----
ਉਸ ਨੇ ਮਕਾਨ ਲੈਣ ਵਾਲ਼ਾ ਕੌੜਾ ਘੁੱਟ ਭਰਨਾ ਹੀ ਬਿਹਤਰ ਸਮਝਿਆ। ਜੇ ਘਰੇ ਹੀ ਸ਼ਾਂਤੀ ਨਹੀਂ ਸੀ, ਤਾਂ ਕਿੱਥੇ ਚੁੱਕ ਕੇ ਲੈ ਜਾਣਾ ਸੀ ਪੈਸਾ? ਜਿਹੜੇ ਪੈਸੇ ਉਹਦੇ ਕੋਲ਼ ਪਏ ਸਨ। ਉਹ ਉਸ ਨੇ ਡਿਪੌਜ਼ਿਟ ਦੇ ਦਿੱਤੇ ਅਤੇ ਦੋ ਲੱਖ ਪੌਂਡ ਦਾ ਮਕਾਨ ਲੈ ਲਿਆ। ਤਿੰਨ ਕਮਰਿਆਂ ਦਾ ਮਕਾਨ। ਬੇਸਮੈਂਟ ਦਾ ਕਿਰਾਇਆ ਉਹ ਸਿਰਫ਼ ਤਿੰਨ ਸੌ ਪੌਂਡ ਮਹੀਨਾ ਦਿੰਦਾ ਸੀ। ਪਰ ਹੁਣ ਉਸ ਨੂੰ ਸਾਢੇ ਅੱਠ ਸੌ ਪੌਂਡ ਮਹੀਨੇ ਦੀ ਮੌਰਗੇਜ ਭਰਨੀ ਪੈਂਦੀ ਅਤੇ ਇਕ ਸੌ ਦਸ ਪੌਂਡ ਕੌਂਸਲ ਟੈਕਸ...! ਇਕ ਤਰ੍ਹਾਂ ਨਾਲ ਹਜ਼ਾਰ ਪੌਂਡ ਸਿੱਧਾ ਹੀ ਚੰਡੋਲ 'ਤੇ ਚੜ੍ਹ ਜਾਂਦਾ। ਦੀਪ ਦਾ ਖਰਚਾ ਵੀ ਸ਼ਾਹੀ ਸੀ। ਸ਼ਾਹੀ ਕੀ...? ਅੰਨ੍ਹਾਂ ਖਰਚਾ ਸੀ...! ਹਰਦੇਵ ਦਿਨ ਰਾਤ ਕੰਮ ਕਰਦਾ ਅਤੇ ਐਤਵਾਰ ਨੂੰ ਉਹ ਸਿਰਫ਼ ਇਕ ਦਿਨ ਹੀ ਵਿਹਲਾ ਹੁੰਦਾ ਅਤੇ ਦੀਪ ਨੂੰ ਤੋਰਨ ਫੇਰਨ ਲੈ ਜਾਂਦਾ। ਉਹ ਸਾਰਾ ਦਿਨ ਬਾਹਰ ਹੀ ਬਿਤਾਉਂਦੇ। ਦੀਪ ਅਨੁਸਾਰ ਉਹ 'ਪਿਕਨਿਕ' ਮਨਾਉਂਦੇ ਸਨ। ਪਰ ਹਰਦੇਵ ਦੇ ਭਾਅ ਦੀ ਤਾਂ ਕੁਰਕੀ ਹੋ ਰਹੀ ਸੀ। ਬੱਕਰੇ ਦੀ ਜਾਨ ਜਾ ਰਹੀ ਸੀ। ਪਰ ਖਾਣ ਵਾਲ਼ੇ ਨੂੰ ਸੁਆਦ ਨਹੀਂ ਆ ਰਿਹਾ ਸੀ। ਉਹ ਪਲ-ਪਲ, ਕਤਰਾ-ਕਤਰਾ ਹੋ ਕੇ ਮਰ ਰਿਹਾ ਸੀ। ਦੀਪ ਨਾਲ਼ ਵਿਆਹ ਕਰਵਾ ਕੇ ਉਸ ਦੇ ਗਲ਼ ਵਿਚ ਗਲ਼ਘੋਟੂ ਫ਼ਸ ਗਿਆ ਸੀ। ਨਾ ਉਸ ਨੂੰ ਅੰਦਰ ਲੰਘਾ ਸਕਦਾ ਸੀ ਅਤੇ ਅਤੇ ਨਾ ਹੀ ਬਾਹਰ ਖਿੱਚ ਸਕਦਾ ਸੀ। ਉਸ ਦੀ ਹਾਲਤ ਤਰਸਯੋਗ ਬਣੀ ਪਈ ਸੀ। ਦੀਪ ਪੈਸੇ ਦੀ ਪ੍ਰਵਾਹ ਹੀ ਨਹੀਂ ਕਰਦੀ ਸੀ! ਉਹ ਪੈਸਾ ਖਰਚਦੀ ਨਹੀਂ, ਉਡਾਉਂਦੀ ਸੀ...!
----
ਰੋਟੀ ਦੀਪ ਪਕਾ ਕੇ ਰਾਜ਼ੀ ਨਹੀਂ ਸੀ। ਨਾ ਹੀ ਉਸ ਨੂੰ ਰੋਟੀ ਪਕਾਉਣੀ ਹੀ ਆਉਂਦੀ ਸੀ। ਜੇ ਹਰਦੇਵ ਉਸ ਨੂੰ ਦਾਲ ਸਬਜ਼ੀ ਬਣਾਉਣੀ ਜਾਂ ਰੋਟੀ ਪਕਾਉਣੀ ਸਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ, "ਆਈ ਡੋਂਟ ਕੇਅਰ...!" ਆਖ ਕੇ ਹਰਦੇਵ ਨੂੰ ਮੂਰਖ ਸਮਝ ਕੇ ਹੱਸਦੀ। ਉਸ ਨੂੰ ਰੋਟੀ ਪਕਾਉਣ ਦਾ ਕੋਈ ਚਾਅ ਨਹੀਂ ਸੀ, ਜਾਂ ਇਰਾਦਾ ਹੀ ਨਹੀਂ ਸੀ। ਉਹ ਤਾਂ ਐਸ਼ ਕਰਨ ਵਾਸਤੇ ਪੈਦਾ ਹੋਈ ਸੀ ਅਤੇ ਉਸ ਨੇ ਐਸ਼ ਹੀ ਕਰਨੀ ਸੀ। ਜਾਂ ਤਾਂ ਉਹਨਾਂ ਨੂੰ 'ਟੇਕ-ਅਵੇ' ਵਾਲ਼ਿਆਂ ਤੋਂ ਰੋਟੀ ਮੰਗਵਾਉਣੀ ਪੈਂਦੀ ਅਤੇ ਜਾਂ ਦੀਪ ਕਿਸੇ ਰੈਸਟੋਰੈਂਟ ਵਿਚ ਖਾਣਾ, ਖਾਣਾ ਪਸੰਦ ਕਰਦੀ। ਆਰਥਿਕ ਪੱਖੋਂ ਹਰਦੇਵ ਦੀ ਦਿਨੋ ਦਿਨ ਬੱਸ ਹੁੰਦੀ ਜਾ ਰਹੀ ਸੀ। ਪਰ ਦੀਪ ਮੋਢਿਆਂ ਉਤੋਂ ਦੀ ਥੁੱਕਣ ਦੀ ਆਦੀ ਸੀ।
----
ਜਦੋਂ ਹਰਦੇਵ ਕੰਮ 'ਤੇ ਚਲਾ ਜਾਂਦਾ ਤਾਂ ਦੀਪ ਫ਼ੋਨ ਨੂੰ ਹੀ ਚਿੰਬੜੀ ਰਹਿੰਦੀ। ਕਿਸ ਨਾਲ਼ ਗੱਲ ਕਰਦੀ ਸੀ...? ਇਸ ਦਾ ਹਰਦੇਵ ਨੂੰ ਕੋਈ ਪਤਾ ਨਹੀਂ ਸੀ! ਹਰਦੇਵ ਹੀ 'ਹੂਵਰ' ਕਰਦਾ। ਹਰਦੇਵ ਹੀ ਘਰ ਦੀ ਸਫ਼ਾਈ ਕਰਦਾ। ਹਰਦੇਵ ਹੀ ਭਾਂਡੇ ਧੋਂਦਾ। ਹਰਦੇਵ ਹੀ 'ਰੱਬਿਸ਼' ਬਾਹਰ ਰੱਖਦਾ। ਹਰਦੇਵ ਹੀ ਖ਼ਰੀਦਾ ਫ਼ਰੋਖ਼ਤੀ ਕਰ ਕੇ ਲਿਆਉਂਦਾ। ਹੁਣ ਕੰਮ ਵੀ ਹਰਦੇਵ ਨੂੰ ਦੇਹ ਤੋੜ ਕੇ ਕਰਨਾ ਪੈਂਦਾ ਸੀ। ਉਸ ਨੂੰ ਸਾਰੇ ਖਰਚੇ ਹੀ ਢਕਣੇ ਪੈਂਦੇ। ਕੋਈ ਬਾਹਰਲੀ 'ਜੌਬ' ਤਾਂ ਉਸ ਨੇ ਕੀ ਸੁਆਹ ਕਰਨੀ ਸੀ? ਉਹ ਤਾਂ ਘਰਦੇ ਭਾਂਡੇ ਧੋ ਕੇ ਰਾਜੀ ਨਹੀਂ ਸੀ। ਹੱਥ ਹਿਲਾ ਕੇ ਰਾਜ਼ੀ ਨਹੀਂ ਸੀ। ਹਰਦੇਵ ਦੇ ਨੱਕ ਵਿਚ ਦਮ ਆਇਆ ਪਿਆ ਸੀ। ਉਸ ਲਈ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਕਿਸੇ ਪਾਸੇ ਭੱਜਣ ਨੂੰ ਰਸਤਾ ਨਹੀਂ ਲੱਭਦਾ ਸੀ।
----
ਇਕ ਦਿਨ ਜਦ ਹਰਦੇਵ ਰਾਤ ਨੂੰ ਨੌਂ ਵਜੇ ਕੰਮ ਤੋਂ ਆਇਆ, ਤਾਂ ਕਾਫ਼ੀ ਡਾਕ ਆਈ ਪਈ ਸੀ। ਠੰਢ ਦੇ ਦਿਨ ਸਨ। ਥੱਕ ਕੇ ਚੂਰ ਹੋਏ ਹਰਦੇਵ ਨੇ ਬੋਤਲ ਖੋਲ੍ਹ ਕੇ ਡਾਕ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦ ਉਸ ਨੇ ਟੈਲੀਫ਼ੋਨ ਦਾ ਬਿੱਲ ਦੇਖਿਆ ਤਾਂ ਉਸ ਦੇ ਹੋਸ਼ ਉਡ ਗਏ! ਸਿਰ ਨੂੰ ਘੁੰਮੇਰ ਚੜ੍ਹੀ! ਸਰੀਰ ਵਿਚ ਝਰਨਾਹਟ ਛਿੜ ਗਈ। ਟੈਲੀਫ਼ੋਨ ਦਾ ਬਿੱਲ ਗਿਆਰਾਂ ਸੌ ਪੌਂਡ ਦਾ ਆਇਆ ਪਿਆ ਸੀ! ਉਸ ਦਾ ਪੀਤਾ ਪੈੱਗ ਵੀ ਗੇੜਾ ਦੇ ਕੇ ਲਹਿ ਗਿਆ। ਉਸ ਨੇ ਬਿੱਲ ਦੇ ਅਗਲੇ ਪੰਨੇ ਤੋਂ ਟੈਲੀਫ਼ੋਨ ਕੀਤੇ ਹੋਏ ਨੰਬਰਾਂ ਦੀ ਸੂਚੀ ਪੜ੍ਹੀ। ਤਕਰੀਬਨ ਇਕੋ ਹੀ ਨੰਬਰ 'ਤੇ ਹਰ ਰੋਜ਼ ਦਸ-ਦਸ, ਪੰਦਰਾਂ-ਪੰਦਰਾਂ ਵਾਰ ਫ਼ੋਨ ਕੀਤਾ ਹੋਇਆ ਸੀ। ਉਹ ਗੁੱਸੇ ਹੋਣ ਦੀ ਵਜਾਏ, ਹੈਰਾਨ ਰਹਿ ਗਿਆ! ਮੈਂ ਘਰਦਿਆਂ ਨੂੰ ਕਦੇ ਦਸਾਂ ਦਿਨਾਂ 'ਚ ਇਕ ਵਾਰ ਫ਼ੋਨ ਨਹੀਂ ਕੀਤਾ। ਪਰ ਇਹ ਤਾਂ ਇਕ ਦਿਨ 'ਚ ਦਸ ਵਾਰ ਇਕੋ ਨੰਬਰ 'ਤੇ ਫ਼ੋਨ ਘੁੰਮਾਈ ਜਾਂਦੀ ਐ! ਉਸ ਨੇ ਦੂਜਾ ਪੈੱਗ ਪਾ ਕੇ ਦੀਪ ਨੂੰ ਥੱਲੇ ਬੁਲਾ ਲਿਆ। ਉਹ ਉਪਰ ਸਲੀਪਿੰਗ-ਰੂਮ 'ਚ ਬੜੇ ਅਰਾਮ ਨਾਲ਼ ਟੀ. ਵੀ. ਦੇਖ ਰਹੀ ਸੀ।
-"ਦੀਪ...! ਆਹ ਐਨਾ ਫ਼ੋਨ ਤੂੰ ਕੀਤੈ...?"
