----
ਸ਼ਾਮ ਨੂੰ ਪੰਜ ਕੁ ਵਜੇ ਉਹ ਦਿੱਲੀ ਏਅਰਪੋਰਟ 'ਤੇ ਪੁੱਜ ਗਏ। ਏਅਰਪੋਰਟ 'ਤੇ ਮੇਲਾ ਲੱਗਿਆ ਹੋਇਆ ਸੀ। ਕੋਈ ਆ ਰਿਹਾ ਸੀ। ਕੋਈ ਜਾ ਰਿਹਾ ਸੀ। ਕੋਈ ਵਿਛੜਿਆਂ ਨੂੰ ਮਿਲ਼ ਕੇ ਖ਼ੁਸ਼ ਹੋ ਰਿਹਾ ਸੀ ਅਤੇ ਕੋਈ ਵਿਛੜ ਜਾਣ ਦੇ ਦੁੱਖੋਂ ਰੋ ਰਿਹਾ ਸੀ। ਅਜੀਬ ਹੀ ਗੇੜ ਸੀ। ਅਜੀਬ ਹੀ ਆਵਾਗਵਣ ਦਾ ਚੱਕਰ ਸੀ।
ਸੁਖਦੇਵ, ਦੀਪ ਹੋਰਾਂ ਨੂੰ ਲੱਭਦਾ ਪਾਗਲ ਹੋ ਗਿਆ ਸੀ। ਉਹ ਔਟਲ਼ਿਆ ਇਧਰ ਉਧਰ ਭਟਕਦਾ ਫਿਰਦਾ ਸੀ। ਮੇਲੇ ਵਿਚ ਗੁਆਚੀ ਹੋਈ ਗਾਂ ਵਾਂਗ! ਰਾਤ ਦੇ ਕੋਈ ਦਸ ਕੁ ਵਜੇ ਤਸੀਲਦਾਰ ਦੀ ਫ਼ੌਜ ਪਹੁੰਚੀ। ਸਾਰੇ ਦਾਰੂ ਵਿਚ ਧੁੱਤ ਸਨ। ਤਸੀਲਦਾਰ ਏਅਰਪੋਰਟ 'ਤੇ ਦਾਰੂ ਨਾਲ਼ ਰੱਜਿਆ ਬਲ਼ਦ ਮੂਤਣੀਆਂ ਪਾ ਰਿਹਾ ਸੀ। ਜਦੋਂ ਸੁਖਦੇਵ ਨੇ ਤਸੀਲਦਾਰ ਨੂੰ "ਸਾਸਰੀਕਾਲ ਮਾਸੜ ਜੀ...!" ਆਖਿਆ ਤਾਂ ਤਸੀਲਦਾਰ ਨੇ ਉਸ ਨੂੰ ਗਹੁ ਨਾਲ਼ ਦੇਖਿਆ। ਉਸ ਦੀਆਂ ਅੱਖਾਂ ਵਿਚ ਦਾਰੂ ਦਾ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ।
-"ਮੈਂ ਸੁਖਦੇਵ ਆਂ ਮਾਸੜ ਜੀ...! ਹਰਦੇਵ ਦਾ ਭਰਾ!" ਉਸ ਨੇ ਜੋਰ ਦੇ ਕੇ ਤਸੱਲੀ ਕਰਵਾਉਣੀਂ ਚਾਹੀ।
-"ਮੈਂ ਅੰਨ੍ਹੈਂ...? ਨਾ ਮੈਨੂੰ ਦਿਸਦਾ ਨ੍ਹੀ? ਸਾਲ਼ੀ ਮੰਗ ਖਾਣੀਂ ਜਾਤ...!" ਉਸ ਨੇ 'ਸਾਸਰੀਕਾਲ' ਵੀ ਨਾ ਮੰਨੀ।
-"ਕਿੱਥੇ ਐ ਥੋਡਾ ਬੁੜ੍ਹਾ...?" ਤਸੀਲਦਾਰ ਦੇ ਆਖਣ 'ਤੇ ਸੁਖਦੇਵ ਬੇਚੈਨ ਹੋ ਗਿਆ।
-"ਉਹ ਔਧਰ ਕਾਰ 'ਚ ਬੈਠੇ ਐ ਜੀ...!"
