Friday, March 27, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 9

ਸਵੇਰ ਦਾ ਹੀ ਮੌਕਾ ਸੀ।

ਸਰਦੀ ਕੁਝ ਜ਼ਿਆਦਾ ਹੀ ਦੰਦੀਆਂ ਵੱਢਣ ਲੱਗ ਪਈ ਸੀ। ਜਾਗਰ ਸਿੰਘ ਅਜੇ ਚਾਹ ਪੀ ਕੇ ਹੀ ਹਟਿਆ ਸੀ। ਧੁੱਪ ਉਸ ਨੂੰ ਕੁਝ ਜ਼ਿਆਦਾ ਹੀ ਨਿੱਘੀ-ਨਿੱਘੀ ਲੱਗ ਰਹੀ ਸੀ। ਉਹ ਸੋਚ ਰਿਹਾ ਸੀ ਕਿ ਜੁਗਾੜ ਸਿਉਂ ਨੂੰ ਗਏ ਨੂੰ ਤਿੰਨ ਦਿਨ ਹੋ ਗਏ। ਕੰਜਰ ਅਜੇ ਤੱਕ ਨਹੀਂ ਬਹੁੜਿਆ। ਕਿਤੇ ਪੰਜ ਸੌ ਲੈ ਕੇ ਤਿੱਤਰ ਹੀ ਨਾ ਹੋ ਗਿਆ ਹੋਵੇ? ਬੈਲੀ ਬੰਦਿਆਂ ਦਾ ਕੀ ਇਤਬਾਰ? ਨਾਲੇ ਜੁਗਾੜ ਸਿਉਂ ਦਾ ਤਾਂ ਕੋਈ ਪਤਾ ਟਿਕਾਣਾ ਵੀ ਨਹੀਂ ਸੀ, ਜਿੱਥੋਂ ਉਸ ਬਾਰੇ ਪੁੱਛ ਪੜਤਾਲ਼ ਹੋ ਸਕਦੀ? ਓਡਾਂ ਦੀ ਗੱਦੋਂ ਦਾ ਕੀ ਭਰੋਸਾ? ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ! ਉਹਦੇ ਮਿੱਤਰ-ਬੇਲੀ ਵੀ ਉਹਦੇ ਵਰਗੇ ਹੀ ਹਨ! ਕੀ ਪਤਾ ਕਿੱਥੇ ਟਿਕਾਣਾ ਕਰ ਲੈਣ? ਉਹ ਅਜੇ ਸੋਚ ਹੀ ਰਿਹਾ ਸੀ ਕਿ ਬਾਹਰੋਂ ਕਿਸੇ ਨੇ ਅਵਾਜ਼ ਮਾਰੀ।

_"ਜਾਗਰ ਸਿਆਂ ਘਰੇ ਈ ਐਂ...?"

ਉਸ ਨੇ ਪਿੱਠ ਭੁਆ ਕੇ ਦੇਖਿਆ ਤਾਂ ਜੰਗੀਰ ਚੌਂਕੀਦਾਰ ਡਾਂਗ ਲਈ ਦਰਵਾਜੇ ਵਿਚ ਅੜਿਆ ਜਿਹਾ ਖੜ੍ਹਾ ਸੀ।

-"ਉਏ ਆ ਬਈ ਜੰਗੀਰ...! ਕਿਵੇਂ ਸਾਝਰੇ ਈ ਦਰਸ਼ਣ ਦਿੱਤੇ? ਆ ਜਾਹ ਬੈਠ, ਚਾਹ ਪੀ!"

-"ਨਹੀਂ ਜਾਗਰ ਸਿਆਂ, ਗੁਰੂ ਜਾਅਦੇ ਦੇਵੇ-ਮੈਂ ਕਾਹਲ਼ੀ 'ਚ ਐਂ!"

-"ਕੋਈ ਕੰਮ ਆਇਆ ਸੀ...?"

-"ਤੈਨੂੰ ਪੰਚੈਤ 'ਚ ਸੱਦਿਐ...।" ਚੌਂਕੀਦਾਰ ਨੇ ਦੱਸਿਆ।

-"ਕਿਉਂ...?" ਜਾਗਰ ਘੋਰ ਹੈਰਾਨ ਹੋ ਗਿਆ।

-"ਉਥੇ ਪੰਚੈਤ 'ਕੱਠੀ ਹੋਣੀ ਐਂ ਅੱਜ-ਤੈਨੂੰ ਪਤਾ ਈ ਨ੍ਹੀ...?" ਅੱਗਿਓਂ ਚੌਂਕੀਦਾਰ ਵੀ ਹੈਰਾਨ ਸੀ।

-"ਨ੍ਹਾ...! ਸਹੁੰ ਗੁਰੂ ਦੀ! ਕੀ, ਗੱਲ ਕੀ ਐ...?" ਜਾਗਰ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ।

-"ਸਾਰੇ ਪਿੰਡ 'ਚ ਤਾਂ ਬੂਅ-ਬੂਅ ਹੋਈ ਪਈ ਐ, ਜਾਗਰ ਸਿਆਂ-ਕਿੱਥੇ ਰਹਿੰਨੈਂ?"

-"ਰਹੀਦਾ ਤਾਂ ਪਿੰਡ 'ਚ ਈ ਐ-ਪਰ ਕਿਸੇ ਗੱਲ ਦਾ ਨ੍ਹੀ ਪਤਾ-ਸਹੁੰ ਦੁਆ ਲੈ!"

-"ਉਹ ਵੱਡੇ ਘਰ ਆਲ਼ੇ ਹਰਮਨ ਸਿਉਂ ਦੀ ਕੁੜੀ ਦਾ ਰੌਲ਼ਾ ਜਿਆ ਚੱਲਦੈ ਨਾ, ਕਨੇਡੇ ਆਲ਼ੇ ਪ੍ਰਾਹੁਣੇ ਨਾਲ਼।"

-"ਅੱਛਾ...! ਉਹ ਅਜੇ ਨਿੱਬੜਿਆ ਈ ਨ੍ਹੀ...?"

-"ਕਾਹਨੂੰ...! ਨਿੱਬੜੂ ਕਿੱਥੋਂ? ਅਗਲਾ ਤੀਹ ਲੱਖ ਦੀ ਢੂਹੀ ਮਾਰ ਕੇ ਗੱਡੀ ਬਣਿਆਂ! ਬਿਚਾਰੀ ਕੁੜੀ ਦੀ ਖੁਆਰੀ ਬਾਧੂ ਹੋਈ। ਐਹੋ ਜੇ ਪ੍ਰਾਹੁਣੇ ਦੇ ਤਾਂ ਜਾਗਰ ਸਿਆਂ ਸੱਥ 'ਚ ਖੜ੍ਹਾ ਕੇ ਗੋਲ਼ੀ ਮਾਰੇ...!"

-"ਨਾਲ਼ੇ ਕਸੂਰ 'ਕੱਲੇ ਪ੍ਰਾਹੁਣੇ ਦਾ ਈ ਨ੍ਹੀ-ਇਹਨਾਂ ਦਾ ਆਬਦਾ ਕਸੂਰ ਵੀ ਬਥੇਰੈ! ਤੂੰ ਬੈਠ! ਚਾਹ ਪਾਣੀ ਤਾਂ ਪੀਅ! ਕਾਹਨੂੰ ਭੱਜੂੰ ਭੱਜੂੰ ਕਰਦੈਂ...?"

-"ਨਹੀਂ ਜਾਗਰ ਸਿਆਂ, ਮੈਂ ਹੋਰ ਘਰੀਂ ਵੀ ਸੁਨੇਹੇਂ ਦੇਣੇ ਐਂ-ਮੈਂ ਬਹੁਤ ਕਾਹਲ਼ੀ 'ਚ ਐਂ!"

-"ਚੱਲ ਠੀਕ ਐ! ਪੰਚੈਤ ਕਿੰਨੇ ਵਜੇ 'ਕੱਠੀ ਹੋਣੀ ਐਂ?"

-"ਬੱਸ ਤੂੰ ਤੁਰ ਪਾ...! ਅੱਗੇ ਈ ਲੇਟ ਐਂ।" ਤੇ ਚੌਂਕੀਦਾਰ ਆਪਣੀ ਡਾਂਗ ਸੰਭਾਲ਼ਦਾ ਤੁਰ ਗਿਆ।

ਜਾਗਰ ਸਿੰਘ ਸੋਚਾਂ ਵਿਚ ਪੈ ਗਿਆ।

----

......ਅਸਲ ਵਿਚ ਇਸ ਪਿੰਡ ਦੀ ਇਕ ਕੁੜੀ ਕੈਨੇਡਾ ਦੇ 'ਮੁੰਡੇ' ਨੂੰ ਵਿਆਹੀ ਹੋਈ ਸੀ। ਪਚਵੰਜਾ ਸਾਲਾਂ ਦਾ 'ਮੁੰਡਾ' ਜਦੋਂ ਕੈਨੇਡਾ ਤੋਂ ਪੰਜਾਬ ਆਇਆ ਤਾਂ ਉਸ ਨੇ ਪੰਜਾਬੀ ਦੇ ਇਕ ਮਸ਼ਹੂਰ ਅਖ਼ਬਾਰ ਵਿਚ "ਜੀਵਨ ਸਾਥਣ ਦੀ ਲੋੜ" ਦਾ ਇਸ਼ਤਿਹਾਰ ਦਿੱਤਾ। ਉਸ ਇਸ਼ਤਿਹਾਰ ਵਿਚ ਉਸ ਦੀ ਇਕ ਸਖ਼ਤ ਸ਼ਰਤ ਇਹ ਸੀ ਕਿ ਕੁੜੀ "ਬਾਂਝ" ਹੋਣੀ ਚਾਹੀਦੀ ਹੈ! ਗੱਲ ਕੀ? ਕੁੜੀਆਂ ਦਾ ਤਾਂਤਾ ਲੱਗ ਗਿਆ। ਮੁੰਡਾ ਫਿਰ ਵੀ ਕੈਨੇਡਾ ਤੋਂ ਆਇਆ ਹੋਇਆ ਸੀ। ਕੋਈ ਲੱਲੋ-ਪੱਤੋ ਗੱਲ ਤਾਂ ਨਹੀਂ ਸੀ? ਪਰ ਉਸ ਬੁੱਢੇ ਲਾੜੇ ਨੂੰ ਕੋਈ 'ਬਾਂਝ' ਕੁੜੀ ਨਹੀਂ ਮਿਲ਼ ਰਹੀ ਸੀ। ਮਿਲ਼ਦੀ ਵੀ ਕਿੱਥੋਂ? ਕੁੜੀ ਦੇ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਣਾ ਸੀ ਕਿ ਕੁੜੀ ਬੱਚਾ-ਬੱਚੀ ਜੰਮਣ ਦੇ ਕਾਬਲ ਹੈ ਵੀ ਕਿ ਨਹੀਂ? ਕੁਆਰੀ ਕੁੜੀ ਬਾਰੇ ਕਿੱਥੋਂ ਪਤਾ ਲੱਗ ਜਾਂਦਾ? ਇਸ਼ਤਿਹਾਰ ਦੇਣ ਵਾਲਾ ਵੀ ਬੇਵਕੂਫ਼ ਸੀ! ਜਾਂ ਤਾਂ ਉਹ ਇਸ਼ਤਿਹਾਰ ਵਿਚ ਇਹ ਵੇਰਵਾ ਪਾਉਂਦਾ ਕਿ ਛੱਡੀ ਛੁਡਾਈ ਜਾਂ ਤਲਾਕਸ਼ੁਦਾ ਬਾਂਝ 'ਔਰਤ' ਦੀ ਲੋੜ ਹੈ। ਗੱਲ ਫਿਰ ਵੀ ਸਮਝ ਵਿਚ ਆਉਣ ਵਾਲ਼ੀ ਸੀ।

ਪਰ ਪੜ੍ਹੀਆਂ ਲਿਖੀਆਂ, ਵੀਹ-ਵੀਹ, ਬਾਈ-ਬਾਈ ਸਾਲ ਦੀਆਂ ਕਾਲਜੀਏਟ ਕੁੜੀਆਂ ਬਗੈਰ ਕਿਸੇ ਤਹਿਕੀਕਾਤ ਤੋਂ ਉਸ ਲਾੜੇ ਵੱਲ ਨੂੰ ਵਹੀਰਾਂ ਘੱਤ ਕੇ ਤੁਰ ਪਈਆਂ! ਸੋਚਣ ਦੀ ਕਿਸੇ ਨੇ ਕੋਈ ਜ਼ਰੂਰਤ ਹੀ ਨਹੀਂ ਸਮਝੀ ਸੀ! ਉਹ ਤਾਂ ਕੈਨੇਡਾ ਦਾ ਨਾਂ ਪੜ੍ਹ ਕੇ ਹੀ ਬੌਰੀਆਂ-ਬਾਂਵਰੀਆਂ ਹੋ ਤੁਰੀਆਂ। ਉਹਨਾਂ ਕੁੜੀਆਂ ਦੀ ਕਤਾਰ ਵਿਚ ਇਸ ਪਿੰਡ ਦੀ ਮਾਲੂਕ ਉਮਰ ਦੀ ਪੜ੍ਹੀ ਲਿਖੀ ਕੁੜੀ ਸੀਤਲ ਵੀ ਸੀ। ਜਦ ਉਸ ਨੇ ਇਹ ਇਸ਼ਤਿਹਾਰ ਆਪਣੇ ਮਾਂ-ਬਾਪ ਨੂੰ ਪੜ੍ਹਾਇਆ, ਤਾਂ ਉਹ ਵੀ ਦੁਬਿਧਾ ਵਿਚ ਪੈ ਗਏ। ਪਰ ਕੈਨੇਡਾ ਵਸਣ ਦੀ ਲਾਲਸਾ ਨੂੰ ਉਹਨਾਂ ਨੇ ਵੀ ਨਾ ਤਿਆਗਿਆ। ਹੁਣ ਵੱਡਾ ਰੌਲ਼ਾ ਤਾਂ 'ਬਾਂਝ' ਸਾਬਤ ਕਰਨ ਦਾ ਸੀ!

ਉਹਨਾਂ ਦੇ ਘਰ ਵਿਚ ਰਾਤ ਨੂੰ ਇਕ 'ਪ੍ਰੀਵਾਰਕ-ਮੀਟਿੰਗ' ਹੋਈ। ਸਾਰੇ ਪ੍ਰੀਵਾਰ ਨੂੰ ਕੈਨੇਡਾ ਦਾ ਰਿਸ਼ਤਾ ਹੱਥੋਂ ਨਿਕਲ਼ ਜਾਣ ਦੇ ਡਰੋਂ ਗਸ਼ ਪੈਣ ਵਾਲ਼ੀ ਹੋਈ ਪਈ ਸੀ।

-"ਤੁਸੀਂ ਇਕ ਕੰਮ ਕਰੋ...!" ਕੁੜੀ ਦੇ ਭਰਾ ਬਿੱਲੂ ਨੇ ਸ਼ੁਰੂਆਤ ਕੀਤੀ।

-"ਹਾਂ ਬੋਲ...?" ਸਾਰੇ ਗਿੱਦੜ ਹੁਆਂਕਣ ਵਾਂਗ ਉਸ ਵੱਲ ਝਾਕੇ।

-"ਤੁਸੀਂ ਜਾ ਕੇ ਮੁੰਡੇ ਦਾ ਮੂੰਹ ਸੁੰਘੋ!"

-"ਭਲਿਓ ਮਾਣਸੋ, ਬਾਜ ਆ ਜਾਓ...! ਜਦੋਂ ਅਗਲੇ ਨੇ ਸ਼ਰਤ ਈ ਬਾਂਝ ਦੀ ਰੱਖੀ ਐ-ਤੁਸੀਂ ਅੱਡੀਆਂ ਚੱਕ ਕੇ ਜਰੂਰੀ ਫ਼ਾਹਾ ਲੈਣੈਂ...?" ਸੀਤਲ ਦੇ ਦਾਦੇ ਨੇ ਸਿਆਣੀਂ ਗੱਲ ਕੀਤੀ। ਉਹ ਫ਼ੌਜ ਵਿਚੋਂ ਕਰਨਲ ਪੈਨਸ਼ਨ ਆਇਆ ਹੋਇਆ ਸੀ।

-"ਬਾਪੂ ਤੂੰ ਚੁੱਪ ਕਰ ਜਿਆ ਕਰ...! ਤੈਨੂੰ ਪਤਾ ਨ੍ਹੀ ਸੁਤਾ ਨ੍ਹੀ-ਵਿਚ ਆਬਦਾ ਈ ਘੋੜ੍ਹਾ ਭਜਾ ਤੁਰਦੈਂ-ਤੈਥੋਂ ਜਾ ਕੇ ਪਿਆ ਨ੍ਹੀ ਜਾਂਦਾ? ਬੈਠਾ ਬੁੜ੍ਹੀਆਂ ਦੀਆਂ ਕੱਛਾਂ ਸੁੰਘੀ ਜਾਨਾ ਰਹਿੰਨੈਂ?" ਉਸ ਦੀ ਨੂੰਹ ਨੇ ਮੀਸਣਾਂ ਹਾਸਾ ਹੱਸ ਕੇ ਬਾਬੇ ਦੀ ਤਹਿ ਲਾ ਦਿੱਤੀ।

-"ਉਏ ਕਮਲਿ਼ਆ ਟੱਬਰਾ...! ਫੇਰ ਵੀ ਧੀ ਦਾ ਧਨ ਐਂ-ਕੁਛ ਤਾਂ ਸੋਚੋ! ਕਨੇਡਾ ਦਾ ਨਾਂ ਪੜ੍ਹ ਕੇ ਕਾਹਤੋਂ ਕਮਲ਼ੇ ਹੋ ਗਏ? ਆਪਣੇ ਘਰੇ ਕਾਹਦਾ ਘਾਟੈ?" ਬਜ਼ੁਰਗ ਨੇ ਦੁਹਾਈ ਦਿੱਤੀ। ਉਸ ਨੂੰ ਪੋਤੀ ਦੀ ਹੋਣੀਂ ਤੋਂ ਭੈਅ ਆਇਆ ਸੀ।

-"ਬਾਪੂ, ਤੈਨੂੰ ਬੇਇੱਜ਼ਤੀ ਕਰਵਾਉਣ ਦਾ ਕੋਈ ਚਾਅ ਐ? ਚੁੱਪ ਕਰਕੇ ਜਾ ਕੇ ਪਿਆ ਨ੍ਹੀ ਜਾਂਦਾ...?" ਉਸ ਦੇ ਪੁੱਤ ਹਰਮਨ ਸਿੰਘ ਨੇ ਵੀ ਆਪਣੀ ਘਰਵਾਲ਼ੀ ਪਰਮ ਕੌਰ ਦਾ ਪੱਖ ਹੀ ਪੂਰਿਆ ਤਾਂ ਬਜ਼ੁਰਗ "ਸੱਚੇ ਪਾਤਿਸ਼ਾਹ ਸਮੁੱਤ ਬਖ਼ਸ਼ ਇਹਨਾਂ ਨੂੰ" ਆਖ ਕੇ ਸੌਣ ਚਲਾ ਗਿਆ। ਪਰ ਉਸ ਦੇ ਹੱਥ ਵਾਲੀ ਡੰਗੋਰੀ ਜ਼ਰੂਰ ਕੰਬੀ ਸੀ!

-"ਲਓ, ਭਾਨੀਮਾਰ ਤਾਂ ਗਿਆ, ਚਲਿਆ-ਹੁਣ ਆਪਾਂ ਗੱਲ ਕਰੋ...!" ਮੁੰਡੇ ਬਿੱਲੂ ਨੇ ਆਖਿਆ।

-"ਇਹਨੂੰ ਹਰ ਕੰਮ 'ਚ ਲੱਤ ਅੜਾਉਣ ਦਾ ਬਾਹਲ਼ਾ ਈ ਚਾਅ ਚੜ੍ਹਿਆ ਰਹਿੰਦੈ-ਪਤਾ ਨ੍ਹੀ ਮਰ ਕੇ ਕਦੋਂ ਮਗਰੋਂ ਲਹੂ? ਇਹਦੇ ਭਾਅ ਦਾ ਅਸੀਂ ਸਾਰੇ ਕਮਲ਼ੇ ਈ ਤੁਰੇ ਫਿ਼ਰਦੇ ਐਂ!" ਬਾਬੇ ਦੀ ਨੂੰਹ ਪਰਮ ਕੌਰ ਗੁੱਝਾ ਜਿਹਾ ਹਾਸਾ ਹੱਸ ਕੇ ਬੋਲੀ।

-"ਪਾਪਾ ਜੀ ਈ ਬਾਹਲ਼ੀ ਚਾਪਲ਼ੂਸੀ ਕਰਨ ਲੱਗ ਜਾਂਦੇ ਐ-ਨਹੀਂ ਬਾਪੂ ਜੀ ਨੂੰ ਤਾਂ ਤਲੈਂਬੜ ਚਾਹੀਦੇ ਐ।" ਬਾਬੇ ਦਾ ਪੋਤਾ ਬਿੱਲੂ ਬਦਤਮੀਜ਼ਾਂ ਵਾਂਗ ਬੋਲਿਆ ਤਾਂ ਸਾਰੇ ਹੱਸ ਪਏ।

-"ਗੱਲ ਕਰਨ ਆਲ਼ੀ ਕਰੋ...!" ਸੀਤਲ ਦੇ ਪੜ੍ਹੇ ਲਿਖੇ ਬਾਪ ਹਰਮਨ ਸਿੰਘ ਨੇ ਆਖਿਆ। ਉਹ ਖੇਤੀਬਾੜੀ ਮਹਿਕਮੇਂ ਵਿਚ ਇੰਸਪੈਕਟਰ ਲੱਗਿਆ ਹੋਇਆ ਸੀ ਅਤੇ ਉਸ ਦੇ ਘਰਵਾਲ਼ੀ ਪਰਮ ਕੌਰ ਹਾਈ ਸਕੂਲ ਵਿਚ ਹੈੱਡ-ਮਾਸਟਰਨੀ ਸੀ। ਗੱਲ ਕੀ, ਸਾਰਾ ਪ੍ਰੀਵਾਰ ਹੀ ਪੜ੍ਹਿਆ ਲਿਖਿਆ ਹੋਇਆ ਸੀ। ਸੀਤਲ ਨੇ ਵੀ ਡਬਲ ਐੱਮ. ਏ. ਕਰ ਕੇ ਹੁਣ ਬੀ. ਐੱਡ ਕਰ ਰਹੀ ਸੀ। ਉਸ ਦਾ ਭਰਾ ਬਿੱਲੂ ਐੱਮ. ਐੱਸ. ਸੀ. ਕਰ ਰਿਹਾ ਸੀ।

-"ਤੁਸੀਂ ਕੱਲ੍ਹ ਨੂੰ ਉਸ ਤੋਂ ਅਪਾਇੰਟਮੈਂਟ ਲਵੋ ਤੇ ਸਾਰੀ ਗੱਲ ਦੀ ਕਨਸੋਅ ਕੱਢੋ!" ਬਿੱਲੂ ਕੈਨੇਡਾ ਜਾਣ ਲਈ ਕੁਝ ਜ਼ਿਆਦਾ ਹੀ 'ਤੱਤਾ' ਸੀ।

-"ਪਰ ਗੱਲ ਹੋਰ ਐ-!" ਪਾਪਾ ਜੀ ਨੇ ਆਖਿਆ।

-"ਕੀ...?" ਉਸ ਦੇ ਘਰਵਾਲ਼ੀ ਬੋਲੀ।

-"ਹੁਣ ਤੁਸੀਂ ਨਾ ਬਾਪੂ ਜੀ ਵਾਂਗੂੰ ਕੋਈ ਨਵਾਂ ਸੱਪ ਕੱਢ ਲਿਓ! ਐਹੋ ਜੇ ਰਿਸ਼ਤੇ ਨਿੱਤ ਨਿੱਤ ਨ੍ਹੀ ਮਿਲ਼ਦੇ, ਜਨਾਬ!" ਉਹ ਆਪਣੇ ਘਰਵਾਲ਼ੇ ਵੱਲ ਇੰਜ ਝਾਕ ਰਹੀ ਸੀ। ਜਿਵੇਂ ਗੁਰਦੁਆਰੇ ਦਾ ਕੁੱਤਾ ਰੋਟੀ ਵਾਸਤੇ ਗਿਆਨੀ ਵੱਲ ਝਾਕਦੈ।

-"ਉਏ, ਨਹੀਂ...! ਮੇਰੀ ਗੱਲ ਤਾਂ ਸੁਣ ਲਓ...!"

-"ਦੱਸੋ...?"

-"ਆਪਣੀ ਸੀਤਲ ਦੀ ਉਮਰ ਹੈਗੀ ਐ ਤੇਈ ਸਾਲ ਦੀ-ਤੇ ਇਸ਼ਤਿਹਾਰ ਅਨੁਸਾਰ ਉਸ ਮੁੰਡੇ ਦੀ ਉਮਰ ਲਿਖੀ ਐ ਪਚਵੰਜਾ ਸਾਲ!"

-"ਫੇਰ...? ਕੀ ਮਤਲਬ...?" ਸਾਰੇ ਉਸ ਵੱਲ ਵੱਢਖਾਣੀ ਝਾਕਣੀ ਝਾਕੇ। ਜਿਵੇਂ ਪਾਪਾ ਜੀ ਰਿਸ਼ਤੇ ਲਈ 'ਨਾਂਹ' ਕਰਨ ਲੱਗੇ ਸਨ।

-"ਮਤਲਬ ਇਹ ਐ ਬਈ ਕੁੜੀ ਮੁੰਡੇ ਦਾ ਬੱਤੀ ਸਾਲ ਦਾ ਫ਼ਰਕ ਐ-।"

-"ਫੇਰ ਕੀ ਲੋਹੜ੍ਹਾ ਆ ਗਿਆ ਜੀ? ਤੁਸੀਂ ਵੀ ਬਣਦੇ ਕੰਮ ਵਿਗਾੜਨ ਆਲ਼ੇ ਓਂ-ਮੈਂ ਵੀ ਤੁਹਾਡੇ ਨਾਲੋਂ ਦਸ ਸਾਲ ਵੱਡੀ ਹੀ ਹਾਂ-ਆਪਾਂ ਵੀ ਤਾਂ ਬੜਾ ਵਧੀਆ ਵਸਦੇ ਰਸਦੇ ਆਂ?" ਉਸ ਨੇ 'ਰਸਦੇ' 'ਤੇ ਕਾਫ਼ੀ ਜ਼ੋਰ ਦਿੱਤਾ ਸੀ।

-"ਉਏ ਪਰਮ ਕੌਰੇ! ਮੁੰਡਾ ਹੈਗਾ ਪਚਵੰਜਾ ਸਾਲਾਂ ਦਾ-ਤੇ ਮੈਂ ਹੈਗਾਂ ਛਪੰਜਾ ਸਾਲਾਂ ਦਾ! ਕਹਿਣ ਦਾ ਮਤਲਬ, ਮੇਰਾ ਤੇ ਉਸ ਲੜਕੇ ਦਾ ਸਿਰਫ਼ ਇਕ ਸਾਲ ਦਾ ਈ ਫ਼ਰਕ ਐ-!"

-"ਫੇਰ ਕੀ ਪਰਲੋਂ ਆ ਗਈ?" ਘਰਵਾਲ਼ੀ ਤੁਰੰਤ ਬੋਲੀ।

-"ਵ੍ਹਾਏ ਆਰ ਯੂ ਸੋ ਮੈਡ, ਮੈਨ? ਲੋਕ ਕੀ ਆਖਣਗੇ? ਪ੍ਰਾਹੁਣਾ ਪਿਉ ਦੀ ਉਮਰ ਦਾ ਐ?"

-"ਲੋਕਾਂ ਦੇ ਮਾਰੋ ਗੋਲੀ਼...! ਆਪਾਂ ਪਿੰਡ 'ਚ ਵਿਆਹ ਕਰਨਾ ਈ ਨ੍ਹੀ! ਆਪਾਂ ਵਿਆਹ ਕਰਾਂਗੇ ਈ ਮੈਰਿਜ ਪੈਲਿਸ ਦੇ ਵਿਚ, ਸ਼ਹਿਰ...! ਗੱਲ ਮੁੱਕੀ ਰਾਂਦ ਕੱਟੀ!" ਪਰਮ ਕੌਰ ਨੇ ਉਸ ਦੀ ਅਗਲੀ ਮੁਸ਼ਕਿਲ ਵੀ ਹੱਲ ਕਰ ਦਿੱਤੀ।

-"ਤੇ ਅਗਲੀ ਗੱਲ-!"

-"ਅਗਲੀ ਗੱਲ ਕੀ? ਹੁਣ ਹੋਰ ਕੀ ਰਹਿ ਗਿਆ, ਪਾਪਾ ਜੀ?" ਸੀਤਲ ਬੋਲੀ। ਉਹ ਵੀ ਆਪਣੇ ਆਪ ਨੂੰ ਕੈਨੇਡਾ ਵਾਲੇ ਜਹਾਜ ਵਿਚ ਬੈਠੀ ਮਹਿਸੂਸ ਕਰ ਰਹੀ ਸੀ। ਜਿਹੜਾ ਵੈਨਕੂਵਰ ਜਾਂ ਟਰਾਂਟੋ ਉਡਾਰੀ ਮਾਰਨ ਲਈ ਤਿਆਰ ਸੀ।

-"ਇਸ਼ਤਿਹਾਰ ਵਿਚ ਸਾਫ਼ ਲਿਖਿਆ ਹੈ ਕਿ ਉਸ ਨੂੰ ਬਾਂਝ ਕੁੜੀ ਦੀ ਲੋੜ ਐ।"

-"ਦੇਖੋ ਜੀ...! ਅਗਲੇ ਦੀਆਂ ਵੀਹ ਮਜਬੂਰੀਆਂ ਹੁੰਦੀਐਂ-ਆਪਾਂ ਨੂੰ ਕੀ? ਆਪਾਂ ਅਗਲੇ ਦੀ ਪ੍ਰਾਈਵੇਸੀ 'ਚ ਕਿਉਂ ਦੇਖੀਏ? ਖਾਵੇ ਖਸਮਾਂ ਨੂੰ! ਅਗਲੇ ਦਾ ਪਹਿਲਾਂ ਵਿਆਹ ਕਰਵਾਇਆ ਹੋਣੈਂ? ਤੇ ਬੱਚੇ ਜੁਆਨ ਹੋਣਗੇ? ਅਗਲਾ ਇਹ ਈ ਸੋਚਦਾ ਹੋਊ ਬਈ ਅਗਲੀ ਦੇ ਕੋਈ ਬੱਚਾ ਨਾ ਹੋਵੇ-ਤਾਂ ਕਿ ਪਹਿਲੀ ਔਲਾਦ ਦਾ ਹਿੱਸਾ ਨਾ ਮਾਰਿਆ ਜਾਵੇ-ਮਤਲਬ ਪਹਿਲੀ ਔਲ਼ਾਦ ਦਾ ਕੋਈ ਸ਼ਰੀਕ ਨਾ ਜੰਮੇ-ਆਪਾਂ ਬੱਚੇ ਤੋਂ ਕਰਵਾਉਣਾ ਵੀ ਕੀ ਐ? ਬਥੇਰੀ ਦੁਨੀਆਂ ਬਗੈਰ ਔਲ਼ਾਦ ਤੋਂ ਫਿਰਦੀ ਐ-ਉਹ ਕਿਤੇ ਮਰ ਜਾਂਦੇ ਐ...?"

-"ਪਾਪਾ ਜੀ ਇਕ ਗੱਲ ਦੱਸਾਂ? ਟੂ ਬੀ ਵੈਰ੍ਹੀ ਫ਼ਰੈਂਕ! ਕੈਨੇਡਾ ਜਾਣ ਲਈ ਮੈਂ ਆਪਣੀ ਬੱਚੇਦਾਨੀ ਕਢਵਾਉਣ ਲਈ ਤਿਆਰ ਹਾਂ!" ਕੁੜੀ ਨੇ ਅਜੀਬ ਹੀ ਭਾਖਿਆ ਦਿੱਤੀ।

-"......।" ਸਾਰੇ ਉਸ ਦੇ ਕਹਿਣ 'ਤੇ ਦੰਗ ਰਹਿ ਗਏ। ਆਪ ਕੈਨੇਡਾ ਪਹੁੰਚਣ ਅਤੇ ਪ੍ਰੀਵਾਰ ਨੂੰ ਕੈਨੇਡਾ ਪਹੁੰਚਾਉਣ ਲਈ ਸੀਤਲ ਸੂਲ਼ੀ 'ਤੇ ਚੜ੍ਹਨ ਲਈ ਤਿਆਰ ਖੜ੍ਹੀ ਸੀ!

-"ਮੇਰੇ ਬੇਸ 'ਤੇ ਤੁਸੀਂ ਸਾਰਾ ਪ੍ਰੀਵਾਰ ਕੈਨੇਡਾ ਪਹੁੰਚ ਜਾਵੋਂਗੇ-ਸੈੱਟਲ ਹੋ ਜਾਵੋਂਗੇ-ਦੁਨੀਆਂ ਆਪਣੇ ਭੈਣਾਂ ਭਰਾਵਾਂ ਲਈ ਆਪਣੀ ਕੁਰਬਾਨੀ ਦਿੰਦੀ ਆਈ ਐ-ਮੈਂ ਕੈਨੇਡਾ ਪਹੁੰਚਣ ਤੇ ਤੁਹਾਨੂੰ ਕੈਨੇਡਾ ਪਹੁੰਚਾਣ ਲਈ ਆਪਣੀ ਬੱਚੇਦਾਨੀ ਦੀ ਬਲੀ ਦਿਆਂਗੀ!"

-"ਉਏ ਹਟਜੋ! ਉਏ ਦੁਸ਼ਟੋ...!" ਪਾਸੇ ਇਕ ਖੂੰਜੇ ਵਿਚ ਖੜ੍ਹਾ ਬਜ਼ੁਰਗ ਚੀਕਿਆ। ਉਸ ਨੇ ਪਾਸੇ ਖੜ੍ਹ ਕੇ ਸਾਰੀਆਂ ਗੱਲਾਂ ਹੀ ਸੁਣ ਲਈਆਂ ਸਨ। ਬੱਚੇਦਾਨੀ ਕਢਵਾਉਣ ਵਾਲੀ ਮਨਹੂਸ ਗੱਲ ਉਸ ਤੋਂ ਜਰੀ ਨਹੀਂ ਗਈ ਸੀ।

-"ਉਏ, ਉਏ ਹਰਮਨ ਸਿਆਂ...! ਰੱਬ ਔਰਤ ਨੂੰ ਸਰਿਸ਼ਟੀ ਅੱਗੇ ਤੋਰਨ ਵਾਸਤੇ ਬੱਚੇਦਾਨੀ ਇਕ ਵਰਦਾਨ, ਇਕ ਦਾਤ ਵਜੋਂ ਬਖ਼ਸ਼ਦੈ! ਜੀਹਦੇ ਔਲ਼ਾਦ ਨਹੀਂ ਹੁੰਦੀ-ਲੋਕ ਉਸ ਔਰਤ ਨੂੰ ਡੈਣ ਆਖ ਕੇ ਦੁਰਕਾਰਦੇ ਐ! ਤੇ ਤੁਸੀਂ? ਤੁਸੀਂ ਆਪ ਇਹ ਦੁਰਕਾਰ ਹੱਥੀਂ ਕਬੂਲਣ ਦੀ ਗੱਲ ਕਰਦੇ ਓਂ? ਨਾ ਉਏ...! ਨਾ ਇਹ ਜੁਲਮ ਕਰੋ! ਨਾ ਰੱਬ ਦੇ ਸ਼ਰੀਕ ਬਣੋਂ ਉਏ! ਨਾ ਇਹ ਕਹਿਰ ਕਰੋ! ਉਹਤੋਂ ਡਰੋ...!" ਬਜ਼ੁਰਗ ਫਿਰ ਕੁਰਲਾਇਆ। ਉਹ ਵੀ ਪੜ੍ਹਿਆ ਲਿਖਿਆ, ਤੁਰਿਆ ਫਿਰਿਆ ਇਨਸਾਨ ਸੀ। ਰੱਬ ਨੂੰ ਮੰਨਣ ਵਾਲ਼ਾ ਬੰਦਾ ਸੀ।

-"ਇਹਨੂੰ ਤੋਰੋ ਤੁਸੀਂ! ਨਹੀਂ ਮੈਥੋਂ ਕੁਛ ਵੱਜੂ ਇਹਦੇ ਅੱਜ...!" ਪਰਮ ਕੌਰ ਨੇ ਆਪਣੇ ਘਰਵਾਲ਼ੇ ਨੂੰ ਆਖਿਆ।

-"ਬਾਪੂ, ਤੈਥੋਂ ਜਾ ਕੇ ਪਈਦਾ ਨ੍ਹੀ? ਆਪਣੀ ਛੋਤ ਲੁਹਾਉਣ ਦਾ ਚਾਅ ਐ ਕੋਈ ਤੈਨੂੰ?"

-"ਉਏ ਮੈਂ ਤਾਂ ਤੁਰ ਜਾਨੈਂ! ਪਰ ਤੁਸੀਂ ਐਡਾ ਕਹਿਰ ਨਾ ਕਮਾਓ! ਸਾਰੇ ਪਛਤਾਵੋਂਗੇ...!" ਉਹ ਫਿੱਟ ਲਾਹਣਤ ਜਿਹੀ ਪਾ ਕੇ ਸੌਣ ਤੁਰ ਗਿਆ। ਗੱਲ ਸੁਣ ਕੇ ਬਜ਼ੁਰਗ ਨੂੰ ਅੱਚਵੀ ਹੀ ਤਾਂ ਲੱਗ ਗਈ ਸੀ।

-"ਤੁਸੀਂ ਗੱਲ ਕਰੋ! ਮੂੜ੍ਹ ਈ ਖ਼ਰਾਬ ਕਰਤਾ!" ਪਰਮ ਕੌਰ ਖਿਝ ਗਈ ਸੀ।

-"ਹਾਂ, ਤੁਸੀਂ ਈ ਦੱਸੋ ਮਾਲਕੋ!" ਹਰਮਨ ਸਿੰਘ ਨੇ ਪਰਮ ਕੌਰ ਨੂੰ ਕਿਹਾ।

-"ਕੱਲ੍ਹ ਨੂੰ ਮੁੰਡੇ ਨਾਲ ਅਪਾਇੰਟਮੈਂਟ ਬਣਾਓ! ਤੇ ਸਾਰੀ ਗੱਲ ਦਾ ਜਾਇਜਾ ਲਵੋ!" ਪਰਮ ਕੌਰ ਨੇ ਆਪ ਹੀ ਗੱਲ ਨਬੇੜ ਦਿੱਤੀ।

----

ਹਰਮਨ ਸਿੰਘ ਨੇ ਬੜੀ ਵੱਡੀ ਕੋਠੀ ਆਪਣੇ ਪਿੰਡ, ਖੇਤਾਂ ਵਿਚ ਹੀ ਬਣਾਈ ਹੋਈ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ। ਪ੍ਰਦੂਸ਼ਣ ਦੇ ਡਰੋਂ ਉਹ ਸ਼ਹਿਰ ਵਸਣੋਂ ਸੰਕੋਚ ਹੀ ਕਰ ਗਿਆ ਸੀ। ਗੱਲ ਅਗਲੇ ਦਿਨ 'ਤੇ ਛੱਡ ਕੇ ਸਾਰੇ ਸੌਂ ਗਏ। ਸੀਤਲ ਸਾਰੀ ਰਾਤ ਕੈਨੇਡਾ ਵਾਲ਼ੇ 'ਮੁੰਡੇ' ਦੀ ਬੁੱਕਲ਼ ਵਿਚ ਵੜੀ ਗੁੜ ਭੋਰਦੀ ਰਹੀ ਸੀ। ਆਪਣੇ ਕੈਨੇਡੀਅਨ ਲਾੜੇ ਨਾਲ ਡਲਹੌਜ਼ੀ ਦੀਆਂ ਪਹਾੜੀਆਂ ਵਿਚ 'ਹਨੀਮੂਨ' ਮਨਾਉਂਦੀ ਰਹੀ ਸੀ। ਕਦੇ ਦਿੱਲੀ ਦੇ ਏਅਰਪੋਰਟ 'ਤੇ ਫਲਾਈਟ ਦੀ ਉਡੀਕ ਕਰਦੀ ਸੀਤਲ ਆਪਣੇ ਆਪ ਨੂੰ 'ਵੇਟਿੰਗ-ਰੂਮ' ਵਿਚ ਬੈਠੀ ਦੇਖਦੀ।

ਸਵੇਰੇ ਜਦ ਮਾਂ ਨੇ ਉਸ ਨੂੰ ਉਠਾਇਆ ਤਾਂ ਉਹ ਕੈਨੇਡੀਅਨ ਲਾੜੇ ਦੀਆਂ ਮਾਲੂਕ ਬਾਂਹਾਂ ਦੀ ਜਗਾਹ ਮਾਂ ਨੂੰ ਦੇਖ ਕੇ ਮੁਸਕਰਾ ਪਈ।

ਅਗਲੇ ਦਿਨ ਸੀਤਲ ਦੇ ਬਾਪ ਹਰਮਨ ਸਿੰਘ ਨੇ ਕੈਨੇਡੀਅਨ ਲਾੜੇ ਨਾਲ ਅਪਾਇੰਟਮੈਂਟ ਬਣਾ ਲਈ। ਅਗਲੇ ਦਿਨ ਚੰਡੀਗੜ੍ਹ ਦੇ ਫ਼ਾਈਵ ਸਟਾਰ ਹੋਟਲ ਵਿਚ ਮਿਲਣ ਦਾ, ਸਵੇਰੇ ਦਸ ਵਜੇ ਦਾ ਸਮਾਂ ਮਿਲ ਗਿਆ। ਹਰਮਨ ਸਿੰਘ ਨੇ ਆਪਣੀ ਕਾਰ ਧੋ ਸੁਆਰ ਲਈ। ਚੰਡੀਗੜ੍ਹ ਜਾਣ ਦੀ ਤਿਆਰੀ ਜੰਗੀ ਪੱਧਰ 'ਤੇ ਹੋ ਗਈ।

-----

ਮਾਂ ਦੇ ਆਖਣ 'ਤੇ ਅਗਲੇ ਦਿਨ ਸਾਝਰੇ ਹੀ ਸੀਤਲ 'ਬਿਊਟੀ ਪਾਰਲਰ' ਵੀ ਜਾ ਆਈ। ਉਹ ਤਾਂ ਵੈਸੇ ਹੀ ਬਹੁਤ ਸੁੰਦਰ ਸੀ। ਸੁਨੱਖੀ ਸੀ। ਬਿਊਟੀ ਪਾਰਲਰ ਜਾਣ ਦੀ ਤਾਂ ਉਸ ਨੂੰ ਵੈਸੇ ਵੀ ਕੋਈ ਜ਼ਰੂਰਤ ਨਹੀਂ ਸੀ। ਪਰ ਕੈਨੇਡੀਅਨ ਲਾੜੇ ਨੂੰ ਖ਼ੁਸ਼ ਕਰਨਾ ਸੀ। ਉਸ ਦੀ ਮਾਂ ਪਰਮ ਕੌਰ ਵੀ ਉਸ ਦੇ ਨਾਲ ਬਿਊਟੀ ਪਾਰਲਰ ਗਈ ਸੀ। ਜਿਵੇਂ ਮੰਡੀ 'ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ, ਕਾਲ਼ੇ ਤੇਲ ਨਾਲ ਸਿੰਗ ਚੋਪੜ ਕੇ, ਰੰਗੀਲੀਆਂ ਨੱਥਾਂ ਪਾਈਦੀਐਂ! ਸੀਤਲ ਦੇ ਬਹਾਨੇ ਪਰਮ ਕੌਰ ਨੇ ਵੀ ਆਪਣੇ ਮੁਖੜੇ 'ਤੇ ਪਏ ਚਿੱਬ ਸਿੱਧੇ ਕਰਵਾ ਲਏ ਸਨ! ਦੇਖ ਕੇ ਹਰਮਨ ਦੰਗ ਰਹਿ ਗਿਆ।

-"ਪਰਮ, ਤੂੰ ਤਾਂ ਬਈ ਅੱਜ ਜਮਾਂ ਈ...! ਬਚ ਕੇ ਮੋੜ ਤੋਂ...!" ਉਸ ਨੇ ਘਰਵਾਲ਼ੀ ਨੂੰ ਛੇੜਿਆ, ਤਾਂ ਪਰਮ ਬੁੱਢੀ ਘੋੜ੍ਹੀ ਲਾਚੜ ਗਈ।

-"ਮੈਂ ਬੁੜ੍ਹੀ ਲੱਗਦੀ ਕਦੋਂ ਸੀ?" ਉਸ ਨੇ ਪਾਇਆ ਹੋਇਆ ਸੁਰਮਾਂ ਮਟਕਾਇਆ।

ਬਿੱਲੂ, ਸੀਤਲ, ਪਰਮ ਕੌਰ ਅਤੇ ਹਰਮਨ ਸਿੰਘ ਚੰਡੀਗੜ੍ਹ ਨੂੰ ਰਵਾਨਾ ਹੋ ਗਏ।

ਉਹਨਾਂ ਦੀ ਕਾਰ ਉਡੀ ਜਾ ਰਹੀ ਸੀ।

ਤਕਰੀਬਨ ਸਾਢੇ ਕੁ ਨੌਂ ਵਜੇ ਉਹ ਚੰਡੀਗੜ੍ਹ ਪਹੁੰਚ ਗਏ।

ਫ਼ਾਈਵ ਸਟਾਰ ਹੋਟਲ ਲੱਭਦਿਆਂ ਉਹਨਾਂ ਨੂੰ ਕੋਈ ਦੇਰ ਨਾ ਲੱਗੀ। ਹਰਮਨ ਲੱਗਭੱਗ ਸਾਰੇ ਚੰਡੀਗੜ੍ਹ ਤੋਂ ਹੀ ਵਾਕਿਫ਼ ਸੀ। ਉਹਨਾਂ ਨੇ ਹੋਟਲ ਦੀ ਪਾਰਕਿੰਗ ਵਿਚ ਕਾਰ ਖੜ੍ਹੀ ਕਰ ਦਿੱਤੀ। ਦਰਬਾਨ ਨੇ ਉਹਨਾਂ ਨੂੰ ਸਲੂਟ ਮਾਰਿਆ ਅਤੇ ਕਾਰ ਦਾ ਦਰਵਾਜਾ ਖੋਲ੍ਹਿਆ।

-"ਕੋਈ ਹੁਕਮ ਸਰ...?" ਦਰਬਾਨ ਨੇ ਬੜੀ ਨਿਮਰਤਾ ਨਾਲ ਲਿਫ਼ ਕੇ ਅਰਜ਼ ਕੀਤੀ।

-"ਅਸੀਂ ਮਿਸਟਰ ਬਲਰਾਜ ਬਰਾੜ ਨੂੰ ਮਿਲਣੈਂ!"

-"ਆ ਜਾਓ ਸਰ...!" ਦਰਬਾਨ ਉਹਨਾਂ ਨੂੰ ਅਗਵਾਈ ਦਿੰਦਾ ਹੋਇਆ ਅੱਗੇ ਲੱਗ ਤੁਰਿਆ। ਲਿਫ਼ਟ ਵਿਚ ਉਹਨਾਂ ਨੂੰ ਉਪਰ ਪਹੁੰਚਣ ਲਈ ਕੋਈ ਬਹੁਤਾ ਸਮਾਂ ਨਾ ਲੱਗਿਆ। ਤੀਜੀ ਮੰਜਿ਼ਲ 'ਤੇ ਪਹੁੰਚ ਕੇ ਦਰਬਾਨ ਨੇ ਇਕ 'ਸੁਈਟ' ਦੀ ਡੋਰ-ਬੈੱਲ ਖੜਕਾਈ। ਜਦੋਂ ਕਿਸੇ ਨੇ ਦਰਵਾਜਾ ਖੋਲ੍ਹਿਆ ਤਾਂ ਹਰਮਨ ਸਿੰਘ ਨੇ ਦਰਬਾਨ ਦਾ ਧੰਨਵਾਦ ਕਰਦਿਆਂ ਉਸ ਵਿਅਕਤੀ ਨੂੰ "ਮਿਸਟਰ ਬਲਰਾਜ ਬਰਾੜ" ਹੀ ਆਖਿਆ ਤਾਂ ਉਹ ਸਮਝ ਗਿਆ।

-"ਓਹ, ਯੈੱਸ...! ਮਿਸਟਰ ਬਲਰਾਜ ਬਰਾੜ? ਯੈੱਸ! ਆਓ-ਆਓ! ਪਲੀਜ਼ ਕਮ ਇੰਨ-ਪਲੀਜ਼ ਕਮ ਇੰਨ, ਸਰ!" ਉਹ ਸੋਹਣਾ ਸੁਨੱਖਾ ਵਿਅਕਤੀ ਦਰਬਾਨ ਨਾਲੋਂ ਵੀ ਜ਼ਿਆਦਾ ਲਿਫ਼-ਲਿਫ਼ ਪੈਂਦਾ ਸੀ।

----

ਜਦ ਉਹ ਅੱਗੇ 'ਲਾਊਂਜ' ਵਿਚ ਗਏ ਤਾਂ ਦਰਵਾਜਾ ਖੋਲ੍ਹਣ ਵਾਲੇ ਬੰਦੇ ਨੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ। ਇਕ ਅੱਧਖੜ੍ਹ ਆਦਮੀ ਬਾਲਕੋਨੀ ਵਿਚ ਬੈਠਾ ਕੌਫ਼ੀ ਪੀ ਰਿਹਾ ਸੀ। ਸਿਰ 'ਤੇ ਨਾਈਕੀ-ਟੋਪੀ, ਕੋਟ ਪੈਂਟ ਪਾਇਆ ਹੋਇਆ, ਟਾਈ ਲਾਈ ਹੋਈ ਅਤੇ ਧੁੰਦਲੇ ਜਿਹੇ ਮੌਸਮ ਵਿਚ ਵੀ ਉਸ ਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਦੇਖਣ ਪਾਖਣ ਤੋਂ ਉਹ ਵਾਕਿਆ ਹੀ ਕੋਈ ਅਮੀਰ ਬੰਦਾ ਲੱਗਦਾ ਸੀ।

ਉਸ ਨੇ ਉਠ ਕੇ ਬਿੱਲੂ ਅਤੇ ਹਰਮਨ ਸਿੰਘ ਨਾਲ ਹੱਥ ਮਿਲਾਇਆ।

ਹਰਮਨ ਨੇ ਆਪਣੇ ਪ੍ਰੀਵਾਰ ਦੀ ਜਾਣ-ਪਹਿਚਾਣ ਕਰਵਾਈ।

-"ਆਈ ਐੱਮ ਬਲਰਾਜ ਬਰਾੜ! ਹਾਓ ਆਰ ਯੂ...?" ਉਸ ਨੇ ਪੁੱਛਿਆ। ਦੇਖਣ ਤੋਂ ਤਾਂ ਹੱਟਾ ਕੱਟਾ, ਪਰ ਬੋਲਣ ਤੋਂ ਉਹ ਦਮੇਂ ਦਾ ਮਰੀਜ਼ ਜਿਹਾ ਲੱਗਦਾ ਸੀ। ਜਦ ਉਸ ਨੇ ਆਪਣੀ ਟੋਪੀ ਲਾਹ ਕੇ ਸਿਰ 'ਤੇ ਹੱਥ ਫੇਰਿਆ ਤਾਂ ਉਸ ਦਾ ਗੰਜ ਲਾਲਟੈਨ ਵਾਂਗ ਜਗਿਆ। ਗਿੱਚੀ ਪਿਛਲੇ ਵਾਲ਼ ਉਸ ਨੇ ਕਾਲ਼ੇ ਕੀਤੇ ਹੋਏ ਸਨ। ਉਸ ਨੇ ਕਾਲੀਆਂ ਐਨਕਾਂ ਲਾਹੀਆਂ ਤਾਂ ਚਿੱਤ-ਕਬਰੀਆਂ ਜਿਹੀਆਂ ਅੱਖਾਂ ਪਰਮ ਕੌਰ ਨੂੰ ਦੇਖ ਕੇ ਬੈਟਰੀ ਵਾਂਗ ਇਕ ਦਮ ਚਮਕੀਆਂ। ਕੈਨੇਡੀਅਨ ਹਰਮਨ ਦੀ ਘਰਵਾਲ਼ੀ ਨੂੰ ਨਿੱਖਰੀ ਤਿੱਖਰੀ ਦੇਖ ਕੇ ਹੀ ਬਾਂਦਰ ਵਾਂਗ ਲਾਚੜ ਗਿਆ ਸੀ। ਉਸ ਨੇ ਪਰਮ ਕੌਰ ਨੂੰ ਹੀ 'ਲਾੜੀ' ਸਮਝ ਲਿਆ ਸੀ।

-"ਇਹ ਲੜਕੀ...?" ਅਜੇ ਉਸ ਨੇ ਜ਼ੁਬਾਨ ਖੋਲ੍ਹੀ ਹੀ ਸੀ ਕਿ ਹਰਮਨ ਸਿੰਘ ਹਲ਼ਕਿਆਂ ਵਾਂਗ ਬੋਲ ਉਠਿਆ।

-"ਇਹ ਤਾਂ ਮੇਰੀ ਵਾਈਫ਼ ਹੈ, ਬਰਾੜ ਸਾਹਿਬ! ਅਸੀਂ ਤਾਂ ਆਪਣੀ ਆਹ ਲੜਕੀ ਤੁਹਾਨੂੰ ਦਿਖਾਉਣ ਆਏ ਸੀ।" ਹਰਮਨ ਨੇ ਸੀਤਲ ਵੱਲ ਹੱਥ ਕੀਤਾ ਤਾਂ ਕੈਨੇਡੀਅਨ ਦੀਆਂ ਅੱਖਾਂ ਵਿਚ ਫੁੱਲਝੜੀਆਂ ਜਗਣ ਬੁਝਣ ਲੱਗ ਪਈਆਂ। ਦਿਮਾਗ ਵਿਚ ਘੰਟੀਆਂ ਖੜਕੀਆਂ।

-"ਓਹ ਯੈਅ! ਔਲ ਰਾਈਟ! ਔਲ ਰਾਈਟ! ਪਰ ਤੁਸੀਂ ਪੂਰਾ ਇਸ਼ਤਿਹਾਰ ਨਹੀਂ ਪੜ੍ਹਿਆ ਹੋਣਾ? ਮੈਂ ਉਸ ਵਿਚ ਬਾਂਝ ਕੁੜੀ ਬਾਰੇ ਲਿਖਿਆ ਸੀ-ਨਾ ਕਿ ਕੁਆਰੀ ਕੁੜੀ ਵਾਸਤੇ!" ਸ਼ਾਇਦ ਕੈਨੇਡੀਅਨ ਲਾੜਾ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਜਰਕਦਾ ਸੀ। ਉਹ ਹਰਮਨ ਅਤੇ ਸੀਤਲ ਵੱਲ ਦੇਖ ਕੇ ਹੱਸ ਪਿਆ।

-"ਕੈਨ ਆਈ ਟਾਕ ਟੂ ਯੂ, ਸਰ?" ਸੀਤਲ ਨੇ ਠੰਢੀ ਸੀਤ ਅਵਾਜ਼ ਹੀ ਤਾਂ ਕੱਢੀ ਸੀ।

-"ਯੈੱਸ! ਸ਼ੁਅਰ-ਸ਼ੁਅਰ! ਗੋ ਔਨ! ਸਪੀਕ...!" ਕੈਨੇਡੀਅਨ ਬੇਸੁਰਤ ਹੋਣ ਵਾਲਾ ਹੀ ਤਾਂ ਹੋ ਗਿਆ ਸੀ।

-"ਅਸੀਂ ਆਪਣੇ ਘਰ ਰੈਅ ਕੀਤੀ ਸੀ-।"

-"ਕੀ?" ਉਸ ਨੇ ਫਿਰ ਕਾਲੀਆਂ ਐਨਕਾਂ ਚਾੜ੍ਹ ਲਈਆਂ। ਉਹ ਖੂਹ 'ਤੇ ਜੋੜੇ ਬੋਤੇ ਵਰਗਾ ਲੱਗਣ ਲੱਗ ਪਿਆ ਸੀ।

-"ਮੈਂ ਕੁਆਰੀ ਕੁੜੀ ਹਾਂ-ਬਾਂਝ ਹੋਣ ਜਾਂ ਨਾ ਹੋਣ ਦਾ ਮੈਨੂੰ ਕੋਈ ਪਤਾ ਨਹੀਂ-ਪਰ ਮੈਂ ਆਪ ਦੀ ਸ਼ਰਤ ਪੂਰੀ ਕਰਨ ਲਈ ਆਪਣੀ ਬੱਚੇਦਾਨੀ ਕਢਵਾ ਸਕਦੀ ਹਾਂ!" ਸੀਤਲ ਨੇ ਗੱਲ ਪੂਰੀ ਕੀਤੀ ਤਾਂ ਕੈਨੇਡੀਅਨ ਕੁੜੀ ਦੇ ਅਨੋਖੇ ਅਤੇ ਭਿਆਨਕ ਫ਼ੈਸਲੇ 'ਤੇ ਸਤੰਭ ਰਹਿ ਗਿਆ।

-"ਵਾਅਟ? ਇਤਨਾ ਵੱਡਾ ਫ਼ੈਸਲਾ ਕਿਉਂ?" ਕੈਨੇਡੀਅਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਗੱਲ ਸੀਤਲ ਦੀ ਮਾਂ ਨੇ ਆਪਣੇ ਹੱਥ ਲੈ ਲਈ।

-"ਬਰਾੜ ਸਾਹਬ ਗੱਲ ਇਹ ਐ-ਕਿ ਸੀਤਲ ਬੜੀ ਪੜ੍ਹੀ ਲਿਖੀ ਕੁੜੀ ਹੈ-ਡਬਲ ਐੱਮ. ਏ. ਕਰਕੇ ਬੀ. ਐੱਡ ਕਰ ਰਹੀ ਹੈ-ਇਸ ਦੀ ਸਿਰਫ਼ ਇਕ ਹੀ ਸ਼ਰਤ ਕਹਿ ਲਵੋ ਜਾਂ ਜਿ਼ਦ ਆਖ ਲਵੋ ਕਿ ਜੇ ਵਿਆਹ ਕਰਵਾਉਣਾ ਹੈ, ਤਾਂ ਕਿਸੇ ਕੈਨੇਡੀਅਨ ਮੁੰਡੇ ਨਾਲ ਹੀ ਕਰਵਾਉਣਾ ਹੈ, ਨਹੀਂ ਤਾਂ, ਨਹੀਂ...!" ਪਰਮ ਕੌਰ ਨੇ ਸਾਫ਼ ਗੱਲ ਆਖ ਦਿੱਤੀ।

-"ਠੀਕ ਹੈ! ਆਈ ਕੈਨ ਅੰਡਰਸਟੈਂਡ ਦੈਟ! ਪਰ ਇਹ ਸੋਹਣੀ ਸੁਨੱਖੀ ਕੁੜੀ ਐ-ਇਹਨੂੰ ਤਾਂ ਬਹੁਤ ਸੋਹਣੇ ਸੁਨੱਖੇ ਜੁਆਨ ਮੁੰਡੇ ਮਿਲ ਜਾਣਗੇ-ਮੇਰੀ ਉਮਰ ਦਾ ਆਪ ਨੂੰ ਪਤਾ ਹੀ ਹੈ?" ਕੈਨੇਡੀਅਨ ਸੀਤਲ ਨਾਲ ਵਿਆਹ ਕਰਵਾਉਣ ਤੋਂ ਮੁਨੱਕਰ ਸੀ। ਪਰ ਮਾਪੇ ਉਸ ਨੂੰ ਕੈਨੇਡੀਅਨ ਨਾਲ 'ਨਰੜਨ' ਲਈ ਮੁੱਠੀਆਂ ਵਿਚ ਥੁੱਕੀ ਬੈਠੇ ਸਨ। ਪੱਬਾਂ ਭਾਰ ਹੋਏ ਪਏ ਸਨ!

-"ਯੈੱਸ! ਆਈ ਨੋਅ ਅਬਾਊਟ ਯੂਅਰ ਏਅਜ! ਡੋਂਟ ਵਰੀ ਅਬਾਊਟ ਦੈਟ, ਸਰ! ਆਈ ਵਾਂਟ ਟੂ ਮੈਰੀ ਯੂ!" ਸੀਤਲ ਨੇ ਉਸ ਨੂੰ ਅੰਗਰੇਜ਼ੀ ਵਿਚ ਉਤਰ ਦਿੱਤਾ। ਜਦ ਕਿ ਕੈਨੇਡੀਅਨ ਪੰਜਾਬੀ ਬੋਲਣ ਵਿਚ ਹੀ ਮਾਣ ਮਹਿਸੂਸ ਕਰਦਾ ਸੀ।

-"ਮੇਰੀ ਉਮਰ ਪਚਵੰਜਾ ਸਾਲ ਦੀ ਐ-ਮੇਰੀ ਪਹਿਲੀ ਘਰਵਾਲ਼ੀ ਹਾਰਟ ਅਟੈਕ ਹੋਣ ਕਾਰਨ ਐਕਸਪਾਇਰ ਹੋ ਚੁੱਕੀ ਐ-ਮੇਰੇ ਤਿੰਨ ਬੱਚੇ ਨੇ-ਉਹਨਾਂ ਦੀ ਉਮਰ ਬੱਤੀ ਸਾਲ ਤੋਂ ਅਠਾਈ ਸਾਲਾਂ ਦੇ ਵਿਚਕਾਰ ਹੈ-ਮੇਰੇ ਤਾਂ ਬੱਚੇ ਵੀ ਤੁਹਾਡੇ ਨਾਲੋਂ ਵੱਡੇ ਐ-।"

-"ਆਈ ਡੋਂਟ ਕੇਅਰ, ਬਰਾੜ ਸਾਹਿਬ! ਬਿਲੀਵ ਮੀ...! ਮੈਨੂੰ ਕੋਈ ਫ਼ਰਕ ਨਹੀਂ-ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ!" ਸੀਤਲ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਆਖਰੀ ਫ਼ੈਸਲਾ ਸੁਣਾ ਦਿੱਤਾ।

ਬਰਾੜ ਹੱਸ ਪਿਆ।

ਉਸ ਨੂੰ ਕੁੜੀ ਦੇ ਘਾਤਿਕ ਫ਼ੈਸਲੇ ਬਾਰੇ ਮਹਿਸੂਸ ਕਰ ਲਿਆ ਸੀ।

-"ਆਪਾਂ ਇਉਂ ਕਰਦੇ ਐਂ! ਤੁਸੀਂ ਕੱਲ੍ਹ ਆ ਜਾਓ-ਫੇਰ ਕੋਈ ਫ਼ੈਸਲਾ ਕਰ ਲਵਾਂਗੇ! ਹੋ ਸਕਦੈ, ਉਸ ਤੋਂ ਪਹਿਲਾਂ ਮੈਨੂੰ ਮੇਰੀ ਇੱਛਾ ਅਨੁਸਾਰ ਕੋਈ ਕੁੜੀ ਮਿਲ ਜਾਵੇ?" ਬਰਾੜ ਨੇ ਕਿਹਾ। ਉਹ ਪੜ੍ਹੀ ਲਿਖੀ ਕੁੜੀ ਨਾਲ ਖਿਲਵਾੜ ਕਦਾਚਿੱਤ ਨਹੀਂ ਕਰਨਾ ਚਾਹੁੰਦਾ ਸੀ। ਸਾਰੇ ਮਾਯੂਸ ਜਿਹੇ ਹੋ ਗਏ। ਉਹਨਾਂ ਦੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆਉਂਦਾ ਸੀ।

-"ਕਦੋਂ ਆਈਏ ਬਰਾੜ ਸਾਹਿਬ?" ਸੀਤਲ ਉਸ ਦਾ ਖਹਿੜ੍ਹਾ ਨਹੀਂ ਛੱਡ ਰਹੀ ਸੀ।

-"ਸਾਨੂੰ ਪੱਕਾ ਟਾਈਮ ਦੇ ਦਿਓ!" ਸੀਤਲ ਦੀ ਮਾਂ ਪਰਮ ਕੌਰ, ਚੋਰ ਨਾਲੋਂ ਪੰਡ ਕਾਹਲ਼ੀ ਸੀ।

-"ਤੁਸੀਂ ਪਰਸੋਂ ਦਸ ਵਜੇ ਹੀ ਆ ਜਾਓ! ਵਿਚਾਰ ਕਰ ਲਵਾਂਗੇ।"

ਉਹ ਨਿਰਾਸ਼ ਜਿਹੇ ਹੋ ਕੇ ਮੁੜ ਆਏ।

----

ਉਹਨਾਂ ਦੀ ਮਨ ਵਿਚ ਚਿਤਵੀ ਖ਼ੁਸ਼ੀ ਪੂਰੀ ਨਹੀਂ ਹੋਈ ਸੀ। ਉਹ ਤਾਂ ਸਾਰਾ ਟੱਬਰ ਹੀ ਰੰਗੀਲੇ ਸੁਪਨੇ ਲੈ ਰਿਹਾ ਸੀ। ਪਰ ਸੁਪਨੇ ਤਾਂ ਅਧੂਰੇ ਹੀ ਰਹਿੰਦੇ ਨਜ਼ਰ ਪੈ ਰਹੇ ਸਨ। ਸਾਰੇ ਪ੍ਰੀਵਾਰ ਨੂੰ ਕੈਨੇਡਾ ਜਾਣ ਦਾ ਜਨੂੰਨ ਸਿਰ ਨੂੰ ਚੜ੍ਹਿਆ ਹੋਇਆ ਸੀ। ਬਾਹਰ ਵਸਣ ਦੀ ਅੱਚਵੀ ਜਿਹੀ ਲੱਗੀ ਹੋਈ ਸੀ। ਕੈਨੇਡਾ ਪਹੁੰਚਣ ਦਾ ਝੱਲ ਸੀ! ਕੁੜੀ ਚਾਹੇ ਡਿੱਗੇ ਅੰਨ੍ਹੇ ਬੋਲ਼ੇ ਖੂਹ 'ਚ! ਨਾਲੇ ਕੁੜੀ ਕਿਹੜਾ ਘੱਟ ਸੀ? ਉਹ ਕੈਨੇਡੀਅਨ ਦੀ ਪਤਨੀ ਬਣਨ ਲਈ ਆਪਣੀ ਬੱਚੇਦਾਨੀ ਦੀ ਬਲੀ ਦੇਣ ਲਈ ਤਿਆਰ ਸੀ। ਸਿਰਫ਼ ਇਕ ਵਾਰ ਕੈਨੇਡੀਅਨ, ਬਰਾੜ ਦੀ 'ਹਾਂ' ਦੀ ਹੀ ਲੋੜ ਸੀ! ਉਧਰ ਕੈਨੇਡੀਅਨ ਫਿਰ ਵੀ ਇਸ ਪੱਖੋਂ ਮਾੜਾ ਨਹੀਂ ਸੋਚ ਰਿਹਾ ਸੀ। ਉਹ ਕੁੜੀ ਦਾ ਖ਼ੁਸ਼ਹਾਲ ਜੀਵਨ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੀਤਲ ਆਪਣੀ ਬੱਚੇਦਾਨੀ ਕਢਵਾਵੇ! ਪ੍ਰਮਾਤਮਾ ਔਰਤ ਨੂੰ ਵੇਲ ਵਧਾਉਣ ਲਈ ਬੱਚੇਦਾਨੀ ਦਾ ਵਰ, ਇਕ ਸਾਧਨ ਪ੍ਰਦਾਨ ਕਰਦਾ ਹੈ। ਪਰ ਸੀਤਲ ਦੀ ਸੁੰਦਰਤਾ ਦੇਖ ਕੇ ਉਹ ਡੋਲ ਜ਼ਰੂਰ ਗਿਆ ਸੀ। ਸੁੰਦਰਤਾ ਦੇਖ ਕੇ ਤਾਂ ਦੇਵਤੇ ਅਤੇ ਸਾਧ ਸੰਤ ਡੋਲ ਜਾਂਦੇ ਹਨ। ਫਿਰ ਕੈਨੇਡੀਅਨ, ਬਰਾੜ ਤਾਂ ਕਿਹੜੇ ਬਾਗ਼ ਦੀ ਮੂਲ਼ੀ ਸੀ?

ਤੀਜੇ ਦਿਨ ਹਰਮਨ ਸਿੰਘ ਹੋਰੀਂ ਦਿੱਤੇ ਸਮੇਂ ਅਨੁਸਾਰ ਬਰਾੜ ਕੋਲ਼ ਭੂਤ ਵਾਂਗ ਜਾ ਵੱਜੇ! ਵਿਚਕਾਰਲਾ ਸਮਾਂ ਉਹਨਾ ਦਾ ਮਸਾਂ ਹੀ ਬੀਤਿਆ ਸੀ। ਰੁਕਿਆ ਸਮਾਂ ਉਹਨਾਂ ਨੇ 'ਰੱਬ-ਰੱਬ' ਕਰਕੇ ਲੰਘਾਇਆ ਸੀ। ਜਿਵੇਂ ਟਾਈਮ ਉਹਨਾਂ ਦਾ ਵੈਰੀ ਸੀ। ਜਿਹੜਾ ਜਲਦੀ ਨਹੀਂ ਬੀਤਦਾ ਸੀ।

ਬਰਾੜ ਨੇ ਉਹਨਾਂ ਦਾ ਸੁਆਗਤ ਕੀਤਾ।

ਗੱਲਾਂ ਬਾਤਾਂ ਹੋਈਆਂ ਤਾਂ ਸੀਤਲ ਦੀ ਮਾਂ ਪਰਮ ਕੌਰ ਨੇ ਇੱਕੋ ਵਿਚ ਹੀ ਗੱਲ ਨਬੇੜ ਦਿੱਤੀ।

-"ਬਰਾੜ ਸਾਹਿਬ, ਗੱਲ ਇਹ ਐ! ਬਈ ਜੇ ਅਸੀਂ ਆਪਣੀ ਸੀਤਲ ਵਿਆਹੁਣੀ ਹੈ ਤਾਂ ਸਿਰਫ਼ ਤੁਹਾਡੇ ਨਾਲ ਹੀ ਵਿਆਹੁਣੀ ਐਂ-ਨਹੀਂ ਅਸੀਂ ਕੁੜੀ ਦੀ ਸ਼ਾਦੀ ਹੀ ਨਹੀਂ ਕਰਨੀ! ਅਸੀਂ ਸੀਤਲ ਦੀ ਬੱਚੇਦਾਨੀ ਵਿਆਹ ਤੋਂ ਪਹਿਲਾਂ ਪਹਿਲਾਂ ਕਢਵਾ ਦਿਆਂਗੇ।"

-"......।" ਬਰਾੜ ਚੁੱਪ ਰਿਹਾ।

-"ਇਕ ਵਾਅਦਾ ਤੁਹਾਡੇ ਨਾਲ ਕਰਦੀ ਐਂ-ਜੇ ਤੁਸੀਂ ਮੈਨੂੰ ਸਵੀਕਾਰ ਨਾ ਕੀਤਾ-ਤਾਂ ਮੈਂ ਕੁਛ ਖਾ ਕੇ ਮਰ ਜਾਂਵਾਂਗੀ! ਦੇਖ ਲਓ ਤੁਹਾਡੀ ਖਾਤਰ ਕਿੱਡੀ ਕੁਰਬਾਨੀ ਕਰਨ ਨੂੰ ਤਿਆਰ ਹਾਂ-ਤੁਹਾਨੂੰ ਅਜੇ ਵੀ ਮੇਰੇ 'ਤੇ ਇਤਬਾਰ ਨਹੀਂ?" ਜਦ ਸੀਤਲ ਨੇ ਆਪਣਾ ਬਚਨ ਸੁਣਾਇਆ, ਕੁਰਬਾਨੀ ਰੜਕਾਈ ਤਾਂ ਬਰਾੜ ਹੈਰਾਨ ਰਹਿ ਗਿਆ।

-"ਗੱਲ ਇਹ ਐ!" ਬਰਾੜ ਨੇ ਆਪਣਾ ਮੂੰਹ ਖੋਲ੍ਹਿਆ।

-"......।" ਸਾਰਿਆਂ ਨੇ ਭਵਿੱਖਬਾਣੀ ਲਈ ਆਪਣੇ ਕੰਨ ਚੁੱਕੇ। ਇਹ ਪ੍ਰਤੱਖ ਉਹਨਾਂ ਦੇ ਭਵਿੱਖ ਦਾ ਸੁਆਲ ਸੀ। ਉਹਨਾਂ ਦੇ ਦਿਲ ਫੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜ ਰਹੇ ਸਨ।

-"ਸੀਤਲ, ਤੇਰੇ ਜਿੱਡੇ ਜਿੱਡੇ, ਆਈ ਮੀਨ ਤੇਰੇ ਜਿੱਡੇ ਜਿੱਡੇ ਤਾਂ ਕੀ...? ਮੇਰੇ ਤਾਂ ਬੱਚੇ ਵੀ ਤੇਰੇ ਤੋਂ ਉਮਰ 'ਚ ਕਾਫ਼ੀ ਵੱਡੇ ਐ।" ਬਰਾੜ ਨੇ ਸੱਚ ਕਿਹਾ।

-"ਫਿਰ ਕੀ ਹੋ ਗਿਆ, ਬਰਾੜ ਸਾਹਿਬ? ਮੈਂ ਇਹਨਾਂ ਤੋਂ ਪੂਰੇ ਦਸ ਸਾਲ ਵੱਡੀ ਐਂ-ਸਾਡਾ ਬੜਾ ਵਧੀਆ ਨਿਭਾਅ ਹੋਈ ਜਾਂਦੈ-ਕਦੇ ਉਨੀਂ ਇਕੀ ਨਹੀਂ ਹੋਈ।" ਪਰਮ ਕੌਰ ਬੋਲੀ।

-"ਬਰਾੜ ਸਾਹਿਬ, ਇਹ ਦਿਲ ਮਿਲਿਆਂ ਦਾ ਮੇਲੈ! ਕੌਣ ਗੁਰੂ ਤੇ ਕੌਣ ਚੇਲਾ? ਮੈਂ ਤੁਹਾਡੇ ਨਾਲ ਇਕ ਵਾਅਦਾ ਕਰਦੀ ਐਂ ਕਿ ਮੇਰੇ ਵੱਲੋਂ, ਮੇਰੇ ਵੱਲੋਂ ਕੀ? ਸਾਡੇ ਸਾਰੇ ਪ੍ਰੀਵਾਰ ਵੱਲੋਂ ਤੁਹਾਨੂੰ ਕੋਈ ਉਲਾਂਭਾ ਨਹੀਂ ਆਵੇਗਾ।" ਸੀਤਲ ਨੇ ਭੌਣ ਤੋਂ ਵੱਢ ਦਿੱਤੀ। ਉਸ ਦੀ ਸੀਤ ਅਵਾਜ਼ ਸੁਣ ਕੇ ਬਰਾੜ ਬੇਹੇ ਪਾਣੀ ਵਿਚ ਬੈਠ ਗਿਆ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ।

-"ਜੇ ਸੀਤਲ ਨੂੰ ਇਜਾਜ਼ਤ ਹੋਵੇ, ਤਾਂ ਮੈਂ ਅੱਧਾ ਕੁ ਘੰਟਾ ਇਹਦੇ ਨਾਲ ਅੰਦਰ ਜਾ ਕੇ 'ਕੱਲਾ ਕੋਈ ਗੱਲ ਕਰ ਸਕਦੈਂ? ਕੋਈ ਪ੍ਰਾਈਵੇਸੀ ਐ!" ਬਰਾੜ ਨੇ ਇਜਾਜ਼ਤ ਮੰਗੀ।

-"ਕਿਉਂ ਨਹੀਂ...? ਜਾਓ!" ਹਰਮਨ ਸਿੰਘ ਦੀ ਥਾਂ ਪਰਮ ਕੌਰ ਨੇ ਵਾਰੀ ਲਈ।

-"ਸਿਰਫ਼ ਅੱਧਾ ਘੰਟਾ!" ਬਰਾੜ ਨੇ ਫਿਰ ਦੁਹਰਾਇਆ।

-"ਚਾਹੇ ਘੰਟਾ ਲਾਓ ਜੀ...! ਗੱਲਾਂ ਬਾਤਾਂ ਕਰਕੇ ਅੰਡਰਸਟੈਂਡਿੰਗ ਹੋ ਜਾਂਦੀ ਐ।" ਹਰਮਨ ਸਿੰਘ ਬੋਲਿਆ।

ਉਹ ਅੰਦਰ ਚਲੇ ਗਏ।

ਸੀਤਲ ਬਰਾੜ ਦੇ ਇਕ ਤਰ੍ਹਾਂ ਨਾਲ ਪੈਰ ਮਿੱਧਦੀ ਗਈ ਸੀ। ਕੈਨੇਡੀਅਨ ਬਰਾੜ ਨੇ ਉਸ ਨੂੰ ਇਕੱਲੀ ਨੂੰ ਸਮਾਂ ਦਿੱਤਾ ਸੀ। ਕੋਈ ਐਰੀ ਗੈਰੀ ਗੱਲ ਨਹੀਂ ਸੀ। ਉਹ ਬਰਾੜ ਦੀ ਧੰਨਵਾਦਣ ਸੀ। ਸ਼ੁਕਰਗੁਜ਼ਾਰ ਸੀ!