-"ਹੋਰ ਘਰੇ ਹੈ ਵੀ ਕੌਣ...? ਮੈਂ ਈ ਕੀਤਾ ਹੋਣੈਂ?" ਉਸ ਨੇ ਬੜੀ ਆਕੜ ਅਤੇ ਵਿਅੰਗ ਨਾਲ਼ ਉਤਰ ਦਿੱਤਾ।
-"ਦੀਪ...! ਤੈਨੂੰ ਪਤੈ ਬਈ ਇੱਥੇ ਫ਼ੋਨ ਕਿੰਨਾ ਮਹਿੰਗੈ...?"
-"ਤੇ ਹੋਰ ਮੈਂ ਘਰੇ ਬੈਠੀ ਕੀ ਕਰਾਂ...?" ਉਸ ਨੇ ਠੁਣਾਂ ਹਰਦੇਵ ਸਿਰ ਭੰਨਿਆਂ।
-"......।" ਹਰਦੇਵ ਨਿਰੁੱਤਰ ਹੋ ਗਿਆ।
-"ਮੈਂ 'ਕੱਲੀ ਘਰੇ ਬੈਠੀ ਕਰਾਂ ਵੀ ਕੀ...?"
-"ਦੇਖ ਦੀਪ...! ਆਪਾਂ ਹੁਣ ਦੋ ਲੱਖ ਪੌਂਡ ਦਾ ਮਕਾਨ ਲਿਐ-ਹਜਾਰ ਪੌਂਡ ਸਿੱਧਾ ਈ ਮੌਰਗੇਜ ਤੇ ਕੌਂਸਲ ਟੈਕਸ ਵਿਚ ਈ ਚਲਿਆ ਜਾਂਦੈ! ਬਾਕੀ ਕਾਰ ਦੀ ਇੰਸ਼ੋਰੈਂਸ ਵੀ ਐ-ਪੈਟਰੋਲ ਦਾ ਖਰਚਾ ਵੀ ਐ-ਬਿਜਲੀ ਦਾ ਖਰਚਾ-ਪਾਣੀ ਦਾ ਖਰਚਾ-ਆਪਣੇ ਖਾਣ ਪੀਣ ਦਾ ਖਰਚਾ-ਨਿਰੇ ਖਰਚੇ ਈ ਖਰਚੇ ਐ...! ਤੂੰ ਮਾੜਾ ਮੋਟਾ ਸੰਭਲ਼ ਕੇ ਖਰਚਾ ਕਰਿਆ ਕਰ! ਇਉਂ ਤਾਂ ਆਪਣਾ ਦਿਵਾਲ਼ਾ ਨਿਕਲਜੂ...?"
-"ਕੋਈ ਫ਼ਿਕਰ ਨਾ ਕਰੋ...! ਮੈਂ ਪਾਪਾ ਜੀ ਤੋਂ ਮੰਗਵਾ ਦਿਊਂ!" ਉਸ ਨੇ ਬੜੀ ਬੇਧਿਆਨੀ ਨਾਲ਼ ਉਤਰ ਮੋੜਿਆ।
-"ਪਾਪਾ ਜੀ ਤੋਂ ਆਪਾਂ ਪੈਸੇ ਮੰਗਵਾਉਂਦੇ ਚੰਗੇ ਲੱਗਦੇ ਐਂ...?"
-"ਕਿਉਂ, ਫੇਰ ਕੀ ਹੋ ਗਿਆ...? ਹੁਣ ਤੱਕ ਮੈਂ ਪਾਪਾ ਜੀ ਦੇ ਸਿਰ 'ਤੇ ਈ ਤੋਤੇ ਉੜਾਏ ਐ! ਜੇ ਲੋੜ ਪਈ ਤਾਂ ਆਪਾਂ ਪੈਸੇ ਮੰਗਵਾ ਲਵਾਂਗੇ!"
-"ਆਹ, ਐਨਾ ਫ਼ੋਨ ਤੂੰ ਕਰਦੀ ਕੀਹਨੂੰ ਐਂ...? ਇਹ ਤਾਂ ਦੱਸ? ਇਕੋ ਨੰਬਰ 'ਤੇ, ਇਕ ਦਿਨ 'ਚ ਦਸ ਦਸ ਵਾਰੀ ਫ਼ੋਨ ਹੋਇਐ-ਆਹ ਦੇਖ ਲੈ...!" ਉਸ ਨੇ ਸੂਚੀ ਅੱਗੇ ਕੀਤੀ।
-"ਮੈਂ ਫ਼ੋਨ ਕੀਤੇ ਐ-ਮੈਨੂੰ ਨਾ ਪਤਾ ਹੋਊ...?"
-"ਪਰ ਇਹ ਨੰਬਰ ਹੈ ਕੀਹਦਾ...? ਪਾਪਾ ਜੀ ਹੋਰਾਂ ਦਾ ਤਾਂ ਇਹ ਨੰਬਰ ਹੈਨ੍ਹੀ!"
-"ਇਹ ਮੇਰੀ ਪ੍ਰਾਈਵੇਸੀ ਐ...!" ਉਸ ਨੇ ਇਕੋ ਵਿਚ ਹੀ ਨਬੇੜ ਦਿੱਤੀ।
-"ਕੀਹਨੂੰ ਫ਼ੋਨ ਕਰਦੀ ਐਂ? ਇਹ ਤਾਂ ਪਤਾ ਲੱਗਣਾ ਚਾਹੀਦੈ...? ਆਫ਼ਟਰ ਆਲ ਮੈਂ ਫਿਰ ਵੀ ਤੇਰਾ ਹਸਬੈਂਡ ਐਂ!" ਉਸ ਨੇ ਬੜੇ ਠੰਢੇ ਮਤੇ ਨਾਲ਼, ਸਮਝਾਉਣ ਵਾਲ਼ਿਆਂ ਵਾਂਗ ਪੁੱਛਿਆ।
-"ਜਰੂਰੀ ਦੱਸਣਾ ਪਊ...?" ਉਹ ਲਾਚੜਿਆਂ ਵਾਂਗ ਬੋਲੀ।
-"ਮੈਂ ਤੈਨੂੰ ਮਜਬੂਰ ਨਹੀਂ ਕਰਦਾ...! ਪਰ ਜਨਰਲੀ ਗੱਲ ਈ ਪੁੱਛ ਰਿਹੈਂ!"
