ਕੈਨੇਡਾ ਆ ਕੇ ਸੀਤਲ ਨੂੰ ਨਵਾਂ ਹੀ ਤਜ਼ਰਬਾ ਹੋਇਆ। ਨਵੀਂ ਦੁਨੀਆਂ। ਨਵਾਂ ਮਾਹੌਲ। ਅਜੀਬ ਆਵਾਗੌਣ ਦਾ ਚੱਕਰ। ਨਵਾਂ ਸੱਭਿਆਚਾਰ। ਮਸ਼ੀਨਾਂ ਨਾਲ ਮਸ਼ੀਨ ਹੋਈ ਖ਼ਲਕਤ। ਕੰਪਿਊਟਰ ਯੁੱਗ ਵਿਚ ਖੋਖਲ਼ੇ ਹੋਏ ਦਿਮਾਗ। ਤੇਜ਼ ਰੌਸ਼ਨੀਆਂ ਵਿਚ ਅੰਨ੍ਹਾਂ ਹੋਇਆ ਇੱਥੋਂ ਦਾ ਜਗਤ। ਅਮੀਰੀ ਅਤੇ ਸ਼ੁਹਰਤ ਲਈ ਭੱਜ ਦੌੜ। ਇਕ ਦੂਜੇ ਨੂੰ ਪਿੱਛੇ ਛੱਡਣ ਦੀ ਅਮੁੱਕ ਮੰਜਿ਼ਲ। ਹਾਉਮੈਂ ਵਿਚ ਗਰਕਿਆ ਭਾਈਚਾਰਾ। ਆਪਣੀ ਅਮੀਰੀ ਦਿਖਾਉਣ ਲਈ ਕੀਤੇ ਜਾਂਦੇ ਸ਼ੋਸ਼ੇ! ਤੁਰਦਾ ਫਿ਼ਰਦਾ ਮੀਆਂ ਮਿੱਠੂ ਸੰਸਾਰ! ਆਪਣਾ ਗੌਂਅ ਕੱਢ ਕੇ ਅਗਲੇ ਨੂੰ ਖੱਡੇ ਵਿਚ ਸੁੱਟਣ ਵਾਲੇ ਅਕ੍ਰਿਤਘਣ ਲੋਕ! ਕਿਸੇ ਦੇ ਘਰੇ ਲੱਗੀ ਅੱਗ ਨੂੰ ਬਸੰਤਰ ਸਮਝ ਕੇ ਮਜ਼ਾਕ ਉਡਾਉਣ ਵਾਲ਼ੀ ਜਨਤਾ! ਦਿਖਾਵਾਕਾਰੀ ਵਿਚ ਮਲੰਗ ਹੁੰਦੀ ਅਤੇ ਅੰਦਰਲਾ ਪੋਲ ਲਕਾਉਣ ਵਾਲੀ ਲੋਕਤਾਈ! ਆਪਣੀਆਂ ਕੱਛ 'ਚ ਤੇ ਦੂਜੇ ਦੀਆਂ ਹੱਥ 'ਚ ਰੱਖਣ ਵਾਲ਼ੇ ਚਤਰ ਸਿਆਣੇ!
----
ਉਸ ਦਾ ਕੰਮਾਂ ਕਾਰਜਾਂ ਵਿਚ ਮਸ਼ਰੂਫ਼ ਰਹਿਣ ਵਾਲਾ ਪਤੀ ਦੇਵ, ਬਰਾੜ ਸਾਰਾ ਸਾਰਾ ਦਿਨ ਬਾਹਰ ਹੀ ਰਹਿੰਦਾ ਅਤੇ ਉਸ ਦੀ ਵੀਲ-ਚੇਅਰ ਵਿਚ ਬੈਠੀ ਤਲਾਕਸ਼ੁਦਾ ਪਤਨੀ ਨਿੰਮੀ ਸੀਤਲ ਨੂੰ ਸਾਰਾ ਸਾਰਾ ਦਿਨ ਊਰੀ ਵਾਂਗ ਘੁਕਾਈ ਰੱਖਦੀ। ਨਿੰਮੀ ਵੀ ਜਦ ਕੈਨੇਡਾ ਆਈ ਸੀ ਪਤਲੀ ਛਮਕ ਵਰਗੀ ਸੀ। ਬੜੀ ਹੀ ਹੱਸਮੁੱਖ! ਪਰ ਕੈਨੇਡਾ ਦੇ ਖਾਣ ਪਹਿਨਣ ਅਤੇ ਘਰ ਦੇ ਖੁੱਲ੍ਹੇ ਡੁੱਲ੍ਹੇ ਵਾਤਾਵਰਣ ਨੇ ਉਸ ਨੂੰ ਹੁਣ ਪੂਰੇ ਕੁਇੰਟਲ਼ ਦੀ ਤੀਮੀ ਬਣਾ ਧਰਿਆ ਸੀ। ਜਦੋਂ ਉਹ ਮੋਟੀ ਹੁੰਦੀ ਗਈ ਤਾਂ ਕਈ ਵਾਰ ਪਾਰਟੀਆਂ ਵਿਚ ਆਪਣੇ ਲੱਕ 'ਤੇ ਹੱਥ ਰੱਖ ਕੇ ਉਹ ਟਿੱਚਰ ਨਾਲ ਕਹਿੰਦੀ, "ਭੈਣ ਜੀ ਪਹਿਲਾਂ ਤਾਂ ਆਹ ਮੇਰੀ ਕਮਰ ਸੀ-ਤੇ ਹੁਣ ਬਣ ਗਿਆ ਕਮਰਾ!" ਲੋਕ ਉਸ ਦੇ ਵਿਅੰਗ 'ਤੇ ਹੱਸ ਪੈਂਦੇ। ਪਰ ਜਦੋਂ ਉਹ ਪੂਰੇ ਸੋਫ਼ੇ 'ਤੇ ਇਕੱਲੀ ਹੀ ਬੈਠਣ ਲੱਗ ਪਈ ਤਾਂ ਉਸ ਦੀਆਂ ਸਹੇਲੀਆਂ ਉਸ ਨੂੰ ਮਜ਼ਾਕ ਕਰਦੀਆਂ, "ਕੁੜ੍ਹੇ ਨਿੰਮੀ, ਹੁਣ ਤੇਰੀ ਕਮਰ, ਕਮਰਾ ਕੁਮਰਾ ਨਹੀਂ, ਹੁਣ ਤਾਂ ਭੈਣੇ ਵਰਾਂਡਾ ਈ ਬਣਗੀ ਐ!" ਪਰ ਨਿੰਮੀ ਕਿਸੇ ਦਾ ਗੁੱਸਾ ਨਾ ਕਰਦੀ। ਉਹ ਗੱਲ ਹੋਰ ਉਤੋਂ ਦੀ ਪਾਉਂਦੀ, "ਹੁਣ ਵਰਾਂਡਾ ਵੀ ਨ੍ਹੀ, ਹੁਣ ਤਾਂ ਹਾਲ ਈ ਬਣ ਚੱਲੀ ਐ!" ਹੋਰ ਹਾਸੜ ਪੈ ਜਾਂਦੀ। ਪਰ ਹੁਣ ਐਕਸੀਡੈਂਟ ਹੋਣ ਤੋਂ ਬਾਅਦ, ਵੀਲ-ਚੇਅਰ ਵਿਚ ਬੈਠਣ ਕਰਕੇ ਉਸ ਦਾ ਸੁਭਾਅ ਬੜਾ ਚਿੜਚੜਾ ਹੋ ਗਿਆ ਸੀ। ਉਸ ਦੇ ਮੱਥੇ 'ਤੇ ਹਮੇਸ਼ਾ ਤਿਊੜੀ ਅਤੇ ਮੂੰਹ 'ਤੇ ਘੂਰ ਹੀ ਜੰਮੀ ਰਹਿੰਦੀ ਸੀ। ਖ਼ਾਸ ਕਰਕੇ ਉਹ ਹੁਣ ਬਹੁਤਾ ਚੁੱਪ ਜਿਹਾ ਹੀ ਰਹਿੰਦੀ। ਨਿੰਮੀਂ ਆਪਣੇ ਡਾਕਟਰੀ ਸਹੂਲਤਾਂ ਵਾਲ਼ੇ ਕਰਮੇ ਵਿਚ ਵੱਖ ਹੀ ਰਹਿੰਦੀ। ਬਰਾੜ ਹੇਠਾਂ ਅੱਡ ਕਮਰੇ ਵਿਚ ਸੌਂਦਾ। ਨਿੰਮੀ ਦੇ ਕਮਰੇ ਵਿਚ ਇਕ ਘੰਟੀ ਲੱਗੀ ਹੋਈ ਸੀ। ਜਿਸ ਦਾ ਬਟਣ ਦਬਾਉਣ 'ਤੇ ਉਹ ਘੰਟੀ ਸੀਤਲ ਦੇ ਬੇਸਮੈਂਟ ਵਿਚ ਖੜਕਦੀ ਅਤੇ ਸੀਤਲ ਨੂੰ ਅੱਧੀ ਅੱਧੀ ਰਾਤੋਂ ਉਠ ਕੇ ਵੀ ਨਿੰਮੀ ਦੀ ਸੇਵਾ ਵਿਚ ਹਾਜ਼ਰ ਹੋਣਾ ਪੈਂਦਾ। ਸੀਤਲ ਨੌਕਰਾਣੀਂ ਸੀ ਅਤੇ ਨਿੰਮੀ ਮਾਲਕ! ਖ਼ਿਦਮਤ ਤਾਂ ਕਰਨੀ ਹੀ ਪੈਣੀਂ ਸੀ!
----
ਬਰਾੜ ਦੇ ਜੁਆਕ ਵਾਕਿਆ ਹੀ ਸੀਤਲ ਤੋਂ ਉਮਰ ਵਿਚ ਵੱਡੇ ਸਨ। ਸਗੋਂ ਕਾਫ਼ੀ ਵੱਡੇ ਸਨ। ਵੱਡੇ ਮੁੰਡੇ ਦੇ ਤਾਂ ਗੰਜ ਨਿਕਲ ਆਇਆ ਸੀ। ਉਹਨਾਂ ਦੀਆਂ ਨਜ਼ਰਾਂ ਵਿਚ ਤਾਂ ਸੀਤਲ ਉਹਨਾਂ ਦੀ 'ਦਾਸੀ' ਸੀ। ਉਹਨਾਂ ਦੀ ਨੌਕਰਾਣੀਂ ਸੀ। ਕਿਉਂਕਿ ਬਰਾੜ ਨੇ ਆਉਣਸਾਰ ਇਹ ਹੀ ਕਿਹਾ ਸੀ ਕਿ ਉਸ ਨੇ ਭਾਰਤ ਤੋਂ ਨਿੰਮੀ ਲਈ ਇਕ 'ਸੇਵਾਦਾਰਨੀ' ਲਿਆਂਦੀ ਹੈ!
