ਤਲਾਕ ਦੇ ਕਾਗਜ਼ ਬੋਝੇ ਪਾ ਕੇ ਹਰਦੇਵ ਬੜੀ ਸ਼ਾਨੋ-ਸ਼ੌਕਤ ਨਾਲ਼ ਇੰਡੀਆ ਨੂੰ ਉਡਾਰੀ ਮਾਰ ਗਿਆ। ਜਾਣ ਤੋਂ ਪਹਿਲਾਂ ਉਸ ਨੇ ਜੀਅ ਭਰ ਕੇ ਖ਼ਰੀਦੋ-ਫ਼ਰੋਖ਼ਤ ਕੀਤੀ ਸੀ। ਬਹੁਤੀ ਤਵੱਜੋ ਤਾਂ ਉਸ ਨੇ ਹੋਣ ਵਾਲ਼ੀ ਪਤਨੀ ਲਈ ਹੀ ਦਿੱਤੀ ਸੀ। ਬਾਪੂ ਲਈ ਪੰਜ ਬੋਤਲਾਂ 'ਜਾਨੀ ਵਾਕਰ' ਦੀਆਂ ਖਰੀਦ ਲਈਆਂ ਸਨ। ਸਾਰੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ ਦਿੱਤੇ ਸਨ। ਦੋ ਕਿੱਲੋ ਸੋਨਾ ਅਤੇ ਚਾਰ ਵੱਡੇ ਅਟੈਚੀ ਸਮਾਨ ਦੇ ਭਰ ਕੇ ਹਰਦੇਵ ਦਿੱਲੀ ਏਅਰਪੋਰਟ ਜਾ ਉਤਰਿਆ। ਬੇਬੇ ਸਮੇਤ ਸਾਰਾ ਟੱਬਰ ਹੀ ਉਸ ਨੂੰ ਲੈਣ ਆਇਆ ਹੋਇਆ ਸੀ। ਪ੍ਰੀਵਾਰ ਨੇ ਇਕ ਮਿੰਨ੍ਹੀ ਬੱਸ ਕਿਰਾਏ 'ਤੇ ਲਈ ਹੋਈ ਸੀ। ਜਿਵੇਂ ਕਿਤੇ ਤੀਰਥ 'ਤੇ ਚੱਲੇ ਸਨ। ਬੱਸ ਵਿਚ 'ਰੈੱਡ ਨਾਈਟ' ਦੀ ਪੇਟੀ ਬਾਪੂ ਨੇ ਤੁਰਨ ਤੋਂ ਪਹਿਲਾਂ ਹੀ ਰਖਵਾ ਲਈ ਸੀ ਅਤੇ ਹਰਦੇਵ ਦੀ ਫ਼ਲਾਈਟ ਉਤਰਨ ਤੋਂ ਪਹਿਲਾਂ ਹੀ ਉਸ ਨੇ ਦੋ 'ਲੰਡੇ' ਪੈੱਗ ਸੜ੍ਹਾਕ ਧਰੇ ਸਨ। ਬੇਬੇ ਨੇ ਜਾਗਰ ਸਿਉਂ ਨੂੰ ਦਾਰੂ ਪੀਣੋਂ ਜ਼ਰੂਰ ਰੋਕਿਆ ਸੀ। ਪਰ ਜਾਗਰ ਸਿਉਂ ਨੇ, "ਮੁੰਡੇ ਨੂੰ ਲੈਣ ਆਏ ਐਂ! ਕਿਸੇ ਮਰਨੇ ਪਰਨੇ 'ਤੇ ਜਾਂ ਕਿਸੇ ਨੂੰ ਫ਼ਕੌਣ ਨ੍ਹੀ ਆਏ...! ਗੱਲਾਂ ਕੀ ਕਰਨ ਲੱਗਪੀ ਭੈਣ ਦਾ ਕੜਛਾ ਈ ਯ੍ਹਾਵੀ! ਤੇਰੀਆਂ ਦੁੱਧ ਰਿੜਕਣ ਆਲ਼ੀਆਂ ਆਦਤਾਂ ਨ੍ਹੀ ਜਾਣੀਆਂ! ਤੈਨੂੰ ਕਿੰਨੇ ਆਰੀ ਆਖਿਐ ਬਈ ਆਬਦਾ ਘਸਮੈਲ਼ਾ ਜਿਆ ਮੂੰਹ ਬੰਦ ਰੱਖਿਆ ਕਰ...! ਅਕਲ ਨ੍ਹੀ ਆਉਂਦੀ ਤੈਨੂੰ?" ਆਖ ਕੇ ਬਾਪੂ ਨੇ ਬੇਬੇ ਨੂੰ ਏਅਰਪੋਰਟ ਦਾ ਸੁਆਦ ਦਿਖਾ ਦਿੱਤਾ ਸੀ। ਬੇਬੇ ਚੁੱਪ ਕਰ ਗਈ ਸੀ। ਉਸ ਨੂੰ ਜਾਗਰ ਸਿਉਂ ਦੇ ਅੜਬ ਸੁਭਾਅ ਦਾ ਪ੍ਰਤੱਖ ਪਤਾ ਸੀ। ਜਾਗਰ ਸਿਉਂ ਨੂੰ ਪੀਤੀ ਵਿਚ ਛੇੜਨਾ ਇਕ ਤਰ੍ਹਾਂ ਨਾਲ ਭਰਿੰਡਾਂ ਦੀ ਖੱਖਰ ਨੂੰ ਹੱਥ ਪਾਉਣ ਬਰਾਬਰ ਸੀ।
----
ਬ੍ਰਿਟਿਸ਼ ਏਅਰਵੇਜ਼ ਸਵੇਰੇ ਦੋ ਵਜੇ ਉਤਰੀ। ਇੰਮੀਗਰੇਸ਼ਨ ਅਤੇ ਕਸਟਮ ਤੋਂ ਵਿਹਲਾ ਹੋ ਕੇ ਹਰਦੇਵ ਪੰਜ ਕੁ ਵਜੇ ਏਅਰਪੋਰਟ ਤੋਂ ਬਾਹਰ ਨਿਕਲਿਆ। ਦੇਖ ਕੇ ਬੇਬੇ ਬਾਪੂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾਂ ਨਾ ਰਿਹਾ। ਹਰਦੇਵ ਅੱਗੇ ਨਾਲ਼ੋਂ ਦੁੜਕਿਆ ਹੋਇਆ, ਕੋਟ ਪੈਂਟ ਵਿਚ ਬਾਹਵਾ ਫ਼ੱਬਦਾ ਸੀ। ਪਹਿਲਾਂ ਛਿਲਕਾਂ ਦੇ ਘੋੜ੍ਹੇ ਵਰਗਾ ਹਰਦੇਵ, ਅੱਜ ਬੇਬੇ ਦੀ ਜੱਫ਼ੀ ਵਿਚ ਮਸਾਂ ਆਇਆ ਸੀ। ਉਹ ਦੁਰਮਟ ਹੀ ਤਾਂ ਬਣਿਆ ਪਿਆ ਸੀ! ਪਿਆਰ ਦਿੰਦੀ ਬੇਬੇ ਨੇ ਜਾਗਰ ਸਿਉਂ ਤੋਂ ਚੋਰੀ ਪਰ੍ਹੇ ਮੂੰਹ ਕਰਕੇ ਥੁੱਕ ਦਿੱਤਾ ਸੀ। ਜੇ ਜਾਗਰ ਸਿਉਂ ਨੂੰ ਪਤਾ ਲੱਗ ਜਾਂਦਾ, ਤਾਂ ਉਸ ਨੇ ਫਿਰ ਗਾਲ੍ਹਾਂ ਦੀ ਸੂੜ ਬੰਨ੍ਹ ਲੈਣੀ ਸੀ। ਬਚਾਓ ਵਿਚ ਹੀ ਬਚਾਓ ਸੀ। ਜਾਗਰ ਸਿਉਂ ਦਾ ਕੋਈ ਇਤਬਾਰ ਨਹੀਂ ਸੀ ਕਿ ਕਦੋਂ ਰੋਡਵੇਜ਼ ਦੀ ਬੱਸ ਵਾਂਗ ਬਿੱਟਰ ਜਾਵੇ? ਬੇਬੇ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਸੀ!
---
ਬੇਬੇ ਨੇ ਸਾਰੀ ਸੁੱਖ ਸਾਂਦ ਪੁੱਛੀ।
ਬਾਪੂ ਨੇ ਦੋ ਕਰੜੇ ਪੈੱਗ ਹੋਰ ਚਾੜ੍ਹ ਲਏ ਅਤੇ ਪਿੰਡ ਨੂੰ ਰਵਾਨਾ ਹੋ ਗਏ।
ਗੱਲ ਚੱਲਦੀ ਚੱਲਦੀ ਮੀਤੀ 'ਤੇ ਆ ਕੇ ਰੁਕ ਗਈ। ਗੱਲ ਬਾਪੂ ਨੇ ਹੀ ਸ਼ੁਰੂ ਕੀਤੀ ਸੀ।
-"ਕੀ ਮਾਜਰਾ ਕੀ ਬਣ ਗਿਆ ਸੀ, ਮੀਤੋ ਨਾਲ਼?" ਜਾਗਰ ਸਿਉਂ ਨੇ ਪੁੱਛਿਆ ਸੀ।
-"ਬੱਸ ਬਾਪੂ ਜੀ, ਥੋੜਾ ਜਿਆ ਜਾਅਦੇ ਈ ਤੰਗ ਕਰਨ ਲੱਗਪੀ ਸੀ।" ਹਰਦੇਵ ਨੇ ਅੱਤ ਸੰਖੇਪ ਦੱਸਿਆ।
-"ਚਾਰ ਮਾਰਦਾ ਗੱਤਲ਼ੇ 'ਚ! ਜੇ ਖੰਘ ਵੀ ਜਾਂਦੀ...? ਤੇਰੀ ਬੇਬੇ ਦੇ ਮੈਂ ਹੁਣ ਤੱਕ ਖਰਖਰਾ ਫ਼ੇਰਦਾ ਰਿਹੈਂ-ਤਾਂ ਜਾ ਕੇ ਇਹ ਟਿਕੀ ਐ! ਨਹੀਂ ਹਟ ਕੁੱਤੀਏ ਇਹ ਨ੍ਹੀ ਸੀ ਆਖਣ ਦਿੰਦੀ...!" ਬਾਪੂ ਦਾਰੂ ਨਾਲ਼ 'ਤੋਤਾ' ਬਣਿਆਂ ਬੈਠਾ ਸੀ।
-"ਲੈ, ਕਰਲਾ ਗੱਲ! ਹੋਰ ਛੇੜਲਾ ਇਹਨੂੰ ਫਿੱਟਣੀਆਂ ਦੇ ਫ਼ੇਟ ਨੂੰ! ਇਹਨੂੰ ਕੁੱਟਣ ਤੋਂ ਬਿਨਾ ਹੋਰ ਕੋਈ ਗੱਲ ਆਉਂਦੀ ਨ੍ਹੀ-ਧੌਲ਼ਾ ਝਾਟਾ ਮੂੰਹ 'ਤੇ ਐ!" ਬੇਬੇ ਨੇ ਬੁੱਲ੍ਹ ਟੇਰੇ।
-"ਉਥੇ ਗੱਤਲ਼ੇ 'ਚ ਮਾਰਨਾ ਖੇਡ ਨ੍ਹੀ ਬਾਪੂ! ਉਥੇ ਤਾਂ ਜੇ ਤੀਮੀ ਨੂੰ ਹੱਥ ਲਾਓ-ਪੁਲਸ ਚੱਕ ਕੇ ਅੰਦਰ ਦੇ ਦਿੰਦੀ ਐ!"
-"ਅੱਛਿਆ...? ਤਾਂ, ਤਾਂ ਬੜੇ ਛੋਕਰੀ ਯ੍ਹਾਵੇ ਐ ਬਈ! ਤੀਮੀ ਛਿੱਤਰ ਬਿਨਾ ਤਾਂ ਊਂਈਂ ਨ੍ਹੀ ਲੋਟ ਆਉਂਦੀ।"
-"ਆਉਂਦੀ ਨ੍ਹੀ ਲੋਟ...!" ਤਪੀ ਬੇਬੇ ਫਿਰ ਬੋਲ ਪਈ।
-"ਤੂੰ ਦੇਖੀ ਜਾਨੈਂ ਹਰਦੇਵ ਸਿਆਂ? ਹੁਣ ਇਹ ਤੇਰੇ ਬੈਠੇ ਕਰਕੇ ਤਾਤੇ ਬਾਤੇ ਕਰਦੀ ਐ! ਜੇ ਮੈਂ 'ਕੱਲਾ ਹੁੰਦਾ-ਸਾਹ ਨ੍ਹੀ ਸੀ ਕੱਢਦੀ-ਹੁਣ ਦੇਖਲਾ ਪਟਰਾਣੀਂ ਬਣੀ ਬੈਠੀ ਐ।"
-"ਹਰਦੇਵ ਕਰਕੇ ਮਾੜਾ ਮੋਟਾ ਮੂਹਰੇ ਬੋਲਣ ਲੱਗੀ ਐਂ ਤੇਰੇ-ਤੂੰ ਤਾਂ ਬਥੇਰੀ ਕੀਤੀ ਐ ਹੁਣ ਤੱਕ ਮੇਰੇ ਮੂੰਹ ਨਾਲ! ਸਾਰੀ ਉਮਰ ਜੁੱਤੀ ਹੇਠ ਰੱਖਿਐ ਮੈਨੂੰ!" ਬੇਬੇ ਨੇ ਪੁਰਾਣੇ ਸ਼ਿਕਵੇ ਉਧੇੜਨੇ ਸ਼ੁਰੂ ਕਰ ਦਿੱਤੇ।
-"ਤੂੰ ਮੈਥੋਂ ਕਿਤੇ ਹੁਣ ਤਾਂ ਨ੍ਹੀ ਲਿਵਤਰੇ ਖਾਣੇ...? ਨਹੀਂ ਸਰਦਾ ਹੁਣ ਤੇਰਾ?" ਬਾਪੂ ਸੀਟ ਤੋਂ ਇਕ ਦਮ ਪਿੱਛੇ ਨੂੰ ਉਲਰਿਆ। ਜਿਵੇਂ ਸੱਜਰ ਸੂਈ ਮੱਝ ਕੱਟਰੂ ਵੱਲ ਹੇਲ਼ੀਆਂ ਲੈ-ਲੈ ਜਾਂਦੀ ਹੈ।
-"ਬੱਸ ਵੀ ਕਰ ਬਾਪੂ...! ਬਥੇਰਾ ਬੇਬੇ ਨੇ ਖੱਪਰ ਖਿਉਂਇਐਂ! ਇਹ ਵੀ ਝੂਠੀ ਨ੍ਹੀ।" ਹਰਦੇਵ ਨੇ ਵਰਜਿਆ।
-"ਨਹੀਂ ਹਰਦੇਵ ਸਿਆਂ! ਇਹਦੇ ਢਿੱਡ ਪੀੜ ਹੋਣ ਲੱਗਪੀ ਐ-ਹੁਣ ਮੈਨੂੰ ਮੈਦ ਐ ਇਹ ਚੂਰਨ ਭਾਲ਼ਦੀ ਐ-ਮੈਂ ਬੁੱਢੀਆਂ ਹੱਡੀਆਂ ਦੇਖ ਕੇ ਚੁੱਪ ਕਰ ਜਾਨੈਂ-ਬਈ ਹੁਣ ਜੁੜਨੀਆਂ ਨ੍ਹੀ! ਪਰ ਕਾਹਨੂੰ...? ਜਿੰਨਾਂ ਚਿਰ ਇਹਨੂੰ ਬੱਕਲ਼ ਨਾ ਚਾਰਾਂ-ਇਹ ਕੌੜ ਮੱਝ ਮਾਂਗੂੰ ਅੜਾਹਟ ਈ ਪਾਈ ਜਾਂਦੀ ਰਹਿੰਦੀ ਐ।"
-"ਗੱਲ ਕੀ ਕਰਦੇ ਸੀ? ਤੋਰ ਕੇ ਕਿੱਧਰ ਨੂੰ ਬਹਿ ਗਿਆ, ਚੌਰਾ!" ਬੇਬੇ ਬਾਜ਼ ਨਹੀਂ ਆ ਰਹੀ ਸੀ।
-"ਲਾ ਕੇ ਘੁੱਟ ਮੂੰਹ ਨੂੰ-ਲੱਗ ਪਿਆ ਕੁੱਤੇ ਮਾਂਗੂੰ ਭੌਂਕਣ! ਮੂਹਰਲੀ ਸੀਟ 'ਤੇ ਬੈਠੈ ਅੜਿਆ-ਜਿਵੇਂ ਵਾੜ 'ਚ ਬਿੱਲਾ ਫ਼ਸਿਆ ਹੁੰਦੈ! ਸ਼ਰਮ ਦਾ ਘਾਟਾ! ਤੂੰ ਕਿਸੇ ਜੁਆਕ ਨੂੰ ਮੂਹਰੇ ਬਹਿਣ ਦੇ-ਚੁੱਪ ਕਰਕੇ ਪਿੱਛੇ ਨ੍ਹੀ ਬੈਠਾ ਜਾਂਦਾ?"
-"ਤੂੰ ਕਰਜਾ ਚੁੱਪ...! ਮਾਰ ਕੇ ਬੋਤਲ ਮੱਥੇ 'ਚ-ਟੀਕ ਚਲਾਦੂੰ!" ਬਾਪੂ ਫਿਰ ਪਹਿਲਣ ਝੋਟੀ ਵਾਂਗ ਵੱਟ ਜਿਹਾ ਕਰਨ ਲੱਗ ਪਿਆ। ਉਹ ਜਾੜ੍ਹ ਘੁੱਟ ਕੇ ਪਿੱਛੇ ਨੂੰ ਹੂਰਾ ਲੈ ਕੇ ਜਾਂਦਾ ਸੀ।
-"ਬਾਪੂ ਜੀ, ਤੁਸੀਂ ਹੁਣ ਚੁੱਪ ਵੀ ਕਰਜੋ...!" ਹਰਦੇਵ ਨੇ ਖਿਝ ਕੇ ਕਿਹਾ। ਸ਼ਾਇਦ ਉਹ ਬਾਪੂ ਅੱਗੇ ਪਹਿਲੀ ਵਾਰ ਅੱਕਰਾ ਬੋਲਿਆ ਸੀ। ਬਾਕੀ ਸਾਰੇ ਭੈਣ ਭਾਈ ਚੁੱਪ ਸਨ। ਉਹ ਕਲੇਸ਼ ਦੇ ਇਕ ਤਰ੍ਹਾਂ ਨਾਲ਼ ਆਦੀ ਹੋ ਚੁੱਕੇ ਸਨ।
-"ਨਹੀਂ ਹਰਦੇਵ ਸਿਆਂ...! ਤੈਨੂੰ ਇਹਦੇ ਮਤੇ ਦਾ ਨ੍ਹੀ ਪਤਾ! ਇਹ ਨ੍ਹੀ ਹੱਟਦੀ-ਜਿੰਨਾ ਚਿਰ ਇਹਨੂੰ ਤੱਤਾ ਠੰਢਾ ਨਾ ਪਵੇ-ਹੁਣ ਕਰਗੀ ਨਾ ਚੁੱਪ? ਬਈ ਜਬਾੜਿਆਂ 'ਚ ਗਿਲਾਸ ਆਊ-ਕਰਦੀ ਕੀ ਫਿਰਦੀ ਐ, ਮੱਚੜ ਜੀ!"
-"ਤੁਸੀਂ ਘਰੇ 'ਕੱਲੇ ਕਿਵੇਂ ਕੱਟਦੇ ਹੋਵੋਂਗੇ? ਸਾਡੇ ਬੈਠਿਆਂ ਤੋਂ ਨ੍ਹੀ ਹੱਟਦੇ?"
-"ਘਰੇ...? ਰੱਬ ਰੱਬ ਕਰ! ਘਰੇ 'ਕੱਲੀ ਇਹ ਕੁਸਕਦੀ ਨ੍ਹੀ, ਮਖ ਜਮਾਂ ਈ ਨ੍ਹੀ ਕੁਸਕਦੀ...! ਇਹਨੂੰ ਪਤੈ ਬਈ ਜੁੱਤੀ ਸਿਰ 'ਚ ਆਊ।"
-"ਚਲੋ, ਬੱਸ ਵੀ ਕਰੋ ਹੁਣ...!" ਹਰਦੇਵ ਨੇ ਗੱਲ ਹਾਸੇ ਵਿਚ ਪਾ ਲਈ।
ਉਹਨਾਂ ਨੇ ਰਸਤੇ 'ਚ ਖੜ੍ਹ ਕੇ ਹੋਟਲ ਤੋਂ ਰੋਟੀ ਖਾਧੀ। ਜਾਗਰ ਸਿਉਂ ਪੂਰੀ ਬੋਤਲ ਸੂਤ ਕੇ ਅਤੇ ਰੋਟੀ ਖਾ ਕੇ ਘੁਰਾੜ੍ਹੇ ਮਾਰਨ ਲੱਗ ਪਿਆ ਸੀ। ਸਾਰੀ ਰਾਤ ਸਫ਼ਰ ਕਰਕੇ ਸਵੇਰੇ ਨੌਂ ਕੁ ਵਜੇ ਉਹ ਪਿੰਡ ਪਹੁੰਚੇ।
ਥੱਕੇ ਹੋਣ ਕਾਰਨ ਸਾਰੇ ਸੌਂ ਗਏ।
----
ਆਥਣ ਦੇ ਚਾਰ ਕੁ ਵਜੇ ਸਾਰੇ ਉਠੇ। ਅਜੇ ਉਹ ਮੂੰਹ ਹੱਥ ਹੀ ਧੋ ਰਹੇ ਸਨ। ਹਰਦੇਵ ਨਹਾਉਣ ਵੜਿਆ ਹੋਇਆ ਸੀ। ਅਚਾਨਕ ਜੁਗਾੜ ਸਿਉਂ ਪਹੁੰਚ ਗਿਆ। ਜਾਗਰ ਸਿਉਂ ਨੂੰ ਚੱਕਰ ਆਇਆ। ਉਹ ਧੁਰੋਂ ਹਿੱਲ ਗਿਆ। ਉਸ ਦਾ ਰੰਗ ਉਡ ਗਿਆ ਸੀ ਕਿ ਇਹ ਸਾਲ਼ਾ ਜਮਦੂਤ ਅੱਜ ਕਿੱਧਰੋਂ ਆ ਵੜਿਆ? ਨਾ ਅੱਗੇ, ਨਾ ਪਿੱਛੇ? ਹਰਦੇਵ ਅਜੇ ਗੁਸਲਖਾਨੇ ਦੇ ਵਿਚ ਹੀ ਸੀ। ਸ਼ਾਇਦ ਜੁਗਾੜ ਸਿਉਂ ਨੂੰ ਇਹ ਨਹੀਂ ਪਤਾ ਸੀ ਕਿ ਹਰਦੇਵ ਅਤੇ ਮੀਤੀ ਦਾ ਤਲਾਕ ਹੋ ਗਿਆ ਸੀ। ਹਰਦੇਵ ਜਦੋਂ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਦਾ ਚਿਹਰਾ ਵੀ ਜੁਗਾੜ ਸਿਉਂ ਨੂੰ ਦੇਖ ਕੇ ਪੀਲ਼ਾ ਪੈ ਗਿਆ। ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਕੀ ਬਹਾਨਾ ਲੱਭਿਆ ਜਾਵੇ? ਉਸ ਨੇ ਆਪਣੇ ਛੋਟੇ ਭਾਈ ਨੂੰ ਇਸ਼ਾਰੇ ਨਾਲ਼ ਕੋਲ਼ ਸੱਦਿਆ।
-"ਆਹ ਕੰਜਰ ਕਿੱਥੋਂ ਆ ਗਿਆ...?" ਹਰਦੇਵ ਦਾ ਚੋਰ ਮਨ ਕੰਬੀ ਜਾ ਰਿਹਾ ਸੀ।
-"ਪਤਾ ਨ੍ਹੀ...!"
-"ਇਹ ਪਹਿਲਾਂ ਵੀ ਆਉਂਦਾ ਹੁੰਦੈ?"
-"ਕਦੇ ਕਦੇ ਆ ਈ ਜਾਂਦੈ!"
-"ਇਹਨੂੰ ਸਾਡੇ ਤਲਾਕ ਬਾਰੇ ਪਤੈ?"
-"ਰੱਬ ਜਾਣੇ...!"
-"ਤੂੰ ਬਾਪੂ ਨੂੰ ਮੇਰੇ ਕੋਲ਼ੇ ਭੇਜ, ਜਲਦੀ!" ਉਹਨਾਂ ਨੇ ਬੜੀ ਤੇਜ਼ੀ ਨਾਲ਼ ਸੰਖੇਪ ਗੱਲਾਂ ਕੀਤੀਆਂ ਸਨ। ਸੁਨੇਹੇਂ ਦੇ ਨਾਲ਼ ਹੀ ਬਾਪੂ ਹਰਦੇਵ ਕੋਲ਼ ਆ ਗਿਆ।
-"ਕੀ ਗੱਲ ਐ...?"
-"ਬਾਪੂ! ਇਹ ਭੈਣ ਚੋਦ ਕਿੱਧਰੋਂ ਆ ਗਿਆ?"
-"ਤੇਰੇ ਆਉਣ ਬਾਰੇ ਤਾਂ ਕਿਸੇ ਨੂੰ ਪਤਾ ਨ੍ਹੀ-ਇਹ ਤਾਂ ਊਂਈਂ ਆ ਗਿਆ ਹੋਣੈਂ? ਦਾਰੂ ਦਾ ਲਾਲਚੀ ਐ-ਹੋਰ ਇਹਨੂੰ ਕੋਈ ਕੰਮ ਐਂ?"
-"ਬਾਪੂ! ਇਹਨੂੰ ਦਾਰੂ ਦੱਪਾ ਛਕਾ ਕੇ ਤੋਰ! ਇਹ ਮੇਰਾ ਸਾਲ਼ਾ ਆਪਣੇ ਵਿਆਹ 'ਚ ਘੋਟਣਾ ਨਾ ਖੜਕਾ ਦੇਵੇ?" ਹਰਦੇਵ ਨੇ ਮਨ ਦਾ ਡਰ ਦੱਸਿਆ।
-"ਇਹਦੀ ਮਾਂ ਦੀ...! ਤੂੰ ਬਹਿਮ ਨਾ ਮੰਨ! ਮੈਂ ਕਰਦੈਂ ਇਹਦਾ ਇੰਤਜਾਮ! ਇਹ ਚੌਰਾ ਤਾਂ ਦਾਰੂ ਦਾ ਲਾਲਚੀ ਐ-ਇਹਨੂੰ ਘੁੱਟ ਲੁਆ ਕੇ ਸਾਰੀ ਗੱਲ ਈ ਦੱਸ ਦਿਆਂਗੇ-ਆਪਣਾ ਇਹ ਕੀ ਬੈਂਗਣ ਫੜ ਲਊ? ਠਾਣੇਦਾਰ ਨਾਲ਼ ਮੇਰੀ ਚੰਗੀ ਸੱਥਰੀ ਪੈਂਦੀ ਐ-ਬਾਹਲ਼ਾ ਗਿਆ-ਤੇਰੇ ਰਹਿਣ ਤੱਕ ਸਾਲ਼ੇ ਨੂੰ ਹਵਾਲਾਟ 'ਚ ਈ ਰੱਖਾਂਗੇ...!" ਕਹਿ ਕੇ ਬਾਪੂ ਨੇ ਹਰਦੇਵ ਦਾ ਮਨ ਹਲਕਾ ਕਰ ਦਿੱਤਾ। ਉਹ ਸ਼ਾਂਤ ਹੋ ਗਿਆ। ਠਾਣੇਦਾਰ ਨਾਲ਼ ਯਾਰੀ ਸੁਣ ਕੇ ਉਹ ਹੌਲ਼ਾ ਫ਼ੁੱਲ ਹੀ ਤਾਂ ਹੋ ਗਿਆ ਸੀ। ਢੰਗ ਜਿਹੇ ਨਾਲ਼ ਜਾਗਰ ਸਿਉਂ ਨੇ ਜੁਗਾੜ ਸਿਉਂ ਨੂੰ ਬਾਹਰਲੇ ਕਮਰੇ ਵਿਚ ਲਿਆ ਬਿਠਾਇਆ। ਵਿਸਕੀ ਦੀ ਬੋਤਲ ਅਤੇ ਅਚਾਰ ਦੀ ਕੌਲੀ ਉਸ ਦੇ ਅੱਗੇ ਰੱਖ ਦਿੱਤੀ। ਬੋਤਲ ਜੁਗਾੜ ਸਿਉਂ ਨੇ ਭੁੱਖਿਆਂ ਵਾਂਗ ਬੁੱਚ੍ਹੀ। ਵਿਸਕੀ ਦੇਖ ਕੇ ਉਸ ਦੀਆਂ ਲਾਲ਼ਾਂ ਵਗ ਤੁਰੀਆਂ ਸਨ।
-"ਜਾਗਰ ਸਿਆਂ, ਆਹ ਤਾਂ ਬਈ ਕਮਾਲ ਈ ਕਰਤੀ...! ਬਾਹਰਲੀ ਲੱਗਦੀ ਐ?" ਉਸ ਨੇ ਬੋਤਲ ਚੁੱਕ ਕੇ ਫ਼ੋਟੋ ਲਾਹੁੰਣ ਵਾਲ਼ਿਆਂ ਵਾਂਗ ਦੇਖੀ। ਜਿਵੇਂ ਜੁਗਾੜ ਸਿਉਂ ਨੂੰ ਕੁਝ ਗੁਆਚਿਆ ਥਿਆ ਗਿਆ ਸੀ। ਉਸ ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪਿਆ ਸੀ। ਉਹ ਬੇਥਾਹ ਖ਼ੁਸ਼ ਸੀ।
-"ਆਹੋ...! ਅੱਜ ਤੇਰਾ ਭਤੀਜਾ ਵਲੈਤੋਂ ਆਇਐ, ਹਰਦੇਵ ਸਿਉਂ! ਮੈਂ ਵੀ ਕੱਲ੍ਹ ਦਾ ਦਿੱਲੀ ਗਿਆ ਸੀ, ਉਹਨੂੰ ਲੈਣ! ਅੱਜ ਸਾਝਰੇ ਈ ਆਏ ਐਂ-ਆ ਕੇ ਸੌਂ ਗਏ-ਤੇ ਆਹ ਹੁਣੇ ਈ ਉਠੇ ਐਂ!"
-"ਅੱਛਾ...? ਫੇਰ ਤਾਂ ਬਈ ਵਧਾਈਆਂ, ਜਾਗਰ ਸਿਆਂ! ਮੈਂ ਵੀ ਸੋਚਿਆ ਬਈ ਆਹ ਗਿਰਝ ਮੂੰਹੀਂ ਆਪਣੇ ਆਲ਼ੇ ਦੇਸ਼ ਦੀ ਤਾਂ ਲੱਗਦੀ ਨ੍ਹੀ-ਇਹ ਤਾਂ ਕੋਈ ਬਾਹਰਲੀ ਗਿੱਦੜਸਿੰਗੀ ਐ!" ਉਹ ਵਿਸਕੀ ਦੇਖ ਕੇ ਬਾਂਦਰ ਵਾਂਗ ਲਾਚੜ ਗਿਆ ਸੀ। ਉਸ ਨੇ ਹਲ਼ਕਿਆਂ ਵਾਂਗ ਬੋਤਲ ਦੀ ਸੀਲ ਤੋੜੀ ਅਤੇ ਗਿਲਾਸ ਭਰ ਕੇ ਸ਼ਰਬਤ ਵਾਂਗ ਸੂਤ ਗਿਆ। ਸੁੱਕੀ ਵਿਸਕੀ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਅਚਾਰੀ ਮਿਰਚ ਮੂੰਹ ਵਿਚ ਪਾਈ ਤਾਂ ਕੁੜੱਤਣ ਨਾਲ਼ ਉਸ ਦਾ ਮੂੰਹ ਆਪਦੇ ਆਪ ਹੀ ਖੁੱਲ੍ਹ ਗਿਆ।
-"ਬੜੀ ਖੱਟਰ ਐ ਸਾਲੀ...!" ਉਸ ਨੂੰ ਧੁੜਧੜੀ ਆਈ।
-"ਜੁਗਾੜ ਸਿਆਂ, ਬਾਹਰਲੀ ਐ...!" ਜਾਗਰ ਨੇ ਕਿਹਾ। ਉਹ ਜੁਗਾੜ ਸਿਉਂ ਨੂੰ ਭੂਚਾਲ ਵਿਚ ਪਾਉਣ ਲਈ 'ਰੈੱਡ ਨਾਈਟ' ਦੀ ਬੋਤਲ ਨੂੰ ਹੀ 'ਬਾਹਰਲੀ' ਦੱਸੀ ਜਾ ਰਿਹਾ ਸੀ।
-"ਤਾਂਹੀ ਤਾਂ ਦੁਨੀਆਂ ਬਾਹਰਲੀਆਂ ਚੀਜਾਂ ਦੀ ਸਿਫ਼ਤ ਕਰਦੀ ਐ! ਆਪਣੇ ਤਾਂ ਮੇਰੇ ਸਹੁਰੇ ਨਿਰਾ ਈ ਪਾਣੀ ਮੱਥੇ ਮਾਰਦੇ ਐ-ਨਾ ਨਸ਼ਾ, ਨਾ ਸੁਆਦ! ਆਹ ਦੇਖ ਤਾਂ, ਅਜੇ ਇਕ ਈ ਅੰਦਰ ਸਿੱਟਿਐ, ਤਰਾਰੇ ਬੰਨ੍ਹਤੇ ਸੁਰਗਾਂ ਨੂੰ ਜਾਣੀ ਨੇ! ਵਾਹ ਨੀ ਅੰਗਰੇਜ ਗੌਰਮਿੰਟੇ! ਨਹੀਂ ਰੀਸਾਂ ਤੇਰੀਆਂ...! ਐਮੇ ਤਾਂ ਨ੍ਹੀ ਸਾਲ਼ੇ ਸਾਰੇ ਸੰਸਾਰ 'ਤੇ ਰਾਜ ਕਰਗੇ? ਕਹਿੰਦੇ ਉਹਨਾਂ ਦੇ ਰਾਜ 'ਚ ਸੂਰਜ ਨ੍ਹੀ ਸੀ ਛਿਪਦਾ? ਐਹੋ ਜੀ ਦਾਰੂ ਪੀ ਕੇ ਡਮਾਕ ਈ ਤਰ ਹੋਣੇ ਐਂ? ਆਪਣੇ ਆਲ਼ੀ ਪੀ ਕੇ ਤਾਂ ਬੰਦਾ ਗੱਲ ਕਰਦਾ ਭੁੱਲ ਜਾਂਦੈ-ਨਿਰੀ ਖ਼ੁਸ਼ਕੀ ਦਾ ਘਰ! ਕਿੱਥੇ ਐ ਸਾਡਾ ਭਤੀਜ...?" ਉਸ ਨੇ ਦੂਜਾ ਗਿਲਾਸ ਭਰਦਿਆਂ ਪੁੱਛਿਆ।
-"ਲਿਆ ਪਿਆਰ ਦੇਈਏ ਉਹਨੂੰ-ਜਿਉਂਦਾ ਵਸਦਾ ਰਹੇ, ਭਾਈ!" ਉਸ ਨੇ ਦੂਜਾ ਗਿਲਾਸ ਅੰਦਰ ਡੋਲ੍ਹਦਿਆਂ ਕਿਹਾ।
-"ਉਏ ਹਰਦੇਵ ਸਿਆਂ...!" ਜਾਗਰ ਸਿੰਘ ਨੇ ਅਵਾਜ਼ ਮਾਰੀ।
-"ਹਾਂ ਬਾਪੂ ਜੀ...?"
-"ਉਰੇ ਆ ਬਈ ਪੁੱਤਰਾ! ਲਾ ਪੈਰੀਂ ਹੱਥ ਆਬਦੇ ਚਾਚਾ ਜੀ ਦੇ!" ਜਾਗਰ ਨੇ ਕਿਹਾ।
-"ਸਾਸਰੀਕਾਲ ਚਾਚਾ ਜੀ!" ਹਰਦੇਵ ਨੇ ਆ ਕੇ ਜੁਗਾੜ ਸਿਉਂ ਦੇ ਵੱਡੇ ਵੱਡੇ ਗੋਡੇ ਛੂਹੇ। ਜੁਗਾੜ ਸਿਉਂ ਨੇ ਉਸ ਨੂੰ ਪਹਿਚਾਣਿਆਂ ਹੀ ਨਾ। ਉਸ ਨੇ ਤਾਂ ਹਰਦੇਵ ਕੋਹੜ ਕਿਰਲ਼ੇ ਵਰਗਾ ਦੇਖਿਆ ਸੀ? ਹੁਣ ਤਾਂ ਹਰਦੇਵ ਸਿਉਂ ਰਿੱਛ ਵਰਗਾ ਹੋਇਆ ਪਿਆ ਸੀ।
-"ਉਏ ਤੂੰ ਹਰਦੇਵ ਸਿਉਂ ਐਂ?" ਜੁਗਾੜ ਸਿਉਂ ਹੈਰਾਨ ਸੀ ਕਿ ਖਲਪਾੜ ਵਰਗਾ ਹਰਦੇਵ ਤਾਂ ਬੋਹੜ ਦੇ ਮੁੱਛ ਵਰਗਾ ਨਿਕਲਿਆ ਪਿਆ ਸੀ।
-"ਆਹੋ ਚਾਚਾ ਜੀ...! ਪਛਾਣਿਆਂ ਨਹੀਂ?" ਉਹ ਹੱਸ ਪਿਆ।
-"ਅਸਲ 'ਚ ਬਿਆਹ ਤਾਂ ਤੈਨੂੰ ਲੱਗਿਐ ਹਰਦੇਵ ਸਿਆਂ...!" ਜੁਗਾੜ ਸਿਉਂ ਨੇ ਆਖਿਆ ਤਾਂ ਦੋਵੇਂ ਪਿਉ ਪੁੱਤ ਚੁੱਪ ਹੋ ਗਏ। ਜੁਗਾੜ ਸਿਉਂ ਨੇ ਉਹਨਾਂ ਦਾ ਦੁਖਦਾ ਪਾਸਾ ਹੀ ਤਾਂ ਛੇੜ ਲਿਆ ਸੀ। ਕੁਥਾਂ ਤੋਂ ਰੁੱਝੀ ਤੇ ਸਹੁਰਾ ਹਕੀਮ ਵਾਲੀ ਗੱਲ ਹੋ ਗਈ ਸੀ। ਉਹਨਾਂ ਨੂੰ ਚੁੱਪ ਜਿਹਾ ਦੇਖ ਕੇ ਜੁਗਾੜ ਸਿਉਂ ਨੇ ਹੀ ਪਹਿਲ ਕੀਤੀ।
-"ਕੱਲਾ ਈ ਆਇਐਂ...? ਮੀਤੋ ਨ੍ਹੀ ਆਈ?"
-"ਹਾਂ ਚਾਚਾ ਜੀ, 'ਕੱਲਾ ਈ ਆਇਐਂ-।"
-"ਤੂੰ ਪੈੱਗ ਸ਼ੈੱਗ ਲਾ ਜੁਗਾੜ ਸਿਆਂ-ਮੈਂ ਹਰਦੇਵ ਸਿਉਂ ਨੂੰ ਟੈਚੀ ਦੀ ਚਾਬੀ ਦੇ ਆਵਾਂ-ਉਹਦੇ 'ਚ ਇਹਦਾ ਲੀੜਾ ਲੱਤਾ ਐ!" ਤੇ ਜਾਗਰ ਸਿਉਂ ਹਰਦੇਵ ਨੂੰ ਬਹਾਨੇ ਨਾਲ਼ ਹੀ ਪਾਸੇ ਲੈ ਗਿਆ।
-"ਤੂੰ ਚਿੰਤਾ ਨਾ ਕਰ ਸ਼ੇਰਾ...! ਐਹੋ ਜੇ ਮੇਰੇ ਬੜੇ ਖਾਧੇ ਪੀਤੇ ਵੇ ਐ-ਮੈਂ ਫੇਰ ਵੀ ਪੁਰਾਣਾ ਪੁਲਸੀਆ ਘੁਲਾਟੀਐਂ! ਤੂੰ ਇਹਨੂੰ ਦੋ ਚਾਰ ਪੈੱਗ ਲਾ ਲੈਣ ਦੇ-ਇਹ ਤਾਂ ਸਾਲਾ ਬਾਂਦਰ ਮਾਂਗੂੰ ਆਪਣੀ ਬੰਸਰੀ 'ਤੇ ਈ ਨੱਚੂ! ਅੱਖੀਂ ਦੇਖ ਲਈਂ-ਤੂੰ ਇਹਨੂੰ ਮਾੜਾ ਜਿਆ ਲੋਟ ਹੋ ਲੈਣ ਦੇ-ਮੈਂ ਆਪੇ ਗੱਲ ਚਲਾਊਂ-ਤੂੰ ਨਾ ਬੋਲੀਂ!" ਜਾਗਰ ਨੇ ਉਸ ਨੂੰ ਕੰਨ ਜਿਹੇ ਕੀਤੇ ਅਤੇ ਜੁਗਾੜ ਸਿਉਂ ਕੋਲ਼ ਵਾਪਿਸ ਆ ਗਿਆ। ਜਦੋਂ ਜਾਗਰ ਜੁਗਾੜ ਸਿਉਂ ਕੋਲ਼ ਆਇਆ ਤਾਂ ਉਹ ਪੂਰੇ ਰੰਗਾਂ ਵਿਚ ਹੋਇਆ ਬੈਠਾ ਸੀ।
-"ਤੂੰ ਬਾਹਵਾ ਚਿਰ ਹੋ ਗਿਆ-ਗੇੜਾ ਈ ਨ੍ਹੀ ਮਾਰਿਆ? ਕਿਹੜੀ ਕੂਟੀਂ ਚੜ੍ਹ ਗਿਆ ਸੀ?"
-"ਬੱਸ ਬਾਈ ਜਾਗਰਾ, ਜਾਣਾ ਕਿੱਥੇ ਸੀ? ਮੁੱਲਾਂ ਦੀ ਦੌੜ ਮਸੀਤਾਂ ਤਾਈਂ...! ਤੇਰੇ ਮੇਰੇ ਅਰਗੇ ਕਿਸੇ ਭਰਾ ਦਾ ਕੰਮ ਅੜਿਆ ਪਿਆ ਸੀ, ਕਬਜੇ ਆਲ਼ਾ! ਉਥੇ ਈ ਰਿਹੈਂ ਦੋ ਕੁ ਮਹੀਨੇ!"
-"ਕਿਸੇ ਆਪਣੇ ਬੰਦੇ ਦਾ?"
-"ਨਹੀਂ ਦੂਰ ਸੀ! ਹਰਿਆਣੇ 'ਚ! ਪਹਿਲਾਂ ਤਾਂ ਮੇਰੇ ਸਾਲ਼ੇ ਕਬਜਾ ਨ੍ਹੀ ਛੱਡਦੇ ਸੀ-ਫੇਰ ਜਦੋਂ ਕਬਜਾ ਲੈ ਲਿਆ-ਫੇਰ ਮੇਰੇ ਛੋਕਰੀ ਦੇਣੇ ਕਦੇ ਪਾਣੀ ਵੱਢ ਲਿਆ ਕਰਨ-ਕਦੇ ਕੋਈ ਕੰਜਰਖਾਨਾ-ਕਦੇ ਕੁਛ...! ਮੈਨੂੰ ਚੜ੍ਹਗੀ ਖੁੰਧਕ! ਮੈਂ ਫੇਰ ਰਫ਼ਲ ਲੈ ਕੇ ਬਹਿ ਗਿਆ ਖੇਤ! ਬਈ ਆਓ ਥੋਡੀ ਮਾਂ ਦੀ...ਦਿੱਤਾ ਪਾਕੇ! ਬੱਸ ਫੇਰ ਤੈਨੂੰ ਪਤਾ ਈ ਐ ਬਈ ਐੱਲ ਜੀ ਦੇ ਰੌਂਦ ਮੂਹਰੇ ਕਿਹੜਾ ਖੜ੍ਹਦੈ?" ਉਸ ਨੇ ਬੋਤਲ 'ਚੋਂ ਆਖਰੀ ਪੈੱਗ ਪਾ ਕੇ ਅੰਦਰ ਸੁੱਟਿਆ।
-"ਇਕ ਅੱਧੀ ਸ਼ੀਸ਼ੀ ਤਾਂ ਹੋਰ ਕੱਢ! ਆਹ ਬਾਹਰਲੀ ਨ੍ਹੀ ਆਪਾਂ ਨੂੰ ਕੁਛ ਕਰਦੀ-ਨਿਸ਼ਾਦਰ ਤੇ ਸੱਕ ਆਲੀ ਦਾਰੂ ਈ ਲਿਆਉਂਦੀ ਐ ਧਰਨ ਟਿਕਾਣੇ, ਆਪਣੇ ਤਾਂ...!" ਉਸ ਨੇ ਖਾਲੀ ਬੋਤਲ ਥੱਲੇ ਰੱਖਦਿਆਂ ਆਖਿਆ।
-"ਇਕ ਕੀ? ਦੋ ਲੈ...! ਤੂੰ ਯਾਰ ਐਂ ਜੁਗਾੜ ਸਿਆਂ! ਤੇਰੇ ਉਤੋਂ ਦੀ ਜਿੰਦ ਵਾਰ ਦੀਏ!" ਜਾਗਰ ਸਿੰਘ ਅੰਦਰੋਂ ਇਕ ਦੇਸੀ ਦਾਰੂ ਦੀ ਬੋਤਲ ਧੂਹ ਲਿਆਇਆ ਅਤੇ ਬੋਤਲ ਦੇ ਮੂੰਹ 'ਚੋਂ ਮੱਕੀ ਦਾ ਗੁੱਲ ਪੱਟ ਕੇ ਅੱਗੇ ਧਰ ਦਿੱਤੀ। 'ਢੱਪ' ਦਾ ਭੜ੍ਹਾਕਾ ਸੁਣ ਕੇ ਜੁਗਾੜ ਸਿਉਂ ਬਾਂਦਰ ਵਾਂਗ ਲਾਚੜ ਗਿਆ।
-"ਤੈਨੂੰ ਪਤਾ ਈ ਹੋਣੈਂ ਬਈ ਆਪਣੇ ਹਰਦੇਵ ਸਿਉਂ ਦਾ ਜਗਤੇ ਦੀ ਕੁੜੀ ਨਾਲ਼ ਥੋੜਾ ਜਿਆ ਰੱਪੜ ਪੈ ਗਿਆ ਸੀ?" ਜਾਗਰ ਨੇ ਗਿਲਾਸ ਉਸ ਦੇ ਹੱਥ ਫ਼ੜਾਉਂਦਿਆਂ ਗੱਲ ਤੋਰੀ। ਉਹ ਤੱਤੇ ਘਾਹ ਹੀ ਫ਼ਾਲ਼ਾ ਕੁੱਟ ਦੇਣਾ ਚਾਹੁੰਦਾ ਸੀ।
-"ਨਹੀਂ, ਮੈਨੂੰ ਨ੍ਹੀ ਪਤਾ...! ਜਗਤੇ ਦੇ ਮਰੇ ਤੋਂ ਬਾਅਦ ਤਾਂ ਮੈਂ ਉਥੇ ਗਿਆ ਈ ਨਹੀਂ! ਨਾਲ਼ੇ ਮਿੱਤਰਾ ਜਾਣਾ ਵੀ ਕੀਹਦੇ ਕੋਲ਼ੇ ਐ? ਤੁਰ ਗਏ ਗੁਆਂਢੋਂ ਯਾਰ-ਹੁਣ ਆਪਣਾ ਉਥੇ ਹੈ ਵੀ ਕੀ? ਯਾਰਾਂ ਨਾਲ਼ ਈ ਬਹਾਰਾਂ ਹੁੰਦੀਐਂ ਜਾਗਰ ਸਿਆਂ! ਯਾਰ ਮਰੇ, ਪਾਸਾ ਪਲਟਿਆ! ਬੱਸ ਜਗਤੇ ਦੇ ਸਸਕਾਰ 'ਤੇ ਗਿਆ ਸੀ-ਹੁਣ ਤੇਰੇ ਨਾਲ਼ ਮੇਰਾ ਆਉਣ ਜਾਣ ਐਂ-ਤੇ ਜਿੱਦੇਂ ਤੂੰ ਤੁਰ ਗਿਆ-ਐਥੇ ਕਿਹੜੇ ਕੰਜਰ ਨੇ ਆਉਣੈਂ?" ਜੁਗਾੜ ਸਿਉਂ ਨੇ ਆਖਿਆ। ਜਾਗਰ ਸੋਚ ਰਿਹਾ ਸੀ ਕਿ ਸਾਲ਼ਿਆ, ਮੈਂ ਤਾਂ ਤੁਰ ਜਾਊਂ, ਪਰ ਤੇਰੇ ਐਥੇ ਕਿਹੜੇ ਕਿੱਲੇ ਗੱਡੇ ਹੋਏ ਐ?
-"ਜਗਤੇ ਦੀ ਕੁੜੀ ਨਾਲ ਹੋਗੀ ਸੀ ਖਟਪਟੀ-!"
-"ਆਹੋ ਸੱਚ...! ਕੀ, ਗੱਲ ਕੀ ਸੀ?" ਜੁਗਾੜ ਸਿਉਂ ਨੂੰ ਅਚਾਨਕ ਯਾਦ ਆਇਆ।
-"ਉਹ ਥੋੜੀਆਂ ਜੀਆਂ ਛੜਾਂ ਜਾਅਦੇ ਈ ਮਾਰਨ ਲੱਗਪੀ ਸੀ-।"
-"ਉਹ ਤਾਂ ਕੁੜੀ ਸਹੁਰੀ ਹੈ ਈ ਲਲੈਕ! ਗੁੱਸਾ ਨਾ ਕਰੀਂ, ਜਾਗਰਾ! ਸਹੁਰੀ ਦਾ ਘਰ ਵਸਾਇਆ-ਆਪਣੇ ਹਰਦੇਵ ਸਿਉਂ ਦੀ ਦੱਸ ਪਾਈ-ਗੋਹਲ ਅਰਗਾ ਮੁੰਡਾ ਲੱਭ ਕੇ ਦਿੱਤਾ-ਕਦੇ ਸਹੁਰੀ ਨੇ ਕੋਈ ਚਿੱਠੀ ਪੱਤਰ ਨ੍ਹੀ ਪਾਇਆ-ਹੋਰ ਨ੍ਹੀ ਤਾਂ ਬੰਦਾ ਸੋਚ ਕਰਦੈ! ਬਈ ਇਹਨਾਂ ਨੇ ਮੇਰਾ ਘਰ ਵਸਾਇਐ-ਚਲੋ ਪੰਜ ਸੱਤ ਸੌ ਰੁਪਈਆ ਈ ਭੇਜ ਦੇਈਏ? ਪਰ ਨ੍ਹਾਂ...! ਕੋਈ ਅਕਲ ਈ ਨੀ ਸਹੁਰੀ ਨੂੰ! ਆਬਦਾ ਕੀਤਾ ਪਾ ਲਿਆ-ਆਪਾਂ ਕੀ ਕਰ ਸਕਦੇ ਐਂ? ਕੀ, ਹੁਣ ਰੌਲ਼ਾ ਗੌਲ਼ਾ ਨਿੱਬੜਿਆ? ਜਾਂ ਅਜੇ ਵਿਚ ਵਿਚਾਲ਼ੇ ਚੱਲਦਾ ਈ ਐ?"
-"ਨਹੀਂ ਰੌਲ਼ਾ ਤਾਂ ਨਿਬੜ ਗਿਆ-ਤਲਾਕ ਮੰਗਦੀ ਸੀ-।"
-"ਦੇ ਕੇ ਪਰਾਂਹ ਕਰਨਾ ਸੀ...! ਕੀ ਕਰਾਉਣੈਂ ਐਹੋ ਜੀ ਤੋਂ?"
-"ਦੇ ਦਿੱਤਾ...! ਤਲਾਕ ਤਾਂ ਦੇ ਦਿੱਤਾ-!" ਜਾਗਰ ਸੋਚ ਰਿਹਾ ਸੀ ਕਿ ਦਾਰੂ ਵੀ ਕੀ ਚੀਜ਼ ਹੈ? ਸਾਰੀ ਉਮਰ ਜਗਤੇ ਨਾਲ਼ ਖਾਂਦਾ ਖਾਂਦਾ, ਅੱਜ ਉਸ ਦੀ ਕੁੜੀ ਦੇ ਵਿਰੁੱਧ ਹੀ ਹੋਇਆ ਬੈਠੈ ਕੰਜਰ! ਇਸ ਬੰਦੇ ਦਾ ਵੀ ਕੋਈ ਇਤਬਾਰ ਨਹੀਂ!
-"ਵਧੀਆ ਕੀਤਾ...! ਫੇਰ?"
-"ਫੇਰ ਕੀ...? ਖਰਚਾ ਬਰਚਾ ਮੰਗਦੀ ਸੀ-।"
-"ਖੌਂਸੜਾ ਲਾਹ ਲੈਣਾ ਸੀ ਅੱਗਿਓਂ! ਮੰਗਦੀ ਸੀ ਖਰਚਾ...! ਖਰਚੇ ਨੂੰ ਟਾਟੇ ਆਲ਼ੀ ਮਿੱਲ੍ਹ ਐ ਸਾਡੇ ਕੋਲ਼ੇ?"
-"ਚਲੋ ਫੇਰ ਵੀ ਆਪਣੇ ਹਰਦੇਵ ਸਿਉਂ ਨੇ ਸਿਆਣਪ ਕੀਤੀ-ਖਰਚਾ ਬਰਚਾ ਦੇ ਕੇ ਖਹਿੜਾ ਛੁਡਾ ਲਿਆ।"
-"ਚਲੋ...! ਖਹਿੜਾ ਛੁੱਟਣਾਂ ਚਾਹੀਦੈ-ਜੇ ਚਾਰ ਪੈਸੇ ਲੱਗ ਵੀ ਗਏ-ਫੇਰ ਕੀ ਹੋ ਗਿਆ? ਆਪਣੇ ਹਰਦੇਵ ਸਿਉਂ ਦੇ ਪੈਰ ਤਾਂ ਲੱਗੇ ਬਾਹਰਲੇ ਮੁਲਖ 'ਚ...! ਹੁਣ ਇਹਦਾ ਫੇਰ ਵਿਆਹ ਕਰੇਂਗਾ?" ਜੁਗਾੜ ਸਿਉਂ ਦੇ ਆਖਣ 'ਤੇ ਜਾਗਰ ਸਮਝ ਗਿਆ ਕਿ ਹੁਣ ਉਹ ਅਗਲੀ ਸਾਅਮੀਂ ਖਰੀ ਕਰਨੀ ਚਾਹੁੰਦਾ ਸੀ। ਉਸ ਨੇ ਜੁਗਾੜ ਸਿਉਂ ਨੂੰ ਮਨ ਅੰਦਰ ਭੈੜ੍ਹੀ ਗਾਹਲ ਕੱਢੀ। ਸਾਲ਼ਾ ਕੁੱਤੇ ਦਾ! ਸਾਲ਼ਿਆ ਅੱਗੇ ਮਜਬੂਰੀ ਸੀ, ਹੁਣ ਤੇਰੇ ਅਰਗੇ ਚਗਲ਼ ਨੂੰ ਮੈਂ ਦੇਹਲ਼ੀ 'ਤੇ ਪੈਰ ਨ੍ਹੀ ਧਰਨ ਦਿੰਦਾ। ਹੁਣ ਹਰਦੇਵ ਸਿਉਂ ਇੰਗਲੈਂਡ 'ਚ ਪੱਕਾ! ਤੈਥੋਂ ਕੰਜਰ ਤੋਂ ਹੁਣ ਅਸੀਂ ਜਰੂਰੀ ਖੁਰ-ਵੱਢ ਕਰਵਾਉਣੀਂ ਐਂ? ਹੁਣ ਤਾਂ ਹਰਦੇਵ ਸਿਉਂ ਦੇ ਮਗਰ ਰਿਸ਼ਤੇ ਗੋਲ਼ੀ ਬਣੇ ਆਉਣਗੇ! ਤੇਰੀਆਂ ਲਾਲ਼ਾਂ ਜਮਾਂ ਨੀ ਚੱਟਦੇ!
-"ਵਿਆਹ ਦਾ ਅਜੇ ਤਾਂ ਕੋਈ ਇਰਾਦਾ ਹੈਨੀ!"
-"ਚੱਲ...! ਇਹ ਕਿਹੜਾ ਬੁੜ੍ਹਾ ਹੋ ਚੱਲਿਐ-ਨਾਲ਼ੇ ਵਲੈਤ ਦੇ ਨਾਂ ਨੂੰ ਤਾਂ ਚਾਹੇ ਇਹ ਪੰਜਾਹ ਸਾਲਾਂ ਦਾ ਹੋ ਕੇ ਕਰਵਾ ਲਵੇ! ਕੋਈ ਪੁੱਛਦਾ ਗਿਛਦਾ ਨ੍ਹੀ!"
----
ਜੁਗਾੜ ਸਿਉਂ ਅੱਧੀ ਰਾਤ ਤੱਕ ਦਾਰੂ ਪੀਂਦਾ ਰਿਹਾ। ਬੱਕਰਾ ਚੂੰਡਦਾ ਰਿਹਾ। ਉਸ ਤੋਂ ਬਾਅਦ ਪੈਣ ਸਾਰ ਉਸ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਸਕੀ ਅਤੇ ਦੇਸੀ ਦਾਰੂ ਆਪਸ ਵਿਚ ਭਿੜ੍ਹ ਪਈਆਂ ਸਨ। ਜੁਗਾੜ ਸਿਉਂ ਦਾ ਪੇਟ ਐਨਾ ਕਰੜਾ ਨਹੀਂ ਸੀ ਕਿ ਦੋਨਾਂ ਦੀ ਧੰਗੇੜ ਝੱਲ ਜਾਂਦਾ। ਇਸ ਲਈ ਅਵੱਤ ਜਿਹੇ ਆ-ਆ ਕੇ ਉਸ ਦੀਆਂ ਨਾੜਾਂ ਇਕੱਠੀਆਂ ਹੋ ਗਈਆਂ ਸਨ। ਸਾਰੀ ਰਾਤ ਉਹ ਤਾੜੇ ਵਾਂਗ ਪਿੰਜੀਦਾ ਰਿਹਾ। ਬੈਠਕ ਵਿਚੋਂ ਬੂਅ ਮਾਰਦੀ ਸੀ। ਜਾਗਰ ਸਿੰਘ ਨੇ ਨੱਕ ਘੁੱਟ ਲਿਆ ਸੀ।
ਸਵੇਰੇ ਜਾਗਰ ਸਿਉਂ ਨੇ ਉਸ ਨੂੰ ਸੌ ਰੁਪਏ ਦੇ ਕੇ ਦਫ਼ਾ ਕਰ ਦਿੱਤਾ।
-"ਜੇ ਮੇਰੇ ਲੈਕ ਕੋਈ ਸੇਵਾ ਹੋਵੇ-ਜਰੂਰ ਦੱਸੀਂ!" ਤੁਰਦੇ ਜੁਗਾੜ ਸਿਉਂ ਨੇ ਆਖਿਆ ਸੀ।
-"ਹੋਰ ਦੱਸਣਾ ਕੀਹਨੂੰ ਐਂ?" ਜਾਗਰ ਨੇ ਹੱਸ ਕੇ ਕਿਹਾ।
----
ਕੁਝ ਦਿਨਾਂ ਦੇ ਵਿਚ-ਵਿਚ ਹੀ ਹਰਦੇਵ ਦੇ ਵਿਆਹ ਦੀ ਗੱਲ ਛਿੜ ਪਈ। ਦੂਰੋਂ-ਦੂਰੋਂ ਰਿਸ਼ਤੇਦਾਰ ਵਹੀਰਾਂ ਘੱਤੀ ਆ ਰਹੇ ਸਨ। ਜਿਵੇਂ ਪਸ਼ੂਆਂ ਦੀ ਮੰਡੀ ਵਿਚ ਦਲਾਲ ਆਉਂਦੇ ਅਤੇ ਭਲਵਾਨੀ ਗੇੜੇ ਦਿੰਦੇ ਹਨ। ਹਰਦੇਵ ਅਤੇ ਹਰਦੇਵ ਦਾ ਸਾਰਾ ਪ੍ਰੀਵਾਰ ਬਾਗੋਬਾਗ ਸੀ ਕਿ ਚਲੋ ਰੌਣਕ ਤਾਂ ਲੱਗੀ। ਪੁੱਛ ਗਿੱਛ ਤਾਂ ਹੋਈ। ਰਿਸ਼ਤੇਦਾਰ ਆਪਣੇ ਆਪਣੇ ਰਿਸ਼ਤਿਆਂ ਦੀਆਂ ਸਿਫ਼ਤਾਂ ਕਰ ਰਹੇ ਸਨ। ਕਿਸੇ ਦੀ ਸਾਲ਼ੀ ਸੀ। ਕਿਸੇ ਦੇ ਘਰਵਾਲ਼ੀ ਦੀ ਭੂਆ ਦੀ ਕੁੜੀ ਸੀ। ਕਿਸੇ ਦੇ ਸਹੁਰੇ ਨੇ ਪੂਛ ਨੂੰ ਵੱਟ ਚਾੜ੍ਹਿਆ ਹੋਇਆ ਸੀ। ਸਾਰੇ ਵੱਖੋ ਵੱਖ ਗੁਣ ਦੱਸ ਕੇ ਫ਼ੋਨ ਕਰਨ ਲਈ ਆਖ ਜਾਂਦੇ। ਪਰ ਹਰਦੇਵ ਅਤੇ ਹਰਦੇਵ ਦਾ ਬਾਪੂ ਕੱਚੀਆਂ ਗੋਲ਼ੀਆਂ ਨਹੀਂ ਖੇਡੇ ਸਨ। ਉਹ ਕਿਸੇ ਤਕੜੀ ਮਾਰ ਦੀ ਆਸ ਵਿਚ ਸਨ।
-"ਬਾਪੂ...!" ਹਰਦੇਵ ਨੇ ਬਾਪੂ ਨੂੰ ਅੰਦਰ ਬੁਲਾਇਆ।
-"ਹਾਂ ਬੋਲ ਸ਼ੇਰਾ...?" ਬਾਪੂ ਸ਼ਿਕਾਰੀ ਕੁੱਤੀ ਵਾਂਗ ਭੱਜਿਆ ਹੀ ਆਇਆ।
-"ਐਵੇਂ ਪੈਰ ਨਾ ਛੱਡਜੀਂ...! ਇੰਗਲੈਂਡ ਦੇ ਰਿਸ਼ਤੇ ਪਿੱਛੇ ਲੋਕ ਪੱਚੀ ਪੱਚੀ ਲੱਖ ਚੱਕੀ ਫਿ਼ਰਦੇ ਐ!" ਉਸ ਨੇ ਹਾਲਾਤਾਂ ਤੋਂ ਜਾਣੂੰ ਕਰਵਾਇਆ। ਤਜਰਬਾ ਦੱਸਿਆ।
-"ਤੂੰ ਮੈਨੂੰ ਪਾਗਲ ਸਮਝਦੈਂ ਹਰਦੇਵ ਸਿਆਂ? ਮੈਂ ਦੁਨੀਆਂ ਲੁੱਟ ਕੇ ਖਾਧੀ ਵੀ ਐ-ਹੁਣ ਤਾਂ ਤੈਨੂੰ ਪਤੈ ਬਈ ਜੀਹਦੇ ਘਰ ਦਾਣੇ-ਉਹਦੇ ਕਮਲ਼ੇ ਵੀ ਸਿਆਣੇ? ਇਸ ਗੱਲ ਦਾ ਤੂੰ ਬਹਿਮ ਨਾ ਕਰ!"
-"ਪੱਚੀ ਲੱਖ ਦਾ ਸਿੱਧਾ ਈ ਤੀਹ ਹਜਾਰ ਪੌਂਡ ਬਣ ਜਾਂਦੈ! ਡਿਪੌਜ਼ਟ ਦੇ ਕੇ ਬੰਦਾ ਆਬਦਾ ਮਕਾਨ ਖਰੀਦ ਸਕਦੈ!" ਉਸ ਨੇ ਅਗਲੀ ਸਕੀਮ ਦੱਸੀ।
-"ਤੂੰ ਬਾਪੂ ਨੂੰ ਕਮਲ਼ਾ ਈ ਸਮਝਦੈਂ?" ਜਾਗਰ ਸਿਉਂ ਹੱਸ ਪਿਆ।
ਪੱਚੀ ਤੀਹ ਕੁੜੀਆਂ ਵਿਚੋਂ ਹਰਦੇਵ ਨੇ ਇਕ ਕੁੜੀ ਚੁਣੀਂ। ਉਹ ਨਵੇਂ ਆਏ ਠਾਣੇਦਾਰ ਵਾਂਗ ਆਪਣੇ ਕਮਰੇ ਵਿਚ ਕੁੜੀਆਂ ਦੀ ਇੰਟਰਵਿਊ ਜਿਹੀ ਕਰਦਾ ਸੀ। ਚੁਣੀਂ ਜਾਣ ਵਾਲ਼ੀ ਕੁੜੀ ਇਕੱਲੀ ਇਕੱਲੀ ਭੈਣ ਸੀ। ਨਾ ਹੋਰ ਭਰਾ ਨਾ ਭੈਣ! ਕੁੜੀ ਦਾ ਬਾਪ ਤਸੀਲਦਾਰ ਸੀ। ਮਾਂ ਤਾਂ ਪੰਜ ਕੁ ਹੀ ਪੜ੍ਹੀ ਹੋਈ ਸੀ। ਹਰਦੇਵ ਨੇ ਆਪਣੇ ਪਹਿਲੇ ਵਿਆਹ ਦੀ ਗੱਲ ਉਸ ਤੋਂ ਛੁਪਾਈ ਰੱਖੀ ਸੀ। ਸਾਰੀ ਗੱਲ ਬਾਤ ਹੋ ਗਈ। ਵਿਚੋਲਾ ਹਰਦੇਵ ਦੀ ਭੂਆ ਅਤੇ ਫੁੱਫੜ ਬਣੇ ਸਨ। ਉਹਨਾਂ ਨੇ ਵੀ ਹਰਦੇਵ ਦੇ ਪਹਿਲੇ ਵਿਆਹ ਬਾਰੇ ਕੋਈ ਗੱਲ ਨਹੀਂ ਚਿਤਾਰੀ ਸੀ।
*********
ਉੱਨੀਵਾਂ ਕਾਂਡ ਸਮਾਪਤ – ਅਗਲੇ ਦੀ ਉਡੀਕ ਕਰੋ।
No comments:
Post a Comment