-"ਜਾ ਲਿਆ ਬੁਲਾ ਕੇ ਉਹਨਾਂ ਨੂੰ...!" ਉਸ ਨੇ ਹੁਕਮੀਆ ਕਿਹਾ।
ਸੁਖਦੇਵ ਚੁੱਪ ਚਾਪ ਤੁਰ ਗਿਆ।
ਉਸ ਦੀ ਹੱਤਕ ਹੋ ਗਈ ਸੀ।
-"ਬਾਪੂ ਜੀ...! ਉਹ ਥੋਨੂੰ ਸੱਦ-ਦੇ ਐ!" ਉਸ ਨੇ ਸਿਰਫ਼ ਇਤਨਾ ਹੀ ਕਿਹਾ।
-"ਚੱਲ...!" ਜਾਗਰ ਸਿਉਂ ਨੇ ਹਰ ਕੌਰ ਨੂੰ ਵੀ ਆਸਰਾ ਦੇ ਕੇ ਕਾਰ 'ਚੋਂ ਉਠਾ ਲਿਆ। ਉਸ ਨੇ ਬਹੁਤੇ ਸੁਆਲ ਕਰਨੇ ਜਾਇਜ਼ ਨਹੀਂ ਸਮਝੇ ਸਨ। ਸੁਖਦੇਵ ਵੀ ਤਸੀਲਦਾਰ ਦਾ ਬੁਰਾ ਸਲੂਕ ਛੁਪਾਅ ਗਿਆ ਸੀ। ਹਰ ਕੌਰ ਨੇ ਕਾਰ ਵਿਚੋਂ ਖੰਡ ਅਤੇ ਪਾਣੀ ਦੀ ਗੜਵੀ ਚੁੱਕ ਲਈ ਅਤੇ ਉਹ ਸਾਰੇ ਤਸੀਲਦਾਰ ਦੇ ਕਾਫ਼ਲੇ ਵੱਲ ਨੂੰ ਹੋ ਤੁਰੇ।
-"ਸਾਸਰੀਕਾਲ ਜੀ ਤਸੀਲਦਾਰ ਸਾਹਬ...!" ਜਾਗਰ ਸਿੰਘ ਹੱਥ ਜੋੜ ਕੇ ਅਦਬ ਕੀਤਾ।
-"ਚੱਲ ਆ ਬਈ...! ਮਿਲੋ ਦੀਪ ਨੂੰ...! ਇਹਨੇ ਜਲਦੀ ਜਾਣੈਂ!" ਤਸੀਲਦਾਰ ਨੇ ਕਿਹਾ। ਉਸ ਦੇ ਨਾਲ਼ ਵਰਦੀ ਪਾਈ ਦਿੱਲੀ ਪੁਲੀਸ ਦੇ ਤਿੰਨ ਅਫ਼ਸਰ ਖੜ੍ਹੇ ਸਨ।
-"ਚੱਲ ਬਈ ਹਰ ਕੁਰੇ...!" ਜਾਗਰ ਸਿੰਘ ਨੇ ਹਰ ਕੌਰ ਨੂੰ ਇਸ਼ਾਰੇ ਨਾਲ਼ ਅੱਗੇ ਕੀਤਾ ਤਾਂ ਹਰ ਕੌਰ ਨੇ ਖੰਡ ਵਾਲੀ ਪੋਟਲੀ ਖੋਲ੍ਹ ਲਈ।
-"ਲੈ ਪੁੱਤ, ਮੂੰਹ ਮਿੱਠਾ ਕਰ...!" ਉਹ ਖੰਡ ਦੀ ਚੂੰਢੀ ਭਰ ਕੇ ਸ਼ਗਨ ਵਜੋਂ ਦੀਪ ਦੇ ਮੂੰਹ ਨੂੰ ਲਾਉਣ ਲੱਗੀ।