ਸੀਤਲ ਸਾਰੀ ਸਾਰੀ ਦਿਹਾੜੀ ਕੰਮ ਅਤੇ ਸਫ਼ਾਈਆਂ ਕਰਦੀ ਅੱਕਲ਼ਕਾਨ ਹੋਈ ਰਹਿੰਦੀ। ਕਦੇ ਬਾਹਰ ਗਾਰਡਨ ਵਿਚ ਘਾਹ ਕੱਟਣ ਲੱਗ ਜਾਂਦੀ। ਉਹ ਆਪਣੇ ਆਪ ਵਿਚ 'ਬਿਜ਼ੀ' ਰਹਿਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਉਹ ਬਰਾੜ ਦੇ ਵਿਸ਼ਾਲ ਘਰ ਦੇ 'ਬੇਸਮਿੰਟ' ਵਿਚ ਹੀ ਰਹਿੰਦੀ ਅਤੇ ਸੌਂਦੀ ਸੀ। ਅੱਧੀ ਕੁ ਰਾਤ ਨੂੰ ਬਰਾੜ ਨਿੰਮੀ ਤੋਂ ਚੋਰੀ ਉਸ ਦੇ ਕਮਰੇ ਵਿਚ ਆ ਘੁਸੜਦਾ। ਉਹ ਸੀਤਲ ਦੀ ਜਿਸਮਾਨੀ ਲਾਟ ਭੜ੍ਹਕਾ ਤਾਂ ਦਿੰਦਾ। ਪਰ ਉਸ ਤੋਂ ਉਸ ਦੇ ਮੱਚਦੇ ਜਿਸਮ ਦਾ ਤਪਾੜ ਠੰਢਾ ਨਹੀਂ ਹੁੰਦਾ ਸੀ। ਜੰਗਲ ਦੀ ਭਿਆਨਕ ਅੱਗ ਪਾਣੀ ਦੀਆਂ ਚੂਲ਼ੀਆਂ ਨਾਲ ਕਿੱਥੋਂ ਬੁਝਦੀ...? ਬਰਾੜ ਹੰਭੇ, ਮੌਲੇ ਝੋਟੇ ਵਾਂਗ ਉਸ ਉਪਰ ਲਾਲ਼ਾਂ ਸੁੱਟਦਾ ਸੁੱਟਦਾ ਦਾਰੂ ਨਾਲ ਰੱਜ ਕੇ ਘੁਰਾੜ੍ਹੇ ਮਾਰਨ ਲੱਗ ਪੈਂਦਾ।
ਸਵੇਰ ਤੋਂ ਫਿਰ ਸੀਤਲ ਦਾ ਉਹ ਹੀ ਮਧਾਣੀ ਗੇੜਾ ਸ਼ੁਰੂ ਹੋ ਜਾਂਦਾ।
----
ਸੀਤਲ ਸਾਰੇ ਪ੍ਰੀਵਾਰ ਨੂੰ ਨਾਸ਼ਤਾ ਬਣਾ ਕੇ ਦਿੰਦੀ। ਨਿੰਮੀ ਨੂੰ ਬੁਰਸ਼ ਕਰਵਾਉਂਦੀ, ਨਹਾਉਂਦੀ। ਉਸ ਨੂੰ ਦੁਆਈਆਂ ਬਗੈਰਾ ਦਿੰਦੀ। ਬਰਾੜ ਦੇ ਵਿਸ਼ਾਲ ਘਰ ਵਿਚ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ। ਸੀਤਲ ਸੇਵਾ ਵਿਚ ਜੁਟੀ ਰਹਿੰਦੀ। ਮਹਿਮਾਨਾਂ ਨੂੰ ਕਦੇ 'ਚਿਕਨ' ਬਣਾ ਕੇ ਪੇਸ਼ ਕਰਦੀ ਅਤੇ ਮੱਛੀ 'ਫ਼ਰਾਈ' ਕਰ ਕੇ ਦਿੰਦੀ। ਕਦੇ 'ਮਟਨ' ਦੇ ਪਕੌੜੇ ਕੱਢਦੀ ਅਤੇ ਕਦੇ ਮੁਰਗਾ-ਸਾਗ ਬਣਾ ਕੇ ਪੇਸ਼ ਕਰਦੀ। ਪਰ ਫਿਰ ਵੀ ਉਸ ਦੀ ਨੋਕਾ-ਝੋਕੀ ਹੁੰਦੀ ਰਹਿੰਦੀ। ਮਹਿਮਾਨ ਉਸ ਨੂੰ "ਫ਼ਰੈਸ਼ੀ" ਹੀ ਦੱਸਦੇ। ਪਹਿਲਾਂ ਪਹਿਲ ਤਾਂ ਸੀਤਲ ਨੂੰ 'ਫ਼ਰੈਸ਼ੀ' ਦੀ ਸਮਝ ਨਾ ਆਈ ਕਿ 'ਫ਼ਰੈਸ਼ੀ' ਕੀ ਬਲਾਅ ਹੁੰਦੀ ਹੈ? ਪਰ ਜਦੋਂ ਉਸ ਨੂੰ ਸਮਝ ਪਈ ਤਾਂ ਉਹ ਅਤੀਅੰਤ ਦੁਖੀ ਹੋ ਗਈ। 'ਫ਼ਰੈਸ਼ੀ' ਲਫ਼ਜ਼ ਦਾ ਅਸਲ ਅਰਥ ਉਸ ਨੂੰ ਬਰਾੜ ਦੀ ਗੁਆਂਢਣ ਤੋਂ ਪਤਾ ਲੱਗਿਆ ਸੀ। ਜਦੋਂ ਉਸ ਨੇ ਸੀਤਲ ਨੂੰ ਪੁੱਛਿਆ, "ਕੁੜ੍ਹੇ ਤੂੰ ਫ਼ਰੈਸ਼ੀ ਐਂ?" ਤਾਂ ਸੀਤਲ ਨੇ ਨਿੱਤ ਦੇ ਇਸ ਲਫ਼ਜ਼ ਤੋਂ ਅੱਕ ਕੇ ਪੁੱਛ ਹੀ ਲਿਆ, "ਦੀਦੀ ਜੀ ਇਹ ਫ਼ਰੈਸ਼ੀ ਕੀ ਹੁੰਦਾ ਹੈ?" ਤਾਂ ਦੀਦੀ ਨੇ ਹੱਸ ਕੇ ਦੱਸਿਆ ਸੀ ਕਿ ਫ਼ਰੈਸ਼ੀ ਉਸ ਨੂੰ ਆਖਦੇ ਨੇ, ਜੋ ਭਾਰਤ ਤੋਂ ਨਵਾਂ ਨਵਾਂ ਆਇਆ ਹੁੰਦੈ! ਇੱਥੋਂ ਦੇ ਲੋਕ ਉਸ ਨੂੰ ਟਿੱਚਰਾਂ ਤਾਂ ਕਰਦੇ ਨੇ ਕਿ ਉਸ ਨੂੰ ਕੈਨੇਡੀਅਨ ਸੱਭਿਆਚਾਰ ਬਾਰੇ ਕੋਈ ਸੂਝ, ਕੋਈ ਗਿਆਨ ਨਹੀਂ ਹੁੰਦਾ, ਲੋਕ ਉਸ ਨੂੰ ਇਕ ਤਰ੍ਹਾਂ ਨਾਲ 'ਮੂਰਖ' ਹੀ ਸਮਝਦੇ ਨੇ ਅਤੇ ਖਰ ਦਿਮਾਗ ਇੰਡੀਅਨ ਅਤੇ ਸਿਰਫ਼ ਰੋਟੀਆਂ ਦਾ ਖੌਅ ਸਮਝ ਕੇ ਟਿੱਚਰਾਂ ਕਰਦੇ ਨੇ! ਦੀਦੀ ਦੀ ਗੱਲ ਸੁਣ ਕੇ ਸੀਤਲ ਨੂੰ ਚੇਹ ਚੜ੍ਹ ਗਈ ਸੀ ਕਿ 'ਫ਼ਰੈਸ਼ੀ' ਬੰਦੇ ਨਹੀਂ ਹੁੰਦੇ? ਮੈਂ ਭਾਰਤ ਵਿਚ ਇਤਨੀ ਪੜ੍ਹੀ ਲਿਖੀ, ਇੱਥੇ ਆ ਕੇ ਖ਼ਸਮਾਂ ਨੂੰ ਖਾਣੀ 'ਫ਼ਰੈਸ਼ੀ' ਬਣ ਗਈ? ਐਥੋਂ ਦੀਆਂ ਤਾਂ ਦਸ ਸਾਲ ਪੜ੍ਹ ਕੇ ਕੰਮਾਂ 'ਤੇ ਲੱਗ ਜਾਂਦੀਐਂ। ਮੈਂ ਤਾਂ ਡਬਲ ਐੱਮ. ਏ. ਕਰਕੇ ਬੀ. ਐੱਡ ਕੀਤੀ ਹੋਈ ਐ! ਐਥੋਂ ਦੀਆਂ ਕੁੱਤੀਆਂ ਮੇਰੀ ਕੀ ਰੀਸ ਕਰਨਗੀਆਂ? ਉਹ ਆਪਣੀ ਉਚੇਚ ਨਾਲ਼ ਕੀਤੀ ਪੜ੍ਹਾਈ ਵਿਚ ਹੀ ਉਲ਼ਝ ਕੇ ਰਹਿ ਜਾਂਦੀ। ਪਰ ਉਸ ਸੀਤਲ ਵਿਚਾਰੀ ਨੂੰ ਕੌਣ ਦੱਸਦਾ ਕਿ ਇੱਥੇ ਪੜ੍ਹਾਈ ਦੀ ਕਦਰ ਜ਼ਰੂਰ ਹੈ। ਪਰ ਤੁਹਾਨੂੰ ਲੋਕਾਂ ਵਿਚ ਜਾ ਕੇ ਆਪਣਾ ਆਪ ਉਜਾਗਰ ਕਰਨਾ ਪੈਂਦੈ! ਕਿ ਤੁਸੀਂ ਕੌਣ ਅਤੇ ਕੀ ਹੋ? ਘਰੇ ਬੈਠੀ ਦੀ ਉਸ ਦੀ ਪੜ੍ਹਾਈ ਕਿਸੇ ਕੰਮ ਦੀ ਨਹੀਂ!
----
ਪਰ ਉਹ ਦਬੜੂ ਘੁਸੜੂ ਵਿਚ ਟਾਈਮ ਪਾਸ ਕਰਦੀ ਰਹੀ। ਗੁਆਂਢਣ 'ਦੀਦੀ' ਉਸ ਨਾਲ ਕਾਫ਼ੀ ਹਮਦਰਦੀ ਰੱਖਣ ਲੱਗ ਪਈ ਸੀ। ਇਕ ਦਿਨ ਜਦੋਂ ਬਰਾੜ ਆਪਣੀ ਪਹਿਲੀ ਘਰਵਾਲ਼ੀ ਨਿੰਮੀ ਨੂੰ ਹਸਪਤਾਲ ਚੈੱਕ-ਅੱਪ ਲਈ ਲੈ ਕੇ ਗਿਆ ਤਾਂ ਸੀਤਲ ਨੇ ਗਾਰਡਨ ਵਿਚ ਖੜ੍ਹ ਕੇ ਦੀਦੀ ਨੂੰ ਸਾਰੀ ਗੱਲ ਦੱਸੀ ਤਾਂ ਸਾਧੂ ਸੁਭਾਅ ਦੀਦੀ ਅਤੀਅੰਤ ਦੁਖੀ ਹੋ ਗਈ। ਉਹ ਸੱਠ-ਪੈਂਹਟ ਸਾਲ ਦੀ ਬੜੀ ਦਿਆਲੂ ਔਰਤ ਸੀ। ਸਾਰੀ ਜ਼ਿੰਦਗੀ ਦੱਬ ਕੇ ਕਮਾਈ ਕੀਤੀ ਅਤੇ ਹੁਣ ਪੈਨਸ਼ਨ ਲੈ ਕੇ ਐਸ਼ ਕਰ ਰਹੀ ਸੀ। ਦੋ ਬੱਚੇ ਆਪੋ ਆਪਣੇ ਘਰੇ, ਵਿਆਹੇ ਵਰੇ ਸਨ। ਚਾਹੇ ਉਹਨਾਂ ਨੇ ਆਪਣੀ ਮਰਜ਼ੀ ਨਾਲ, ਗੈ਼ਰ ਜ਼ਾਤਾਂ ਵਿਚ ਹੀ ਸ਼ਾਦੀ ਕੀਤੀ ਸੀ। ਆਪਣੇ ਜੀਵਨ ਸਾਥੀਆਂ ਦੀ ਖ਼ੁਦ ਚੋਣ ਕੀਤੀ ਸੀ। ਪਰ ਦੋਨੋਂ ਆਪਣੇ ਘਰੇ ਸੁਖੀ ਸਨ। ਖਾਂਦੇ ਪੀਂਦੇ ਅਤੇ ਮੌਜਾਂ ਮਾਣਦੇ ਸਨ!
-"ਕੀ ਨਾਂ ਐਂ ਤੇਰਾ...?" ਦੀਦੀ ਨੇ ਪੁੱਛਿਆ।
-"ਸੀਤਲ ਐ, ਦੀਦੀ...!"
-"ਗੱਲ ਸੁਣ ਸੀਤਲ...! ਆਪਣੇ ਵਿਚ ਈ ਗੱਲ ਐ-ਚਾਹੇ ਇਹ ਤੈਨੂੰ ਆਬਦੀ ਤੀਮੀਂ ਬਣਾ ਕੇ ਈ ਲਿਆਇਐ-ਪਰ ਤੇਰੀ ਐਸ ਘਰੇ ਕਿੰਨ੍ਹੀ ਕੁ ਦੱਸ ਪੁੱਛ ਐ? ਇਹਦੇ ਬਾਰੇ ਤੈਨੂੰ ਪਤਾ ਈ ਐ!" ਉਸ ਨੇ ਆਸਾ ਪਾਸਾ ਦੇਖ ਕੇ ਗੱਲ ਅੱਗੇ ਤੋਰੀ।
-"ਇਕ ਤੈਨੂੰ ਗੱਲ ਦੱਸਦੀਂ ਐਂ, ਸੀਤਲ! ਚੁੱਪ ਕਰਕੇ ਆਬਦੀ ਪੱਕੀ ਮੋਹਰ ਲੁਆ ਤੇ ਕਿਤੇ ਹੋਰ ਕਿਨਾਰਾ ਕਰ! ਐਥੇ ਬਥੇਰੇ ਕੱਚੇ ਮੁੰਡੇ ਸੋਹਣੇ ਸੁਨੱਖੇ ਤੁਰੇ ਫਿਰਦੇ ਐ-ਅਗਲੇ ਪੱਕੇ ਹੋਣ ਦੀ ਖਾਤਰ ਤੇਰੀਆਂ ਲ੍ਹੇਲੜੀਆਂ ਕੱਢਣਗੇ...!"
-"ਪਰ ਦੀਦੀ, ਨਿੰਮੀ ਭੈਣ ਜੀ ਨੂੰ ਤਾਂ ਇਹ ਵੀ ਨ੍ਹੀ ਪਤਾ ਬਈ ਬਰਾੜ ਸਾਹਿਬ ਨਾਲ ਮੇਰੀ ਸ਼ਾਦੀ ਹੋਈ ਐ?"
-"ਜੇ ਉਹਨੂੰ ਪਤਾ ਹੁੰਦਾ! ਹੁਣ ਨੂੰ ਤੈਨੂੰ ਧੱਕੇ ਮਾਰ ਕੇ ਨਾ ਘਰੋਂ ਕੱਢ ਦਿੰਦੀ?"
-"ਉਹ ਕਾਹਤੋਂ? ਇਹਨਾਂ ਦੋਨਾਂ ਦਾ ਤਾਂ ਤਲਾਕ ਹੋਇਐ! ਮੈਂ ਤਲਾਕ ਦੇ ਕਾਗਜ ਖ਼ੁਦ ਦੇਖੇ ਐ, ਦੀਦੀ!"
-"ਸੀਤਲ! ਤੂੰ ਭੋਲ਼ੀ ਐਂ! ਪੜ੍ਹੀ ਲਿਖੀ ਜਰੂਰ ਐਂ-ਪਰ ਤੈਨੂੰ ਅਜੇ ਕੈਨੇਡਾ ਦਾ ਪਾਹ ਨ੍ਹੀ ਲੱਗਿਆ-ਐਥੇ ਦੁਨੀਆਂ ਬਹੁਤ ਗਾਂਹਾਂ ਲੰਘੀ ਵੀ ਐ-ਜਦੋਂ ਤੈਨੂੰ ਭੇਤ ਆ ਗਿਆ-ਸਭ ਕੁਛ ਪਤਾ ਲੱਗਜੂ-ਐਥੇ ਤਾਂ ਜਿਹਨਾਂ ਨੂੰ ਸੂੰਹ ਆ ਗਈ ਐ-ਉਹ ਤਾਂ ਅਨਪੜ੍ਹ ਵੀ ਪੜ੍ਹਿਆਂ ਲਿਖਿਆਂ ਦੇ ਕੰਨ ਕੁਤਰਦੇ ਐ! ਅਣਪੜ੍ਹ ਐਥੇ ਮੌਜਾਂ ਕਰਦੇ ਐ ਤੇ ਪੜ੍ਹੇ ਲਿਖੇ ਬੇਰੀਆਂ ਤੋੜੀ ਜਾਂਦੇ ਐ-ਤੇਰੀ ਪੜ੍ਹਾਈ ਲਿਖਾਈ ਨੇ ਐਥੇ ਕੱਖ ਨ੍ਹੀ ਖੋਹਣਾਂ...! ਪੜ੍ਹਾਈ ਲਿਖਾਈ ਤਾਂ ਤੇਰੇ ਤਾਂ ਈ ਕੰਮ ਆਊ-ਜੇ ਇਹ ਕੰਜਰ ਤੈਨੂੰ ਕਿਸੇ ਦਫ਼ਤਰ ਲੈ ਕੇ ਜਾਊ? ਕਿਸੇ ਨੂੰ ਤੇਰੇ ਸਰਟੀਫਿਕੇਟ ਦਿਖਾਊ? ਤੂੰ ਤਾਂ ਟੋਭੇ ਦਾ ਕੱਛੂਕੁੰਮਾਂ ਬਣਾਈ ਵੀ ਐਂ ਬਰਾੜ ਨੇ-ਕੰਮ ਕਰ ਛੱਡਦੀ ਐਂ ਤੇ ਰੋਟੀ ਖਾ ਛੱਡਦੀ ਐਂ-ਦਿੱਤੈ ਇਹਨੇ ਤੈਨੂੰ ਕਦੇ ਇਕ ਆਨਾ...?"
-"......।" ਸੀਤਲ ਅਵਾਕ ਸੁਣਦੀ ਰਹੀ। ਗੱਲ ਦੀਦੀ ਦੀ ਬਿਲਕੁਲ ਸੱਚੀ ਸੀ। ਉਸ ਨੂੰ ਪੈਸਾ ਤਾਂ ਕੀ? ਕਦੇ ਬਰਾੜ ਜਾਂ ਨਿੰਮੀ ਨੇ ਕੋਈ ਕੱਪੜਾ ਵੀ ਨਹੀਂ ਲੈ ਕੇ ਦਿੱਤਾ ਸੀ। ਉਹ ਤਾਂ ਬਰਾੜ ਦੀ ਡਾਕਟਰ ਕੁੜੀ ਦੇ ਅਣਫਿੱਟ ਕੀਤੇ ਜਾਂ ਲਾਹੇ ਕੱਪੜੇ ਹੀ ਤਾਂ ਪਾਉਂਦੀ ਸੀ।
-"ਜੇ ਇਹਨਾਂ ਨੂੰ ਮੁਫ਼ਤੋ ਮੁਫ਼ਤੀ 'ਚ ਤੇਰੇ ਅਰਗੀ ਨੌਕਰਾਣੀ ਮਿਲੀ ਵੀ ਐ-ਹੋਰ ਇਹਨਾਂ ਨੇ ਕੀ ਲੈਣੈਂ? ਮੈਂ ਤਾਂ ਇਕੋ ਈ ਰੈਅ ਦਿੰਨੀ ਐਂ ਬਈ ਆਬਦੀ ਪੱਕੀ ਮੋਹਰ ਲੁਆ-ਤੇ ਕੋਈ ਮੁੰਡਾ ਖੁੰਡਾ ਭਾਲ ਕੇ ਨਿਗਾਹ 'ਚ ਰੱਖ! ਮੇਰਾ ਨਾਂ ਨਾ ਲੈ ਦੇਈਂ! ਮੈਂ ਤਾਂ ਤੇਰੇ ਭਲੇ ਦੀ ਗੱਲ ਈ ਕੀਤੀ ਐ-ਹੋਰ ਨਾ ਮੈਨੂੰ ਵੀ ਘਰੋਂ ਛਿੱਤਰਾਂ ਨੂੰ ਥਾਂ ਕਰਦੀਂ! ਤੇਰਾ ਅੰਕਲ ਤਾਂ ਅੱਗੇ ਨ੍ਹੀ ਮਾਨ-ਉਹ ਤਾਂ ਮੈਨੂੰ ਐਵੇਂ ਈ ਦੂਸ਼ਣ ਲਾਈ ਜਾਊ-ਅਖੇ ਤੂੰ ਲੋਕਾਂ ਦੀਆਂ ਚੁਗਲੀਆਂ ਕਰਦੀ ਐਂ! ਲੈ ਦੱਸ? ਬਈ ਮੈਂ ਕੀਹਦੀ ਚੁਗਲੀ ਕੀਤੀ ਐ? ਜੇ ਤੈਨੂੰ ਤੇਰੇ ਭਲੇ ਬਾਰੇ ਕੁਛ ਦੱਸਤਾ-ਤਾਂ ਕੀ ਕੋਈ ਚੁਗਲੀ ਹੋ ਗਈ? ਲੈ, ਬਾਹਰੋਂ ਡੋਰ-ਬੈੱਲ ਹੋਈ ਐ-ਤੇਰਾ ਅੰਕਲ ਈ ਹੋਊ-ਮੈਂ ਜਾਨੀ ਐਂ-ਨਹੀਂ ਤਾਂ ਹਾਲ ਹਾਲ ਕਰੂ-ਮੇਰੀ ਗੱਲ ਨਾ ਕਿਸੇ ਕੋਲੇ ਕਰੀਂ!" ਆਖ ਕੇ ਦੀਦੀ ਗਾਰਡਨ ਵਿਚੋਂ ਹੀ ਪਿਛਾਂਹ ਮੁੜ ਗਈ।
ਸੀਤਲ ਵੀ ਅੰਦਰ ਚਲੀ ਗਈ।
----
ਸੀਤਲ ਨੂੰ ਮਾਂ ਬਾਪ ਦੀ ਚਿੱਠੀ ਨਿੱਤ ਵਾਂਗ ਹੀ ਆਉਂਦੀ। ਉਹ ਆਪਣੇ ਬਾਰੇ ਚਿੰਤਤ ਸਨ। ਉਹ ਹੈਰਾਨ ਸਨ ਕਿ ਸੀਤਲ ਉਹਨਾਂ ਨੂੰ ਰਾਹਦਾਰੀ ਕਿਉਂ ਨਹੀਂ ਭੇਜ ਰਹੀ ਸੀ? ਮਾਂ ਦੇ ਉਸ ਨੂੰ ਨਿਹੋਰੇ ਵੀ ਦਿੱਤੇ ਹੁੰਦੇ ਸਨ ਕਿ ਉਹ ਆਪ ਤਾਂ ਸਵਰਗ ਵਿਚ ਪਹੁੰਚ ਗਈ, ਪਰ ਸਾਡੇ ਬਾਰੇ ਤੈਨੂੰ ਕੋਈ ਫ਼ਿਕਰ ਨਹੀਂ! ਖ਼ਤ ਪੜ੍ਹ ਕੇ ਸੀਤਲ ਦਾ ਧਾਹ ਮਾਰਨ ਨੂੰ ਦਿਲ ਕਰਦਾ। ਉਸ ਦਾ ਅੰਦਰਲਾ ਮਨ ਕੀਰਨਾ ਪਾਉਂਦਾ। ਉਹ ਉਡ ਕੇ ਆਪਣੇ ਮਾਂ ਬਾਪ ਕੋਲ ਪੁੱਜ ਜਾਣਾ ਚਾਹੁੰਦੀ ਸੀ। ਪਰ ਸੜੇ ਖੰਭਾਂ ਵਾਲ਼ੇ ਪੰਛੀ ਵਾਂਗ ਮਜਬੂਰ ਸੀ। ਘਰੇ ਉਸ ਨੇ ਕਦੇ ਪਾਣੀ ਦਾ ਗਿਲਾਸ ਆਪ ਚੁੱਕ ਕੇ ਨਹੀਂ ਪੀਤਾ ਸੀ। ਇੱਥੇ ਉਸ ਨੂੰ ਸਾਰੇ ਟੱਬਰ ਦਾ ਗੋਰਖ ਧੰਦਾ ਕਰਨਾ ਪੈਂਦਾ ਸੀ। ਗੋਰਖ ਧੰਦਾ ਤਾਂ ਜਿਹੜਾ ਸੀ, ਉਹ ਤਾਂ ਸੀ ਹੀ...! ਉਸ ਨੂੰ ਸਾਰੀ ਦਿਹਾੜੀ ਬਿਨਾਂ ਗੱਲੋਂ ਲਾਹਣਤਾਂ ਵੀ ਪਈ ਜਾਂਦੀਆਂ ਸਨ। ਕਦੇ ਬਰਾੜ ਦੇ ਬੱਚਿਆਂ ਵੱਲੋਂ ਅਤੇ ਕਦੇ ਉਸ ਦੀ ਤੀਮੀਂ ਨਿੰਮੀਂ ਵੱਲੋਂ! ਕਦੇ ਉਸ ਨਾਲ ਕਿਸੇ ਨੇ ਦੁਖ ਸੁਖ ਨਹੀਂ ਕੀਤਾ ਸੀ। ਕਦੇ ਉਸ ਨੂੰ ਉਸ ਦੇ ਪਿੰਡ ਜਾਂ ਉਸ ਦੇ ਸ਼ਹਿਰ ਬਾਰੇ ਨਹੀਂ ਪੁੱਛਿਆ ਸੀ। ਕਦੇ ਉਸ ਦੇ ਪ੍ਰੀਵਾਰ ਬਾਰੇ ਪੁੱਛਣ ਦੀ ਤਕਲੀਫ਼ ਨਹੀਂ ਕੀਤੀ ਸੀ। ਉਹ ਇਸ ਘਰ ਵਿਚ ਇਕ ਗੁਲਾਮ, ਇਕ ਦਾਸੀ ਹੀ ਤਾਂ ਬਣ ਕੇ ਰਹਿ ਗਈ ਸੀ! ਕੀ ਦੱਸਦੀ ਉਹ ਆਪਣੇ ਮਾਂ ਬਾਪ ਨੂੰ? ਬਈ ਉਹ ਦਿਨ ਰਾਤ ਕਿਣਕਾ ਕਿਣਕਾ ਕਰਕੇ ਮਰਦੀ ਜਾ ਰਹੀ ਹੈ...? ਕੀ ਦੱਸਦੀ ਉਹ? ਕਿ ਉਹ ਦਿਨੇ ਬੁੱਢੀ ਵੱਲੋਂ ਅਤੇ ਰਾਤ ਨੂੰ ਬੁੱਢੇ ਵੱਲੋਂ ਮਧੋਲ਼ੀ ਅਤੇ ਚੂੰਡੀ ਜਾ ਰਹੀ ਹੈ...? ਕੀ ਦੱਸਦੀ? ਬਈ ਉਸ ਨੂੰ ਪੜ੍ਹੀ ਲਿਖੀ ਨੂੰ ਆਪਣੇ ਆਪਦੇ ਦੇਸੀ ਲੋਕ 'ਫ਼ਰੈਸ਼ੀ' ਹੀ ਦੱਸਦੇ ਨੇ...? ਕੀ ਦੱਸਦੀ? ਕਿ ਉਹ ਇਸ ਘਰ ਵਿਚ ਪਤਨੀ ਨਹੀਂ, ਇਕ ਸੇਵਾਦਾਰਨੀ ਬਣ ਕੇ ਦਿਨ ਕੱਟ ਰਹੀ ਹੈ...? ਕੀ ਦੱਸਦੀ? ਕਿ ਹੁਣ ਤਾਂ ਉਸ ਨੂੰ ਬਰਾੜ ਦੇ ਜੁਆਕ ਵੀ ਧੌਲ਼ ਧੱਫ਼ਾ ਕਰਨ ਲੱਗ ਪਏ ਹਨ? ਅਤੇ ਉਸ ਨੂੰ ਕਮਚੋਰ, ਨਾਲਾਇਕ, ਬਲੱਡੀ, ਫ਼ਰੈਸ਼ੀ ਅਤੇ ਹੋਰ ਪਤਾ ਨਹੀਂ ਕੀ ਕੀ ਬਕਵਾਸ ਕਰਦੇ ਹਨ...? ਕੀ ਦੱਸਦੀ? ਕਿ ਜਦ ਉਹ ਨਿੰਮੀਂ ਨੂੰ ਪਾਣੀ ਦਾ ਗਿਲਾਸ ਫੜਾਉਂਦੀ ਹੈ ਤਾਂ ਉਹ ਤੱਤੇ ਠੰਢੇ ਦਾ ਨੁਕਸ ਕੱਢ ਕੇ ਪਾਣੀ ਉਸ ਦੇ ਮੂੰਹ 'ਤੇ ਡੋਲ੍ਹ ਦਿੰਦੀ ਹੈ ਅਤੇ ਉਸ ਨੂੰ ਆਪਣੀ ਛੜੀ ਨਾਲ ਧੇਹ-ਧੇਹ ਕੁੱਟਦੀ ਐ...? ਉਸ ਦਾ ਮਨ ਮਛਕ ਵਾਂਗ ਭਰ ਭਰ ਕੇ ਉਛਲ਼ਦਾ ਰਹਿੰਦਾ।
----
ਇਕ ਰਾਤ ਅਤੀ ਮਾਯੂਸ ਅਤੇ ਘੋਰ ਦੁਖੀ ਹੋਈ ਨੇ ਉਸ ਨੇ ਬਰਾੜ ਕੋਲ ਗੱਲ ਛੇੜ ਹੀ ਲਈ।
-"ਬਰਾੜ ਸਾਹਿਬ...!" ਉਸ ਨੇ ਗੱਡੇ ਵਾਂਗ ਪਾਸ ਜਿਹੇ ਵੱਜੇ ਪਏ ਬਰਾੜ ਨੂੰ ਹਲੂਣਿਆਂ। ਉਸ ਦੀ ਅਵਾਜ਼ ਇਉਂ ਮੱਧਮ ਸੀ, ਜਿਵੇਂ ਕੋਈ ਮੁਰਦਾ ਬੋਲਿਆ ਹੋਵੇ।
-"ਹਾਂ...?" ਉਹ ਅਤੀਅੰਤ ਅੱਕਰਾ ਬੋਲਿਆ। ਬਦਮਗਜਾਂ ਵਾਂਗ!
-"ਨਿੰਮੀ ਦੀਦੀ ਨੂੰ ਹੁਣ ਤੱਕ ਨਹੀਂ ਪਤਾ ਬਈ ਆਪਣਾ ਵਿਆਹ ਹੋਇਐ!"
-"ਤੇ ਤੂੰ ਦੱਸ ਕੇ ਚੁਪੇੜਾਂ ਖਾਣੀਐਂ...?" ਬੁਖਲਾਇਆ ਬਰਾੜ ਉਠ ਕੇ ਬੈਠ ਗਿਆ। ਬਰਾੜ ਨੂੰ ਉਤਨਾ ਡਰ ਨਿੰਮੀਂ ਤੋਂ ਨਹੀਂ, ਜਿੰਨਾਂ ਆਪਣੇ ਬੱਚਿਆਂ ਤੋਂ ਸੀ। ਜੇ ਬਰਾੜ ਦੇ ਬੱਚਿਆਂ ਨੂੰ ਪਤਾ ਚੱਲ ਜਾਂਦਾ ਕਿ ਉਹ ਸੀਤਲ ਨਾਲ਼ ਵਿਆਹ ਕਰਵਾ ਕੇ ਉਸ ਨੂੰ ਲੈ ਕੇ ਆਇਆ ਹੈ, ਤਾਂ ਉਹਨਾਂ ਨੇ ਤਾਂ ਘਰੇ ਤੜਥੱਲੀ ਮਚਾ ਦੇਣੀ ਸੀ। ਨਿੰਮੀ ਨੇ ਅੱਡ ਜੁਆਕਾਂ ਦੀ ਪੂਛ 'ਤੇ ਤੇਲ ਝੱਸਣਾ ਸੀ ਕਿ ਥੋਡਾ ਪਿਉ, ਥੋਡੇ ਸਰੀਕ ਦੀ ਮਾਂ ਘਰੇ ਲਿਆਈ ਬੈਠਾ ਹੈ! ਭੇਦ ਖੁੱਲ੍ਹ ਗਿਆ ਤਾਂ ਘਰ ਵਿਚ ਤਾਂ ਜਹਾਦ ਛਿੜ ਜਾਣਾ ਸੀ। ਬਰਾੜ ਇਸ ਗੱਲ ਨੂੰ ਦੱਬੀ ਹੀ ਰਹਿਣ ਦੇਣੀਂ ਚਾਹੁੰਦਾ ਸੀ। ਮੁੱਠੀ ਖੁੱਲ੍ਹ ਗਈ ਤਾਂ ਉਸ ਦੀ ਆਪਣੀ ਹੀ ਹੇਠੀ ਅਤੇ ਬੇਇੱਜ਼ਤੀ ਸੀ! ਉਹ ਕੈਨੇਡਾ ਦਾ ਇੱਜ਼ਤਦਾਰ ਬੰਦਾ ਸੀ! ਝੱਗਾ ਚੁੱਕ ਕੇ ਉਹ ਆਪਣੇ ਜੁਆਕਾਂ ਵਿਚ ਨੰਗਾ ਨਹੀਂ ਹੋਣਾ ਚਾਹੁੰਦਾ ਸੀ। ਉਹ ਸੀਤਲ ਜਾਂ ਨਿੰਮੀ ਨੂੰ ਛੱਡ ਸਕਦਾ ਸੀ। ਪਰ ਆਪਣੇ ਬੱਚਿਆਂ ਨੂੰ ਕਦਾਚਿੱਤ ਨਹੀਂ!
----
ਸੀਤਲ ਨੂੰ ਬਰਾੜ ਦੇ ਬਿਕਰਾਲ਼ ਚਿਹਰੇ ਤੋਂ ਡਰ ਲੱਗਿਆ। ਉਸ ਦਾ ਕਾਲਜਾ ਧੱਕ ਕਰਕੇ ਹੀ ਤਾਂ ਰਹਿ ਗਿਆ ਸੀ। ਬਰਾੜ ਕਿਸੇ ਪ੍ਰੇਤ ਵਾਂਗ ਸੀਤਲ ਵੱਲ ਝਾਕ ਰਿਹਾ ਸੀ।
-"ਪਰ ਮੈਨੂੰ ਆਹ ਦਸੌਂਟਾ ਕਿੰਨਾ ਕੁ ਚਿਰ ਕੱਟਣਾ ਪਊ?"
-"ਆਹ ਦਸੌਂਟੈ ਭੈਣ ਚੋਦ ਦੀਏ, ਕੁੱਤੀਏ...? ਖਾਨੀਂ ਐਂ ਪੀਨੀ ਐਂ, ਟੀਟਣੇਂ ਤੂੰ ਮਾਰਦੀ ਐਂ!" ਬਰਾੜ ਨੂੰ ਕਰੋਧ ਚੜ੍ਹ ਗਿਆ। ਉਸ ਦੇ ਗੁੱਝੇ ਭੇਦ ਉਤੋਂ ਤਾਂ ਚਾਦਰ ਖਿਸਕਣ ਲੱਗ ਪਈ ਸੀ। ਉਹ ਇਸ ਸੱਚ ਨੂੰ ਸਿਰੀ ਤੋਂ ਹੀ ਚਿੱਪ ਦੇਣਾ ਚਾਹੁੰਦਾ ਸੀ। ਉਹ ਆਪਣੇ ਬੱਚਿਆਂ ਤੋਂ 'ਫਿੱਟੇ ਮੂੰਹ' ਨਹੀਂ ਸਹਾਰ ਸਕਦਾ ਸੀ। ਇਹ ਰਾਜ ਲੁਕਾਉਣ ਲਈ ਉਹ ਕੋਈ ਵੀ ਹੱਦ ਬੰਨਾਂ ਪਾਰ ਕਰ ਸਕਦਾ ਸੀ। ਸਾਰੀ ਉਮਰ ਵਿਚ ਤਿੰਨ ਜੁਆਕਾਂ ਦੀ ਖੱਟੀ, ਖੱਟੀ? ਜੇ ਉਹ ਹੀ ਝੱਗਾ ਚੁੱਕ ਕੇ ਤੁਰ ਗਏ, ਤਾਂ ਮੈਂ ਕਿਹੜੇ ਪਾਸੇ ਦਾ ਰਹਿ ਗਿਆ? ਪਰ ਸੀਤਲ ਦੀਆਂ ਭਾਵਨਾਵਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਜਿਹੜੀ ਹਰ ਰੋਜ ਤੁਪਕਾ ਤੁਪਕਾ ਕਰਕੇ ਰੇਗਿਸਤਾਨ ਵਿਚ ਸਮਾਈ ਜਾ ਰਹੀ ਸੀ। ਤਿੜਕੀ ਸੁਰਾਹੀ ਵਾਂਗ!
ਸੀਤਲ ਬਰਾੜ ਦੀ ਗਾਲ਼ ਸੁਣ ਕੇ ਸੁੰਨ ਹੋ ਗਈ। ਉਸ ਨੇ ਹੁਣ ਤੱਕ ਕਦੇ ਉਸ ਨੂੰ ਮੰਦਾ ਬੋਲ ਨਹੀਂ ਬੋਲਿਆ ਸੀ। ਜੇ ਮੰਦਾ ਨਹੀਂ ਬੋਲਿਆ ਸੀ ਤਾਂ ਹੁਣ ਕਦੇ ਚੰਗਾ ਬੋਲ ਵੀ ਨਹੀਂ ਬੋਲਿਆ ਸੀ। ਉਹ ਨਿੰਮੀ ਅਤੇ ਬੱਚਿਆਂ ਸਾਹਮਣੇ ਕਦੇ ਸੀਤਲ ਨਾਲ ਜ਼ੁਬਾਨ ਵੀ ਸਾਂਝੀ ਨਹੀਂ ਕਰਦਾ ਸੀ। ਉਹ ਸਾਰੇ ਪ੍ਰੀਵਾਰ ਨਾਲ਼ ਇਕ ਮੇਜ਼ 'ਤੇ ਬੈਠ ਕੇ ਬੜੀ ਠਾਠ ਨਾਲ਼ ਖਾਣਾ ਖਾਂਦਾ ਅਤੇ ਸੀਤਲ ਨੌਕਰਾਂ ਵਾਂਗ ਵਰਤਾਉਂਦੀ ਰਹਿੰਦੀ। ਉਸ ਦਾ ਦੁਖੀ ਦਿਲ ਪੁੱਛਿਆ ਹੀ ਜਾਣਦਾ ਸੀ। ਹਿੱਕ ਦਾ ਨਾਸੂਰ ਦਿਨੋਂ ਦਿਨ ਘਾਤਿਕ ਹੁੰਦਾ ਜਾ ਰਿਹਾ ਸੀ।
ਸੀਤਲ ਨੇ ਕੰਨ ਲਪੇਟ ਲਏ ਅਤੇ ਮੂੰਹ ਬੰਦ ਕਰ ਲਿਆ। ਬਰਾੜ ਸੀਤਲ ਦੀ ਚੁੱਪ ਤੋਂ ਭੈਅ ਖਾ ਗਿਆ।
-"ਗੱਲ ਸੁਣ ਮੇਰੀ ਇਕ, ਕੰਨ ਖੋਲ੍ਹ ਕੇ...!" ਉਸ ਨੇ ਬਾਹੋਂ ਫ਼ੜ ਕੇ ਸੀਤਲ ਨੂੰ ਬੈਠੀ ਕਰ ਲਿਆ।
-"ਜੇ ਕਦੇ ਨਿੰਮੀ ਕੋਲ਼ੇ ਜਾਂ ਮੇਰੇ ਜੁਆਕਾਂ ਕੋਲ਼ੇ ਕੋਈ ਭੇਦ ਖੋਲ੍ਹਿਆ-ਤਾਂ ਉਹ ਦੁਰਗਤੀ ਕਰੂੰਗਾ ਕਿ ਤੂੰ ਜ਼ਿੰਦਗੀ ਭਰ ਯਾਦ ਰੱਖੇਂਗੀ!" ਉਸ ਨੇ ਸੀਤਲ ਨੂੰ ਸਪੱਸ਼ਟ ਧਮਕੀ ਦੇ ਮਾਰੀ।
-"ਫਿਰ ਮੇਰੇ ਨਾਲ਼ ਵਿਆਹ ਦਾ ਢੌਂਗ ਕਾਹਤੋਂ ਕੀਤਾ...?" ਆਪਣੇ ਅੰਦਰ ਬਣੇ ਨਾਸੂਰ ਦੇ ਦਰਦ ਕਰਕੇ ਕੁੜੀ ਅੱਗਿਓਂ ਬੋਲ ਪਈ। ਉਸ ਦੇ ਕੋਈ ਵੱਸ ਨਹੀਂ ਰਿਹਾ ਸੀ।
-"ਵਿਆਹ ਮੈਂ ਕੀਤੈ ਕੁੱਤੀਏ...? ਵਿਆਹ ਮੈਂ ਕੀਤੈ ਹਰਾਮਜ਼ਾਦੀਏ...? ਖਹਿੜਾ ਤਾਂ ਮੇਰਾ ਤੇਰੇ ਸਾਰੇ ਪ੍ਰੀਵਾਰ ਨੇ ਨ੍ਹੀ ਛੱਡਿਆ? ਮੈਂ ਤਾਂ ਬਥੇਰੀ ਮਗਜ ਖਪਾਈ ਕੀਤੀ-ਤੇਰੇ ਨਾਲ ਵੀ ਤੇ ਤੇਰੇ ਪ੍ਰੀਵਾਰ ਨਾਲ ਵੀ! ਤੁਸੀਂ ਤਾਂ ਦਿੰਦੇ ਸੀ ਗੇੜਾ ਤੇ ਮੇਰੇ ਚਰਨੀਂ ਆ ਡਿੱਗਦੇ ਸੀ-ਮੇਰੀ ਕਿਸੇ ਭੈਣ ਚੋਦ ਨੇ ਪੇਸ਼ ਜਾਣ ਦਿੱਤੀ? ਤੂੰ ਤਾਂ ਝੱਟ ਸਾਰਾ ਕੁਛ ਲਾਹ ਕੇ ਮੇਰੇ ਥੱਲੇ ਲਿਟਗੀ ਸੀ? ਮੈਂ ਕੀ ਕਰਦਾ...? ਤੈਨੂੰ ਐਥੇ ਕੈਨੇਡਾ ਲੈ ਆਇਆ, ਇਸ ਕਰਕੇ ਹੁਣ ਤੂੰ ਮੈਨੂੰ ਆਨੇ ਕੱਢਦੀ ਐਂ? ਤੇਰੀ ਤਾਂ ਜਿਹੜੀ ਗੱਲ ਸੀ, ਉਹ ਤਾਂ ਸੀਗੀ! ਜੇ ਮੈਂ ਤੇਰੀ ਮਾਂ ਨਾਲ ਕੁਛ ਕਰਨਾ ਚਾਹੁੰਦਾ ਤਾਂ ਉਹਨੇ ਵੀ ਢਿੱਲ ਨ੍ਹੀ ਸੀ ਕਰਨੀ-ਉਹ ਵੀ ਫ਼ੱਟ ਦੇਣੇ ਬੁੱਕਲ਼ 'ਚ ਆ ਵੜਦੀ! ਤੂੰ ਸਮਝਦੀ ਐਂ ਬਈ ਮੈਂ ਕਮਲ਼ੈਂ? ਮੈਂ ਸਾਰੀ ਦੁਨੀਆਂ ਵੇਚ ਵੱਟ ਕੇ ਖਾਧੀ ਵੀ ਐ! ਘਾਟ ਘਾਟ ਦਾ ਪਾਣੀ ਪੀਤੈ! ਤੇ ਤੂੰ ਭੈਣ ਚੋਦ ਦੀਏ ਬਦਤਮੀਜ਼ ਕੁੱਤੀਏ, ਅੱਜ ਦੇਣ ਤੁਰਪੀ ਮੱਤਾਂ ਮੈਨੂੰ, ਬਰਾੜ ਨੂੰ! ਜੇ ਕਿਤੇ ਆਪਣੇ ਵਿਆਹ ਦਾ ਕਿਸੇ ਕੋਲ਼ ਵੀ ਭੋਗ ਪਾਇਆ-ਤਾਂ ਮਾਰ ਕੇ ਨਿਆਗਰਾ ਫ਼ਾਲ 'ਚ ਸਿਟਵਾ ਦਿਊਂ, ਸੁਣ ਗਿਆ?" ਉਸ ਨੇ ਸੀਤਲ ਦੇ ਮਾਲੂਕੜੇ ਦਿਲ 'ਤੇ ਬੋਲਾਂ ਦੀਆਂ ਬਰਛੀਆਂ ਦਾਗ਼ ਦਿੱਤੀਆਂ ਅਤੇ ਉਸ ਨੂੰ ਜੁੰਡਿਆਂ ਤੋਂ ਫੜ ਕੇ ਹਲੂਣਿਆਂ।
----
ਸੀਤਲ ਫ਼ੱਟੜ ਸੱਪ ਵਾਂਗ ਵਿਹੁ ਘੋਲ਼ ਕੇ ਰਹਿ ਗਈ। ਉਸ ਦਾ ਇੱਥੇ ਸੀ ਵੀ ਕੌਣ? ਜਿਸ ਕੋਲ ਮਨ ਹੀ ਹੌਲ਼ਾ ਕਰ ਲੈਂਦੀ? ਕੀਹਦੇ ਕੋਲ ਦੁੱਖ ਰੋਂਦੀ? ਦਿਲ ਦਾ ਚੁੱਪ ਦਰਦ ਸਮਾਂ ਪਾ ਕੇ ਕੈਂਸਰ ਬਣ ਜਾਂਦੈ!
