚੋਂ ਛਕ ਵੀ ਜਾਊ, ਕੀ ਫ਼ਰਕ ਪੈਂਦੈ...? ਅੱਜ ਕੱਲ੍ਹ ਤਾਂ ਪੈਸੇ ਬਿਨਾ ਬੰਦਾ ਰੱਬ ਨੂੰ ਮੱਥਾ ਨਹੀਂ ਟੇਕਦਾ...? ਜਾਗਰ ਸਿਆਂ, ਤੂੰ ਇਹਨੂੰ ਧੂਤੂ ਨੂੰ ਖ਼ੁਸ਼ ਰੱਖ...! ਇਹ ਤੈਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਚੈੱਕ ਬਣ ਕੇ ਮਿਲਿਐ...! ਤੂੰ ਇਹਨੂੰ ਨਾ ਹੱਥੋਂ ਗੁਆ ਲਵੀਂ...! ਬੈਲੀ ਬੰਦੇ ਪੈਸੇ ਬਿਨਾ ਸਿੱਧੇ ਰਾਗ ਨਹੀਂ ਗਾਉਂਦੇ...! ਇਹਦੇ ਅੱਗੇ ਕੋਈ ਸੁਰ ਕੱਢ...! ਕੋਈ ਤਾਲ ਵਜਾ...! ਸੱਪ ਨੂੰ ਫੜਨਾ ਹੋਵੇ, ਤਾਂ ਉਹਦੇ ਮੂਹਰੇ ਵੀ ਬੀਨ ਦੇ ਲਹਿਰੇ ਕੱਢਣੇ ਪੈਂਦੇ ਐ...! ਬੀਨ ਸੁਣ ਕੇ ਪਟੱਕ ਦੇਣੇ ਖੱਡ 'ਚੋਂ ਨਿਕਲ਼ ਆਉਂਦੈ...! ਨਹੀਂ ਜੋਰ ਲਾ ਲਵੋ, ਜਮਾਂ ਦਿਖਾਈ ਨ੍ਹੀ ਦਿੰਦਾ...! ਜਾਗਰ ਸਿਆਂ! ਜੇ ਬੋਤਾ "ਇੱਛ-ਇੱਛ" ਕਰੇ ਤੋਂ ਨਾ ਬੈਠੇ, ਤਾਂ ਉਹਦਾ ਕੀ ਵਿਗਾੜ ਲਈਏ...? ਬੋਤੇ ਨੂੰ ਫੜ ਕੇ ਤਾਂ ਮੂਧਾ ਪਾਉਣੋਂ ਰਹੇ...? ਤੂੰ ਇਹਦੇ ਮੂਹਰੇ ਧੂਫ਼ ਧੁਖ਼ਾਅ...! ਦੋਨੇਂ ਹੱਥ ਜੋੜ ਕੇ ਸਾਸਰੀਕਾਲ ਬੁਲਾ...! ਇਹਦਾ ਕਿਹਾ 'ਸਤਿ ਬਚਨ' ਕਰਕੇ ਮੰਨ...! ਜੇ ਭਗਵਾਨ ਰਾਮ ਨੂੰ ਪਾਉਣਾ ਹੋਵੇ, ਤਾਂ ਪਹਿਲਾਂ ਹਨੂੰਮਾਨ ਜੀ ਖ਼ੁਸ਼ ਕਰਨੇ ਪੈਂਦੇ ਐ...! ਜੇ ਜਗਤੇ ਨੂੰ ਆਨੇ ਆਲ਼ੀ ਥਾਂ 'ਤੇ ਲਿਆਉਣੈਂ, ਤਾਂ ਇਹਦੇ ਅੱਗੇ ਡੰਡਾਉਤਾਂ ਕੱਢਣੀਆਂ ਈ ਪੈਣਗੀਆਂ...! ਜਗਤੇ ਨਾਲ ਚਾਹੇ ਇਹ ਵੀਹ ਵਾਰੀ ਖਹਿਬੜਿਐ, ਪਰ ਪ੍ਰੇਮ ਦੋਹਾਂ ਦਾ ਓਨਾ ਈ ਐਂ...! ਭੀੜ ਪੈਣ 'ਤੇ ਭਰਿੰਡਾਂ ਮਾਂਗੂੰ 'ਕੱਠੇ ਹੋ ਜਾਂਦੇ ਐ...! ਦੁਖਦੇ ਸੁਖਦੇ ਟਿੱਚ ਬਟਣਾਂ ਮਾਂਗੂੰ ਜੁੜ ਜਾਂਦੇ ਐ...! ਇਹਦੇ ਨਾਲ ਸਲਾਹ ਕੀਤੀ ਬਿਨਾ ਜਗਤਾ ਕੁੜੀ ਜਮਾਂ ਨ੍ਹੀ ਤੋਰਦਾ...! ਤੂੰ ਇਕ ਵਾਰ ਇਹਨੂੰ ਕਿਸੇ ਨਿੱਗਰ ਕਿੱਲੇ ਨਾਲ ਨਰੜ...! ਮੁੜ ਕੇ ਆਪਾਂ ਇਹਨੂੰ ਕੀ ਦਬਾਲ਼ ਐਂ...? ਦਿਨ ਗਿਆ ਟਿਕਾਣੇ ਤੇ ਬਾਬੇ ਦਾ......ਜਾਣੇਂ! ਕੁੜੀਆਂ ਸਿੱਠਣੀਆਂ ਗਾਉਂਦੀਆਂ ਹੁੰਦੀਐਂ, ਕੁੜਮੋਂ ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ...! ਤੂੰ ਆਪਣੇ ਸੰਗਲ਼ 'ਚੋਂ ਇਹਦੇ ਆਲ਼ੀ ਕੜੀ ਨਾ ਕੱਢੀਂ...! ਸਾਰਾ ਸੰਗਲ਼ ਈ ਨਿਕਾਰਾ ਹੋਜੂ...! ਇਹਨੂੰ ਤਾਂ ਅਜੇ ਮੋਟੀ, ਸੁਹਾਗੇ ਆਲ਼ੀ ਚਾਲ ਵਰਤਣੈਂ...!

----

ਉਸ ਦਾ ਮਨ ਉਸ ਨੂੰ ਬਹਿਵਤਾਂ ਦੇਈ ਜਾ ਰਿਹਾ ਸੀ!

-"ਤੂੰ ਕਿਰਾਏ ਭਾੜ੍ਹੇ ਤੇ ਖਰਚੇ ਬਰਚੇ ਦੀ ਕਾਹਦੀ ਚਿੰਤਾ ਕਰਦੈਂ? ਤੇਰੇ ਤੋਂ ਬਾਈ ਜੁਗਾੜ ਸਿਆਂ, ਆਪਣੀ ਜਿੰਦ ਲੁਟਾਦੀਏ...!" ਜਾਗਰ ਨੇ ਉਸ ਨੂੰ ਤਸੱਲੀ ਕਰਵਾਈਉਸ ਦੇ ਮਨ ਨੇ ਫਿਰ ਉਸ ਨੂੰ ਤਿੱਖੀਆਂ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂਜਾਗਰ ਸਿਆਂ...! ਜੇ ਰੱਬ ਤੋਂ ਕੁਛ ਲੈਣਾ ਹੋਵੇ, ਤਾਂ ਵੀ ਬਾਈ ਸਿਆਂ, ਕੋਈ ਸੁੱਖ ਸੁੱਖਣੀਂ ਪੈਂਦੀ ਐ...! ਤੂੰ ਇਹਤੋਂ ਦੁਨੀਆਂ ਦੇ ਚੋਰ ਤੋਂ ਮੁਖ਼ਤੀ ਕੰਮ ਭਾਲਦੈਂ...? ਇਹਦਾ ਤਾਂ ਇਕ ਤਰ੍ਹਾਂ ਤੇਰੇ ਘਰ 'ਤੇ ਹੁਣ ਦਾਅ ਲੱਗਿਐ...ਪਰ ਜੇ ਚਾਰ ਪੈਸੇ ਖਰਚਾ ਕਰਕੇ ਵੀ ਕੰਮ ਰਾਸ ਆਜੇ? ਇਹਦੇ ਨਾਲ ਦੀ ਵੀ ਰੀਸ ਨ੍ਹੀ...! ਤੂੰ ਵੀ ਪੁਲ਼ਸ ਆਲ਼ੀਆਂ ਨੀਤੀਆਂ ਵਰਤਣ ਲੱਗ ਪਿਆ...! ਜਾਗਰ ਸਿਆਂ, ਉਹ ਪੁਲਸ ਦੀ ਨੌਕਰੀ ਆਲ਼ਾ ਸਮਾਂ ਹੁਣ ਕਿਤੇ ਦੂਰ ਗਿਆ...! ਹੁਣ ਲੈਣ ਦਾ ਨਹੀਂ, ਦੇਣ ਦਾ ਮੌਸਮ ਆ ਗਿਆ, ਬਾਈ ਸਿਆਂ...! ਇਹਨੂੰ ਤੇ ਜਗਤੇ ਨੂੰ ਪਹਿਲਾਂ ਮੈਂ ਕਿਹੜਾ ਘੱਟ ਮੁੰਨਿਐਂ? ਬਥੇਰੀ ਛਿੱਲ ਪੱਟੀ ਇਹਨਾਂ ਵਿਚਾਰਿਆਂ ਦੀ ਵੀ...! ਠਾਣੇਦਾਰਾਂ ਦਾ ਵੇਰਵਾ ਪਾ ਕੇ ਬਥੇਰੀ ਲੁੱਪਰੀ ਲਾਹੀ...! ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ...! ਇਹ ਇਕ ਦੁਨਿਆਵੀ ਦਸਤੂਰ ਐ...! ਗਲਤੀ ਕੀਤੀ, ਜਗਤੇ ਨਾਲ ਜਾ ਕੇ ਸਿੱਧੀ ਗੱਲ ਈ ਕਰ ਲੈਣੀਂ ਸੀ...ਇਹਨੂੰ ਬਿੱਜੂ ਨੂੰ ਕਾਹਤੋਂ ਵੇਰਵਾ ਪਾਇਆ...? ਪਰ ਗਈ ਨੂੰ ਘੋੜ੍ਹੇ ਨਹੀਂ ਮਿਲ਼ਦੇ...! ਹੁਣ ਜੇ ਤੂੰ ਇਹਦੇ ਕੋਲ਼ੇ ਬਾਤ ਪਾ ਈ ਦਿੱਤੀ...ਹੁਣ ਚਾਰ ਪੈਸਿਆਂ ਖਾਤਰ ਇਹਦੇ ਨਾਲ ਨਾ ਵਿਗਾੜ...ਫੇਰ ਵੀ ਦੁਖਦੇ ਸੁਖਦੇ ਕੰਮ ਆਉਣ ਆਲ਼ਾ ਬੰਦੈ...! ਜੇ ਉਖਲ਼ੀ 'ਚ ਸਿਰ ਈ ਦੇ ਦਿੱਤਾ, ਤਾਂ ਹੁਣ ਮੂੰਗਲਿ਼ਆਂ ਤੋਂ ਨਾ ਝਿਜਕ...! ਇਹਦੇ ਕਤੀੜ੍ਹ ਦੇ ਪੰਜ ਸੱਤ ਸੌ ਪੱਲੇ ਪਾਅ, ਤੇ ਸਿਆਸਤ ਨਾਲ ਕੰਮ ਕੱਢ...! ਅੱਜ ਕੱਲ੍ਹ ਦੁਨੀਆਂ ਦਲੀਲ ਦੀ ਐ...! ਜੇ ਥੋਡੇ ਕੋਲ਼ੇ ਦਲੀਲ ਐ, ਸਾਰੇ ਜਹਾਨ ਨੂੰ ਵੱਢ ਕੇ ਖਾ ਜਾਓ, ਕੋਈ ਨ੍ਹੀ ਪੁੱਛਦਾ...! ਦੁਨੀਆਂ ਬਾਗੋਬਾਗ...! ਮੰਤਰੀ ਦਲੀਲਾਂ ਨਾਲ ਈ ਜਨਤਾ ਨੂੰ ਲੁਟਦੇ ਤੇ ਛਕਦੇ ਐ...! ਹੋਰ ਉਹ ਘਰੋਂ ਖਾਣ ਤਾਂ ਗਿੱਝੇ ਈ ਨ੍ਹੀ, ਮੰਨੋਂ ਦੇ ਜਾਣੇ...! ਦੇਖਲਾ ਕਮਲ਼ੀ ਦੁਨੀਆਂ, ਨਾਲੇ ਪੱਲਿਓਂ ਖੁਆਉਂਦੀ ਐ ਤੇ ਨਾਲੇ ਪੈਰਾਂ ਹੇਠ ਹੱਥ ਦਿੰਦੀ ਐ...! ਜੁੱਲ ਕੰਧੋਲ਼ੇ ਮੌਜਾਂ ਮਾਨਣ, ਆਕੜ ਪਾਲ਼ੇ ਮਰਦੀ ਐ...! ਜੇ ਥੋਡੇ ਕੋਲ਼ੇ ਦਲੀਲ ਈ ਹੈਨ੍ਹੀ, ਤਾਂ ਥੋਨੂੰ ਕੋਈ ਕੰਜਰ ਨ੍ਹੀ ਪੁੱਛਦਾ, ਡੰਡਿਆਂ ਨੂੰ ਥਾਂ ਬਾਧੂ ਦਾ...! ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ...? ਗਿੱਲੀ ਤਾਂ ਮਾੜੀ ਮੋਟੀ ਹੋਣੀਂ ਈ ਹੋਣੀਂ ਐਂ...! ਇਹ ਤੇਰੇ ਕੋਲੇ ਕਿਸੇ ਕੰਮ ਈ ਆਇਆ ਹੋਣੈਂ...! ਊਂ ਇਹ ਹਰੜਬੋਕ ਜਮਾਂ ਨ੍ਹੀ ਆਉਂਦਾ...! ਇਹਨੂੰ ਹਰਾਮਜ਼ਾਦੇ ਨੂੰ ਲੋਕਾਂ ਦੀਆਂ ਕੰਧਾਂ ਕੌਲਿ਼ਆਂ 'ਤੇ ਲੱਤ ਚੱਕ ਕੇ ਮੂਤਣ ਦੀ ਬੁਰੀ ਬਾਣ ਐਂ...! ਖਾਲੀ ਹੱਥ ਇਹ ਜਮਾਂ ਨ੍ਹੀ ਜਾਂਦਾ...! ਤੂੰ ਇਹਦੀ ਜੇਬ 'ਚ ਮਾੜੀ ਮੋਟੀ ਰੌਣਕ ਲਾ ਕੇ, ਇਹਨੂੰ ਵੱਸ 'ਚ ਕਰ...! ਜੀਹਦੇ ਆਬਦੇ ਜੁਆਕ ਨ੍ਹੀ ਕੁਛ ਲੱਗਦੇ, ਉਹਦਾ ਹੋਰ ਕੌਣ ਕੁਛ ਲੱਗਦੈ...? ਜਿਹੜਾ ਆਬਦੇ ਜੁਆਕਾਂ ਦੀ ਬਾਤ ਨ੍ਹੀ ਪੁੱਛਦਾ, ਉਹ ਤੇਰਾ ਕੰਮ ਮੁਖ਼ਤੀ ਕਿਵੇਂ ਕਰੂ...? ਬੈਲੀ ਬੰਦੇ ਤੇ ਠਾਣੇਦਾਰ ਨਾਲ ਕਦੇ ਨਾ ਵਿਗੜੋ...! ਵਡਿਆਏ ਤੇ ਵੱਸ 'ਚ ਕੀਤੇ ਵੀਹ ਕੰਮ ਦੇਣਗੇ...! ਜੇ ਵਿਗੜ ਗਏ...? ਖਸਮਾਂ ਨੂੰ ਖਾਣੇਂ ਨਿਰੀ ਪਰੇਸ਼ਾਨੀ ਦਾ ਘਰ...!

-"ਤੇਰੇ ਬੈਠੇ ਤੋਂ ਮੈਨੂੰ ਕਿਰਾਏ ਭਾੜ੍ਹੇ ਦੀ ਕਾਹਦੀ ਚਿੰਤਾ ਹੋਣੀ ਐਂ? ਤੂੰ ਮੇਰਾ ਕੰਮ ਸਾਰ ਬਾਈ...! ਤੇ ਮੈਂ ਤਾਂ ਗੱਲ ਬਿੱਜੜੇ ਆਲ੍ਹਣੇਂ ਮਾਂਗੂੰ ਚਿਣਦੂੰ!" ਜੁਗਾੜ ਸਿਉਂ ਤੋਤਲਾ ਬੋਲਿਆਨਸ਼ੇ ਵਿਚ ਉਸ ਦੀਆਂ ਅੱਖਾਂ ਲਾਲ ਗੇਰੂ ਹੋ ਗਈਆਂ ਸਨਰੱਤ ਚੋਂਦੀ ਲੱਗਦੀ ਸੀਜਾਗਰ ਸਿੰਘ ਉਸ ਦੇ ਕਹਿਣ 'ਤੇ ਮਨ ਵਿਚ ਹੱਸ ਪਿਆ, "ਮੇਰੇ ਬੈਠੇ ਤੋਂ ਚਿੰਤਾ, ਸਾਲ਼ਿਆ ਕੁੱਤਿਆਂ ਦਿਆ, ਮੈਂ ਤੇਰਾ ਬਾਪੂ ਲੱਗਦੈਂ?" ਪਰ ਜਾਗਰ ਮੂੰਹੋਂ ਚੁੱਪ ਸੀਪੁਲ਼ਸੀਆ ਸੁਭਾਅ ਦਾ ਹੋਣ ਦੇ ਬਾਵਜੂਦ ਵੀ ਉਹ ਬੜੀ ਸਮਾਈ ਤੋਂ ਕੰਮ ਲੈ ਰਿਹਾ ਸੀ

-"ਇਹ ਗੱਲ ਜਿੰਨਾਂ ਚਿਰ ਸਿਰੇ ਨ੍ਹੀ ਲੱਗਦੀ-ਆਪਣੇ ਦੋਨਾਂ ਭਰਾਵਾਂ 'ਚ ਈ ਰਹੇ!" ਜਾਗਰ ਨੇ ਕੰਮ ਕੀਤੇਉਸ ਨੂੰ ਸਹੇ ਨਾਲੋਂ ਪਹੇ ਦਾ ਫਿ਼ਕਰ ਜਿ਼ਆਦਾ ਵੱਢ-ਵੱਢ ਖਾ ਰਿਹਾ ਸੀਉਹ ਸੋਚ ਰਿਹਾ ਸੀ ਕਿ ਵਲਾਇਤ ਤੋਂ ਆਈ ਕੁੜੀ, ਜੇ ਕਿਸੇ ਨੂੰ ਪਤਾ ਲੱਗ ਗਿਆ, ਕਿਤੇ ਹਰਦੇਵ ਸਿਉਂ ਵਾਲ਼ਾ ਕੰਮ ਵਿਚ ਹੀ ਨਾ ਰਹਿ ਜਾਵੇ! ਦੁਨੀਆਂ ਤਾਂ ਵਲਾਇਤ ਪਿੱਛੇ ਹਲ਼ਕੀ ਫਿਰਦੀ ਐ! ਕੁੜੀ ਚਾਹੇ ਚਾਲ਼ੀਆਂ ਸਾਲਾਂ ਦੀ ਐਜੇ ਕੋਈ ਬੁੜ੍ਹੀ ਵੀ ਹੁੰਦੀ, ਲੋਕ ਉਸ ਦੇ ਮਗਰ ਲਾਲ਼ਾਂ ਸੁੱਟਦੇ ਤੁਰੇ ਫਿਰਦੇ! ਵਲਾਇਤ ਦਾ ਨਾਂ ਹੀ ਵੱਡੈ! ਨਿੱਤ ਸੁਣੀਂ ਪੜ੍ਹੀਦਾ ਐ, ਫ਼ਲਾਨੇ ਪਿੰਡ ਦਾ ਵਲੈਤੀਆ ਆਪ ਤੋਂ ਅੱਧੀ ਉਮਰ ਦੀ ਵਿਆਹ ਕੇ ਲੈ ਗਿਆਫ਼ਲਾਨੇ ਪਿੰਡ ਦੇ ਪ੍ਰੀਵਾਰ ਨੇ ਕੈਨੇਡਾ ਕੁੜੀ ਵਿਆਹੁੰਣ ਖਾਤਰ ਪੰਜਾਹ ਲੱਖ ਰੁਪਈਆ ਦਾਜ ਦਿੱਤਾਕਾਹਦੇ ਲਈ? ਬਈ ਸਾਰਾ ਟੱਬਰ ਕੈਨੇਡਾ ਚਲਿਆ ਜਾਊ! ਸੱਠ ਸੱਠ ਸਾਲਾਂ ਦੇ ਕੰਜਰ ਬੁੱਢੇ ਪੱਚੀ-ਪੱਚੀ ਸਾਲਾਂ ਦੀਆਂ ਵਿਆਹ-ਵਿਆਹ ਲਈ ਜਾਂਦੇ ਐਜੇ ਸਾਡੇ ਆਲ਼ਾ ਹਰਦੇਵ ਸਿਉਂ ਵੱਡੀ ਉਮਰ ਦੀ ਵਲਾਇਤਣ ਨਾਲ ਨਰੜਾਅ ਕਰ ਲਊ, ਕਿਹੜੀ ਪਰਲੋਂ ਆ ਚੱਲੀ ਐ? ਟੱਬਰ ਤਾਂ ਰੱਜ ਕੇ ਖਾਊ! ਉਹ ਉਧੇੜਬੁਣ ਵਿਚ ਫ਼ਸਿਆ, ਸੋਚੀ ਜਾ ਰਿਹਾ ਸੀ!

-"ਜਾਗਰਾ, ਬਾਈ ਤੂੰ ਮੈਨੂੰ ਕਿਤੇ ਜਾਣਦਾ ਨ੍ਹੀ?" ਸ਼ਰਾਬੀ ਹੋਏ ਜੁਗਾੜ ਸਿਉਂ ਦੀ ਜ਼ੁਬਾਨ ਮੂੰਹ ਅੰਦਰ 'ਡੱਕ-ਡੱਕ' ਵੱਜਣ ਲੱਗ ਪਈ ਸੀਭੂਸਰ ਕੇ ਖ਼ੁਰਗੋ ਪੱਟਦੇ ਸਾਹਣ ਵਾਂਗ ਉਸ ਦੀਆਂ ਅੱਖਾਂ ਪੁੱਠੀਆਂ ਹੋ ਗਈਆਂ ਸਨ

-"ਮੈਂ ਤਾਂ ਬਾਈ ਜਾਗਰਾ ਕੱਚ ਹਜਮ ਕਰਜਾਂ, ਕੱਚ! ਤੂੰ ਤਾਂ ਮੈਨੂੰ ਜਾਣਦਾ ਈ ਐਂ! ਭੁੱਲਿਐਂ ਤੂੰ ਮੈਨੂੰ? ਨਿੱਤ ਤਾਂ ਤੇਰੇ ਕੋਲ਼ੇ ਹਵਾਲਾਟ 'ਚ ਰਾਤਾਂ ਕੱਟੀਦੀਆਂ ਸੀ? ਛਿੱਤਰ ਖਾਈਦੇ ਸੀ! ਦੇਖਲਾ, ਕਿੰਨਾ ਕਿੰਨਾ ਮਾਲ ਖਪਾ ਕੇ ਕਦੇ ਭਿਣਕ ਨ੍ਹੀ ਸੀ ਨਿਕਲਣ ਦਿੱਤੀ! ਨਿਕਲਣ ਕੀ ਦੇਣੀ ਸੀ? ਇਕ ਆਰੀ ਉਹ ਥਥਲ਼ਾ ਠਾਣੇਦਾਰ ਨ੍ਹੀ ਸੀ ਮੇਰੇ ਬਾਦ ਪੈ ਗਿਆ? ਅਖੇ ਭਗਤੇ ਭਾਈ ਕੇ ਆਲ਼ਾ ਮਾਲ ਤੂੰ ਐਧਰ ਓਧਰ ਕੀਤੈ! ਮੈਂ ਵੀ ਅੱਗਿਓਂ ਆਕੜ ਪਿਆ, ਬਈ ਜੇ ਕੀਤੈ ਤਾਂ ਕੀਤਾ ਸਹੀ, ਤੂੰ ਮੇਰਾ... ਫੜਨੈਂ? ਫੇਰ, ਤੇਰੇ ਸਾਹਮਣੇ ਈ ਐ? ਜੋਰ ਲਾ ਲਿਆ ਕੁੱਟ ਕੇ-ਆਪਾਂ ਨ੍ਹੀ ਜ੍ਹਮਕੇ-ਤੇਰੇ ਮੂਹਰੇ ਮੈਂ ਗੰਦੀਆਂ ਗਾਲਾਂ ਕੱਢਦਾ ਰਿਹੈਂ ਠਾਣੇਦਾਰ ਨੂੰ-ਬਈ ਜਿਹੜਾ ਮੈਨੂੰ ਸਕੀ ਦਾ ਸਾਕ ਦੇਣਾ ਹੋਇਆ, ਦੇ ਲਈਂ-ਮਾਲ ਮੇਰੇ ਕੋਲ਼ੇ ਕੋਈ ਨ੍ਹੀ! ਜਿਹੜਾ ਹੁਣ ਤੂੰ ਜੋਰ ਲਾਉਣੈਂ, ਲਾ ਕੇ ਹਟੀਂ! ਬੱਸ, ਭੈਣ ਚੋਦ ਆਪੇ ਹੰਭ ਹਫ਼ ਕੇ ਹਟ ਗਿਆ! ਹੋਰ, ਤੇਰੇ ਆਲ਼ੀ ਗੱਲ ਤਾਂ ਮੈਂ ਕੀਹਦੇ ਕੋਲ਼ੇ ਕਰਨੀ ਸੀ! ਤੂੰ ਇਹ ਚਿੰਤਾ ਬਾਈ ਜਾਗਰਾ ਦਿਲੋਂ ਨਵਿਰਤ ਕਰ! ਮੈਂ ਤੇਰਾ ਭਰਾ ਐਂ ਕੋਈ ਦੁਸ਼ਮਣ ਤਾਂ ਨ੍ਹੀ? ਤੈਨੂੰ ਮੇਰੇ 'ਤੇ ਕੋਈ 'ਤਬਾਰ ਈ ਨ੍ਹੀ, ਬਾਈ?" ਬੱਕੜਵਾਹ ਕਰਦੇ ਅਤੇ ਆਪਣੇ 'ਗੁਣ' ਗਾਉਂਦੇ ਜੁਗਾੜ ਸਿਉਂ ਨੇ ਆਖਰ ਰੋਣਾ ਸ਼ੁਰੂ ਕਰ ਦਿੱਤਾਜਾਗਰ ਉਸ ਨੂੰ ਥਾਪੜਦਾ ਰਿਹਾਹੁਣ ਜਾਗਰ ਨੂੰ ਤਸੱਲੀ ਸੀ