-"ਦੇਖੀਂ ਬੁੜ੍ਹੀਏ, ਕਿਤੇ ਇਹਨੂੰ ਕੋਈ ਸੈਂਖੀਆ ਨਾ ਦੇ ਦੇਈਂ...!" ਤਸੀਲਦਾਰ ਨੇ ਖੰਡ ਡੁਲ੍ਹਵਾ ਦਿੱਤੀ।
-"ਨਾ ਭਾਈ...! ਬੇਸ਼ਗਨੀ ਨਾ ਕਰੋ! ਸ਼ਗਨਾਂ ਦਾ ਖੱਟਿਆ ਈ ਖਾਈਦੈ! ਮੇਰੀ ਨੂੰਹ ਰਾਣੀਂ ਸੁੱਖ ਨਾ' ਵਲੈਤ ਜਾਣ ਲੱਗੀ ਐ-ਸਾਡੀ ਤਾਂ ਕੁਲ਼ ਦਾ ਦੀਵਾ ਐ ਭਾਈ ਇਹ...! ਲੈ ਧੀਏ ਮੂੰਹ ਅੱਡ...!" ਹਰ ਕੌਰ ਨੇ ਫਿਰ ਸਾਰੀਆਂ ਨਰਾਜ਼ਗੀਆਂ ਅਤੇ ਬਦਸਲੂਕੀਆਂ ਪਰਾਂਹ ਸੁੱਟ ਕੇ ਦੀਪ ਦਾ ਮੂੰਹ ਮਿੱਠਾ ਕਰਵਾਉਣਾ ਚਾਹਿਆ। ਪਰ ਤਸੀਲਦਾਰ ਅਫ਼ਸਰ ਖੜ੍ਹੇ ਕਰਕੇ ਸ਼ਰਮ ਖਾ ਗਿਆ। ਉਸ ਨੇ ਹਰ ਕੌਰ ਨੂੰ ਧੱਕਾ ਦੇ ਕੇ ਪਾਸੇ ਕਰ ਦਿੱਤਾ। ਹਰ ਕੌਰ ਦੀ ਮਨ ਇੱਛਾ ਮਨ ਵਿਚ ਹੀ ਰਹਿ ਗਈ।
-"ਹੁਣ ਪਰਾਂਹ ਵੀ ਹੋਜਾ...! ਕਾਹਤੋਂ ਪੈਰ ਮਿੱਧੀ ਜਾਨੀ ਐਂ...?" ਤਸੀਲਦਾਰ ਬਦਮਗਜਾਂ ਵਾਂਗ ਬੋਲਿਆ।
ਹਰ ਕੌਰ ਨੂੰ ਜਾਗਰ ਸਿੰਘ ਨੇ ਖਿੱਚ ਕੇ ਪਿੱਛੇ ਕਰ ਲਿਆ। ਉਹ ਰੇਲਵੇ ਇੰਜਣ ਵਾਂਗ ਅੱਗੇ ਹੀ ਵਧਦੀ ਜਾ ਰਹੀ ਸੀ।
ਸੁਖਦੇਵ ਵੀ ਚੁੱਪ ਹੀ ਖੜ੍ਹਾ ਸੀ। ਭਜਨੋਂ ਅੱਜ ਨਾਲ਼ ਨਹੀਂ ਆਈ ਸੀ।
-"ਇਹ ਅਣਪੜ੍ਹ ਉਜੱਡ ਬੁੜ੍ਹੀਆਂ ਵੀ ਹੱਦ ਕਰ ਦਿੰਦੀਐਂ! ਪੁੱਛਣਾ ਹੋਵੇ ਬਈ ਤੇਰੀ ਖੰਡ ਤੋਪ ਐ? ਜਿਹੜੀ ਰਾਖੀ ਕਰੂਗੀ? ਦੁਨੀਆਂ ਚੰਦ 'ਤੇ ਪਹੁੰਚ ਗਈ ਐ-ਤੇ ਇਹੇ ਅਜੇ ਵੀ ਚੱਚਰ ਕਰਨੋਂ ਨ੍ਹੀ ਹੱਟਦੇ!"
-"ਯੇਹ ਕੌਨ ਹੈ ਤਸੀਲਦਾਰ ਸਾਹਿਬ?" ਦਿੱਲੀ ਦੇ ਪੁਲੀਸ ਅਫ਼ਸਰ ਨੇ ਪੁੱਛਿਆ। ਉਸ ਨੂੰ ਪੰਜਾਬੀ ਦੀ ਬਹੁਤੀ ਕੋਈ ਸਮਝ ਨਹੀਂ ਆਈ ਸੀ।
-"ਯੇਹ ਦੀਪ ਕੇ ਸਸੁਰ ਵਾਲੋਂ ਕੇ ਨੌਕਰ ਹੈਂ-ਬਗੈਰ ਕਿਸੀ ਬਾਤ ਸੇ ਹਮਾਰਾ ਟਾਈਮ ਬਰਬਾਦ ਕਰ ਰਹੇ ਹੈਂ!" ਤਸੀਲਦਾਰ ਦੀ ਘਰਵਾਲ਼ੀ ਬੋਲੀ ਤਾਂ ਦੀਪ ਆਪਣੇ ਸੱਸ ਸਹੁਰੇ ਵੱਲ ਹੱਥ ਕਰ ਕੇ ਉਚੀ ਉਚੀ ਹੱਸ ਪਈ। ਦੀਪ ਦਾ ਵਿਅੰਗਨੁਮਾ ਹਾਸਾ ਹਰ ਕੌਰ ਦੇ ਸੱਪ ਵਾਂਗ ਲੜ ਗਿਆ। ਇਕ ਤਰ੍ਹਾਂ ਨਾਲ਼ ਕਟਾਰ ਬਣ ਸੀਨੇ ਵਿਚੋਂ ਦੀ ਸਾਰ-ਪਾਰ ਹੋ ਗਿਆ ਸੀ। ਇਕ ਨੂੰਹ ਹੀ ਆਪਣੇ ਸਹੁਰਿਆਂ ਦੀ ਬੇਇੱਜ਼ਤੀ 'ਤੇ ਹੱਸ ਰਹੀ ਸੀ? ਉਸ ਦਾ ਫ਼ਰਜ਼ ਤਾਂ ਬਣਦਾ ਸੀ ਕਿ ਆਪਣੀ ਮਾਂ ਨੂੰ ਫਿ਼ਟਕਾਰ ਪਾਉਂਦੀ, ਕਿ ਤੂੰ ਮੇਰੇ ਸੱਸ ਸਹੁਰੇ ਨਾਲ਼ ਕੀ ਦੁਰ ਵਿਵਹਾਰ ਕਰ ਰਹੀ ਹੈਂ? ਕੀ ਅਵਾ ਤਵਾ ਬੋਲਦੀ ਐਂ? ਮੇਰੇ ਸੱਸ ਸਹੁਰੇ ਨੂੰ ਨੌਕਰ ਹੀ ਦੱਸਦੀ ਹੈਂ? ਪਰ ਇਹ ਕਜਾਤ ਤਾਂ ਆਪ ਹੀ ਹੱਸਣ ਲੱਗ ਪਈ...? ਹਰ ਕੌਰ ਦੇ ਦਿਮਾਗ ਅੰਦਰ ਬੰਬ ਚੱਲੀ ਜਾ ਰਹੇ ਸਨ। ਉਹ ਬੋਲ਼ੀ ਹੋਈ ਖੜ੍ਹੀ ਸੀ।
-"ਚਲੋ, ਖ਼ੈਰ ਕੋਈ ਬਾਤ ਨਹੀਂ! ਯੇਹ ਲੋਗ ਅਪਨੇ ਮਾਲਕ ਸੇ ਕੁਛ ਨਾ ਕੁਛ ਆਸ ਤੋ ਰੱਖਤੇ ਹੀ ਹੈਂ-ਯੇਹ ਲੋ ਔਰ ਪੀਛੇ ਹਟੋ! ਹਮਨੇ ਜਲਦੀ ਅੰਦਰ ਜਾਨਾ ਹੈ!" ਦਿੱਲੀ ਪੁਲਸ ਅਫ਼ਸਰ ਨੇ ਹਰ ਕੌਰ ਨੂੰ ਦੀਪ ਦੇ ਸਹੁਰਿਆਂ ਦੀ ਨੌਕਰਾਣੀ ਸਮਝ ਕੇ ਸੌ ਰੁਪਏ ਦੇਣੇ ਚਾਹੇ। ਪਰ ਉਹ ਹੱਥ ਚੁੱਕ ਕੇ ਪਿੱਛੇ ਹਟ ਗਈ। ਉਸ ਦੀ ਜ਼ੁਬਾਨ ਠਾਕੀ ਜਾ ਚੁੱਕੀ ਸੀ ਅਤੇ ਸਿਰ ਵਿਚ ਤਿੱਖੇ ਵਦਾਣ ਵੱਜੀ ਜਾ ਰਹੇ ਸਨ।
-"ਅਗਰ ਲੇਨਾ ਹੈ ਤਾਂ ਲੋ-ਨਹੀਂ ਤੋ ਯੇਹ ਵੀ ਨਹੀਂ ਮਿਲੇਗਾ!" ਅਫ਼ਸਰ ਨੇ ਕਿਹਾ। ਜਦੋਂ ਕਿਸੇ ਨੇ ਨੋਟ ਨੂੰ ਹੱਥ ਨਾ ਹੀ ਪਾਇਆ ਤਾਂ ਅਫ਼ਸਰ ਸੌ ਦਾ ਨੋਟ ਆਪਣੀ ਜੇਬ ਵਿਚ ਪਾਉਂਦਿਆਂ ਬੜੇ ਕੁਰੱਖ਼ਤ ਸ਼ਬਦਾਂ ਨਾਲ਼ ਸੰਬੋਧਨ ਹੋਇਆ।
-"ਔਰ ਹਾਂ...! ਅਬ ਯਹਾਂ ਸੇ ਭਾਗੋ! ਅਗਰ ਅਬ ਆਪ ਨੇ ਹਮਾਰਾ ਸਮਾਂ ਬਰਬਾਦ ਕੀਆ ਨਾ? ਤੋ ਦੇਖ ਲੀਜੀਏ, ਵੋਹ ਹਾਲਤ ਕਰੂੰਗਾ ਬੁੜ੍ਹੀਆ, ਕਿ ਪੰਜਾਬ ਜਾਨੇ ਕੋ ਤਰਸ ਜਾਏਗੀ...! ਚਲੋ ਬੇਟੇ...! ਆਪ ਇਨਕੇ ਮੂੰਹ ਕਿਉਂ ਲੱਗਤੀ ਹੋ? ਯੇਹ ਲੋਕ ਤੋ ਭੀਖਾਰੀਓਂ ਕੀ ਤਰਹ ਹੋਤੇ ਹੈਂ-ਆਓ ਬੇਟੇ ਚਲੇਂ...!" ਤੇ ਪੁਲੀਸ ਅਫ਼ਸਰ ਦੀਪ ਨੂੰ ਅਗਵਾਈ ਦਿੰਦਾ ਅੱਗੇ ਲੱਗ ਤੁਰਿਆ। ਪਿੱਛੇ ਪਿੱਛੇ ਉਸ ਦੇ ਮਾਂ-ਬਾਪ ਸਨ। ਦੀਪ ਨੇ ਇਕ ਝਲਕ ਵੀ ਪਿੱਛੇ ਮੁੜ ਕੇ ਦੇਖਣ ਦੀ ਤਕਲੀਫ਼ ਨਹੀਂ ਕੀਤੀ। ਜਾਗਰ ਸਿੰਘ ਹੋਰੀਂ ਵਾਕਿਆ ਹੀ ਮੰਗਤਿਆਂ ਵਾਂਗ ਖੜ੍ਹੇ ਸਨ।
----
ਉਹ ਹਾਰੇ ਜੁਆਰੀਏ ਵਾਂਗ ਵਾਪਿਸ ਕਾਰ ਕੋਲ ਆ ਗਏ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ। ਸਾਰੇ ਪੱਥਰ ਦੇ ਬੁੱਤਾਂ ਵਾਂਗ ਸਿਲ਼-ਪੱਥਰ ਹੋਏ ਪਏ ਸਨ। ਲੈਣ ਤਾਂ ਉਹ ਇੱਕ ਤਰ੍ਹਾਂ ਨਾਲ਼ ਸ਼ਾਬਾਸ਼ੇ ਆਏ ਸਨ। ਪਰ ਉਹਨਾਂ ਦੇ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਬੇਇੱਜ਼ਤੀ ਅਤੇ ਬਦਨਾਮੀ ਹੀ ਪੱਲੇ ਪਈ ਸੀ। ਬਖ਼ਸ਼ਾਉਣ ਰੋਜ਼ੇ ਆਏ ਸਨ ਅਤੇ ਸਿਰ ਨਮਾਜ਼ਾਂ ਪੈ ਗਈਆਂ ਸਨ। ਦੀਪ ਦੀ ਮਾਂ ਹੀ ਉਹਨਾਂ ਨੂੰ ਲਾਗੀ ਅਤੇ ਭਿਖਾਰੀ ਬਣਾ ਕੇ ਤੁਰ ਗਈ ਸੀ...!
ਜਾਗਰ ਸਿੰਘ ਨੇ ਨਮੋਸ਼ੀ ਪਰਾਂਹ ਕਰਨ ਲਈ ਕਾਰ ਵਿਚ ਬੈਠਣ ਸਾਰ ਕਈ ਕਰੜੇ ਪੈੱਗ ਸੂਤ ਦਿੱਤੇ। ਹਰ ਕੌਰ ਦੀ ਹਾਲਤ ਅੱਗੇ ਨਾਲੋਂ ਵੀ ਭੈੜ੍ਹੀ ਅਤੇ ਤਰਸਯੋਗ ਬਣ ਗਈ ਸੀ। ਉਸ ਨੇ ਫਿਰ ਕਮਲ਼ ਜਿਹਾ ਮਾਰਨਾ ਸ਼ੁਰੂ ਕਰ ਦਿੱਤਾ।
-"ਆਹ ਤਾਂ 'ਨ੍ਹੇਰ ਐ ਭਾਈ...! ਨੂੰਹ ਦੀ ਮਾਂ ਈ ਕੁੜੀ ਦੇ ਸੱਸ ਸਹੁਰੇ ਨੂੰ ਨੌਕਰ ਹੀ ਦੱਸੇ...? ਚਲ ਪੁਲਸ ਆਲ਼ੇ ਦੇ ਤਾਂ ਵਿਚਾਰੇ ਦੇ ਕੀ ਬੱਸ ਐ? ਉਹਨੇ ਤਾਂ ਸਾਨੂੰ ਲਾਗੀ ਦੱਥਾ ਸਮਝ ਕੇ ਲਾਗ ਦੇਣਾ ਚਾਹਿਆ-ਉਹਦਾ ਕੋਈ ਕਸੂਰ ਨ੍ਹੀ, ਬਿਚਾਰੇ ਦਾ! ਪਰ ਕਸੂਰ ਤਾਂ ਸਾਰਾ ਆਬਦੀ ਨੂੰਹ ਦਾ ਐ! ਬਈ ਕੁੱਤੀਏ ਰੰਨੇ...! ਤੇਰੀ ਲੁੱਚੀ ਮਾਂ ਜਦੋਂ ਸਾਨੂੰ ਨੌਕਰ ਦੱਸਦੀ ਸੀ-ਤੈਥੋਂ ਮੂੰਹ 'ਤੇ ਨਾ ਮਾਰ ਹੋਇਆ? ਬਈ ਖ਼ਬਰਦਾਰ ਮਾਂ...! ਇਹ ਮੇਰੇ ਸੱਸ ਸਹੁਰਾ ਲੱਗਦੇ ਐ...!" ਹਰ ਕੌਰ ਨੂੰ ਹੱਥੂ ਆ ਗਿਆ। ਜਦੋਂ ਉਹ ਕਾਫ਼ੀ ਦੇਰ ਖੰਘਣੋਂ ਨਾ ਹਟੀ ਤਾਂ ਡਰਾਈਵਰ ਨੇ ਗੱਡੀ ਰੋਕ ਲਈ। ਸੁਖਦੇਵ ਨੇ ਉਸ ਨੂੰ ਪੀਣ ਲਈ ਪਾਣੀ ਦੀ ਬੋਤਲ ਦੇ ਦਿੱਤੀ।
ਜਾਗਰ ਸਿੰਘ ਕੁਝ ਨਾ ਬੋਲਿਆ। ਉਹ ਕਹਿਣਾ ਤਾਂ ਚਾਹੁੰਦਾ ਸੀ ਕਿ ਜੇ ਹੁਣ 'ਨ੍ਹੇਰ' ਹੈ, ਤਾਂ ਤੂੰ ਹੁਣ ਲਾਲਟੈਣ ਜਗਾਉਣੀਂ ਐਂ? ਚੁੱਪ ਨਹੀਂ ਕੀਤਾ ਜਾਂਦਾ? ਪਰ ਉਹ ਅਥਾਹ ਦੁਖੀ, ਆਪ ਚੁੱਪ ਸੀ। ਉਹ ਸੱਪ ਵਾਂਗ ਗੁੰਝਲੀ ਜਿਹੀ ਮਾਰੀ ਗੱਡੀ ਵਿਚ ਪਿਆ ਸੀ।
ਪਾਣੀ ਪੀਣ ਤੋਂ ਬਾਅਦ ਹਰ ਕੌਰ ਨੂੰ ਹੱਥੂ ਆਉਣੋਂ ਬੰਦ ਹੋ ਗਿਆ।
ਉਸ ਨੇ ਸਾਹ ਜਿਹਾ ਲੈ ਕੇ ਫਿਰ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
-"ਕਿੱਡੀ ਮਾੜੇ ਖਲ਼ਣੇ ਦੀ ਐ...? ਬਈ ਸਹੁਰੀਏ, ਆਬਦੇ ਸੱਸ ਸਹੁਰੇ ਦੀ ਤੂੰ ਇੱਜ਼ਤ ਨਹੀਂ ਕਰਨੀ, ਨਾ ਕਰ! ਪਰ ਆਬਦੀ ਕੁੱਤੀ ਮਾਂ ਦੇ ਤਾਂ ਲਗਾਮ ਪਾ...! ਉਹ ਤਾਂ ਸਾਨੂੰ ਲਾਗੀ ਦੱਥਾ ਈ ਦੱਸੀ ਜਾਂਦੀ ਐ! ਹੈਅ ਥੋਡੀ ਬੇੜੀ ਬਹਿਜੇ, ਥੋਡੀ...! ਸਾਰਾ ਆਵਾ ਈ ਊਤਿਆ ਪਿਐ! ਕੋਈ ਤਾਂ ਸਿੱਧੇ ਮੂੰਹ ਬੋਲੇ...? ਪਿਉ ਕੰਜਰ ਤਾਂ ਮੂੰਹ ਫ਼ੱਟ! ਮਾਂ ਊਂ ਲੁੱਚੀ ਤੇ ਆਪ...?"
-"ਚੱਲ ਬੱਸ ਵੀ ਕਰ ਹੁਣ, ਕੰਜਰ ਦੀਏ! ਲੱਗ ਪਈ ਫੇਰ ਕੁੱਤੇ ਮਾਂਗੂੰ ਭੌਂਕਣ! ਮੈਨੂੰ ਹੋਰ ਡਰ ਐ ਬਈ ਕਿਤੇ ਹੁਣ ਤੇਰੇ ਨਾ ਸੰਗਲ਼ ਲਾਉਣਾ ਪਵੇ...?" ਜਾਗਰ ਸਿੰਘ ਹਰ ਕੌਰ ਦੀ 'ਟੈਂ-ਟੈਂ' ਤੋਂ ਦੁਖੀ ਹੋ ਗਿਆ ਸੀ। ਦੁੱਖ ਉਸ ਨੂੰ ਵੀ ਸੀ! ਪਰ ਬੰਦਿਆਂ ਦਾ ਮਾਜਰਾ ਕਰੜਾ ਹੁੰਦੈ! ਉਹ ਮੁਰਕੜੀ ਜਿਹੀ ਮਾਰੀ ਹੀ ਪਿਆ ਰਿਹਾ।
-"ਕੀ ਹੁਣ ਕੋਈ ਜੂਨ ਐਂ ਆਪਣੀ...?" ਉਹ ਹੋਰ ਦੁਖੀ ਹੋ ਕੇ ਬੋਲੀ।
-"ਫੇਰ ਖੂਹ 'ਚ ਮਾਰ ਛਾਲ਼...! ਭੈਣ ਦਾ ਟਣਾਂ ਈ ਯਹਾਵੀ, ਕਮਲ਼ਿਆਂ ਮਾਂਗੂੰ ਬੋਲਣੋ ਈ ਨ੍ਹੀ ਹਟਦੀ-ਉਹ ਤੇਰੀ ਮਾਂ ਜਹਾਜ 'ਚ ਬੈਠੀ ਐ-ਤੇ ਤੂੰ ਸਾਨੂੰ ਕਥਾ ਸੁਣਾਈ ਜਾਨੀ ਐਂ, ਕੋਈ ਫ਼ਾਇਦਾ? ਜਾਂ ਤਾਂ ਉਦੋਂ ਉਹਦੀ ਹਿੱਕ 'ਚ ਮਾਰਦੀ ਟੱਕਰ...! ਤੈਨੂੰ ਚੱਕ ਵੀ ਲਿਆਉਂਦੇ! ਹੁਣ ਭੌਂਕਣ ਲੱਗੀ ਐਂ-ਹੁਣ ਦੱਸ ਕੀ ਲਾਭ...?"
ਉਹ ਲੜਦੇ ਝਗੜਦੇ ਘਰ ਪਹੁੰਚ ਗਏ।
----
ਹਰ ਕੌਰ ਦਾ ਦਿਮਾਗ ਵਾਕਿਆ ਹੀ ਹਿੱਲ ਗਿਆ ਸੀ। ਇਕੋ ਇਕ ਪੁੱਤ ਵਿਆਹਿਆ ਸੀ। ਉਸ ਦੀ ਤੀਵੀਂ ਵੀ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੀ ਸੀ। ਇੱਜ਼ਤ ਤਾਂ ਕੀ ਕਰਨੀ ਸੀ? ਸਾਰਾ ਟੱਬਰ ਉਹਨਾਂ ਨੂੰ ਨੌਕਰ ਗਰਦਾਨ ਰਿਹਾ ਸੀ। ਇਹ ਹਰ ਕੌਰ ਲਈ ਬੜੀ ਨਮੋਸ਼ੀ ਵਾਲ਼ੀ ਗੱਲ ਸੀ। ਉਸ ਨੂੰ ਧਰਤੀ ਵਿਹਲ ਨਹੀਂ ਦਿੰਦੀ ਸੀ। ਉਹ ਹੁਣ ਸਾਰੀ ਸਾਰੀ ਰਾਤ ਨਹੀਂ ਸੌਂਦੀ ਸੀ। ਜੇ ਕਦੇ ਸੌਂ ਵੀ ਜਾਂਦੀ ਤਾਂ ਸੁੱਤੀ ਪਈ ਵੀ ਬਰੜਾਹਟ ਕਰਨੋਂ ਨਹੀਂ ਹਟਦੀ ਸੀ। ਸਾਰੇ ਪਰਿਵਾਰ ਨੂੰ ਹੁਣ ਡਰ ਜਿਹਾ ਪੈ ਗਿਆ ਸੀ ਕਿ ਜੇ ਬੇਬੇ ਦੀ ਹਾਲਤ ਇਉਂ ਹੀ ਰਹੀ ਤਾਂ ਉਸ ਦੇ ਦਿਮਾਗ ਵਿਚ ਫਰਕ ਪੈ ਜਾਵੇਗਾ। ਬੇਬੇ ਕੋਲ਼ ਸਿਰਫ਼ ਇਕ ਹੀ ਦੁੱਖੜਾ ਹੁੰਦਾ, ਨੂੰਹ ਵਾਲ਼ਾ! ਜਾਗਰ ਸਿਉਂ ਦੀ ਹਾਲਤ ਵੀ ਬੁਰੀ ਸੀ। ਉਹ ਏਅਰਪੋਰਟ 'ਤੇ ਹੋਈ ਬੇਇੱਜ਼ਤੀ ਕਰਕੇ ਹੁਣ ਚੁੱਪ ਗੜੁੱਪ ਜਿਹਾ ਹੀ ਰਹਿਣ ਲੱਗ ਪਿਆ ਸੀ। ਏਅਰਪੋਰਟ ਵਾਲ਼ਾ ਜ਼ਖ਼ਮ ਅੰਦਰੇ ਅੰਦਰ ਨਾਸੂਰ ਬਣਦਾ ਜਾ ਰਿਹਾ ਸੀ। ਉਹ ਹੁਣ ਦਿਨੇ ਵੀ ਦਾਰੂ ਦੀ ਗਿਲਾਸੀ ਅੰਦਰ ਸੁੱਟੀ ਰੱਖਦਾ। ਪਰ ਕਿਸੇ ਨਾਲ਼ ਦਿਲ ਦਾ ਦੁੱਖ ਸਾਂਝਾ ਨਾ ਕਰਦਾ। ਉਸ ਦਾ ਦੁੱਖ ਹੁਣ ਦਿਨੋ ਦਿਨ ਖ਼ਰੂਦੀ ਰੂਪ ਧਾਰਨ ਕਰਦਾ ਜਾ ਰਿਹਾ ਸੀ! ਉਸ ਦੀ ਭਿਆਨਕ ਚੁੱਪ ਹੀ ਉਸ ਦੀ ਜਾਨ ਦਾ ਖੌਅ ਬਣੀ ਹੋਈ ਸੀ। ਹੋਰ ਤਾਂ ਹੋਰ...? ਹੁਣ ਤਾਂ ਉਹ ਬੋਲ ਕਬੋਲ ਕਰਦੀ ਹਰ ਕੌਰ ਨੂੰ ਵੀ ਕੁਝ ਨਾ ਆਖਦਾ! ਸਾਊ ਜਿਹਾ ਬਣ ਕੇ ਤੱਕਦਾ ਰਹਿੰਦਾ। ਜਾਗਰ ਸਿੰਘ ਇਕ ਤਰ੍ਹਾਂ ਨਾਲ਼ ਬੁੱਤ ਹੀ ਤਾਂ ਬਣ ਗਿਆ ਸੀ। ਇਕ ਤੁਰਦੀ ਫਿਰਦੀ ਲਾਸ਼! ਉਸ ਦਾ ਸਰੀਰ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਹੁਣ ਉਹ ਖੇਤ ਵਿਚ ਖੜ੍ਹਾ ਡਰਨਾ ਹੀ ਜਾਪਦਾ!
***************
ਤੇਈਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।
No comments:
Post a Comment