ਅਗਲੇ ਦਿਨ ਉਸ ਨੇ ਅੱਖ ਬਚਾ ਕੇ ਸਾਰੀ ਗੱਲ ਦੀਦੀ ਕੋਲ ਕਰ ਦਿੱਤੀ। ਦੀਦੀ ਬੜੀ ਦੁਖੀ ਹੋਈ।
-"ਤੇਰੀ ਪੱਕੀ ਮੋਹਰ ਕਦੋਂ ਲੱਗੂ...?" ਦੀਦੀ ਨੇ ਪੁਰਾਣਾ ਘਸਿਆ ਹੋਇਆ ਸੁਆਲ ਕੀਤਾ।
-"ਮੈਨੂੰ ਕੀ ਪਤੈ, ਦੀਦੀ? ਜੇ ਕੋਈ ਗੱਲ ਪੁੱਛਦੀ ਐਂ ਤਾਂ ਕੁੱਟਣ ਆਉਂਦੈ!" ਸੀਤਲ ਫਿਰ ਡੁਸਕ ਪਈ।
-"ਤੂੰ ਆਨੇ ਬਹਾਨੇ ਇਹ ਤਾਂ ਪਤਾ ਕਰਲਾ! ਸੀਤਲ ਜਿੰਨਾਂ ਚਿਰ ਤੇਰੀ ਪੱਕੀ ਮੋਹਰ ਨ੍ਹੀ ਲੱਗਦੀ-ਥੋਡੇ ਟੱਬਰ ਦਾ ਸਾਰਾ ਕੀਤਾ ਕਰਾਇਆ ਖੂਹ 'ਚ ਐ! ਤੀਹ ਲੱਖ ਰੁਪਈਆ ਵੀ ਦਿੱਤਾ-ਦਲਿੱਦਰ ਵੀ ਸਹਿਆ-ਬੁੜ੍ਹੇ ਦੀ ਧੰਗੇੜ੍ਹ ਵੀ ਸਹੀ-ਲਾਲ਼ਾਂ ਵੀ ਚੱਟੀਆਂ-ਨਿੰਮੀ ਦਾ ਗੰਦ ਸਾਫ਼ ਕੀਤਾ-ਸਾਰੇ ਟੱਬਰ ਦਾ ਗੋਲਪੁਣਾ ਕੀਤਾ-ਪਰ ਖੱਟਿਆ ਕੀ? ਸੋਚ...! ਕੁਛ ਨਾ ਕੁਛ ਲੈ ਕੇ ਤਾਂ ਡਿੱਗ...! ਲੋਕ ਤੈਨੂੰ ਮੂਰਖ ਆਖਣਗੇ...! ਵੈਸੇ ਵੀ ਤੂੰ ਕਾਨੂੰਨੀ ਤੌਰ 'ਤੇ ਅੱਧ ਦੀ ਮਾਲਕ ਐਂ!" ਦੀਦੀ ਨੇ ਉਸ ਨੂੰ ਬੜੀ ਇਮਾਨਦਾਰੀ ਨਾਲ ਸੱਚੀ ਮੱਤ ਦਿੱਤੀ।
-"ਪਰ ਦੀਦੀ! ਜਿੱਦੇਂ ਬਰਾੜ ਮੇਰਾ ਕੈਨੇਡਾ ਦਾ ਵੀਜ਼ਾ ਲੁਆਉਣ ਦਿੱਲੀ ਆਇਆ ਸੀ-ਉਸ ਦਿਨ ਵੀਜ਼ਾ ਲੁਆਉਣ ਤੋਂ ਪਹਿਲਾਂ ਹੀ ਉਸ ਨੇ ਮੈਥੋਂ ਦਸਖ਼ਤ ਕਰਵਾ ਲਏ ਸੀ ਕਿ ਮੈਂ ਉਸ ਦੀ ਚੱਲ ਅਚੱਲ ਜਾਇਦਾਦ 'ਚੋਂ ਕੁਛ ਨਹੀਂ ਲਵਾਂਗੀ ਅਤੇ ਨਾ ਹੀ ਮੈਂ ਹੱਕਦਾਰ ਹਾਂ-ਉਸ ਦੀ ਸਾਰੀ ਜਾਇਦਾਦ ਦੇ ਮਾਲਕ ਸਿਰਫ਼ ਅਤੇ ਸਿਰਫ਼ ਉਸ ਦੇ ਤਿੰਨ ਬੱਚੇ ਹੀ ਹੋਣਗੇ-ਉਸ ਨੇ ਇਸ ਸਹਿਮਤੀ 'ਤੇ ਮੈਥੋਂ ਇਕ ਨਹੀਂ, ਬਹੁਤ ਸਾਰੇ ਕਾਗਜ਼ਾਂ 'ਤੇ ਦਸਖ਼ਤ ਕਰਵਾਏ ਐ-ਤੇ ਮੇਰੇ ਉਹ ਦਸਖ਼ਤ ਇਲਾਕਾ ਮਜਿਸਟਰੇਟ ਤੋਂ ਬਕਾਇਦਾ ਤਸਦੀਕ ਵੀ ਹੋਏ ਵੇ ਐ।" ਸੀਤਲ ਨੇ ਸਾਰੀ ਗੱਲ ਦੱਸੀ।
-"ਬੜਾ ਢੰਗੀ ਐ ਹਰਾਮਜ਼ਾਦਾ...!" ਦੀਦੀ ਵੀ ਖਿਝ ਗਈ। ਬਰਾੜ ਵਾਕਿਆ ਹੀ ਕੋਈ ਕੱਚਾ ਖਿਡਾਰੀ ਨਹੀਂ ਸੀ।
ਰਾਤ ਨੂੰ ਸੀਤਲ ਨੇ ਬਰਾੜ ਤੋਂ ਪੱਕੀ ਮੋਹਰ ਬਾਰੇ ਬਗੈਰ ਕਿਸੇ ਭੂਮਿਕਾ ਤੋਂ, ਸਿੱਧਾ ਹੀ ਪੁੱਛ ਲਿਆ।
-"ਕਿਉਂ ਹਰਾਮਜ਼ਾਦੀਏ, ਕੁੱਤੀਏ? ਤੂੰ ਕਿਸੇ ਭੈਣ ਦੇ ਖ਼ਸਮ ਨਾਲ ਘਰੋਂ ਭੱਜਣੈਂ...? ਮੇਰੇ ਨਾਲ਼ ਵਿਆਹ ਤੋਂ ਪਹਿਲਾਂ ਕਿਸੇ ਭੈਣ ਚੋਦ ਨਾਲ਼ ਕੁੰਡਾ ਪਸਾਇਆ ਹੋਣੈਂ? ਲੀੜੇ ਲਾਹੁੰਣ ਲੱਗੀ ਨੇ ਤਾਂ ਤੂੰ ਮੇਰੇ ਵਾਰੀ ਮਿੰਟ ਨ੍ਹੀ ਸੀ ਲਾਇਆ-ਆਬਦੇ ਹਾਣ ਦੇ ਨਾਲ਼ ਤਾਂ ਤੂੰ ਕੀ ਭਲੀ ਗੁਜਾਰਨੀ ਸੀ...?" ਉਹ ਰੇਲ ਦੇ ਕੰਨ ਵਾਂਗ ਸਿੱਧਾ ਸਲੋਟ ਹੀ ਉਠਿਆ ਸੀ।
ਸੀਤਲ ਚੁੱਪ ਵੱਟ ਗਈ।
-"ਇਕ ਗੱਲ ਸੁਣਲੀਂ ਮੇਰੀ ਧਿਆਨ ਦੇ ਕੇ...! ਤੇਰੇ ਮਨ 'ਚ ਕੋਈ ਭਰਮ ਨਾ ਰਹੇ!" ਬਰਾੜ ਨੇ ਵੱਡੀ ਸਾਰੀ ਉਂਗਲ਼ ਸੀਤਲ ਦੀਆਂ ਨਾਸਾਂ ਕੋਲ਼ ਕਰ ਕੇ ਆਖਿਆ।
-"ਜੇ ਕਦੇ ਐਸ ਘਰੋਂ ਕਿਸੇ ਖ਼ਸਮ ਨਾਲ ਭੱਜਣ ਬਾਰੇ ਸੋਚਿਆ ਵੀ-ਤਾਂ ਸਮਝ ਲੈ ਤੇਰਾ ਤੇ ਅਗਲੇ ਦਾ ਉਹ ਆਖਰੀ ਦਿਨ ਹੋਊਗਾ! ਤੈਨੂੰ ਪਤੈ ਮੇਰੇ ਕੋਲ ਐਥੇ ਕਿੰਨੇ ਖ਼ਤਰਨਾਕ ਬੰਦੇ ਐ? ਮੇਰੇ ਕੋਲ ਐਹੋ ਜੇ ਖ਼ੌਫ਼ਨਾਕ ਗੁੰਡੇ ਐ-ਅਗਲਿਆਂ ਨੇ ਥੋਨੂੰ ਮਾਰ ਕੇ ਮੁਸ਼ਕ ਵੀ ਬਾਹਰ ਨ੍ਹੀ ਨਿਕਲਣ ਦੇਣਾ!"
-"......।" ਸੀਤਲ ਬੋਲਾਂ ਦੇ ਤੀਰ ਘੁੱਟ ਵੱਟੀ ਸੀਨੇ 'ਤੇ ਜਰੀ ਜਾ ਰਹੀ ਸੀ। ਉਸ ਦੇ ਦਿਮਾਗ ਅੰਦਰ ਬੱਦਲ਼ ਗੱਜੀ ਜਾ ਰਹੇ ਸਨ।
-"ਇਕ ਆਖਰੀ ਗੱਲ ਹੋਰ ਸੁਣ ਲੈ...! ਤੇਰਾ ਤਾਂ ਕੀ ਮੁਸ਼ਕ ਨਿਕਲਣੈਂ? ਤੇਰੇ ਤਾਂ ਮਾਂ ਬਾਪ ਤੇ ਬਾਕੀ ਸਾਰੇ ਟੱਬਰ ਦਾ ਵੀ ਖੁਰਾ ਖੋਜ ਨ੍ਹੀ ਮਿਲਣਾ! ਕਿਹੜੀ ਦੁਨੀਆਂ 'ਚ ਫਿਰਦੀ ਐਂ? ਤੇਰਾ ਵਾਹ ਬਰਾੜ ਨਾਲ ਪਿਐ-ਕਿਸੇ ਐਰੇ ਗੈਰੇ ਨਾਲ ਨ੍ਹੀ...!" ਬਰਾੜ ਦੀ ਅਗਲੀ ਧਮਕੀ ਨੇ ਸੀਤਲ ਦੇ ਸਾਹ ਸੁਕਾ ਦਿੱਤੇ। ਇਸ ਚੋਭ ਨੇ ਉਸ ਨੂੰ ਬੇਹੋਸ਼ ਹੋਣ ਵਾਲ਼ੀ ਕਰ ਦਿੱਤਾ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਬਰਾੜ ਐਡਾ ਕਮੀਨਾ ਅਤੇ ਨਿਰਦਈ ਨਿਕਲੇਗਾ ਕਿ ਉਸ ਦੇ ਟੱਬਰ ਨੂੰ ਵੀ ਆਪਣੀ ਹਿੱਟ ਲਿਸਟ 'ਤੇ ਚਾੜ੍ਹ ਲਵੇਗਾ? ਧਮਕੀਆਂ ਸੁਣ ਕੇ ਸੀਤਲ ਦੇ ਹਰਾਸ ਮਾਰੇ ਗਏ ਸਨ। ਉਸ ਨੂੰ ਕਰੋਧੀ ਬਰਾੜ ਦੇ ਕਰੂਪ ਚਿਹਰੇ ਤੋਂ ਡਰ ਲੱਗਣ ਲੱਗ ਪਿਆ ਅਤੇ ਉਸ ਦੇ ਸਿਰ ਵਿਚ ਘੜ੍ਹਿਆਲ਼ ਖੜਕੀ ਜਾ ਰਹੇ ਸਨ।
----
ਰੁਲ਼ਦੀ ਖੁਲ਼ਦੀ ਅਤੇ ਜ਼ਿਆਦਤੀਆਂ ਸਹਿੰਦੀ ਸੀਤਲ ਨੂੰ ਪੂਰਾ ਸਾਲ ਬੀਤ ਗਿਆ ਸੀ। ਗਾਲ੍ਹਾਂ, ਮੁਸ਼ੱਕਤਾਂ ਅਤੇ ਤਸ਼ੱਦਦ ਦਾ ਦੌਰ ਹਰ ਰੋਜ਼ ਵਾਂਗ ਹੀ ਜਾਰੀ ਸੀ। ਸੀਤਲ ਦੇ ਨੱਕ ਵਿਚ ਦਮ ਆ ਚੁੱਕਾ ਸੀ। ਉਸ ਨੂੰ ਕੋਈ ਰਸਤਾ ਨਹੀਂ ਲੱਭਦਾ ਸੀ, ਜਿੱਧਰ ਉਹ ਭੱਜ ਕੇ ਜਾ ਸਕਦੀ। ਹੁਣ ਉਸ ਨੂੰ ਭਾਰਤ ਤੋਂ ਆਈ ਉਸ ਦੇ ਮਾਂ ਬਾਪ ਦੀ ਚਿੱਠੀ ਵੀ ਨਾ ਦਿੱਤੀ ਜਾਂਦੀ। ਪੜ੍ਹ ਕੇ ਬਰਾੜ ਚਿੱਠੀ ਕੂੜੇ ਵਿਚ ਹੀ ਸੁੱਟ ਛੱਡਦਾ। ਲਿਖਣ ਵਾਲ਼ਿਆਂ ਨੂੰ ਅਵਾ ਤਵਾ ਬੋਲਦਾ ਅਤੇ ਸਾਰੇ ਟੱਬਰ 'ਤੇ ਤਾਹਨੇ ਕਸਦਾ।
ਅਚਾਨਕ ਦੀਦੀ ਅਤੇ ਅੰਕਲ ਵੀ ਤਿੰਨ ਮਹੀਨੇ ਵਾਸਤੇ ਭਾਰਤ ਚਲੇ ਗਏ ਸਨ। ਹੁਣ ਸੀਤਲ ਦਾ ਕੋਈ ਵਾਲੀ ਵਾਰਸ ਨਹੀਂ ਰਹਿ ਗਿਆ ਸੀ। ਕੋਈ ਹਮਦਰਦ ਨਹੀਂ ਸੀ। ਕੋਈ ਦਰਦ ਸੁਣਨ ਵਾਲਾ ਨਹੀਂ ਸੀ। ਕੋਈ ਦਰਦ ਵੰਡਾਉਣ ਵਾਲ਼ਾ ਨਹੀਂ ਸੀ। ਉਹ ਮਾਨਸਿਕ ਪੱਖੋਂ ਬਿਮਾਰ ਰਹਿਣ ਲੱਗ ਪਈ। ਕਦੇ ਕਦੇ ਉਸ ਨੂੰ ਕਹਿਰਾਂ ਦਾ ਡਰ ਲੱਗਦਾ। ਕਦੇ ਕਦੇ ਉਸ ਨੂੰ ਕੋਈ ਭਿਆਨਕ ਸੁਪਨਾ ਆਉਂਦਾ ਅਤੇ ਉਹ ਸੁੱਤੀ ਪਈ ਚੀਕ ਕੇ ਉਠ ਬੈਠਦੀ। ਬਰਾੜ ਉਸ ਨੂੰ ਗਾਹਲਾਂ ਦੇ ਕੇ ਅਤੇ ਕਦੇ ਕਦੇ ਚੁਪੇੜ ਮਾਰ ਕੇ ਫਿਰ ਪਾ ਦਿੰਦਾ। ਜੇ ਉਹ ਨਾ ਪੈਂਦੀ ਤਾਂ ਉਸ ਦੇ ਸਿਰ ਵਿਚ ਛਿੱਤਰ ਵਰ੍ਹਨ ਲੱਗ ਪੈਂਦੇ ਅਤੇ ਬਰਾੜ ਉਸ ਨੂੰ ਧੱਕਾ ਦੇ ਕੇ ਬੈੱਡ 'ਤੇ ਸੁੱਟ ਦਿੰਦਾ। ਸੀਤਲ ਸਰੀਰਕ ਪੱਖੋਂ ਅੱਧੀ ਰਹਿ ਗਈ ਸੀ। ਉਸ ਨੂੰ ਨਾ ਖਾਣ ਦੀ ਹੋਸ਼ ਸੀ ਅਤੇ ਨਾ ਪੀਣ ਦੀ। ਹੁਣ ਤਾਂ ਬਰਾੜ ਦੇ ਘਰਵਾਲ਼ੀ ਨਿੰਮੀ ਵੀ ਸੀਤਲ ਤੋਂ ਬੁਰੀ ਤਰ੍ਹਾਂ ਖਿਝਣ ਲੱਗ ਪਈ ਸੀ। ਕਿਉਂਕਿ ਸੀਤਲ ਉਸ ਦਾ ਖਿਆਲ ਨਹੀਂ ਰੱਖਦੀ ਸੀ! ਸੀਤਲ ਵੀ ਕੀ ਕਰਦੀ? ਉਸ ਨੂੰ ਤਾਂ ਆਪਣੀ ਹੋਸ਼ ਨਹੀਂ ਸੀ। ਉਸ ਦੇ ਆਪਣੇ ਹਾਲਾਤ ਭਾਰੀ ਪੈਂਦੇ ਜਾ ਰਹੇ ਸਨ। ਨਿੰਮੀ ਦਾ ਖ਼ਿਆਲ ਉਹ ਕੀ ਸੁਆਹ ਰੱਖਦੀ?
