ਉਸ ਦੇ ਹੱਥ ਵਿਚ ਖਾਣ ਪੀਣ ਦਾ ਸਮਾਨ ਅਤੇ ਦੰਦਾਂ ਵਾਲਾ ਬੁਰਸ਼ ਫੜਿਆ ਹੋਇਆ ਸੀ। ਉਸ ਨੇ ਸਾਰਾ ਸਮਾਨ ਰਸੋਈ ਵਿਚ ਆ ਰੱਖਿਆ। ਉਹ ਸਵੇਰ ਵਾਂਗ ਤਾਜ਼ਾ-ਤਾਜ਼ਾ ਹੀ ਸੀ। ਚਿਹਰੇ 'ਤੇ ਥਕਾਵਟ ਦਾ ਕੋਈ ਨਿਸ਼ਾਨ ਨਹੀਂ ਸੀ।
-"ਹਾਂ ਬਈ ਹਰਦੇਵ ਸਿਆਂ! ਕੁਛ ਖਾਧਾ ਪੀਤਾ?"
-"ਅਜੇ ਤਾਂ ਬਾਈ ਫ਼ੌਜੀਆ, ਉਠਿਆ ਈ ਐਂ! ਬਾਹਲ਼ਾ ਅਨੀਂਦਰਾ ਸੀ!"
-"ਚਲ ਵਧੀਆ ਕੀਤਾ! ਲੈ ਫਿਰ ਬੁਰਸ਼ ਕਰਲਾ...!" ਉਸ ਨੇ ਨਵਾਂ ਬੁਰਸ਼ ਅੱਗੇ ਕਰ ਦਿੱਤਾ।
ਹਰਦੇਵ ਨੇ ਬੁਰਸ਼ ਕਰ ਲਿਆ।
-"ਪੀਣੀ ਚਾਹ ਈ ਐ ਜਾਂ ਪੈੱਗ-ਸ਼ੈੱਗ ਲਾਵੇਂਗਾ?"
-"ਪੈੱਗ ਸ਼ੈੱਗ ਈ ਲਾ-ਲਾਂਗੇ, ਬਾਈ!"
ਉਹਨਾਂ ਨੇ ਬੋਤਲ ਖੋਲ੍ਹ ਲਈ। ਫ਼ੌਜੀ ਬੜਾ ਦਿਲਦਾਰ ਬੰਦਾ ਸੀ। ਅਠਾਰਾਂ ਸਾਲ ਫ਼ੋਜ ਵਿਚ ਨੌਕਰੀ ਕੀਤੀ। ਭਾਂਤ-ਭਾਂਤ ਦੇ ਬੰਦਿਆਂ ਨਾਲ ਵਾਹ ਪਿਆ। ਘਾਟ-ਘਾਟ ਦਾ ਪਾਣੀ ਪੀਤਾ ਹੋਇਆ ਸੀ। ਚੰਗੇ ਮੰਦੇ ਦੀ ਨਿਰਖ-ਪਰਖ ਸੀ।
ਉਹ ਪੀਣ ਲੱਗ ਪਏ।
-"ਐਥੇ ਕੰਮ ਕੁੰਮ ਦਾ ਕੀ ਜੁਗਾੜ ਐ, ਬਾਈ?" ਹਰਦੇਵ ਨੇ ਹੀ ਪਹਿਲ ਕੀਤੀ।
-"ਕੰਮ ਦਾ ਜੁਗਾੜ ਤਾਂ ਇਹ ਐ! ਬਈ ਜੇ ਤਾਂ ਥੋਨੂੰ ਕੋਈ ਜਾਣਦੈ, ਤਾਂ-ਤਾਂ ਕਿਸੇ ਜਾਣਕਾਰ ਨੂੰ ਕਹਿ ਕੁਹਾ ਕੇ ਕੰਮ 'ਤੇ ਲੁਆ ਦਿੰਦੈ - ਤੇ ਨਹੀਂ ਤਾਂ ਬਾਈ ਰੱਬ ਈ ਰਾਖਾ! ਐਥੇ ਆਪਣੇ ਦੇਸੀ ਭਾਈਬੰਦ ਬੰਦੇ ਨੂੰ ਕੰਮ 'ਤੇ ਰੱਖ ਲੈਂਦੇ ਐ-ਕੋਈ ਸ਼ੱਕ ਨ੍ਹੀ-ਉਹਨਾਂ ਨੂੰ ਵੀ ਪਤਾ ਹੁੰਦੈ ਬਈ ਬੰਦੇ ਕੋਲ਼ੇ ਕੋਈ ਕਾਗਜ਼ ਪੱਤਰ ਹੈ ਨ੍ਹੀ - ਬੰਦਾ ਫਸਿਆ ਮਾਰ ਖਾਊਗਾ-ਪੀਜ਼ੇ ਪੂਜੇ 'ਚ ਕੰਮ ਦੇ ਦਿੰਦੇ ਐ-ਪੀਜ਼ੇ ਦੇ ਉਪਰ ਕਮਰਾ ਤੇ ਦੋ ਚਾਰ ਸੌ ਮਾਰਕ ਮਹੀਨੇ ਦਾ ਮਸਾਂ ਈ ਦਿੰਦੇ ਐ-ਰੋਟੀ ਪਾਣੀ ਪੀਜ਼ੇ 'ਚ ਫਰ੍ਹੀ ਹੁੰਦਾ ਈ ਐ-ਚੱਲ ਮੇਰੇ ਭਾਈ ਬੰਦਾ ਆਬਦਾ ਰੇਹੜਾ ਧੱਕੀ ਜਾਂਦੈ-।"
-"ਪਰ ਬਾਈ ਜਾਅਲੀ ਬੰਦੇ ਨੂੰ ਕੰਮ 'ਤੇ ਕਿਹੜਾ ਕੋਈ ਛੇਤੀ ਕੀਤੇ ਰੱਖਦੈ? ਇਹ ਵੀ ਰਿਸਕ ਈ ਐ!"