-"ਇਹ ਮੇਰਾ ਇਕ ਦੋਸਤ ਐ...! ਮੇਰੇ ਨਾਲ਼ ਕਾਲਜ ਵਿਚ ਪੜ੍ਹਦਾ ਹੁੰਦਾ ਸੀ...! ਬੜਾ ਰਾਈਸ ਮੁੰਡਾ ਐ...! ਹੋਰ ਕੁਛ...?" ਆਖ ਕੇ ਉਸ ਨੇ ਹਰਦੇਵ ਦੇ ਸਿਰ ਵਿਚ ਪੱਥਰ ਚਲਾ ਦਿੱਤਾ। ਉਹ ਸੋਚ ਰਿਹਾ ਸੀ ਕਿ ਸਾਲ਼ੀ ਮੇਰੇ ਘਰਵਾਲ਼ੀ, ਮੈਨੂੰ ਆਪਣੇ ਦੋਸਤ ਮੁੰਡੇ ਬਾਰੇ ਬੜੇ ਮਾਣ ਨਾਲ਼ ਦੱਸ ਰਹੀ ਐ? ਇਹਨੂੰ ਸਾਲ਼ੀ ਨੂੰ ਕੋਈ ਸ਼ਰਮ ਹਯਾ ਹੈ ਕਿ ਨਹੀਂ? ਉਹ ਮੇਰਾ ਸਾਲ਼ਾ ਜ਼ਰੂਰ ਇਹਦਾ ਯਾਰ ਹੋਊ...! ਇਹ ਵਿਆਹ ਤੋਂ ਪਹਿਲਾਂ ਜ਼ਰੂਰ ਉਹਦੇ ਨਾਲ਼ ਰੰਗਰਲ਼ੀਆਂ ਮਨਾਉਂਦੀ ਰਹੀ ਹੋਊ...! ਜਿਹੜਾ ਇਹ ਹਰ ਤੀਜੇ ਮਹੀਨੇ ਵੱਖੋ ਵੱਖਰੇ ਟੂਰ ਲਾਉਂਦੀ ਸੀ, ਉਸੇ ਭੈਣ ਦੇ ਖ਼ਸਮ ਦੀ ਬੁੱਕਲ਼ ਨਿੱਘੀ ਕਰਦੀ ਹੋਊ! ਉਸ ਦਾ ਦਿਮਾਗ ਰਾਕਟ ਬਣਿਆ ਪਿਆ ਸੀ। ਪਰ ਉਹ ਸਰਾਸਰ ਸਮਾਈ ਤੋਂ ਕੰਮ ਲੈ ਰਿਹਾ ਸੀ।
-"ਤੇਰੀ ਇਹਦੇ ਨਾਲ਼ ਦੋਸਤੀ ਸੀ...?"
-"ਤੇ ਹੋਰ ਮੈਂ ਕੀ ਆਖੀ ਜਾਨੀ ਐਂ? ਗਹਿ ਗੱਡਵੀਂ ਦੋਸਤੀ...! ਇਹ ਮੇਰਾ ਕਾਲਜ ਦਾ ਜਿਗਰੀ ਦੋਸਤ ਐ! ਹੁਣ ਮੈਨੂੰ ਬੋਰ ਨਾ ਕਰੋ...! ਮੈਂ ਤਾਂ ਚੱਲੀ ਆਂ ਸੌਣ...!" ਤੇ ਉਹ ਮੱਖੀ ਵਾਂਗ 'ਭਿਣਨ-ਭਿਣਨ' ਕਰਦੀ ਪੌੜੀਆਂ ਚੜ੍ਹ ਗਈ। ਹਰਦੇਵ ਅਨਾਥਾਂ ਵਾਂਗ ਬੈਠਾ ਸੀ। ਦੀਪ ਨੂੰ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਉਹ ਹਰਦੇਵ ਨੂੰ ਜੁੱਤੀ ਤੋਂ ਦੀ ਮਾਰਦੀ ਸੀ।
----
ਸਾਰੀ ਰਾਤ ਹਰਦੇਵ ਨੂੰ ਨੀਂਦ ਨਾ ਆਈ। ਉਹ ਬੈੱਡ ਵਿਚ ਪਲ਼ਸੇਟੇ ਹੀ ਮਾਰਦਾ ਰਿਹਾ। ਹੁਣ ਉਸ ਦੇ ਪਿੱਛੇ ਖੂਹ ਅਤੇ ਅੱਗੇ ਖਾਤਾ ਸੀ। ਪਿੱਛੇ ਹੁਣ ਉਹ ਮੁੜ ਨਹੀਂ ਸਕਦਾ ਸੀ ਅਤੇ ਅੱਗੇ ਜਾਣ ਲੱਗੇ ਨੂੰ ਖ਼ਤਰਾ ਹੀ ਖ਼ਤਰਾ ਸੀ। ਉਸ ਦੀ ਹਾਲਤ ਉਸ ਬਾਘੜ ਬਿੱਲੇ ਵਰਗੀ ਹੋਈ ਪਈ ਸੀ। ਜਿਸ ਦੇ ਪਿੱਛੇ ਗਿੱਦੜਮਾਰ ਅਤੇ ਅੱਗੇ ਕੰਡਿਆਲ਼ੀ ਵਾੜ ਸੀ! ਜਾਵੇ, ਤਾਂ ਕਿੱਧਰ ਜਾਵੇ...? ਭੱਜੇ, ਤਾਂ ਕਿਹੜੀ ਕੂਟ ਨੂੰ ਭੱਜੇ...? ਚਾਰੇ ਕੂਟਾਂ ਉਸ ਲਈ ਤਬਾਹੀ ਬਣੀਆਂ ਖੜ੍ਹੀਆਂ ਸਨ।
ਹਰਦੇਵ ਜਿਵੇਂ ਪਿਆ ਸੀ। ਉਵੇਂ ਹੀ ਉਠ ਖੜ੍ਹਾ ਹੋਇਆ ਅਤੇ ਕੰਮ 'ਤੇ ਚਲਾ ਗਿਆ।
ਸਾਰੀ ਦਿਹਾੜੀ ਉਸ ਦਾ ਕੰਮ ਵਿਚ ਮਨ ਨਾ ਲੱਗਿਆ। ਸੋਚਾਂ ਦੀ ਬੱਦਲ਼ਵਾਈ ਮਨ 'ਤੇ ਭਾਰੂ ਰਹੀ।
ਦੇਸੀ ਭਾਈਬੰਦ ਵੀ ਉਸ ਨੂੰ ਦੇਖ ਕੇ ਚੁੱਪ ਹੀ ਰਹੇ।
----
ਸ਼ਾਮ ਨੂੰ ਜਦੋਂ ਉਹ ਕੰਮ ਤੋਂ ਵਾਪਿਸ ਆਇਆ ਤਾਂ ਦੀਪ ਉਸ ਦੇ ਨਾਲ਼ ਅੜ ਕੇ ਬੈਠ ਗਈ। ਇਤਨੀ ਨੇੜਤਾ ਦੀ ਉਸ ਨੂੰ ਕੋਈ ਸਮਝ ਨਹੀਂ ਪਈ ਸੀ। ਦੀਪ ਤਾਂ ਉਸ ਦੇ ਇਤਨੀ ਨੇੜੇ ਬੈਠੀ ਹੀ ਨਹੀਂ ਸੀ? ਅੱਜ ਤਾਂ ਦੀਪ ਨੇ ਉਸ ਨੂੰ ਗਿਲਾਸ ਅਤੇ ਬੋਤਲ ਵੀ ਆਪ ਲਿਆ ਕੇ ਅੱਗੇ ਧਰੀ ਸੀ।
-"ਕੀ ਗੱਲ ਐ...?" ਉਸ ਨੇ ਬੋਤਲ ਨੇੜੇ ਧੂੰਹਦਿਆਂ ਪੁੱਛਿਆ।
-"ਮੈਂ ਤੁਹਾਡੇ ਨਾਲ਼ ਨਹੀਂ ਬੈਠ ਸਕਦੀ...?"
-"ਨਹੀਂ, ਇਹ ਗੱਲ ਨਹੀਂ...! ਪਰ ਗੱਲ ਕੀ ਐ?"
-"ਤੁਸੀਂ ਪਰਸੋਂ ਦੀ ਛੁੱਟੀ ਕਰ ਲਵੋ!" ਉਸ ਨੇ ਹੁਕਮ ਵਾਲ਼ੇ ਲਹਿਜੇ ਵਿਚ ਆਖਿਆ।
-"ਕਿਉਂ...? ਕੀ ਗੱਲ...?"
-"ਬੱਸ ਆਖ ਦਿੱਤਾ...! ਤੁਸੀਂ ਪਰਸੋਂ ਦੀ ਛੁੱਟੀ ਕਰਨੀ ਐਂ...!" ਉਸ ਨੇ ਉਸੇ ਅੰਦਾਜ਼ ਵਿਚ ਦੁਹਰਾਇਆ।
-"ਦੀਪ...! ਤੂੰ ਸਮਝਦੀ ਕਿਉਂ ਨ੍ਹੀ? ਜੇ ਮੈਂ ਛੁੱਟੀ ਕਰੂੰਗਾ-ਆਪਣੇ ਖਰਚੇ ਕਿੱਥੋਂ ਪੂਰੇ ਹੋਣਗੇ? ਘਰ ਦਾ ਖਰਚਾ ਪਤਾ ਕਿੰਨੈਂ...?" ਉਹ ਘਰ ਦੀ ਥਾਂ 'ਤੇਰਾ ਖਰਚਾ' ਆਖਣੋਂ ਸੰਕੋਚ ਕਰ ਗਿਆ ਸੀ।
-"ਖਰਚਾ ਮੈਂ ਆਪੇ ਪਾਪਾ ਜੀ ਤੋਂ ਮੰਗਵਾ ਲਊਂ!"
-"ਪਾਪਾ ਜੀ...ਪਾਪਾ ਜੀ...ਪਾਪਾ ਜੀ...! ਚੌਵੀ ਘੰਟੇ ਪਾਪਾ ਜੀ...? ਪਾਪਾ ਜੀ ਤੋਂ ਪੈਸੇ ਮੰਗਵਾਉਂਦੇ ਆਪਾਂ ਚੰਗੇ ਲੱਗਦੇ ਐਂ?" ਉਸ ਦਾ ਦਿਮਾਗ ਗਰਮੀ ਫੜ ਕੇ ਵੀ ਮਾੜੇ ਇੰਜਣ ਵਾਂਗ ਠਰ ਗਿਆ।
-"ਫੇਰ ਕੀ ਐ...? ਉਹ ਮੇਰੇ ਪਾਪਾ ਜੀ ਐ! ਅੱਗੇ ਵੀ ਮੈਂ ਉਹਨਾਂ ਤੋਂ ਈ ਲੈਂਦੀ ਸੀ? ਹੁਣ ਨਹੀਂ ਮੰਗਵਾ ਸਕਦੀ? ਮੇਰੀ ਏਅਰ ਟਿਕਟ ਵੀ ਉਹਨਾਂ ਨੇ ਈ ਲਾਈ ਐ! ਉਦੋਂ ਨਾ ਤੁਸੀਂ ਆਖਿਆ...?" ਉਸ ਨੇ ਸ਼ਾਂਤਮਈ ਉਤਰ ਦਿੱਤਾ ਤਾਂ ਸੱਚੀ ਸੁਣ ਕੇ ਹਰਦੇਵ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ।
-"ਪਰ ਪਰਸੋਂ ਛੁੱਟੀ ਕਰਨੀ ਕਾਹਦੇ ਵਾਸਤੇ ਐ...? ਐਡਾ ਕੀ ਜਰੂਰੀ ਕੰਮ ਐਂ?"
-"ਉਹ...ਜਿਹੜਾ ਮੁੰਡਾ ਮੇਰਾ ਕਾਲਜ ਦਾ ਦੋਸਤ ਐ ਨ੍ਹਾਂ...? ਜੀਹਨੂੰ ਮੈਂ ਫ਼ੋਨ ਕਰਦੀ ਹੁੰਨੀ ਆਂ?"
-"ਆਹੋ...!" ਉਸ ਨੇ ਇਕ ਦਮ ਮੂੰਹ ਉਪਰ ਉਗੀਸਿਆ।
-"ਉਹ ਪਰਸੋਂ ਆਪਣੇ ਬਿਜ਼ਨਿਸ ਦੇ ਚੱਕਰ 'ਚ ਹਫ਼ਤੇ ਕੁ ਲਈ ਇੰਗਲੈਂਡ ਆ ਰਿਹੈ...! ਫੇਰ ਉਹਨੇ ਅੱਗੇ ਅਮਰੀਕਾ ਤੇ ਕੈਨੇਡਾ ਜਾਣੈਂ-ਉਹਨੂੰ ਆਪਾਂ ਏਅਰਪੋਰਟ ਤੋਂ ਲੈਣ ਜਾਣੈਂ...!"
-"......।" ਹਰਦੇਵ ਸੋਫ਼ੇ ਤੋਂ ਡਿੱਗਣ ਵਾਲ਼ਾ ਹੋ ਗਿਆ। ਉਸ ਦਾ ਦਿਮਾਗ ਫਿਰ ਘੁਮਿਆਰ ਦੇ ਚੱਕ ਵਾਂਗ ਘੁਕਣ ਲੱਗ ਪਿਆ। ਅੱਗੇ ਤਾਂ ਸਾਲ਼ੀ ਇਹ ਸਿਰਫ਼ ਉਹਨੂੰ ਭੈਣ ਚੋਦ ਨੂੰ ਫ਼ੋਨ ਹੀ ਕਰਦੀ ਸੀ, ਹੁਣ ਬੁੱਕਲ਼ 'ਚ ਵੀ ਬੈਠਿਆ ਕਰੂ...! ਕੀ ਵੱਸ ਹੈ ਐਸ ਮੁਲਕ 'ਚ...? ਇੱਥੇ ਤਾਂ ਆਖ ਦਿੰਦੇ ਐ, ਬਈ ਜੇ ਅਗਲੀ ਦਾ ਮਨ ਮੰਨਦੈ, ਜੋ ਮਰਜ਼ੀ ਐ ਕਰੇ...! ਕੋਈ ਬੰਦਿਸ਼ ਨਹੀਂ! ਔਰਤ ਨੂੰ ਪੂਰਨ ਆਜ਼ਾਦੀ ਐ! ਆਖਣਾ ਹੋਵੇ, ਬਈ ਭੈਣ ਦਿਓ ਖ਼ਸਮੋਂ! ਜੇ ਤੀਮੀ ਆਪਦੇ ਘਰਵਾਲ਼ੇ ਨੂੰ ਛੱਡ ਕੇ ਦੂਜੇ ਨਾਲ਼ ਮਸਤੀ ਮਾਰਦੀ ਐ, ਤਾਂ ਤੀਮੀਆਂ ਵਾਸਤੇ ਵੀ ਕੋਈ ਕਾਨੂੰਨ ਤਿਆਰ ਕਰੋ...! ਬੰਦਿਆਂ ਦੀ ਖਾਤਰ ਤਾਂ ਮੇਰਿਆਂ ਸਾਲ਼ਿਆਂ ਨੇ ਧੜਾਧੜ ਕਾਨੂੰਨ ਘੜੇ ਹੋਏ ਐ। ਜੇ ਆਹ ਕਰੂ, ਆਹ ਹੋਊ...! ਜੇ ਔਹ ਕਰੂ, ਔਹ ਹੋਊ...! ਤੇ ਤੀਮੀ...? ਤੀਮੀ ਜੀਹਦੀ ਮਰਜੀ ਰਜਾਈ 'ਚ ਧੱਕੇ ਲੁਆਈ ਜਾਵੇ? ਇਹ ਸਾਲ਼ੀਆਂ ਕੋਈ ਉਤੋਂ ਡਿੱਗੀਐਂ...? ਇਹ ਤੀਵੀਆਂ ਤਾਂ ਸਾਲ਼ੀਆਂ ਹੈ ਈ ਧੱਕਾ ਸਟਾਰਟ...! ਘਰਆਲ਼ੇ ਤੋਂ ਤਾਂ ਇਹ ਸਟਰਾਟ ਈ ਨ੍ਹੀ ਹੁੰਦੀਆਂ, ਚਾਹੇ ਕਿੰਨੇ ਪੁਲੀਤੇ ਲਾਈ ਜਾਵੇ...! ਆਖਣਗੀਆਂ, ਮੇਰਾ ਤਾਂ ਸਿਰ ਦਰਦ ਕਰਦੈ...! ਮੇਰੀ ਅੱਜ ਤਬੀਅਤ ਠੀਕ ਨ੍ਹੀ...! ਮੈਨੂੰ ਫ਼ਲੂ ਜਿਆ ਹੋਇਆ ਪਿਐ...! ਲਓ, ਕਰਲੋ ਗੱਲ...! ਐਥੇ ਤਾਂ ਹੀ ਤਾਂ ਗੰਦ ਪਿਆ ਫਿਰਦੈ! ਕੋਈ ਬੈਂਗਣੀਂ ਰੰਗਾ ਕਾਲਾ ਗੋਰੀ ਨਾਲ਼ ਬਾਂਹਾਂ 'ਚ ਬਾਂਹਾਂ ਅੜਾਈ ਫਿਰਦੈ! ਤੇ ਆਪਣੀਆਂ ਦੇਸੀ ਟੱਟੂ ਖੁਰਾਸ਼ਾਨੀ ਦੁਲੱਤੇ ਚਲਾਈ ਜਾਂਦੀਐਂ...! ਲੈ ਆਹ ਮੇਰੇ ਸਾਲੇ ਦੀ ਮੇਰੇ ਆਲ਼ੀ ਨੀ ਮਾਨ...! ਅਖੇ, ਹਮਰਾ ਮਿੱਤਰ ਆ ਰਹਾ ਹੈ...! ਇਹਦੀ ਭੈਣ ਦੀ ਟੰਗ ਇਹਦੀ ਦੀ...! ਇਹ ਸਾਲ਼ੀ ਵਿਆਹ ਤੋਂ ਪਹਿਲਾਂ ਦੀ ਹੀ ਉਹਦੇ ਨਾਲ਼ ਕੁੰਡਾ ਫ਼ਸਾਈ ਫਿਰਦੀ ਐ? ਜੇ ਕਿਸੇ ਨੇ ਘਰ ਆਉਣਾ ਹੋਵੇ? ਤਾਂ ਅਕਸਰ ਬੰਦਾ ਮਾਲਕ ਨੂੰ ਪਹਿਲਾਂ ਪੁੱਛ ਲੈਂਦੈ...! ਬਈ ਮੇਰਾ ਫ਼ਲਾਨਾ-ਫ਼ਲਾਨਾ ਆ ਰਿਹੈ, ਆ ਜਾਵੇ? ਪਰ ਇਹ ਤਾਂ ਮੇਰੇ ਸਾਲ਼ੇ ਦੀ ਆਪ ਈ ਇੰਦਰਾ ਗਾਂਧੀ ਬਣੀ ਫਿਰਦੀ ਐ...? ਇਹ ਪੁੱਛਦੀ ਨਹੀਂ, ਸਗੋਂ ਦੱਸਦੀ ਐ!
-"ਤੇ ਰਹੂ ਕਿੱਥੇ...?" ਹਰਦੇਵ ਨੂੰ ਅਗਲਾ ਫ਼ਿਕਰ ਪੈ ਗਿਆ। ਇਹਦਾ ਸਾਲ਼ੀ ਦਾ ਕੀ ਇਤਬਾਰ? ਇਹ ਤਾਂ ਸਾਲ਼ੀ ਬੇਸ਼ਰਮ ਐਂ! ਕਿਤੇ ਮੇਰੇ ਸਾਹਮਣੇ ਈ ਨਾਂ 'ਗੜੱਪ' ਦੇਣੇ ਉਹਦੀ ਬੁੱਕਲ਼ 'ਚ ਜਾ ਡਿੱਗੇ? ਕਿਤੇ ਸਾਡੇ ਆਲ਼ੇ ਸਲੀਪਿੰਗ-ਰੂਮ 'ਚ ਨਾ ਡੇਰੇ ਲਾ ਲੈਣ...? ਮੈਂ ਕੀਹਦੀ ਬੇਬੇ ਨੂੰ ਮਾਸੀ ਆਖੂੰ...? ਮਿੱਤਰਾ, ਮੰਨ ਚਾਹੇ ਨਾ ਮੰਨ...! ਇਹਦੇ ਨਾਲ਼ ਵਿਆਹ ਕਰਵਾ ਕੇ ਧੌਣ ਤੇਰੀ ਜ਼ਰੂਰ ਘੁਲਾੜ੍ਹੇ 'ਚ ਆ ਗਈ ਐ! ਹੁਣ ਤਾਂ ਡੈਣ ਮਾਂਗੂੰ ਲਹੂ ਪੀ ਕੇ ਹੀ ਸਾਹ ਲਊ! ਸੀਰਮੇ ਪੀਊ ਤੇਰੇ ਸੀਰਮੇ...!
-"ਰਹੂ ਉਹ ਕਿਸੇ ਹੋਟਲ਼ 'ਚ...! ਉਹਦੇ ਕੋਲ਼ੇ ਪੈਸਾ ਥੋੜ੍ਹੈ? ਆਪਾਂ ਤਾਂ ਬੱਸ ਉਹਨੂੰ ਸਿਰਫ਼ ਲੈ ਕੇ ਈ ਆਉਣੈਂ!" ਦੀਪ ਦੇ ਕਹਿਣ 'ਤੇ ਉਸ ਨੇ ਕੁਝ ਕੁ ਸੁਖ ਦਾ ਸਾਹ ਲਿਆ ਕਿ ਸਾਲਾ ਆਪੇ ਕਿਤੇ ਧੱਕੇ ਖਾ ਕੇ ਮੁੜਜੂ! ਕਿਤੇ ਸਾਲ਼ਾ ਐਥੇ ਨਾ ਢੀਠ ਸਾਧ ਮਾਂਗੂੰ ਡੇਰੇ ਲਾ ਕੇ ਬਹਿਜੇ...? ਮੈਨੂੰ ਇਹਨਾਂ ਦਾ ਚੌਂਕੀਦਾਰਾ ਕਰਨਾ ਪਵੇ...?
-"ਹੀਥਰੋ ਏਅਰਪੋਰਟ 'ਤੇ ਈ ਆਉਣੈਂ?"
-"ਆਹੋ, ਹੀਥਰੋ 'ਤੇ ਈ ਆਉਣਾ ਹੋਊ...? ਨਹੀਂ ਤਾਂ ਮੈਂ ਕੱਲ੍ਹ ਨੂੰ ਉਹਨੂੰ ਫ਼ੋਨ ਕਰਕੇ ਪੁੱਛ ਲਊਂ!" ਦੀਪ ਨੇ ਬੜੇ ਮਜਾਜ ਨਾਲ ਕਿਹਾ। ਹਰਦੇਵ ਨੂੰ ਹੋਰ ਫ਼ਿਕਰ ਪੈ ਗਿਆ। ਇਹ ਫੇਰੇ ਦੇਣੀ ਹੁਣ ਫੇਰ ਟੈਲੀਫ਼ੋਨ ਨੂੰ ਗੇੜਾ ਪਾਊ...! ਉਸ ਦਾ ਦਿਲ ਕਾਹਲ਼ਾ ਪੈਣ ਲੱਗ ਪਿਆ। ਟੈਲੀਫ਼ੋਨ ਦਾ ਬਿੱਲ ਹਰ ਮਹੀਨੇ ਬਾਣੀਏਂ ਵਾਂਗ ਘਰ ਆ ਵੱਜਦੈ। ਨਾ ਕੁਛ ਕਹਿਣ ਜੋਗਾ, ਨਾ ਕਰਨ ਜੋਗਾ! ਜਦੋਂ ਕਹੀਏ, ਆਖੂ ਪਾਪਾ ਜੀ ਤੋਂ ਮੰਗਵਾ ਲਊਂ! ਮੰਗਵਾਏ ਕਦੇ ਸਾਲ਼ੀ ਨੇ ਹੈ ਨਹੀਂ! ਮੰਤਰੀਆਂ ਮਾਂਗੂੰ ਫ਼ੋਕੇ ਨਾਅਰੇ ਇਹ ਮਾਰੀ ਜਾਂਦੀ ਐ! ਬਈ ਜਾਂ ਤਾਂ ਉਸ ਕੰਜਰ ਨੂੰ ਆਖ, ਬਈ ਸਾਨੂੰ ਦਸ ਕੁ ਹਜਾਰ ਪੌਂਡ ਭੇਜ...! ਬਥੇਰਾ ਪੈਸਾ ਅੱਗ ਲੱਗਦੈ ਮੇਰੇ ਸਾਲ਼ੇ ਕੋਲ਼ੇ...! ਬਥੇਰੀ ਦੁਨੀਆਂ ਲੁੱਟ-ਲੁੱਟ ਖਾਧੀ ਐ ਉਹਨੇ ਦੈਂਤ ਨੇ...!
-"ਫ਼ਲਾਈਟ ਕਿੰਨੇ ਵਜੇ ਉਤਰਨੀ ਐਂ?"
-"ਉਹ ਵੀ ਫ਼ੋਨ 'ਤੇ ਈ ਪੁੱਛ ਲਊਂ! ਵੈਸੇ ਦੁਪਿਹਰੇ ਬਾਰਾਂ ਪੰਦਰਾਂ 'ਤੇ ਕਹਿੰਦਾ ਸੀ।"
-"ਉਹਦਾ ਵੀਜ਼ਾ ਕਿਵੇਂ ਲੱਗ ਗਿਆ, ਐਡੀ ਛੇਤੀ?"
-"ਉਹ ਲੁਆ ਦੇਵੇ ਸਾਰੇ ਪੰਜਾਬ ਦੇ ਵੀਜ਼ੇ! ਉਹਦਾ ਕਾਰੋਬਾਰ ਪਤਾ ਕਿੰਨਾਂ ਵੱਡੈ? ਲੱਖ ਲੱਖ ਰੁਪਈਆ ਤਾਂ ਉਹ ਖੜ੍ਹਾ ਖਰਚ ਦਿੰਦੈ! ਛੇ ਤਾਂ ਉਹਦੇ ਕੋਲ਼ੇ ਕਾਰਾਂ ਨੇ! ਜਿਹੜੀ ਨੂੰ ਜੀਅ ਕਰਦੈ-ਉਹੀ ਤੋਰ ਲੈਂਦੈ! ਤੁਸੀਂ ਐਥੇ ਟੈਲੀਫ਼ੋਨ ਦੇ ਬਿੱਲ ਕਰਕੇ ਪਿੱਟਣ ਲੱਗ ਪੈਨੇ ਐਂ!" ਉਸ ਨੇ ਹਰਦੇਵ ਦੀ ਤਹਿ ਲਾ ਦਿੱਤੀ।
----
ਤੀਜੇ ਦਿਨ ਹਰਦੇਵ ਨੇ ਛੁੱਟੀ ਕਰ ਲਈ।
ਸਵੇਰੇ ਗਿਆਰਾਂ ਕੁ ਵਜੇ ਉਹ ਹੀਥਰੋ ਏਅਰਪੋਰਟ 'ਤੇ ਪਹੁੰਚ ਗਏ।
-"ਕੀ, ਨਾਂ ਕੀ ਐ ਉਹਦਾ...?" ਹਰਦੇਵ ਨੇ ਪੁੱਛਿਆ। ਉਹ ਪੁੱਛਣ ਤਾਂ 'ਤੇਰੇ ਖਸਮ ਦਾ' ਲੱਗਿਆ ਸੀ। ਪਰ ਚੁੱਪ ਹੀ ਰਿਹਾ। ਉਸ ਦਾ ਦਿਲ ਛਾਤੀ ਵਿਚ ਹਥੌੜੇ ਵਾਂਗ ਵੱਜੀ ਜਾ ਰਿਹਾ ਸੀ।
-"ਸੁਮੀਤ...! ਬੜਾ ਨਾਈਸ ਮੁੰਡੈ!" ਉਸ ਦਾ ਨਾਂ ਦੱਸਦੀ ਦੀਪ ਨੇ ਚਾਂਭੜ ਮਾਰੀ ਸੀ। ਜਿਵੇਂ 'ਸੁਮੀਤ' ਆਖੇ ਤੋਂ ਉਸ ਦੇ ਕੁਤਕੁਤੀਆਂ ਨਿਕਲੀਆਂ ਸਨ। ਉਹ ਅਣਜਕਿਆਂ ਵਾਂਗ ਅੰਦਰ ਦੇਖ ਰਹੀ ਸੀ। ਹਰਦੇਵ ਆਖਣ ਤਾਂ ਲੱਗਿਆ ਸੀ ਕਿ ਸਬਰ ਕਰ! ਉਹ ਖ਼ਸਮ ਐਥੇ ਈ ਆ ਖੜ੍ਹਨੈ! ਜਿਹੜਾ ਕੰਜਰ ਤੇਰੇ ਮਗਰ ਲੰਡਨ ਆ ਵੱਜਿਆ, ਉਹ 'ਨਾਈਸ' ਤਾਂ ਆਪੇ ਈ ਐ! ਮਾੜਾ ਬੰਦਾ ਕਦੋਂ ਵਿਆਹੀ ਵਰੀ ਮਗਰ ਗਿੱਟੇ ਕਢਵਾਉਂਦੈ?
ਦੀਪ ਦੀ ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ। ਸਾਢੇ ਕੁ ਬਾਰਾਂ ਵਜੇ ਸੁਮੀਤ ਆਪਣਾ ਸੂਟਕੇਸ ਲੈ ਕੇ ਬਾਹਰ ਆ ਗਿਆ। ਉਸ ਦੇ ਵਾਲ਼ਾਂ ਨੂੰ ਛੱਲੇ ਪੁਆਏ ਹੋਏ ਸਨ। ਅੱਖਾਂ 'ਤੇ ਕਾਲ਼ੀ ਐਨਕ ਚਾੜ੍ਹੀ ਹੋਈ ਸੀ। ਦਾਹੜੀ ਸਿਰਫ਼ ਠੋਡੀ ਉਪਰ ਹੀ ਰੱਖੀ ਹੋਈ ਸੀ। ਦੀਪ ਉਸ ਨੂੰ ਵੇਲ ਵਾਂਗ ਚਿੰਬੜ ਗਈ। ਸੁਮੀਤ ਨੇ ਵੀ ਉਸ ਨੂੰ ਰਜਾਈ ਵਾਂਗ ਸੀਨੇ ਨਾਲ਼ ਘੁੱਟ ਲਿਆ। ਹਰਦੇਵ ਬਲਿ਼ਆ ਸੜਿਆ ਖੜ੍ਹਾ ਸੀ। ਕਾਫ਼ੀ ਦੇਰ ਉਹਨਾਂ ਦੀ ਗਲ਼ਵਕੜੀ ਹੀ ਨਾ ਖੁੱਲ੍ਹੀ। ਹਰਦੇਵ ਹੋਟਲ਼ ਦੇ ਦਰਬਾਨ ਵਾਂਗ ਝਾਕ ਰਿਹਾ ਸੀ। ਪਰ ਉਹਨਾਂ ਨੂੰ ਕਿਸੇ ਦੀ ਜਿਵੇਂ ਪ੍ਰਵਾਹ ਹੀ ਨਹੀਂ ਸੀ!
-"ਸੁਮੀਤ...! ਇਹ ਨੇ ਹਰਦੇਵ...!" ਦੀਪ ਨੇ ਉਸ ਵੱਲ ਇੰਜ ਇਸ਼ਾਰਾ ਕੀਤਾ। ਜਿਵੇਂ ਹਰਦੇਵ ਉਸ ਦਾ ਪਤੀ ਨਹੀਂ, ਕੋਈ ਡਰਾਈਵਰ ਸੀ!
-"ਨਾਈਸ ਟੂ ਮੀਟ ਯੂ, ਮਿਸਟਰ ਹਰਦੇਵ...!" ਉਸ ਨੇ ਬੜੇ ਤਪਾਕ ਨਾਲ਼ ਹੱਥ ਮਿਲਾਇਆ। ਹਰਦੇਵ ਮਨ ਵਿਚ ਬੋਲਿਆ, ਇਹਨੂੰ ਕਿਹੜਾ ਭੈਣ ਦੇ ਲੱਕੜ ਨੂੰ ਪਤਾ ਨ੍ਹੀ, ਬਈ ਹਰਦੇਵ ਤੇਰਾ ਖ਼ਸਮ ਚੰਦ ਐ! ਹਰਦੇਵ ਨਾਲ਼ 'ਹਸਬੈਂਡ' ਆਖਦੀ ਨੂੰ ਖੁਰਕ ਪੈਂਦੀ ਸੀ? ਉਹ ਆਪਸ ਵਿਚ ਘੁਲੇ ਮਿਲੇ ਸਿੱਧੇ 'ਏਅਰਪੋਰਟ ਬੀਅਰ ਬਾਰ' ਵਿਚ ਜਾ ਬੈਠੇ। ਜਿਵੇਂ ਖਰਚਾ ਬਾਪੂ ਨੇ ਕਰਨਾ ਸੀ। ਹਰਦੇਵ 'ਕੈਸ਼ ਪੁਆਇੰਟ' ਤੋਂ ਪੈਸੇ ਕਢਵਾਉਣ ਚਲਾ ਗਿਆ। ਉਸ ਨੂੰ ਪ੍ਰਤੱਖ ਪਤਾ ਹੀ ਸੀ ਕਿ ਮਘੋਰਾ ਤਾਂ ਮੇਰੀ ਜੇਬ ਵਿਚ ਹੀ ਹੋਣਾ ਹੈ! ਇਸ ਲਈ ਉਹ ਸੀਲ ਬਣਿਆਂ ਪੈਸੇ ਕਢਵਾ ਲਿਆਇਆ। ਦੀਪ ਅਤੇ ਸੁਮੀਤ ਦੋਨੋਂ ਆਪਣੀਆਂ ਪ੍ਰੇਮ ਭਰੀਆਂ ਗੱਲਾਂ ਵਿਚ ਮਸਰੂਫ਼ ਸਨ। ਉਹ ਬਿਨਾ ਝਿਜਕ ਇਕ ਦੂਜੇ ਨੂੰ ਜੱਫ਼ੀਆਂ ਪਾ ਰਹੇ ਸਨ। ਹਰਦੇਵ ਕੁਰਸੀ ਡਾਹ ਕੇ ਇਕ ਪਾਸੇ ਬੈਠ ਗਿਆ। ਜਿਵੇਂ ਜੰਨ 'ਚ ਨਾਈ ਬੈਠਾ ਹੁੰਦੈ! ਦੀਪ ਅਤੇ ਸੁਮੀਤ ਦੀਆਂ ਗੱਲਾਂ ਮੁੱਕਣ ਵਿਚ ਨਹੀਂ ਆ ਰਹੀਆਂ ਸਨ। ਉਹ ਹਰਦੇਵ ਵੱਲੋਂ ਹਰ ਤਰ੍ਹਾਂ ਨਾਲ਼ ਬੇਧਿਆਨੇ ਸਨ।
***************
ਚੌਵੀਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।
No comments:
Post a Comment