----
ਹੁਣ ਕਦੇ ਕਦੇ ਸੀਤਲ ਬੈਠੀ ਬੈਠੀ ਅਚਾਨਕ ਬਿਨਾ ਗੱਲੋਂ ਹੀ ਹੱਸਣ ਲੱਗ ਪੈਂਦੀ ਅਤੇ ਕਦੇ ਉਚੀ ਉਚੀ ਰੋਣ ਲੱਗ ਪੈਂਦੀ। ਉਹ ਕਮਲ਼ਿਆਂ ਵਾਂਗ ਸਿਰ ਖੁਰਕਦੀ ਅਤੇ ਕਦੇ ਕੱਪੜੇ ਵੀ ਨਾ ਬਦਲਦੀ। ਨਿੰਮੀ ਅਤੇ ਜੁਆਕ ਉਸ ਤੋਂ ਅਲ਼ਕਤ ਮੰਨਣ ਲੱਗ ਪਏ। ਨਹਾਉਣ ਜਾਂ ਵਾਲ਼ ਵਾਹੁੰਣ ਦਾ ਤਾਂ ਸੀਤਲ ਨੂੰ ਚੇਤਾ ਹੀ ਭੁੱਲ ਗਿਆ ਸੀ। ਜਦੋਂ ਸੀਤਲ ਦੀ ਹਾਲਤ ਕੁਝ ਜ਼ਿਆਦਾ ਹੀ ਵਿਗੜ ਗਈ, ਜਦੋਂ ਉਹ ਹੁਣ ਬਹੁਤਾ ਹੀ ਕਮਲ਼ ਜਿਹਾ ਮਾਰਨ ਲੱਗ ਪਈ ਤਾਂ ਬਰਾੜ ਆਪਣੇ ਸਾਰੇ ਪ੍ਰੀਵਾਰ ਦੇ ਦਬਾਅ ਹੇਠ ਆ ਕੇ ਸੀਤਲ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਉਸ ਦੀ ਹਿੱਕ ਦਾ ਵਾਲ਼ ਸੀ। ਜਿਗਰੀ ਮਿੱਤਰ! ਡਾਕਟਰ ਨੇ ਉਸ ਦਾ ਮੁਆਇਨਾ ਕਰ ਕੇ ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਦੱਸੀ। ਦੁਆਈ ਬੂਟੀ ਲਿਖ ਦਿੱਤੀ ਅਤੇ ਅਗਲੇ ਹਫ਼ਤੇ ਫਿਰ ਆਉਣ ਬਾਰੇ ਹਦਾਇਤ ਕੀਤੀ।
ਉਸ ਰਾਤ ਬਰਾੜ ਸੀਤਲ ਨਾਲ ਬੜੇ ਪਿਆਰ ਨਾਲ ਬੋਲਿਆ।
ਪਰ ਸੀਤਲ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੈੱਡ 'ਤੇ ਪਈ, ਬੌਰਿਆਂ ਵਾਂਗ ਸਿੱਧੀ ਸਲੋਟ ਹੀ ਦੇਖੀ ਗਈ।
-"ਸੀਤਲ, ਆਪਾਂ ਕੱਲ੍ਹ ਨੂੰ ਮੇਰੇ ਵਕੀਲ ਕੋਲ ਚੱਲਾਂਗੇ-ਤੇਰੀ ਪੱਕੀ ਮੋਹਰ ਦੀ ਖਾਤਰ!" ਬਰਾੜ ਨੇ ਕਿਹਾ ਸੀ। ਪਰ ਸੀਤਲ ਫਿਰ ਉਸ ਨੂੰ ਅਵਾਕ ਤੱਕੀ ਗਈ ਸੀ। ਉਸ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਸੀ। ਖ਼ੁਸ਼ੀ ਤਾਂ, ਤਾਂ ਹੁੰਦੀ, ਜੇ ਉਹ ਦਿਮਾਗੀ ਤੌਰ 'ਤੇ ਸਥਿਰ ਹੁੰਦੀ? ਦਿਮਾਗੀ ਤੌਰ 'ਤੇ ਤਾਂ ਉਹ ਇਕ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਸੀ! ਉਸ ਲਈ ਖ਼ੁਸ਼ੀ ਗ਼ਮੀ ਇਕ ਬਰਾਬਰ ਹੋ ਤੁਰੀ ਸੀ। ਹੁਣ ਤਾਂ ਉਹ ਇਕ ਮਾਨਸਿਕ ਰੋਗਣ ਬਣ ਗਈ ਸੀ। ਉਸ ਦਾ ਰੋਗ ਇਕ ਭਿਆਨਕ ਰੂਪ ਧਾਰਨ ਕਰ ਗਿਆ ਸੀ। ਉਸ ਦੇ ਮਨ 'ਤੇ ਕਿਸੇ ਖ਼ੁਸ਼ੀ ਜਾਂ ਗ਼ਮ ਦਾ ਕੋਈ ਝਲਕਾਰਾ ਨਹੀਂ ਪੈਂਦਾ ਸੀ। ਕੋਈ ਹਾਵ ਭਾਵ ਨਹੀਂ ਆਉਂਦਾ ਸੀ। ਉਹ ਚੁੱਪ ਗੜੁੱਪ ਹੀ ਹੋ ਗਈ ਸੀ। ਇਕ ਤਰ੍ਹਾਂ ਨਾਲ਼ ਸਿਲ਼-ਪੱਥਰ! ਉਹ ਪੱਥਰਾਈਆਂ ਅੱਖਾਂ ਨਾਲ ਅਗਲੇ ਵੱਲ ਦੇਖਦੀ ਨਹੀਂ, ਝਾਕਦੀ ਸੀ।
----
ਅਗਲੇ ਦਿਨ ਬਰਾੜ ਸੀਤਲ ਨੂੰ ਆਪਣੇ ਵਕੀਲ ਕੋਲ਼ ਲੈ ਗਿਆ। ਵਕੀਲ ਉਸ ਦਾ ਪ੍ਰਮ-ਮਿੱਤਰ ਸੀ। ਹਮ ਪਿਆਲਾ - ਹਮ ਨਿਵਾਲਾ! ਬਰਾੜ ਨੇ ਸੀਤਲ ਨੂੰ ਬਾਹਰ ਵੇਟਿੰਗ-ਰੂਮ ਵਿਚ ਬਿਠਾ ਕੇ ਵਕੀਲ ਮਿੱਤਰ ਨਾਲ ਕੋਈ ਗੱਲ ਕੀਤੀ। ਸੀਤਲ ਸਾਊ ਬਲ਼ਦ ਵਾਂਗ ਬੈਠੀ ਰਹੀ ਸੀ। ਕਾਫ਼ੀ ਸਮਾਂ ਗੁਫ਼ਤਗੂ ਕਰਨ ਤੋਂ ਬਾਅਦ ਵਕੀਲ ਨੇ ਸੀਤਲ ਨੂੰ ਅੰਦਰ ਬੁਲਾ ਲਿਆ ਅਤੇ ਕਈ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ। ਜ਼ਾਹਿਰਾ ਤੌਰ 'ਤੇ ਇਹ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਹੋਏ ਸਨ! ਜਿਸ ਦਾ ਸੀਤਲ ਨੂੰ ਪਤਾ ਹੀ ਨਹੀਂ ਸੀ, ਸ਼ਾਇਦ!
ਵਕੀਲ ਦੀ ਮਿਹਰਬਾਨੀ ਸਦਕਾ ਦੋ ਕੁ ਹਫ਼ਤੇ ਬਾਅਦ ਫ਼ੈਮਿਲੀ ਕੋਰਟ ਵਿਚ ਤਾਰੀਖ਼ ਪਈ ਤਾਂ ਬਰਾੜ ਨੇ ਸੀਤਲ ਨੂੰ ਮਾਨਸਿਕ ਤੌਰ 'ਤੇ ਬੀਮਾਰ ਅਥਵਾ ਕਮਲ਼ੀ ਸਾਬਤ ਕਰ ਕੇ ਤਲਾਕ ਲੈ ਲਿਆ। ਸਬੂਤ ਵਜੋਂ ਡਾਕਟਰੀ ਰਿਪੋਰਟ ਨਾਲ ਨੱਥੀ ਸੀ। ਤੀਜੇ ਕੁ ਦਿਨ ਬਰਾੜ ਨੇ ਸੀਤਲ ਦੇ ਮਾਂ ਬਾਪ ਨੂੰ ਸਿਰਫ਼ ਇਤਨਾ ਆਖ ਕੇ ਫ਼ੋਨ ਕੀਤਾ ਕਿ ਸੀਤਲ ਕੁਝ ਬੀਮਾਰ ਹੈ ਅਤੇ ਉਹ ਕੁਝ ਕੁ ਹਫ਼ਤਿਆਂ ਲਈ ਤੁਹਾਡੇ ਕੋਲ਼ ਆ ਰਹੀ ਹੈ, ਉਸ ਨੂੰ ਦਿੱਲੀ ਤੋਂ ਆ ਕੇ ਲੈ ਜਾਵੋ! ਫ਼ਲਾਈਟ ਨੰਬਰ ਅਤੇ ਫ਼ਲਾਈਟ ਪਹੁੰਚਣ ਦਾ ਸਮਾਂ ਉਸ ਨੇ ਹਰਮਨ ਸਿੰਘ ਨੂੰ ਲਿਖਵਾ ਦਿੱਤਾ ਸੀ।
ਅਗਲੀ ਰਾਤ ਬਰਾੜ ਨੇ ਸੀਤਲ ਨੂੰ ਟਰਾਂਟੋ ਦੇ ਹਵਾਈ ਅੱਡੇ ਤੋਂ ਦਿੱਲੀ ਵਾਲੇ ਜਹਾਜ ਵਿਚ ਬਿਠਾ ਦਿੱਤਾ ਅਤੇ 'ਬਲਾਅ' ਗਲ਼ੋਂ ਲਾਹ ਦਿੱਤੀ...! ਅਤੇ ਆਪ ਸੁਰਖ਼ਰੂ ਹੋ ਕੇ ਘਰ ਆ ਗਿਆ......!
......ਜਦੋਂ ਹਰਦੇਵ ਦਾ ਬਾਪੂ ਸੱਥ ਵਿਚ ਪਹੁੰਚਿਆ ਤਾਂ ਪੰਚਾਇਤ ਵਿਚ ਕਾਫ਼ੀ ਗਰਮਾ ਗਰਮੀ ਹੋ ਰਹੀ ਸੀ। ਸੀਤਲ ਦਾ ਬਾਪ ਹਰਮਨ ਸਿੰਘ ਪੰਚਾਇਤ ਵਿਚਕਾਰ ਦੋਸ਼ੀਆਂ ਵਾਂਗ ਬੈਠਾ ਸੀ। ਉਸ ਦਾ ਸਿਰ ਸੁੱਟਿਆ ਹੋਇਆ ਸੀ ਅਤੇ ਉਹ ਕਿਸੇ ਨਾਲ ਬਹੁਤੀ ਗੱਲ ਨਹੀਂ ਕਰ ਰਿਹਾ ਸੀ। ਇੰਜ ਲੱਗਦਾ ਸੀ, ਜਿਵੇਂ ਉਹ ਰੋ ਕੇ ਹਟਿਆ ਸੀ।
-"ਆ ਜਾਹ, ਆ ਜਾਹ ਜਾਗਰ ਸਿਆਂ, ਤੇਰੀ ਅਸੀਂ 'ਡੀਕ ਕਰੀ ਜਾਨੇ ਐਂ!" ਸਰਪੰਚ ਨੇ ਆਖਿਆ। ਉਹ ਬਹਿਸ ਕਰਕੇ ਕਾਫ਼ੀ 'ਭਖਿ਼ਆ' ਲੱਗਦਾ ਸੀ।
-"ਮੈਨੂੰ ਤਾਂ ਜਦੋਂ ਈ ਚੌਂਕੀਦਾਰ ਨੇ ਸੁਨੇਹਾ ਦਿੱਤਾ-ਮੈਂ ਤਾਂ ਉਦੋਂ ਈ ਐਧਰ ਨੂੰ ਤੁਰ ਪਿਆ, ਸਰਪੈਂਚਾ।"
-"ਉਹ ਤੇਰੇ ਕੋਲ਼ੇ ਸੁਨੇਹਾਂ ਲੈ ਕੇ ਈ ਲੇਟ ਪਹੁੰਚਿਐ-ਪੰਚੈਤ ਤਾਂ ਬਹੁਤ ਚਿਰ ਦੀ 'ਡੀਕੀ ਜਾਂਦੀ ਐ!"
-"ਆਹ ਦੱਸ ਮਸਲਾ ਕਿਵੇਂ ਹੱਲ ਕਰੀਏ? ਨਾ ਮੁੰਡੇ ਦੇ ਕਿਸੇ ਪਿੰਡ ਦਾ ਪਤੈ-ਨਾ ਕੋਈ ਟਿਕਾਣਾ ਜਾਣਦੇ ਐਂ-ਨਾ ਈ ਉਹਦਾ ਕੋਈ ਜਾਣਕਾਰ ਐਥੇ ਰਹਿੰਦੈ-ਜਿਹੜੇ ਹੋਟਲ਼ 'ਚ ਉਹਨੂੰ ਇਹ ਹਰਮਨ ਸਿਉਂ ਹੋਰੀਂ ਮਿਲ਼ੇ ਸੀ-ਉਹ ਹੋਟਲ਼ ਆਲ਼ੇ ਕਹਿੰਦੇ, ਅਖੇ ਸਾਡੇ ਕੋਲ਼ੇ ਤਾਂ ਜੀ ਐਹੋ ਜਿਹੇ ਮਹਿਮਾਨ ਨਿੱਤ ਆਉਂਦੇ ਐ-ਅਸੀਂ ਕੀਹਦਾ ਕੀਹਦਾ ਪਿੰਡ ਪੁੱਛੀ ਜਾਈਏ? ਜਿਹੜਾ ਰਜਿ਼ਸਟਰ 'ਚ ਉਹਦਾ 'ਡਰੈਸ ਲਿਖਿਐ-ਉਹ ਕਨੇਡੇ ਦਾ ਐ! ਤੀਹ ਲੱਖ ਰੁਪਈਏ ਦੀ ਉਹ ਕੰਜਰ ਇਹਦੇ ਨਾਲ ਠੱਗੀ ਮਾਰ ਗਿਆ-ਤੀਹ ਲੱਖ ਦੀ ਲਿਖਤ ਪੜ੍ਹਤ ਇਹਦੇ ਕੋਲ਼ੇ ਕੋਈ ਨ੍ਹੀ-ਕੁੜੀ ਦੀ ਬੱਚੇਦਾਨੀ ਕਢਵਾ ਕੇ ਪਰ੍ਹੇ ਮਾਰੀ-ਅੱਗਾ ਪਿੱਛਾ ਉਹਦਾ ਨ੍ਹੀ ਪੁੱਛਿਆ-ਕਨੇਡੇ ਦੇ ਲਾਲਚ ਨੂੰ ਹੱਥੀਂ ਪਾਲ਼ੀ ਪੋਸੀ ਧੀ ਧਿਆਣੀ, ਉਹਦੇ ਬੱਤੀ ਸਾਲ ਵੱਡੇ ਬੁੱਢੇ ਮਲੰਗ ਨਾਲ ਤੋਰਤੀ! ਉਏ, ਕੁਛ ਤਾਂ ਅਕਲ ਕਰਦੇ? ਅਸੀਂ ਹੁਣ ਦੱਸੋ ਕੀ ਭੈਣ ਗੜ੍ਹਾਈਏ...?" ਸਰਪੰਚ ਨੇ ਦੁਹਈ ਦਿੱਤੀ, ਮੱਥਾ ਪਿੱਟਿਆ।
ਸੀਤਲ ਦਾ ਬਾਪ ਹਰਮਨ ਸਿੰਘ ਉਪਰ ਸਿਰ ਨਹੀਂ ਚੁੱਕ ਰਿਹਾ ਸੀ।
ਕਸੂਰ ਪੰਚਾਇਤ ਦਾ ਨਹੀਂ, ਕਸੂਰ ਤਾਂ ਉਸ ਦਾ ਆਪਣਾ ਸੀ।
-"ਬੱਸ...! ਇਹਨਾਂ ਨੇ ਤਾਂ ਕਨੇਡੇ ਦਾ ਨਾਂ ਸੁਣ ਲਿਆ ਤੇ ਸਾਰੇ ਟੱਬਰ ਦੇ ਡਮਾਕ 'ਚ ਈ ਫ਼ਰਕ ਪੈ ਗਿਆ-ਉਹਦੇ ਮੂਹਰੇ ਗਾਂਧੀ ਬਣ ਕੇ ਹੱਥ ਜੋੜੀ ਗਏ ਹੋਣੇ ਐਂ-ਅਗਲੇ ਤਾਂ ਐਹੋ ਜੀਆਂ ਸਾਮੀਆਂ ਭਾਲ਼ਦੇ ਐ-ਐਹੋ ਜੀ ਮੂਰਖ ਸਾਅਮੀ ਉਹਨਾਂ ਨੂੰ ਕਿਤੋਂ ਮਿਲਣੀ ਐਂ? ਲਓ, ਜਾ ਵੜੋ ਕਨੇਡੇ! ਲਾਹ ਲਓ ਚਾਅ! ਅਗਲਾ ਤੀਹ ਲੱਖ ਨੂੰ ਥੁੱਕ ਲਾ ਕੇ ਤੇ ਧੀ ਧਿਆਣੀ ਨੂੰ ਖੇਹ ਖਰਾਬ ਕਰਕੇ ਕਨੇਡੇ ਈ ਦੜ ਗਿਆ! ਅਗਲੇ ਨੇ ਪਾਸਪੋਰਟ ਤੇ ਤਲਾਕ ਦੇ ਕਾਗਜ ਪੱਤਰ ਕੁੜੀ ਦੇ ਹੱਥ ਫੜਾਤੇ ਤੇ ਐਧਰ ਨੂੰ ਜਹਾਜ ਚਾੜ੍ਹਤੀ-ਫ਼ੜ ਲਓ ਪੂਛ...!"
-"......।" ਹਰਮਨ ਸਿੰਘ ਚੁੱਪ ਸੀ। ਉਹ ਦੋਸ਼ ਵੀ ਕਿਸ ਨੂੰ ਦਿੰਦਾ? ਦੋਸ਼ ਤਾਂ ਉਸ ਦਾ, ਖ਼ੁਦ ਆਪ ਦਾ ਸੀ!
-"ਬਹੁੜੀ ਉਏ ਪਿੰਡਾ...! ਆਪਾਂ ਐਥੇ ਪੰਜਾਬ 'ਚ ਵੀ ਰਿਸ਼ਤਾ ਕਰਦੇ ਐਂ-ਤਾਂ ਬੀਹ ਦਾਦੀਆਂ ਨਾਨੀਆਂ ਪੁੱਛਦੇ ਐਂ-ਤੇ ਇਹਨਾਂ ਨੇ...?" ਸਰਪੰਚ ਨੇ ਸਿਰ ਫੇਰਿਆ।
-"ਉਏ ਬੰਦਾ ਬਿਨਾਂ ਤਸੱਲੀ ਕਰੇ ਬੱਸ ਨ੍ਹੀ ਚੜ੍ਹਦਾ-ਤੇ ਇਹਨਾਂ ਨੇ ਤੀਹ ਲੱਖ ਰੁਪਈਆ ਤੇ ਨਾਲ ਹੱਥ ਬੰਨ੍ਹ ਕੇ ਜੁਆਨ ਜਹਾਨ ਕੁੜੀ ਤੋਰਤੀ-ਬਈ ਤੁਸੀਂ ਕਿਸੇ ਨਾਲ ਸਲਾਹ ਮਛਬਰਾ ਈ ਕਰਲੋ! ਨਾਂਅ...! ਬਾਹਲ਼ਾ ਪੜ੍ਹਿਆ ਲਿਖਿਆ ਇਉਂ ਈ ਤਾਂ ਅੰਬਰਸਰ ਦੀ ਥਾਂ ਮੁਕਸਰ ਪਹੁੰਚ ਜਾਂਦੈ! ਇਹਨਾਂ ਨੇ ਤਾਂ ਕਨੇਡੇ ਦਾ ਨਾਂ ਲਿਆਂ ਸੁਣ-ਤੇ ਚੱਕ ਮੇਰੇ ਭਾਈ! ਸਾਰਾ ਟੱਬਰ ਈ ਕਮਲ਼ਾ ਹੋ ਗਿਆ-ਬਈ ਐਹੋ ਜਿਆ ਕਨੇਡੇ ਆਲ਼ਾ ਮੁੰਡਾ ਸਾਨੂੰ ਮਿਲਣੈਂ? ਮੈਰਜ ਪੈਲਸ ਗਏ ਤੇ ਬਾਹਰੋ ਬਾਹਰ ਈ ਕਰ ਕੇ 'ਨੰਦ ਕਾਰਜ-ਫ਼ਾਹਾ ਵੱਢਤਾ-ਕਰ ਲਓ ਘਿਉ ਨੂੰ ਭਾਂਡਾ! ਇਹਦਾ ਪਿਉ ਤਾਂ ਉਦੇਂ ਦਾ ਘਰੇ ਨ੍ਹੀ ਆਇਆ ਬਿਚਾਰਾ-ਪਤਾ ਨ੍ਹੀ ਕਿਹੜੇ ਖੂਹ ਟੋਭੇ ਪੈ ਗਿਆ...?" ਸਰਪੰਚ ਨੂੰ ਅਥਾਹ ਚੇਹ ਚੜ੍ਹੀ ਹੋਈ ਸੀ।
-"ਚਲੋ, ਜਿਹੜੀ ਹੋ ਗਈ-ਉਹਦੇ 'ਤੇ ਮਿੱਟੀ ਪਾਓ...!" ਮੈਂਬਰ ਨੇ ਕਿਹਾ।
-"ਚਲੋ ਛੱਡੋ ਸਰਪੈਂਚਾ! ਇਕ ਤਾਂ ਬਿਚਾਰੇ ਨਾਲ ਧੱਕਾ ਹੋਇਆ-ਦੂਜਾ ਹੁਣ ਆਪਾਂ ਇਹਦਾ ਗਲ਼ ਘੁੱਟਣ ਆਲਿ਼ਆਂ ਮਾਂਗੂੰ ਮਗਰ ਪੈਗੇ-ਗੱਲ ਤਾਂ ਉਹ ਹੋਈ, ਇਕ ਤਾਂ ਜੁਆਕ ਦਰਵਾਜੇ ਦੀ ਝੀਥ 'ਚ ਹੱਥ ਦੇ ਲੈਂਦੈ ਤੇ ਦੂਜਾ ਘਰਦੇ ਛਿੱਤਰੀਂ ਡਹਿ ਜਾਂਦੇ ਐ, ਬਈ ਸਾਲਿ਼ਆ ਹੱਥ ਦਿੱਤਾ ਤਾਂ ਕਿਉਂ ਦਿੱਤਾ? ਦੂਹਰੀ ਮਾਰ! ਇਹ ਗੱਲ ਢਕੋ ਅਤੇ ਅੱਗੇ ਦੀ ਸੋਚੋ...!" ਕਿਸੇ ਹੋਰ ਨੇ ਇਕੱਠ 'ਚੋਂ ਆਖਿਆ।
-"ਅੱਗੇ ਸੋਚੀਏ ਕੀ? ਇਹ ਤਾਂ ਦੱਸ? ਡੁੱਬੀ ਤਾਂ, ਤਾਂ ਜੇ ਸਾਹ ਨਾ ਆਇਆ? ਆਪਾਂ ਕੋਈ ਪਸ਼ੂ ਖਰੀਦਦੇ ਐਂ-ਉਹਦੀਆਂ ਵੀ ਬੀਹ ਨਸਲਾਂ ਛਾਣ ਮਾਰਦੇ ਐਂ! ਇਹ ਤਾਂ ਫੇਰ ਵੀ ਧੀ ਧਿਆਣੀ ਤੇ ਪਿੰਡ ਦੀ ਇੱਜਤ ਦਾ ਸੁਆਲ ਸੀ! ਮਿੰਬਰਾ, ਤੂੰ ਦੱਸ ਲੈ, ਕੀ ਕਰੀਏ? ਹੁਣ ਕਨੇਡੇ ਜਾ ਕੇ ਉਹਦੀ, ਕੰਜਰ ਦੀ ਪੈੜ ਦੱਬੀਏ...?" ਸਰਪੰਚ ਮੈਂਬਰ ਵੱਲ ਨੂੰ ਹੋ ਗਿਆ। ਪਰ ਮੈਂਬਰ ਕੀ ਦੱਸਦਾ? ਉਹ ਵੀ ਚੁੱਪ ਹੋ ਗਿਆ। ਵੱਸ ਤਾਂ ਕਿਸੇ ਦੇ ਵੀ ਨਹੀਂ ਸੀ! ਸਰਪੰਚ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੰਚਾਇਤ ਇਕੱਠੀ ਕਿਉਂ ਕੀਤੀ ਸੀ? ਫ਼ਾਇਦਾ ਕੀ ਹੋਣਾਂ ਜਾਂ ਕੀ ਹੋਇਆ ਸੀ? ਵਾਧੂ ਦੀ 'ਤੋਏ-ਤੋਏ' ਹੀ ਕਰਵਾਈ ਸੀ?
-"ਇਕ ਕੰਮ ਕਰੋ!" ਪਿੰਡ ਵਿਚੋਂ ਕੋਈ ਸੁਲਝਿਆ ਹੋਇਆ ਬੰਦਾ ਬੋਲਿਆ।
ਉਹ ਕਾਫ਼ੀ ਦੇਰ ਤੋਂ ਤਮਾਸ਼ਾ ਦੇਖ ਰਿਹਾ ਸੀ।
-"ਹਾਂ ਦੱਸ...?"
-"ਠਾਣੇ ਕੇਸ ਦਰਜ ਕਰਵਾਓ ਤੇ ਉਸ ਕੇਸ ਦੀ ਨਕਲ ਕੈਨੇਡਾ ਦੀ ਅੰਬੈਸੀ ਨੂੰ ਭੇਜੋ!" ਉਸ ਨੇ ਰਾਇ ਦਿੱਤੀ।
-"ਫ਼ੈਦਾ ਕੀ ਹੋਊ?" ਸਰਪੰਚ ਨੇ ਪੁੱਛਿਆ।
-"ਹਰਮਨ ਸਿਉਂ ਨੂੰ ਤਾਂ ਫ਼ਾਇਦਾ ਹੋਵੇ, ਨਾ ਹੋਵੇ! ਪਰ ਮੇਰੀ ਨਜ਼ਰ ਵਿਚ ਇਹ ਕੇਸ ਅੰਬੈਸੀ ਦੇ ਰਿਕਾਰਡ 'ਚ ਜ਼ਰੂਰ ਬਰ ਜ਼ਰੂਰ ਲਿਆਉਣਾ ਚਾਹੀਦੈ-ਇਹਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦੈ-ਅੰਬੈਸੀ ਅਜਿਹੇ ਕੇਸਾਂ ਪ੍ਰਤੀ ਸੁਚੇਤ ਹੋਜੂਗੀ-ਜੇ ਉਹ ਤੀਹ ਲੱਖ ਆਲ਼ਾ ਕਦੇ ਐਧਰ ਆਇਆ-ਉਹਨੂੰ ਹੱਥ ਵੀ ਪਾ ਸਕਦੇ ਐਂ-ਨਹੀਂ ਤਾਂ ਅੰਬੈਸੀ ਉਸ ਦੇ ਹੱਕ 'ਚ ਈ ਖੜੂ-ਉਹਨਾਂ ਨੇ ਆਖਣੈਂ ਬਈ ਸਾਨੂੰ ਉਦੋਂ ਕਿਉਂ ਨ੍ਹੀ ਖ਼ਬਰ ਕੀਤੀ? ਹੁਣ ਇਹਨੂੰ ਕਿਉਂ ਉਲਝਣ 'ਚ ਪਾਉਨੇ ਐਂ? ਜੇ ਉਹ ਕਦੇ ਆਪਣੇ ਹੱਥ ਲੱਗ ਗਿਆ-ਉਲਟਾ ਅੰਬੈਸੀ ਆਪਾਂ ਨੂੰ ਪਊ-ਜੇ ਅੰਬੈਸੀ ਨੂੰ ਰਿਪੋਰਟ ਦਿੱਤੀ ਹੋਊ-ਤਾਂ ਆਪਾਂ ਉਹਨੂੰ ਛਿੱਤਰ ਫੇਰ ਕੇ ਸੱਚੇ ਤਾਂ ਰਹਾਂਗੇ...? ਗਿੱਝੀ ਲੂੰਬੜੀ ਨਿੱਤ ਮੰਡੇ ਭਾਲ਼ਦੀ ਐ! ਉਹ ਗਿੱਝਿਆ ਗਿਝਾਇਆ ਐਧਰ ਕਦੇ ਫੇਰ ਗੇੜਾ ਮਾਰੂ-ਦੇਖ ਲਿਓ...!"
ਅਜੇ ਉਹ ਰੈਆਂ ਕਰ ਹੀ ਰਹੇ ਸਨ ਕਿ ਚੌਂਕੀਦਾਰ ਹਫਿ਼ਆ ਹੋਇਆ, ਹਾਕਾਂ ਮਾਰਦਾ, ਭੱਜਿਆ ਆਉਂਦਾ ਸੀ।
-"ਸਰਪੈਂਚਾ...! ਸਰਪੈਂਚਾ...!!"
-"ਉਏ ਹੁਣ ਤੈਨੂੰ ਕੀ ਗੋਲ਼ੀ ਵੱਜਗੀ, ਖਸਮਾਂ...?" ਸਰਪੰਚ ਨੇ ਹਰਮਨ ਦਾ ਗੁੱਸਾ ਚੌਂਕੀਦਾਰ 'ਤੇ ਕੱਢਿਆ।
-"ਸਰਪੈਂਚਾ, ਹਰਮਨ ਦੀ ਘਰਾਂਆਲ਼ੀ ਤੇ ਕੁੜੀ ਨੇ ਕੀੜਿਆਂ ਆਲ਼ੀ ਦੁਆਈ ਪੀ ਲਈ...!" ਉਸ ਨੇ ਮਸਾਂ ਹੀ ਗੱਲ ਪੂਰੀ ਕੀਤੀ ਸੀ। ਉਸ ਦਾ ਸਾਹ ਨਾਲ ਸਾਹ ਨਹੀਂ ਰਲ਼ਦਾ ਸੀ!
ਸਾਰਿਆਂ ਦੇ ਔਸਾਣ ਮਾਰੇ ਗਏ।
ਪੈਰਾਂ ਹੇਠੋਂ ਮਿੱਟੀ ਨਿਕਲ ਗਈ।
----
ਸਾਰਾ ਪਿੰਡ ਸਿਰ ਤੋੜ ਹਰਮਨ ਦੀ ਕੋਠੀ ਨੂੰ ਦੌੜ ਪਿਆ। ਜਦ ਉਹਨਾਂ ਨੇ ਜਾ ਕੇ ਦੇਖਿਆ ਤਾਂ ਦੋਵੇਂ ਮਾਵਾਂ ਧੀਆਂ ਵਿਹੜੇ ਵਿਚ ਸ਼ਾਂਤ ਚਿੱਤ ਪਈਆਂ ਸਨ। ਜਿਵੇਂ ਕਦੋਂ ਦੀਆਂ ਸੁੱਤੀਆਂ ਪਈਆਂ ਸਨ। ਉਹਨਾਂ ਦੇ ਮੂੰਹੋਂ ਝੱਗ ਵਗ ਕੇ ਰੁਕ ਚੁੱਕੀ ਸੀ। ਬੜੀ ਤੇਜ਼ੀ ਨਾਲ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਆ ਕੇ ਉਹਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਹਰਮਨ ਧਾਹ ਮਾਰ ਕੇ ਦੋਵਾਂ ਦੀਆਂ ਲਾਅਸ਼ਾਂ 'ਤੇ ਡਿੱਗ ਪਿਆ।
ਸਾਰਾ ਪਿੰਡ ਸੋਗ ਵਿਚ ਡੁੱਬ ਗਿਆ!
ਜਿਵੇਂ ਸਾਰਾ ਪਿੰਡ ਗੂੰਗਾ ਅਤੇ ਬੋਲ਼ਾ ਹੋ ਗਿਆ ਸੀ।
ਜਿਵੇਂ ਸਾਰਾ ਪਿੰਡ ਮਰ ਗਿਆ ਸੀ।
ਜਿਵੇਂ ਸਾਰੇ ਪਿੰਡ ਦਾ ਉਜਾੜਾ ਹੋ ਗਿਆ ਸੀ।
-"ਮੇਰੀ ਮੰਨੋ! ਹੁਣ ਇਹਨਾਂ ਦੀ ਮਿੱਟੀ ਦੀ ਖੇਹ ਖਰਾਬੀ ਨਾ ਕਰੋ-ਤੇ ਸਸਕਾਰ ਕਰ ਦਿਓ! ਕੀ ਖਿਆਲ ਐ?" ਸਰਪੰਚ ਨੇ ਸਾਰਿਆਂ ਦੀ ਸਲਾਹ ਪੁੱਛੀ।
-"ਬਿਲਕੁਲ ਦਰੁਸਤ ਐ! ਜੇ ਪੁਲ਼ਸ ਨੂੰ ਖਬਰ ਕਰਾਂਗੇ-ਉਹ ਬੀਹ ਕਾਨੂੰਨ ਛਾਂਟਣਗੇ-ਕਰ ਆਪਾਂ ਕੁਛ ਸਕਦੇ ਨ੍ਹੀ-ਬੱਸ ਇਹ ਈ ਠੀਕ ਐ-ਚੁੱਪ ਚਾਪ ਸਸਕਾਰ ਕਰ ਦਿਓ...!" ਪੰਚਾਇਤ ਵਿਚੋਂ ਮੈਂਬਰ ਨੇ ਵੀ ਹਮਾਇਤ ਕੀਤੀ।
-"ਕਿਉਂ ਪਿੰਡਾ...? ਕੀ ਖਿਆਲ ਐ?" ਸਰਪੰਚ ਨੇ ਬੇਥਵੀ ਗੱਲ ਸੁੱਟੀ।
ਉਹ ਇਕੱਲਾ ਜ਼ਿੰਮੇਵਾਰੀ ਓਟਣ ਲਈ ਤਿਆਰ ਨਹੀਂ ਸੀ।
-"ਠੀਕ ਐ, ਸਰਪੈਂਚ ਸਾਹਬ!"
-"ਜਿਵੇਂ ਤੁਸੀਂ ਚਾਹੁੰਦੇ ਓਂ-ਸਾਨੂੰ ਮਨਜੂਰ ਐ।"
-"ਅਸੀਂ ਵੀ ਹਾਂਮੀਂ ਭਰਦੇ ਐਂ।" ਕਈ ਅਵਾਜ਼ ਆਈਆਂ।
-"ਕਿਉਂ ਜਾਗਰ ਸਿਆਂ...?" ਸਰਪੰਚ ਨੇ ਆਖਰੀ ਸਲਾਹ ਪੁੱਛੀ।
-"ਸਸਕਾਰ ਕਰੋ ਸਰਪੈਂਚਾ! ਇਹਨਾਂ ਦੀ ਵਿਚਾਰੀਆਂ ਦੀ ਮਿੱਟੀ ਖਰਾਬ ਨਾ ਕਰੋ-ਅੱਗੇ ਈ ਬਹੁਤ ਕਹਿਰ ਝੱਲਿਐ।" ਜਾਗਰ ਨੇ ਅਕਹਿ ਦੁੱਖ ਨਾਲ ਸਿਰ ਫ਼ੇਰਿਆ।
ਸੀਤਲ ਅਤੇ ਪਰਮ ਕੌਰ ਦਾ ਸਸਕਾਰ ਕਰ ਦਿੱਤਾ ਗਿਆ।
ਹਰਮਨ ਸਿੰਘ ਨੀਮ ਪਾਗਲ ਜਿਹਾ ਹੋ ਗਿਆ ਸੀ। ਦੁਖੀ ਹੋ ਕੇ ਬਾਪੂ ਪਤਾ ਨਹੀਂ ਕਿੱਧਰ ਚਲਾ ਗਿਆ ਸੀ? ਹੁਣ ਸੀਤਲ ਅਤੇ ਪਰਮ ਕੌਰ ਤੁਰ ਗਈਆਂ ਸਨ। ਵਸਦਾ ਰਸਦਾ, ਹੱਸਦਾ ਖੇਡਦਾ ਘਰ ਖੰਡਰ ਬਣ ਗਿਆ ਸੀ। ਕੀ ਖੱਟਿਆ? ਸਿਰਫ਼ ਕੈਨੇਡਾ ਦਾ ਨਾਂ? ਕੈਨੇਡਾ ਜਾਣ ਦੇ ਲਾਲਚ ਨੇ ਸਾਰਾ ਕੁਝ ਹੀ ਸਾੜ ਕੇ ਸੁਆਹ ਕਰ ਦਿੱਤਾ। ਕੁੜੀ ਨੇ ਕੀ-ਕੀ ਦਸੌਂਟੇ ਕੱਟੇ, ਕਿੰਨਾਂ ਤਸ਼ੱਦਦ ਸਰੀਰ 'ਤੇ ਜਰਿਆ। ਦਿਮਾਗੀ ਪੱਖੋਂ ਬਿਮਾਰ ਹੋ ਕੇ ਜਾਨ ਦੇ ਦਿੱਤੀ। ਮਾਂ ਨੇ ਧੀ ਦਾ ਦੁੱਖ ਨਾ ਸਹਾਰਿਆ। ਉਹ ਵੀ ਧੀ ਦੇ ਨਾਲ ਹੀ ਮੌਤ ਦੇ ਮਾਰਗ ਤੁਰ ਗਈ। ਸਾਰਾ ਟੱਬਰ ਉੱਜੜ ਗਿਆ। ਹੁਣ ਹਰਮਨ ਸਿਆਂ ਰਹਿ ਗਿਆ ਤੂੰ ਤੇ ਤੇਰਾ ਪੁੱਤ ਬਿੱਲੂ! ਹੁਣ ਰਲ਼ ਮਿਲ਼ ਕੇ ਦਿਨ ਕੱਟ! ਐਸ਼ ਕਰਦੇ ਸੀ। ਚਿੜੀ ਚੂਕਦੀ ਨਹੀਂ ਸੁਣਦੀ ਸੀ। ਹੁਣ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨ! ਸਿਆਣੇ ਆਖਦੇ ਐ ਕਿ ਜ਼ਿਆਦਾ ਮੂੰਹ ਅੱਡੀਏ ਤਾਂ ਮੱਖੀਆਂ ਹੀ ਪੈਂਦੀਐਂ। ਕੀ ਘਾਟਾ ਸੀ ਘਰੇ? ਸਭ ਕੁਝ ਰੱਬ ਦਾ ਦਿੱਤਾ ਹੋਇਆ ਸੀ। ਚੰਗਾ ਖਾਂਦੇ ਸੀ, ਮੰਦਾ ਬੋਲਦੇ ਸੀ। ਪਤਾ ਨਹੀਂ ਕਿਸ ਚੰਦਰੇ ਦੀ ਹਾਅ ਲੱਗ ਗਈ? ਪਤਾ ਨਹੀਂ ਕਿਸ ਦੁਸ਼ਟ ਦੀ ਨਜ਼ਰ ਖਾ ਗਈ ਸਾਡੇ ਘਰ ਨੂੰ? ਪੰਚਾਇਤ ਵਾਲ਼ੇ ਜਾਂ ਸਰਪੰਚ ਸੱਚ ਹੀ ਤਾਂ ਆਖ ਰਿਹਾ ਸੀ? ਸਿਆਣੇ ਕਹਿੰਦੇ ਐ ਕਿ ਕਦੇ ਕਦੇ ਕੰਧਾਂ ਦੀ ਰਾਇ ਵੀ ਲੈਣੀਂ ਪੈਂਦੀ ਐ! ਪਰ ਤੂੰ ਕੈਨੇਡਾ ਦੇ ਜਨੂੰਨ ਵਿਚ ਫ਼ਸ ਕੇ ਕਿਸੇ ਦੀ ਸਲਾਹ ਤਾਂ ਕੀ? ਬਾਤ ਵੀ ਨਹੀਂ ਪੁੱਛੀ! ਹੁਣ ਪਿੰਡ ਜਾਂ ਪੰਚਾਇਤ ਵਾਲ਼ੇ ਤੈਨੂੰ ਦੋਸ਼ੀ ਨੂੰ ਕਿਵੇਂ ਨਿਰਦੋਸ਼ ਕਰਾਰ ਦੇ ਦੇਣ? ਫੇਰ ਵੀ ਪਿੰਡ ਦੀ ਇੱਜ਼ਤ ਦਾ ਸੁਆਲ ਹੈ!
ਉਹ ਸੋਚਾਂ ਵਿਚ ਡੁੱਬਿਆ, ਨਿਘਰਦਾ ਜਾ ਰਿਹਾ ਸੀ।
ਪਿੰਡ ਵਾਲ਼ੇ ਅਰਥੀਆਂ 'ਤੇ ਆਖਰੀ ਡੱਕੇ ਸੁੱਟ, ਹਰਮਨ ਸਿੰਘ ਅਤੇ ਉਸ ਦੇ ਪੁੱਤਰ ਬਿੱਲੂ ਨੂੰ ਧਰਵਾਸ ਦਿੰਦੇ, ਘਰਾਂ ਨੂੰ ਚੱਲ ਪਏ! ਹਰਮਨ ਸਿੰਘ ਅਤੇ ਬਿੱਲੂ ਅਜੇ ਸਿਵਿਆਂ ਵਿਚ ਹੀ ਖੜ੍ਹੇ ਆਪਣੀ ਮਾੜੀ ਕਿਸਮਤ ਨੂੰ ਕੋਸ ਰਹੇ ਸਨ! ਘੁੱਗ ਵਸਦਾ ਘਰ ਖੋਲ਼ਾ ਬਣ ਗਿਆ ਸੀ। ਜਿਹੜੇ ਘਰੇ ਕੰਨ ਪਾਈ ਨਹੀਂ ਸੁਣਦੀ ਸੀ, ਹੁਣ ਉਸ ਘਰੇ ਉਲੂ ਬੋਲਿਆ ਕਰਨਗੇ!
No comments:
Post a Comment