ਸਵੇਰ ਦਾ ਅੰਮ੍ਰਿਤ ਵੇਲਾ ਸੀ।
ਚਾਰ ਵੱਜ ਚੁੱਕੇ ਸਨ। ਗੁਰਦੁਆਰੇ ਦਾ ਪਾਠੀ ਸਿੰਘ ਅਜੇ ਬੋਲਿਆ ਨਹੀਂ ਸੀ। ਸਾਰਾ ਪਿੰਡ ਸੁੱਤਾ ਹੋਇਆ ਸੀ। ਪਹੁ ਫੁਟਾਲੇ ਦੀ ਸ਼ਾਂਤੀ ਸੀ। ਏਅਰਪੋਰਟ ਤੋਂ ਲਈ ਟੈਕਸੀ ਹਰਦੇਵ ਨੂੰ ਉਸ ਦੇ ਘਰ ਅੱਗੇ ਲਾਹ ਕੇ ਮੁੜ ਗਈ। ਹਰਦੇਵ ਨੇ ਡਰਾਈਵਰ ਨੂੰ ਚਾਹ ਪਾਣੀ ਵੀ ਨਾ ਪੁੱਛਿਆ। ਘਰ ਸੀ ਹੀ ਕੌਣ...? ਜਿਹੜਾ ਉਸ ਨੂੰ ਚਾਹ ਬਣਾ ਕੇ ਦਿੰਦਾ...? ਵੈਸੇ ਉਸ ਨੇ ਡਰਾਈਵਰ ਨੂੰ ਸੌ ਰੁਪਏ ਕਿਰਾਏ ਤੋਂ ਇਲਾਵਾ ਚਾਹ ਪਾਣੀ ਲਈ ਦੇ ਦਿੱਤੇ ਸਨ। ਡਰਾਈਵਰ ਧੰਨਵਾਦ ਕਰ ਕੇ ਚਲਾ ਗਿਆ ਅਤੇ ਹਰਦੇਵ ਆਪਣੇ ਨਾਲ ਲਿਆਂਦੇ ਦੋ ਅਟੈਚੀ ਲੈ ਕੇ ਦਰਵਾਜੇ ਕੋਲ਼ ਆ ਗਿਆ ਸੀ।
ਉਸ ਨੇ ਆਪਣਾ ਜੱਦੀ ਘਰ ਬੜੀ ਰੀਝ ਨਾਲ ਤੱਕਿਆ। ਇਕ ਤਰ੍ਹਾਂ ਨਾਲ ਅੱਖਾਂ ਵਿਚ ਹੰਝੂ ਭਰ ਕੇ ਸਿਜਦਾ ਹੀ ਤਾਂ ਕੀਤਾ ਸੀ, ਉਸ ਨੇ ਆਪਣੇ ਇਸ ਘਰ ਨੂੰ...! ਇਸ ਘਰ ਵਿਚ ਉਹ ਜੰਮਿਆਂ, ਪਲ਼ਿਆ ਅਤੇ ਜਵਾਨ ਹੋਇਆ ਸੀ! ਬੜੀਆਂ ਤੱਤੀਆਂ-ਠੰਢੀਆਂ ਹਵਾਵਾਂ ਵਗੀਆਂ ਸਨ, ਇਸ ਘਰ ਉਤੇ...! ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ, ਇਸ ਘਰ ਨਾਲ...! ਬੜੀਆਂ ਖ਼ੁਸ਼ੀਆਂ ਖੇੜੇ ਮਾਣੇ ਅਤੇ ਬੜੇ ਦਸੌਂਟੇ ਵੀ ਕੱਟੇ ਸਨ, ਇਸ ਘਰ ਨੇ...!
----
ਹਰਦੇਵ ਨੇ ਆਪਣੇ ਘਰ ਦਾ ਜੰਗਾਲਿਆ ਜਿੰਦਰਾ ਖੋਲ੍ਹਿਆ।
ਉਸ ਦੇ ਮਨ ਅੰਦਰ ਸੋਚਾਂ ਅਤੇ ਪੁਰਾਣੀਆਂ ਯਾਦਾਂ ਦਾ ਜਹਾਦ ਛਿੜਿਆ ਹੋਇਆ ਸੀ। ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਦਰਵਾਜਾ ਤਾਂ ਕਿਸੇ ਨੇ ਖੋਲ੍ਹਿਆ ਹੀ ਨਹੀਂ ਸੀ। ਬਾਪੂ ਮਰੇ ਤੋਂ ਤਾਂ ਉਹ ਆ ਹੀ ਨਹੀਂ ਸੀ ਸਕਿਆ। ਚੰਗੇ ਭਾਗਾਂ ਨੂੰ ਸਿਰਫ਼ ਮਰਨ ਕਿਨਾਰੇ ਪਈ ਮਾਂ ਦਾ ਮੂੰਹ ਦੇਖਣਾ ਹੀ ਹਰਦੇਵ ਨੂੰ ਨਸੀਬ ਹੋਇਆ ਸੀ। ਮਾਂ ਦਾ ਸਸਕਾਰ ਕਰਨ ਅਤੇ ਫ਼ੁੱਲ ਪਾਉਣ ਤੋਂ ਬਾਅਦ ਉਹ ਘਰ ਨੂੰ ਜਿੰਦਰਾ ਮਾਰ ਕੇ ਚਾਬੀ ਨਾਲ ਲੈ ਗਿਆ ਸੀ। ਸ਼ਰੀਕਾਂ ਨੇ ਬੜੇ ਖੇਡ ਖੇਡੇ, ਬੜੀਆਂ ਚਾਲਾਂ ਚੱਲੀਆਂ ਇਸ ਘਰ 'ਤੇ ਕਬਜ਼ਾ ਕਰਨ ਲਈ...। ਪਰ ਹਰਦੇਵ ਦੀ ਵਾਕਫ਼ੀਅਤ ਕਰ ਕੇ ਉਹ ਕਾਮਯਾਬ ਨਹੀਂ ਹੋ ਸਕੇ ਸਨ। ਫਿਰ ਸ਼ਰੀਕਾਂ ਨੇ ਇਹ ਘਰ ਖਰੀਦਣ ਦਾ ਸ਼ੋਸ਼ਾ ਛੱਡਿਆ। ਪਰ ਖਿਝੇ ਹਰਦੇਵ ਨੇ ਪ੍ਰਤੱਖ ਨਾਂਹ ਕਰ ਦਿੱਤੀ। ਪਿੰਡ ਵਾਲ਼ਾ ਜੱਦੀ ਘਰ ਉਹ ਕੁਝ ਪੈਸਿਆਂ ਖਾਤਰ ਗੁਆਉਣਾ ਨਹੀਂ ਚਾਹੁੰਦਾ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਚੰਗੀਆਂ ਮੰਦੀਆਂ ਯਾਦਾਂ ਇਸ ਘਰ ਨਾਲ ਹੀ ਤਾਂ ਜੁੜੀਆਂ ਹੋਈਆਂ ਸਨ!
----
ਕਿੰਨੇ ਹੀ ਸਾਲ ਹੋ ਗਏ ਸਨ। ਇੰਡੀਆ ਉਸ ਦਾ ਗੇੜਾ ਹੀ ਨਹੀਂ ਵੱਜ ਸਕਿਆ ਸੀ। ਘਰ ਦੇ ਕੰਮਾਂ ਕਾਜਾਂ ਅਤੇ ਇੰਗਲੈਂਡ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਉਹ ਲੰਡਨ ਤੋਂ ਪੈਰ ਨਹੀਂ ਪੁੱਟ ਸਕਿਆ ਸੀ। ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦਾ ਖ਼ਿਆਲ ਅਤੇ ਘਰ ਦੀ ਕਿਸ਼ਤ ਮੋੜਨ ਦਾ ਧੰਦ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ। ਉਹ ਇੰਡੀਆ, ਖ਼ਾਸ ਕਰਕੇ ਪੰਜਾਬ ਲਈ ਤੜਪਦਾ ਵੀ ਪਿੰਡ ਚੱਕਰ ਨਹੀਂ ਮਾਰ ਸਕਿਆ ਸੀ। ਲੰਡਨ ਵਿਚ ਮੁਲਾਇਮ ਬੈੱਡਾਂ 'ਤੇ ਸੁੱਤੇ ਪਏ ਹਰਦੇਵ ਨੂੰ ਪਿੰਡ ਅਤੇ ਆਪਣੇ ਖੇਤਾਂ ਦੇ ਸੁਪਨੇ ਆਉਂਦੇ। ਸੁਪਨੇ ਵਿਚ ਉਹ ਸਾਰੀ-ਸਾਰੀ ਰਾਤ ਖੇਤਾਂ ਦੇ ਚੱਕਰ ਲਾਉਂਦਾ ਰਹਿੰਦਾ। ਬਰਸੀਣ ਨੂੰ ਸਿੰਜਦਾ ਰਹਿੰਦਾ। ਖੇਤਾਂ 'ਚੋਂ ਗੰਨੇ ਪੱਟਦਾ ਅਤੇ ਮੱਕੀ ਦੇ ਖੇਤ 'ਚੋਂ ਛੱਲੀਆਂ ਭੰਨ ਕੇ ਭੁੰਨਦਾ। ਪਰ ਜਦੋਂ ਉਸ ਦੀ ਅੱਖ ਖੁੱਲ੍ਹਦੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਬਗੈਰ ਨਾਲ਼ੇ ਤੋਂ ਪਾਈ ਹੋਈ ਨਿੱਕਰ ਵਰਗੀ ਲੱਗਦੀ। ਜਿਹੜੀ ਉਸ ਨੂੰ ਆਪਣੀ ਇੱਜ਼ਤ ਢਕਣ ਲਈ ਮਜ਼ਬੂਰੀ ਵੱਸ ਉਪਰ ਚੁੱਕਣੀ ਪੈਂਦੀ ਸੀ, ਨਹੀਂ ਤਾਂ ਉਹ ਜੱਗ ਜਹਾਨ ਵਿਚ 'ਨੰਗਾ' ਹੁੰਦਾ ਸੀ! ਕੀ ਸੀ ਇਹ ਆਵਾਗੌਣ ਜ਼ਿੰਦਗੀ...?
----
ਜਦ ਉਸ ਨੇ ਘਰ ਦਾ ਦਰਵਾਜਾ ਖੋਲ੍ਹਿਆ ਤਾਂ ਲੱਕੜ ਦਾ ਦਰਵਾਜਾ ਇੰਜ ਚੀਕਿਆ, ਜਿਵੇਂ ਆਪਣੇ ਮਾਲਕ ਦੇ ਗਲ਼ ਲੱਗ ਕੇ ਕੀਰਨਾ ਪਾਇਆ ਹੋਵੇ...! ਹਰਦੇਵ ਦੇ ਮਨ ਦੀ ਅਵਸਥਾ ਵੀ ਕੁਝ ਅਜਿਹੀ ਹੀ, ਧਾਹ ਮਾਰਨ ਵਾਲੀ ਹੋਈ ਪਈ ਸੀ। ਅੰਦਰ ਘੁੱਪ ਹਨ੍ਹੇਰਾ ਸੀ। ਪਰ ਹਰਦੇਵ ਦੇ ਆਪਣੇ ਜ਼ਿਹਨ ਵਿਚ ਇਕ ਅਜੀਬ ਚਾਨਣ, ਇਕ ਅਜੀਬ ਹੀ ਨੂਰ ਸੀ। ਉਹ ਵਰਾਂਡਾ ਲੰਘ ਕੇ ਅੰਦਰ ਗਿਆ ਤਾਂ ਸੈਂਕੜੇ ਯਾਦਾਂ ਨੇ ਉਸ ਨੂੰ ਘੇਰ ਲਿਆ...!
----
ਕਲਪਨਾ ਵਿਚ, ਮਰੀ ਮਾਂ ਨੇ ਉਸ ਨੂੰ ਬੜੇ ਪਿਆਰ ਨਾਲ ਬੁੱਕਲ ਵਿਚ ਲਿਆ। ਹੰਝੂ ਕੇਰੇ! ਨਹੋਰ੍ਹੇ ਦਿੱਤੇ। ਕਿੰਨਾ ਚਿਰ ਨਾ ਆਉਣ ਕਰ ਕੇ ਗੁੱਸਾ-ਗਿਲਾ ਵੀ ਕੀਤਾ। ਕਈ ਸਾਲ ਪਹਿਲਾਂ ਤੁਰ ਗਏ ਬਾਪੂ ਨੇ "ਤਕੜੈਂ ਸ਼ੇਰਾ...?" ਪੁੱਛ ਕੇ ਸਿਰ ਪਲੋਸਿਆ। ਕਿੱਥੋਂ ਕਿੱਥੇ ਪੁੱਜ ਗਿਆ ਸੀ ਹਰਦੇਵ...? ਸੱਤ ਸਮੁੰਦਰੋਂ ਪਾਰ...! ਗੋਰਿਆਂ ਦੀ ਧਰਤੀ 'ਤੇ...! ਜਿਸ ਨੂੰ ਲੋਕ ਪਰੀਆਂ ਦਾ ਦੇਸ਼ ਆਖਦੇ ਸਨ। ਪਰ ਉਸ ਪਰੀਆਂ ਦੇ ਦੇਸ਼ ਨੇ ਹਰਦੇਵ ਨਾਲ ਕਦੇ ਵੀ ਵਫ਼ਾ ਨਾ ਕੀਤੀ। ਸ਼ਾਇਦ ਪਰੀਆਂ ਦੇ ਦੇਸ਼ ਜਾਂ ਪਰਾਏ ਲੋਕਾਂ ਦਾ ਕਸੂਰ ਇਤਨਾ ਨਹੀਂ ਸੀ, ਜਿਤਨਾ ਕਸੂਰ ਉਸ ਦੇ 'ਆਪਣਿਆਂ' ਦਾ ਸੀ! ਕਿੰਨੇ ਰਿਸ਼ਤੇਦਾਰ ਅਤੇ ਕਿੰਨੇ ਦੋਸਤ ਮਿੱਤਰ ਉਸ ਨੇ ਉਸ ਪਰੀਆਂ ਦੇ ਦੇਸ਼ ਵਿਚ ਬੁਲਾਏ। ਰਾਹਦਾਰੀਆਂ ਭੇਜੀਆਂ, ਜਹਾਜ ਦੀਆਂ ਟਿਕਟਾਂ ਪੱਲਿਓਂ ਖਰਚੀਆਂ, ਬੜੀ ਜੱਦੋਜਹਿਦ ਕੀਤੀ। ਅਖੇ ਮੇਰੇ ਰਿਸ਼ਤੇਦਾਰ, ਮੇਰੇ ਮਿੱਤਰ ਮੇਰੀਆਂ ਬਾਹਵਾਂ ਬਣਨਗੇ! ਕੀ ਬਣਿਆਂ...? ਇਸ ਖ਼ਰੀਂਢ ਨੂੰ ਉਚੇੜ ਕੇ ਹਰਦੇਵ ਆਪਣਾ ਹਿਰਦਾ ਮੁੜ ਤੋਂ ਜ਼ਖ਼ਮੀਂ ਨਹੀਂ ਕਰਨਾ ਚਾਹੁੰਦਾ ਸੀ। ਬੜੇ ਦੁਖੜੇ ਸਹੇ ਸਨ ਉਸ ਨੇ। ਬੜਾ ਉਚਾ ਸੋਚਿਆ ਸੀ ਉਸ ਨੇ ਆਪਣੇ ਰਿਸ਼ਤੇਦਾਰਾਂ ਖ਼ਾਤਿਰ! ਉਹ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਲੋਕਾਂ ਨਾਲੋਂ 'ਉੱਚਾ' ਦੇਖਣਾ ਚਾਹੁੰਦਾ ਸੀ। ਪਰ ਕਮੀਨੇ ਰਿਸ਼ਤੇਦਾਰ ਅਤੇ ਖ਼ੁਦਗਰਜ਼ ਮਿੱਤਰ ਤਾਂ ਉਸ ਦੀਆਂ ਹੀ ਟੰਗਾਂ ਖਿੱਚਣ ਲੱਗ ਪਏ ਸਨ। ਉਸ ਨੂੰ ਹੀ ਪੁੱਠਾ ਘੜ੍ਹੀਸਣ ਲੱਗ ਪਏ ਸਨ। ਉਸ ਨੂੰ ਹੀ ਪੌੜੀ ਤੋਂ ਸੁੱਟਣ ਦੀਆਂ ਸਾਜ਼ਿਸ਼ਾਂ ਰਚਣ ਲੱਗ ਪਏ ਸਨ। ਸਿਆਣੇ ਆਖਦੇ ਹਨ ਕਿ ਭੱਜੀਆਂ ਬਾਂਹਾਂ ਗਲ਼ਾਂ ਨੂੰ ਆਈਆਂ! ਪਰ ਉਹ ਬਾਂਹਾਂ ਤਾਂ ਉਸ ਦੀ ਹੀ ਸੰਘੀ ਦਬਾਉਣ ਦੀਆਂ ਸਾਜਿ਼ਸ਼ਾਂ ਵਿਚ ਲੱਗ ਗਈਆਂ ਸਨ!
----
ਗੁਰਦੁਆਰੇ ਦਾ ਪਾਠੀ ਬੋਲਿਆ ਤਾਂ "ਸਤਿਨਾਮ-ਸ੍ਰੀ ਵਾਹਿਗੁਰੂ...!" ਦੇ ਪਵਿੱਤਰ ਸ਼ਬਦਾਂ ਨਾਲ ਹਰਦੇਵ ਦੀਆਂ ਸੋਚਾਂ ਦੀ ਤੰਦ ਟੁੱਟੀ...!
ਪੰਛੀ ਚਹਿਕਣ ਲੱਗ ਪਏ ਸਨ। ਵਿਹੜੇ ਵਿਚ ਬਾਹਵਾ ਚਾਨਣ ਹੋ ਗਿਆ ਸੀ। ਉਸ ਨੇ ਵਿਹੜੇ ਵਿਚ ਖੜ੍ਹਾ ਨਲ਼ਕਾ ਚਲਾ ਕੇ ਦੇਖਿਆ ਤਾਂ ਉਹ ਪਾਣੀ ਤੋਂ ਸੱਖਣਾਂ, ਦਮੇਂ ਦੇ ਮਾਰੇ ਮਰੀਜ਼ ਵਾਂਗ "ਘੜੱਚ-ਘੜੱਚ" ਹੀ ਕਰੀ ਜਾਂਦਾ ਸੀ! ਨਲ਼ਕਾ ਉਸ ਨੂੰ ਕੁਪੱਤੀ ਸੱਸ ਵਾਂਗ ਮਿਹਣੇ ਜਿਹੇ ਮਾਰਦਾ ਪ੍ਰਤੀਤ ਹੋਇਆ। ਫਿਰ ਉਸ ਨੇ ਢਹੀਆਂ ਖੁਰਲੀਆਂ ਵੱਲ ਲੰਬੀ ਨਿਗਾਹ ਮਾਰੀ। ਖਾਲੀ ਖੁਰਲੀਆਂ ਦੇਖ ਕੇ ਉਸ ਨੂੰ ਹੌਲ ਜਿਹਾ ਪੈ ਗਿਆ। ਇਹਨਾਂ ਖੁਰਲੀਆਂ ਉਪਰ ਕਦੇ ਪੰਜ-ਪੰਜ ਸੱਜਰ ਸੂਈਆਂ ਮੱਝਾਂ ਅਤੇ ਕੰਨਾਂ ਵਿਚ ਭਾਂਤ ਸੁਭਾਂਤੇ ਫੁੱਲ ਪਾਈ, ਕੱਟਰੂ ਖੜ੍ਹੇ ਹੁੰਦੇ ਸਨ। ਵਿਹੜੇ ਦੇ ਦੂਜੇ ਖੂੰਜੇ ਨਾਰੇ ਬਲਦਾਂ ਦੀ ਇਕ ਜੋੜੀ ਬੰਨ੍ਹੀ ਹੁੰਦੀ ਸੀ। ਜਿਹਨਾਂ ਦੀਆਂ ਟੱਲੀਆਂ ਦੀ ਆਵਾਜ਼ ਸਵੇਰੇ-ਸਵੇਰੇ ਕੋਈ ਗ਼ੈਬੀ ਨਾਦ ਛੇੜਦੀ ਸੀ। ਜਦੋਂ ਵੀ ਹਰਦੇਵ ਨੇ ਘਰੇ ਆਉਣਾ ਤਾਂ ਬੱਲ੍ਹੀ ਮੱਝ ਨੇ ਰਿੰਗ ਕੇ ਉਸ ਦਾ 'ਸੁਆਗਤ' ਕਰਨਾ। ਹਰਦੇਵ ਵੀ ਉਸ ਨੂੰ ਆਟੇ ਦਾ 'ਧੂੜਾ' ਧੂੜੀ ਰੱਖਦਾ ਸੀ। ਬੇਬੇ ਨੇ ਬਥੇਰੀ ਦੁਹਾਈ ਦੇਣੀ, "ਵੇ ਕਾਹਨੂੰ ਮੱਝ ਨੂੰ ਆਟਾ ਚਾਰੀ ਜਾਨੈ..? ਖਾਵਾਂਗੇ ਕੀ, ਖ਼ਸਮਾਂ ਨੂੰ ਖਾਣਿਆਂ...?" ਪਰ ਉਸ ਨੇ ਸੁਣੀ, ਅਣਸੁਣੀ ਕਰ ਦੇਣੀ। ਹੁਣ ਇਹ ਸਾਰਾ ਘਰ ਉਜਾੜ ਅਤੇ ਰੋਹੀ ਬੀਆਬਾਨ ਜਿਹਾ ਬਣਿਆਂ ਪਿਆ ਸੀ, ਉਸ ਦੀ ਆਪਣੀ ਹੀ ਜ਼ਿੰਦਗੀ ਵਾਂਗ...! ਬਾਪੂ ਦੀ ਗੜ੍ਹਕਵੀਂ ਅਵਾਜ਼ ਤੂੜੀ ਵਾਲੇ ਅੰਦਰੋਂ ਵੀ ਨਗਾਰੇ ਵਾਂਗ ਵੱਜਦੀ ਸੀ। ਮਾਂ ਦੀ ਮਾਖਿਓਂ ਮਿੱਠੀ ਅਵਾਜ਼ ਕੰਨਾਂ ਵਿਚ ਕੋਈ ਸ਼ਹਿਦ-ਰਸ ਘੋਲ਼ਦੀ ਸੀ। ਇਸ ਵਿਹੜੇ ਵਿਚ ਗੂੰਜਣ ਵਾਲੀਆਂ ਆਵਾਜ਼ਾਂ ਪਤਾ ਨਹੀਂ ਕਿਹੜੀ ਕੂਟੀਂ ਚੜ੍ਹ ਗਈਆਂ ਸਨ...?
----
ਵਿਹੜੇ ਵਿਚ ਲੋਹੜੇ ਦਾ ਘਾਹ ਉਗਿਆ ਪਿਆ ਸੀ। ਬੇਬੇ ਵੇਲੇ ਦੇ ਚੁੱਲ੍ਹਿਆਂ ਅਤੇ ਹਾਰਿਆਂ ਵਿਚ ਵੀ ਘਾਹ ਖੜ੍ਹਾ ਸੀ! ਖੁਰਲੀ 'ਤੇ ਚੜ੍ਹ ਕੇ ਉਸ ਨੇ ਆਪਣੇ ਘਰ ਦਾ ਪਿਛਵਾੜਾ ਤੱਕਿਆ। ਆਂਢੀ ਗੁਆਂਢੀਆਂ ਨੇ ਰੂੜੀ ਲਾਈ ਹੋਈ ਸੀ ਅਤੇ ਗੱਡੇ ਹੋਏ ਕਿੱਲਿਆਂ ਤੋਂ ਲੱਗਦਾ ਸੀ ਕਿ ਗੁਆਂਢੀ ਦਿਨੇ ਇੱਥੇ ਪਸ਼ੂ-ਡੰਗਰ ਬੰਨ੍ਹਦੇ ਸਨ। ਉਹ ਖੁਰਲੀ ਤੋਂ ਹੇਠਾਂ ਉਤਰ ਆਇਆ। ਉਸ ਦਾ ਦਿਲ ਅਥਾਹ ਦੁਖੀ ਹੋ ਗਿਆ। ਉਸ ਨੂੰ ਬਾਪੂ ਦੇ ਕਹੇ ਬਚਨ ਯਾਦ ਆਏ, "ਕੀ ਕਰਨੈਂ ਇੱਥੇ ਕੋਠੀ ਪਾ ਕੇ ਸ਼ੇਰਾ? ਤੇਰੀ ਕੋਠੀ ਵਿਚ ਤਾਂ ਫੇਰ ਕੁੱਤੇ ਈ ਮੂਤਿਆ ਕਰਨਗੇ! ਅਸੀਂ ਕਿੰਨੇ ਕੁ ਰੋਜ ਐਂ..? ਅੱਜ ਮਰੇ ਭਲਕੇ ਦੂਜਾ ਦਿਨ..! ਨਾ ਪੈਸੇ ਬਰਬਾਦ ਕਰ..! ਨਾਲੇ ਤੂੰ ਕਿਹੜਾ ਐਥੇ ਆ ਕੇ ਕੋਠੀ 'ਚ ਰਹਿਣੈਂ..? ਤੇਰੀ ਔਲਾਦ ਤਾਂ ਬਾਹਰ ਜੰਮੀ, ਬਾਹਰ ਪਲ਼ੀ-ਉਹ ਤਾਂ ਐਥੋਂ ਦੀ ਭਾਸ਼ਾ ਨ੍ਹੀ ਜਾਣਦੇ-ਐਥੇ ਆ ਕੇ ਵਸਣਾ ਤਾਂ ਉਹਨਾਂ ਨੇ ਕੀ ਐ..? ਦੁਨੀਆਂ ਦੀ ਵਡਿਆਈ ਨਾਲੋਂ ਐਵੇਂ ਈ ਚੰਗੇ ਐਂ...!" ਜਦੋਂ ਉਸ ਨੇ ਕੋਠੀ ਪਾਉਣ ਬਾਰੇ ਬਾਪੂ ਨਾਲ ਸਲਾਹ ਕੀਤੀ ਸੀ ਤਾਂ ਬਾਪੂ ਨੇ ਉਸ ਨੂੰ ਕੋਠੀ ਨਾ ਪਾਉਣ ਦੀ ਰਾਇ ਹੀ ਦਿੱਤੀ ਸੀ। ਬਾਪੂ ਦੀ ਸਲਾਹ ਅੱਜ ਉਸ ਨੂੰ ਬਿਲਕੁਲ, ਸੋਲ੍ਹਾਂ ਆਨੇ ਸਹੀ ਹੀ ਤਾਂ ਜਾਪ ਰਹੀ ਸੀ। ਸਿਆਣੇ ਦਾ ਕਿਹਾ ਅਤੇ ਔਲ਼ੇ ਦਾ ਖਾਧਾ ਪਿੱਛੋਂ ਪਤਾ ਲੱਗਦੈ!
----
ਗਹੁ ਨਾਲ ਦੇਖਣ ਤੋਂ ਪਤਾ ਲੱਗਦਾ ਸੀ ਕਿ ਪਿਛਲੀ, ਵੱਡੀ ਸਵਾਤ ਕਦੋਂ ਦੀ ਢਹਿ ਚੁੱਕੀ ਸੀ। ਇਸ ਸਵਾਤ ਹੇਠ ਉਹ ਬਚਪਨ ਤੋਂ ਲੈ ਕੇ ਜੁਆਨੀ ਤੱਕ ਮੰਜਾ ਡਾਹ ਕੇ ਸੌਂਦਾ ਰਿਹਾ ਸੀ। ਇਕ ਵਾਰ ਉਹ ਸਵਾਤ ਵਿਚ ਬੈਠਾ ਲੈਂਪ ਜਗਾ ਕੇ ਰਾਤ ਨੂੰ 'ਪ੍ਰੀਤੋ' ਨੂੰ ਚਿੱਠੀ ਲਿਖ ਰਿਹਾ ਸੀ। ਘਰਦੇ ਅਨਪੜ੍ਹ ਹੋਣ ਕਰਕੇ ਇਹ ਹੀ ਸਮਝ ਰਹੇ ਸਨ ਕਿ ਹਰਦੇਵ ਸਿਉਂ ਪੜ੍ਹ ਰਿਹਾ ਹੈ। ਪਰ ਜਦ ਉਸ ਦਾ ਫ਼ੌਜੀ ਚਾਚਾ ਉਸ ਕੋਲ ਆਇਆ ਤਾਂ ਹਰਦੇਵ ਨੂੰ ਲੈਂਪ ਦੇ ਚਾਨਣ ਅੱਗੇ ਬੈਠੇ ਨੂੰ ਚਾਚੇ ਆਏ ਦਾ ਪਤਾ ਨਾ ਚੱਲਿਆ। ਉਸ ਦੇ ਭਾਅ ਦਾ ਤਾਂ ਬਾਪੂ ਜਾਂ ਬੇਬੇ ਹੀ ਆਈ ਸੀ। ਉਹ ਚਿੱਠੀ ਲਿਖਣ ਵਿਚ ਹੀ ਮਘਨ ਰਿਹਾ ਤਾਂ ਚਾਚੇ ਨੇ ਪੜ੍ਹ ਕੇ ਪੁੱਛ ਹੀ ਲਿਆ, "ਕੁੜੀ ਯ੍ਹਾਵਿਆ, ਆਹ ਪੜ੍ਹਾਈ ਕਰਦੈਂ ਜਾਂ ਆਸ਼ਕੀ ਮਾਸ਼ੂਕੀ ਹੁੰਦੀ ਐ ਉਏ...?" ਤੇ ਹਰਦੇਵ ਨੂੰ ਉਸ ਨੇ ਉਸ ਦੀ ਹਾਕੀ ਨਾਲ ਹੀ ਕੁੱਟ ਦਿੱਤਾ ਸੀ। ਚਾਚਾ ਉਸ ਨੂੰ ਘਤਿੱਤਾਂ ਤੋਂ ਰੋਕਦਾ ਅਤੇ ਪੜ੍ਹਨ ਲਈ ਆਖਦਾ ਸੀ। ਪਰ ਉਹ ਚਾਚੇ ਦੇ ਚਰਨ ਫੜ ਕੇ ਇਹ ਗੱਲ ਘਰਦਿਆਂ ਤੋਂ ਛੁਪਾਉਣ ਵਿਚ ਕਾਮਯਾਬ ਰਹਿ ਗਿਆ ਸੀ। ਉਸ ਨੇ ਚਾਚੇ ਅੱਗੇ ਕਸਮ ਖਾਧੀ, ਵਾਅਦਾ ਕੀਤਾ ਸੀ ਕਿ ਅੱਗੇ ਤੋਂ ਉਹ, ਪ੍ਰੀਤੋ ਨੂੰ ਚਿੱਠੀ ਪੱਤਰ ਤਾਂ ਕੀ ਲਿਖਣਾ ਸੀ? ਬੁਲਾਵੇਗਾ ਵੀ ਨਹੀਂ...! ਪਰ ਪ੍ਰੀਤੋ ਨੂੰ ਉਹ ਕਿਵੇ ਭੁੱਲ ਸਕਦਾ ਸੀ...? ਪ੍ਰੀਤੋ ਵਿਚ ਦੀ ਤਾਂ ਉਸ ਨੂੰ ਸਾਹ ਆਉਂਦਾ ਸੀ! ਪ੍ਰੀਤੋ ਤਾਂ ਉਸ ਦੀ ਰੂਹ ਸੀ। ਉਸ ਦੀ ਜਿੰਦ ਸੀ। ਉਸ ਦਾ ਵਜੂਦ ਸੀ। ਉਸ ਦਾ ਸਭ ਕੁਝ ਸੀ। ਜੇ ਪ੍ਰੀਤੋ ਹੀ ਛੱਡ ਦਿੱਤੀ, ਤਾਂ ਇਸ ਜੱਗ 'ਤੇ ਕਾਹਦਾ ਜਿਉਣਾ ਰਹਿ ਗਿਆ...? ਉਸ ਨੂੰ ਮਿਰਗ ਨੈਣਾਂ ਵਾਲੀ ਪ੍ਰੀਤੋ ਦੀ ਪਹਿਲੀ ਮਿਲਣੀ ਕਦੇ ਨਹੀਂ ਭੁੱਲੀ ਸੀ। ਇੰਗਲੈਂਡ ਵਿਚ ਵੀ ਯਾਦ ਆਉਂਦੀ ਰਹੀ ਸੀ।
----
ਹਰਦੇਵ ਮੋਗੇ ਡੀ. ਐੱਮ. ਕਾਲਜ ਵਿਚ ਦਾਖ਼ਲ ਹੋਇਆ ਸੀ ਅਤੇ ਪ੍ਰੀਤੋ ਦਸਵੀਂ ਵਿਚ ਸੀ। ਇਕ ਦਿਨ ਉਹ ਪ੍ਰੀਤੋ ਕੇ ਘਰ ਅੱਗੋਂ ਦੀ ਬਣ-ਠਣ ਕੇ ਸਾਈਕਲ 'ਤੇ ਕਾਲਜ ਜਾ ਰਿਹਾ ਸੀ ਕਿ ਪ੍ਰੀਤੋ ਅੰਦਰੋਂ ਗੰਦੇ ਪਾਣੀ ਦੀ ਬਾਲਟੀ ਡੋਲ੍ਹਣ ਬਾਹਰ ਆਈ। ਤੇਜ਼ੀ ਵਿਚ ਉਸ ਨੇ ਗੰਦਾ ਪਾਣੀ ਦੂਰੋਂ ਹੀ ਡੋਲ੍ਹਿਆ ਤਾਂ ਸਾਈਕਲ 'ਤੇ ਲੰਘਦੇ ਹਰਦੇਵ ਦੀ ਸਾਰੀ ਪੈਂਟ ਅਤੇ ਜੁੱਤੀ ਗੱਚ ਹੋ ਗਈ। ਉਸ ਦੀ ਸਾਰੀ ਟੌਹਰ ਘੱਟੇ ਵਿਚ ਰੁਲ਼ ਗਈ। ਉਹ ਦੁਖੀ ਹੋਇਆ ਕੁੜੀ 'ਤੇ ਵਰ੍ਹ ਪਿਆ...!
.........
-"ਕੁੜੀਏ ਮੱਤ ਮਾਰੀ ਐ ਤੇਰੀ...? ਕੋਈ ਲੰਘਦਾ ਟੱਪਦਾ ਤਾਂ ਦੇਖ ਲਿਆ ਕਰ...! ਸਾਰੀ ਪੈਂਟ ਦਾ ਨਾਸ ਮਾਰ ਕੇ ਰੱਖਤਾ...ਯਧ-ਕਮਲ਼ੀ ਨਾ ਹੋਵੇ ਤਾਂ...!" ਹਰਦੇਵ ਨੇ ਦਿਲ ਦੀ ਭੜ੍ਹਾਸ ਕੱਢ ਮਾਰੀ ਅਤੇ ਉਤਰ ਕੇ ਪੈਂਟ ਝਾੜਨ ਲੱਗ ਪਿਆ।
-"ਵੇ ਦੇਵ...! ਕਾਲਜ ਈ ਚੱਲਿਐਂ! ਕਿਤੇ ਡੋਲ਼ਾ ਵਿਆਹੁਣ ਤਾਂ ਨ੍ਹੀ ਚੱਲਿਆ ਬਈ ਗਿੱਲੀ ਪੈਂਟ ਦੇਖ ਕੇ ਸਾਲੀਆਂ ਟਿੱਚਰਾਂ ਕਰਨਗੀਆਂ? ਤੂੰ ਤਾਂ ਇਉਂ ਭੂਸਰ ਗਿਆ-ਜਿਵੇਂ ਮੈਂ ਕੋਈ ਬਦਸ਼ਗਨੀ ਕਰਤੀ ਹੁੰਦੀ ਐ...?" ਕੁੜੀ ਦੀਆਂ ਬਲੌਰੀ ਅੱਖਾਂ ਦੀ ਤਿਰਛੀ ਤੱਕਣੀਂ ਹਰਦੇਵ ਦੇ ਸੀਨੇ ਵਿਚੋਂ ਦੀ ਗਰਮ ਸਰੀਏ ਵਾਂਗ ਆਰ-ਪਾਰ ਲੰਘ ਗਈ। ਉਹ ਹਾਰੇ ਹੋਏ ਜੁਆਰੀਏ ਵਾਂਗ ਝੂਠਾ ਜਿਹਾ ਹੀ ਤਾਂ ਹੋ ਗਿਆ ਸੀ। ਕੋਲ ਕੁਝ ਕਹਿਣ ਲਈ ਨਹੀਂ ਬਚਿਆ ਸੀ। ਦੁਸ਼ਮਣ ਦੇ ਘੇਰੇ ਵਿਚ ਆਏ ਫ਼ੌਜੀ ਵਾਂਗ ਹਰਦੇਵ ਹਥਿਆਰ ਸੁੱਟਣ ਲਈ ਮਜ਼ਬੂਰ ਸੀ! ਹਥਿਆਰ ਸੁੱਟਣ ਬਿਨਾ ਕੋਈ ਚਾਰਾ ਵੀ ਨਹੀਂ ਸੀ। ਪਰ ਪ੍ਰੀਤੋ ਦੀ ਸੋਹਣੀ ਸ਼ਕਲ ਸੂਰਤ ਉਸ ਦੇ ਤਨ-ਮਨ ਅੰਦਰ ਬਿਜਲੀ ਦੇ ਝਟਕੇ ਵਾਂਗ ਉਤਰ ਗਈ ਸੀ...! ਉਹ ਕਮਲ਼ਾ ਹੀ ਤਾਂ ਹੋ ਗਿਆ ਸੀ...!
----
ਪ੍ਰੀਤੋ ਦੇ ਮਾਂ-ਬਾਪ ਕਿਸੇ ਬਾਹਰਲੇ ਪਿੰਡੋਂ ਆ ਕੇ ਇਸ ਪਿੰਡ ਵਿਚ ਵਸੇ ਸਨ। ਪ੍ਰੀਤੋ ਦਾ ਇਕ ਛੋਟਾ ਭਾਈ ਨੀਟੂ ਵੀ ਸੀ। ਜੱਦੀ-ਪੁਸ਼ਤੀ ਦੁਸ਼ਮਣੀ ਹੋਣ ਕਾਰਨ ਇਸ ਮੱਧ-ਵਰਗੀ ਪ੍ਰੀਵਾਰ ਨੇ ਆਪਣੇ ਪਿੰਡੋਂ ਆਪਣੀ ਜ਼ਮੀਨ ਵੇਚ ਕੇ ਇਸ ਪਿੰਡ ਵਿਚ ਆ ਜ਼ਮੀਨ ਖਰੀਦੀ ਸੀ। ਪ੍ਰੀਤੋ ਦੇ ਬਾਪ ਨੂੰ ਉਸ ਦੇ ਘਰਾਂ 'ਚੋਂ ਲੱਗਦੇ ਸੁਹਿਰਦ ਭਰਾ ਜੱਗਰ ਨੇ ਮੱਤ ਦਿੱਤੀ ਸੀ, "ਬੰਤ ਸਿਆਂ! ਤੇਰੇ ਇੱਕੋ ਇਕ ਪੁੱਤ ਐ-ਪੁੱਤੀਂ ਗੰਢ ਪਵੇ ਸੰਸਾਰ...! ਰੱਬ ਉਹਨੂੰ ਰਾਜੀ ਖੁਸ਼ੀ ਰੱਖੇ..! ਹੁਣ ਤੂੰ ਇਉਂ ਕਰ, ਐਸ ਪਿੰਡੋਂ ਜ਼ਮੀਨ ਵੇਚ ਕੇ ਕਿਸੇ ਹੋਰ ਪਿੰਡ ਜਾ ਵਸ-ਤੇਰਾ 'ਕੱਲਾ 'ਕੱਲਾ ਪੁੱਤ ਐ-ਰੱਬ ਤੋਂ ਸੁੱਖਾਂ ਸੁਖ ਸੁਖ ਮਸਾਂ ਲਿਐ-ਗੁਰੂ ਬਾਬਾ ਇਹਦੀ ਲੰਮੀ ਉਮਰ ਕਰੇ...! ਸ਼ਰੀਕਾਂ ਨੇ ਤੈਨੂੰ ਸ਼ਾਂਤੀ ਨਾਲ ਜਿਉਣ ਨ੍ਹੀ ਦੇਣਾ...! ਆਬਦੇ 'ਕੱਲੇ 'ਕੱਲੇ ਪੁੱਤ ਦਾ ਖਿ਼ਆਲ ਕਰ..! ਕੁਛ ਨ੍ਹੀ ਧਰਿਆ ਪਿਆ ਦੁਸ਼ਮਣੀਆਂ 'ਚ...! ਰੱਬ ਨਾ ਕਰੇ, ਇਕ ਮਰੂ, ਦੂਜਾ ਫ਼ਾਹੇ ਲੱਗੂ..? ਕੀ ਖੱਟਿਆ? ਤਬਾਹੀ...! ਘਰ ਤਾਂ ਉਜੜਜੂ ਨਾ ਫੇਰ..? ਪਿਛਲੇ ਊਂ ਰੁਲ਼ ਖੁਲ਼ ਜਾਣਗੇ-ਸਿਆਣਾ ਬਣ ਤੇ ਐਸ ਪਿੰਡੋਂ ਕਿਨਾਰਾ ਕਰਜਾ..! ਬੀਹ ਰਹੇਂਗਾ...!" ਤੇ ਘਰਾਂ 'ਚੋਂ ਲੱਗਦੇ ਸਿਆਣੇ ਭਰਾ ਜੱਗਰ ਦੀ ਸਲਾਹ ਮੰਨ ਕੇ ਪ੍ਰੀਤੋ ਦੇ ਬਾਪੂ ਬੰਤ ਸਿੰਘ ਨੇ ਆਪਣੀ ਬੰਦੂਕ ਮੋਢਿਓਂ ਲਾਹ ਕੇ ਰੱਖ ਦਿੱਤੀ ਅਤੇ ਪਿੰਡੋਂ ਆਪਣੀ ਪੈਲੀ ਵੇਚ ਹਰਦੇਵ ਦੇ ਪਿੰਡ ਆ ਵਸੇਬਾ ਕੀਤਾ ਸੀ। ਜੱਦੀ ਪੁਸ਼ਤੀ ਪੈਲ਼ੀ ਵੇਚਣ ਵੇਲੇ ਲੋਕਾਂ ਨੇ ਬੜੇ ਤਾਹਨੇ ਮਿਹਣੇ ਕਸੇ ਸਨ, "ਬੰਤ ਸਿਉਂ ਡਰਾਕਲ਼ ਸੀ-ਡਰ ਗਿਆ...!" ਪਰ ਉਸ ਨੇ ਕਿਸੇ ਗੱਲ ਦੀ, ਕਿਸੇ ਤਰਕ ਦੀ ਪ੍ਰਵਾਹ ਨਾ ਕੀਤੀ। ਕੰਨ ਨਾ ਧਰਿਆ। ਇਕ ਜੱਗਰ ਦੀ ਗੱਲ ਉਸ ਦੇ ਦਿਲ ਲੱਗ ਗਈ ਸੀ, "ਬੰਤ ਸਿਆਂ, ਤੂੰ ਦੁਸ਼ਮਣਾਂ ਦਾ ਸਾਰਾ ਕੋੜਮਾਂ ਮਾਰ ਕੇ ਫ਼ਾਹੇ ਚੜ੍ਹਜਾ, ਦੁਨੀਆਂ ਨੇ ਤੈਨੂੰ ਫੇਰ ਵੀ ਸ਼ਾਬਾਸ਼ੇ ਨ੍ਹੀ ਦੇਣੀ...!" ਤੇ ਉਹ ਕੰਨ ਅਤੇ ਅੱਖਾਂ ਮੁੰਦ ਕੇ, ਸਾਰਾ ਕੁਝ ਵੇਚ-ਵੱਟ ਕੇ ਆ ਗਿਆ ਸੀ।
.................
-"ਵੇ ਭਾਈ ਹਰਦੇਵ ਸਿਉਂ ਐ...?" ਕਿਸੇ ਬਿਰਧ ਮਾਈ ਨੇ ਹਰਦੇਵ ਦੀ ਬਿਰਤੀ ਉਖੇੜੀ। ਉਹ ਦਰਵਾਜਾ ਖੁੱਲ੍ਹਾ ਦੇਖ ਕੇ ਅੰਦਰ ਆ ਗਈ ਸੀ। ਸੂਰਜ ਦਾ ਚੜ੍ਹਾਅ ਹੋ ਗਿਆ ਸੀ। ਮਾਈ ਦੀਆਂ ਬਿਰਧ, ਬੁਝੀਆਂ ਅੱਖਾਂ 'ਚ ਖ਼ੁਸ਼ੀ ਲਿਸ਼ਕ ਪਈ ਸੀ।
-"ਆਹੋ ਤਾਈ..! ਤਕੜੀ ਐਂ...?" ਹਰਦੇਵ ਨੇ ਗੁਆਂਢਣ ਤਾਈ ਦੇ ਪੈਰੀਂ ਹੱਥ ਲਾਏ। ਤਾਈ ਨੇ ਅਸੀਸ ਦੇ ਕੇ ਹਰਦੇਵ ਨੂੰ ਛਾਤੀ ਨਾਲ ਲਾ ਕੇ ਘੁੱਟ ਲਿਆ। ਤਾਈ ਵਿਚੋਂ ਉਸ ਨੂੰ ਬੇਬੇ ਵਰਗਾ ਨਿੱਘ ਹੀ ਤਾਂ ਆਇਆ ਸੀ! ਨਿੱਕਾ ਹੁੰਦਾ ਉਹ ਇਹਨਾਂ ਦੇ ਵਿਹੜੇ ਵਿਚ ਤਾਂ ਖੇਡਦਾ ਰਿਹਾ ਸੀ। ਸ਼ਰਾਰਤਾਂ ਕਰਦਾ ਰਿਹਾ ਸੀ।
...........
-"ਹੋਰ ਪੁੱਤ, ਤੇਰਾ ਮਹੈਣ ਤਾਂ ਤਕੜੈ...?" ਤਾਈ ਦੇ ਬੋਲਾਂ ਵਿਚ ਹੰਝੂ ਬੋਲੇ।
-".........!" ਬੋਲਿਆ ਹਰਦੇਵ ਤੋਂ ਵੀ ਨਾ ਗਿਆ। ਮਨ ਉਸ ਦਾ ਵੀ ਭਾਰਾ ਹੋ ਗਿਆ ਸੀ। ਭਰੇ ਗਲ਼ ਨਾਲ਼ ਉਸ ਨੇ ਸਿਰ ਹਿਲਾ ਕੇ ਹੀ ਹੁੰਗਾਰਾ ਜਿਹਾ ਭਰਿਆ ਅਤੇ ਚਿਹਰਾ ਨੀਵਾਂ ਕਰ ਕੇ ਭਰੀਆਂ ਅੱਖਾਂ ਪੂੰਝ ਲਈਆਂ।
-"ਬੱਸ ਪੁੱਤ...! ਰੋਣਾ ਕਾਹਤੋਂ...? ਐਮੇ ਨ੍ਹੀ ਰੋਈਦਾ ਹੁੰਦਾ! ਹੈ ਕਮਲ਼ਾ ਪੁੱਤ...!" ਤਾਈ ਖ਼ੁਦ ਅੱਖਾਂ ਪੂੰਝਦੀ ਆਖ ਰਹੀ ਸੀ। ਹਰਦੇਵ ਤਾਈ ਦੇ ਗਲ਼ ਬੱਚੇ ਵਾਂਗ ਲੱਗਿਆ ਨਹੀਂ, ਇਕ ਤਰ੍ਹਾਂ ਚਿੰਬੜਿਆ ਹੋਇਆ ਸੀ। ਉਸ ਨੂੰ ਤਾਈ ਦੇ ਪਿੰਡੇ ਵਿਚੋਂ ਆਉਂਦੀ ਪਸੀਨੇ ਦੀ ਹੌਂਕ ਵੀ ਮਿੱਠੀ-ਮਿੱਠੀ ਜਿਹੀ ਲੱਗੀ ਸੀ। ਤਾਈ ਦਾ ਪਿੰਜਰ ਸਰੀਰ ਪਿਆਰਾ-ਪਿਆਰਾ ਜਿਹਾ ਜਾਪਿਆ ਸੀ। ਉਸ ਦੀਆਂ ਚੁਭਦੀਆਂ ਹੱਡੀਆਂ ਵਿਚੋਂ ਅਜੀਬ ਸਕੂਨ ਆਇਆ ਸੀ। ਤਾਈ ਵਿਚੋਂ ਉਸ ਨੂੰ ਮਾਂ ਹੀ ਤਾਂ ਨਜ਼ਰ ਆ ਰਹੀ ਸੀ। ਘਰਾਂ 'ਚੋਂ ਲੱਗਦੀ ਤਾਈ ਵੀ ਉਸ ਨੂੰ ਦਿਲੋਂ ਮੋਹ ਕਰਦੀ ਸੀ।
-"ਤੂੰ ਠਹਿਰ ਪੁੱਤ ਮਾੜਾ ਜਿਆ...! ਪਹਿਲਾਂ ਮੈਂ ਤੇਰੇ ਬੈਠਣ ਆਸਤੇ ਮੰਜਾ ਲੈ ਕੇ ਆਉਨੀ ਐਂ, ਤੇ ਫੇਰ ਤੇਰੇ ਕੁਛ ਖਾਣ ਪੀਣ ਦਾ ਪ੍ਰਬੰਧ ਕਰਦੀ ਐਂ!"
-"ਨਹੀਂ ਤਾਈ ਰਹਿਣ ਦੇ...!" ਉਸ ਨੇ ਤਾਈ ਨੂੰ ਰੋਕਣਾ ਚਾਹਿਆ।
ਪਰ ਤਾਈ ਜਾ ਚੁੱਕੀ ਸੀ।
ਉਸ ਨੇ ਆਪਣੇ ਪੋਤਿਆਂ ਹੱਥ ਕੁਰਸੀ, ਮੇਜ਼ ਅਤੇ ਦੋ ਮੰਜੇ ਭੇਜ ਦਿੱਤੇ।
-"ਤੂੰ ਤਾਂ ਬਈ ਤਾਈ ਦਾ ਪੋਤਾ ਲੱਗਦੈਂ...?" ਹਰਦੇਵ ਨੇ ਮੰਜਾ ਡਾਹ ਰਹੇ ਮੁੰਡੇ ਨੂੰ ਪੁੱਛਿਆ।
-"ਹਾਂ ਜੀ...!" ਮੁੰਡੇ ਦੇ ਬੋਲਣ ਦਾ ਤਰੀਕਾ ਦੱਸਦਾ ਸੀ ਕਿ ਉਹ ਕਿਸੇ ਚੰਗੇ ਸਕੂਲ ਵਿਚ ਪੜ੍ਹਦਾ ਸੀ।
-"ਕੀਹਦਾ ਮੁੰਡੈਂ ਤੂੰ? ਪੀਤੇ ਦਾ...?"
-"ਨਹੀਂ ਜੀ..! ਮਾਸਟਰ ਦਾ...!"
-"ਅੱਛਾ...! ਪੁੱਤਰਾ ਮੈਨੂੰ ਤਾਂ ਗਏ ਨੂੰ ਤੀਹ ਸਾਲ ਹੋਗੇ ਐਥੋਂ..! ਮੈਂ ਤੈਨੂੰ ਕਿੱਥੋਂ ਪਛਾਨਣਾ ਸੀ? ਤੂੰ ਤਾਂ ਜੰਮਿਆਂ ਵੀ ਮੈਥੋਂ ਬਾਅਦ ਈ ਹੋਵੇਂਗਾ!" ਹਰਦੇਵ ਨੇ ਕਿਹਾ।
ਮੁੰਡਾ ਹੱਸ ਪਿਆ।
-"ਤੂੰ ਭਤੀਜ ਅੱਜ ਇਉਂ ਕਰੀਂ...! ਸਕੂਲ ਜਾਣ ਤੋਂ ਪਹਿਲਾਂ ਕਿਸੇ ਮਜ੍ਹਬਣ ਨੂੰ 'ਵਾਜ ਮਾਰਜੀਂ, ਸਫ਼ਾਈ ਸਫ਼ੂਈ ਕਰਦੂ ਘਰ ਦੀ, ਬਾਹਲ਼ਾ ਈ ਬੁਰਾ ਹਾਲ ਹੋਇਆ ਪਿਐ! ਮਾਰਦੇਂਗਾ ਨ੍ਹਾ 'ਵਾਜ ਕਿਸੇ ਨੂੰ...?"
-"ਮਾਰਦੂੰਗਾ ਜੀ...!" ਤੇ ਉਹ ਚਲਾ ਗਿਆ।
----
ਜਿਉਂ-ਜਿਉਂ ਹਰਦੇਵ ਆਏ ਦਾ ਪਿੰਡ ਵਿਚ ਪਤਾ ਚੱਲਦਾ ਗਿਆ, ਪਿੰਡ ਵਾਲੇ ਡਾਰ ਬਣਾ ਕੇ, ਵਹੀਰਾਂ ਘੱਤ ਆਉਂਦੇ ਰਹੇ। ਮਜ੍ਹਬਣ ਸਫ਼ਾਈ ਕਰਨ 'ਤੇ ਲੱਗੀ ਹੋਈ ਸੀ। ਹਰਦੇਵ ਨੇ ਢਹੀਆਂ ਖੁਰਲੀਆਂ ਅਤੇ ਮਾੜੀ ਮੋਟੀ ਖੜ੍ਹੀ ਸਵਾਤ ਵੀ ਮੁੰਡਿਆਂ ਤੋਂ ਢੁਹਾ ਕੇ ਪੱਧਰ ਕਰਵਾ ਲਈ ਸੀ। ਘਾਹ ਫ਼ੂਸ ਪੱਟ ਕੇ ਹੂੰਝ ਧਰਿਆ ਸੀ। ਵਿਹੜੇ ਵਿਚ ਪਾਣੀ ਦਾ ਛਿੜਕਾਅ ਕਰਵਾ ਕੇ ਘਰ ਬਾਹਵਾ ਬੈਠਣ ਉਠਣ ਜੋਕਰਾ ਕਰ ਲਿਆ ਸੀ। ਨਲ਼ਕੇ ਦੀ ਨਵੀਂ ਬੋਕੀ ਪੁਆ ਕੇ ਪਾਣੀ ਕੱਢ ਲਿਆ। ਮਾਸਟਰ ਕੇ ਘਰੋਂ ਬਿਜਲੀ ਦੀ ਆਰਜ਼ੀ ਤਾਰ ਲੈ ਲਈ ਅਤੇ ਨੀਲੂ ਤੋਂ ਤਿੰਨ ਬੱਲਬ ਫਿ਼ੱਟ ਕਰਵਾ ਲਏ। ਘਰ ਵਸਦਿਆਂ 'ਚ ਜਾਪਣ ਲੱਗ ਪਿਆ।
----
ਪਿੰਡ ਦੇ ਲੋਕ ਉਸ ਨੂੰ ਸਾਰੀ ਦਿਹਾੜੀ ਮਿਲਣ ਆਉਂਦੇ ਰਹੇ। ਦੁਖ ਸੁਖ ਕਰਦੇ ਰਹੇ। ਦੁਪਿਹਰ ਦੀ ਰੋਟੀ ਤਾਈ ਦੇ ਘਰੋਂ ਹੀ ਆ ਗਈ ਸੀ। ਤਾਈ ਨੇ ਉਸ ਨੂੰ ਹਦਾਇਤ ਕੀਤੀ ਸੀ ਕਿ ਜਿੰਨੀ ਦੇਰ ਉਹ ਪਿੰਡ ਰਹੇਗਾ, ਰੋਟੀ ਤਾਈ ਦੇ ਘਰੋਂ ਹੀ ਖਾਵੇਗਾ। ਕਿੰਨਾ ਚੰਗਾ-ਚੰਗਾ ਲੱਗ ਰਿਹਾ ਸੀ ਉਸ ਨੂੰ ਆਪਣਾ ਪਿੰਡ...? ਇਸ ਪਿੰਡ ਵਿਚ ਲੰਡਨ ਵਾਂਗ ਖ਼ੁਦਗਰਜ਼ ਲੋਕ ਨਹੀਂ ਵਸਦੇ ਸਨ। ਲੰਡਨ ਤਾਂ ਘੁੱਗ ਵਸਦਾ ਵੀ ਉਸ ਨੂੰ ਉਜੜਿਆ-ਉਜੜਿਆ ਜਿਹਾ ਜਾਪਦਾ। ਜਿੱਥੇ ਬੰਦੇ ਦਾ ਕੋਈ ਹਾਲ ਚਾਲ ਪੁੱਛਣ ਵਾਲਾ ਵੀ ਨਹੀਂ। ਮਸ਼ੀਨਾਂ ਨਾਲ ਮਸ਼ੀਨ ਅਤੇ ਕੰਪਿਊਟਰਾਂ ਨਾਲ ਕੰਪਿਊਟਰ ਹੋਈ ਦੁਨੀਆਂ..! ਤੇਜ਼ ਰੌਸ਼ਨੀਆਂ ਅਤੇ ਖੋਖਲ਼ੇ ਦਿਮਾਗ..! ਹਰ ਪਾਸੇ ਆਪੋ ਧਾਪੀ...! ਚਤਰ ਚਲਾਕ ਅਤੇ ਬੇਹੱਦ ਮਸ਼ਰੂਫ਼ ਦੁਨੀਆਂ...! ਹੋਰ ਤਾਂ ਹੋਰ, ਇੰਗਲੈਂਡ ਵਿਚ ਤਾਂ ਮਰੇ ਮਾਨੁੱਖ ਦੀਆਂ ਅੰਤਿਮ ਰਸਮਾਂ ਵੀ ਐਤਵਾਰ ਨੂੰ ਹੀ ਪੂਰੀਆ ਕੀਤੀਆਂ ਜਾਂਦੀਆਂ ਹਨ...। ਯਾਰਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਦੋ ਮਿੰਟ ਅਫ਼ਸੋਸ ਕੀਤਾ, ਤੇ ਬੱਸ...! ਆਪੋ ਆਪਣੇ ਘਰੋ ਘਰੀ ਚਲੇ ਗਏ..! ਵਸਣਾ ਤਾਂ ਪਿੰਡਾਂ ਦਾ ਹੈ। ਜਿੱਥੇ ਦੁਖ-ਸੁਖ ਮੌਕੇ ਹਰ ਬੰਦਾ 'ਥੰਮ੍ਹ' ਬਣ ਕੇ ਨਾਲ ਆ ਖੜ੍ਹਦਾ ਹੈ।
ਦਿਨ ਦਾ ਛੁਪਾਅ ਹੋਇਆ ਤਾਂ ਹਰਦੇਵ ਨੇ ਤਾਈ ਦੇ ਪੋਤੇ ਨੂੰ ਬੁਲਾਇਆ।
-"ਕੀ ਨਾਂ ਐਂ ਸ਼ੇਰਾ ਤੇਰਾ...?"
-"ਪ੍ਰੀਤ ਐ ਜੀ!"
-"ਗੱਲ ਸੁਣ ਬਈ ਪ੍ਰੀਤ..! ਇਹ ਦੱਸ ਬਈ ਐਥੋਂ ਕਿਤੋਂ ਬੋਤਲ ਛੋਤਲ ਮਿਲੂ ਕਿ ਨਹੀਂ...?"
-"ਬੋਤਲ ਤਾਂ ਬੱਧਨੀਓਂ ਈ ਮਿਲੂ ਜੀ!"
-"ਲਿਆ ਸਕਦੈਂ..? ਹੈ ਕੋਈ ਸਕੂਟਰ ਸਕਾਟਰ ਕੋਲੇ..?"
-"ਹੈਗੈ ਜੀ..! ਪਰ ਡੈਡੀ ਨੂੰ ਪੁੱਛਣਾ ਪਊ..।"
-"ਜਾਹ ਆਬਦੇ ਡੈਡੀ ਨੂੰ ਲਿਆ ਬੁਲਾ ਕੇ...!"
ਮੁੰਡਾ ਡੈਡੀ ਨੂੰ ਬੁਲਾਉਣ ਚਲਾ ਗਿਆ।
-"ਲੈ ਬਈ ਛੋਟੇ ਭਾਈ, ਭਤੀਜ ਨੂੰ ਦੇਹ ਸਕੂਟਰ-ਇਹਨੇ ਬੱਧਨੀਓਂ ਮੇਰੀ ਦੁਆਈ ਲੈ ਕੇ ਆਉਣੀ ਐਂ!"
----
ਸਕੂਟਰ ਮਿਲ ਗਿਆ। ਦੁਆਈ ਇਕ ਨਹੀਂ, ਪੰਜ ਆ ਗਈਆਂ! ਪੂਰੀਆਂ ਪੰਜ ਬੋਤਲਾਂ ਮੰਗਵਾਈਆਂ ਸਨ ਹਰਦੇਵ ਨੇ। ਕਿੱਥੇ ਬਿੰਦੇ-ਬਿੰਦੇ ਭੱਜੇ ਫਿਰਾਂਗੇ? ਤਾਜ਼ੇ ਪਾਣੀ ਨਾਲ਼ ਉਸ ਨੇ ਅਤੇ ਮਾਸਟਰ ਨੇ ਦਾਰੂ ਝੋਅ ਲਈ। ਉਹ ਵੱਡੀ ਰਾਤ ਤੱਕ ਪੀਂਦੇ ਰਹੇ। ਸਾਰੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਚੱਲਦੀਆਂ-ਚੱਲਦੀਆਂ ਆਖਰ 'ਪ੍ਰੀਤੋ' 'ਤੇ ਆ ਕੇ 'ਖੜ੍ਹ' ਗਈਆਂ।
-"ਕੀ ਗੱਲ ਦੱਸਾਂ ਬਾਈ ਦੇਵ...?" ਮਾਸਟਰ ਨੇ ਗੱਲ ਚਲਾਈ, "ਪ੍ਰੀਤੋ ਵਿਚਾਰੀ ਨਾਲ ਤਾਂ ਬਾਹਲ਼ਾ ਈ ਧੱਕਾ ਹੋਇਆ..!" ਆਖ ਕੇ ਉਸ ਨੇ ਹਰਦੇਵ ਦੇ ਸੀਨੇ ਬਰਛੀ ਮਾਰੀ।
-"ਕਿਉਂ...? ਕੀ ਗੱਲ ਹੋਗੀ....?"
ਪੈੱਗ ਪੀਂਦਿਆਂ ਮਾਸਟਰ ਨੇ ਪ੍ਰੀਤੋ ਦੀ ਕਹਾਣੀ ਦੱਸਣੀ ਸ਼ੁਰੂ ਕੀਤੀ।......
---------------------
ਪਹਿਲਾ ਕਾਂਡ ਸਮਾਪਤ
4 comments:
Sat Sri Akal bai ji,
mera vaake e gal bhar aya .parhde parhde da..
Agle kaand di udeek wich...
Tahnks and Regards
Premjeet Singh.
Bai Jaggi !! pahila kaandh chit nu chitmani laa gia e ,ke hardev di prem kahaani aage ki rang liaougi ?
dil nu tumb gia ! bahut hi vadhia !
Apda chhota veer, gurmail badesha.
Wah... agli kishat kadon aavegi..?
Darvesh
ਕੁੱਸਾ ਜੀ, ਸੱਚ ਜਾਣਿਓਂ ਨਾਵਲ ਦਾ ਪਹਿਲਾ ਕਾਂਡ ਪੜ੍ਹਕੇ ਹੀ ਮੇਰੀਆਂ ਧਾਹਾਂ ਨਿਕਲ ਗਈਆਂ। ਪੰਜਾਬੀ ਵਿਚ ਹੁਣ ਤੱਕ ਮੈਂ ਅਜਿਹਾ ਨਾਵਲ ਨਹੀਂ ਦੇਖਿਆ। ਤੁਹਾਨੂੰ ਪੜ੍ਹਿਆ ਤਾਂ ਬਹੁਤ ਹੈ। ਪਰ ਆਹ ਨਾਵਲ ਤੁਹਾਡੇ ਅਗਲੇ ਅਵਾਰਡ ਦਾ ਹੱਕਦਾਰ ਹੋਵੇਗਾ। ਕੈਨੇਡਾ ਵਿਚ ਪੰਜਾਬੀ ਲੋਕ ਤੁਹਾਡੇ ਨਾਵਲਾਂ ਦੇ ਕਾਇਲ ਕੀਤੇ ਹੋਏ ਹਨ। ਹੋਰ ਥਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਘੱਟੋ ਘੱਟ ਕੈਨੇਡਾ ਵਿਚ ਤੁਹਾਡੇ ਲੱਖਾਂ ਪ੍ਰਸ਼ੰਸ਼ਕ ਵਸਦੇ ਹਨ। ਜੇ ਮੇਰੀ ਗੱਲ ਦਾ ਝੂਠ ਮੰਨਦੇ ਹੋ ਤਾਂ ਇਕ ਵਾਰ ਕੈਨੇਡਾ ਫੇਰੀ ਪਾ ਕੇ ਵੇਖੋ। ਬਹੁਤ ਖੂਬ ਨਾਵਲ ਹੈ!
ਵਿੱਕੀ ਗਿੱਲ
ਕੈਨੇਡਾ
Post a Comment