-"ਛੋਟੇ ਭਾਈ! ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ! ਲੋੜ ਤਾਂ ਇਹਨਾਂ ਨੂੰ ਵੀ ਬੰਦਿਆਂ ਦੀ ਹੁੰਦੀ ਐ-ਜੇ ਕੋਈ ਤਜਰਬੇ ਆਲ਼ਾ ਤੇ ਕਾਗਜ਼ਾਂ ਪੱਤਰਾਂ ਆਲ਼ਾ ਬੰਦਾ ਰੱਖਦੇ ਐ-ਇਕ ਤਾਂ ਉਹ ਪੈਂਦੈ ਮਹਿੰਗਾ-ਟੈਕਸ ਤੇ ਇੰਸ਼ੋਰੈਂਸ ਭਰਨੀ ਪੈਂਦੀ ਐ-ਅਗਲਾ ਪੈਸੇ ਲੈਂਦੈ ਠੋਕ ਕੇ! ਤੇ ਦੂਜਾ ਅਗਲਾ ਓਨੀ ਧੰਗੇੜ੍ਹ ਨ੍ਹੀ ਝੱਲਦਾ-ਜਿੰਨੀ ਜਾਅਲੀ ਬੰਦੇ ਝੱਲੀ ਜਾਂਦੇ ਐ-।"
-"ਇਹ ਤਾਂ ਖ਼ੈਰ ਹੈ! ਨੂੰਹ ਧੀ 'ਚ ਫ਼ਰਕ ਤਾਂ ਹੁੰਦਾ ਈ ਐ, ਬਾਈ।"
-"ਲੈ, ਤੂੰ ਹੋਰ ਗੱਲ ਸੁਣਲਾ! ਐਥੇ ਆਪਣੇ ਸ਼ਹਿਰ 'ਚ ਇਕ ਪਾਕਿਸਤਾਨੀ ਐਂ-ਉਹ ਹਮੇਸ਼ਾ ਈ ਜਾਅਲੀ ਬੰਦੇ ਕੰਮ 'ਤੇ ਰੱਖਦੈ-ਅਗਲੇ ਸਵੇਰੇ ਦਸ ਵਜੇ ਕੰਮ ਸ਼ੁਰੂ ਕਰਦੇ ਐ ਤੇ ਰਾਤ ਨੂੰ ਬਾਰ੍ਹਾਂ ਵਜੇ ਉਹਨਾਂ ਦਾ ਖਹਿੜ੍ਹਾ ਛੁੱਟਦੈ-ਚੌਦਾਂ ਘੰਟੇ ਕੰਮ! ਕਦੇ ਆਹ ਕਰਲੋ-ਕਦੇ ਜੌਹ ਕਰਲੋ! ਸਫ਼ਾਈ ਤੇ ਭਾਂਡੇ ਧੋਣ ਤੋਂ ਲੈ ਕੇ, ਪੀਜ਼ੇ ਬਣਾਉਣ ਤੱਕ ਸਾਰਾ ਕੰਮ ਵਿਚਾਰੇ ਜਾਅਲੀ ਬੰਦੇ ਈ ਕਰਦੇ ਐ-ਆਪਣੇ ਬੰਦੇ ਫ਼ਸੇ ਫ਼ਸਾਏ ਮਾਰ ਖਾਈ ਜਾਂਦੇ ਐ-ਅਗਲੇ ਸੋਚਦੇ ਐ, ਜਾਂਦੇ ਚੋਰ ਦੀ ਤੜਾਗੀ ਈ ਸਹੀ! ਬਈ ਜਿਹੜਾ ਦੋ ਚਾਰ ਸੌ ਮਿਲ਼ਦੈ-ਉਹ ਹੀ ਬਾਧੂ ਐ-ਵਿਹਲੇ ਵੀ ਅਗਲੇ ਕੀ ਕਰਨ...? ਐਨਾਂ ਕੰਮ ਪੱਕੇ ਬੰਦੇ ਕਦੋਂ ਕਰਦੇ ਐ? ਉਹ ਤਾਂ ਅਗਲੇ ਕਾਨੂੰਨੀ ਤੌਰ 'ਤੇ ਅੱਠ ਘੰਟੇ ਕੰਮ ਕਰਦੇ ਐ ਤੇ ਬਾਕੀ ਘੰਟੇ ਲੈਂਦੇ ਐ, ਓਵਰਟਾਈਮ!"
-"ਪਰ ਬਾਈ, ਜੇ ਐਹੋ ਜੇ ਬੰਦੇ ਵੀ ਜਾਅਲੀ ਬੰਦਿਆਂ ਨੂੰ ਮੋਢਾ ਨਾ ਦੇਣ, ਤਾਂ ਨਵੇਂ ਬੰਦਿਆਂ ਦਾ ਬਣੇ ਕੀ?"
-"ਛੋਟੇ ਭਾਈ, ਸੈਹਾ ਆਬਦੇ ਦਾਅ ਨੂੰ ਤੇ ਕੁੱਤਾ ਆਬਦੇ ਦਾਅ ਨੂੰ ਜਾਂਦੈ! ਉਹ ਵੀ ਗੌਰਮਿੰਟ ਤੋਂ ਟੈਕਸ ਬਚਾਉਂਦੇ ਐ-ਇੰਸ਼ੋਰੈਂਸ ਬਚਾਉਂਦੇ ਐ-ਉਹ ਨਵੇਂ ਮੁੰਡਿਆਂ ਦੀ ਮੱਦਤ ਮੁੱਦਤ ਨ੍ਹੀ ਕਰਦੇ! ਉਹ ਤਾਂ ਗੌਰਮਿੰਟ ਤੋਂ ਟੈਕਸ ਤੇ ਬੀਮਾਂ ਬਚਾਉਣ ਵਾਸਤੇ ਸਾਰਾ ਕੁਛ ਕਰਦੇ ਐ-ਐਥੇ ਕਮਲਿਆ ਲੋਕ ਪੈਸੇ ਬਿਨਾ ਰੱਬ ਨੂੰ ਮੱਥਾ ਨ੍ਹੀ ਟੇਕਦੇ-ਇਹ ਯੂਰਪ ਐ ਛੋਟੇ ਭਾਈ! ਐਥੇ ਤਾਂ ਸਕੀ ਮਾਂ ਜੁਆਕ ਨੂੰ ਬਿਲਕਦੇ ਨੂੰ ਛੱਡ ਕੇ ਭੱਜ ਜਾਂਦੀ ਐ...!"
-"ਹੈ ਤਾਂ ਐਥੇ ਨ੍ਹੇਰ ਈ ਬਾਈ...!"
-"ਤੂੰ ਨ੍ਹੇਰ ਦੀ ਗੱਲ ਸੁਣ ਲੈ, ਹਰਦੇਵ!" ਫ਼ੌਜੀ ਨੇ ਪੈੱਗ ਪਾ ਲਿਆ।
-"ਐਥੇ ਆਗਰੇ ਦੇ ਦੋ ਭਰਾ ਰਹਿੰਦੇ ਸੀ-ਉਹਦਾ ਛੋਟਾ ਭਾਈ ਰਾਤ ਨੂੰ ਕਾਰ ਐਕਸੀਡੈਂਟ 'ਚ ਮਾਰਿਆ ਗਿਆ-ਪੁਲਸ ਨੇ ਉਸ ਮੁੰਡੇ ਦੀ ਜੇਬ 'ਚੋਂ ਕਾਗਜ਼ ਪੱਤਰ ਕੱਢ ਕੇ ਦੇਖੇ ਤੇ ਉਹਦੇ ਘਰੇ ਪਹੁੰਚ ਗਏ-ਪਹੁੰਚਣਾ ਈ ਸੀ? ਤੇ ਜਦੋਂ ਪੁਲਸ ਘਰੇ ਗਈ ਤਾਂ ਅੱਗੇ ਉਹਦਾ ਵੱਡਾ ਭਰਾ ਸੁੱਤਾ ਉਠਾਲ਼ ਲਿਆ-ਉਹਨੂੰ ਨਾਲ ਲੈ ਕੇ ਹਸਪਤਾਲ ਆ ਗਏ-ਜਿੱਥੇ ਉਹਦੇ ਭਰਾ ਦੀ ਲਾਸ਼ ਰੱਖੀ ਵੀ ਸੀ!"
-"ਅੱਛਾ...!"
-"ਤੇ ਛੋਟੇ ਭਾਈ, ਪੁਲਸ ਨੇ ਪੁੱਛਿਆ ਬਈ ਤੂੰ ਇਹਨੂੰ ਬੰਦੇ ਨੂੰ ਜਾਣਦੈਂ? ਕਹਿੰਦਾ ਅਖੇ ਹਾਂ ਜਾਣਦੈਂ-ਮੇਰੇ ਨਾਲ ਕਮਰੇ 'ਚ ਰਹਿੰਦੈ।"
-"ਅੱਛਾ...! ਇਹ ਨ੍ਹੀ ਦੱਸਿਆ ਬਈ ਮੇਰਾ ਭਾਈ ਐ...?" ਹਰਦੇਵ ਦਾ ਮੂੰਹ ਅੱਡਿਆ ਗਿਆ।
-"ਕਾਹਨੂੰ...! ਤੂੰ ਸੁਣ ਤਾਂ ਸਹੀ...!"
-"......।"
-"ਪੁਲਸ ਨੇ ਪੁੱਛਿਆ ਬਈ ਇਹ ਕੌਣ ਐਂ? ਤਾਂ ਪੈਂਦੀ ਸੱਟੇ ਕਹਿੰਦਾ, ਅਖੇ ਮੈਨੂੰ ਤਾਂ ਪਤਾ ਨ੍ਹੀ! ਖੜ੍ਹਾ ਖੜੋਤਾ ਈ ਮੁੱਕਰ ਗਿਆ, ਛੋਕਰੀ ਯਾਹਵਾ! ਸਾਹਮਣੇ ਸਕੇ ਭਰਾ ਦੀ ਲਾਸ਼ ਪਈ ਐ-ਸਾਹਮਣੇ ਲਾਸ਼ ਪਈ ਦੇਖ ਕੇ ਈ ਮੁੱਕਰ ਗਿਆ-ਐਡਾ ਭੈਣ ਦਾ ਲੱਕੜ ਐ...।" ਫ਼ੌਜੀ ਨਾਲ ਦੀ ਨਾਲ ਗਿਲਾਸੀ ਵੀ ਚਾਹੜਦਾ ਸੀ।
-"ਕਾਹਤੋਂ...?"