----

ਉਸ ਰਾਤ ਜੁਗਾੜ ਸਿਉਂ ਜਾਗਰ ਕੋਲ਼ ਹੀ ਰਿਹਾਜਾਗਰ ਨੇ ਹਰਦੇਵ ਨੂੰ ਕਹਿ ਕੇ ਇਕ ਮੰਜਾ ਬਿਸਤਰਾ ਖੇਤ ਹੀ ਮੰਗਵਾ ਲਿਆ ਸੀਜੁਗਾੜ ਸਿਉਂ ਦੇ ਡਰਾਉਣੇ ਘਰਾੜ੍ਹੇ ਸੁਣ ਕੇ ਜਾਗਰ ਦੀ ਡਰਾਕਲ਼ ਗਾਂ ਤ੍ਰਭਕ-ਤ੍ਰਭਕ ਉਠਦੀ ਰਹੀ ਸੀਜਾਗਰ ਨੂੰ ਗਾਂ ਦੇ ਰੱਸੇ ਦਾ ਫ਼ਿਕਰ ਖਾਈ ਗਿਆ ਸੀ ਕਿ ਕਿਤੇ ਤੁੜਾ ਨਾ ਜਾਵੇ!

ਸਵੇਰੇ ਜਾਗਰ ਨੇ ਉਸ ਨੂੰ ਪੰਜ ਸੌ ਰੁਪਈਆ ਦੇ ਕੇ ਜਗਤੇ ਵੱਲ ਨੂੰ ਵਿਦਾਅ ਕਰ ਦਿੱਤਾਤੁਰਦਾ ਤੁਰਦਾ ਜੁਗਾੜ ਸਿਉਂ ਸਵੇਰੇ ਸਾਝਰੇ ਵੀ ਦੋ ਪੈੱਗ ਸੜ੍ਹਾਕ ਗਿਆ ਸੀ

-"ਯਾਰ ਰਾਤ ਦੀ ਪੀਤੀ ਕਰਕੇ ਸਾਲ਼ਾ ਦਿਲ ਘਾਊਂ ਮਾਊਂ ਜਿਆ ਹੋਈ ਜਾਂਦੈ।" ਉਹ ਉਤਨਾ ਚਿਰ ਆਖਣੋਂ ਨਹੀਂ ਹਟਿਆ, ਜਿੰਨਾਂ ਚਿਰ ਜਾਗਰ ਨੇ ਉਸ ਦੇ ਸਾਹਮਣੇ ਬੋਤਲ ਨਹੀਂ ਲਿਆ ਰੱਖੀ ਸੀਮੰਗ ਕੇ ਪੀਣੀ ਜੁਗਾੜ ਸਿਉਂ ਇਕ ਤਰ੍ਹਾਂ ਨਾਲ ਗੁਨਾਹ ਸਮਝਦਾ ਸੀ

********************

ਅੱਠਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ..ਸ਼ੁਕਰੀਆ।


No comments: