Friday, April 10, 2009

ਹਾਜੀ ਲੋਕ ਮੱਕੇ ਵੱਲ ਜਾਂਦੇ – ਕਾਂਡ - 11

ਜੁਗਾੜ ਸਿਉਂ ਪੂਰੇ ਦਸਾਂ ਦਿਨਾਂ ਬਾਅਦ ਮੁੜਿਆ

ਉਹ ਜਗਤੇ ਕੋਲ਼ ਹੀ ਰਿਹਾ ਸੀਜਗਤਾ ਵੀ ਵਿਚਾਰਾ ਇਕ ਤਰ੍ਹਾਂ ਨਾਲ਼ ਦਿਲੋਂ ਹਿੱਲਿਆ ਫਿਰਦਾ ਸੀਉਸ ਦੇ ਵੀ ਕੋਈ ਵੱਸ ਨਹੀਂ ਸੀਜੁਆਨ ਕੁੜੀ ਵਿਹੜੇ ਬੈਠੀ ਸੀਉਸ ਨੂੰ ਚਾਲ੍ਹੀਆਂ ਸਾਲਾਂ ਦੀ ਅਧੇੜ੍ਹ ਧੀ ਦਾ ਝੋਰਾ ਮਾਰੀ ਜਾ ਰਿਹਾ ਸੀਜੇ ਪੱਚੀਆਂ-ਤੀਹਾਂ ਸਾਲਾਂ ਦੀ ਹੁੰਦੀ ਤਾਂ ਵੀ ਕੋਈ ਬੰਨ੍ਹ ਸੁੱਬ ਹੋ ਸਕਦਾ ਸੀਹੁਣ ਤਾਂ ਇਹਨੂੰ ਕੋਈ ਲੋੜਵੰਦ ਅਤੇ ਚਾਰ ਜੁਆਕਾਂ ਦਾ ਪਿਉ ਹੀ ਸਾਂਭੂ! ਬਾਪੂ ਦੇ ਦਿਲ ਵਿਚ ਸੁਨਾਮੀਂ ਲਹਿਰਾਂ ਵਾਂਗ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ

ਜੁਗਾੜ ਸਿਉਂ ਜਗਤੇ ਲਈ ਰੱਬ ਬਣਕੇ ਬਹੁੜਿਆ ਸੀ

----

ਉਸ ਨੇ ਬਗੈਰ ਕਿਸੇ ਭੂਮਿਕਾ ਦੇ ਜਗਤੇ ਨੂੰ ਜਾਗਰ ਸਿੰਘ ਦੇ ਲੜਕੇ ਹਰਦੇਵ ਬਾਰੇ ਬਾਤ ਪਾ ਦਿੱਤੀ ਸੀਜਗਤਾ ਇਕ ਤਰ੍ਹਾਂ ਨਾਲ਼ ਟਹਿਕ ਉਠਿਆ ਸੀਜਾਗਰ ਸਿਉਂ ਨੂੰ ਜਗਤਾ ਕਿਤੇ ਭੁੱਲਿਆ ਹੋਇਆ ਸੀ? ਵੀਹ ਵਾਰੀ ਤਾਂ ਉਸ ਦਾ ਉਸ ਨਾਲ਼ ਵਾਹ ਪਿਆ ਸੀਵੀਹ ਵਾਰੀ ਉਹਨਾਂ ਨੇ ਇਕੱਠਿਆਂ ਖਾਧਾ ਪੀਤਾ ਸੀ

-"ਜੁਗਾੜ ਸਿਆਂ, ਮੈਂ ਤਾਂ ਸੋਚਿਆ ਸੀ ਬਈ ਜਾਗਰ ਦਾ ਮੁੰਡਾ ਕਿਤੇ ਬਾਹਰ ਗਿਐ...?" ਜਗਤੇ ਨੇ ਜੁਗਾੜ ਸਿਉਂ ਨੂੰ ਆਖਿਆ

-"ਉਹ ਕੱਚਾ ਸੀ-ਪੈਰ ਪੂਰ ਨੀ ਲੱਗੇ ਬਿਚਾਰੇ ਦੇ-ਤੇ ਜਰਮਨ ਤੋਂ ਵਾਪਿਸ ਮੁੜ ਆਇਐ! ਜਾਗਰ ਤਾਂ ਬਿਚਾਰਾ ਬਾਹਲ਼ਾ 'ਦਾਸ ਜਿਆ ਸੀ-ਮੈਂ ਆਪਣੀ ਮੀਤੀ ਬਾਰੇ ਗੱਲ ਚਲਾ ਦਿੱਤੀ-ਉਹ ਤਾਂ ਆਪਣੇ ਰਿਸ਼ਤੇ ਨੂੰ ਇਉਂ ਪਿਆ-ਜਿਵੇਂ ਕੁਕੜੀ ਦਾਣੇ ਨੂੰ ਪੈਂਦੀ ਐ...!" ਗੱਲਾਂ ਗੱਲਾਂ ਵਿਚ ਜੁਗਾੜ ਸਿਉਂ ਆਪਣੇ ਪੈਰ ਪੱਕੇ ਕਰ ਗਿਆਫਿਰ ਵੀ ਪੁਰਾਣਾ ਬੈਲੀ ਬੰਦਾ ਸੀਹਰ ਗੱਲ ਵਿਚ ਪੈਰ ਉਸ ਨੂੰ ਰੱਖਣੇ ਆਉਂਦੇ ਸਨ

-"ਅੱਛਾ...? ਯਾਰ ਜੁਗਾੜ ਸਿਆਂ! ਆਹ ਕੁੜੀ ਆਲ਼ਾ ਕੰਮ ਸਿਰੇ ਲੱਗਜੇ ਨ੍ਹਾਂ-ਬੱਸ ਆਪਾਂ ਬੇਫਿਕਰ ਐਂ-ਕੋਹੜੀ ਵੀ ਦਾ ਮਸਾਂ ਬਿਆਹ ਕੀਤਾ ਸੀ-ਆਹ ਪਿਛਲੀ ਉਮਰ ਸਹੁਰੀ ਫੇਰ ਘਰੇ ਬਹਿਗੀ-ਕੀ ਕਰੀਏ?" ਜਗਤੇ ਨੇ ਮੱਥੇ 'ਤੇ ਹੱਥ ਮਾਰਿਆ

-"ਤੂੰ ਚਿੰਤਾ ਨਾ ਕਰ! ਮੈਂ ਦੇਖਗਾਂ ਬੈਠਾ? ਇਕ ਗੱਲ ਮੇਰੀ ਸੁਣਲੀਂ ਧਿਆਨ ਨਾਲ-ਅੱਜ ਕੱਲ੍ਹ ਜਾਗਰ ਕੋਈ ਐਹੋ ਜਿਆ ਰਿਸ਼ਤਾ ਈ ਭਾਲ਼ਦੈ-ਉਹ ਤਾਂ ਕਹਿੰਦਾ ਸੀ ਬਈ ਕੋਈ ਅੰਨ੍ਹੀਂ ਕਾਣੀਂ ਹੋਵੇ-ਸਾਰੀਆਂ ਈ ਕਬੂਲ ਐ-ਉਹ ਆਬਦਾ ਮੁੰਡਾ ਬਾਹਰ ਭੇਜਣ ਨੂੰ ਫਿਰਦੈ-ਤੇ ਆਪਾਂ ਫਿਰਦੇ ਐਂ ਕੁੜੀ ਵਸਾਉਣ ਨੂੰ-ਜਾਗਰ ਵੀ ਲੋੜਬੰਦ ਤੇ ਆਪਾਂ ਵੀ ਲੋੜਬੰਦ-ਆਪਾਂ ਦੋਨੋਂ ਧਿਰਾਂ ਈ ਲੋੜਬੰਦ ਐਂ! ਮੇਰੀ ਮੰਨਦੇ ਐਂ ਤਾਂ ਪਾਧਾ ਨਾ ਪੁੱਛੋ-ਗੱਲ ਬਾਤ ਚਲਾ ਕੇ ਨੰਦ ਕਾਰਜ ਕਰ ਦਿਓ!"

-"ਕੁੜੀ ਨੂੰ ਵੀ ਪੁੱਛਣਾ ਪਊ-ਇਕ ਉਹ ਬਾਹਰਲੇ ਮੁਲਕ ਜਾ ਕੇ ਊਂ ਈਂ ਬਾਹਲ਼ੇ ਛੋਛੇ ਜਿਹੇ ਕਰਨ ਲੱਗ ਪਈ-ਕਹਿੰਦੀ ਅਖੇ ਬਾਪੂ ਹੁਣ ਮੈਂ ਬਿਆਹ ਨ੍ਹੀ ਕਰਵਾਉਣਾ-ਅਖੇ ਤੇਰੇ ਕੋਲ਼ੇ ਈ ਰਹਿ ਕੇ ਦਿਨ ਤੋੜਲੂੰ-।" ਜਗਤੇ ਨੇ ਆਖਿਆ

-"ਲੈ ਇਉਂ ਕਿਵੇਂ ਦਿਨ ਤੋੜਲੂ? ਚਲ ਅੱਜ ਤਾਂ ਤੂੰ ਹੈਂ? ਤੇ ਕੱਲ੍ਹ ਨੂੰ ਜਦੋਂ ਤੂੰ ਨਾ ਹੋਇਆ ਫੇਰ? ਬੰਦੇ ਦੇ ਐਥੇ ਕੀ ਕਿੱਲੇ ਗੱਡੇ ਵੇ ਐ? ਫੇਰ ਉਹਦਾ ਕੋਈ ਬਾਲੀਬਾਰਸ? ਧੀਆਂ ਨੂੰ ਤਾਂ ਰਾਜੇ ਰਾਣੇ ਨ੍ਹੀ ਰੱਖ ਸਕੇ ਜਗਤਾ ਸਿਆਂ-ਆਪਾਂ ਕੌਣ ਬਾਗ ਦੀ ਮੂਲ਼ੀ ਐਂ? ਮੀਤੀ ਹੈ ਕਿੱਥੇ...?" ਜੁਗਾੜ ਸਿਉਂ ਨੇ ਵਿਹੜੇ 'ਚ ਨਜ਼ਰ ਘੁੰਮਾਈਪਰ ਉਸ ਨੂੰ ਮੀਤੀ ਨਾ ਦਿਸੀ

-"ਉਹ ਆਬਦੀ ਮਾਸੀ ਕੋਲ਼ੇ ਗਈ ਵੀ ਐ-ਕੱਲ੍ਹ ਪਰਸੋਂ ਤੱਕ ਆਜੂਗੀ।"

ਅਸਲ ਵਿਚ ਮੀਤੀ ਦੀ ਮਾਂ ਉਸ ਦੇ ਇੰਗਲੈਂਡ ਜਾਣ ਤੋਂ ਥੋੜਾ ਅਰਸਾ ਬਾਅਦ ਹੀ ਮਰ ਗਈ ਸੀਮੀਤੀ ਦਾ ਰਿਸ਼ਤਾ ਜਾਗਰ ਸਿਉਂ ਨੇ ਇੰਗਲੈਂਡ ਤੋਂ ਆਏ ਮੁੰਡੇ ਨਾਲ਼ ਕੀਤਾ ਸੀਮੀਤੀ ਦੀ ਮਾਸੀ ਹੀ ਉਸ ਨੂੰ ਚਿੱਠੀ ਪੱਤਰ ਪਾਉਂਦੀ ਅਤੇ ਉਸ ਦੀ ਸੁੱਖ ਮਨਾਉਂਦੀ ਸੀਮੀਤੀ ਵੀ ਆਪਣੀ ਮਾਸੀ ਦਾ ਦਿਲੋਂ ਮੋਹ ਕਰਦੀਹੁਣ ਜਦੋਂ ਦੀ ਮੀਤੀ ਇਗਲੈਂਡ ਤੋਂ ਇੰਡੀਆ ਪਰਤ ਆਈ ਸੀਉਸ ਦੀ ਸਭ ਤੋਂ ਜ਼ਿਆਦਾ ਚਿੰਤਾ ਉਸ ਦੀ ਮਾਸੀ ਨੂੰ ਸੀਹੁਣ ਵੀ ਮਾਸੀ ਮੀਤੀ ਨੂੰ ਆਪਣੇ ਨਾਲ਼ ਲੈ ਗਈ ਸੀਉਹ ਮੀਤੀ ਦਾ ਦਿਲ ਲੁਆਉਣਾ, ਪ੍ਰਚਾਉਣਾ ਚਾਹੁੰਦੀ ਸੀ

----

ਮਾਸੀ ਬੜੇ ਪੁਰਾਣੇ ਖ਼ਿਆਲਾਂ ਦੀ ਔਰਤ ਸੀਮੀਤੀ ਦੀ ਮਾਂ ਮਰਨ ਤੋਂ ਬਾਅਦ ਉਹ ਮੀਤੀ ਨੂੰ ਅਜੀਬ ਅਜੀਬ ਨਸੀਹਤਾਂ ਦਿੰਦੀ ਰਹਿੰਦੀਕਿਉਂਕਿ ਮੀਤੀ ਨੂੰ ਬੱਚਾ ਬੱਚੀ ਨਹੀਂ ਹੋਇਆ ਸੀਮੀਤੀ ਦੇ ਸਹੁਰੇ ਉਸ ਤੋਂ ਘੋਰ ਮਾਯੂਸ ਹੋ ਗਏ ਸਨਅੱਠ ਸਾਲ ਬੀਤ ਗਏ ਸਨਮੀਤੀ ਦੀ ਕੁੱਖ ਸੁਲੱਖਣੀ ਨਹੀਂ ਹੋਈ ਸੀਇੰਗਲੈਡ ਦੇ ਇਸ ਰੰਗੀਨ ਅਤੇ ਮਿਲਣਸਾਰ ਵਾਤਾਵਰਣ ਤੋਂ ਵੀ ਉਸ ਦਾ ਮਨ ਉਚਾਟ ਹੋ ਗਿਆ ਸੀ

ਮਾਸੀ ਨੂੰ ਚਿੱਠੀ ਵਿਚ ਸਾਰਾ ਬ੍ਰਿਤਾਂਤ ਲਿਖ ਕੇ ਉਹ ਹਾਲਾਤਾਂ ਤੋਂ ਜਾਣੂੰ ਕਰਵਾਉਂਦੀ ਰਹਿੰਦੀਮਾਸੀ ਉਸ ਨੂੰ ਕਿਸੇ ਸਾਧ ਸੰਤ ਨੂੰ ਮਿਲਣ ਲਈ ਲਿਖਵਾਉਂਦੀ ਅਤੇ ਜਾਂ ਕਦੇ ਕਿਸੇ ਤੋਂ ਟੂਣਾ-ਟਾਮਣ ਕਰਵਾ ਲੈਣ ਲਈ ਹਦਾਇਤ ਕਰਦੀਕਦੇ ਕਦੇ ਉਸ ਨੂੰ ਮਿਹਣੇ ਜਿਹੇ ਵੀ ਦਿੰਦੀ ਕਿ ਮੀਤੀ ਉਸ ਦੀ ਗੱਲ 'ਤੇ ਕੰਨ ਕਿਉਂ ਨਹੀਂ ਧਰਦੀ ਸੀ? ਉਹ ਅਕਸਰ ਮੀਤੀ ਦੀ ਮਾਸੀ ਸੀ, ਕੋਈ ਦੁਸ਼ਮਣ ਤਾਂ ਨਹੀਂ ਸੀ! ਉਸ ਦਾ ਭਲਾ ਹੀ ਸੋਚਦੀ ਸੀਮਾਸੀ ਉਸ ਨੂੰ ਆਪਣੀ ਮੱਤ ਗ੍ਰਹਿਣ ਕਰਨ ਲਈ ਤਾਕੀਦ ਕਰਦੀ ਅਤੇ ਨਾ ਕਰਨ 'ਤੇ ਫਿਰ ਵਾਧੂ ਪਛਤਾਉਣ ਦਾ ਡਰ ਦਿੰਦੀ

----

ਦਿਨੋ -ਦਿਨ ਉਦਾਸ ਅਤੇ ਮਾਯੂਸ ਹੁੰਦੀ ਜਾ ਰਹੀ ਮੀਤੀ ਨੇ ਇਕ ਦਿਨ ਮਾਸੀ ਦੀ ਚਿੱਠੀ ਪੜ੍ਹ ਕੇ ਸੋਚਿਆ ਕਿ ਸਿਆਣੇ ਆਖਦੇ ਹੁੰਦੇ ਨੇ ਕਿ ਜੇ ਕਾਜ਼ੀ ਸਬਕ ਨਾ ਦਿਊ ਤਾਂ ਮੁੰਡਾ ਤਾਂ ਨਹੀਂ ਰੱਖ ਲਊ? ਉਸ ਨੇ ਕਿਸੇ "ਸਿਆਣੇ" ਕੋਲ਼ ਜਾਣ ਦਾ ਮਨ ਬਣਾ ਲਿਆਅਜਿਹੇ ਸਿਆਣਿਆਂ ਦੇ ਲੋਕਲ ਅਖ਼ਬਾਰਾਂ ਵਿਚ ਆਮ ਹੀ ਇਸ਼ਤਿਹਾਰ ਆਉਂਦੇ ਸਨਅਤੇ ਉਹ ਵੀ ਪੂਰੇ ਪੂਰੇ ਸਫ਼ੇ 'ਤੇ! ਉਹ ਵੀ ਸੋਚਣ ਲੱਗ ਪਈ ਕਿ ਸਾਰੇ ਲੋਕ ਕਮਲ਼ੇ ਹੀ ਤਾਂ ਨਹੀਂ? ਜਿਹੜੇ ਇਹਨਾਂ ਬਾਬਿਆਂ ਕੋਲ਼ ਜਾਂਦੇ ਨੇ! ਅਜਿਹੀਆਂ ਗੱਲਾਂ 'ਤੇ ਪਹਿਲਾਂ ਉਹ ਵਿਸ਼ਵਾਸ ਨਹੀਂ ਕਰਦੀ ਸੀਉਹ ਸਾਧਾਂ ਸੰਤਾਂ ਨੂੰ ਬੂਬਨੇ, ਪਾਖੰਡੀ ਅਤੇ ਠੱਗ ਬਾਬੇ ਦੱਸਦੀ! ਪਰ ਜਦ ਹੁਣ ਉਹ ਮਾਯੂਸ ਅਤੇ ਨਿਰਾਸ਼ ਹੋਣ ਲੱਗ ਪਈ ਤਾਂ ਉਸ ਨੇ ਬਾਬਿਆਂ ਦੇ ਇਸ਼ਤਿਹਾਰ ਬੜੀ ਗੌਰ ਨਾਲ਼ ਪੜ੍ਹਨੇ ਸ਼ੁਰੂ ਕਰ ਦਿੱਤੇ

ਕਈ ਇਸ਼ਤਿਹਾਰਾਂ ਵਿਚ ਬਿਮਾਰੀ ਤੋਂ ਖਹਿੜ੍ਹਾ ਛੁਡਾ ਕੇ ਨੌਂ-ਬਰ-ਨੌਂ ਹੋਏ ਲੋਕਾਂ ਨੇ ਬਾਬਿਆਂ ਨੂੰ ਚਿੱਠੀਆਂ ਵੀ ਲਿਖੀਆਂ ਹੁੰਦੀਆਂਬਾਬਿਆਂ ਦਾ ਅਥਾਹ ਧੰਨਵਾਦ ਵੀ ਕੀਤਾ ਹੁੰਦਾ ਅਤੇ ਸ਼ੁਕਰਾਨੇ ਵਜੋਂ ਪੈਸੇ ਵੀ ਭੇਜੇ ਹੋਏ ਹੁੰਦੇਕਈਆਂ ਦੀ ਬਾਬਿਆਂ ਨੇ ਸਾਲਾਂ ਤੋਂ 'ਬੰਨ੍ਹੀ' ਕੁੱਖ 'ਖੋਲ੍ਹੀ' ਸੀਕਈਆਂ ਦੇ ਕਾਰੋਬਾਰ ਨਹੀਂ ਚੱਲਦੇ ਸਨ ਅਤੇ ਬਾਬਿਆਂ ਦੀ ਅਪਾਰ ਕਿਰਪਾ ਸਦਕਾ ਉਹਨਾਂ ਦਾ ਕੰਮ ਧੰਦਾ ਚੜ੍ਹਦੀਆਂ ਕਲਾਵਾਂ ਵਿਚ ਚੱਲਣ ਲੱਗ ਪਿਆ ਸੀਕਈਆਂ ਦੇ ਘਰੇ ਔਲ਼ਾਦ ਵਿਗੜੀ ਹੋਈ ਸੀ ਅਤੇ ਬਾਬਿਆਂ ਨੇ ਮੰਤਰ ਮਾਰ ਕੇ ਵਿਗੜੀ ਔਲ਼ਾਦ ਤੱਕਲ਼ੇ ਵਰਗੀ ਸਿੱਧੀ ਕਰ ਮਾਰੀ ਸੀਕਈਆਂ ਦੇ ਪਤੀ ਸ਼ਰਾਬ ਪੀਂਦੇ ਅਤੇ ਬਿਗਾਨੀ ਔਰਤ ਦੇ ਚੁੰਗਲ ਵਿਚ ਫ਼ਸੇ ਹੋਏ ਸਨਪਰ ਬਾਬਿਆਂ ਦੇ ਕਾਲੇ ਇਲਮ ਤੋਂ ਬੰਦਾ ਭੱਜ ਕੇ ਕਿੱਥੇ ਜਾਵੇ? ਬਾਬਿਆਂ ਨੇ ਪਤੀ ਦੇਵ ਦੇ ਸਾਰੇ ਵਲ਼ ਕੱਢ ਕੇ ਘਰੇ ਲਹਿਰਾਂ ਬਹਿਰਾਂ ਕਰ ਦਿੱਤੀਆਂ ਸਨ! ਕਈਆਂ ਦੇ ਘਰੇ ਪੈਸਾ ਨਹੀਂ ਖੜ੍ਹਦਾ ਸੀਚਿਉਂਦੇ ਪਾਣੀ ਵਾਂਗ ਪੱਤਰਾ ਵਾਚ ਜਾਂਦਾ ਸੀਪਰ ਧੰਨ ਬਾਬਿਆਂ ਦਾ ਤਵੀਤ! ਭੱਜਦੇ ਪੈਸੇ ਨੂੰ ਐਸਾ ਬੰਨ੍ਹ ਲਾਇਆ, ਮੁੜ ਕੇ ਪੈਸਾ ਘਰ ਦੀ ਦੇਹਲ਼ੀ ਨਹੀਂ ਟੱਪਿਆ! ਇਹ ਸਾਰੇ ਲੋਕ ਪਾਗਲ ਤਾਂ ਨਹੀਂ ਸਨ? ਮੀਤੀ ਸੋਚਦੀ ਅਤੇ ਬਾਬਿਆਂ ਦੇ ਇਸ਼ਤਿਹਾਰਾਂ ਨੂੰ ਉਹ ਹਰ ਹਫ਼ਤੇ ਵਾਰ ਵਾਰ ਪੜ੍ਹਦੀਭੂਤ, ਪ੍ਰੇਤ, ਜੰਤਰ, ਮੰਤਰ ਹੈ ਤਾਂ ਜ਼ਰੂਰ, ਪਰ ਦੁਨੀਆਂ ਮੰਨਦੀ ਨਹੀਂ! ਪਰ ਅਗਲੇ ਦੇ ਘਰੇ ਲੱਗੀ ਅੱਗ ਬਸੰਤਰ ਲੱਗਦੀ ਐਕੇੜਾ ਤਾਂ ਉਦੋਂ ਚੜ੍ਹਦੈ, ਜਦੋਂ ਆਪਦੇ ਘਰ ਨੂੰ ਆ ਪੈਂਦੀ ਐ! ਉਹ ਸਾਰਾ ਦਿਨ ਸੋਚਾਂ ਵਿਚ ਉਲ਼ਝੀ ਰਹਿੰਦੀ

----

ਇਕ ਦਿਨ ਮੀਤੀ ਨੇ ਵੀ ਇਕ ਬਾਬੇ ਨੂੰ ਫ਼ੋਨ ਘੁੰਮਾ ਹੀ ਦਿੱਤਾਫ਼ੋਨ ਘੁੰਮਾਉਂਦੀ ਮੀਤੀ ਨੂੰ ਪਸੀਨਾ ਆ ਗਿਆ ਸੀਫ਼ੋਨ ਦਾ ਰਿਸੀਵਰ ਹੱਥ ਵਿਚ ਕੰਬੀ ਜਾ ਰਿਹਾ ਸੀ, ਜਿਸ ਨੂੰ ਉਸ ਨੇ ਕਾਟੋ ਵਾਂਗ ਘੁੱਟ ਕੇ ਫੜ ਰੱਖਿਆ ਸੀਕੀ ਦੱਸਾਂਗੀ ਬਾਬੇ ਨੂੰ? ਕਿ ਮੈਨੂੰ ਬੱਚਾ ਨਹੀਂ ਹੁੰਦਾ? ਉਹ ਪੁੱਛੂਗਾ ਕਿ ਚੈੱਕ ਕਰਵਾਇਆ? ਕੀ ਦੱਸਾਂਗੀ? ਬਈ ਮੇਰੇ ਘਰ ਵਾਲ਼ਾ ਠੀਕ ਠਾਕ ਹੈ ਅਤੇ ਮੇਰੇ ਵਿਚ ਹੀ ਨੁਕਸ ਹੈ? ਬਾਬਾ ਮੇਰਾ ਫ਼ੋਨ ਕਿਸੇ ਨੂੰ ਦੱਸ ਨਾ ਦੇਵੇ? ਮੇਰੀ ਤਾਂ ਸਾਰੇ ਜੱਗ ਵਿਚ ਬੇਇੱਜ਼ਤੀ ਹੋ ਜਾਵੇਗੀ! ਮੈਂ ਕਿਸ ਨੂੰ ਆਪਣਾ ਮੂੰਹ ਦਿਖਾਊਂ? ਕਸੂਰ ਤਾਂ ਸਾਰਾ ਮੇਰਾ ਹੈ! ਮੇਰੇ ਘਰ ਵਾਲ਼ੇ ਦਾ ਕੋਈ ਕਸੂਰ ਨਹੀਂ! ਉਹਨਾਂ ਨੇ ਤਾਂ ਆਪਣੀ ਕੁਲ਼ ਖਾਤਰ ਸੋਚਣਾ ਹੀ ਹੋਇਆ! ਉਹ ਵਿਚਾਰਾ ਬਿਲਕੁਲ ਦੋਸ਼ੀ ਨਹੀਂ! ਜੇ ਸਹੁਰੇ ਮੈਨੂੰ ਮਿਹਣੇ ਮਾਰਦੇ ਨੇ, ਤਾਂ ਉਹ ਵੀ ਸੱਚੇ ਹੀ ਮਿਹਣੇ ਤਾਅਨੇ ਮਾਰਦੇ ਐ! ਜੁਆਕ ਜੰਮਣ ਦਾ ਗੁਣ ਤਾਂ ਮੇਰੇ ਵਿਚ ਨਹੀਂ, ਮੇਰੇ ਪਤੀ ਦਾ ਕੀ ਕਸੂਰ? ਉਸ ਦਾ ਕੋਈ ਕਸੂਰ ਨਹੀਂ! ਕਾਣੇ ਨੂੰ ਅਗਰ ਕੋਈ ਕਾਣਾ ਕਹਿੰਦਾ ਹੈ, ਤਾਂ ਅਗਲਾ ਸੱਚੀ ਗੱਲ ਕਹਿੰਦਾ ਹੈ! ਅਗਰ ਕਾਣਾ ਗੁੱਸਾ ਕਰੇ, ਉਸ ਵਿਚ ਸੱਚ ਆਖਣ ਵਾਲ਼ੇ ਦਾ ਕੋਈ ਕਸੂਰ ਨਹੀਂ! ਪਰ ਬਾਬੇ ਤੋਂ ਇਹ ਗੱਲ ਕਿਵੇਂ ਲੁਕਾਵਾਂ? ਪਰ ਬਾਬੇ ਨੂੰ ਫ਼ੋਨ ਕਰ ਕੇ ਦੇਖ ਤਾਂ ਲਵਾਂ...? ਆਪਣਾ ਨਾਂ ਸਹੀ ਨਹੀਂ ਦੱਸਦੀ! ਪਰ ਬਾਬੇ ਤਾਂ ਜਾਣੀ ਜਾਣ ਐਂ! ਉਹਨਾਂ ਤੋਂ ਕੀ ਛੁਪਿਐ? ਜਿਹੜੇ ਐਨੀ ਦੁਨੀਆਂ ਨੂੰ ਦਾਤਾਂ ਬਖ਼ਸ਼ੀ ਜਾ ਰਹੇ ਨੇ, ਉਹਨਾਂ ਮੂਹਰੇ ਝੂਠ ਕਿਵੇਂ ਚੱਲੂ? ਜੇ ਬਾਬੇ ਨੂੰ ਕੋਈ ਗ਼ਲਤ ਨਾਂ ਦੱਸ ਦਿੱਤਾ, ਤਾਂ ਬਾਬੇ ਨੇ ਗ਼ਲਤ ਨਾਂ 'ਤੇ ਹੀ ਤਵੀਤ ਦੇਣੈਂ! ਉਹ ਤਵੀਤ ਮੇਰੇ 'ਤੇ ਕੀ ਕੰਮ ਕਰੂ? ਜੇ ਉਹਨੇ ਕੋਈ ਮੰਤਰ ਪੜ੍ਹਨਾ ਹੋਇਆ, ਤਾਂ ਵੀ ਮੇਰੇ ਨਾਂ 'ਤੇ ਈ ਪੜੂ! ਜੇ ਗਲਤ ਨਾਂ ਦੱਸ ਦਿੱਤਾ ਤਾਂ ਬਾਬੇ ਦਾ ਮੰਤਰ ਮੇਰੇ 'ਤੇ ਅਸਰ ਕਿਵੇਂ ਕਰੂ? ਉਹ ਖਿ਼ਆਲਾਂ ਵਿਚ ਗੁਆਚੀ ਹੋਈ ਸੀਪਤਾ ਨਹੀਂ ਉਸ ਨੇ ਅੱਧੋਗਤੀ ਜਿਹੀ ਵਿਚ ਬਾਬੇ ਨੂੰ ਕਦੋਂ ਫ਼ੋਨ ਮਿਲਾ ਲਿਆ...?

-"ਹੈਲੋ...!" ਉਧਰੋਂ ਅਮਲੀਆਂ ਵਰਗੀ ਅਵਾਜ਼ ਆਈ

ਮੀਤੀ ਦਾ ਸਾਰਾ ਸਰੀਰ ਮੁੜ੍ਹਕੇ ਨਾਲ ਗੱਚ ਹੋ ਗਿਆ

-"ਬਾਬਾ ਜੀ...!" ਉਹ ਸਿਰਫ਼ ਐਨਾ ਹੀ ਆਖ ਸਕੀ! ਉਸ ਦਾ ਮਨ ਭਰ ਆਇਆ ਸੀ

-"ਹਾਂ ਪੁੱਤ...! ਬੋਲ ਕੀ ਦੁੱਖ ਐ ਤੈਨੂੰ? ਕੀ ਤਕਲੀਫ਼ ਐ ਮੇਰੀਏ ਧੀਏ? ਤੂੰ ਬੋਲ ਤਾਂ ਸਹੀ! ਮਾਪਿਆਂ ਕੋਲ਼ ਧੀਆਂ ਰੋ ਜਰੂਰ ਪੈਂਦੀਐਂ-ਪਰ ਦੁੱਖ ਨਹੀਂ ਲਕੋਂਦੀਆਂ! ਬੋਲ ਮੇਰੀ ਸਿਆਣੀ ਧੀ! ਬੋਲ ਪੁੱਤ...!" ਬਾਬੇ ਦੇ ਪਿਆਰੇ ਅਤੇ ਮਿੱਠੇ ਬੋਲ ਮੀਤੀ ਦੇ ਸੜਦੇ ਦਿਲ 'ਤੇ ਸੀਤ ਛੜਾਕਾ ਬਣ ਕੇ ਵਰ੍ਹੇ ਤਾਂ ਮੀਤੀ ਦਾ ਰੋਣ ਨਿਕਲ਼ ਗਿਆਉਸ ਤੋਂ ਬੋਲ ਨਾ ਹੋਇਆ

-"ਧੀਏ ਮੇਰੀਏ...! ਜੇ ਬਾਪ ਕੋਲ਼ੇ ਦਰਦ ਈ ਨ੍ਹੀ ਦੱਸੇਂਗੀ-ਤੇਰਾ ਦੁੱਖ ਨਵਿਰਤ ਕਿਵੇਂ ਹੋਊ? ਬੋਲ ਕੇ ਦੱਸੀਦਾ ਹੁੰਦੈ ਪੁੱਤ! ਦੱਸ ਸ਼ੇਰ ਬਣਕੇ...! ਤੂੰ ਇਕ ਵਾਰ ਮੈਨੂੰ ਆਪਣਾ ਦੁੱਖ ਦੱਸ! ਤੇਰਾ ਦੁੱਖ ਜੇ ਨਾ ਡਾਂਗਾਂ ਮਾਰ ਮਾਰ ਕੇ ਬਾਹਣੀਂ ਪਾ ਦਿੱਤਾ-ਮੈਨੂੰ ਆਪਣਾ ਧਰਮ ਦਾ ਬਾਪ ਨਾ ਜਾਣੀਂ-ਕੋਈ ਹਰਾਮੀ ਜਾਣੀਂ! ਬੋਲ ਮੇਰੀ ਸਿਆਣੀ ਧੀ! ਦੁੱਖ ਦੱਸ ਮੇਰਾ ਪੁੱਤ ਬਣਕੇ...!"

-"......।" ਬਾਬਾ ਜੀ ਦੀਆਂ ਗੱਲਾਂ ਨੇ ਮੀਤੀ ਦੇ ਜ਼ਖ਼ਮਾਂ 'ਤੇ ਇਕ ਤਰ੍ਹਾਂ ਨਾਲ ਮੱਲ੍ਹਮ ਦਾ ਕੰਮ ਕੀਤਾ

-"ਦੇਖ ਮੇਰਿਆ ਪੁੱਤਾ! ਜਦੋਂ ਆਪਾਂ ਹਕੀਮ ਕੋਲ਼ੇ ਜਾਨੇ ਐਂ-ਪਹਿਲਾਂ ਉਸ ਨੂੰ ਆਪਣੀ ਬਿਮਾਰੀ ਦੱਸਦੇ ਐਂ-ਹਕੀਮ ਬਾਅਦ ਵਿਚ ਤੁਹਾਡੀ ਨਬਜ਼ ਦੇਖਦੈ-ਉਹ ਬਿਮਾਰੀ ਦੇ ਹਿਸਾਬ ਨਾਲ ਤੁਹਾਨੂੰ ਦੁਆਈ ਦਿੰਦੈ-ਪ੍ਰਹੇਜ਼ ਦੱਸਦੈ-ਉਹ ਹੀ ਕੰਮ ਮੇਰਾ ਐ ਧੀਏ...! ਮੈਂ ਪਹਿਲਾਂ ਰੋਗ ਜਾਂ ਦੁੱਖ ਪੁੱਛਦੈਂ-ਫੇਰ ਉਹਨੂੰ ਕਾਲ਼ੇ ਇਲਮਾਂ ਨਾਲ, ਸ਼ਹਿਰ ਜਾਂ ਪਿੰਡ ਦੀ ਨਹੀਂ, ਦੇਸ਼ ਦੀ ਜੂਹ ਟਪਾ ਕੇ ਆਉਨੈਂ! ਜੇ ਕਿਸੇ ਨੇ ਤੇਰੇ 'ਤੇ ਕਾਲੇ ਇਲਮ ਦਾ ਜਾਦੂ ਕੀਤੈ-ਤਾਂ ਮੈਂ ਤਵੀਤ ਦਿੰਨੈਂ-ਉਹ ਕਾਲ਼ਾ ਜਾਦੂ ਅਗਲੇ 'ਤੇ, ਭਾਵ ਕਰਵਾਉਣ ਵਾਲ਼ੇ 'ਤੇ ਪੁੱਠਾ ਪੈਂਦੈ ਧੀਏ! ਤੂੰ ਇਕ ਵਾਰੀ ਬੋਲ ਕੇ ਤਾਂ ਦੇਖ-ਜੇ ਨਾ ਅਸਮਾਨ ਨੂੰ ਟਾਕੀ ਲਾ ਦਿੱਤੀ-ਤਾਂ ਆਖੀਂ...!" ਬਾਬੇ ਨੇ ਆਪਣੇ ਵੱਲੋਂ ਕੋਕੇ ਜੜ ਦਿੱਤੇ

-"ਬਾਬਾ ਜੀ...!" ਮੀਤੀ ਨੇ ਆਪਣੇ ਆਪ ਨੂੰ ਸਥਿਰ ਕਰ ਕੇ ਆਖਿਆ

-"ਹਾਂ ਬੋਲ ਧੀਏ! ਸ਼ਾਬਾਸ...! ਤੂੰ ਇਕ ਵਾਰੀ ਦੁੱਖ ਮੂੰਹੋਂ ਤਾਂ ਕੱਢ! ਤੇਰਾ ਦੁੱਖ ਤੇਰੀ ਜ਼ਿੰਦਗੀ 'ਚੋਂ ਕੱਢਣਾ ਮੇਰਾ ਕੰਮ!"

-"ਬਾਬਾ ਜੀ, ਮੈਨੂੰ ਅੱਠ ਸਾਲ ਹੋ ਗਏ ਵਿਆਹੀ ਆਈ ਨੂੰ-।"

-"ਹਾਂ, ਹਾਂ! ਅੱਗੇ ਬੋਲ...! ਅੱਗੇ ਬੋਲ ਮੇਰਾ ਸ਼ੇਰ ਬਣਕੇ!" ਬਾਬੇ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ

-"ਮੇਰੇ ਕੋਈ ਬੱਚਾ ਨਹੀਂ ਹੋਇਆ-।" ਕਹਿ ਕੇ ਮੀਤੀ ਫਿਰ ਫਿ਼ਸ ਪਈ

-"ਬੱਸ! ਐਨਾ ਈ ਕੰਮ ਸੀ...? ਵਾਹ ਜੀਵਾਹ! ਐਵੇਂ ਧੀ ਮੇਰੀਏ ਰੋਈ ਜਾਨੀ ਐਂ? ਤੂੰ ਮੇਰੇ ਦੱਸੇ ਉਪਾਅ ਕਰ-ਜੇ ਅਗਲੇ ਸਾਲ ਤੇਰੇ ਗੋਦੀ ਮੁੰਡਾ ਨਾ ਹੋਇਆ-ਮੈਨੂੰ ਫੜ ਲਈਂ...!"

-"ਦੱਸੋ ਬਾਬਾ ਜੀ...!"

-"ਇਕ ਤਾਂ ਧੀਏ ਆਪਦਾ ਨਾਂ ਦੱਸ-ਤੇ ਦੂਜਾ ਆਪਣੀ ਇਕ ਫ਼ੋਟੋ ਭੇਜ ਮੈਨੂੰ! ਤੇ ਤੀਜਾ ਉਪਾਅ ਕਰਨ ਵਾਸਤੇ ਸੌ ਪੌਂਡ ਇਕ ਖਾਖੀ ਲਫ਼ਾਫ਼ੇ ਵਿਚ ਪਾ ਕੇ ਮੈਨੂੰ ਅੱਜ ਈ ਪੋਸਟ ਕਰ ਦੇਹ-ਤੇਰੇ ਕੋਲ਼ੇ ਐਡਰੈੱਸ ਤਾਂ ਮੇਰਾ ਹੈਗਾ ਨ੍ਹਾਂ...?" ਉਸ ਨੇ ਕਈ ਗੱਲਾਂ ਇਕੋ ਸਾਹ ਹੀ ਆਖ ਦਿੱਤੀਆਂ

-"ਐੱਡਰੈੱਸ ਤਾਂ ਬਾਬਾ ਜੀ ਆਹੀ ਐ-ਜਿਹੜਾ ਅਖ਼ਬਾਰ 'ਤੇ ਛਪਿਆ ਹੋਇਐ।"

-"ਨਹੀਂ! ਇਹ ਨਹੀਂ ਧੀਏ...! ਤੈਨੂੰ ਮੈਂ ਇਕ ਹੋਰ ਐਡਰੈੱਸ ਦਿੰਨੈਂ! ਪੈੱਨ ਹੈਗਾ?"

-"ਨਹੀਂ, ਮੈਂ ਲੱਭ ਕੇ ਲਿਆਉਨੀ ਐਂ, ਬਾਬਾ ਜੀ।"

-"ਲੱਭ ਲਿਆ ਭਾਈ...!"

-"ਹਾਂ ਲਿਖਾਓ ਬਾਬਾ ਜੀ।" ਮੀਤੀ ਨੇ ਪੈੱਨ ਚਲਾ ਕੇ ਦੇਖਿਆਚੱਲਦਾ ਸੀਬਾਬੇ ਨੇ ਉਸ ਨੂੰ ਇਕ ਹੋਰ ਐਡਰੈੱਸ ਲਿਖਵਾ ਦਿੱਤਾਮੀਤੀ ਨੇ ਨੋਟ ਕਰ ਲਿਆ

-"ਪਰ ਬਾਬਾ ਜੀ, ਇਕ ਗੱਲ ਹੋਰ ਐ! ਮੇਰਾ ਨਾਂ ਜਾਂ ਪਤਾ ਕਿਸੇ ਨੂੰ ਪਤਾ ਨਾ ਲੱਗੇ! ਮੈਂ ਤਾਂ ਥੋਡੇ 'ਤੇ ਇਤਬਾਰ ਕਰਕੇ ਸਾਰਾ ਕੁਛ ਦੱਸਿਐ-ਇਹ ਗੱਲ ਆਪਣੇ ਦੋਹਾਂ 'ਚ ਈ ਐ...!" ਉਸ ਨੇ ਆਖਿਆ

-"ਕੀ ਗੱਲ ਕਰਦੀ ਐਂ ਧੀਏ? ਤੇਰਾ ਕੇਸ ਮੇਰੇ ਕੋਲ਼ੇ ਕੋਈ ਪਹਿਲਾ ਨਹੀਂ! ਮੇਰਾ ਮੂੰਹ ਸਦਾ ਲਈ ਬੰਦ ਹੋ ਸਕਦੈ-ਪਰ ਕਿਸੇ ਅੱਗੇ ਖੁੱਲ੍ਹ ਨਹੀਂ ਸਕਦਾ-ਨਾਲ਼ੇ ਐਹੋ ਜੇ ਭੇਦ ਦੱਸਣ ਆਲ਼ੇ ਹੁੰਦੇ ਐ, ਕਮਲ਼ੀਏ ਧੀਏ? ਮੈਂ ਤਾਂ ਕੱਚ ਖਾ ਕੇ ਡਕ੍ਹਾਰ ਨਾ ਮਾਰਾਂ! ਤੂੰ ਕਿਹੜੀ ਗੱਲ ਕਰ ਦਿੱਤੀ? ਤੈਨੂੰ ਆਪਣੇ ਐਸ ਧਰਮ ਦੇ ਪਿਉ 'ਤੇ ਕੋਈ ਇਤਬਾਰ ਨ੍ਹੀਂ...?"

-"ਬਾਬਾ ਜੀ, ਇਤਬਾਰ ਕਰ ਕੇ ਤਾਂ ਮੈਂ ਥੋਡੇ ਕੋਲ਼ੇ ਦਿਲ ਦਾ ਭੇਦ ਖੋਲ੍ਹਦੀ ਐਂ-ਮੈਂ ਤੇ ਮੇਰੇ ਘਰਵਾਲ਼ੇ ਨੇ ਡਾਕਟਰ ਤੋਂ ਚੈੱਕ ਅੱਪ ਕਰਵਾਈ ਸੀ-ਮੇਰੇ ਘਰਵਾਲ਼ਾ ਤਾਂ ਠੀਕ ਠਾਕ ਐ-ਮੇਰੇ 'ਚ ਈ ਨੁਕਸ ਐ-ਮੈਂ ਈ ਬੱਚਾ ਜੰਮਣ ਦੇ ਕਾਬਲ ਨਹੀਂ-।" ਉਸ ਨੇ ਅਜੇ ਗੱਲ ਵੀ ਪੂਰੀ ਨਹੀਂ ਕੀਤੀ ਸੀ ਕਿ ਬਾਬਾ ਵਿਚੋਂ ਹੀ ਬੋਲ ਪਿਆ

-"ਕੀ ਗੱਲਾਂ ਕਰਦੀ ਐਂ ਪੁੱਤ...? ਤੂੰ ਮੇਰੇ ਰਿਕਾਰਡ 'ਚ ਪਹਿਲੀ ਕੁੜੀ ਨਹੀਂ-ਜੀਹਨੂੰ ਆਹ ਬੱਚੇ ਆਲ਼ਾ ਦੁੱਖ ਐ! ਮੇਰੇ ਕੋਲ਼ੇ ਨਿੱਤ ਈ ਐਹੋ ਜਿਹੇ ਕੇਸ ਆਉਂਦੇ ਐ-ਜੇ ਅਸੀਂ ਐਹੋ ਜਿਹੇ ਦੁੱਖ ਦੂਰ ਨਾ ਕੀਤੇ? ਫੇਰ ਸਾਡਾ ਫ਼ਾਇਦਾ ਕੀ ਐ, ਉਸਤਾਦਾਂ ਕੋਲ਼ੇ ਮੁਸ਼ੱਕਤਾਂ ਕੀਤੀਆਂ ਦਾ? ਇਕ ਕੁੜੀ ਸੀ ਤੇਰੇ ਅਰਗੀ, ਆਹ ਪਿਛਲੇ ਸਾਲ ਦੀ ਈ ਗੱਲ ਐ! ਉਹਦਾ ਵੀ ਆਹੀ ਦੁਖਾਂਤ ਸੀ-ਮੈਂ ਮੰਤਰ ਛੱਡੇ-ਹੋਰ ਵੀ ਕਈ ਉਪਾਅ ਕੀਤੇ ਕਰਵਾਏ-ਉਹਦੇ 'ਕੱਠੇ ਈ ਦੋ ਬੱਚੇ ਹੋਏ-ਇਕ ਮੁੰਡਾ ਤੇ ਇਕ ਕੁੜੀ! ਜੇ ਤੂੰ ਸਾਡੇ ਕੋਲ਼ ਕਦੇ ਆਈ-ਤੈਨੂੰ ਉਸ ਕੁੜੀ ਦਾ ਨੰਬਰ ਤੇ ਐਡਰੈੱਸ ਵੀ ਦਿਆਂਗਾ-ਚਾਹੇ ਜਾ ਕੇ ਮਿਲ ਆਈਂ! ਤੇ ਆਬਦੀ ਤਸੱਲੀ ਕਰ ਲਈਂ! ਉਹ ਕੁੜੀ ਤਾਂ ਦਾਅਵੇ ਨਾਲ ਆਖਦੀ ਐ ਕਿ ਬਾਬਾ ਜੀ ਮੇਰਾ ਐਡਰੈੱਸ ਤੇ ਟੈਲੀਫ਼ੋਨ ਨੰਬਰ ਲੋਕਾਂ ਨੂੰ ਦਿਓ-ਕਿਸੇ ਦਾ ਹੋਰ ਵੀ ਭਲਾ ਹੋਵੇ-ਪਰ ਅਸੀਂ ਪੁੱਤਰਾ ਆਪਣੀ ਫ਼ੋਕੀ ਬੱਲੇ ਬੱਲੇ ਨਹੀਂ ਚਾਹੁੰਦੇ! ਪਰ ਜਦੋਂ ਤੇਰੇ ਅਰਗੇ ਕਿਸੇ ਦੁਖੀ ਧੀ ਪੁੱਤ ਦਾ ਫ਼ੋਨ ਆ ਜਾਂਦੈ-ਤਾਂ ਫੇਰ ਨ੍ਹੀ ਭਲਾ ਕਰਨੋ ਰਿਹਾ ਜਾਂਦਾ! ਸੋਚੀਦੈ, ਬਈ ਪਤਾ ਨ੍ਹੀ ਕਦੋਂ ਰੱਬ ਵੱਲੋਂ ਸੱਦਾ ਆ ਜਾਣੈਂ? ਕੋਈ ਕਰਮ ਤਾਂ ਚੰਗਾ ਕਰ ਲਈਏ? ਬੱਸ ਹੁਣ ਤੇਰਾ ਪਹਿਲਾ ਕੰਮ ਇਹ ਐ ਬਈ ਮੈਨੂੰ ਖਾਖੀ ਲਿਫ਼ਾਫ਼ੇ 'ਚ ਪਾ ਕੇ ਸੌ ਪੌਂਡ ਪੋਸਟ ਕਰ ਤੇ ਫੇਰ ਦੇਖ ਮੇਰੇ ਹੱਥ...! ਜੇ ਨੌਂ ਨਿਧਾਂ ਤੇ ਬਾਰਾਂ ਸਿਧਾਂ ਨਾ ਹੋ ਗਈਆਂ-ਸਾਨੂੰ ਪਹੁੰਚੇ ਹੋਏ ਫ਼ਕੀਰ ਕੀਹਨੇ ਆਖਣੈਂ...? ਕੀ ਨਾਂ ਐਂ ਤੇਰਾ? ਤੇ ਨਾਲੇ ਦੱਸ ਮੈਨੂੰ ਆਬਦੀ ਜਨਮ ਤਰੀਕ-ਦੇਖ ਅਗਲੇ ਸਾਲ ਕਿਵੇਂ ਮੁੰਡਾ ਵਿਹੜੇ 'ਚ ਕਿਲਕਾਰੀਆਂ ਮਾਰਦੈ! ਤੈਨੂੰ ਅੱਠ ਸਾਲ ਹੋ ਗਏ, ਧੀਏ-ਆਪਣੇ ਐਸ ਧਰਮ ਦੇ ਪਿਉ ਨੂੰ ਪਹਿਲਾਂ ਕਦੇ ਕਿਉਂ ਨ੍ਹੀ ਯਾਦ ਕੀਤਾ...?"

-"ਬੱਸ ਬਾਬਾ ਜੀ-ਘਰਾਂ ਦੇ ਬੀਹ ਝਮੇਲੇ ਹੁੰਦੇ ਐ-।" ਉਹ ਗੱਲ ਬੋਚ ਗਈ

-"ਇਕ ਗੱਲ ਪੁੱਤ ਹੋਰ ਐ...?"

-"ਕੀ ਬਾਬਾ ਜੀ...?"

-"ਹਿੰਦੂ ਹੈਂ ਕਿ ਸਿੱਖ...?"

-"ਸਿੱਖ ਹਾਂ, ਬਾਬਾ ਜੀ!"

-"ਨਾਂ ਕੀ ਐ...?"

-"ਮਨਜੀਤ ਕੌਰ...!"

-"ਮਨਜੀਤ! ਪੁੱਤ ਇਉਂ ਕਰਨੈਂ...! ਹੋਊ ਮੁੰਡਾ ਈ...! ਇਹ ਮੇਰੀ ਗਰੰਟੀ ਐ-ਤੇ ਮੁੰਡੇ ਦਾ ਨਾਂ ਗੁਰਭੇਜ ਸਿੰਘ ਰੱਖਣੈਂ...!"

-"ਜੋ ਹੁਕਮ ਬਾਬਾ ਜੀ...! ਮੈਂ ਹੁਣੇ ਹੀ ਨੋਟ ਕਰ ਲਿਆ-ਗੁਰਭੇਜ ਸਿੰਘ।"

-"ਤੇ ਤੂੰ ਆਹ ਕਰਨ ਆਲ਼ਾ ਕੰਮ ਕਰ! ਇਕ ਆਬਦੀ ਫ਼ੋਟੋ ਤੇ ਸੌ ਪੌਂਡ ਲਫ਼ਾਫ਼ੇ 'ਚ ਪਾ ਕੇ ਭੇਜ!"

-"ਜੇ ਚੈੱਕ ਜਾਂ ਡਰਾਫ਼ਟ ਬਣਾ ਕੇ ਭੇਜ ਦਿਆਂ ਬਾਬਾ ਜੀ?"

-"ਨਹੀਂ ਪੁੱਤਰ...! ਤੂੰ ਸਮਝਣ ਦੀ ਕੋਸ਼ਿਸ਼ ਕਿਉਂ ਨ੍ਹੀ ਕਰਦੀ? ਨਕਦ ਸੌ ਪੌਂਡ ਪਾਉਣੇ ਐਂ-ਚੈੱਕ ਜਾਂ ਡਰਾਫ਼ਟ ਨਹੀਂ ਪਾਉਣਾ! ਤੇ ਨਾਲੇ ਆਬਦੀ ਫ਼ੋਟੋ ਭੇਜਣੀ ਵੀ ਨੀ ਭੁੱਲਣੀਂ! ਮੈਂ ਤੇਰੀ ਫ਼ੋਟੋ ਨਾਲ਼ ਤੇਰੇ ਲੇਖ ਮਿਲ਼ਾ ਕੇ ਦੇਖਣੇ ਐਂ!"

-"ਨਕਦ ਪੌਂਡ ਕਿਤੇ ਗੁੰਮ ਨਾ ਹੋ ਜਾਣ, ਬਾਬਾ ਜੀ?"

-"ਧੀਏ, ਸਾਡੇ ਕੋਲ਼ ਆਉਣ ਆਲ਼ੇ ਪੌਂਡ ਗੁੰਮ ਕਿਵੇਂ ਹੋ ਜਾਣਗੇ? ਹੈ ਕਮਲ਼ੀ ਧੀ! ਤੂੰ ਕੱਲ੍ਹ ਨੂੰ ਇਹ ਦੋਵੇਂ ਚੀਜਾਂ ਪੋਸਟ ਕਰ ਕੇ ਮੈਨੂੰ ਚੌਥੇ ਫ਼ੋਨ ਕਰ ਲਈਂ! ਭੁੱਲੀਂ ਨਾ ਧੀ ਮੇਰੀਏ! ਦੇਖੀਂ ਤੇਰਾ ਮੂਧਾ ਵੱਜਿਆ ਘਰ ਕਿਵੇਂ ਸਿੱਧਾ ਹੁੰਦੈ! ਤੂੰ ਪਿਉ ਆਪਣੇ ਨੂੰ ਯਾਦ ਕਰੇਂਗੀ, ਧੀ ਰਾਣੀਏਂ...!"

----

ਮੀਤੀ ਨੇ ਆਪਣਾ ਨਾਂ ਅਤੇ ਜਨਮ ਤਾਰੀਖ਼ ਬਾਬੇ ਨੂੰ ਨੋਟ ਕਰਵਾ ਦਿੱਤੀਸੌ ਪੌਂਡ ਅਗਲੇ ਦਿਨ ਭੇਜਣ ਦਾ ਬਚਨ ਦੇ ਦਿੱਤਾਬਾਬਾ ਉਸ ਨੂੰ ਤਸੱਲੀਆਂ ਅਤੇ ਧਰਵਾਸ ਦਿੰਦਾ ਰਿਹਾਮੀਤੀ ਨੂੰ ਵੀ ਇਕ ਤਰ੍ਹਾਂ ਨਾਲ਼ ਕਿਨਾਰਾ ਮਿਲ਼ ਗਿਆ ਸੀਉਸ ਦੇ ਮਨ ਨੂੰ ਅਥਾਹ ਤਸੱਲੀ ਮਿਲ਼ ਗਈ ਸੀਆਸਰਾ ਮਿਲ਼ ਗਿਆ ਸੀਉਸ ਨੂੰ ਆਪਣੇ ਆਪ 'ਤੇ ਖਿਝ ਆ ਰਹੀ ਸੀ ਕਿ ਉਸ ਨੇ ਪਹਿਲਾਂ ਮਾਸੀ ਦੀ ਗੱਲ ਕਿਉਂ ਨਾ ਮੰਨ ਲਈ? ਉਹ ਤਾਂ ਸਭ ਤੋਂ ਵੱਡੀ ਬੇਵਕੂਫ਼ ਸੀ! ਜਿਹੜੀ ਹੁਣ ਤੱਕ ਅੱਠ ਸਾਲ ਭਵਸਾਗਰ ਵਿਚ ਲੋਟ ਪੋਟ ਅਤੇ ਸਾਹੋ ਸਾਹ ਹੁੰਦੀ ਰਹੀ ਸੀਜੇ ਮਾਸੀ ਆਖੇ ਲੱਗ ਕੇ ਪਹਿਲਾਂ ਕਿਤੇ ਬਾਬੇ ਨਾਲ਼ ਗੱਲ ਕਰ ਲੈਂਦੀ ਤਾਂ ਸ਼ਾਇਦ ਉਸ ਦਾ ਮੁੰਡਾ ਹੁਣ ਨੂੰ ਦੂਜੀ ਜਮਾਤ ਵਿਚ ਪੜ੍ਹਦਾ ਹੁੰਦਾ! ਉਸ ਨੇ ਆਪਣੇ ਆਪ ਨੂੰ ਬੇਥਾਹ ਫਿਟਕਾਰਾਂ ਪਾਈਆਂਆਪਣੀ ਸੌੜੀ ਸੋਚ 'ਤੇ ਝੁਰੀ! ਦੁਨੀਆਂ ਕਿਤੇ ਕਮਲ਼ੀ ਐ...? ਜਿਹੜੀ ਬਾਬਿਆਂ ਨੂੰ ਪੂਜਦੀ ਫਿਰਦੀ ਐ? ਜਿਹੜੀ ਬਾਬਿਆਂ ਦੇ ਚਰਨ ਪਰਸਦੀ ਫਿਰਦੀ ਐ? ਜੇ ਬਾਬਿਆਂ ਵਿਚ ਕੋਈ ਕਰਾਮਾਤ ਹੈ, ਤਾਂ ਹੀ ਲੋਕ ਇਹਨਾਂ ਦੇ ਚਰਨੀਂ ਡਿੱਗਦੇ ਐ! ਨਹੀਂ ਤਾਂ ਅਗਲਾ ਕਿਸੇ ਨੂੰ 'ਸਾਸਰੀਕਾਲ' ਨਹੀਂ ਬੁਲਾਉਂਦਾਜੇ ਲੋਕਾਂ ਦੇ ਕੰਮ ਰਾਸ ਆਉਂਦੇ ਐ, ਤਾਂ ਹੀ ਲੋਕ ਇਕ ਦੂਜੇ ਕੋਲ਼ ਇਹਨਾਂ ਬਾਬਿਆਂ ਦੀਆਂ ਸਿਫ਼ਤਾਂ ਕਰਦੇ ਐ?

----

ਪਰ ਤਰਕਸ਼ੀਲ ਸੁਸਾਇਟੀ ਵਾਲ਼ੇ ਤਾਂ ਪਿਛਲੇ ਸਾਹਿਤਕ ਪ੍ਰੋਗਰਾਮ 'ਤੇ ਇਹਨਾਂ ਨੂੰ ਵੰਗਾਰੀ ਜਾਂਦੇ ਸੀ? ਅਖੇ ਕੋਈ ਕਰਾਮਾਤ ਨਹੀਂ, ਕੋਈ ਭੂਤ ਨਹੀਂ, ਕੋਈ ਪ੍ਰੇਤ ਨਹੀਂ...! ਪਰ ਤਰਕਸ਼ੀਲਾਂ ਦਾ ਕੀ ਐ? ਉਹ ਤਾਂ ਨਾਸਤਿਕ ਐ! ਉਹ ਤਾਂ ਕਹਿੰਦੇ ਐ ਅਖੇ ਰੱਬ ਵੀ ਹੈਨ੍ਹੀ! ਉਹਨਾਂ ਦਾ ਕੀ ਸੱਚ ਮੰਨੀਏਂ? ਉਹ ਤਾਂ ਵਾਧੂ ਆਪ ਦੀ ਮਗਜ਼ਮਾਰੀ ਕਰੀ ਜਾਂਦੇ ਐ! ਸਾਰੀ ਦੁਨੀਆਂ ਰੱਬ ਨੂੰ ਮੰਨਦੀ ਐ! ਇਹ ਵੱਖਰੀ ਗੱਲ ਐ ਕਿ ਕੋਈ ਗੁਰਦੁਆਰੇ ਜਾਂਦੈ, ਕੋਈ ਮੰਦਰ ਅਤੇ ਕੋਈ ਚਰਚ ਜਾਦੈ! ਪਰ ਜਾਂਦੇ ਤਾਂ ਰੱਬ ਨੂੰ ਪੂਜਣ ਹੀ ਨੇ? ਢਾਈ ਕੁ ਕਾਮਰੇਡ ਜਾਂ ਤਰਕਸ਼ੀਲ ਸੱਚੇ ਹੋ ਗਏ ਅਤੇ ਕਰੋੜਾਂ ਦੁਨੀਆਂ ਝੂਠੀ ਹੋ ਗਈ? ਜਿਹੜੀ ਰੱਬ ਨੂੰ ਮੰਨੀ ਜਾਂਦੀ ਐ? ਜੇ ਰੱਬ ਹੈਗਾ ਤਾਂ ਭੂਤ ਪ੍ਰੇਤ ਵੀ ਹੈਗੇ ਐ! ਜੇ ਭੂਤ ਪ੍ਰੇਤ ਐ ਤਾਂ ਬਾਬਿਆਂ 'ਚ ਕਰਾਮਾਤਾਂ ਵੀ ਜ਼ਰੂਰ ਐ! ਦੁਨੀਆਂ ਵਿਚ ਹਰ ਕਲਾ ਦਾ ਵਿਰੋਧੀ ਤੱਤ ਮੌਜੂਦ ਹੈ! ਰੱਬ ਨੇੜੇ ਕਿ ਘਸੁੰਨ...? ਡਾਕਟਰ ਤਾਂ ਕਹਿੰਦੇ ਅਖੇ ਤੁਹਾਡੇ ਬੱਚਾ ਨਹੀਂ ਹੋ ਸਕਦਾ! ਡਾਕਟਰ ਨੂੰ ਪੁੱਛੇ ਬਈ ਤੂੰ ਰੱਬ ਐਂ...? ਬਚਪਨ ਤੋਂ ਕਹਾਣੀਆਂ ਸੁਣਦੇ ਹੀ ਆਏ ਐਂ ਕਿ ਫ਼ਲਾਨੇ ਫ਼ਲਾਨੇ ਦੇਵਤੇ ਨੇ ਫ਼ਲਾਨੀ ਬੇਔਲ਼ਾਦ ਔਰਤ ਨੂੰ ਕੰਨ ਰਾਹੀਂ ਕਿੱਡਾ ਬਲੀ ਪੁੱਤਰ ਬਖ਼ਸ਼ਿਆਇਹ ਕਹਾਣੀਆਂ ਝੂਠ ਤਾਂ ਨਹੀਂ! ਦੁਨੀਆਂ ਮੰਨੇ ਚਾਹੇ ਨਾ ਮੰਨੇ...! ਮੈਂ ਕਿਹੜਾ ਬਾਬਿਆਂ ਨੂੰ ਮੰਨਦੀ ਸੀ? ਉਹ ਤਾਂ ਭਲਾ ਹੋਵੇ ਬੰਤੀ ਮਾਸੀ ਦਾ, ਜੀਹਨੇ ਮੈਨੂੰ ਐਸ ਪਾਸੇ ਵੱਲ ਤੋਰਿਆਬਾਬਿਆਂ ਵੱਲ ਨੂੰ ਪ੍ਰੇਰਿਆਨਹੀਂ ਮੈਂ ਕਿੱਥੇ ਫ਼ੋਨ ਕਰਨ ਵਾਲ਼ੀ ਸੀ ਬਾਬਿਆਂ ਨੂੰ? ਜਿਉਂਦੀ ਵਸਦੀ ਰਹੇ ਬਿਚਾਰੀ ਮਾਸੀ, ਜਿਹੜੀ ਮੇਰਾ ਐਨਾ ਫਿਕਰ ਰੱਖਦੀ ਐ! ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਕੌਣ ਕਿਸੇ ਦਾ ਕਰਦੈ? ਅਗਲੇ ਤੋਂ ਆਪਦਾ ਆਪ ਨ੍ਹੀ ਲੋਟ ਆਉਂਦਾ! ਮਾਸੀ ਬਿਚਾਰੀ ਮੇਰੇ ਬਾਰੇ ਕਿੰਨਾ ਸੋਚਦੀ ਐ! ਜਿਉਂਦੀ ਵਸਦੀ ਰਹੇ ਬਿਚਾਰੀਜਦੋਂ ਦੀ ਮਾਂ ਮਰੀ ਐ, ਮੇਰਾ ਪੂਰਾ ਸਾਥ ਦਿੱਤੈਕਦੇ ਮਾਂ ਨ੍ਹੀ ਚੇਤੇ ਆਉਣ ਦਿੱਤੀਜਿੱਦੇਂ ਮੇਰੇ ਮੁੰਡਾ ਹੋਇਆ, ਮਾਸੀ ਨੂੰ ਛਾਪ ਜ਼ਰੂਰ ਬਣਾ ਕੇ ਦੇਣੀ ਐਂਆਖੂੰਗੀ, ਆਹ ਲੈ ਮਾਸੀ! ਆਹ ਗੁਰਭੇਜ ਦੇ ਜਨਮ 'ਤੇ ਮੈਂ ਤੇਰੇ ਵਾਸਤੇ ਸ਼ਪੈਸ਼ਲ ਬਣਾ ਕੇ ਲਿਆਂਦੀ ਐ! ਉਹ ਦਿਲ ਨਾਲ਼ ਗੱਲਾਂ ਕਰਦੀ, ਮਾਸੀ ਦੀ ਸ਼ੁਕਰਗੁਜ਼ਾਰ ਬਣੀ ਬੈਠੀ ਸੀ

ਉਸ ਦੇ ਘਰਵਾਲ਼ਾ ਤਾਂ ਕਦੇ ਘਰੇ ਆਉਂਦਾ ਅਤੇ ਕਦੇ ਆਪਣੇ ਮਾਂ-ਬਾਪ ਕੋਲ਼ ਹੀ ਸੌਂ ਜਾਂਦਾਮੀਤੀ ਵੱਡੇ ਵਿਸ਼ਾਲ ਮਕਾਨ ਵਿਚ ਇਕੱਲੀ ਹੀ ਸ਼ਰਾਪਿਆਂ ਵਾਂਗ ਬੈਠੀ, ਸੋਚਾਂ ਵਿਚ ਡੁੱਬੀ ਰਹਿੰਦੀ

ਅਗਲੇ ਦਿਨ ਮੀਤੀ ਨੇ ਬਾਬੇ ਦੇ ਹੁਕਮ ਅਨੁਸਾਰ ਖਾਕੀ ਲਫ਼ਾਫ਼ੇ ਵਿਚ ਆਪਣੀ ਪਾਸਪੋਰਟ ਸਾਈਜ਼ ਫ਼ੋਟੋ ਅਤੇ ਸੌ ਪੌਂਡ ਨਕਦ ਪਾ ਕੇ 'ਫ਼ਾਸਟ ਮੇਲ' ਰਾਹੀਂ ਪੋਸਟ ਕਰ ਦਿੱਤੇ

********************************

ਗਿਆਰਵਾਂ ਕਾਂਡ ਸਮਾਪਤ ਅਗਲੇ ਦੀ ਉਡੀਕ ਕਰੋ।


No comments: