ਪ੍ਰੀਤੋ ਬੜੀ ਸਚਿਆਰੀ ਅਤੇ ਸੁਚੱਜੀ ਕੁੜੀ ਸੀ। ਘਰ ਦਾ ਸਾਰਾ ਕੰਮ ਉਸ ਨੇ ਲੱਕ ਬੰਨ੍ਹ ਕੇ ਸਾਂਭ ਲਿਆ ਸੀ। ਪ੍ਰੀਤੋ ਦਾ ਬਾਪ ਅਤੇ ਮਾਂ ਸਿਹਤ ਪੱਖੋਂ ਬਹੁਤੇ ਠੀਕ ਨਹੀਂ ਰਹਿੰਦੇ ਸਨ। ਪ੍ਰੀਤੋ ਘਰ ਦਾ ਸਾਰਾ ਕੰਮ ਕਰਦੀ ਸੀ। ਸਵੇਰੇ ਪਾਠੀ ਬੋਲਦੇ ਨਾਲ ਉੱਠ ਖੜ੍ਹਨਾ ਅਤੇ ਸਾਰਿਆਂ ਤੋਂ ਬਾਅਦ ਭਾਂਡੇ ਟੀਂਡੇ ਧੋ-ਸਾਂਭ ਕੇ ਮੰਜੇ 'ਤੇ ਪੈਣਾ। ਪ੍ਰੀਤੋ ਦਾ ਸਾਲ ਕੁ ਛੋਟਾ ਭਰਾ ਨੀਟੂ ਅਤੀਅੰਤ ਨਲਾਇਕ ਸੀ। ਨਾਂ ਤਾਂ ਉਸ ਦਾ ਹਰਗੀਤ ਸਿੰਘ ਸੀ, ਪਰ ਸਾਰੇ ਉਸ ਨੂੰ "ਨੀਟੂ" ਆਖ ਕੇ ਹੀ ਬੁਲਾਉਂਦੇ। ਉਹ ਘਰੋਂ ਤਾਂ ਸਕੂਲ ਪੜ੍ਹਨ ਜਾਂਦਾ ਅਤੇ ਬਾਹਰ ਹਾਣਦਿਆਂ ਨਾਲ ਅਵਾਰਾਗਰਦੀ ਕਰਨ ਚੜ੍ਹ ਜਾਂਦਾ। ਸਕੂਲ ਲਈ ਦਿੱਤੀ ਫੀਸ ਚੰਡੋਲ 'ਤੇ ਹੀ ਰੁੜ੍ਹ ਜਾਂਦੀ। ਕਦੇ ਸਿਨਮੇ ਫਿਲਮ ਦੇਖਣ ਅਤੇ ਕਦੇ ਧਰਮਸ਼ਾਲਾ ਵਿਚ ਤਾਸ਼ ਕੁੱਟਣ ਬਹਿ ਜਾਂਦਾ। ਹੋਰ ਤਾਂ ਹੋਰ, ਹੁਣ ਤਾਂ ਉਹ ਦਾਰੂ ਨੂੰ ਮੂੰਹ ਵੀ ਮਾਰਨ ਲੱਗ ਗਿਆ ਸੀ। ਬੁਰੀ ਸੰਗਤ ਵਿਚ ਫਸ ਕੇ ਕੀ ਜਰਦਾ, ਕੀ ਬੀੜੀਆਂ ਅਤੇ ਸਿਗਰਟਾਂ! ਗੱਲ ਕੀ, ਉਹ ਪੂਰਾ ਬਲੱਜ ਬਣਦਾ ਜਾ ਰਿਹਾ ਸੀ! ਇਕੱਲਾ-ਇਕੱਲਾ ਪੁੱਤ ਸੀ। ਖ਼ੁਰਾਕ ਖਾਧ ਚੰਗੀ ਸੀ। ਸਭ ਕੁਝ ਪਤਾ ਹੋਣ 'ਤੇ ਵੀ ਮਾਂ-ਬਾਪ ਬਰਾਬਰ ਦੇ ਪੁੱਤ ਨੂੰ ਘੂਰਨ ਤੋਂ ਥਿੜਕਦੇ।
----
ਇਕਲੌਤਾ ਪੁੱਤ ਲਾਡ ਦਾ ਮਾਰਿਆ ਵਿਗੜ ਗਿਆ। ਚੰਗੀ ਖ਼ੁਰਾਕ ਸਦਕਾ ਉਹ ਸਰੀਰਕ ਪੱਖੋਂ ਦੁੜਕਦਾ ਜਾ ਰਿਹਾ ਸੀ। ਧੌਣ ਬੋਹੜ ਦੇ ਮੁੱਛ ਵਾਂਗ ਮੋਟੀ। ਹੱਡ ਗੋਡੇ ਮੋਕਲ਼ੇ! ਦਸਵੀਂ ਜਮਾਤ ਵਿਚ ਪੜ੍ਹਦਾ-ਪੜ੍ਹਦਾ ਉਹ ਇਕ ਵਾਰ ਠਾਣੇ ਦਾ ਮੂੰਹ ਵੀ ਦੇਖ ਆਇਆ ਸੀ। ਸਰਪੰਚ ਨੂੰ ਨਾਲ ਲੈ ਕੇ ਬਾਪੂ ਪੁੱਤ ਨੂੰ ਠਾਣਿਓਂ ਛੁਡਾ ਤਾਂ ਲਿਆਇਆ ਸੀ। ਪਰ ਉਸ ਦਾ ਮਨ ਅਥਾਹ ਦੁਖੀ ਹੋ ਗਿਆ ਸੀ। ਜਿਸ ਪੁੱਤ ਦੀ ਖਾਤਰ ਉਸ ਨੇ ਆਪਣਾ ਜੱਦੀ ਪਿੰਡ ਛੱਡਿਆ ਸੀ। ਆਪਣੇ ਆਪਦੇ ਨਿੱਜੀ ਰਿਸ਼ਤੇਦਾਰ ਅਤੇ ਮਿੱਤਰ ਛੱਡੇ ਸਨ, ਉਹ ਪੁੱਤਰ ਹੀ ਹੁਣ ਬਾਪੂ ਨੂੰ ਨਿੱਤ ਨਵੀਆਂ ਘਤਿੱਤਾਂ ਕਰ ਕਰ ਕੇ ਦਿਖਾ ਰਿਹਾ ਸੀ।
----
ਨੀਟੂ ਬਗੈਰ ਕਿਸੇ ਗੱਲ ਤੋਂ ਹੀ ਨਾਲ ਪੜ੍ਹਦੇ ਮੁੰਡਿਆਂ ਨਾਲ ਲੜਦਾ ਝਗੜਦਾ ਰਹਿੰਦਾ। ਕਦੇ ਕਿਸੇ ਦਾ ਸਿਰ ਪਾੜਦਾ ਅਤੇ ਕਦੇ ਆਪਦਾ ਪੜਵਾ ਕੇ ਆਉਂਦਾ! ਮਾਸਟਰਾਂ ਨੂੰ ਉਹ ਡੱਕਾ ਨਹੀਂ ਸਮਝਦਾ ਸੀ। ਮਾਸਟਰ ਅਤੇ ਮਾਸਟਰਨੀਆਂ ਵੀ ਉਸ ਨੂੰ 'ਲੰਡਰ' ਸਮਝ ਕੇ ਬਹੁਤੀ ਗੌਰ ਨਾ ਕਰਦੇ। ਲਾਪ੍ਰਵਾਹ ਹੀ ਰਹਿੰਦੇ। ਕਈ ਵਾਰ ਹੈੱਡ-ਮਾਸਟਰ ਨੇ ਨੀਟੂ ਦੇ ਬਾਪੂ ਨੂੰ ਸਕੂਲ ਬੁਲਾ ਕੇ ਨੀਟੂ ਦੀਆਂ ਬੁਰੀਆਂ ਆਦਤਾਂ ਪੱਖੋਂ ਜਾਣੂੰ ਕਰਵਾਇਆ ਸੀ। ਪਰ ਬਾਪੂ ਸਭ ਕੁਝ ਜਾਣਦਾ ਹੋਇਆ ਵੀ ਕੁਝ ਨਹੀਂ ਕਰ ਸਕਿਆ ਸੀ। ਲਾਡਲੇ ਪੁੱਤ ਨੂੰ ਝਿੜਕਣ ਲਈ ਉਸ ਦਾ ਹੀਆਂ ਹੀ ਨਹੀਂ ਪੈਂਦਾ ਸੀ।
----
-"ਹਰਖ਼ ਦਾ ਮਾਰਿਆ ਧੀ-ਪੁੱਤ ਨਰਕ 'ਚ ਪੈ ਜਾਂਦੈ ਹਰਗੀਤ ਦੇ ਬਾਪੂ...!" ਬੇਬੇ ਨੇ ਸਤੇ ਬਾਪੂ ਦੇ ਦਿਲ ਦਿਮਾਗ 'ਤੇ ਦਲੀਲ ਦਾ ਠੰਢਾ ਪਾਣੀ ਛਿੜਕਿਆ ਸੀ। ਬਾਪੂ ਵੀ ਲਹੂ ਦੀ ਘੁੱਟ ਵੱਟ ਕੇ ਚੁੱਪ ਹੋ ਗਿਆ ਸੀ। ਉਸ ਨੂੰ 'ਕੱਲੇ-'ਕੱਲੇ ਪੁੱਤ ਦਾ ਦੁੱਖ ਦਿਨ ਰਾਤ ਘੁਣ ਵਾਂਗ ਖਾਂਦਾ ਰਹਿੰਦਾ। ਕੀ ਬਣੂੰਗਾ ਇਸ ਗੰਦੀ ਔਲ਼ਾਦ ਦਾ? ਉਹ ਦਿਨ ਰਾਤ ਪੁੱਤ ਦਾ ਦੁੱਖ ਦਿਲ ਵਿਚ ਲੈ ਘੁੰਮਦਾ ਫਿਰਦਾ ਰਹਿੰਦਾ। ਕਮਲਿਆਂ ਵਾਂਗ ਇਕੱਲਾ ਹੀ ਗੱਲਾਂ ਕਰਦਾ ਰਹਿੰਦਾ। ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਾ ਕਰਦਾ। ਉਸ ਦੇ ਢਿੱਡ ਵਿਚ ਗ਼ਮ ਦਾ ਗੋਲਾ ਬੱਝ ਗਿਆ ਸੀ। ਬਾਪੂ ਗੁੰਮ-ਸੁੰਮ ਜਿਹਾ ਹੀ ਰਹਿੰਦਾ।
----
ਮਾਂ ਬਾਪ ਦੇ ਸਬਰ ਦਾ ਬੰਨ੍ਹ ਤਾਂ ਉਸ ਦਿਨ ਟੁੱਟਿਆ, ਜਦੋਂ ਨੀਟੂ ਨੇ ਪਿੰਡ ਵਿਚੋਂ ਹੀ, ਨਵੀਂ ਪੜ੍ਹਾਉਣ ਲੱਗੀ ਮਾਸਟਰਨੀ ਹੀ ਫੜ ਲਈ। ਪਿੰਡ ਵਿਚ ਇਸ ਗੱਲ ਦਾ ਧੂੰਆਂ ਰੋਲ਼ ਹੋ ਗਿਆ। ਨੀਟੂ ਦੇ ਬਾਪੂ ਨੂੰ ਪਿੰਡ ਦੀ ਪੰਚਾਇਤ ਵੱਲੋਂ ਸੱਦਾ ਆ ਗਿਆ। ਉਹ ਪੁੱਤ ਦੇ ਕਾਰਨਾਮਿਆਂ ਦੀ ਨਮੋਸ਼ੀ ਦਾ ਮਾਰਿਆ, ਡਿੱਗਦਾ ਢਹਿੰਦਾ ਸੱਥ ਵਿਚ ਪਹੁੰਚਿਆ।
-"ਬੰਤ ਸਿਆਂ, ਇਹ ਜਿਹੜੀ ਤੇਰੇ ਮੁੰਡੇ ਨੇ ਘਤਿੱਤ ਕੀਤੀ ਐ-ਇਹ ਬਖਸ਼ਣਯੋਗ ਨਹੀਂ!" ਪੰਚਾਇਤ ਵਿਚੋਂ ਇਕ ਮੈਂਬਰ ਬੋਲਿਆ।
-"ਪੰਚੈਤੇ! ਮੈਂ ਮੰਨਦੈਂ! ਆਪਾਂ ਸਾਰੇ ਧੀਆਂ ਭੈਣਾ ਆਲ਼ੇ ਐਂ-ਜਿਹੜੀ ਕਰਤੂਤ ਮੇਰੇ ਮੁੰਡੇ ਨੇ ਕੀਤੀ ਐ-ਉਹਦੇ ਕਰਕੇ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਕਰਾ ਨ੍ਹੀ ਰਿਹਾ-ਗੱਲ ਮੇਰੇ ਬਿਤੋਂ ਬਾਹਰ ਐ-ਪੰਚੈਤ ਜਿਹੜੀ ਸਜਾ ਮੈਨੂੰ ਦਿਊ-ਮੈਂ ਭੁਗਤਣ ਲਈ ਤਿਆਰ ਐਂ...!" ਉਸ ਨੇ ਸੌ ਹੱਥ ਰੱਸੇ ਦੇ ਸਿਰੇ ਤੋਂ ਗੰਢ ਖੋਲ੍ਹ ਦਿੱਤੀ।
-"ਜੇ ਗੱਲ ਤੇਰੇ ਵਿਤੋਂ ਬਾਹਰ ਐ ਤਾਂ ਅਸੀਂ ਦੇਈਏ ਉਹਨੂੰ ਮੱਤ?" ਕੁੜੀ ਦਾ ਭਰਾ ਬੋਲਿਆ। ਉਹ ਕਾਫ਼ੀ ਦੇਰ ਦਾ ਕੁਝ ਕਹਿਣ ਲਈ ਉਸਲਵੱਟੇ ਲੈ ਰਿਹਾ ਸੀ। ਫਿਰ ਵੀ ਸਕੀ ਭੈਣ ਦੀ ਇੱਜ਼ਤ ਦਾ ਸੁਆਲ ਸੀ। ਬਰਦਾਸ਼ਤ ਤੋਂ ਬਾਹਰ ਸੀ।
-"ਜੇ ਵਾਰੀ ਦਾ ਵੱਟਾ ਲਾਹੁੰਣੈਂ, ਤਾਂ ਇਹਨਾਂ ਦੀ ਕੁੜੀ ਚੱਕੋ ਅੱਜ ਰਾਤ ਨੂੰ!" ਕੁੜੀ ਦੇ ਤਾਏ ਦੇ ਲੜਕੇ ਨੇ ਅਜੀਬ ਹੀ ਅਕਾਸ਼ਬਾਣੀ ਕੀਤੀ। ਬੰਤ ਸਿੰਘ ਦਾ ਕਾਲਜਾ ਚੀਰਿਆ ਗਿਆ ਸੀ। ਉਸ ਦੀ ਇੱਜ਼ਤ ਸ਼ਰੇਆਮ ਨਿਲਾਮ ਹੋ ਗਈ ਸੀ।
-"ਚੁੱਪ ਕਰ ਉਏ ਮੁੰਡਿਆ...! ਮੂੰਹ ਸੰਭਾਲ ਕੇ ਗੱਲ ਕਰ...!" ਸਰਪੰਚ ਨੇ ਉਸ ਨੂੰ ਵਰਜਿਆ।
-"ਪੰਚੈਤ ਦਾ ਤਾਂ ਕੁਛ ਖਿਆਲ ਕਰ!" ਮੈਂਬਰ ਨੇ ਆਖਿਆ।
-"ਤਾਇਆ...! ਜਦੋਂ ਇਹਨਾਂ ਨੇ ਕੀਤੀ ਐ-ਸਾਡੇ ਵਾਰੀ ਕਾਹਤੋਂ ਦੁਖ ਲੱਗਦੈ...?" ਮੁੰਡਾ ਪੰਚਾਇਤ ਨੂੰ ਸਿੱਧਾ ਹੋ ਗਿਆ।
-"ਤੇ ਪੰਚੈਤ ਕਾਹਦੇ ਵਾਸਤੇ 'ਕੱਠੀ ਕੀਤੀ ਐ ਫੇਰ? ਪੰਚੈਤ 'ਕੱਠੀ ਕਰਨ ਤੋਂ ਪਹਿਲਾਂ ਈ ਕੋਈ ਭੰਨ ਘੜ੍ਹ ਕਰ ਲੈਂਦੇ? ਹੁਣ ਸੂਰਮੇਂ ਬਣੇ ਖੜ੍ਹੇ ਓਂ...?" ਪਿੰਡ ਵਿਚੋਂ ਕਿਸੇ ਨੇ ਬਲ਼ਦੀ 'ਤੇ ਤੇਲ ਛਿੜਕਿਆ। ਉਹ ਪੰਚਾਇਤ ਇਕੱਠੀ ਕਰਨ 'ਤੇ ਤੰਗ ਸੀ। ਤਮਾਸ਼ਾ ਦੇਖਣ ਦਾ ਸ਼ੌਕੀਨ!
ਮੁੰਡੇ ਸਮਾਂ ਦੇਖ ਕੇ ਚੁੱਪ ਵੱਟ ਗਏ। ਸੱਚੀ ਗੱਲ ਕਪਾਲ਼ 'ਚ ਹੀ ਤਾਂ ਆ ਪਈ ਸੀ!
-"ਬੰਤ ਸਿਆਂ! ਚੁੱਪ ਕਰਕੇ ਸਾਰੇ ਪਿੰਡ ਅੱਗੇ ਮੁਆਫ਼ੀ ਮੰਗ ਲੈ-ਇਹ ਮੁਡੀਹਰ ਤੇਰਾ ਕੁਛ ਨ੍ਹੀ ਵਿਗਾੜ ਸਕਦੀ-ਮੈਂ ਦੇਖਦਾਂ ਬੈਠਾ! ਮੇਰੇ ਹੁੰਦੇ ਚਿੰਤਾ ਬਿਲਕੁਲ ਨਾ ਕਰੀਂ!" ਸਰਪੰਚ ਨੇ ਬੰਤ ਸਿੰਘ ਦੇ ਕੰਨ ਵਿਚ ਕਿਹਾ।
-"ਲੈ ਪਿੰਡਾ...! ਪੰਚੈਤ ਰੱਬ ਵਰਗੀ ਹੁੰਦੀ ਐ-ਮੈਂ ਆਪਣੇ ਮੁੰਡੇ ਦੀ ਕੀਤੀ ਗਲਤੀ ਕਰਕੇ ਸਾਰੇ ਪਿੰਡ ਤੋਂ ਮੁਆਫ਼ੀ ਮੰਗਦੈਂ-ਤੇ ਕੁੜੀ ਦੇ ਪਿਉ ਦੇ ਪੈਰੀਂ ਪੱਗ ਧਰਦੈਂ!" ਉਸ ਨੇ ਗਲ਼ ਵਿਚ ਪੱਲੂ ਪਾ ਕੇ ਕਿਹਾ ਅਤੇ ਸੱਚੀਂ ਹੀ ਕੁੜੀ ਦੇ ਪਿਉ ਦੇ ਪੈਰਾਂ ਵਿਚ ਆਪਣੀ ਪੱਗ ਰੱਖ ਦਿੱਤੀ। ਜਿਹੜੀ ਉਸ ਧਰਮੀਂ ਪੁਰਖ਼ ਨੇ ਅੱਧ ਵਿਚ ਹੀ ਬੋਚ ਲਈ।
-"ਪਤਾ ਨ੍ਹੀ ਕਿਹੜੇ ਮਾੜੇ ਕਰਮਾਂ ਦਾ ਹਿਸਾਬ ਦਿੰਨੇ ਐਂ ਬੰਤ ਸਿਆਂ! ਤੇਰਾ ਕੋਈ ਕਸੂਰ ਨ੍ਹੀ! ਬਹੁਤ ਹੋਗੀ! ਬੱਸ! ਬੱਸ ਮੇਰਾ ਵੀਰ! ਐਥੇ ਈ ਬੱਸ ਕਰ...!" ਉਸ ਨੇ ਬੰਤ ਸਿੰਘ ਦੀ ਪੱਗ ਬਾਇੱਜ਼ਤ ਹੀ ਉਸ ਨੂੰ ਮੋੜ ਦਿੱਤੀ।
----
ਪੰਚਾਇਤ ਖਿੰਡ ਗਈ।
ਬੰਤ ਸਿੰਘ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਗੱਲ ਨੀਟੂ ਦੀ ਬੇਬੇ ਨੂੰ ਪਤਾ ਲੱਗ ਚੁੱਕੀ ਸੀ।
ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਮੁੰਡੇ 'ਤੇ ਵਰ੍ਹ ਪਈ!
-"ਵੇ ਮੈਂ ਤੈਨੂੰ ਐਸ ਕੰਮ ਨੂੰ ਜੰਮਿਆਂ ਸੀ ਨਿੱਜ ਨੂੰ ਜਾਣਿਆਂ...? ਬਈ ਤੂੰ ਸਾਡੀ ਥਾਂ-ਥਾਂ ਖੇਹ ਕਰਦਾ ਫਿਰੇਂ? ਐਦੂੰ ਤਾਂ ਤੂੰ ਜੰਮਦਾ ਈ ਮਰ ਜਾਂਦਾ ਕਬੀਆ! ਸਾਰੇ ਪਿੰਡ ਦੇ ਸਾਹਮਣੇ ਆਬਦੇ ਪਿਉ ਦੀ ਦਾਹੜੀ ਨੂੰ ਲਾਜ ਲਾਅਤੀ ਤੂੰ...! ਜੇ ਬੰਦੇ ਦਾ ਪੁੱਤ ਐਂ ਤਾਂ ਕੁਛ ਖਾ ਕੇ ਮਰਜਾ ਹਰਾਮੀਆਂ...! ਪਿਉ ਦੀ ਇੱਜ਼ਤ ਦੀ ਖਾਤਰ ਤਾਂ ਪੁੱਤ ਆਪਣੀ ਸਿਰ ਧੜ੍ਹ ਦੀ ਬਾਜੀ ਲਾ ਦਿੰਦੇ ਐ-ਤੇ ਤੂੰ ਕੁਨਸਲਾ, ਆਪ ਈ ਆਬਦੇ ਪਿਉ ਦੀ ਦਾਹੜੀ ਸੁਆਹ ਪਾਤੀ...?"
-"......।" ਨੀਟੂ ਮੀਲ-ਪੱਥਰ ਬਣਿਆਂ ਸੁਣਦਾ ਰਿਹਾ।
-"ਵੇ ਮੈਂ ਤੈਨੂੰ ਐਹਨਾਂ ਭਦਰਕਾਰੀਆਂ ਨੂੰ ਜੰਮਿਆਂ ਸੀ ਦੁਸ਼ਟਾ...? ਤੈਨੂੰ ਜੰਮਦੇ ਨੂੰ ਈ ਕਿਉਂ ਨਾ ਮਾਰਤਾ ਮੈਂ?" ਕਰੋਧ 'ਚ ਆਈ ਬੇਬੇ ਨੇ ਆਪਣੇ ਢਿੱਡ 'ਚ ਮੁੱਕੀਆਂ ਮਾਰੀਆਂ। ਪਤਾ ਨਹੀਂ ਬੇਬੇ ਗੁੱਸੇ 'ਚ ਕੀ-ਕੀ ਬੋਲ ਗਈ ਸੀ?
ਢਿੱਡ ਵਿਚ ਮੁੱਕੀਆਂ ਮਾਰਦੀ ਬੇਬੇ ਨੂੰ ਰੋਂਦੀ ਪ੍ਰੀਤੋ ਨੇ ਹਟਾਇਆ।
ਪਰ ਨੀਟੂ ਦੇ ਮਨ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਸੀ।
ਜਦੋਂ ਬੇਬੇ ਨਾ ਹੀ ਵਿਰਲਾਪ ਜਿਹਾ ਕਰਨੋਂ ਹਟੀ ਤਾਂ 'ਬਦ' ਪੁੱਤ ਨੀਟੂ ਨੇ ਮੂੰਹ ਖੋਲ੍ਹਿਆ।
-"ਤੂੰ ਕਰਦੀਂ ਐਂ ਚੁੱਪ ਕਿ ਕਰਾਵਾਂ...? ਬੋਲਣੋਂ ਈ ਨ੍ਹੀ ਹਟਦੀ...!" ਉਹ ਬਦਮਗਜਾਂ ਵਾਂਗ ਬੋਲਿਆ ਤਾਂ ਭਰੀ ਪੀਤੀ ਬੇਬੇ ਹੋਰ ਭੜ੍ਹਕ ਪਈ।
-"ਆ...! ਆ ਉਰ੍ਹੇ ਤੈਨੂੰ ਕੱਚੇ ਨੂੰ ਖਾਂਵਾਂ ਹਰਾਮਦਿਆ...! ਆ ਤੇਰੇ ਮੈਂ ਮਾਰਾਂ ਢਿੱਡ 'ਚ ਟੱਕਰ...! ਮਰਾਂ ਤੇਰੇ ਸਿਰ ਚੜ੍ਹ ਕੇ, ਭੁੱਜ ਜਾਣਿਆਂ...! ਤੈਨੂੰ ਚੱਕ ਲੇ ਰੱਬ ਤੈਨੂੰ ਐਹੇ ਜੇ ਕੜਮੇਂ ਨੂੰ...!" ਉਸ ਨੇ ਦੁਹੱਥੜ ਮਾਰੀ।
ਨੀਟੂ ਉਠਿਆ ਅਤੇ ਉਸ ਨੇ ਬੇਬੇ ਦੇ ਅਣਗਿਣਤ ਥੱਪੜ ਜੜ ਦਿੱਤੇ।
-"ਵੇ ਤੂੰ ਮੱਚਜੇਂ ਵੇ, ਜੰਮਣ ਆਲ਼ੀ ਬੇਬੇ ਨੂੰ ਮਾਰਨ ਆਲ਼ਿਆ ਕੁਲ੍ਹੈਣਿਆਂ...! ਲੱਗਜੇ ਵੇ ਤੈਨੂੰ ਅੱਗ ਐਹੋ ਜੇ ਦੁਸ਼ਟ ਨੂੰ, ਪ੍ਰੇਤਾ...!" ਪ੍ਰੀਤੋ ਨੇ ਚੰਘਿਆੜ੍ਹਾਂ ਛੱਡ ਦਿੱਤੀਆਂ।
ਨੀਟੂ ਘਰੋਂ ਬਾਹਰ ਨਿਕਲ ਗਿਆ।
ਪ੍ਰੀਤੋ ਬੇਬੇ ਦੇ ਮੁੱਢ ਬੈਠੀ ਰੋਈ ਜਾ ਰਹੀ ਸੀ।
ਉਸ ਨੂੰ ਆਪਣੇ ਲਾਡਲੇ ਵੀਰ ਤੋਂ ਅਜਿਹੀ ਉਮੀਦ ਕਦਾਚਿੱਤ ਨਹੀਂ ਸੀ।
-"ਪ੍ਰੀਤੋ...!" ਆਥਣੇ ਜਿਹੇ ਹੋਏ ਬੇਬੇ ਬੋਲੀ ਸੀ। ਬਾਪੂ ਸਾਰੀ ਦਿਹਾੜੀ ਦਾ ਘਰ ਨਹੀਂ ਆਇਆ ਸੀ।
-"ਹਾਂ ਬੇਬੇ...?" ਉਸ ਨੇ ਸੁੱਜੀਆਂ ਅੱਖਾਂ ਬੇਬੇ ਵੱਲ ਉਠਾਈਆਂ। ਉਹ ਸਾਰੇ ਦਿਨ ਦੀ ਰੋਈ ਜਾ ਰਹੀ ਸੀ। ਉਸ ਦੀ ਬੇਬੇ ਨਾਲ ਅੱਖ ਨਹੀਂ ਮਿਲ ਰਹੀ ਸੀ। ਪਤਾ ਨਹੀਂ ਕਿਉਂ, ਉਹ ਬੇਬੇ ਤੋਂ ਅੱਖਾਂ ਜਿਹੀਆਂ ਚੁਰਾ ਰਹੀ ਸੀ।
-"ਜਿਹੜਾ ਕੁਛ ਹੋ ਗਿਆ ਪੁੱਤ-ਇਹ ਆਪਣੇ ਮਾੜੇ ਕਰਮਾਂ ਦਾ ਗੇੜ ਐ! ਆਬਦੇ ਬਾਪੂ ਨੂੰ ਕੁਛ ਨ੍ਹੀ ਦੱਸਣਾ ਪੁੱਤ! ਉਹ ਤਾਂ ਖੜ੍ਹਾ ਖੜੋਤਾ ਈ ਸਾਹ ਛੱਡਜੂ, ਸ਼ੇਰਾ! ਇਹ ਤਾਂ ਜਿਹੜਾ ਘਰ ਸੰਭਾਲੂਗਾ-ਤੈਨੂੰ ਦਿਸੀ ਜਾਂਦੈ? ਜੇ ਤੇਰੇ ਪਿਉ ਨੂੰ ਕੁਛ ਹੋ ਗਿਆ-ਆਪਣਾ ਜਿਉਣਾ ਦੁੱਭਰ ਹੋ ਜਾਣੈਂ, ਪੁੱਤ...!" ਬੇਬੇ ਨੇ ਆਖਿਆ। ਸ਼ਾਇਦ ਉਸ ਨੂੰ ਨੀਟੂ ਨੂੰ ਜੰਮਣ ਵੇਲੇ ਇਤਨੀਆਂ ਜੰਮਣ-ਪੀੜਾਂ ਦਾ ਦੁੱਖ ਨਹੀਂ ਹੋਇਆ ਹੋਣਾ। ਜਿਤਨਾ ਅੱਜ ਹੋਇਆ ਸੀ!
ਪ੍ਰੀਤੋ ਨੇ ਦੁਖੀ ਬੇਬੇ ਦੀ ਗੱਲ ਮੰਨ ਲਈ।
ਸ਼ਾਮ ਨੂੰ ਬੰਤ ਸਿੰਘ ਠਿੱਬੇ ਜਿਹੇ ਘੜ੍ਹੀਸਦਾ ਘਰੇ ਵੜਿਆ। ਉਸ ਦੀਆਂ ਲੱਤਾਂ ਜਿਵੇਂ ਪਰਬਤ ਬਣ ਗਈਆਂ ਸਨ। ਸਰੀਰ ਵਿਚ ਜਿਵੇਂ ਸੱਤਿਆ ਹੀ ਨਹੀਂ ਰਹੀ ਸੀ। ਸਾਰਾ ਸਰੀਰ "ਟੁੱਟੂੰ-ਟੁੱਟੂੰ" ਕਰਦਾ ਸੀ। ਉਹ ਆਉਣ ਸਾਰ ਮੰਜੇ 'ਤੇ ਪੈ ਗਿਆ।
-"ਪਾਣੀ ਦੇਵਾਂ ਬਾਪੂ...?" ਪ੍ਰੀਤੋ ਨੇ ਪੁੱਛਿਆ।
-"ਨਹੀਂ ਪੁੱਤ ਪ੍ਰੀਤਿਆ-ਮੇਰੀ ਤਾਂ ਕਿਸੇ ਚੀਜ ਨੂੰ ਰੂਹ ਨ੍ਹੀ ਕਰਦੀ।" ਬਾਪੂ ਨੇ ਅਤਿ ਸੰਖੇਪ ਉਤਰ ਦਿੱਤਾ। ਮਨ ਵਿਚ ਉਬਲ਼ਦਾ ਜੁਆਲਾ-ਮੁਖ਼ੀ ਉਹ ਧੀ ਕੋਲੋਂ ਛੁਪਾਅ ਗਿਆ। ਪ੍ਰੀਤੋ ਵੀ ਬਾਪੂ ਦੇ ਮਨ ਦੀ ਅਵਸਥਾ ਸਮਝ ਕੇ ਚੁੱਪ ਕਰ ਗਈ। ਉਸ ਨੇ ਸ਼ੁਕਰ ਕੀਤਾ ਕਿ ਬਾਪੂ ਨੂੰ ਨੀਟੂ ਵਾਲੀ ਕਰਤੂਤ ਦਾ ਪਤਾ ਨਹੀਂ ਸੀ। ਨਹੀਂ ਤਾਂ ਬਾਪੂ ਦੇ ਦਿਲ ਦੇ ਹਾਲਾਤਾਂ ਦੀ ਹੋਰ ਜੱਖਣਾਂ ਪੱਟੀ ਜਾਣੀ ਸੀ। ਚੁੱਪ ਹੀ ਬਿਹਤਰ ਸੀ।
----
ਘਰ ਵਿਚ ਇਕ ਅਜੀਬ ਖ਼ਾਮੋਸ਼ੀ ਸੀ!
ਬੇਬੇ ਮੰਜੇ 'ਤੇ ਚੁੱਪ ਚਾਪ ਪੱਥਰ ਹੋਈ ਪਈ ਸੀ।
ਪ੍ਰੀਤੋ ਰਸੋਈ ਵਿਚ ਕੁਝ ਚੱਕਣ ਧਰਨ ਕਰ ਰਹੀ ਸੀ।
ਨਾ ਹੀ ਕਿਸੇ ਨੇ ਕਿਸੇ ਨੂੰ ਕੁਝ ਦੱਸਿਆ ਅਤੇ ਨਾ ਹੀ ਕਿਸੇ ਨੇ ਕਿਸੇ ਨੂੰ ਕੁਝ ਪੁੱਛਿਆ। ਜਿਵੇਂ ਉਹ ਆਪਣੇ ਘਰ ਵਿਚ ਨਹੀਂ, ਕਿਸੇ ਓਪਰੀ ਸਰਾਂ ਵਿਚ ਬੈਠੇ ਅਣਜਾਣ ਮੁਸਾਫ਼ਰ ਸਨ। ਜਿਵੇਂ ਉਹ ਇਕ ਦੂਜੇ ਨੂੰ ਜਾਣਦੇ ਹੀ ਨਹੀਂ ਸਨ!
-"ਪ੍ਰੀਤੋ...!" ਮੰਜੇ 'ਤੇ ਪਈ ਬੇਬੇ ਨੇ ਮੁਰਦਈ ਜਿਹੀ ਅਵਾਜ਼ ਕੱਢੀ।
-"ਹਾਂ ਬੇਬੇ...?" ਪ੍ਰੀਤੋ ਜਿਵੇਂ ਬੇਬੇ ਦੀ ਅਵਾਜ਼ ਦੀ ਹੀ ਉਡੀਕ ਕਰ ਰਹੀ ਸੀ। ਉਹ ਝੱਟ ਦੇਣੇ ਬੋਲੀ ਸੀ।
-"ਰੋਟੀ ਲਾਹ ਲੈ ਪੁੱਤ! ਤੇਰਾ ਬਾਪੂ ਭੁੱਖਾ ਹੋਊ!" ਉਸ ਨੇ ਆਖਿਆ।
-"ਲਾਹ ਲੈਨੀਂ ਆਂ ਬੇਬੇ।"
-"ਨਹੀਂ ਮੈਂ ਨ੍ਹੀ ਕੁਛ ਖਾਣਾ, ਸ਼ੇਰ ਬੱਗਿਆ-ਮੇਰੀ ਖਾਤਰ ਰੋਟੀ ਨਾ ਲਾਹੀਂ!" ਬਾਪੂ ਦੀ ਅਵਾਜ਼ ਵਿਚ ਅਥਾਹ ਲਿੱਸਾਪਣ ਸੀ। ਜਿਵੇਂ ਕੋਈ ਖੂਹ 'ਚੋਂ ਬੋਲਦੈ।
-".........।" ਪ੍ਰੀਤੋ ਚੁੱਪ ਰਹੀ।
-"ਤੁਸੀਂ ਆਬਦੇ ਵਾਸਤੇ ਲਾਹ-ਲੋ ਪੁੱਤ! ਮੈਨੂੰ ਤਾਂ ਅੱਜ ਭੁੱਖ ਜੀ ਨ੍ਹੀ...!" ਬਾਪੂ ਦਾ ਦਿਲ ਧਾਹਾਂ ਮਾਰ ਕੇ ਰੋਣ ਨੂੰ ਕਰਦਾ ਸੀ। ਪਰ ਰੋਂਦਾ ਕਿਸ ਦੇ ਗਲ਼ ਲੱਗ ਕੇ? ਆਪਦੇ ਪਿੰਡ ਤਾਂ ਜੱਗਰ ਸਿੰਘ ਨਾਲ ਦਿਲ ਸਾਂਝਾ ਸ੍ਹੀਗਾ, ਜਿਸ ਨੂੰ ਦਿਲ ਦੀ ਮਾਮੂਲੀ ਗੱਲ ਵੀ ਦੱਸ ਕੇ ਮਨ ਹੌਲ਼ਾ ਕਰ ਲਈਦਾ ਸੀ। ਹੁਣ ਕੀਹਦੇ ਕੋਲ ਗੱਲ ਕਰੇ? ਪ੍ਰੀਤੋ ਦੀ ਬੇਬੇ ਤਾਂ ਆਪ ਘੋਰ ਦੁਖੀ ਹੈ! ਆਪਣੇ ਦਿਲ ਦਾ ਦੁੱਖ ਦੱਸ ਕੇ ਮੈਂ ਇਹਦਾ ਜਿਉਣਾ ਕਿਉਂ ਹਰਾਮ ਕਰਾਂ? ਕੱਟ ਲੈ ਮਨਾਂ ਚਿੱਤ ਲਾ ਕੇ - ਲਿਖੀਆਂ ਲੇਖ ਦੀਆਂ! ਬਾਪੂ ਇਕੱਲਾ ਹੀ ਡੂੰਘੀ ਉਧੇੜ-ਬੁਣ ਵਿਚ ਉਲਝਿਆ ਹੋਇਆ ਸੀ।
----
ਘਰ ਵਿਚ ਨਾ ਹੀ ਕੁਝ ਪੱਕਿਆ ਅਤੇ ਨਾ ਹੀ ਕਿਸੇ ਨੇ ਕੁਝ ਖਾਧਾ।
ਸਵੇਰੇ ਪਾਠੀ ਬੋਲਦੇ ਨਾਲ ਹੀ ਪ੍ਰੀਤੋ ਉਠ ਖੜ੍ਹੀ ਹੋਈ। ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ। ਨੀਂਦ ਤਾਂ ਕਿਸੇ ਨੂੰ ਵੀ ਨਹੀਂ ਆਈ ਸੀ। ਪਰ ਕਿਸੇ ਨੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਸੀ। ਸਾਰੇ ਆਪੋ ਆਪਣੀਆਂ ਸੋਚਾਂ ਦੀ ਮੰਝਧਾਰ ਵਿਚ ਫ਼ਸੇ ਰਹੇ ਸਨ। ਕੋਈ ਕਿਨਾਰਾ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ ਸੀ। ਨੀਟੂ ਇਤਨਾ ਬੇਲਗਾਮਾ, ਖ਼ਰੂਦੀ ਘੋੜ੍ਹਾ ਨਿਕਲ ਆਵੇਗਾ? ਕਿਸੇ ਨੇ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ! ਬਾਪੂ-ਬੇਬੇ ਨੂੰ ਤਾਂ 'ਕੱਲੇ-'ਕੱਲੇ ਪੁੱਤ ਤੋਂ ਆਸਾਂ ਹੀ ਬੜੀਆਂ ਸਨ। ਬੁੜ੍ਹਾਪਾ ਸੌਖ ਨਾਲ ਬੀਤਦਾ ਪ੍ਰਤੀਤ ਹੋਇਆ ਸੀ। ਪਰ ਦੈਂਤ ਨੀਟੂ ਨੇ ਤਾਂ ਕੱਛ 'ਚੋਂ ਮੂੰਗਲਾ ਕੱਢ ਮਾਰਿਆ ਸੀ! ਜਨਮ ਦੇਣ ਵਾਲੀ ਮਾਂ ਨੂੰ ਹੀ ਕੁੱਟ ਧਰਿਆ ਸੀ।
ਪ੍ਰੀਤੋ ਨੇ ਚਾਹ ਬਣਾਈ।
ਨੀਟੂ ਸਾਰੀ ਰਾਤ ਘਰ ਨਹੀਂ ਆਇਆ ਸੀ। ਪਤਾ ਨਹੀਂ ਕਿਹੜੇ ਕੂਟੀਂ ਚੜ੍ਹ ਗਿਆ ਸੀ?
----
ਜਦ ਉਸ ਨੇ ਬੱਤੀ ਬਾਲ਼ ਕੇ ਬਾਪੂ ਨੂੰ ਜਗਾਉਣਾ ਚਾਹਿਆ ਤਾਂ ਉਹ ਬੋਲਿਆ ਨਾ! ਉਸ ਨੇ "ਬਾਪੂ-ਬਾਪੂ" ਕਰ ਕੇ ਇਕ ਦੋ ਅਵਾਜ਼ਾਂ ਵੀ ਮਾਰੀਆਂ। ਪਰ ਬਾਪੂ ਸਿੱਲ-ਪੱਥਰ ਹੋਇਆ ਪਿਆ ਰਿਹਾ। ਜਦ ਉਸ ਨੇ ਬਾਪੂ ਨੂੰ ਜਾ ਕੇ ਹਲੂਣਿਆਂ ਤਾਂ ਡਰ ਗਈ! ਬਾਪੂ ਦਾ ਮੂੰਹ ਖੁੱਲ੍ਹਾ ਸੀ ਅਤੇ ਅੱਖਾਂ ਅੱਡੀਆਂ ਹੋਈਆਂ, ਪੱਥਰ ਬਣੀਆਂ ਖੜ੍ਹੀਆਂ ਸਨ। ਪ੍ਰੀਤੋ ਦੀ ਭੁੱਬ ਨਿਕਲ਼ ਗਈ। ਭੁੱਬ ਸੁਣ ਕੇ ਬੇਬੇ ਭੱਜ ਕੇ ਆਈ ਤਾਂ ਬੰਤ ਸਿਉਂ ਠੰਢਾ ਸੀਤ ਹੋਇਆ ਪਿਆ ਸੀ...! ਬੇਬੇ ਨੇ ਦੁਹੱਥੜ ਮਾਰੀ ਤਾਂ ਗੁਆਂਢੀ ਭੱਜ ਕੇ ਆਏ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਤਾਂ ਪੈ ਗਈ ਸੀ।
-"ਇਹ ਤਾਂ ਪੂਰਾ ਹੋ ਗਿਆ ਮਲਕੀਤ ਕੁਰੇ...!" ਕਿਸੇ ਸਿਆਣੇ ਬਜ਼ੁਰਗ ਨੇ ਹਾਲਤ ਦੇਖ ਕੇ ਕਿਹਾ।
-"ਨ੍ਹੀ ਕੋਈ ਸੁਖਮੰਦਰ ਨੂੰ ਬੁਲਾਓ...!" ਬੇਬੇ ਨੇ ਦੁਹਾਈ ਦਿੱਤੀ।
ਪ੍ਰੀਤੋ ਡਾਕਟਰ ਬੁਲਾਉਣ ਭੱਜ ਗਈ।
-"ਇਹਨਾਂ ਨੂੰ ਹਾਰਟ ਅਟੈਕ ਹੋਇਐ...!" ਪਿੰਡ ਦੇ ਡਾਕਟਰ ਸੁਖਮੰਦਰ ਸਿੰਘ ਨੇ ਆ ਕੇ ਬੰਤ ਸਿੰਘ ਦੇ ਮਰੇ ਹੋਣ ਦੀ ਪੁਸ਼ਟੀ ਕਰ ਦਿੱਤੀ। ਉਸ ਦੇ ਸਾਊ ਜਿਹੇ ਮੂੰਹ 'ਤੇ ਉਦਾਸੀ ਝਲਕੀ ਸੀ।
----
ਘਰ ਵਿਚ ਰੋਣ ਪਿੱਟਣ ਪੈ ਗਿਆ।
ਬੰਤ ਸਿੰਘ ਦੀ ਲਾਸ਼ ਨੂੰ ਮੰਜੇ ਤੋਂ ਹੇਠਾਂ ਲਾਹ ਲਿਆ। ਰਿਸ਼ਤੇਦਾਰਾਂ ਅਤੇ ਸੁਨੇਹੀਆਂ ਨੂੰ ਦੁਖਦਾਈ ਖ਼ਬਰ ਕਰ ਦਿੱਤੀ ਗਈ। ਪ੍ਰੀਤੋ ਅਤੇ ਪ੍ਰੀਤੋ ਦੀ ਬੇਬੇ ਰੋ-ਰੋ ਕੇ ਹਾਲੋਂ ਬੇਹਾਲ ਹੋਈਆਂ ਪਈਆਂ ਸਨ। ਗੁਆਂਢਣ ਤਾਈ ਉਹਨਾਂ ਦਾ ਦਿਲ ਧਰਾ ਰਹੀ ਸੀ। ਬੰਤ ਸਿੰਘ ਤਾਂ ਤੁਰ ਗਿਆ ਸੀ। ਪਰ ਹੁਣ ਮਲਕੀਤ ਕੌਰ ਨੂੰ ਪ੍ਰੀਤੋ ਦਾ ਫਿ਼ਕਰ ਵੱਢ-ਵੱਢ ਖਾਣ ਲੱਗ ਪਿਆ ਸੀ। ਬੰਦੇ ਦੇ ਸਿਰ 'ਤੇ ਔਰਤ ਨੂੰ ਘਰ ਦਾ ਕੋਈ ਫਿ਼ਕਰ ਨਹੀਂ ਹੁੰਦਾ। ਮਰਦ ਤੋਂ ਬਿਨਾ ਤਾਂ ਤੀਵੀਂ ਖੜਸੁੱਕ ਟਾਹਲੀ ਦੀ ਤਰ੍ਹਾਂ ਹੁੰਦੀ ਹੈ। ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਪ੍ਰੀਤੋ ਦੀ ਬੇਬੇ ਮਲਕੀਤ ਕੌਰ ਦੇ ਸਿਰ 'ਤੇ ਹੀ ਤਾਂ ਆ ਗਈ ਸੀ। ਲੰਡਰ ਨੀਟੂ ਦਾ ਉਸ ਨੂੰ ਕੀ ਆਸਰਾ ਹੋਣਾ ਸੀ? ਜਿਹੜਾ ਮਾਂ ਦੀ ਵੀ ਦੁਰਗਤੀ ਕਰ ਗਿਆ ਸੀ! ਕੀ ਥੁੜਿਆ ਪਿਆ ਸੀ ਅਜਿਹੀ ਔਲ਼ਾਦ ਖੁਣੋਂ? ਸੋਚ ਸੋਚ ਕੇ ਮਲਕੀਤ ਕੌਰ ਦੇ ਅੰਦਰੋਂ ਇਕ ਬੇਰਹਿਮ ਹਾਉਕਾ ਉਠਦਾ ਤੇ ਉਹ ਕਸੀਸ ਵੱਟ ਕੇ ਅੰਦਰੇ ਅੰਦਰ ਹੀ ਪੀ ਜਾਂਦੀ।
----
ਨੇੜ ਦੇ ਰਿਸ਼ੇਤਦਾਰ ਪਹੁੰਚਣੇ ਸ਼ੁਰੂ ਹੋ ਗਏ।
ਸਸਕਾਰ ਦੀ ਤਿਆਰੀ ਆਰੰਭ ਕਰ ਦਿੱਤੀ ਗਈ।
-"ਨੀ ਮਲਕੀਤ ਕੁਰੇ-ਨੀਟੂ ਕਿੱਥੇ ਐ...?" ਤਾਈ ਨੇ ਪੁੱਛਿਆ।
-"ਪਤਾ ਨ੍ਹੀ ਕਿਸ਼ਨ ਕੁਰੇ-ਕੱਲ੍ਹ ਦਾ ਗਿਆ ਨ੍ਹੀ ਮੁੜਿਆ।" ਬੇਬੇ ਨੇ ਅੰਦਰਲੀ ਚੀਸ ਦੱਬ ਕੇ ਕਿਹਾ।
-"ਭਾਈ ਪਿਉ ਦੀ ਚਿਖ਼ਾ ਨੂੰ ਤਾਂ ਪੁੱਤ ਈ ਦਾਗ਼ ਦਿੰਦੈ-ਜਾਓ ਵੇ ਮੁੰਡਿਓ! ਲਿਆਓ ਨੀਟੂ ਨੂੰ ਭਾਲ਼ ਕੇ!" ਤਾਈ ਨੇ ਕੁਝ ਮੁੰਡੇ ਲੱਭਣ ਲਈ ਤੋਰ ਦਿੱਤੇ।
ਸਸਕਾਰ ਤੱਕ ਮੁੰਡੇ ਨੀਟੂ ਨੂੰ ਲੱਭ ਲਿਆਏ।
----
ਉਸ ਦੇ ਪੱਥਰ ਦਿਲ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਸੀ। ਉਸ ਨੇ ਚੁੱਪ ਚਾਪ ਬਾਪੂ ਦੀ ਚਿਖ਼ਾ ਨੂੰ ਅੱਗ ਦਿਖਾ ਦਿੱਤੀ। ਬਾਪੂ ਲਾਡਲੇ ਨੀਟੂ ਨੂੰ ਮੋਢਿਆਂ 'ਤੇ ਚੁੱਕ ਕੇ ਖਿਡਾਉਂਦਾ ਰਿਹਾ ਸੀ। ਕਦੇ ਕਦੇ ਨੀਟੂ ਨੇ ਜਾਣ ਬੁੱਝ ਕੇ ਬਾਪੂ ਦੇ ਮੋਢਿਆਂ 'ਤੇ ਮੂਤ ਦੇਣਾ। ਪਰ ਬਾਪੂ ਨੇ ਗੱਲ ਹਾਸੇ ਵਿਚ ਹੀ ਟਾਲ਼ ਦੇਣੀ, "ਉਏ ਛਾਲਿਆ ਕੁੱਤਿਆ...! ਤੂੰ ਮੇਰੇ ਉਤੇ ਈ ਧਾਰੀ ਮਾਰਤੀ ਉਏ! ਉਏ ਜਾਹ ਉਏ ਹਰਗੀਤ ਸਿਆਂ! ਕਰੇਂਗਾ ਕਮਾਲਾਂ! ਮੈਂ ਤਾਂ ਤੇਰਾ ਮੂਤ ਝੱਲੀ ਜਾਨੈਂ! ਤੂੰ ਮੇਰੀ ਬੁੜ੍ਹੇ ਹੋਏ ਦੀ ਸੇਵਾ ਕਰਿਆ ਕਰੇਂਗਾ? ਹੈਂ...?" ਉਹ ਲਾਡ ਨਾਲ ਉਸ ਨੂੰ ਖ਼ੁਸ਼ ਰੱਖਦਾ। ਬਾਪੂ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਸੀ। ਕਦੇ ਇਕਲੌਤੇ ਪੁੱਤ ਦੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ ਸੀ। ਪਰ ਅੱਜ ਪੁੱਤ ਹਰਗੀਤ ਹੀ ਮੁੱਖੋਂ, ਬੇਮੁੱਖ ਹੋਇਆ ਖੜ੍ਹਾ ਸੀ। ਉਸ ਨੇ ਬਾਪੂ ਦੇ ਵਿਛੋੜੇ ਵਿਚ ਇਕ ਹੰਝੂ ਨਹੀਂ ਕੇਰਿਆ ਸੀ। ਦੁੱਖ ਨਹੀਂ ਮੰਨਿਆਂ ਸੀ। ਬੱਸ, ਮੱਟਰ ਜਿਹਾ ਬਣਿਆਂ ਖੜ੍ਹਾ ਰਿਹਾ ਸੀ। ਇਸ ਦੀ ਪਿੰਡ ਵਾਲਿਆਂ ਨੇ ਬਹੁਤ ਵਿਚਾਰ ਕੀਤੀ। ਪਰ ਅਸਲ ਗੱਲ ਮਲਕੀਤ ਕੌਰ ਦੇ ਕੰਨਾਂ ਤੱਕ ਨਹੀਂ ਪਹੁੰਚਣ ਦਿੱਤੀ ਸੀ। ਨਾਲੇ ਮਲਕੀਤ ਕੌਰ ਕਿਹੜਾ ਨਿਆਣੀ ਸੀ? ਊਠ ਦੇ ਢਿੱਡ ਵਿਚ ਸਾਰੀਆਂ ਦਾਤਣਾਂ ਹੀ ਸਨ। ਭੁੱਲੀ ਉਹ ਵੀ ਕੱਖ ਨਹੀਂ ਸੀ। ਪਰ ਲੋਕ ਲਾਜ ਦੇ ਮੂੰਹ ਨੂੰ ਚੁੱਪ ਜ਼ਰੂਰ ਸੀ ਅਤੇ ਢਿੱਡ ਦਾ ਨਾਸੂਰ ਸਬਰ ਸੰਤੋਖ ਦੀ ਓਟ ਨਾਲ ਦੱਬੀ ਫਿਰਦੀ ਸੀ। ਉਸ ਦੇ ਦੁੱਖ ਦਾ ਅੰਤ ਕੋਈ ਨਹੀਂ ਸੀ!
----
ਭੋਗ ਪੈਣ ਤੱਕ ਪ੍ਰੀਤੋ ਦਾ ਮਾਮਾ ਕਿਸ਼ਨ ਸਿੰਘ ਆਪਣੀ ਭੈਣ ਮਲਕੀਤ ਕੌਰ ਦਾ ਦੁੱਖ ਵੰਡਾਉਣ ਲਈ ਉਸ ਦੇ ਕੋਲ ਹੀ ਰਹਿ ਪਿਆ ਸੀ। ਉਸ ਦੇ ਆਪਣੇ ਪੁੱਤ ਜੁਆਨ ਅਤੇ ਲਾਇਕ ਸਨ। ਖੇਤੀਬਾੜੀ ਦਾ ਸਾਰਾ ਕੰਮ ਉਹਨਾਂ ਨੇ ਬੜੇ ਸਲੀਕੇ ਨਾਲ ਸਾਂਭਿਆ ਹੋਇਆ ਸੀ। ਮੁੰਡਿਆਂ ਦੇ ਸਿਰ 'ਤੇ ਉਸ ਨੂੰ ਪਿੱਛੇ ਦਾ ਕੋਈ ਫਿਕਰ ਨਹੀਂ ਸੀ।
-"ਹੁਣ ਆਪਾਂ ਪ੍ਰੀਤੋ ਦਾ ਕੋਈ ਬੰਨ੍ਹ ਸੁੱਬ ਕਰੀਏ, ਮਲਕੀਤ ਕੁਰੇ...!" ਭੋਗ ਪੈਣ ਤੋਂ ਬਾਅਦ ਮਾਮੇ ਨੇ ਭੈਣ ਨਾਲ ਗੱਲ ਤੋਰੀ। ਭੈਣ ਦੇ ਦੁੱਖ ਵਿਚ, ਦਿਲ ਉਸ ਦਾ ਵੀ ਅਥਾਹ ਦੁਖੀ ਸੀ।
-"ਜਿਹੜਾ ਕੁਛ ਕਰਨੈਂ-ਉਹ ਤਾਂ ਹੁਣ ਤੂੰ ਈ ਕਰਨੈਂ ਭਰਾਵਾ! ਮੈਨੂੰ ਤਾਂ ਕੁਛ ਨ੍ਹੀ ਸੁਝਦਾ! ਉਹ ਜਾਣੇ, ਜੇ ਆਪ ਜਿਉਂਦਾ ਰਹਿੰਦਾ-ਕੁੜੀ ਨੂੰ ਘਰੋਂ ਤੋਰ ਜਾਂਦਾ-!" ਮਲਕੀਤ ਕੌਰ ਹਮਦਰਦ ਭਰਾ ਅੱਗੇ ਫਿੱਸ ਪਈ।
-"ਤੂੰ ਫਿਕਰ ਕਾਹਦਾ ਕਰਦੀ ਐਂ? ਮੈਂ ਦੇਖਗਾਂ ਬੈਠਾ! ਨਾਲੇ ਆਪਣਾ ਸ਼ੇਰ ਨੀਟੂ ਹੁਣ ਸੁੱਖ ਨਾਲ ਜੁਆਨ ਐਂ...!" ਮਾਮੇ ਨੇ ਆਖਿਆ।
-"......।" ਬੇਬੇ ਘੁੱਟ ਵੱਟ ਗਈ। ਕੀ ਦੱਸਦੀ? ਕਿ ਇਹ ਸਾਰਾ ਸਿਆਪਾ ਹੀ ਨੀਟੂ ਦਾ ਪਾਇਆ ਹੋਇਆ ਸੀ? ਕੀ ਦੱਸਦੀ ਕਿ ਉਸ ਨੇ ਤਾਂ ਸਕੀ ਮਾਂ ਨੂੰ ਵੀ ਨਾ ਬਖਸ਼ਿਆ...? ਉਸ ਦੇ ਵੀ ਥੱਪੜ ਕੱਢ ਮਾਰੇ...? ਪਰ ਉਹ ਮਨ 'ਤੇ ਭਾਰ ਪਾਈ ਚੁੱਪ ਬੈਠੀ ਸੀ। ਪ੍ਰੀਤੋ, ਮਾਂ ਦੇ ਦਰਦ ਦੀ ਸਾਰੀ ਹਕੀਕਤ ਹੀ ਸਮਝਦੀ ਸੀ। ਮਾਂ ਨਾਲ ਉਸ ਨੇ ਵੀ ਬੱਜਰ ਚੁੱਪ ਧਾਰੀ ਹੋਈ ਸੀ।
ਕੁਝ ਦਿਨਾਂ ਬਾਅਦ ਆਉਣ ਦਾ ਵਾਅਦਾ ਦੇ ਕੇ ਮਾਮਾ ਕਿਸ਼ਨ ਸਿੰਘ ਚਲਾ ਗਿਆ।
----
ਨੀਟੂ ਕਦੇ ਘਰ ਆਉਂਦਾ। ਕਦੇ ਨਾ ਆਉਂਦਾ। ਉਹ ਕਿੱਥੇ ਜਾਂਦਾ? ਕਿੱਥੇ ਰਾਤਾਂ ਕੱਟਦਾ? ਕਿਸੇ ਨੂੰ ਵੀ ਪਤਾ ਨਹੀਂ ਸੀ! ਨਾ ਹੀ ਉਸ ਨੂੰ ਕਿਸੇ ਨੇ ਪੁੱਛਿਆ ਸੀ ਅਤੇ ਨਾ ਹੀ ਨੀਟੂ ਨੇ ਦੱਸਣ ਦੀ ਕੋਈ ਜ਼ਰੂਰਤ ਹੀ ਸਮਝੀ ਸੀ। ਪ੍ਰੀਤੋ ਵੀ ਉਸ ਨੂੰ ਜੇ ਕੋਈ ਮੰਦਾ ਬਚਨ ਨਹੀਂ ਕਰਦੀ ਸੀ, ਤਾਂ ਚੰਗਾ ਵੀ ਨਹੀਂ ਬੋਲਦੀ ਸੀ।
ਮਾਂ ਚੁੱਪ ਗੜੁੱਪ ਹੀ ਸੀ! ਪਰਬਤ ਵਾਂਗ ਖ਼ਾਮੋਸ਼!! ਉਸ ਦੇ ਭਾਅ ਦਾ ਤਾਂ ਸਾਰਾ ਸੰਸਾਰ ਹੀ ਮਰ ਗਿਆ ਸੀ।
ਹਫ਼ਤੇ ਕੁ ਬਾਅਦ ਮਾਮਾ ਕਿਸ਼ਨ ਸਿੰਘ ਆ ਗਿਆ।
ਉਹ ਬਹੁਤ ਹੀ ਖ਼ੁਸ਼ ਸੀ।
-"ਮੀਤੋ, ਭੈਣੇ ਖਾਨਦਾਨ ਐਂ...? ਬੱਸ ਪੁੱਛ ਨਾ...! ਮੁੰਡਾ ਗੋਰਾ ਨਿਸ਼ੋਹ! ਦੁਨੀਆਂ ਖੜ੍ਹ-ਖੜ੍ਹ ਦੇਖੂਗੀ! ਆਪਣੀ ਪ੍ਰੀਤੋ ਤਾਂ ਰਾਜ ਕਰੂਗੀ, ਰਾਜ...!" ਮਾਮੇ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ ਸੀ।
-"ਆਪਣੀਆਂ ਤਾਂ ਭਰਾਵਾ ਰੱਬ 'ਤੇ ਈ ਡੋਰੀ ਐਂ!" ਬੇਬੇ ਨੇ ਇਕ ਵਿਚ ਹੀ ਮੁਕਾ ਦਿੱਤੀ।
ਮਾਮਾ ਅਤੇ ਬੇਬੇ ਸਾਰੀ ਰਾਤ ਗੱਲਾਂ ਬਾਤਾਂ ਕਰਦੇ ਰਹੇ।
----
ਪ੍ਰੀਤੋ ਸੋਚਾਂ ਵਿਚ ਪਈ ਹੋਈ ਸੀ। ਕੀ ਬਣੂੰਗਾ ਮੇਰੇ ਸਹੁਰੇ ਗਈ ਤੋਂ ਬਾਅਦ ਵਿਚਾਰੀ ਬੇਬੇ ਦਾ? ਸਿਆਣੇ ਆਖਦੇ ਐ, ਪੁੱਤੀਂ ਗੰਢ ਪਵੇ ਸੰਸਾਰ...! ਪਰ ਕੀ ਥੁੜਿਆ ਪਿਆ ਸੀ ਨੀਟੂ ਵਰਗੇ ਪੁੱਤ ਵੱਲੋਂ? ਕੀ ਕਰੇਗੀ ਬੇਬੇ ਮੇਰੇ ਤੋਂ ਬਿਨਾ ਇਕੱਲੀ? ਕੌਣ ਦੇਖ ਭਾਲ ਕਰੂਗਾ ਵਿਚਾਰੀ ਦੁਖਿਆਰੀ ਬੇਬੇ ਦੀ? ਕੀਹਦੇ ਨਾਲ ਦੁਖ ਸੁਖ ਕਰੂਗੀ ਬੇਬੇ? ਇਕੱਲਾ ਬੰਦਾ ਤਾਂ ਉਂਜ ਹੀ ਪਾਗਲ ਹੋ ਜਾਂਦੈ! 'ਕੱਲੇ ਬੰਦੇ ਨੂੰ ਤਾਂ ਦੁੱਖ ਘੁਣ ਵਾਂਗ ਖਾ ਜਾਂਦੈ! ਨਾਲੇ ਬੇਬੇ ਤਾਂ ਦੁੱਖਾਂ ਦੀ ਭੰਨੀ ਪਈ ਐ! ਨੀਟੂ ਤਾਂ ਦੁੱਖ ਵੰਡਾਉਣੋਂ ਰਿਹਾ।
ਅਗਲੇ ਦਿਨ ਸਵੇਰੇ ਪ੍ਰੀਤੋ ਨੇ ਸਾਰੀਆਂ ਸ਼ਰਮਾਂ ਲਾਹ ਕੇ ਮਾਮੇ ਨੂੰ ਰਸੋਈ ਵਿਚ ਬੁਲਾ ਲਿਆ।
-"ਕੀ ਗੱਲ ਐ ਪ੍ਰੀਤੋ...?" ਮਾਮਾ ਦੰਗ ਸੀ।
-"ਮਾਮਾ ਜੀ, ਮੇਰੇ ਵਿਆਹ ਬਾਰੇ ਤਾਂ ਸੋਚੀ ਜਾਨੇ ਐਂ-ਪਰ ਬੇਬੇ ਕੋਲ ਕੌਣ ਰਹੂ, ਕਦੇ ਸੋਚਿਐ?"
-"ਹੈ ਕਮਲ਼ੀ...! ਮੀਤੋ ਕੋਲ਼ੇ ਨੀਟੂ ਹੈ ਤਾਂ ਹੈਗਾ!" ਆਪਦੇ ਜਾਣੇ ਮਾਮੇ ਨੇ ਪ੍ਰੀਤੋ ਦੀ ਮੁਸ਼ਕਿਲ ਹੱਲ ਕਰ ਦਿੱਤੀ ਸੀ।
-"ਮਾਮਾ ਜੀ, ਅਸਲੀਅਤ ਦਾ ਥੋਨੂੰ ਪਤਾ ਈ ਨ੍ਹੀ...! ਬੇਬੇ ਤੋਂ ਪੁੱਛੋ ਬਈ ਅਸਲੀਅਤ ਕੀ ਐ!"
-"ਕੀ ਐ ਅਸਲੀਅਤ? ਕੁੜ੍ਹੇ ਤੂੰ ਤਾਤੇ ਬਾਤੇ ਜੇ ਕਾਹਨੂੰ ਕਰੀ ਜਾਨੀ ਐਂ? ਗੱਲ ਖੁੱਲ੍ਹ ਕੇ ਕਰਗਾਂ...!" ਮਾਮਾ ਵੱਟ ਖਾ ਗਿਆ।
ਪ੍ਰੀਤੋ ਨੇ ਸਾਰੀ ਕਹਾਣੀ ਆਖ ਸੁਣਾਈ।
ਮਾਮਾ ਹੈਰਾਨ ਰਹਿ ਗਿਆ।
-"ਪਰ ਮਲਕੀਤੋ ਨੇ ਤਾਂ ਮੇਰੇ ਕੋਲੇ ਕਦੇ ਭੋਗ ਨ੍ਹੀ ਪਾਇਆ?"
-"ਬੇਬੇ ਜਿੰਨਾਂ ਲਕੋਅ ਰੱਖਦੀ ਐ-ਓਨੀ ਈ ਦੁਖੀ ਹੁੰਦੀ ਐ, ਮਾਮਾ ਜੀ।" ਪ੍ਰੀਤੋ ਡੁਸਕ ਪਈ।
-"ਤੂੰ ਰੋਈ ਕਾਹਨੂੰ ਜਾਨੀ ਐਂ? ਛ੍ਹੋਰ ਦੇ ਚਾਰ ਮਾਰਾਂਗੇ ਜਾਭਾਂ 'ਤੇ...!" ਮਾਮੇ ਦਾ ਮਨ ਖੱਟਾ ਹੋ ਗਿਆ।
-"ਫੇਰ ਕਿਹੜਾ ਮਾਮਾ ਜੀ ਉਹ ਸੁਧਰਜੂ...?"
ਮਾਮਾ ਸੋਚੀਂ ਪੈ ਗਿਆ।
ਗੱਲ ਪ੍ਰੀਤੋ ਦੀ ਠੀਕ ਸੀ। ਰਿਆਹ ਹਾਥੀ ਅਤੇ ਭੂਸਰੇ ਸਾਹਣ ਦਾ ਇਲਾਜਜ ਕੁੱਟ ਨਹੀਂ! ਉਸ ਨੂੰ ਤਾਂ ਕਿਸੇ ਤਰੀਕੇ ਨਾਲ ਹੀ ਵੱਸ ਵਿਚ ਲਿਆਂਦਾ ਜਾ ਸਕਦੈ! ਅੱਕੇ ਬਾਂਦਰ ਦੇ ਡੰਡਾ ਮਾਰੋ, ਉਹ ਡੰਡੇ ਵਾਲੇ ਨੂੰ ਹੀ ਲੀਰਾਂ ਕਰ ਸੁੱਟਦੈ!
-"ਇਹਦੇ ਬਾਰੇ ਮੈਂ ਮਲਕੀਤੋ ਨਾਲ ਕਰਦੈਂ ਗੱਲ...!"
ਮਾਮਾ ਅੰਦਰ ਚਲਾ ਗਿਆ। ਉਸ ਨੇ ਭੈਣ ਮਲਕੀਤ ਕੌਰ ਨਾਲ ਕਾਫ਼ੀ ਖਫ਼ਾਈ ਕੀਤੀ। ਤੱਤਾ ਠੰਢਾ ਹੋਇਆ। ਪਰ ਫਿਰ ਸ਼ਾਂਤ ਹੋ ਗਿਆ।
-"ਇਕ ਗੱਲ ਮਲਕੀਤੋ ਹੋਰ ਐ...!" ਮਾਮੇ ਨੇ ਕਾਫ਼ੀ ਸੋਚ ਵਿਚਾਰ ਬਾਅਦ ਕਿਹਾ।
-"......।" ਮਲਕੀਤ ਕੌਰ ਨੇ ਸੁਆਲੀ ਨਜ਼ਰਾਂ ਉਪਰ ਚੁੱਕੀਆਂ।
-"ਤਕੜੇ ਕੁੰਡੇ ਬਿਨਾ ਆਕੀ ਹਾਥੀ ਨੇ ਟਿਕ ਕੇ ਨ੍ਹੀ ਖੜ੍ਹਨਾ...!" ਕਿਸ਼ਨ ਸਿੰਘ ਨੇ ਆਖਿਆ।
-"......।" ਮਲਕੀਤ ਕੌਰ ਸਮਝੀ ਨਹੀਂ ਸੀ। ਚੁੱਪ ਸੀ।
-"ਨਹੀਂ ਸਮਝੀ...?"
ਮਲਕੀਤ ਕੌਰ ਨੇ 'ਨਾਂਹ' ਵਿਚ ਸਿਰ ਹਿਲਾਇਆ।
-"ਆਪਾਂ ਪ੍ਰੀਤੋ ਦਾ ਵਿਆਹ ਕਰ ਕੇ ਨਾਲ ਦੀ ਨਾਲ ਇਹਦਾ ਕੰਮ ਵੀ ਕਰ ਦੇਈਏ-ਕਬੀਲਦਾਰੀ ਸਿਰ ਪਈ ਤੋਂ ਆਪੇ ਥਾਂ ਸਿਰ ਖੜ੍ਹਜੂ! ਠੀਕ ਐ ਕਿ ਨਹੀਂ ਠੀਕ?"
-"ਕਿਸ਼ਨ ਸਿਆਂ...! ਬਾਈ, ਕਿਤੇ ਉਹ ਨਾ ਹੋਵੇ ਬਈ ਆਪਾਂ ਬਿਗਾਨੀ ਧੀ ਦੀਆਂ ਵੀ ਦੁਰਸੀਸਾਂ ਲੈ ਲਈਏ? ਮੈਥੋਂ ਤਾਂ ਅੱਗੇ ਈ ਨ੍ਹੀ ਮਾੜੇ ਕਰਮਾਂ ਦਾ ਭਾਰ ਚੱਕਿਆ ਜਾਂਦਾ? ਕਿਤੇ ਉਹ ਗੱਲ ਤਾ ਹੋਵੇ ਬਈ ਬੱਕਰੇ ਦੀ ਜਾਨ ਗਈ ਤੇ ਖਾਣ ਆਲ਼ੇ ਨੂੰ ਸੁਆਦ ਨਾ ਆਇਆ-ਆਪਾਂ ਕਿਤੇ ਬਿਗਾਨੀ ਧੀ ਨਾ ਪਰੁੰਨ੍ਹ ਕੇ ਰੱਖ ਦੇਈਏ?"
-"ਹਮੇਸ਼ਾ ਮਾੜਾ ਪਾਸਾ ਨਾ ਸੋਚੀਏ! ਕਦੇ ਚੰਗੀ ਸੋਚ ਵੀ ਕਰੀਏ! ਆਪਾਂ ਰੱਬ ਦੇ ਮਾਂਹ ਤਾਂ ਨ੍ਹੀ ਮਾਰੇ? ਰੱਬ ਆਪੇ ਭਲੀ ਕਰੂ-ਨੀਟੇ ਆਸਤੇ ਰਿਸ਼ਤਾ ਕੋਈ ਮੈਂ ਹੱਥ ਹੇਠ ਕਰਦੈਂ-ਪਹਿਲਾਂ ਆਪਾਂ ਪ੍ਰੀਤੋ ਆਲ਼ਾ ਸਾਹਾ ਸਿਰੇ ਚਾੜ੍ਹੀਏ!"
ਮਲਕੀਤ ਕੌਰ ਚੁੱਪ ਹੀ ਰਹੀ ਸੀ। ਕਿਸ਼ਨ ਸਿੰਘ ਹੀ ਗੱਲਾਂ ਕਰਦਾ ਰਿਹਾ ਸੀ।
ਅਗਲੇ ਦਿਨ ਮਾਮਾ ਆਪਣੇ ਪਿੰਡ ਨੂੰ ਬੱਸ ਚੜ੍ਹ ਗਿਆ...।
----------
ਦੂਜਾ ਕਾਂਡ ਸਮਾਪਤ
1 comment:
KUSSA SAHIB! Sat sri akaal !! 'Nikhatu putt na jamde dhee anhi changi !' pattar NITTU wala kirdar ajj vi bahute gharan ch laadle putt nebhah rahe ne. Kher, tusi tan har noval vich hi ess noval vangu pathhkan nu mantar-mughadh kari rakhde ho ! parhann wale di larhi nahi ttutan dinde,
bahut-bahut Mubarkan!!
agle kaand di odeek vich ;
apda , gurmail badesha.
Post a Comment