-"ਕਾਹਤੋਂ ਕੀ...? ਬਈ ਜੇ ਮੈਂ ਦੱਸ ਦਿੱਤਾ ਬਈ ਮੇਰਾ ਭਰਾ ਐ ਤਾਂ ਮੈਥੋਂ ਸਸਕਾਰ ਦਾ-ਜਾਂ ਲਾਸ਼ ਇੰਡੀਆ ਭੇਜਣ ਦਾ ਖਰਚਾ ਮੰਗਣਗੇ!"
-"ਹੈਅ ਤੇਰੀ ਮਾਂ ਦੀ...ਤੇਰੇ ਦੁਸ਼ਟ ਦੀ! ਫੇਰ...?"
-"ਫੇਰ ਭਾਈ ਪੁਲਸ ਨੇ ਆਪਣੇ ਪੰਜਾਬੀ ਭਾਈਬੰਦ 'ਕੱਠੇ ਕਰ ਕੇ ਉਸ ਮੁੰਡੇ ਦੀ ਲਾਸ਼ ਦੀ ਸ਼ਨਾਖ਼ਤ ਕਰਵਾਈ ਤੇ ਆਪਣੇ ਦੇਸੀ ਮੁੰਡਿਆਂ ਨੇ ਪੈਸੇ 'ਕੱਠੇ ਕਰਕੇ ਉਹਦਾ ਵਿਚਾਰੇ ਦਾ ਸਸਕਾਰ ਕੀਤਾ ਤੇ ਉਹਦੇ ਓਸੇ ਭਾਈ ਨੂੰ ਈ ਉਹਦੇ ਫ਼ੁੱਲ ਦੇ ਕੇ ਆਗਰੇ ਨੂੰ ਤੋਰਿਆ! ਹੋਰ ਫ਼ੁੱਲ ਲੈ ਕੇ ਜਾਂਦਾ ਵੀ ਕੌਣ...? ਭਰਾ ਦਾ ਈ ਫ਼ਰਜ਼ ਬਣਦਾ ਸੀ? ਉਹਨੂੰ, ਉਹਦੇ ਭਰਾ ਨੂੰ ਵੀ ਮੁੰਡਿਆਂ ਨੇ ਆਉਣ ਜਾਣ ਦੀ, ਜਹਾਜ਼ ਦੀ ਟਿਕਟ ਆਪਦੇ ਪੱਲਿਓਂ ਲੈ ਕੇ ਦਿੱਤੀ।"
-"ਵਾਹ ਜੀ ਵਾਹ...! ਆਪਣੇ ਪੰਜਾਬੀ ਹੈ ਤਾਂ ਬੜੇ ਦਲੇਰ ਤੇ ਦਿਲ ਦਰਿਆ, ਬਾਈ।"
-"ਤੂੰ ਅੱਗੇ ਤਾਂ ਸੁਣ! ਆਬਦਾ ਈ ਘੋੜ੍ਹਾ ਭਜਾ ਲੈਨੈਂ, ਵਿਚਦੀ?" ਫ਼ੌਜੀ ਨੂੰ ਵਿਸਕੀ ਦਾ ਸਰੂਰ ਆ ਗਿਆ ਸੀ। ਉਸ ਨੇ ਹਰਦੇਵ ਨੂੰ ਟੋਕਣਾ ਸ਼ੁਰੂ ਕਰ ਦਿੱਤਾ।
-"......।" ਹਰਦੇਵ ਚੁੱਪ ਹੋ ਗਿਆ।
-"ਫ਼ੁੱਲ ਆਗਰੇ ਲੈ ਗਿਆ-ਉਥੇ ਜਾ ਕੇ ਉਹਦੇ ਘਰਆਲ਼ੀ ਤੋਂ ਖਰਚਾ ਮੰਗਣ ਲੱਗ ਪਿਆ-ਅਖੇ ਮੈਂ ਇਹਦਾ ਸਸਕਾਰ ਕੀਤਾ-ਫ਼ੁੱਲ ਲੈ ਕੇ ਆਇਐਂ-ਮੇਰਾ ਸਾਰਾ ਖਰਚਾ ਦਿਓ...।"
-"ਅੱਛਾ ਜੀ...! ਲੈ ਬੰਦਾ ਰੱਬ ਤੋਂ ਈ ਨ੍ਹੀ ਡਰਦਾ ਫੇਰ?"
-"ਹਾਂ...! ਤੇ ਹੋਰ...! ਉਹ ਵਿਚਾਰੀ ਗਰੀਬਣੀ ਖਰਚਾ ਕਿੱਥੋਂ ਦੇਵੇ? ਉਹਦੇ ਕੋਲ਼ੇ ਤਾਂ ਅੱਗੇ ਡੱਕਾ ਨ੍ਹੀ ਸੀ-ਉਹਨੇ ਭਾਈ ਕਹਿ ਕੂਹ ਕੇ ਵਕਤੀ ਤੌਰ 'ਤੇ ਖਹਿੜਾ ਤਾਂ ਲਿਆ, ਛੁਡਾ-ਤੇ ਉਹਦੇ ਘਰਆਲ਼ੇ ਦਾ ਕਿਸੇ ਪੰਜਾਬੀ ਮੁੰਡੇ ਨਾਲ ਚੰਗਾ ਆਉਣ ਜਾਣ ਸੀ-ਜਦੋਂ ਉਹ ਪੰਜਾਬੀ ਮੁੰਡਾ ਇੰਡੀਆ ਆਉਂਦਾ-ਉਹਨਾਂ ਨੂੰ ਆਗਰੇ ਮਿਲ਼ ਕੇ ਜਾਂਦਾ-ਤੇ ਜਦੋਂ ਇਹ ਵਿਚਾਰਾ ਮਰਨ ਆਲ਼ਾ ਮੁੰਡਾ ਇੰਡੀਆ ਆਉਂਦਾ-ਉਹ ਵੀ ਉਹਦੇ ਪ੍ਰੀਵਾਰ ਨੂੰ ਪੰਜਾਬ ਮਿਲ਼ ਕੇ ਜਾਂਦਾ!"
-"......।"
-"ਤੇ ਚੱਲ ਭਾਈ, ਉਹਦੇ ਘਰਆਲ਼ੀ ਆਬਦੇ ਘਰਆਲ਼ੇ ਨਾਲ ਪੰਜਾਬ ਉਹਨਾਂ ਦੇ ਘਰ ਆਉਂਦੀ ਜਾਂਦੀ ਰਹੀ ਸੀ-ਉਹ ਪੰਜਾਬ ਉਹਨਾਂ ਦੇ ਘਰੇ ਚਲੀ ਗਈ ਤੇ ਸਾਰੀ ਗੱਲ ਦੱਸੀ-ਉਸ ਮੁੰਡੇ ਦੇ ਘਰ ਆਲ਼ਿਆਂ ਨੇ ਆਪਣੇ ਮੁੰਡੇ ਨੂੰ ਐਥੇ ਜਰਮਨ ਫ਼ੋਨ ਮਾਰਿਆ-ਬਈ ਜਿਹੜਾ ਮੁੰਡਾ ਤੁਸੀਂ ਫ਼ੁੱਲ ਦੇ ਕੇ ਭੇਜਿਐ-ਉਹ ਆਉਣ ਜਾਣ ਤੇ ਸਸਕਾਰ ਦਾ ਸਾਰਾ ਖ਼ਰਚਾ ਮੰਗਦੈ-ਤੇ ਜਰਮਨ ਆਲ਼ਾ ਮੁੰਡਾ ਮੂਹਰਿਓਂ ਭੂਸਰ ਗਿਆ-!"
-"ਭੂਸਰਨਾ ਈ ਸੀ! ਗੱਲ ਈ ਭੂਸਰਨ ਆਲ਼ੀ ਸੀ, ਬਾਈ...!"
-"ਉਹ ਕਹਿੰਦਾ ਇਹਨੂੰ ਮਾਂ ਦੇ ਯਾਰ ਨੂੰ ਕਾਹਦਾ ਖਰਚਾ? ਉਹਨੂੰ ਛਿੱਤਰ ਲਵੋ ਲਾਹ, ਤੇ ਟੋਟਣ 'ਚ ਮਾਰੋ ਸੌ ਛਿੱਤਰ ਉਹਦੇ! ਉਹ ਕਹਿੰਦਾ ਬਈ ਇਹ ਤਾਂ ਭਰਾ ਦੀ ਲਾਅਸ਼ ਦੇਖ ਕੇ ਸਾਲ਼ਾ ਖਰਚੇ ਤੋਂ ਡਰਦਾ ਖੜ੍ਹਾ ਈ ਲਾਸ਼ ਪਛਾਨਣ ਤੋਂ ਵੀ ਮੁਕਰ ਗਿਆ ਸੀ-ਖਰਚਾ ਅਸੀਂ ਸਾਰਿਆਂ ਨੇ ਕਰਕੇ, ਇਹਨੂੰ ਭੈਣ ਚੋਦ ਨੂੰ ਟਿਕਟ ਵੀ ਕੋਲੋਂ ਖਰਚ ਕੇ, ਉਹਦੇ ਵਿਚਾਰੇ ਦੇ ਫੁੱਲ ਦੇ ਕੇ ਤੋਰਿਐ-ਤੇ ਐਥੇ ਇਹ ਖਰਚਾ ਕਾਹਦਾ ਮੰਗਦੈ? ਉਹ ਮੂਹਰਿਓਂ ਦੁਖੀ ਹੋ ਗਿਆ-ਚਲੋ ਜਦੋਂ ਉਹ ਫੁੱਲ ਤਾਰ ਕੇ ਵਾਪਸ ਮੁੜਿਆ ਤਾਂ ਐਥੇ ਆਪਣੇ ਦੇਸੀ ਬੰਦਿਆਂ ਨੇ ਕੁੱਟ ਕੇ ਧੂੰਆਂ ਕੱਢਤਾ-ਨਾਸਾਂ 'ਚੋਂ ਕੱਢਤਾ, ਲਹੂ! ਫੇਰ ਗੁਰਦੁਆਰੇ ਜਾ ਕੇ ਮੁਆਫ਼ੀ ਮੰਗਵਾਈ ਤਾਂ ਆਪਣੇ ਪੰਜਾਬੀ ਮੁੰਡਿਆਂ ਨੇ ਜਾ ਕੇ ਉਹ ਛੱਡਿਆ-ਓਸ ਤੋਂ ਬਾਅਦ ਪਤਾ ਨ੍ਹੀ ਕਿੱਧਰ ਦਫ਼ਾ ਹੋ ਗਿਆ? ਮੁੜ ਕੇ ਨ੍ਹੀ ਦੇਖਿਆ! ਐਥੇ ਤਾਂ ਛੋਟੇ ਭਾਈ ਦੁਨੀਆਂ ਐਹੋ ਜੀ ਭੈਣ ਦੇਣੀਂ ਐਂ...!" ਫ਼ੌਜੀ ਨੇ ਪੈੱਗ ਸੂਤ ਧਰਿਆ।
ਹਰਦੇਵ ਦੁਖੀ ਜਿਹਾ ਹੋਇਆ ਸੁਣੀਂ ਜਾ ਰਿਹਾ ਸੀ।
ਦੇਰ ਰਾਤ ਗਈ ਤੋਂ ਉਹ "ਪੈਸਟਾ" ਖਾ ਕੇ ਸੌਂ ਗਏ।
----
ਅਗਲੇ ਦਿਨ ਲੋਪੋ ਵਾਲ਼ੇ ਫ਼ੌਜੀ ਨੇ ਹਰਦੇਵ ਦੀ ਆਪਣੇ ਵਕੀਲ ਰਾਹੀਂ ਰਾਜਸੀ-ਸ਼ਰਨ ਦੀ ਅਰਜ਼ੀ ਭਿਜਵਾ ਦਿੱਤੀ। ਬੰਬੇ ਪੀਜ਼ਾ ਵਾਲਿਆਂ ਕੋਲ਼ ਉਸ ਨੂੰ ਕੰਮ 'ਤੇ ਰਖਵਾ ਦਿੱਤਾ। ਖਾਣ ਪੀਣ ਪੀਜ਼ੇ ਵਾਲਿ਼ਆਂ ਵੱਲੋਂ। ਕਮਰਾ ਮੁਫ਼ਤ ਅਤੇ ਚਾਰ ਸੌ ਮਾਰਕ ਮਹੀਨੇ ਦੀ ਤਨਖ਼ਾਹ! ਹਰਦੇਵ ਨੂੰ ਕੁਝ ਸੁਖ ਦਾ ਸਾਹ ਆਇਆ। ਉਹ ਰਣਜੀਤ ਸਿੰਘ, ਚੱਕ ਤਾਰੇਵਾਲ ਦਾ ਦੇਣ ਨਹੀਂ ਦੇ ਸਕਦਾ ਸੀ। ਜਿਸ ਨੇ ਉਸ ਡੁਬਦੇ ਨੂੰ ਤਿਣਕਾ ਬਣ ਕੇ ਨਹੀਂ, ਇਕ ਤਰ੍ਹਾਂ ਨਾਲ ਬੇੜੀ ਦਾ ਮਲਾਹ ਬਣ, ਸਹਾਰਾ ਦਿੱਤਾ ਸੀ।
ਹਰਦੇਵ ਸਵੇਰੇ ਗਿਆਰਾਂ ਵਜੇ ਕੰਮ 'ਤੇ ਜਾਂਦਾ ਅਤੇ ਦੋ ਵਜੇ ਤੋਂ ਪੰਜ ਵਜੇ ਤੱਕ ਵਿਹਲਾ ਹੁੰਦਾ। ਸ਼ਾਮ ਛੇ ਵਜੇ ਤੋਂ ਰਾਤ ਗਿਆਰਾਂ ਵਜੇ ਤੱਕ ਫਿਰ ਕੰਮ! ਪੂਰੇ ਅੱਠ ਘੰਟੇ ਕੰਮ! ਬੰਬੇ ਪੀਜ਼ਾ ਵਾਲੇ ਬੰਦੇ ਮਾੜੇ ਨਹੀਂ ਸਨ। ਲੋੜਵੰਦ ਦੀ ਮੱਦਦ ਕਰਨ ਵਾਲੇ ਪੰਜਾਬੀ ਬੰਦੇ ਸਨ। ਆਮ ਮਾਲਕਾਂ ਵਾਂਗ ਕਾਮੇਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੰਨਣ ਵਾਲੇ ਨਹੀਂ ਸਨ। ਕੰਮ ਹਰਦੇਵ ਨੂੰ ਸਾਰਾ ਹੀ ਕਰਨਾ ਪੈਂਦਾ। ਸਫ਼ਾਈ ਤੋਂ ਲੈ ਕੇ ਭਾਂਡੇ ਧੋਣ ਤੱਕ! ਹੌਲ਼ੀ ਹੌਲ਼ੀ ਬੰਬੇ ਪੀਜ਼ੇ ਦੇ ਮਾਲਕ ਨੇ ਹਰਦੇਵ ਨੂੰ ਪੀਜ਼ਾ ਬਣਾਉਣ ਦੇ ਗੁਰ ਵੀ ਸਿਖਾਉਣੇ ਸ਼ੁਰੂ ਕਰ ਦਿੱਤੇ। ਵੱਖੋ ਵੱਖ ਪੀਜ਼ਾ ਬਣਾਉਣ ਦੇ ਵੱਖਰੇ ਹੀ ਢੰਗ! ਉਹਨਾਂ ਵਿਚ ਰਹਿ ਕੇ ਹਰਦੇਵ ਦਾ ਬਾਹਵਾ ਦਿਲ ਲੱਗ ਗਿਆ ਸੀ। ਵੱਡੀ ਗੱਲ ਤਾਂ ਇਹ ਸੀ ਕਿ ਉਸ ਨੂੰ ਰਹਿਣ ਨੂੰ ਕਮਰਾ, ਖਾਣ ਪੀਣ ਮੁਫ਼ਤ ਅਤੇ ਕੰਮ ਮਿਲ ਗਿਆ ਸੀ। ਉਹ ਸਾਢੇ ਦਸ ਵਜੇ ਹੀ ਕੰਮ 'ਤੇ ਆ ਜਾਂਦਾ। ਮਾਲਕ ਵੀ ਹਰਦੇਵ ਤੋਂ ਖ਼ੁਸ਼ ਸਨ।
----
ਹਫ਼ਤੇ ਕੁ ਬਾਅਦ ਸ਼ਰਨਾਰਥੀ ਦਫ਼ਤਰ ਵੱਲੋਂ ਹਰਦੇਵ ਨੂੰ ਇੰਟਰਵਿਊ ਦੀ ਚਿੱਠੀ ਆ ਗਈ।
ਉਸ ਨੇ ਲੋਪੋ ਵਾਲੇ ਫ਼ੌਜੀ ਨੂੰ ਫ਼ੋਨ ਕੀਤਾ।
ਫ਼ੌਜੀ ਨੇ ਆਪਣੇ ਵਕੀਲ ਨਾਲ ਗੱਲ ਕੀਤੀ ਅਤੇ ਸਮਾਂ ਲੈ ਲਿਆ।
ਵਕੀਲ ਨੇ ਹਰਦੇਵ ਨੂੰ ਇੰਟਰਵਿਊ ਦੇ ਕਈ ਨੁਕਤੇ ਅਤੇ ਅਫ਼ਸਰ ਵੱਲੋਂ ਕੀਤੇ ਜਾਣ ਵਾਲੇ ਸੁਆਲਾਂ ਦੇ ਉਤਰ ਦੱਸੇ।
ਦੁਭਾਸ਼ੀਏ ਦੇ ਜ਼ਰੀਏ ਹਰਦੇਵ ਦੀ ਇੰਟਰਵਿਊ ਹੋ ਗਈ। ਇੰਟਰਵਿਊ ਸਮੇਂ ਹਰਦੇਵ ਸਬੰਧਿਤ ਅਫ਼ਸਰ ਨੂੰ ਕੋਈ ਬਹੁਤਾ ਸੰਤੁਸ਼ਟ ਨਾ ਕਰ ਸਕਿਆ। ਪਰ ਫਿਰ ਵੀ ਅਫ਼ਸਰ ਨੇ ਹਰਦੇਵ 'ਤੇ ਨਿੱਜੀ ਤੌਰ 'ਤੇ ਵਿਸ਼ਵਾਸ਼ ਕਰ ਕੇ ਇੰਟਰਵਿਊ ਦੀ ਕਾਪੀ ਉਪਰਲੇ ਅਫ਼ਸਰ ਨੂੰ ਫ਼ੈਸਲੇ ਲਈ ਭੇਜ ਦਿੱਤੀ।
ਉਹ ਫਿਰ ਕੰਮ 'ਤੇ ਆ ਲੱਗਿਆ। ਦੋਭਾਸ਼ੀਏ ਤੋਂ ਉਸ ਨੂੰ ਪਤਾ ਜ਼ਰੂਰ ਲੱਗ ਗਿਆ ਸੀ ਕਿ ਉਸ ਦੀ ਇੰਟਰਵਿਊ ਨਾਲ ਅਫ਼ਸਰ ਦੀ ਤਸੱਲੀ ਨਹੀਂ ਹੋਈ ਸੀ। ਹੋ ਸਕਦੈ ਕਿ ਉਸ ਦਾ ਕੇਸ ਫ਼ੇਲ੍ਹ ਹੋ ਜਾਵੇ? ਹਰਦੇਵ ਰਾਤ ਨੂੰ ਫ਼ੌਜੀ ਕੋਲ ਚਲਾ ਗਿਆ। ਉਸ ਨੇ ਫ਼ੌਜੀ ਨੂੰ ਸਾਰੀ ਗੱਲ ਦੱਸੀ।
-"ਕੋਈ ਚਿੰਤਾ ਨਾ ਕਰ! ਪਹਿਲੀ ਸੱਟੇ ਇਹ ਕਿਸੇ ਨੂੰ ਸਟੇਅ ਨਹੀਂ ਦਿੰਦੇ-ਇਕ ਵਾਰੀ ਤਾਂ ਨਾਂਹ ਕਰਦੇ ਈ ਕਰਦੇ ਐ-।" ਫ਼ੌਜੀ ਨੇ ਬੜੇ ਅਰਾਮ ਨਾਲ ਕਿਹਾ ਸੀ। ਚਿਹਰੇ 'ਤੇ ਕੋਈ ਫਿ਼ਕਰ ਦੀ ਝਲਕ ਨਹੀਂ ਸੀ।
-"ਜੇ ਨਾਂਹ ਹੋ ਗਈ ਬਾਈ ਤੇ ਫੇਰ...?" ਹਰਦੇਵ ਦੀ ਕੌਡੀ ਧੜਕੀ ਜਾ ਰਹੀ ਸੀ। ਵਿਸਕੀ ਦੇ ਪੈੱਗ ਨੇ ਵੀ ਉਸ ਨੂੰ ਕੋਈ ਤਰਾਰਾ ਨਹੀਂ ਦਿਖਾਇਆ ਸੀ।
-"ਫੇਰ ਕੀ ਉਤੇ ਕੰਧ ਆ ਡਿੱਗੂ? ਫੇਰ ਆਪਾਂ ਵਕੀਲ ਰਾਹੀਂ ਅਪੀਲ ਕਰ ਦਿਆਂਗੇ।"
-"......।" ਹਰਦੇਵ ਚੁੱਪ ਚਾਪ ਸੁਣ ਰਿਹਾ ਸੀ।
-"ਇੱਥੇ ਸਾਰਿਆਂ ਨਾਲ ਈ ਇਉਂ ਹੁੰਦੀ ਐ ਛੋਟੇ ਭਾਈ! ਤੂੰ ਚਿੰਤਾ ਕਾਹਦੀ ਕਰਦੈਂ?"
-"......।"
-"ਇਕ ਵਾਰੀ ਅਪੀਲ ਕੀਤੀ-ਸਾਲ ਸਾਲ ਤਾਂ ਅਪੀਲ ਈ ਨ੍ਹੀ ਨਿਕਲ਼ਦੀ-ਤੂੰ ਬੇਫਿ਼ਕਰ ਹੋ ਕੇ ਕੰਮ ਕਾਰ ਕਰ! ਜਦੋਂ ਕੋਈ ਉਤਰ ਪਤਾ ਆਇਆ-ਫੇਰ ਦੇਖਾਂਗੇ-।"
-"ਉਹ ਦੁਭਾਸ਼ੀਆ ਤਾਂ ਕਹਿੰਦਾ ਸੀ ਬਈ ਤੇਰਾ ਕੇਸ ਫ਼ੇਲ੍ਹ ਐ?"
-"ਦੁਭਾਸ਼ੀਆ ਹੈ ਕੌਣ ਸੀ?"
-"ਨਿੱਕੇ ਜੇ ਕੱਦ ਦਾ ਇਕ ਬੁੱਲ੍ਹੜ ਜਿਆ ਸੀ-ਹਿੰਦੀ ਬੋਲਦਾ ਸੀ।"
-"ਭੈੜ੍ਹੀਆਂ ਜੀਆਂ ਅੱਖਾਂ ਆਲ਼ਾ...?"
-"ਆਹੋ...!"
-"ਉਹ ਦਿੱਲੀ ਦਾ ਭਾਪੈ! ਬੜਾ ਭੈਣ ਚੋਦ ਐ! ਸਾਰਿਆਂ ਨੂੰ ਈ ਇਉਂ ਆਖਦੈ-ਉਹਦੀ ਗੱਲ ਬਾਹਲ਼ੀ ਦਿਲ 'ਤੇ ਲਾਉਣ ਦੀ ਲੋੜ ਨ੍ਹੀ, ਛੋਟੇ ਭਾਈ! ਤੂੰ ਚਿੰਤਾ ਕਾਹਦੀ ਕਰਦੈਂ? ਆਹ ਦੇਖਗਾਂ ਤੇਰਾ ਬਾਈ ਫ਼ੌਜੀ ਬੈਠਾ!" ਫ਼ੌਜੀ ਹਰਦੇਵ ਅੱਗੇ ਸੱਬਲ਼ ਵਾਂਗ ਗੱਡਿਆ ਬੈਠਾ ਸੀ।
-"ਤੇਰਾ ਗੁਣ ਬਾਈ ਫ਼ੌਜੀਆ ਪਤਾ ਨ੍ਹੀ ਕਿਹੜੇ ਜੁੱਗ ਦਿਊਂ?" ਹਰਦੇਵ ਭਾਵੁਕ ਹੋ ਗਿਆ।
-"ਉਏ ਇਹ ਗੱਲਾਂ ਨ੍ਹੀ ਸੋਚੀਦੀਆਂ-ਬੰਦਾ ਬੰਦੇ ਦੀ ਦਾਰੂ ਐ!"
-"ਬਾਈ ਉਹ ਵੀ ਬੰਦਾ ਈ ਸੀ-ਜਿਹੜਾ ਮੈਨੂੰ ਬਾਨਹੋਫ਼ 'ਤੇ ਪੈਂਦੀਆਂ ਬਰਫ਼ਾਂ 'ਚ ਲਾਹ ਕੇ ਭੱਜ ਗਿਆ ਸੀ-ਉਹ ਤਾਂ ਭਲਾ ਹੋਵੇ ਬਾਈ ਰਣਜੀਤ ਦਾ-ਜੀਹਨੇ ਮੇਰੀ ਬਾਂਹ ਤੈਨੂੰ ਫੜਾਤੀ-ਮੇਰੇ ਨਾਲ ਚਾਹੇ ਕੁਛ ਬੀਤੇ-ਪਰ ਮੈਂ ਬਾਈ ਰਣਜੀਤ ਦਾ ਤੇ ਤੇਰਾ ਗੁਣ ਸਾਰੀ ਉਮਰ ਨ੍ਹੀ ਦੇ ਸਕਦਾ।"
-"ਉਏ ਤੂੰ ਕਿਉਂ ਬੱਕੜਵਾਹ ਕਰਨ ਲੱਗ ਪਿਆ...? ਚੱਲ ਚੱਕ ਪੈੱਗ ਖਿੱਚ...!"
ਉਹਨਾਂ ਨੇ ਪੈੱਗ ਧੁਰ ਲਾ ਦਿੱਤੇ।
-"ਕੱਲ੍ਹ ਨੂੰ ਆਪਾਂ ਗੁਰਦੁਆਰੇ ਚੱਲਾਂਗੇ-ਅਰਦਾਸ ਕਰੀਂ! ਸਾਰਾ ਕੁਛ ਠੀਕ ਹੋਜੂਗਾ-ਰੱਬ 'ਤੇ ਡੋਰੀਆਂ ਰੱਖੀਏ-ਘਬਰਾਈਏ ਨਾ-ਜਿਹੜਾ ਕੁਛ ਗੁਰੂ ਕਰਦੈ-ਚੰਗਾ ਈ ਕਰਦੈ-ਆਪਾਂ ਤਾਂ ਐਵੇਂ ਚੰਘਿਆੜਾਂ ਮਾਰਨ ਲੱਗ ਜਾਨੇ ਐਂ!"
ਗੱਲਾਂ ਕਰਦੇ ਉਹ ਫਿਰ ਸੌਂ ਗਏ।
************************************************
ਪੰਜਵਾਂ ਕਾਂਡ ਸਮਾਪਤ – ਅਗਲੇ ਕਾਂਡ ਦੀ ਉਡੀਕ ਕਰੋ
No comments:
Post a Comment