ਬਰਾੜ ਉਸ ਨੂੰ ਇਕ ਹੋਰ ਵਿਸ਼ਾਲ ਕਮਰੇ ਵਿਚ ਲੈ ਗਿਆ। ਅੰਦਰ ਜਾ ਕੇ ਉਸ ਨੇ ਵਿਸਕੀ ਦੀ ਬੋਤਲ ਨੂੰ ਹੱਥ ਪਾ ਲਿਆ।

-"ਸੀਤਲ, ਮੈਂ ਸ਼ਰਾਬ ਪੀਨੈਂ।"

-"ਤੁਸੀਂ ਕੀ? ਸਾਰੀ ਦੁਨੀਆਂ ਈ ਪੀਂਦੀ ਐ ਬਰਾੜ ਸਾਹਿਬ! ਬੰਦੇ ਪੀਂਦੇ ਈ ਹੁੰਦੇ ਐ।"

ਉਹ ਹੱਸ ਪਿਆ ਅਤੇ ਇਕ ਤਕੜਾ ਪੈੱਗ ਲਾ ਕੇ ਸੀਤਲ ਦੇ ਸਾਹਮਣੇ ਬੈਠ ਗਿਆ।

-"ਸੀਤਲ! ਮੇਰੇ ਤਿੰਨ ਬੱਚੇ ਐ।"

-"ਉਹ ਤਾਂ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ! ਵਾਰ ਵਾਰ ਰਿਪੀਟ ਕਿਉਂ ਕਰਦੋ ਹੋ!"

-"ਮੇਰੀ ਲੜਕੀ ਤੇ ਇਕ ਲੜਕਾ ਡਾਕਟਰ ਨੇ-ਦੂਜਾ ਲੜਕਾ ਇਸਟੇਟ ਏਜੰਟ ਐ।"

-"ਔਲ ਰਾਈਟ...!"

-"ਉਹਨਾਂ ਦੀ ਉਮਰ ਤੈਥੋਂ ਕਿਤੇ ਵੱਡੀ ਐ।"

-"ਫੇਰ ਕੀ ਹੋਇਆ...?" ਉਸ ਨੇ ਲਾਪ੍ਰਵਾਹੀ ਦਿਖਾਈ। ਉਹ ਤੱਟ ਫ਼ੱਟ ਉਤਰ ਮੋੜ ਰਹੀ ਸੀ।

-"ਇਕ ਹੋਰ ਸੱਚੀ ਗੱਲ-!"

-"......।" ਸੀਤਲ ਨੇ ਨਵੀਂ ਖ਼ਬਰ ਲਈ ਅੱਖਾਂ ਉਪਰ ਚੁੱਕੀਆਂ।

-"ਮੇਰੇ ਘਰਵਾਲੀ ਮਰੀ ਨਹੀਂ-ਉਹ ਸਹੀ ਸਲਾਮਤ ਐ! ਉਸ ਨਾਲ ਮੇਰਾ ਤਲਾਕ ਜ਼ਰੂਰ ਹੋਇਐ-ਪਰ ਜਦੋਂ ਤੋਂ ਉਹ ਐਕਸੀਡੈਂਟ ਹੋਣ ਕਾਰਨ ਵੀਲ-ਚੇਅਰ 'ਤੇ ਬੈਠੀ ਐ-ਉਦੋਂ ਤੋਂ ਮੈਂ ਫਿਰ ਉਸ ਦੇ ਨਾਲ ਹੀ ਰਹਿੰਨੈਂ।"

-"......।" ਸੀਤਲ ਚੁੱਪ ਚਾਪ ਸੁਣ ਰਹੀ ਸੀ। ਲਾਪ੍ਰਵਾਹੀ ਨਾਲ!

-"ਸਿਰਫ਼ ਇਸ ਕਰਕੇ, ਕਿ ਉਸ ਨੇ ਸਾਰੀ ਉਮਰ ਮੇਰਾ ਸਾਥ ਦਿੱਤਾ-ਦੁਖਦੇ ਸੁਖਦੇ ਨਾਲ ਨਿਭੀ-ਮੇਰਾ ਉਸ ਨਾਲ ਝਗੜਾ ਰਹਿੰਦਾ ਸੀ-ਤਲਾਕ ਹੋ ਗਿਆ! ਪਰ ਜਦੋਂ ਤੋਂ ਉਸ ਦਾ ਐਕਸੀਡੈਂਟ ਹੋਇਐ-ਉਹ ਵੀਲ-ਚੇਅਰ ਨਾਲ ਜੁੜੀ ਐ-ਮੈਂ ਉਸ ਦੇ ਨਾਲ ਹੀ ਰਹਿਣ ਲੱਗ ਪਿਐਂ-ਮੈਂ ਤਾਂ ਉਸ ਨੂੰ ਇਹ ਕਹਿ ਕੇ ਆਇਆ ਸੀ ਕਿ ਮੈਂ ਤੇਰੇ ਲਈ ਕੋਈ ਸੇਵਾਦਾਰਨੀ ਲੈ ਕੇ ਆਊਂਗਾ-ਜਿਹੜੀ ਤੇਰੀ ਸੇਵਾ ਕਰੂਗੀ-ਸੋ, ਇਸ ਲਈ ਮੈਂ ਬਾਂਝ ਔਰਤ ਦਾ ਇਸ਼ਤਿਹਾਰ ਅਖ਼ਬਾਰਾਂ ਵਿਚ ਦਿੱਤਾ ਸੀ-ਮੈਂ ਹੋਰ ਕੋਈ ਬੱਚਾ ਨਹੀਂ ਚਾਹੁੰਦਾ-ਕਿਉਂਕਿ, ਯੂ ਨੋਅ, ਆਦਮੀ ਨੂੰ ਸਰੀਰਕ ਤ੍ਰਿਪਤੀ ਕਰਨ ਲਈ ਵੀ ਕੁਛ ਚਾਹੀਦੈ-ਡੂ ਯੂ ਅੰਡਰਸਟੈਂਡ, ਵਾਅਟ ਆਈ ਮੀਂਨ? ਆਹ ਸਾਡੇ ਤਲਾਕ ਦੇ ਕਾਗਜ਼ਾਤ ਐ!" ਉਸ ਨੇ ਤਲਾਕ ਦੇ ਕਾਗਜ਼ ਸੀਤਲ ਨੂੰ ਦਿਖਾਉਂਦਿਆਂ ਕਿਹਾ।

-"ਯੈੱਸ! ਆਈ ਅੰਡਰਸਟੈਂਡ ਯੂ! ਆਈ ਅੰਡਰਸਟੈਂਡ ਯੂ ਵੈਰ੍ਹੀ ਵੈੱਲ, ਬਰਾੜ ਸਾਹਿਬ!" ਬਰਾੜ ਦੀ ਪਹਿਲੀ ਪਤਨੀ ਬਾਰੇ ਸੁਣ ਕੇ ਵੀ ਸੀਤਲ ਦੇ ਮਨ 'ਤੇ ਕੋਈ ਪ੍ਰਭਾਵ ਨਾ ਪਿਆ! ਉਸ ਨੂੰ ਤਾਂ ਅਗਾਊਂ ਹਰ ਸ਼ਰਤ ਮਨਜ਼ੂਰ ਸੀ। ਬੱਸ, ਕੈਨੇਡਾ ਦਿਸਣਾ ਚਾਹੀਦਾ ਸੀ।

-"ਹਰ ਮਰਦ ਦੀ ਕਮਜ਼ੋਰੀ ਉਸ ਦੀ ਸਰੀਰਕ ਭੁੱਖ ਹੁੰਦੀ ਐ, ਸੀਤਲ! ਜੇ ਆਦਮੀ ਦੀ ਸਰੀਰਕ ਸੰਤੁਸ਼ਟੀ ਨਾ ਹੋਵੇ ਤਾਂ ਆਦਮੀ ਪਾਗਲ ਹੋ ਜਾਵੇ-ਮੈਂ ਆਪਣੀ ਪਹਿਲੀ ਔਰਤ ਦੀ ਕਦਰ ਜਰੂਰ ਕਰਦੈਂ-ਪਰ ਉਹ ਮੇਰੀ ਸਰੀਰਕ ਤ੍ਰਿਪਤੀ ਨਹੀਂ ਕਰ ਸਕਦੀ-ਸਰੀਰਕ ਭੁੱਖ ਤਾਂ ਉਹਨੇ ਮੇਰੀ ਕੀ ਦੂਰ ਕਰਨੀ ਸੀ? ਉਹ ਤਾਂ ਵਿਚਾਰੀ ਆਪ ਉਠਣੋਂ ਬੈਠਣੋਂ ਆਹਰੀ ਐ! ਇਕ ਉਥੋਂ ਦੇ ਬੱਚੇ ਐਹੋ ਜਿਹੇ ਹੀ ਐ-ਮਾਂ ਬਾਪ ਦੀ ਕੋਈ ਸੇਵਾ ਸੂਵਾ ਨਹੀਂ ਕਰਦੇ-ਆਪਣੀ ਇੰਜੁਆਏਮੈਂਟ ਵਿਚ ਹੀ ਬਿਜ਼ੀ ਰਹਿੰਦੇ ਐ-ਆਪਣੇ ਕੰਮ ਨਾਲ ਈ ਮਤਲਬ ਰੱਖਦੇ ਐ-ਕੋਈ ਮਰੇ ਕੋਈ ਜੀਵੇ! ਇਸ ਲਈ ਮੈਂ ਇਹ ਦੂਜੇ ਵਿਆਹ ਦਾ ਪੰਗਾ ਸ਼ੁਰੂ ਕੀਤੈ।"

-"ਕੋਈ ਗੱਲ ਨਹੀਂ, ਬਰਾੜ ਸਾਹਿਬ! ਆਪਾਂ ਰਲ਼ ਮਿਲ਼ ਕੇ ਸਾਰੀ ਕਵਰੇਜ ਕਰ ਲਵਾਂਗੇ-ਸਾਰੇ ਧੋਣੇ ਧੋ ਦਿਆਂਗੇ।" ਸੀਤਲ ਕੈਨੇਡੀਅਨ ਅੱਗੇ ਹਲਾਲ ਹੋਣ ਵਾਲ਼ੀ ਮੁਰਗੀ ਵਾਂਗ ਖ਼ੁਦ ਹੀ ਸਿਰ ਝੁਕਾਈ ਬੈਠੀ ਸੀ! ਜਦੋਂ ਬਰਾੜ ਨੇ ਦੂਜਾ ਪੈੱਗ ਲਾ ਕੇ ਸੀਤਲ ਦੀ ਪਿੱਠ ਨੂੰ ਪਲੋਸਿਆ ਤਾਂ ਸੀਤਲ ਤਾਂ ਜਿਵੇਂ ਪਹਿਲਾਂ ਹੀ ਤਿਆਰ ਬੈਠੀ ਸੀ? ਉਸ ਨੂੰ ਅੰਦਰੋਂ ਝਰਨਾਹਟ ਉਠੀ, ਜੋ ਬਿਜਲੀ ਦੇ ਕਰੰਟ ਵਾਂਗ ਸਾਰੇ ਸਰੀਰ ਵਿਚ ਦੀ, ਕਿਸੇ ਲਹਿਰ ਵਾਂਗ ਲੰਘ ਗਈ। ਪਰ ਉਸ ਨੇ ਬਰਾੜ ਦਾ ਹੱਥ ਬਿਲਕੁਲ ਨਾ ਰੋਕਿਆ। ਸਾਰੀ ਹਕੀਕਤ ਸਮਝ ਕੇ ਬਰਾੜ ਨੇ ਦਰਵਾਜੇ ਦੀ ਕੁੰਡੀ ਚਾੜ੍ਹ ਦਿੱਤੀ।ਬਰਾੜ ਨੇ ਹਲਾਲ ਹੋਣ ਵਾਲ਼ੀ ਮੁਰਗੀ ਦੇ ਖੰਭ ਪੱਟ ਸੁੱਟੇ। ਸਰੀਰ ਦਾ ਅੰਗ-ਅੰਗ ਖੁਰਚ ਦਿੱਤਾ। ਖ਼ੈਰ, ਖੁੰਢਾ ਛੁਰਾ ਮੁਰਗੀ ਨੂੰ ਪੂਰੀ ਤਰ੍ਹਾਂ ਹਲਾਲ ਤਾਂ ਨਾ ਕਰ ਸਕਿਆ। ਪਰ ਉਸ ਨੇ ਸੀਤਲ ਨੂੰ ਇਕ ਤਰ੍ਹਾਂ ਨਾਲ਼ ਘਾਇਲ ਜਰੂਰ ਕਰ ਦਿੱਤਾ ਸੀ। ਬਰਾੜ ਨੇ ਆਪਣੇ ਮਨ ਦੀ ਸੰਤੁਸ਼ਟੀ ਕਰ ਕੇ ਸੀਤਲ ਨੂੰ ਛੱਡ ਦਿੱਤਾ। ਸੀਤਲ ਇਕ ਜਵਾਲਾ ਮੁਖੀ ਸੀ। ਜਿਸ ਨੂੰ ਬਰਾੜ ਪੂਰਨ ਤੌਰ 'ਤੇ ਸ਼ਾਂਤ ਨਾ ਕਰ ਸਕਿਆ। ਸਗੋਂ ਉਸ ਨੇ ਸੀਤਲ ਦੇ ਅੰਦਰੂਨੀ ਲਾਵੇ ਨੂੰ ਹੋਰ ਭੜ੍ਹਕਾਅ ਜ਼ਰੂਰ ਦਿੱਤਾ ਸੀ। ਵੇਦਨਾ ਦੇ ਸਮੁੰਦਰ ਵਿਚ ਰੋੜ੍ਹੀ ਕੁੜੀ ਅੰਦਰ ਲਾਟਾਂ ਦਾ ਜਹਾਦ ਛਿੜਿਆ ਹੋਇਆ ਸੀ ਅਤੇ ਉਸ ਤਾਅ ਵਿਚ ਆਈ ਨੇ ਬਰਾੜ ਦੀ ਗੱਲ੍ਹ 'ਤੇ ਦੰਦੀ ਵੱਢੀ।

-"ਆਪਣੇ ਕੋਲ ਅੱਧਾ ਘੰਟਾ ਹੀ ਟਾਈਮ ਸੀ।" ਬਰਾੜ ਨੇ ਗੱਲ੍ਹ ਪਲ਼ੋਸ ਕੇ ਚੇਤਾ ਕਰਵਾਇਆ।

-"ਗੋਲ਼ੀ ਮਾਰੋ ਟਾਈਮ ਨੂੰ...! ਕਮ ਔਨ ਬਰਾੜ...!" ਕਿਸੇ ਇੱਛਾ ਵਿਚ ਪਾਗ਼ਲ ਹੋਈ ਸੀਤਲ ਨੇ ਬਰਾੜ ਨੂੰ ਕੰਬਲ਼ ਵਾਂਗ ਫਿਰ ਉਪਰ ਨੂੰ ਖਿੱਚਣਾ ਚਾਹਿਆ। ਪਰ ਬਰਾੜ ਵਿਚੋਂ ਸਾਹ-ਸਤ ਨਿਕਲ਼ ਚੁੱਕਿਆ ਸੀ। ਉਹ ਤੋੜੀ ਹੋਈ ਢੂਹੀ ਵਾਲ਼ੇ ਸਾਹਨੇ ਵਾਂਗ ਸਪਾਲ਼ ਪਿਆ ਸੀ। ਉਹ ਜਿੰਨੀ ਕੁ ਜੋਕਰਾ ਸੀ। ਉਸ ਨੇ ਆਪਣੇ ਤਰਾਰੇ ਦਿਖਾ ਦਿੱਤੇ ਸਨ। ਉਸ ਤੋਂ ਬੁੱਢੇ ਸਾਹਣ ਵਾਂਗ ਮੁੜ ਕੇ ਸੰਭਲਿਆ ਨਾ ਗਿਆ। ਝੱਟ ਹੀ ਬੂਥ ਜਿਹੀ ਸੁੱਟ ਕੇ, ਆਖਰੀ ਠੁੰਗਾਂ-ਠੰਗੋਰਾਂ ਜਿਹੀਆਂ 'ਤੇ ਆ ਗਿਆ ਸੀ। ਬਰਾੜ ਦੀ ਮੱਝ ਦੀ ਜੀਭ ਵਰਗੀ ਕਾਲੀ ਜੀਭ ਸੀਤਲ ਦੇ ਨਿਰਵਸਤਰ ਪਿੰਡੇ 'ਤੇ ਸੱਪ ਵਾਂਗ ਫਿਰਦੀ ਸੀ।

----

ਬਰਾੜ ਨੇ ਸੀਤਲ ਨੂੰ ਠੰਢੇ ਪਾਣੀ ਦਾ ਗਿਲਾਸ ਪੀਣ ਲਈ ਦਿੱਤਾ।

ਗੜੇ ਵਰਗੇ ਪਾਣੀ ਨਾਲ ਸੀਤਲ ਦੀ ਭੜ੍ਹਕਦੀ ਅੱਗ ਕੁਝ ਕੁ ਮੱਧਮ ਹੋ ਗਈ। ਜੁਆਲਾ-ਮੁਖ਼ੀ ਦੀ ਲਾਟ ਮੱਠੀ ਪੈ ਗਈ। ਸੀਤਲ ਨੇ ਵੀ ਮਹਿਸੂਸ ਕਰ ਲਿਆ ਸੀ ਕਿ ਬਰਾੜ ਦਾ ਹਥਿਆਰ ਚੱਲ ਚੁੱਕਾ ਸੀ ਅਤੇ ਹੁਣ ਉਹ ਸਿਰਫ਼ ਬਾਇਰਲ ਵਿਚ ਦੀ ਹੀ ਝਾਤੀਆਂ ਮਾਰ ਰਿਹਾ ਸੀ। ਐਵੇਂ ਵਾਧੂ ਸ਼ਿਸ਼ਤਾਂ ਹੀ ਬੰਨ੍ਹ ਰਿਹਾ ਸੀ। ਉਸ ਨੇ ਆਪਣੇ ਤਮਾਮ ਨਗਨ ਸਰੀਰ ਨੂੰ ਢਕ ਲਿਆ ਅਤੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸ ਨੂੰ ਆਪਣੇ ਆਪ 'ਚੋਂ ਸੇਕ ਮਾਰ ਰਿਹਾ ਸੀ। ਬੁੱਲ੍ਹ ਮੱਚਦੇ ਜਾਪਦੇ ਸਨ। ਸਰੀਰ ਭੱਠੀ ਵਾਂਗ ਤਪਦਾ ਮਹਿਸੂਸ ਹੁੰਦਾ ਸੀ! ਕੈਨੇਡਾ ਦੇ ਲਾਲਚ ਵੱਸ ਸੀਤਲ ਬਰਾੜ ਨੂੰ ਆਪਣਾ ਆਪ ਸਮਰਪਣ ਕਰ ਚੁੱਕੀ ਸੀ। ਬਰਾੜ ਤਾਂ ਸੰਤੁਸ਼ਟ ਹੋ ਗਿਆ ਸੀ। ਪਰ ਸੀਤਲ ਅੰਦਰੋਂ ਅਜੇ ਵੀ ਕੋਈ ਉਬਾਲ਼ ਉਠਦਾ ਸੀ। ਉਸ ਦਾ ਦਿਲ ਕਰਦਾ ਸੀ ਕਿ ਹੁਣ ਕੋਈ ਤੁਰੰਤ ਉਸ ਦਾ ਹਾਣੀ ਆਵੇ ਅਤੇ ਉਸ ਦਾ ਸਾਰਾ ਜਿਸਮ ਨਿੰਬੂ ਵਾਂਗ ਨਿਚੋੜ ਸੁੱਟੇ! ਅਤੇ ਮਰੋੜ ਸੁੱਟੇ ਉਸ ਦੀਆਂ ਤਮਾਮ ਹੱਡੀਆਂ! ਪਰ ਉਮਰ ਦੇ ਤਕਾਜ਼ੇ ਮੁਤਾਬਿਕ ਬਰਾੜ ਦਾ ਇੰਜਣ 'ਲੋਢ' ਮੰਨ ਕੇ ਕੱਚਾ ਧੂੰਆਂ ਮਾਰਨ ਲੱਗ ਪਿਆ ਸੀ। ਜਦ ਕਿ ਚੜ੍ਹਦੀ ਉਮਰ ਦੀ ਸੀਤਲ ਮੋਮਬੱਤੀ ਵਾਂਗ ਬਲ਼ ਅਤੇ ਢਲ਼ ਰਹੀ ਸੀ!

ਕੱਪੜੇ ਪਾੳਣੇ ਤੋਂ ਬਾਅਦ ਬਰਾੜ ਨੇ ਉਸ ਨੂੰ ਬੜੀ ਗਹੁ ਨਾਲ ਤੱਕਿਆ।

ਕੱਪੜੇ ਠੀਕ ਠਾਕ ਸਨ। ਕੋਈ ਵਲ਼ ਨਹੀਂ ਸੀ।

ਵਾਪਰੇ 'ਭਾਣੇਂ' ਦੀ ਕੋਈ ਨਿਸ਼ਾਨੀ ਨਹੀਂ ਸੀ।

-"ਲੈ, ਹੁਣ ਤੂੰ ਰਿਲੈਕਸ ਹੋ!" ਉਸ ਨੇ ਇਕ ਗਿਲਾਸ ਹੋਰ ਪਾਣੀ ਦੇ ਦਿੱਤਾ।

-"......।" ਸੀਤਲ ਕਿਸੇ ਉਮੰਗ ਵਿਚ ਬੇਸੁਰਤ ਜਿਹੀ ਹੋਈ ਪਈ ਸੀ। ਜਿਵੇਂ ਮਧੋਲ਼ੀ ਹੋਈ ਹੋਵੇ! ਉਸ ਦੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਸਨ ਅਤੇ ਦਿਮਾਗ 'ਤੇ ਕੋਈ ਅਜੀਬ ਭਾਰ ਜਿਹਾ ਲੱਦਿਆ ਪਿਆ ਸੀ।

-"ਆਪਣੀ ਕਿਸੇ ਗੱਲ ਦਾ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ, ਸੀਤਲ!"

-"ਤੁਸੀਂ ਮੇਰੇ ਨਾਲ ਵਿਆਹ ਤਾਂ ਕਰਵਾਵੋਂਗੇ ਨ੍ਹਾ...?" ਉਸ ਦੇ ਉਦਾਸ, ਪਰ ਕੇਸੂ ਬੁੱਲ੍ਹ ਹਿੱਲੇ ਸਨ। ਉਹ ਸੁੰਦਰਤਾ ਦੀ ਮਿਸਾਲ ਬਣੀ ਬਰਾੜ ਦੇ ਸਾਹਮਣੇ ਖੜ੍ਹੀ, ਮਿਸ਼ਾਲ ਵਾਂਗ ਜਗ ਰਹੀ ਸੀ।

-"ਪੱਕਾ...!" ਉਸ ਨੇ ਕੁੜੀ ਦੀ ਕੀਤੀ ਖੇਹ ਖਰਾਬੀ ਦਾ ਮੁੱਲ ਇਕ ਸ਼ਬਦ ਵਿਚ ਹੀ ਮੋੜ ਦਿੱਤਾ। ਸੀਤਲ ਸੰਤੁਸ਼ਟ ਹੋ ਗਈ। ਹੁਣ ਉਸ ਨੂੰ ਕੋਈ ਗ਼ਿਲਾ ਨਹੀਂ ਰਹਿ ਗਿਆ ਸੀ। ਸਾਰੇ ਧੋਣੇ ਧੋਤੇ ਗਏ ਸਨ। ਸੀਤਲ ਨੇ ਆਪਣੀ ਸੀਤਲਤਾ ਅਤੇ ਨਿਰਮਲਤਾ ਗੁਆ ਕੇ ਕੈਨੇਡੀਅਨ ਨੂੰ ਜਿੱਤ ਲਿਆ ਸੀ। ਉਸ ਦੇ ਸਾਰੇ ਗ਼ਿਲੇ ਸ਼ਿਕਵੇ ਨਵਿਰਤ ਹੋ ਗਏ ਸਨ। ਸੀਤਲ ਕੋਲ਼ ਇਕੋ ਇਕ ਬਾਣ ਆਪਣੀ ਸੁੰਦਰਤਾ ਅਤੇ ਜੋਬਨ ਦਾ ਸੀ, ਉਹ ਉਸ ਨੇ ਬਰਾੜ ਨੂੰ ਚਿੱਤ ਕਰਨ ਵਾਸਤੇ ਭੱਥੇ ਵਿੱਚੋਂ ਚਲਾ ਹੀ ਦਿੱਤਾ ਸੀ!

ਸੀਤਲ ਨੇ ਪਾਣੀ ਪੀ ਲਿਆ ਅਤੇ ਉਹ ਬਾਹਰ ਆ ਗਏ।

----

ਸੀਤਲ ਦੇ ਚਿਹਰੇ 'ਤੇ ਕੋਈ ਬਹੁਤੇ ਹਾਵ ਭਾਵ ਨਹੀਂ ਸਨ। ਅੰਤਰੀਵ ਪੀੜ ਉਸ ਨੇ ਚਿਹਰੇ 'ਤੇ ਨਹੀਂ ਆਉਣ ਦਿੱਤੀ ਸੀ। ਚਾਹੇ ਉਸ ਦੀ ਆਪਣੀ ਸਰੀਰਕ ਸੰਤੁਸ਼ਟੀ ਨਹੀਂ ਹੋਈ ਸੀ। ਪਰ ਬਰਾੜ ਦੇ ਫ਼ੈਸਲੇ ਨੇ ਉਸ ਨੂੰ ਫ਼ੁੱਲ ਵਾਂਗ ਟਹਿਕਦੀ ਕਰ ਦਿੱਤਾ ਸੀ। ਚੇਤਨਤਾ ਵਿਚ ਖੇੜਾ ਲਿਆ ਦਿੱਤਾ ਸੀ। ਆਉਂਦੀ ਸੀਤਲ ਨੇ ਗੁੱਝੀ ਅੱਖ ਮਾਰ ਕੇ ਮਾਂ ਨੂੰ ਇਸ਼ਾਰੇ ਨਾਲ ਅੰਦਰ ਹੋਏ 'ਕਾਂਡ' ਬਾਰੇ ਜਾਣੂੰ ਕਰਵਾ ਦਿੱਤਾ। ਪਿਛਲੀ ਰਾਤ ਸੀਤਲ ਨੂੰ ਉਸ ਦੀ ਮਾਂ ਪਰਮ ਕੌਰ ਨੇ ਸਿੱਧਾ ਹੀ ਕੰਨ ਵਿਚ ਸਮਝਾ ਦਿੱਤਾ ਸੀ ਕਿ, ਜੇ ਬੰਦੇ ਨੂੰ ਆਪਣੇ ਅਨੁਸਾਰ ਵੱਸ ਕਰਨਾ ਹੋਵੇ ਤਾਂ ਚੁੱਪ ਚਾਪ ਉਸ ਨਾਲ ਬਿਨਾ ਝਿਜਕ ਸਰੀਰਕ ਸਬੰਧ ਬਣਾ ਲਵੋ, ਤੁਹਾਡੀ ਜਿੱਤ ਲਾਜ਼ਮੀ ਹੈ! ਇਹ ਕੰਮ ਸੀਤਲ ਨੇ ਆਪਣੀ ਮਾਂ ਦੀ ਨਸੀਹਤ ਮਗਰ ਲੱਗ ਕੇ ਸਿਰੇ ਲਾ ਦਿੱਤਾ ਸੀ। ਉਸ ਦੀ ਮਾਂ ਨੇ ਹੋਰ ਵੀ ਕਿਹਾ ਸੀ, "ਇਕ ਵਾਰੀ ਇਸ ਦੇ ਘਨ੍ਹੇੜੇ ਚੜ੍ਹ ਕੇ ਕੈਨੇਡਾ ਚਲੀ ਜਾਹ, ਸੀਤਲ! ਉਥੇ ਹੋਰ ਬਥੇਰੇ ਕਿਨਾਰੇ ਮਿਲ਼ ਜਾਣਗੇ! ਤੂੰ ਇਸ ਬੁੱਢੇ ਨਾਲ ਜਰੂਰੀ ਘੋਲ਼ ਕਰਨੈਂ? ਇਹ ਤੈਨੂੰ ਸੁੱਖ ਕੇ ਨਹੀਂ ਦਿੱਤਾ! ਸੋਚ ਰੱਖੀਂ...!"

ਸੀਤਲ ਦੀ 'ਸੇਵਾ' ਨੂੰ ਫ਼ਲ਼ ਲੱਗਿਆ।

ਗੱਲ ਪੱਕੀ ਹੋ ਗਈ! ਬਰਾੜ ਨੇ ਤੀਹ ਲੱਖ ਰੁਪਏ ਦੀ ਮੰਗ ਕੀਤੀ। ਜੋ ਤੁਰੰਤ ਸਰਬ ਸੰਮਤੀ ਨਾਲ ਹੀ ਮੰਨ ਲਈ ਗਈ। ਤੀਹ ਲੱਖ ਰੁਪਏ ਦੀ ਕੀ ਗੱਲ ਸੀ? ਚਾਹੇ ਪੈਂਤੀ ਲੱਖ ਮੰਗ ਲੈਂਦਾ! ਸਾਰੇ ਪ੍ਰੀਵਾਰ ਨੇ ਹੀ ਬਾਹਰ ਚਲਿਆ ਜਾਣਾ ਸੀ! ਸਾਰੇ ਧੋਣੇ ਧੋਤੇ ਜਾਣੇ ਸਨ।

ਪਰਮ ਕੌਰ ਨੇ ਬਰਾੜ ਦੇ ਮੂੰਹ ਨੂੰ ਮਠਿਆਈ ਲਾਈ।

ਬਰਾੜ ਬੋਤੇ ਵਾਂਗ ਉਗਾਲ਼ਾ ਜਿਹਾ ਕਰਨ ਲੱਗ ਪਿਆ।

-----

ਮੁੱਖ ਸ਼ਰਤ ਅਨੁਸਾਰ ਹਫ਼ਤੇ ਦੇ ਅੰਦਰ ਅੰਦਰ ਆਪ੍ਰੇਸ਼ਨ ਕਰਵਾ ਕੇ ਸੀਤਲ ਨੇ ਬੱਚੇਦਾਨੀ ਕਢਵਾ ਕੇ ਬਾਹਰ ਮਾਰੀ ਸੀ। ਇਤਨਾ ਵੱਡਾ ਫ਼ੈਸਲਾ ਲੈਂਦੀ ਨੇ ਸੀਤਲ ਨੇ ਕੁਝ ਵੀ ਸੋਚਿਆ ਨਹੀਂ ਸੀ ਕਿ ਉਹ ਰੱਬ ਵੱਲੋਂ ਬਖ਼ਸ਼ਿਸ਼ ਕੀਤਾ ਹੋਇਆ, ਮਾਂ ਬਣਨ ਦਾ ਅਮੋਲਕ ਵਰਦਾਨ ਆਪਣੇ ਹੱਥੀਂ ਤਬਾਹ ਕਰ ਰਹੀ ਹੈ! ਦੋ ਕੁ ਹਫ਼ਤੇ ਸੀਤਲ ਨੂੰ ਠੀਕ ਹੋਣ ਨੂੰ ਲੱਗ ਗਏ। ਪੂਰੀ ਰਿਪੋਰਟ ਬਿੱਲੂ ਰਾਹੀਂ ਬਰਾੜ ਨੂੰ ਪੁੱਜਦੀ ਕਰ ਦਿੱਤੀ ਗਈ। ਉਹ ਸੰਤੁਸ਼ਟ ਹੋ ਗਿਆ। ਜਿਹੜੀ ਹੁਣ ਹੀ ਐਨੀਆਂ ਸ਼ਰਤਾਂ ਮੰਨੀ ਜਾਂਦੀ ਐ, ਫੇਰ ਤਾਂ ਆਪਣੇ ਸਾਰੀ ਉਮਰ ਲੱਤ ਹੇਠ ਰਹੂ! ਇਹਨੂੰ ਜਿਵੇਂ ਮਰਜ਼ੀ ਐ, ਚਲਾਈ ਚੱਲਾਂ! ਜਨਾਨੀ ਛੇਤੀ ਕੀਤੇ ਬੱਚੇਦਾਨੀ ਨਹੀਂ ਕਢਵਾਉਂਦੀ। ਹਾਂ, ਦੋ ਚਾਰ ਬੱਚੇ ਜੰਮ ਕੇ ਕਢਵਾ ਦੇਵੇ, ਇਹ ਇਕ ਵੱਖਰੀ ਗੱਲ ਐ!

ਸਾਰੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਸੀਤਲ ਅਤੇ ਬਰਾੜ ਦਾ ਵਿਆਹ ਹੋ ਗਿਆ। ਮੰਗ ਅਨੁਸਾਰ ਤੀਹ ਲੱਖ ਰੁਪਏ ਦੇ ਦਿੱਤੇ ਗਏ। ਵਿਆਹ ਤਾਂ ਕਾਹਦਾ ਸੀ? ਇਹ ਤਾਂ ਸਿਰਫ਼ ਇਕ 'ਨਰੜ' ਸੀ। ਪਚਵੰਜਾ ਸਾਲ ਦਾ ਲਾੜਾ ਅਤੇ ਤੇਈ ਸਾਲ ਦੀ ਲਾੜੀ! ਬੱਤੀ ਸਾਲ ਦਾ ਫ਼ਰਕ! ਇਹ ਕੁੜੀ ਨੂੰ ਫ਼ਾਹਾ ਨਹੀਂ ਤਾਂ ਹੋਰ ਕੀ ਸੀ? ਪਤਾ ਲੱਗਣ 'ਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਸਾਕ ਸਬੰਧੀਆਂ ਨੇ ਬੁੱਲ੍ਹ ਟੇਰੇ। ਨਿਹੋਰੇ ਦਿੱਤੇ। ਪਰ ਹਰਮਨ ਸਿੰਘ ਦੇ ਪ੍ਰੀਵਾਰ ਦੇ ਕਿਸੇ ਮੈਂਬਰ ਨੂੰ ਕਿਸੇ ਕੰਜਰ ਦੇ ਨਿਹੋਰਿਆਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਉਹਨਾਂ ਦੀ ਜਾਣਦੀ ਸੀ, ਜੁੱਤੀ! ਉਹ ਤਾਂ ਹੁਣ ਕੈਨੇਡੀਅਨ ਸਨ!

-"ਕੁੜੀ ਸਾਡੀ! ਵਿਆਹ ਅਸੀਂ ਕੀਤੈ! ਲੋਕਾਂ ਦੇ ਪਤਾ ਨ੍ਹੀ ਕੀ ਸੱਪ ਲੜਦੈ?" ਸੀਤਲ ਦੀ ਮਾਂ ਨੇ ਸਾਰੇ ਸ਼ਿਕਵੇ ਢਾਕ ਤੋਂ ਦੀ ਮਾਰੇ ਸਨ। ਉਹ ਤਾਂ ਅੱਜ ਪੂਰੀ ਖੱਬੀ ਖਾਨ ਸੀ!

----

ਜਿਲ੍ਹਾ ਕਚਿਹਰੀਆਂ ਵਿਚ ਜਾ ਕੇ ਮੈਰਿਜ ਰਜਿਸਟਰ ਕਰਵਾ ਲਈ। ਸਾਰੇ ਕਾਗਜ਼ ਪੱਤਰ ਸਿੱਧੇ ਕਰਨ ਤੋਂ ਬਾਅਦ ਸੀਤਲ ਅਤੇ ਬਰਾੜ ਦਿੱਲੀ ਕੈਨੇਡਾ ਦੀ ਅੰਬੈਸੀ ਨੂੰ ਹੋ ਤੁਰੇ। ਬਿਨਾ ਕਿਸੇ ਹੀਲ ਹੁੱਜਤ ਤੋਂ ਸੀਤਲ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਮਿਲਣਾ ਹੀ ਸੀ! ਪਤੀ ਦੇਵ ਕੋਲ਼ ਇਤਨੀ ਜ਼ਾਇਦਾਦ ਅਤੇ ਪੈਸਾ! ਪਹਿਲੇ ਵਿਆਹ ਦੇ ਤਲਾਕ ਦੇ ਕਾਗਜ਼ ਕੋਲ! ਮੌਜੂਦਾ ਵਿਆਹ ਦੀ ਰਜਿਸਟਰੇਸ਼ਨ ਮੌਜੂਦ! ਕਿਸੇ ਕਾਗਜ਼ ਦੀ ਕਮੀ ਨਹੀਂ ਸੀ। ਹਰ ਲੋੜੀਂਦੀ 'ਫ਼ਾਰਮਿਲਟੀ' ਹਾਜ਼ਰ ਸੀ। ਪਰ ਸੀਤਲ ਦੀ ਇੰਟਰਵਿਊ ਕਰਨ ਵਾਲੇ ਅਫ਼ਸਰ ਨੇ ਜ਼ਰੂਰ ਉਸ ਵੱਲ ਘੋਖ਼ ਭਰੀਆਂ ਨਜ਼ਰਾਂ ਨਾਲ ਤੱਕਿਆ ਸੀ। ਸੀਤਲ ਦੀ ਬਲ਼ਦੀ ਮਿਸ਼ਾਲ ਵਰਗੀ ਜੁਆਨੀ ਹਰ ਇਕ ਦਾ ਕਾਲ਼ਜਾ ਹੀ ਤਾਂ ਕੱਢਦੀ ਸੀ! ਉਹ ਹੈਰਾਨ ਹੋਇਆ ਸੀ ਜਾਂ ਦੁਖੀ? ਸੀਤਲ ਦੀ ਸੁੰਦਰਤਾ 'ਤੇ ਝੁਰਿਆ ਸੀ ਜਾਂ ਉਸ ਨੇ ਸੀਤਲ ਅਤੇ ਬਰਾੜ ਦੀ ਅਜੋੜ ਜੋੜੀ 'ਤੇ ਉਦਾਸੀ ਪ੍ਰਗਟ ਕੀਤੀ ਸੀ? ਇਹ ਰੱਬ ਨੂੰ ਪਤਾ ਸੀ! ਉਸ ਨੇ ਸੀਤਲ ਨੂੰ ਇੰਟਰਵਿਊ ਵਿਚ ਪਾਸ ਜ਼ਰੂਰ ਕਰ ਦਿੱਤਾ ਸੀ ਅਤੇ ਸੀਤਲ ਨੂੰ ਵੀਜ਼ਾ ਮਿਲ਼ ਗਿਆ ਸੀ।

******************
ਨੌਵਾਂ ਕਾਂਡ ਸਮਾਪਤ - ਅਗਲੇ ਦੀ ਉਡੀਕ ਕਰੋ...ਸ਼ੁਕਰੀਆ!

Friday, March 20, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 8

ਹਰਦੇਵ ਦੇ ਬਾਪ ਜਾਗਰ ਸਿੰਘ ਦੀ ਪੁਰਾਣਾ ਘੁਲਾਟੀਆ ਹੋਣ ਕਰਕੇ ਪਟੜੀਫ਼ੇਰ ਬਹੁਤ ਬਣਦੀ ਸੀ। ਪੁਲੀਸ ਦਾ ਪੁਰਾਣਾ ਕਰਮਚਾਰੀ ਰਿਹਾ ਹੋਣ ਕਰਕੇ, ਤੁਰਿਆ ਫਿਰਿਆ ਬੰਦਾ ਸੀ। ਦੁਨੀਆਂ ਜਾਣਦੀ ਸੀ। ਇਕ ਦਿਨ ਉਸ ਦਾ ਕੋਈ ਪੁਰਾਣਾ ਮਿੱਤਰ ਜਾਗਰ ਸਿੰਘ ਨੂੰ ਮਿਲਣ ਆਇਆ। ਵੈਸੇ ਉਹ ਜਾਗਰ ਸਿੰਘ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਮਾੜਾ ਮੋਟਾ ਰਿਸ਼ਤੇਦਾਰ ਵੀ ਸੀ। ਦੇਖਣ ਪਰਖਣ ਤੋਂ ਉਹ ਕੋਈ ਸਾਊ ਬੰਦਾ ਨਜ਼ਰ ਨਹੀਂ ਆਉਂਦਾ ਸੀ। ਉਸ ਨੇ ਕਰੜ ਬਰੜੀ ਦਾਹੜੀ ਦੇ ਖ਼ਤ ਕੱਢੇ ਹੋਏ ਸਨ ਅਤੇ ਮੁੱਛਾਂ ਛਾਂਗ ਕੇ ਗੰਨੇ ਦੇ ਆਗਾਂ ਵਰਗੀਆਂ ਬਣਾਈਆਂ ਹੋਈਆਂ ਸਨ। ਲਾਲ ਅੱਖਾਂ ਬੈਟਰੀ ਵਾਂਗ ਜਗਦੀਆਂ ਸਨ ਅਤੇ ਉਸ ਦੇ ਮੂੰਹ ਵਿਚੋਂ ਰਾਤ ਦੀ ਪੀਤੀ ਦਾਰੂ ਦੀ ਹਵਾੜ੍ਹ ਮਾਰ ਰਹੀ ਸੀ। ਉਸ ਦੀ ਤੱਕਣੀਂ ਸ਼ੈਤਾਨ ਸੀ ਅਤੇ ਉਸ ਦੀਆਂ ਚੁਸਤ ਨਜ਼ਰਾਂ ਚਾਰ ਚੁਫ਼ੇਰੇ ਘੁਕੀ ਜਾ ਰਹੀਆਂ ਸਨ। ਉਹ ਚਾਦਰੇ ਦਾ ਲੜ ਵਾਰ-ਵਾਰ ਗੋਡਿਆਂ ਦੇ ਸੰਨ੍ਹ ਵਿਚ ਦਿੰਦਾ ਸੀ।

ਚਾਹ ਪਾਣੀ ਪਿਆਉਣ ਤੋਂ ਬਾਅਦ ਹਰਦੇਵ ਉਸ ਬੰਦੇ ਨੂੰ ਆਪਣੇ ਬਾਪੂ ਕੋਲ਼ ਖੇਤ ਲੈ ਗਿਆ। ਬਾਪੂ ਆਮ ਖੇਤ ਹੀ ਗੁਜ਼ਾਰਦਾ ਸੀ। ਚਾਹ ਦਾ ਢਾਣਸ ਕਰਨ ਲਈ ਉਸ ਨੇ ਖੇਤ ਹੀ ਇਕ ਗਾਂ ਰੱਖੀ ਹੋਈ ਸੀ। ਕਦੇ ਕਦੇ ਉਹ ਖੇਤ ਹੀ ਸੌਂ ਜਾਂਦਾ। ਜੇ ਘਰੇ ਆਉਣਾ ਹੁੰਦਾ ਤਾਂ ਰਾਤ ਨੂੰ ਗਾਂ ਵੀ ਨਾਲ ਹੱਕੀ ਆਉਂਦਾ।

-"ਸਾਸਰੀਕਾਲ ਬਈ ਜਾਗਰ ਸਿਆਂ...!" ਉਸ ਨੇ ਲਲਕਾਰ ਕੇ ਜਿਹੇ ਕਿਹਾ।

-"ਉਏ ਆ ਬਈ ਜੁਗਾੜ ਸਿਆਂ, ਬੇਲੀਆ ਕਾਫ਼ੀ ਦੇਰ ਬਾਅਦ ਦਰਸ਼ਣ ਦਿੱਤੇ...! ਕਿਹੜੀਂ ਕੂਟੀਂ ਚੜ੍ਹ ਗਿਆ ਸੀ...? ਪਤੰਦਰਾ, ਈਦ ਦਾ ਚੰਦ ਈ ਹੋ ਗਿਆ-ਕਦੇ ਦਿਖਾਈ ਨ੍ਹੀ ਦਿੱਤੀ...?" ਹਰਦੇਵ ਦਾ ਬਾਪੂ ਉਸ ਨੂੰ ਜੱਫ਼ੀ ਵਿਚ ਲੈ ਕੇ ਮਿਲਿਆ। ਨਾਂ ਤਾਂ ਉਸ ਦਾ ਜੁਗਰਾਜ ਸਿੰਘ ਸੀ। ਪਰ ਸਾਰੇ ਪੁਲ਼ਸ ਵਾਲੇ ਉਸ ਨੂੰ "ਜੁਗਾੜ ਸਿਉਂ" ਹੀ ਆਖਦੇ।

-"ਉਏ ਕਾਹਦੀ ਗੱਲ ਐ, ਜਾਗਰਾ! ਇਕ ਬੰਦੇ ਦੇ ਮੈਥੋਂ ਝਰੀਟਾਂ ਜੀਆਂ ਵੱਜਗੀਆਂ ਸੀ-ਸਾਲ਼ਿਆਂ ਨੇ ਛੱਬੀ ਦਾ ਪਰਚਾ ਕਟਵਾਤਾ-ਤੇ ਬੱਸ, ਛੇ ਕੁ ਮਹੀਨੇ ਸਹੁਰੀਂ ਲਾ ਕੇ ਆਇਐਂ...।" ਜੁਗਾੜ ਸਿਉਂ ਜੇਲ੍ਹ ਨੂੰ "ਸਹੁਰਾ ਘਰ" ਹੀ ਆਖਦਾ ਹੁੰਦਾ।

-"ਤੇਰੀਆਂ ਝਰੀਟਾਂ ਦਾ ਵੀ ਮੈਨੂੰ ਪਤੈ! ਬਥੇਰਾ ਵਾਹ ਰਿਹੈ ਆਪਣਾ! ਅਗਲੇ ਦੇ ਸਿਰ 'ਚ ਪਾਉਣਾ ਮਧਾਣੀ ਚੀਰਾ ਤੇ ਦੱਸਣੀਆਂ ਝਰੀਟਾਂ? ਤੂੰ ਤਾਂ ਬੰਦਾ ਮਾਰ ਕੇ ਆਖਦੇਂ, ਐਵੇਂ ਧੌਣ 'ਚ ਘਰੂਟ ਜਿਆ ਵੱਜ ਗਿਆ ਸੀ! ਕਿਹੜੀ ਜੇਲ੍ਹ 'ਚ ਰਿਹੈਂ...?" ਜਾਗਰ ਨੂੰ ਕੋਈ ਬਹੁਤਾ ਮਹਿਸੂਸ ਨਹੀਂ ਹੋਇਆ ਸੀ। ਕਿਉਂਕਿ ਜੁਗਾੜ ਸਿਉਂ ਸਾਲ ਵਿਚ ਛੇ ਕੁ ਮਹੀਨੇ ਜੇਲ੍ਹ ਯਾਤਰਾ 'ਤੇ ਹੀ ਰਹਿੰਦਾ ਸੀ। ਘਰੋਂ, ਘਰਵਾਲ਼ੀ ਅਤੇ ਜੁਆਕ ਜੱਲੇ ਵੱਲੋਂ ਉਹ ਬੇਪ੍ਰਵਾਹ ਹੀ ਸੀ। ਘਰਵਾਲ਼ੀ ਅਤੇ ਜੁਆਕ ਵੀ ਉਸ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਸਨ। ਜਿਹੋ ਜੀ ਨੰਦੋ ਬਾਹਮਣੀਂ ਤੇ ਉਹੋ ਜਿਆ ਘੁੱਦੂ ਜੇਠ, ਵਾਲੀ ਗੱਲ ਸੀ! ਜੁਗਾੜ ਸਿਉਂ ਦੇ ਸਹੁਰੇ ਬੜੇ ਤਕੜੇ, ਖਾਂਦੇ ਪੀਂਦੇ ਸਨ। ਜੁਗਾੜ ਸਿਉਂ ਦੇ ਪ੍ਰੀਵਾਰ ਦੀਆਂ ਲੋੜਾਂ ਉਹ ਪੂਰੀਆਂ ਕਰਦੇ। ਜੁਗਾੜ ਸਿਉਂ ਤਾਂ ਆਪਣੇ ਕੰਮ ਵਿਚ ਹੀ ਮਸਤ ਸੀ। ਬੈਲੀਆਂ ਨਾਲ ਬੈਠਣੀ ਉਠਣੀ ਸੀ। ਸਦਾ ਦਿਵਾਲ਼ੀ ਸਾਧ ਦੀ ਤੇ ਚੋਰਾਂ ਦੀਆਂ ਰਾਤਾਂ ਵਾਲ਼ੀ ਗੱਲ ਸੀ।

-"ਪਰੋਜਪੁਰ! ਮਾੜੇ ਧੀੜੇ ਥਾਂ ਆਪਾਂ ਜਾਨੇ ਐਂ? ਤੂੰ ਤਾਂ ਆਪ ਸਿਆਣੈਂ! ਕਿੰਨਾ ਆਪਣਾ ਵਾਹ ਰਿਹੈ...?" ਉਹ ਹੱਥ 'ਤੇ ਹੱਥ ਮਾਰ ਕੇ ਪਾਗਲਾਂ ਵਾਂਗ ਹੱਸਿਆ ਅਤੇ ਫਿਰ ਉਸ ਨੇ ਉਂਗਲਾਂ ਦੇ ਭੜ੍ਹਾਕੇ ਪਾਏ।

-"ਤੇਰੇ ਯਾਰ ਦਾ ਕੀ ਹਾਲ ਐ...?"

-"ਯਾਰ ਬਾਹਲ਼ੇ ਐ! ਕਿਹੜੇ ਦੀ ਗੱਲ ਕਰਦੈਂ...?"

-"ਉਏ ਜਿਹੜਾ ਤੇਰੇ ਨਾਲ ਇਕ ਆਰੀ ਹਵਾਲਾਟ 'ਚ ਖਹਿਬੜ ਪਿਆ ਸੀ-ਕੀ ਨਾਂ ਸੀ ਉਹਦਾ, ਭਲਾ ਜਿਆ...?" ਜਾਗਰ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ।

-"ਜਗਤਾ...?"

-"ਆਹੋ, ਜਗਤਾ...! ਕੀ ਹਾਲ ਐ ਉਹਦਾ?"

-"ਉਏ, ਉਹ ਤਾਂ ਸਾਲ਼ਾ ਪੋਰ ਨਿਕਲਿਆ-ਡੱਕੇ ਦਾ ਬੰਦਾ ਨ੍ਹੀ, ਯਾਰ ਜਾਗਰਾ!"

-"ਕਿਉਂ? ਕੀ ਹੋ ਗਿਆ? ਕਿਤੇ ਫੇਰ ਤਾਂ ਨ੍ਹੀ ਝਗੜ ਪਿਆ...?"

-"ਉਏ ਨਹੀਂ...! ਝਗੜਨਾ ਤਾਂ ਉਹਦਾ ਪਹਿਲਾ ਕਰਮ ਐਂ-ਨਾਲੇ ਤੈਨੂੰ ਪਤੈ-ਮੈਂ ਉਹਨੂੰ ਕਿੰਨਾਂ ਮੋਹ ਕਰਦੈਂ-ਪਰ ਖਹਿਬੜਦਾ ਵੀ ਕੰਜਰ ਮੇਰੇ ਨਾਲ ਈ ਐ-ਮੈਂ ਬਥੇਰਾ ਕਿਹਾ ਬਈ ਕੰਜਰ ਦਿਆ ਪੁੱਤਾ, ਮੇਰੇ ਨਾਲ ਨਾ ਲੜਿਆ ਕਰ-ਕੋਈ ਹੋਰ ਸਾਅਮੀ ਭਾਲ਼ ਲਿਆ ਕਰ-ਪਰ ਕਾਹਨੂੰ...!"

-"ਤੂੰ ਉਹਦੇ 'ਤੇ ਖਿਝਿਆ ਕਿਉਂ ਐਂ? ਇਹ ਤਾਂ ਦੱਸ...! ਉਹ ਤਾਂ ਤੇਰੀ ਹਿੱਕ ਦਾ ਵਾਲ਼ ਸੀ?"

-"ਯਾਰ ਜਾਗਰਾ! ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਐਂ-ਨਾਲੇ ਤੈਨੂੰ ਤਾਂ ਪਤਾ ਈ ਐ ਬਈ ਮੇਰਾ ਜਗਤੇ ਨਾਲ ਕਿੰਨਾ ਤੇਹ ਐ-।"

-"ਆਹੋ, ਉਹ ਤਾਂ ਪਤੈ...!" ਜਾਗਰ ਨੇ ਦਿਲੋਂ ਮੰਨਿਆਂ।

-"ਚਾਹੇ ਲੜਦੇ ਭਿੜ੍ਹਦੇ ਰਹੀਦੈ-ਪਰ ਦਿਲ 'ਚ ਕਦੇ ਵੱਟ ਨ੍ਹੀ ਰੱਖਿਆ।"

-"ਖ਼ੈਰ...!"

-"ਉਹਦੀ ਗੁੱਡੀ ਬਿਆਹੀ ਵੀ ਸੀ ਇੰਗਲੈਂਡ-ਬਿਆਹੀ ਨੂੰ ਤਾਂ ਚਿਰ ਹੋ ਗਿਆ-ਕੋਈ ਬਾਲ ਬੱਚਾ ਹੋਇਆ ਨਾ ਬਿਚਾਰੀ ਦੇ-ਬਿਆਹੀ ਤਾਂ ਮੈਨੂੰ ਮੈਦ ਐ ਬਈ ਉਹ ਦਸ ਸਾਲ ਰਹੀ ਐ-ਇਕ ਵੱਡੀ ਹੋਈ ਦਾ ਬਿਆਹ ਕੀਤਾ ਸੀ-ਜੁਆਕ ਜੱਲਾ ਕੁੜੀ ਨੂੰ ਹੋਇਆ ਨਾ-ਤੇ ਅਗਲਿਆਂ ਨੇ ਉਹ ਛੱਡਤੀ...।"

-"ਫੇਰ...?"

-"ਫੇਰ ਕੀ...? ਕੁੜੀ ਪੱਕੀ ਐ-ਸਾਰਾ ਕੁਛ ਕੋਲੇ ਐ-ਉਹ ਬਿਚਾਰੀ ਦੁਖੀ ਹੋਈ ਸਾਰਾ ਕੁਛ ਛੱਡ ਛੁਡਾ ਕੇ ਐਥੇ ਆਗੀ-ਮੈਂ ਤਾਂ ਜਗਤੇ ਨੂੰ ਆਖਿਆ ਸੀ ਬਈ ਅੱਗੇ ਕਿਹੜਾ ਮਖ਼ਮਲਾਂ ਦੇ ਗੱਦਿਆਂ 'ਤੇ ਈ ਸੌਂਦੇ ਰਹੇ ਐਂ-ਧੀ ਧਿਆਣੀ ਛੱਡ ਤਾਂ ਦਿੱਤੀ-ਹੁਣ ਸਾਲਿ਼ਆਂ ਨੂੰ ਇੰਗਲੈਂਡ ਆਲ਼ਿਆਂ ਨੂੰ ਤਾਂ ਕੋਈ ਸਬਕ ਸਿਖਾਈਏ? ਉਹ ਜਾਣੇ, ਚਾਰ ਸਾਲ ਅੰਦਰ ਲਾ ਆਵਾਂਗੇ-ਸਾਲ਼ਾ ਮੋਕ ਈ ਮਾਰ ਗਿਆ-ਜਮਾਂ ਈ ਕਰਾੜ ਐ ਸਾਲ਼ਾ ਕੁੱਤਿਆਂ ਦਾ...!"

-"ਕਾਹਤੋਂ...?"

-"ਉਏ ਊਂ ਗੱਲ ਤਾਂ ਜਗਤੇ ਦੀ ਵੀ ਸਹੀ ਐ-ਅਗਲੇ ਦਸ ਸਾਲ ਕੁੜੀ ਦੇ ਮੂੰਹ ਵੱਲ ਝਾਕੀ ਗਏ-ਉਹਨਾਂ ਨੂੰ ਵੀ ਭਾਈ ਜਾਗਰਾ ਆਬਦੀ ਕੁਲ਼ ਦਾ ਫਿ਼ਕਰ ਐ-ਜੁਆਕ ਜੱਲਾ ਹੋਇਆ ਨ੍ਹੀ-ਤੇ ਅਗਲਿਆਂ ਨੇ ਸੋਚਿਆ ਬਈ ਜਦੋਂ ਦਸਾਂ ਸਾਲਾਂ 'ਚ ਜੁਆਕ ਨ੍ਹੀ ਹੋਇਆ, ਹੁਣ ਕਿੱਥੋਂ ਹੋਜੂ? ਬੋਤੇ ਦੇ ਬੁੱਲ੍ਹ ਦੀ ਉਹਨਾਂ ਨੇ ਉਡੀਕ ਨਾ ਕੀਤੀ-ਅਗਲਿਆਂ ਨੇ ਤਲਾਕ ਦੇ ਕੇ ਪਰ੍ਹਾਂ ਮਾਰਿਆ!"

-"ਗੱਲ ਤਾਂ ਇਹ ਵੀ ਸਮਝਣ ਆਲ਼ੀ ਐ-ਅਗਲਾ ਮੁੰਡਾ ਵਿਆਹੁੰਦੈ ਬਈ ਸਾਡੀ ਕੁਲ਼ ਅੱਗੇ ਤੁਰੂਗੀ-ਤੇ ਜੇ ਅਗਲੇ ਦੀ ਕੁਲ਼ ਈ ਨਾ ਅੱਗੇ ਤੁਰੀ? ਫੇਰ ਬਿਆਹ ਕਰਾਏ ਦਾ ਕੀ ਫ਼ਾਇਦਾ? ਅਗਲਿਆਂ ਨੇ ਸੋਚਿਆ ਹੋਣੈਂ ਬਈ ਹੁਣ ਮੁੰਡਾ ਦੂਜੇ ਵਿਆਹ ਦੇ ਕਾਬਲ ਐ-ਹੁਣ ਮੌਕੈ-ਵਿਆਹ ਲਵੋ-ਫੇਰ ਸੱਠਾਂ ਦਾ ਹੋ ਕੇ ਤਾਂ ਉਹ ਭਾਪਾ ਜੀ ਬਣਨੋਂ ਰਿਹਾ?"

-"ਗੱਲਾਂ ਤਾਂ ਯਾਰ ਜਾਗਰਾ ਸਾਰੀਆਂ ਈ ਠੀਕ ਐ-!"

-"ਕੁੜੀ ਦੀ ਉਮਰ ਕਿੰਨੀ ਕੁ ਐ?" ਜਾਗਰ ਇੰਗਲੈਂਡ ਦੇ ਨਾਂ ਨੂੰ ਸੁਚੇਤ ਹੋ ਗਿਆ।

-"ਹੋਊਗੀ ਕੋਈ ਚਾਲ੍ਹੀਆਂ ਕੁ ਦੀ-ਊਂ ਯਾਰ ਜਗਤਾ ਬਿਚਾਰਾ ਹੋ ਘਾਊਂ ਮਾਊਂ ਜਿਆ ਈ ਗਿਆ-ਦੇਖਲਾ ਜੁਆਨ ਨੱਕ 'ਤੇ ਮੱਖੀ ਨ੍ਹੀ ਸੀ ਬੈਠਣ ਦਿੰਦਾ-ਉਏ ਨ੍ਹੀ ਸੀ ਕਹਾਉਂਦਾ ਕਿਸੇ ਕੰਜਰ ਤੋਂ-ਹੁਣ ਕੱਖੋਂ ਹੌਲ਼ਾ ਹੋਇਆ ਬੈਠੈ।"

-"ਧੀਆਂ ਦੇ ਦੁੱਖ ਬੁਰੇ ਹੁੰਦੇ ਐ, ਬਾਈ ਮੇਰਿਆ...!" ਜਾਗਰ ਨੇ ਕਿਹਾ। ਇੰਗਲੈਂਡ ਤੋਂ ਆਈ ਕੁੜੀ ਅਤੇ ਜਗਤੇ ਦੀ ਮਜਬੂਰੀ...? ਜਾਗਰ ਸਿਆਂ ਇਸ ਦਾ ਭਰਪੂਰ ਫ਼ਾਇਦਾ ਉਠਾਇਆ ਜਾ ਸਕਦੈ। ਮਾਰ ਕੋਈ ਕੱਦੂ 'ਚ ਤੀਰ...! ਤੂੰ ਫੇਰ ਵੀ ਪੁਰਾਣਾ ਖਿਡਾਰੀ ਐਂ...! ਜਗਤੇ ਵਰਗੇ ਬਥੇਰੇ ਵੇਚ-ਵੇਚ ਕੇ ਖਾਧੇ ਵੇ ਐ...! ਤੂੰ ਇਹਦੇ, ਜੁਗਾੜ ਸਿਉਂ ਦੇ ਈ ਕੋਈ ਕੁਤਕੁਤੀ ਕੱਢ! ਇਹਨੂੰ ਪਲੋਸ! ਜੁਗਾੜ ਸਿਉਂ ਤਾਂ ਲਵੇਰੀ ਮੱਝ ਐ, ਜੇ ਚਾਟ ਪਾਵੇਂਗਾ, ਦੁੱਧ ਆਲ਼ੀ 'ਨ੍ਹੇਰੀ ਲਿਆਦੂ...! ਤੂੰ ਇਹਨੂੰ ਪਲੋਸ ਜਾਗਰ ਸਿਆਂ...! ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿਚੇ ਰੰਬਾ ਰੱਖ...! ਉਏ ਜਾਗਰ ਸਿਆਂ ਮਾਰ ਇਹਦੇ ਕੰਜਰ ਦੇ ਥਾਪੀ ਤੇ ਪਸਮਾਅ ਇਹਨੂੰ...! ਮੁੰਡੇ ਦੀ ਗੱਲ ਚਲਾ ਇਹਦੇ ਨਾਲ...! ਕੁੜੀ ਨਾਲ ਮੁੰਡਾ ਨਰੜ ਕੇ, ਤੇ ਵਲੈਤ ਭੇਜ! ਇਕ ਵਾਰ ਤਾਂ ਘਰ ਦੀਆਂ ਕੁੱਖਾਂ ਕੱਢ ਦਿਊ ਜਿਉਣ ਜੋਕਰਾ...! ਉਹਨੇ ਤਾਂ ਕੱਚੇ ਨੇ ਜਰਮਨ 'ਚੋਂ ਨਾਂਅਵੇਂ ਦੀ 'ਨ੍ਹੇਰੀ ਲਿਆਤੀ ਸੀ। ਹੁਣ, ਜੇ ਐਹੋ ਜੀ ਕੁੜੀ ਹੱਥ ਲੱਗ ਗਈ, ਤਾਂ ਪੌਂ ਬਾਰ੍ਹਾਂ ਈ ਹੋ ਜਾਣਗੀਆਂ...! ਪੁੱਤ ਪੋਤਿਆਂ ਦੀਆਂ ਰੋਟੀਆਂ ਬਣ ਜਾਣਗੀਆਂ! ਦਸ, ਪੰਦਰਾਂ ਸਾਲ ਵੱਡੀ ਉਮਰ ਦਾ ਕੀ ਹੁੰਦੈ...? ਬਾਂਝ ਕੁੜੀ ਐ, ਆਪਣਾ ਹਰਦੇਵ ਸਿਉਂ ਜਰਵਾਣਾ ਮੁੰਡੈ, ਉਹ ਤਾਂ ਖੁਆ ਦਿਊ ਚਾਲੀਆਂ ਸਾਲਾਂ ਆਲ਼ੀ ਦੇ ਗੇੜੇ...! ਉੜਾ ਦਿਊ ਤੂਸ਼ਕੇ...! ਜਾਗਰ ਸਿਆਂ, ਊਠ ਅੜਾਂਦੇ ਈ ਲੱਦੀਦੇ ਐ! ਇਹਦੇ ਕੰਜਰ ਦੇ ਖਰਖਰਾ ਕਰ ਕੇ, ਕੁੜੀ ਮੁੰਡੇ ਦਾ ਨਰੜ ਕਰਵਾ! ਢਾਈ ਕਿੱਲਿਆਂ ਦੇ ਮਾਲਕ, ਤੇਰੇ ਮੁੰਡੇ ਨੂੰ ਟਾਟੇ ਦੀ ਕੁੜੀ ਤਾਂ ਮਿਲਣੋਂ ਰਹੀ! ਕੋਈ ਟੋਭੇ ਫ਼ੂਕ ਈ ਮਿਲੂ! ਨਾਲੇ ਇੰਗਲੈਂਡ 'ਚ ਪੱਕੀ ਕੁੜੀ ਤੈਨੂੰ ਕਿਤੋਂ ਮਿਲਣੀ ਐਂ...? ਤੂੰ ਐਸ ਬਿੱਜੂ ਨੂੰ ਪਲੋਸ, ਤੇ ਕੁੜੀ ਆਲ਼ੀ ਗੱਲ ਚਲਾ...! ਜੇ ਕੁੜੀ ਦੀ ਉਮਰ ਚਾਲੀਆਂ ਸਾਲਾਂ ਦੀ ਐ, ਤੂੰ ਕਿਹੜਾ ਉਹਤੋਂ ਚੱਕੀ ਪਿਹਾਉਣੀ ਐਂ...? ਮੁੰਡਾ ਸੈੱਟ ਕਰ, ਬਾਕੀ ਪ੍ਰਮਾਤਮਾ ਆਪੇ ਭਲੀ ਕਰੂ...! ਇਹਨੂੰ ਘੁੱਟ ਲੁਆ ਕੇ, ਇਹਦੇ ਮੂਹਰੇ ਬੰਸਰੀ ਵਜਾ ਕੋਈ...! ਇਹ ਰਿੱਛ ਤੈਨੂੰ ਬੜਾ ਕੰਮ ਦਿਊਗਾ, ਜਾਗਰ ਸਿਆਂ...! ਪੀ ਕੇ ਇਹ ਸਾਲ਼ਾ ਬੋਤੇ ਜਿੰਨਾਂ ਕੰਮ ਦਿੰਦੈ! ਇਹਨੂੰ ਘੁੱਟ ਲੁਆ ਕੇ ਕੰਡੇ 'ਚ ਕਰ ਤੇ ਮਾਰ ਰੇਖ 'ਚ ਮੇਖ...!

-"ਕੀ ਸੇਵਾ ਕੀ ਕਰਾਂ...? ਜੁਗਾੜ ਸਿਆਂ ਮੈਂ ਤਾਂ ਗੱਲਾਂ ਬਾਤਾਂ 'ਚ ਭੁੱਲ ਈ ਗਿਆ ਸੀ!" ਜਾਗਰ ਨੇ ਕਿਹਾ।

-"ਕੋਈ ਸੀਸੀ ਹੈਗੀ ਐ ਤਾਂ ਕੱਢਲਾ! ਹੋਰ ਸੇਵਾ ਨੂੰ ਮੈਂ ਕਿਹੜਾ ਲੱਤਾਂ ਘੁਟਵਾਉਣੀਐਂ?" ਜੁਗਾੜ ਸਿਉਂ ਨੇ ਗਿੱਟੇ ਖੁਰਕੇ। 'ਕਰਚ-ਕਰਚ' ਦੀ ਅਵਾਜ਼ ਸਾਫ਼ ਸੁਣਾਈ ਦਿੱਤੀ। ਗਿੱਟਿਆਂ 'ਤੇ ਖ਼ੁਸ਼ਕੀ ਦੀਆਂ ਚਿੱਟੀਆਂ ਲੀਕਾਂ ਪੈ ਗਈਆਂ। ਜਿਵੇਂ ਹਵਾ ਦੇ ਘੱਟ ਦਬਾਓ ਕਾਰਨ ਅਸਮਾਨ ਵਿਚ ਧੂੰਏਂ ਨਾਲ ਜਹਾਜ ਪਾਉਂਦੈ!

-"ਆਪਾਂ ਕਿਤੋਂ ਲੈਣ ਜਾਣੀਂ ਐਂ...? ਤੂੰ ਜਾਨ ਮੰਗ ਜਾਨ ਹਾਜਰ ਐ!" ਜਾਗਰ ਖੂੰਜਿਓਂ ਬੋਤਲ ਕੱਢ ਲਿਆਇਆ।

ਉਹ ਬੋਤਲ ਨੂੰ ਕੁੱਕੜ ਵਾਂਗ ਕੱਛ 'ਚ ਦੇਈ ਆਉਂਦਾ ਸੀ।

-"ਲੈ ਦੇਖ ਤਰਾਰੇ ਬੱਝਦੇ...! ਅਜੇ ਕੱਲ੍ਹ ਈ ਅੱਠ ਬੋਤਲਾਂ ਕੱਢੀਐਂ।" ਜਾਗਰ ਨੇ ਬੋਤਲ ਦੇ ਮੂੰਹ 'ਚੋਂ ਮੱਕੀ ਦਾ ਗੁੱਲ ਕੱਢਦਿਆਂ ਕਿਹਾ।

-"ਨਹੀਂ ਰੀਸਾਂ! ਸਦਕੇ ਤੇਰੇ...!" ਜੁਗਾੜ ਸਿਉਂ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ।

ਜਾਗਰ ਖੇਤੋਂ ਗਾਜਰਾਂ ਪੱਟਣ ਉਠ ਗਿਆ।

ਉਹ ਪੀਣ ਲੱਗ ਪਏ।

-"ਖੁੱਲ੍ਹ ਕੇ ਪੀ...! ਬਥੇਰੀ ਅੱਗ ਲੱਗਦੀ ਐ!" ਜਾਗਰ ਨੇ ਆਖਿਆ।

-"ਜਿੰਨੀ ਲੋੜ ਹੋਈ-ਜਰੂਰ ਪੀਮਾਂਗੇ।" ਜੁਗਾੜ ਸਿਉਂ ਗਿਲਾਸ ਭਰ ਕੇ ਇੰਜ ਅੰਦਰ ਮਾਰਿਆ, ਜਿਵੇਂ ਸ਼ਰਬਤ ਹੁੰਦੀ ਹੈ।

ਬੋਤਲ ਉਹਨਾਂ ਅੱਗੇ ਤੂਫ਼ਾਨ ਬਣਦੀ ਜਾ ਰਹੀ ਸੀ। ਉਸ ਦੀਆਂ ਅੱਖਾਂ ਦਾ ਰੰਗ ਰੱਤਾ ਹੁੰਦਾ ਜਾ ਰਿਹਾ ਸੀ। ਦੇਸੀ ਦਾਰੂ ਨਾਲ ਜੁਗਾੜ ਸਿਉਂ ਗਾਜਰਾਂ ਇੰਜ ਚੱਬਦਾ ਸੀ, ਜਿਵੇਂ ਝੋਟਾ ਕੜਬ ਚੱਬਦੈ!

-"ਹੈ ਪੂਰੀ ਖਰੀ ਬਈ ਬੇਲੀਆ...!"

-"ਮੈਖਿਆ, ਪੂਰੀ ਖੱਟਰ ਐ...!"

-"ਸੰਘੇੜਿਆਂ ਸਾਲ਼ੀ ਅਤਰੀ ਅਰਗੀ...!"

-"ਸੱਚ ਤੇਰੀ ਪੁਰਾਣੀ ਬੇਲਣ ਦਾ ਕੀ ਹਾਲ ਚਾਲ ਐ?"

-"ਉਏ ਛੱਡ! ਹੁਣ ਤਾਂ ਬੁੱਢੇ ਹੋ ਗਏ, ਜਾਗਰਾ!" ਉਹ ਗੱਲ ਦੱਬ ਗਿਆ। ਜਾਗਰ ਵੀ ਗੱਲ ਵਧਾਉਣੀ ਨਹੀਂ ਚਾਹੁੰਦਾ ਸੀ। ਉਸ ਅੱਗੇ ਸਾਰਾ ਛੋਪ ਕੱਤਣ ਵਾਲਾ ਪਿਆ ਸੀ। ਅਜੇ ਤਾਂ ਪੂਣੀਂ ਨੂੰ ਵੀ ਹੱਥ ਨਹੀਂ ਲਾਇਆ ਸੀ। ਉਹ ਦਾਰੂ ਦੇ ਨਸ਼ੇ ਵਿਚ ਜੁਗਾੜ ਸਿਉਂ ਤੋਂ ਇਕ ਵਾਰੀ 'ਹਾਂ' ਕਰਵਾਉਣੀ ਚਾਹੁੰਦਾ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੇ ਇਸ ਪੋਪਲ਼ ਨੇ ਹਾਂ ਕਰ ਦਿੱਤੀ, ਫਿਰ ਲੱਤ ਨਹੀਂ ਚੁੱਕਦਾ। ਜੁਗਾੜ ਸਿਉਂ ਜ਼ੁਬਾਨ ਦਾ ਬੜਾ ਪੱਕਾ ਬੰਦਾ ਸੀ। ਗੱਲ ਕਹਿ, ਕਰ ਕੇ ਮੁਕਰਦਾ ਨਹੀਂ ਸੀ!

----

'ਖੱਟਰ-ਖਰੀ' ਕਰਦਿਆਂ ਉਹਨਾਂ ਨੇ ਬੋਤਲ ਖਤਮ ਕਰ ਦਿੱਤੀ। ਨਸ਼ਾ ਦੋਹਾਂ ਦੀਆਂ ਅੱਖਾਂ ਵਿਚ ਹੀ ਦੀਵੇ ਦੀ ਲਾਟ ਵਾਂਗ ਡੋਲਣ ਲੱਗ ਪਿਆ ਸੀ। ਜਾਗਰ ਆਪਣੇ ਨਿਸ਼ਾਨੇ ਪ੍ਰਤੀ ਸੁਚੇਤ ਸੀ। ਉਹ ਕਦੋਂ ਦਾ ਸਿ਼ਸ਼ਤ ਬੰਨ੍ਹੀ ਬੈਠਾ ਸੀ। ਜਦੋਂ ਦਾਅ ਲੱਗਣਾ ਸੀ, ਉਸ ਨੇ ਜੁਗਾੜ ਸਿਉਂ ਨੂੰ ਫ਼ੁੰਡ ਕੇ ਰੱਖ ਦੇਣਾ ਸੀ। ਜਾਗਰ ਕਿਵੇਂ ਨਾ ਕਿਵੇਂ ਮੋੜ ਘੋੜ ਕੇ ਖੋਤੀ ਬੋਹੜ ਹੇਠਾਂ ਲਿਆਉਣਾ ਚਾਹੁੰਦਾ ਸੀ। ਪਰ ਉਸ ਨੂੰ ਗੱਲ ਦਾ ਸਿਰਾ ਨਹੀਂ ਲੱਭ ਰਿਹਾ ਸੀ। ਉਸ ਦਾ ਦਿਮਾਗ ਰੇਡੀਓ ਵਰਗਾ ਸੀ। ਪਰ ਪੀਤੀ ਹੋਈ ਦਾਰੂ ਦੇ ਬਾਵਜੂਦ ਵੀ ਉਸ ਦਾ ਰੇਡੀਓ ਦਿਮਾਗ ਕੋਈ ਕੰਮ ਦਾ ਸਟੇਸ਼ਨ ਨਹੀਂ ਫੜ ਰਿਹਾ ਸੀ। ਉਸ ਨੇ ਆਪਣੇ ਦਿਮਾਗ 'ਤੇ ਦੋ-ਤਿੰਨ ਵਾਰ ਧੱਫ਼ਾ ਜਿਹਾ ਮਾਰਿਆ। ਜਿਵੇਂ 'ਘਿਰੜ੍ਹ-ਘਿਰੜ੍ਹ' ਕਰਦੇ ਰੇਡੀਓ ਦੇ ਮਾਰੀਦੈ!

-"ਜੁਗਾੜ ਸਿਆਂ...!" ਜਾਗਰ ਨੇ ਗੱਲ ਚਲਾਈ।

-"ਹੁਕਮ...?" ਉਹ ਪਟਿਆਲ਼ੇ ਵਾਲ਼ਾ ਭੂਪਾ ਬਣਿਆਂ ਬੈਠਾ ਸੀ।

-"ਜਗਤੇ ਨੇ ਕੁੜੀ ਦਾ ਕੋਈ ਬੰਨ੍ਹ ਸੁੱਬ ਨ੍ਹੀ ਕੀਤਾ...?" ਉਸ ਨੇ ਉਲਝੇ ਤਾਣੇ ਦੀ ਸਿਰੇ ਦੀ ਤੰਦ ਫੜ ਲਈ ਅਤੇ ਜੁਗਾੜ ਸਿਉਂ ਦਾ ਬੁੱਚੜ ਚਿਹਰਾ ਨਿਰਖਣ ਲੱਗ ਪਿਆ। ਉਹ ਤੁੱਕਿਆਂ ਵੱਲ ਝਾਕਦੇ ਬੋਕ ਵਾਂਗ ਉਸ ਵੱਲ ਮੂੰਹ ਚੁੱਕੀ ਬੈਠਾ ਸੀ।

-"ਕਿਹੜੀ ਗੱਲ ਕਰਤੀ, ਜਾਗਰਾ? ਉਹਨੇ ਖਸਮਾਂ ਨੂੰ ਖਾਣੇ ਨੇ ਕੁਛ ਨ੍ਹੀ ਕਰਨਾ...! ਇਹ ਤਾਂ ਕੁਛ ਆਪਾਂ ਨੂੰ ਈ ਕਰਨਾ ਪਊ-ਲੱਖ ਅੜਬ ਐ-ਪਰ ਹੈ ਤਾਂ ਮਿੱਤਰ...!"

-"ਊਂ ਹੈ ਯਾਰਾਂ ਦਾ ਯਾਰ! ਇਹ ਗੱਲ ਮੰਨਣੀਂ ਪਊ...!" ਜਾਗਰ ਨੇ ਕਿਹਾ।

-"ਇਹਦੇ 'ਚ ਕੋਈ ਸ਼ੱਕ ਨ੍ਹੀ! ਉਏ ਉਹਤੋਂ ਅੜਬ ਸੁਭਾਅ ਕਰਕੇ ਪਾਸਾ ਵੱਟਦੇ ਐਂ-ਬਈ ਭਰਾ ਐ, ਕਿਤੇ ਊਂ ਨਾ ਪੀਤੀ ਖਾਧੀ 'ਚ ਉਹਦੀ ਪੁੜਪੜੀ 'ਚ ਚਿੱਬ ਪੈਜੇ-ਸਹੁਰੇ ਲੋਕ ਕੀ ਆਖਣਗੇ? ਬਈ ਕੱਲ੍ਹ 'ਕੱਠੇ ਖਾਂਦੇ ਪੀਂਦੇ ਸੀ-ਅੱਜ ਤਰੀਕਾਂ ਭੁਗਤਦੇ ਫਿਰਦੇ ਐ!" ਜੁਗਾੜ ਸਿਉਂ ਨੇ ਆਪਣੇ ਦਿਲ ਦੀ ਭੜ੍ਹਾਸ ਕੱਢੀ।

-"ਇਕ ਗੱਲ ਜਰੂਰ ਐ-ਅੜਬ ਬੰਦਾ ਦਿਲ ਦਾ ਕਦੇ ਮਾੜਾ ਨ੍ਹੀ ਹੁੰਦਾ-ਦਿਲ ਦੇ ਮਾੜੇ ਹੁੰਦੇ ਐ, ਗਿੱਦੜਮਾਰ ਬੰਦੇ!"

-"ਮੈਂ ਇਕ ਨਤੀਜਾ ਕੱਢਿਐ-ਬਈ ਅੜਬ ਬੰਦੇ ਦਾ ਕਦੇ ਗੁੱਸਾ ਨਾ ਕਰੋ-ਮੂੰਹ ਫ਼ੱਟ ਬੰਦਾ ਦਿਲ 'ਚ ਗੱਲ ਰੱਖ ਨ੍ਹੀ ਸਕਦਾ-ਸਿੱਧੀ ਰੋੜੇ ਮਾਂਗੂੰ ਮੂੰਹ 'ਤੇ ਮਾਰਦੈ! ਤੇ ਜਿਹੜੇ ਹੁੰਦੇ ਐ ਗਿੱਦੜਮਾਰ ਬੰਦੇ-ਉਹ ਓਸ ਗੱਲ ਦੇ ਆਖਣ ਮਾਂਗੂੰ-ਗੱਲ ਦਿਲ 'ਚ ਰੱਖਣੀ ਤੇ ਮੂੰਹੋਂ ਮਿੱਠੇ ਰਹਿਣਾ-ਤੇ ਸਮਾਂ ਪਾ ਕੇ ਗੁੱਝੀ ਆਰੀ ਚਲਾਉਣੀ! ਤੇ ਉਹ ਵੀ ਪਿੱਠ ਪਿੱਛੋਂ ਦੀ...!" ਜੁਗਾੜ ਸਿਉਂ ਵੀ ਧਾਈ ਨਾਲ ਧਾਈ ਜੋੜਦਾ ਜਾ ਰਿਹਾ ਸੀ।

-"ਯਾਰ ਜੁਗਾੜ ਸਿਆਂ! ਤੇਰੇ ਨਾਲ ਦਿਲ ਦੀ ਸਾਰੀ ਗੱਲ ਕਰ ਲਈਦੀ ਐ-ਆਪਾਂ ਹਰ ਘੁੰਡੀ ਦੀ ਮੁੱਠ ਰੱਖੀ ਐ-ਹਰਦੇਵ ਸਿਉਂ ਦੀ ਬੇਬੇ ਤਾਂ ਕੁੜੀ ਯਹਾਵੇ ਦੀ ਉਦੋਂ ਦੀ ਪੰਡਤਾਂ ਪਾਧਿਆਂ ਮਗਰ ਈ ਤੁਰੀ ਫਿਰਦੀ ਐ।"

-"ਕਦੋਂ ਦੀ...?"

-"ਉਏ ਆਹ, ਜਦੋਂ ਦਾ ਉਹ ਜਰਮਨ ਤੋਂ ਵਾਪਸ ਆਇਐ...।"

-"ਭਰਜਾਈ ਨੂੰ ਆਖਣਾ ਸੀ ਬਈ ਸਾਡੇ ਨਾਲੋਂ ਵੱਡਾ ਪੰਡਤ ਪਾਧਾ ਕੌਣ ਐਂ? ਤੂੰ ਸਾਨੂੰ ਸਿੱਧ ਕਰਕੇ ਦੇਖ, ਭਰਿੰਡਾਂ ਮਾਂਗੂੰ ਖੜ੍ਹੇ ਖੱਖਰ ਨਾ ਲਾ ਦੇਈਏ...!" ਜੁਗਾੜ ਸਿਉਂ ਹੱਸ ਪਿਆ।

-"ਆਹੀ ਸਲਾਹ ਤਾਂ ਤੇਰੇ ਨਾਲ ਕਰਨੀ ਸੀ-।" ਗੱਲ ਕਰਦਾ ਕਰਦਾ ਜਾਗਰ ਰੁਕ ਗਿਆ।

-"ਤੂੰ ਰੁਕ ਕਾਹਨੂੰ ਗਿਆ? ਅੱਗੇ ਤੁਰ...! ਦਾਈਆਂ ਤੋਂ ਬਾਈ ਜਾਗਰਾ ਪੇਟ ਨ੍ਹੀ ਲੁਕਾਈਦੇ!"

-"ਯਾਰ ਗੱਲ ਵੱਡੀ ਐ, ਤੇ ਮੂੰਹ ਛੋਟੈ-ਨਾਲੇ ਤੇਰੇ ਕੋਲੇ ਕਾਹਦਾ ਲੁਕਾ ਐ...?" ਉਸ ਨੇ ਗੱਲ ਨੂੰ ਵਲ਼ ਪਾ ਲਿਆ।

-"ਤੂੰ ਮੂੰਹੋਂ ਤਾਂ ਕੱਢ...! ਦੇਖ, ਤੇਰੇ ਮੂਹਰੇ ਤੇਰਾ ਯਾਰ ਬੈਠੈ, ਗੰਧਾਲ਼ੇ ਅਰਗਾ!" ਉਸ ਨੇ ਆਪਣਾ ਵੱਡਾ ਸਾਰਾ ਹੱਥ ਹਿੱਕ 'ਚ ਮਾਰਿਆ। ਹੱਥ ਦੁਰਮਟ ਵਾਂਗ ਛਾਤੀ 'ਤੇ ਵੱਜਿਆ ਸੀ। ਢੋਲਕੀ ਵਾਂਗ 'ਧੰਮ੍ਹ' ਦੀ ਅਵਾਜ਼ ਆਈ ਸੀ।

-"ਯਾਰ ਆਪਣਾ ਹਰਦੇਵ ਸਿਉਂ ਐਂ ਨਾ-?"

-"ਆਹੋ...!"

-"ਉਹ ਜਰਮਨ ਤੋਂ ਆਇਐ, ਮੁੜ! ਤੇ ਹੁਣ ਮੈਂ ਵੀ ਕੋਈ ਬਾਹਰਲੀ ਕੁੜੀ ਦੇਖਦੈਂ, ਉਹਦੇ ਵਾਸਤੇ! ਚਾਹੇ ਕੋਈ ਲੂਲ੍ਹੀ ਲੰਗੜੀ ਈ ਮਿਲਜੇ! ਤੇਰੇ ਕੋਲੇ ਕਾਹਦਾ ਲਕੋਅ ਐ? ਜਰਮਨ 'ਚੋਂ ਬਾਹਵਾ ਪੈਸੇ ਪੂਸੇ ਭੇਜਦਾ ਰਿਹੈ ਬੱਤੀ ਸੁਲੱਖਣਾ-ਹੁਣ ਮੈਂ ਸੋਚਦੈਂ ਬਈ ਜੇ ਇਹਨੂੰ ਕੋਈ ਲੋੜਵੰਦ ਕੁੜੀ ਵੀ ਮਿਲਜੇ-ਇਹਦਾ ਜੁਗਾੜ ਸੈੱਟ ਹੋਜੇ-ਘਰ ਦੇ ਹਾਲਾਤਾਂ ਦਾ ਤੈਨੂੰ ਬਾਈ ਮੇਰਿਆ ਪਤਾ ਈ ਐ-ਹੋਰ ਦੱਸ ਮੈਂ ਤੈਨੂੰ ਕੀ ਆਖਾਂ? ਤੂੰ ਧਰਮ ਦਾ ਭਰਾ ਐਂ...!"

ਜੁਗਾੜ ਸਿਉਂ ਸੋਚਾਂ ਵਿਚ ਪੈ ਗਿਆ।

ਜਾਗਰ ਉਸ ਦੇ ਸਕੋੜ੍ਹੇ ਚਿਹਰੇ ਨੂੰ ਪਰਖਦਾ ਰਿਹਾ।

-"ਗੱਲ ਇਕ ਐ-!" ਉਸ ਨੇ ਜਾਗਰ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ।

-"ਬੋਲ...!"

-"ਆਪਾਂ ਸਾਰੇ ਧੀਆਂ ਭੈਣਾਂ ਆਲ਼ੇ ਐਂ, ਜਾਗਰਾ! ਆਖਣ ਨੂੰ ਕੀ ਕਹਿਣੈ? ਜਗਤਾ ਤਾਂ ਬਿਚਾਰਾ ਆਪ ਥਿੜਕਿਆ ਫਿਰਦੈ! ਉਹ ਤਾਂ ਇਹ ਚਾਹੁੰਦੈ ਬਈ ਮੇਰੀ ਬੂਹੇ ਬੈਠੀ ਧੀ ਨੂੰ ਕੋਈ ਵਸਾ ਲਵੇ-।"

-"ਨਾਲੇ ਗੱਲ ਹੋਰ ਐ, ਮੈਂ ਤੇਰੀ ਗੱਲ ਕੱਟਦੈਂ...।"

-"ਦੱਸ...?"

-"ਨਾਲੇ ਆਪਾਂ ਕਿਹੜਾ ਆਪਣੇ ਹਰਦੇਵ ਸਿਉਂ ਨੂੰ ਘੋੜ੍ਹੀ ਚਾੜ੍ਹਨੈਂ...? ਗੁਰਦੁਆਰੇ ਈ ਦੋ ਭੁਆਟਣੀਆਂ ਦੇ ਦੇਵਾਂਗੇ-ਦੋਨੋਂ ਧਿਰਾਂ ਖ਼ੁਸ਼! ਆਬਦਾ ਵਸਣ ਰਸਣ, ਮੌਜਾਂ ਕਰਨ! ਉਹਦੀ ਧੀ ਵਸਜੂ ਤੇ ਓਸ ਗੱਲ ਦੇ ਆਖਣ ਮਾਂਗੂੰ, ਆਪਣਾ ਮੁੰਡਾ ਕਿਸੇ ਤਣ ਪੱਤਣ ਲੱਗਜੂ-ਨਾਲੇ ਬਾਈ ਮੇਰਿਆ, ਪੀਰ ਖ਼ੁਸ਼ ਤੇ ਨਾਲੇ ਕਾਜੀ...!" ਜਾਗਰ ਦੇ ਮਨ ਨੂੰ ਸੰਤੁਸ਼ਟੀ ਸੀ ਕਿ ਉਸ ਦਾ ਤੀਰ ਬਿਲਕੁਲ ਨਿਸ਼ਾਨੇ 'ਤੇ ਹੀ ਵੱਜਿਆ ਸੀ।

-"......।" ਜੁਗਾੜ ਸਿਉਂ ਚੁੱਪ ਚਾਪ ਸੁਣ ਰਿਹਾ ਸੀ। ਜਾਗਰ ਨੂੰ ਉਸ ਦੀ ਚੁੱਪ ਤੋਂ ਭੈਅ ਆਇਆ।

-"ਤੂੰ ਗੁੱਗੂ ਈ ਹੋ ਗਿਆ? ਕੋਈ ਗੌਗਾ ਈ ਨ੍ਹੀ ਗੌਲ਼ਿਆ ਮੇਰੀ ਗੱਲ ਦਾ...!" ਜਾਗਰ ਨੇ ਉਸ ਦੀ ਚੁੱਪ ਤੋੜੀ।

-"ਗੱਲ ਇਹ ਐ-!"

-"......।" ਜਾਗਰ ਬੜੀ ਤੇਜ਼ੀ ਨਾਲ ਜੁਗਾੜ ਸਿਉਂ ਦੇ ਪ੍ਰੀਤਕਰਮ ਨੂੰ ਜਾਂਚ ਰਿਹਾ ਸੀ। ਜੁਗਾੜ ਸਿਉਂ ਵੱਲੋਂ ਆਉਣ ਵਾਲਾ ਬਿਆਨ ਉਸ ਦੇ ਹੌਲ ਪਾਈ ਜਾ ਰਿਹਾ ਸੀ ਕਿ ਪਤਾ ਨਹੀਂ ਕੀ ਆਖੂ?

-"ਇਹ ਗੱਲ ਚਲਾਉਨੈਂ, ਮੈਂ!"

-"ਤੇ ਹੋਰ ਬਾਬਾ ਬਖਤੌਰਾ ਚਲਾਊ? ਤੂੰ ਈ ਤਾਂ ਚਲਾਉਣੀ ਐਂ! ਆਬਦਾ ਕਰਕੇ ਤਾਂ ਮੈਂ ਤੇਰੇ ਕੋਲ਼ੇ ਦਿਲ ਫ਼ਰੋਲਿ਼ਐ।" ਜਾਗਰ ਨੇ ਆਪਣੇ ਵੱਲੋਂ ਪੂਰੀ ਅਪਣੱਤ ਜਤਾ ਕੇ ਜੁਗਾੜ ਸਿਉਂ ਨੂੰ ਚਿੱਤ ਕਰ ਦਿੱਤਾ।

-"ਓਹੀ ਤਾਂ ਤੈਨੂੰ ਮੈਂ ਆਖਦੈਂ! ਜਗਤਾ ਹੋਇਆ ਪਿਐ ਬਿਚਾਰਾ ਕਮਲ਼ਾ-ਨਾਲੇ ਤੈਨੂੰ ਚੰਗਾ ਭਲਾ ਪਤੈ, ਜਾਗਰਾ! ਬਈ ਅੱਧਖੜ੍ਹ ਧੀ ਛੇਤੀ ਕੀਤੇ ਕੌਣ ਘਰੇ ਵਸਾਉਂਦੈ? ਘਰੇ ਬੈਠੀ ਛੱਡੀ ਛਡਾਈ ਧੀ ਵਿਹੜੇ 'ਚ ਬੈਠੀ ਚਿਖ਼ਾ ਮਾਂਗੂੰ ਧੁਖ਼ੀ ਜਾਂਦੀ ਐ-ਧੀਆਂ ਭੈਣਾਂ ਦੇ ਦੁੱਖ ਦਾ ਤੈਨੂੰ ਪਤਾ ਈ ਐ-ਤੂੰ ਤੁਰਿਆ ਫਿ਼ਰਦਾ ਬੰਦੈਂ-ਪੁਲ਼ਸ 'ਚ ਨੌਕਰੀ ਕੀਤੀ ਐ-ਉਹਦੇ ਕੋਲ਼ੇ ਮੈਂ ਕੱਲ੍ਹ ਨੂੰ ਈ ਜਾਨੈਂ-ਤੂੰ ਮੇਰੇ ਕਿਰਾਏ ਭਾੜ੍ਹੇ ਦਾ ਬੰਦੋਬਸਤ ਕਰ।" ਉਸ ਨੇ ਆਪਣਾ ਪੱਲਾ ਦਿਖਾਇਆ। ਜੁਗਾੜ ਸਿਉਂ ਵੀ ਮੁਫ਼ਤੋ ਮੁਫ਼ਤੀ ਵਿਚ ਫ਼ਰਾਂ ਥੱਲੇ ਆਉਣ ਵਾਲਾ ਬੰਦਾ ਨਹੀਂ ਸੀ।

----

ਮਨ ਹੀ ਮਨ ਅੰਦਰ ਜਾਗਰ ਨੇ ਉਸ ਨੂੰ ਗਾਲ੍ਹ ਕੱਢੀ, "ਮੇਰਾ ਸਾਲ਼ਾ ਊਤ...! ਆ ਗਿਆ ਨ੍ਹਾਂ ਉਹਨਾਂ ਕਮੀਨੀਆਂ ਗੱਲਾਂ 'ਤੇ...?" ਪਰ ਉਹ ਮੂੰਹੋਂ ਚੁੱਪ ਅਤੇ ਮਨੋਂ ਸੰਤੁਸ਼ਟ ਸੀ। ਜਾਗਰ ਸਿਆਂ, ਅੱਗੇ ਤਿੰਨ ਲੱਖ ਏਜੰਟ ਨੂੰ ਵੀ ਝੋਕ ਹੀ ਦਿੱਤਾ ਸੀ...! ਜੇ ਇਹ ਬੋਕ ਪੰਜ-ਸੱਤ ਸੌ ਵਿਚੋਂ ਛਕ ਵੀ ਜਾਊ, ਕੀ ਫ਼ਰਕ ਪੈਂਦੈ...? ਅੱਜ ਕੱਲ੍ਹ ਤਾਂ ਪੈਸੇ ਬਿਨਾ ਬੰਦਾ ਰੱਬ ਨੂੰ ਮੱਥਾ ਨਹੀਂ ਟੇਕਦਾ...? ਜਾਗਰ ਸਿਆਂ, ਤੂੰ ਇਹਨੂੰ ਧੂਤੂ ਨੂੰ ਖ਼ੁਸ਼ ਰੱਖ...! ਇਹ ਤੈਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਚੈੱਕ ਬਣ ਕੇ ਮਿਲਿਐ...! ਤੂੰ ਇਹਨੂੰ ਨਾ ਹੱਥੋਂ ਗੁਆ ਲਵੀਂ...! ਬੈਲੀ ਬੰਦੇ ਪੈਸੇ ਬਿਨਾ ਸਿੱਧੇ ਰਾਗ ਨਹੀਂ ਗਾਉਂਦੇ...! ਇਹਦੇ ਅੱਗੇ ਕੋਈ ਸੁਰ ਕੱਢ...! ਕੋਈ ਤਾਲ ਵਜਾ...! ਸੱਪ ਨੂੰ ਫੜਨਾ ਹੋਵੇ, ਤਾਂ ਉਹਦੇ ਮੂਹਰੇ ਵੀ ਬੀਨ ਦੇ ਲਹਿਰੇ ਕੱਢਣੇ ਪੈਂਦੇ ਐ...! ਬੀਨ ਸੁਣ ਕੇ ਪਟੱਕ ਦੇਣੇ ਖੱਡ 'ਚੋਂ ਨਿਕਲ਼ ਆਉਂਦੈ...! ਨਹੀਂ ਜੋਰ ਲਾ ਲਵੋ, ਜਮਾਂ ਦਿਖਾਈ ਨ੍ਹੀ ਦਿੰਦਾ...! ਜਾਗਰ ਸਿਆਂ! ਜੇ ਬੋਤਾ "ਇੱਛ-ਇੱਛ" ਕਰੇ ਤੋਂ ਨਾ ਬੈਠੇ, ਤਾਂ ਉਹਦਾ ਕੀ ਵਿਗਾੜ ਲਈਏ...? ਬੋਤੇ ਨੂੰ ਫੜ ਕੇ ਤਾਂ ਮੂਧਾ ਪਾਉਣੋਂ ਰਹੇ...? ਤੂੰ ਇਹਦੇ ਮੂਹਰੇ ਧੂਫ਼ ਧੁਖ਼ਾਅ...! ਦੋਨੇਂ ਹੱਥ ਜੋੜ ਕੇ ਸਾਸਰੀਕਾਲ ਬੁਲਾ...! ਇਹਦਾ ਕਿਹਾ 'ਸਤਿ ਬਚਨ' ਕਰਕੇ ਮੰਨ...! ਜੇ ਭਗਵਾਨ ਰਾਮ ਨੂੰ ਪਾਉਣਾ ਹੋਵੇ, ਤਾਂ ਪਹਿਲਾਂ ਹਨੂੰਮਾਨ ਜੀ ਖ਼ੁਸ਼ ਕਰਨੇ ਪੈਂਦੇ ਐ...! ਜੇ ਜਗਤੇ ਨੂੰ ਆਨੇ ਆਲ਼ੀ ਥਾਂ 'ਤੇ ਲਿਆਉਣੈਂ, ਤਾਂ ਇਹਦੇ ਅੱਗੇ ਡੰਡਾਉਤਾਂ ਕੱਢਣੀਆਂ ਈ ਪੈਣਗੀਆਂ...! ਜਗਤੇ ਨਾਲ ਚਾਹੇ ਇਹ ਵੀਹ ਵਾਰੀ ਖਹਿਬੜਿਐ, ਪਰ ਪ੍ਰੇਮ ਦੋਹਾਂ ਦਾ ਓਨਾ ਈ ਐਂ...! ਭੀੜ ਪੈਣ 'ਤੇ ਭਰਿੰਡਾਂ ਮਾਂਗੂੰ 'ਕੱਠੇ ਹੋ ਜਾਂਦੇ ਐ...! ਦੁਖਦੇ ਸੁਖਦੇ ਟਿੱਚ ਬਟਣਾਂ ਮਾਂਗੂੰ ਜੁੜ ਜਾਂਦੇ ਐ...! ਇਹਦੇ ਨਾਲ ਸਲਾਹ ਕੀਤੀ ਬਿਨਾ ਜਗਤਾ ਕੁੜੀ ਜਮਾਂ ਨ੍ਹੀ ਤੋਰਦਾ...! ਤੂੰ ਇਕ ਵਾਰ ਇਹਨੂੰ ਕਿਸੇ ਨਿੱਗਰ ਕਿੱਲੇ ਨਾਲ ਨਰੜ...! ਮੁੜ ਕੇ ਆਪਾਂ ਇਹਨੂੰ ਕੀ ਦਬਾਲ਼ ਐਂ...? ਦਿਨ ਗਿਆ ਟਿਕਾਣੇ ਤੇ ਬਾਬੇ ਦਾ......ਜਾਣੇਂ! ਕੁੜੀਆਂ ਸਿੱਠਣੀਆਂ ਗਾਉਂਦੀਆਂ ਹੁੰਦੀਐਂ, ਕੁੜਮੋਂ ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ...! ਤੂੰ ਆਪਣੇ ਸੰਗਲ਼ 'ਚੋਂ ਇਹਦੇ ਆਲ਼ੀ ਕੜੀ ਨਾ ਕੱਢੀਂ...! ਸਾਰਾ ਸੰਗਲ਼ ਈ ਨਿਕਾਰਾ ਹੋਜੂ...! ਇਹਨੂੰ ਤਾਂ ਅਜੇ ਮੋਟੀ, ਸੁਹਾਗੇ ਆਲ਼ੀ ਚਾਲ ਵਰਤਣੈਂ...!

----

ਉਸ ਦਾ ਮਨ ਉਸ ਨੂੰ ਬਹਿਵਤਾਂ ਦੇਈ ਜਾ ਰਿਹਾ ਸੀ!

-"ਤੂੰ ਕਿਰਾਏ ਭਾੜ੍ਹੇ ਤੇ ਖਰਚੇ ਬਰਚੇ ਦੀ ਕਾਹਦੀ ਚਿੰਤਾ ਕਰਦੈਂ? ਤੇਰੇ ਤੋਂ ਬਾਈ ਜੁਗਾੜ ਸਿਆਂ, ਆਪਣੀ ਜਿੰਦ ਲੁਟਾਦੀਏ...!" ਜਾਗਰ ਨੇ ਉਸ ਨੂੰ ਤਸੱਲੀ ਕਰਵਾਈ। ਉਸ ਦੇ ਮਨ ਨੇ ਫਿਰ ਉਸ ਨੂੰ ਤਿੱਖੀਆਂ ਨਸੀਹਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਾਗਰ ਸਿਆਂ...! ਜੇ ਰੱਬ ਤੋਂ ਕੁਛ ਲੈਣਾ ਹੋਵੇ, ਤਾਂ ਵੀ ਬਾਈ ਸਿਆਂ, ਕੋਈ ਸੁੱਖ ਸੁੱਖਣੀਂ ਪੈਂਦੀ ਐ...! ਤੂੰ ਇਹਤੋਂ ਦੁਨੀਆਂ ਦੇ ਚੋਰ ਤੋਂ ਮੁਖ਼ਤੀ ਕੰਮ ਭਾਲਦੈਂ...? ਇਹਦਾ ਤਾਂ ਇਕ ਤਰ੍ਹਾਂ ਤੇਰੇ ਘਰ 'ਤੇ ਹੁਣ ਦਾਅ ਲੱਗਿਐ...। ਪਰ ਜੇ ਚਾਰ ਪੈਸੇ ਖਰਚਾ ਕਰਕੇ ਵੀ ਕੰਮ ਰਾਸ ਆਜੇ? ਇਹਦੇ ਨਾਲ ਦੀ ਵੀ ਰੀਸ ਨ੍ਹੀ...! ਤੂੰ ਵੀ ਪੁਲ਼ਸ ਆਲ਼ੀਆਂ ਨੀਤੀਆਂ ਵਰਤਣ ਲੱਗ ਪਿਆ...! ਜਾਗਰ ਸਿਆਂ, ਉਹ ਪੁਲਸ ਦੀ ਨੌਕਰੀ ਆਲ਼ਾ ਸਮਾਂ ਹੁਣ ਕਿਤੇ ਦੂਰ ਗਿਆ...! ਹੁਣ ਲੈਣ ਦਾ ਨਹੀਂ, ਦੇਣ ਦਾ ਮੌਸਮ ਆ ਗਿਆ, ਬਾਈ ਸਿਆਂ...! ਇਹਨੂੰ ਤੇ ਜਗਤੇ ਨੂੰ ਪਹਿਲਾਂ ਮੈਂ ਕਿਹੜਾ ਘੱਟ ਮੁੰਨਿਐਂ? ਬਥੇਰੀ ਛਿੱਲ ਪੱਟੀ ਇਹਨਾਂ ਵਿਚਾਰਿਆਂ ਦੀ ਵੀ...! ਠਾਣੇਦਾਰਾਂ ਦਾ ਵੇਰਵਾ ਪਾ ਕੇ ਬਥੇਰੀ ਲੁੱਪਰੀ ਲਾਹੀ...! ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ...! ਇਹ ਇਕ ਦੁਨਿਆਵੀ ਦਸਤੂਰ ਐ...! ਗਲਤੀ ਕੀਤੀ, ਜਗਤੇ ਨਾਲ ਜਾ ਕੇ ਸਿੱਧੀ ਗੱਲ ਈ ਕਰ ਲੈਣੀਂ ਸੀ...। ਇਹਨੂੰ ਬਿੱਜੂ ਨੂੰ ਕਾਹਤੋਂ ਵੇਰਵਾ ਪਾਇਆ...? ਪਰ ਗਈ ਨੂੰ ਘੋੜ੍ਹੇ ਨਹੀਂ ਮਿਲ਼ਦੇ...! ਹੁਣ ਜੇ ਤੂੰ ਇਹਦੇ ਕੋਲ਼ੇ ਬਾਤ ਪਾ ਈ ਦਿੱਤੀ...। ਹੁਣ ਚਾਰ ਪੈਸਿਆਂ ਖਾਤਰ ਇਹਦੇ ਨਾਲ ਨਾ ਵਿਗਾੜ...। ਫੇਰ ਵੀ ਦੁਖਦੇ ਸੁਖਦੇ ਕੰਮ ਆਉਣ ਆਲ਼ਾ ਬੰਦੈ...! ਜੇ ਉਖਲ਼ੀ 'ਚ ਸਿਰ ਈ ਦੇ ਦਿੱਤਾ, ਤਾਂ ਹੁਣ ਮੂੰਗਲਿ਼ਆਂ ਤੋਂ ਨਾ ਝਿਜਕ...! ਇਹਦੇ ਕਤੀੜ੍ਹ ਦੇ ਪੰਜ ਸੱਤ ਸੌ ਪੱਲੇ ਪਾਅ, ਤੇ ਸਿਆਸਤ ਨਾਲ ਕੰਮ ਕੱਢ...! ਅੱਜ ਕੱਲ੍ਹ ਦੁਨੀਆਂ ਦਲੀਲ ਦੀ ਐ...! ਜੇ ਥੋਡੇ ਕੋਲ਼ੇ ਦਲੀਲ ਐ, ਸਾਰੇ ਜਹਾਨ ਨੂੰ ਵੱਢ ਕੇ ਖਾ ਜਾਓ, ਕੋਈ ਨ੍ਹੀ ਪੁੱਛਦਾ...! ਦੁਨੀਆਂ ਬਾਗੋਬਾਗ...! ਮੰਤਰੀ ਦਲੀਲਾਂ ਨਾਲ ਈ ਜਨਤਾ ਨੂੰ ਲੁਟਦੇ ਤੇ ਛਕਦੇ ਐ...! ਹੋਰ ਉਹ ਘਰੋਂ ਖਾਣ ਤਾਂ ਗਿੱਝੇ ਈ ਨ੍ਹੀ, ਮੰਨੋਂ ਦੇ ਜਾਣੇ...! ਦੇਖਲਾ ਕਮਲ਼ੀ ਦੁਨੀਆਂ, ਨਾਲੇ ਪੱਲਿਓਂ ਖੁਆਉਂਦੀ ਐ ਤੇ ਨਾਲੇ ਪੈਰਾਂ ਹੇਠ ਹੱਥ ਦਿੰਦੀ ਐ...! ਜੁੱਲ ਕੰਧੋਲ਼ੇ ਮੌਜਾਂ ਮਾਨਣ, ਆਕੜ ਪਾਲ਼ੇ ਮਰਦੀ ਐ...! ਜੇ ਥੋਡੇ ਕੋਲ਼ੇ ਦਲੀਲ ਈ ਹੈਨ੍ਹੀ, ਤਾਂ ਥੋਨੂੰ ਕੋਈ ਕੰਜਰ ਨ੍ਹੀ ਪੁੱਛਦਾ, ਡੰਡਿਆਂ ਨੂੰ ਥਾਂ ਬਾਧੂ ਦਾ...! ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ...? ਗਿੱਲੀ ਤਾਂ ਮਾੜੀ ਮੋਟੀ ਹੋਣੀਂ ਈ ਹੋਣੀਂ ਐਂ...! ਇਹ ਤੇਰੇ ਕੋਲੇ ਕਿਸੇ ਕੰਮ ਈ ਆਇਆ ਹੋਣੈਂ...! ਊਂ ਇਹ ਹਰੜਬੋਕ ਜਮਾਂ ਨ੍ਹੀ ਆਉਂਦਾ...! ਇਹਨੂੰ ਹਰਾਮਜ਼ਾਦੇ ਨੂੰ ਲੋਕਾਂ ਦੀਆਂ ਕੰਧਾਂ ਕੌਲਿ਼ਆਂ 'ਤੇ ਲੱਤ ਚੱਕ ਕੇ ਮੂਤਣ ਦੀ ਬੁਰੀ ਬਾਣ ਐਂ...! ਖਾਲੀ ਹੱਥ ਇਹ ਜਮਾਂ ਨ੍ਹੀ ਜਾਂਦਾ...! ਤੂੰ ਇਹਦੀ ਜੇਬ 'ਚ ਮਾੜੀ ਮੋਟੀ ਰੌਣਕ ਲਾ ਕੇ, ਇਹਨੂੰ ਵੱਸ 'ਚ ਕਰ...! ਜੀਹਦੇ ਆਬਦੇ ਜੁਆਕ ਨ੍ਹੀ ਕੁਛ ਲੱਗਦੇ, ਉਹਦਾ ਹੋਰ ਕੌਣ ਕੁਛ ਲੱਗਦੈ...? ਜਿਹੜਾ ਆਬਦੇ ਜੁਆਕਾਂ ਦੀ ਬਾਤ ਨ੍ਹੀ ਪੁੱਛਦਾ, ਉਹ ਤੇਰਾ ਕੰਮ ਮੁਖ਼ਤੀ ਕਿਵੇਂ ਕਰੂ...? ਬੈਲੀ ਬੰਦੇ ਤੇ ਠਾਣੇਦਾਰ ਨਾਲ ਕਦੇ ਨਾ ਵਿਗੜੋ...! ਵਡਿਆਏ ਤੇ ਵੱਸ 'ਚ ਕੀਤੇ ਵੀਹ ਕੰਮ ਦੇਣਗੇ...! ਜੇ ਵਿਗੜ ਗਏ...? ਖਸਮਾਂ ਨੂੰ ਖਾਣੇਂ ਨਿਰੀ ਪਰੇਸ਼ਾਨੀ ਦਾ ਘਰ...!

-"ਤੇਰੇ ਬੈਠੇ ਤੋਂ ਮੈਨੂੰ ਕਿਰਾਏ ਭਾੜ੍ਹੇ ਦੀ ਕਾਹਦੀ ਚਿੰਤਾ ਹੋਣੀ ਐਂ? ਤੂੰ ਮੇਰਾ ਕੰਮ ਸਾਰ ਬਾਈ...! ਤੇ ਮੈਂ ਤਾਂ ਗੱਲ ਬਿੱਜੜੇ ਆਲ੍ਹਣੇਂ ਮਾਂਗੂੰ ਚਿਣਦੂੰ!" ਜੁਗਾੜ ਸਿਉਂ ਤੋਤਲਾ ਬੋਲਿਆ। ਨਸ਼ੇ ਵਿਚ ਉਸ ਦੀਆਂ ਅੱਖਾਂ ਲਾਲ ਗੇਰੂ ਹੋ ਗਈਆਂ ਸਨ। ਰੱਤ ਚੋਂਦੀ ਲੱਗਦੀ ਸੀ। ਜਾਗਰ ਸਿੰਘ ਉਸ ਦੇ ਕਹਿਣ 'ਤੇ ਮਨ ਵਿਚ ਹੱਸ ਪਿਆ, "ਮੇਰੇ ਬੈਠੇ ਤੋਂ ਚਿੰਤਾ, ਸਾਲ਼ਿਆ ਕੁੱਤਿਆਂ ਦਿਆ, ਮੈਂ ਤੇਰਾ ਬਾਪੂ ਲੱਗਦੈਂ?" ਪਰ ਜਾਗਰ ਮੂੰਹੋਂ ਚੁੱਪ ਸੀ। ਪੁਲ਼ਸੀਆ ਸੁਭਾਅ ਦਾ ਹੋਣ ਦੇ ਬਾਵਜੂਦ ਵੀ ਉਹ ਬੜੀ ਸਮਾਈ ਤੋਂ ਕੰਮ ਲੈ ਰਿਹਾ ਸੀ।

-"ਇਹ ਗੱਲ ਜਿੰਨਾਂ ਚਿਰ ਸਿਰੇ ਨ੍ਹੀ ਲੱਗਦੀ-ਆਪਣੇ ਦੋਨਾਂ ਭਰਾਵਾਂ 'ਚ ਈ ਰਹੇ!" ਜਾਗਰ ਨੇ ਕੰਮ ਕੀਤੇ। ਉਸ ਨੂੰ ਸਹੇ ਨਾਲੋਂ ਪਹੇ ਦਾ ਫਿ਼ਕਰ ਜਿ਼ਆਦਾ ਵੱਢ-ਵੱਢ ਖਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਵਲਾਇਤ ਤੋਂ ਆਈ ਕੁੜੀ, ਜੇ ਕਿਸੇ ਨੂੰ ਪਤਾ ਲੱਗ ਗਿਆ, ਕਿਤੇ ਹਰਦੇਵ ਸਿਉਂ ਵਾਲ਼ਾ ਕੰਮ ਵਿਚ ਹੀ ਨਾ ਰਹਿ ਜਾਵੇ! ਦੁਨੀਆਂ ਤਾਂ ਵਲਾਇਤ ਪਿੱਛੇ ਹਲ਼ਕੀ ਫਿਰਦੀ ਐ! ਕੁੜੀ ਚਾਹੇ ਚਾਲ਼ੀਆਂ ਸਾਲਾਂ ਦੀ ਐ। ਜੇ ਕੋਈ ਬੁੜ੍ਹੀ ਵੀ ਹੁੰਦੀ, ਲੋਕ ਉਸ ਦੇ ਮਗਰ ਲਾਲ਼ਾਂ ਸੁੱਟਦੇ ਤੁਰੇ ਫਿਰਦੇ! ਵਲਾਇਤ ਦਾ ਨਾਂ ਹੀ ਵੱਡੈ! ਨਿੱਤ ਸੁਣੀਂ ਪੜ੍ਹੀਦਾ ਐ, ਫ਼ਲਾਨੇ ਪਿੰਡ ਦਾ ਵਲੈਤੀਆ ਆਪ ਤੋਂ ਅੱਧੀ ਉਮਰ ਦੀ ਵਿਆਹ ਕੇ ਲੈ ਗਿਆ। ਫ਼ਲਾਨੇ ਪਿੰਡ ਦੇ ਪ੍ਰੀਵਾਰ ਨੇ ਕੈਨੇਡਾ ਕੁੜੀ ਵਿਆਹੁੰਣ ਖਾਤਰ ਪੰਜਾਹ ਲੱਖ ਰੁਪਈਆ ਦਾਜ ਦਿੱਤਾ। ਕਾਹਦੇ ਲਈ? ਬਈ ਸਾਰਾ ਟੱਬਰ ਕੈਨੇਡਾ ਚਲਿਆ ਜਾਊ! ਸੱਠ ਸੱਠ ਸਾਲਾਂ ਦੇ ਕੰਜਰ ਬੁੱਢੇ ਪੱਚੀ-ਪੱਚੀ ਸਾਲਾਂ ਦੀਆਂ ਵਿਆਹ-ਵਿਆਹ ਲਈ ਜਾਂਦੇ ਐ। ਜੇ ਸਾਡੇ ਆਲ਼ਾ ਹਰਦੇਵ ਸਿਉਂ ਵੱਡੀ ਉਮਰ ਦੀ ਵਲਾਇਤਣ ਨਾਲ ਨਰੜਾਅ ਕਰ ਲਊ, ਕਿਹੜੀ ਪਰਲੋਂ ਆ ਚੱਲੀ ਐ? ਟੱਬਰ ਤਾਂ ਰੱਜ ਕੇ ਖਾਊ! ਉਹ ਉਧੇੜਬੁਣ ਵਿਚ ਫ਼ਸਿਆ, ਸੋਚੀ ਜਾ ਰਿਹਾ ਸੀ!

-"ਜਾਗਰਾ, ਬਾਈ ਤੂੰ ਮੈਨੂੰ ਕਿਤੇ ਜਾਣਦਾ ਨ੍ਹੀ?" ਸ਼ਰਾਬੀ ਹੋਏ ਜੁਗਾੜ ਸਿਉਂ ਦੀ ਜ਼ੁਬਾਨ ਮੂੰਹ ਅੰਦਰ 'ਡੱਕ-ਡੱਕ' ਵੱਜਣ ਲੱਗ ਪਈ ਸੀ। ਭੂਸਰ ਕੇ ਖ਼ੁਰਗੋ ਪੱਟਦੇ ਸਾਹਣ ਵਾਂਗ ਉਸ ਦੀਆਂ ਅੱਖਾਂ ਪੁੱਠੀਆਂ ਹੋ ਗਈਆਂ ਸਨ।

-"ਮੈਂ ਤਾਂ ਬਾਈ ਜਾਗਰਾ ਕੱਚ ਹਜਮ ਕਰਜਾਂ, ਕੱਚ! ਤੂੰ ਤਾਂ ਮੈਨੂੰ ਜਾਣਦਾ ਈ ਐਂ! ਭੁੱਲਿਐਂ ਤੂੰ ਮੈਨੂੰ? ਨਿੱਤ ਤਾਂ ਤੇਰੇ ਕੋਲ਼ੇ ਹਵਾਲਾਟ 'ਚ ਰਾਤਾਂ ਕੱਟੀਦੀਆਂ ਸੀ? ਛਿੱਤਰ ਖਾਈਦੇ ਸੀ! ਦੇਖਲਾ, ਕਿੰਨਾ ਕਿੰਨਾ ਮਾਲ ਖਪਾ ਕੇ ਕਦੇ ਭਿਣਕ ਨ੍ਹੀ ਸੀ ਨਿਕਲਣ ਦਿੱਤੀ! ਨਿਕਲਣ ਕੀ ਦੇਣੀ ਸੀ? ਇਕ ਆਰੀ ਉਹ ਥਥਲ਼ਾ ਠਾਣੇਦਾਰ ਨ੍ਹੀ ਸੀ ਮੇਰੇ ਬਾਦ ਪੈ ਗਿਆ? ਅਖੇ ਭਗਤੇ ਭਾਈ ਕੇ ਆਲ਼ਾ ਮਾਲ ਤੂੰ ਐਧਰ ਓਧਰ ਕੀਤੈ! ਮੈਂ ਵੀ ਅੱਗਿਓਂ ਆਕੜ ਪਿਆ, ਬਈ ਜੇ ਕੀਤੈ ਤਾਂ ਕੀਤਾ ਸਹੀ, ਤੂੰ ਮੇਰਾ... ਫੜਨੈਂ? ਫੇਰ, ਤੇਰੇ ਸਾਹਮਣੇ ਈ ਐ? ਜੋਰ ਲਾ ਲਿਆ ਕੁੱਟ ਕੇ-ਆਪਾਂ ਨ੍ਹੀ ਜ੍ਹਮਕੇ-ਤੇਰੇ ਮੂਹਰੇ ਮੈਂ ਗੰਦੀਆਂ ਗਾਲਾਂ ਕੱਢਦਾ ਰਿਹੈਂ ਠਾਣੇਦਾਰ ਨੂੰ-ਬਈ ਜਿਹੜਾ ਮੈਨੂੰ ਸਕੀ ਦਾ ਸਾਕ ਦੇਣਾ ਹੋਇਆ, ਦੇ ਲਈਂ-ਮਾਲ ਮੇਰੇ ਕੋਲ਼ੇ ਕੋਈ ਨ੍ਹੀ! ਜਿਹੜਾ ਹੁਣ ਤੂੰ ਜੋਰ ਲਾਉਣੈਂ, ਲਾ ਕੇ ਹਟੀਂ! ਬੱਸ, ਭੈਣ ਚੋਦ ਆਪੇ ਹੰਭ ਹਫ਼ ਕੇ ਹਟ ਗਿਆ! ਹੋਰ, ਤੇਰੇ ਆਲ਼ੀ ਗੱਲ ਤਾਂ ਮੈਂ ਕੀਹਦੇ ਕੋਲ਼ੇ ਕਰਨੀ ਸੀ! ਤੂੰ ਇਹ ਚਿੰਤਾ ਬਾਈ ਜਾਗਰਾ ਦਿਲੋਂ ਨਵਿਰਤ ਕਰ! ਮੈਂ ਤੇਰਾ ਭਰਾ ਐਂ ਕੋਈ ਦੁਸ਼ਮਣ ਤਾਂ ਨ੍ਹੀ? ਤੈਨੂੰ ਮੇਰੇ 'ਤੇ ਕੋਈ 'ਤਬਾਰ ਈ ਨ੍ਹੀ, ਬਾਈ?" ਬੱਕੜਵਾਹ ਕਰਦੇ ਅਤੇ ਆਪਣੇ 'ਗੁਣ' ਗਾਉਂਦੇ ਜੁਗਾੜ ਸਿਉਂ ਨੇ ਆਖਰ ਰੋਣਾ ਸ਼ੁਰੂ ਕਰ ਦਿੱਤਾ। ਜਾਗਰ ਉਸ ਨੂੰ ਥਾਪੜਦਾ ਰਿਹਾ। ਹੁਣ ਜਾਗਰ ਨੂੰ ਤਸੱਲੀ ਸੀ।

----

ਉਸ ਰਾਤ ਜੁਗਾੜ ਸਿਉਂ ਜਾਗਰ ਕੋਲ਼ ਹੀ ਰਿਹਾ। ਜਾਗਰ ਨੇ ਹਰਦੇਵ ਨੂੰ ਕਹਿ ਕੇ ਇਕ ਮੰਜਾ ਬਿਸਤਰਾ ਖੇਤ ਹੀ ਮੰਗਵਾ ਲਿਆ ਸੀ। ਜੁਗਾੜ ਸਿਉਂ ਦੇ ਡਰਾਉਣੇ ਘਰਾੜ੍ਹੇ ਸੁਣ ਕੇ ਜਾਗਰ ਦੀ ਡਰਾਕਲ਼ ਗਾਂ ਤ੍ਰਭਕ-ਤ੍ਰਭਕ ਉਠਦੀ ਰਹੀ ਸੀ। ਜਾਗਰ ਨੂੰ ਗਾਂ ਦੇ ਰੱਸੇ ਦਾ ਫ਼ਿਕਰ ਖਾਈ ਗਿਆ ਸੀ ਕਿ ਕਿਤੇ ਤੁੜਾ ਨਾ ਜਾਵੇ!

ਸਵੇਰੇ ਜਾਗਰ ਨੇ ਉਸ ਨੂੰ ਪੰਜ ਸੌ ਰੁਪਈਆ ਦੇ ਕੇ ਜਗਤੇ ਵੱਲ ਨੂੰ ਵਿਦਾਅ ਕਰ ਦਿੱਤਾ। ਤੁਰਦਾ ਤੁਰਦਾ ਜੁਗਾੜ ਸਿਉਂ ਸਵੇਰੇ ਸਾਝਰੇ ਵੀ ਦੋ ਪੈੱਗ ਸੜ੍ਹਾਕ ਗਿਆ ਸੀ।

-"ਯਾਰ ਰਾਤ ਦੀ ਪੀਤੀ ਕਰਕੇ ਸਾਲ਼ਾ ਦਿਲ ਘਾਊਂ ਮਾਊਂ ਜਿਆ ਹੋਈ ਜਾਂਦੈ।" ਉਹ ਉਤਨਾ ਚਿਰ ਆਖਣੋਂ ਨਹੀਂ ਹਟਿਆ, ਜਿੰਨਾਂ ਚਿਰ ਜਾਗਰ ਨੇ ਉਸ ਦੇ ਸਾਹਮਣੇ ਬੋਤਲ ਨਹੀਂ ਲਿਆ ਰੱਖੀ ਸੀ। ਮੰਗ ਕੇ ਪੀਣੀ ਜੁਗਾੜ ਸਿਉਂ ਇਕ ਤਰ੍ਹਾਂ ਨਾਲ ਗੁਨਾਹ ਸਮਝਦਾ ਸੀ।

********************

ਅੱਠਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ..ਸ਼ੁਕਰੀਆ।